“ਪਿੰਡ ਦੇ ਲੋਕ ਪਹਿਲਾਂ ਹੀ ਅੱਕੇ ਹੋਏ ਅਤੇ ਉਦਾਸ ਸਨ। ਬੱਸ ਫਿਰ ਬਰਾਤੀ ਗਲੀਆਂ ਵਿੱਚ ਭਜਾ-ਭਜਾ ਕੇ ...”
(13 ਜੁਲਾਈ 2023)
ਖਾਰੇ ਮਾਝੇ ਦੇ ਬਾਰਡਰ ’ਤੇ ਵਸਿਆ ਇੱਕ ਪਿੰਡ। ਗੱਲ ਸੱਠਵਿਆਂ ਦੀ ਹੈ। ਸਾਰਾ ਪਿੰਡ ਕੱਚਾ ਸੀ ਅਤੇ ਇਹ ਮੁਸਲਮਾਨਾਂ ਦਾ ਪਿੰਡ ਸੀ। 1947 ਦੇ ਉਜਾੜੇ ਤੋਂ ਬਾਅਦ ਸਿੱਖ ਜਿਮੀਦਾਰਾਂ ਨੂੰ ਅਲਾਟ ਹੋ ਗਿਆ ਸੀ। ਲੋਕ ਪਾਕਿਸਤਾਨ ਤੋਂ ਉੱਜੜ ਕੇ ਇੱਥੇ ਆ ਵਸੇ ਸਨ। ਪਿੰਡ ਵਿੱਚ ਇੱਕ ਮਸੀਤ ਹੀ ਸੀ, ਨਹੀਂ ਤਾਂ ਪੱਕੀ ਇੱਟ ਕਿਤੇ ਦਿਸਦੀ ਹੀ ਨਹੀਂ ਸੀ। ਪਿੰਡ ਵਿੱਚ ਇੱਕ ਪੁਰਾਣਾ ਕਮਰਾ ਪੱਕਾ ਕਮਰਾ ਸੀ , ਜੋ ਸਾਰੇ ਪਿੰਡ ਵਿੱਚ ‘ਪੱਕਾ ਕੋਠਾ’ ਕਰਕੇ ਮਸ਼ਹੂਰ ਸੀ। ਪਿੰਡ ਦੇ ਲੋਕ ਜ਼ਮੀਨਾਂ ਜਾਇਦਾਦਾਂ ਵਾਲੇ ਵੀ ਸਨ ਪਰ ਉਜਾੜੇ ਦੇ ਭੰਨੇ ਰਾਸ ਨਹੀਂ ਸੀ ਆ ਰਹੇ। ਬੱਚੇ ਪੜ੍ਹ ਰਹੇ ਸਨ ਪਰ ਗਰੀਬੀ ਖਹਿੜਾ ਨਹੀਂ ਸੀ ਛੱਡ ਰਹੀ। ਪਿੰਡ ਵਿੱਚ ਭਾਈਚਾਰਕ ਸਾਂਝ ਬਹੁਤ ਵਧੀਆ ਸੀ। 1965 ਦੀ ਭਾਰਤ-ਪਾਕਿ ਜੰਗ ਨੇ ਵੀ ਅਸਰ ਕੀਤਾ ਸੀ ਪਰ ਮਝੈਲਾਂ ਦਾ ਜੋਸ਼ ਮੱਠਾ ਨਹੀਂ ਸੀ ਪਿਆ।
ਉਸ ਵੇਲੇ ਪਿੰਡ ਵਿੱਚ ਇੱਕ ਬਰਾਤ ਹਰਿਆਣੇ ਦੇ ਨਾਲ ਲੱਗਦੇ ਇਲਾਕੇ ਵਿੱਚੋਂ ਆਈ। ਮੈਂ ਬਹੁਤ ਛੋਟਾ ਸੀ। ਜਿਸ ਲੜਕੀ ਦੀ ਬਰਾਤ ਆਈ ਉਹ ਬਹੁਤ ਚੰਗੀ ਲੜਕੀ ਸੀ। ਮੇਰੀ ਭੈਣ ਅਤੇ ਉਹ ਬੈਠ ਕੇ ਭੰਡਾਰ ਕੱਤਦੀਆਂ ਹੁੰਦੀਆਂ ਸਨ। ਮੈਂ ਕਈ ਵਾਰ ਉਹਨਾਂ ਨੂੰ ਰੋਟੀ ਪਹੁੰਚਾ ਕੇ ਆਉਂਦਾ ਹੁੰਦਾ ਸੀ। ਜਦੋਂ ਪਿੰਡ ਦੀਆਂ ਕੁੜੀਆਂ ਰਲ਼ ਕੇ ਸੂਤ ਕੱਤਦੀਆਂ ਹੁੰਦੀਆਂ ਸਨ ਤਾਂ ਉਹਨਾਂ ਨੂੰ ਭੰਡਾਰ ਕਹਿੰਦੀਆਂ ਹੁੰਦੀਆਂ ਸਨ। ਬਸ ਅੱਜਕੱਲ੍ਹ ਦੇ ਹਿਸਾਬ ਨਾਲ ਸੂਤ ਕੱਤਣ ਦਾ ਕੈਂਪ ਲਾਉਂਦੀਆਂ ਸਨ।
ਬਰਾਤ ਆਈ। ਬਰਾਤ ਦੇ ਰਹਿਣ ਦਾ ਪ੍ਰਬੰਧ ਸਕੂਲ ਵਿੱਚ ਕੀਤਾ ਗਿਆ। ਪਿੰਡ ਦੇ ਹੀ ਨੌਜਵਾਨਾਂ ਨੇ ਸੇਵਾ ਕੀਤੀ। ਪਿੰਡ ਆਈ ਬਰਾਤ ਨੂੰ ਸਾਰੇ ਪਿੰਡ ਦੀ ਬਰਾਤ ਸਮਝਦੇ ਸਨ। ਬਰਾਤੀਆਂ ਦਾ ਵਤੀਰਾ ਮਾੜਾ ਹੋਣ ਕਰਕੇ ਪਿੰਡ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ ਪਰ ਅਸੀਂ ਕੁੜੀ ਵਾਲੇ ਸੀ, ਗੱਲ ਟਾਲ਼ਦੇ ਰਹੇ। ਅਖ਼ੀਰ ਬਰਾਤ ਰਾਤ ਰਹੀ ਅਤੇ ਸਵੇਰੇ ਅਨੰਦ ਕਾਰਜ ਦੀ ਰਸਮ ਵੀ ਪੂਰੀ ਹੋ ਗਈ ਪਰ ਸਾਰਾ ਪਿੰਡ ਉਦਾਸ ਸੀ ਅਤੇ ਵਿਚੋਲਿਆਂ ਨੂੰ ਕੋਸ ਰਿਹਾ ਸੀ, ਪਰ ਪੇਸ਼ ਨਹੀਂ ਸੀ ਜਾ ਰਹੀ। ਦੁਪਹਿਰ ਨੂੰ ਰੋਟੀ ਪਾਣੀ ਛਕਾ ਕੇ ਡੋਲੀ ਤੋਰ ਦਿੱਤੀ।
ਬਰਾਤ ਅਜੇ ਦੋ ਕਿਲੋਮੀਟਰ ਹੀ ਗਈ ਸੀ ਕਿ ਕੁੜੀ ਦੀ ਸੱਸ ਨੇ ਕੁੜੀ ਨਾਲ ਦੁਰਵਿਹਾਰ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨੂੰ ਕੰਡਕਟਰ ਵੇਖ ਰਿਹਾ ਸੀ ਅਤੇ ਸਬੱਬ ਨਾਲ ਕੰਡਕਟਰ ਸਾਡੇ ਪਿੰਡ ਦਾ ਨੌਜਵਾਨ ਸੀ। ਉਸ ਨੇ ਡਰਾਈਵਰ ਨੂੰ ਕਿਹਾ, “ਬੱਸ ਪਿੰਡ ਲੈ ਚੱਲ।”
ਡਰਾਈਵਰ ਨੇ ਆਖਿਆ ਕੇ ਗਿੱਲ ਗੱਲ ਸਾਰੀ ਤੇਰੇ ’ਤੇ ਆ ਜੂ, ਪਰ ਗਿੱਲ ਕਹਿੰਦਾ ਕੋਈ ਗੱਲ ਨਹੀਂ। ਮੇਰੇ ਪਿੰਡ ਦੀ ਕੁੜੀ, ਮੇਰੀ ਭੈਣ ਹੈ। ਡਰਾਈਵਰ ਨੇ ਬਹਾਨਾ ਲਗਾਇਆ ਕਿ ਬਿਸਤਰਾ ਲੈ ਕੇ ਆਉਣੈ, ਪਿੰਡ ਰਹਿ ਗਿਆ ਹੈ ਅਤੇ ਬੱਸ ਪਿੰਡ ਦੇ ਗੁਰਦਵਾਰੇ ਵਿੱਚ ਆ ਵਾੜੀ ਅਤੇ ਅਨਾਉਂਸਮੈਂਟ ਕਰ ਦਿੱਤੀ ਕਿ ਆਹ ਘਟਨਾ ਹੋਈ ਹੈ, ਸਾਰੇ ਪਿੰਡ ਵਾਲੇ ਆ ਜਾਓ।
ਪਿੰਡ ਦੇ ਲੋਕ ਪਹਿਲਾਂ ਹੀ ਅੱਕੇ ਹੋਏ ਅਤੇ ਉਦਾਸ ਸਨ। ਬੱਸ ਫਿਰ ਬਰਾਤੀ ਗਲੀਆਂ ਵਿੱਚ ਭਜਾ-ਭਜਾ ਕੇ ਕੁੱਟੇ ਪਿੰਡ ਦੇ ਨੌਜਵਾਨਾਂ ਨੇ। ਜਿਹੜੇ ਪਿਛਲੀ ਰਾਤ ਸੇਵਾ ਕਰਦੇ ਫਿਰਦੇ ਸੀ, ਉਹਨਾਂ ਫਿਰ ਚੰਗੀ ਤਰ੍ਹਾਂ ਸੇਵਾ ਕੀਤੀ। ਧੀ ਨੂੰ ਮਾਣ ਇੱਜ਼ਤ ਨਾਲ ਘਰ ਲੈ ਆਏ ਪਰ ਬਰਾਤੀਆਂ ਦੀ ਕੁੱਟ ਘੁੱਗੀ ਦੀ ਬਰਾਤ ਵਾਲੀ ਹੋਈ।
ਬਰਾਤ ਨੇ ਮੁਆਵਜ਼ਾ ਦੇ ਕੇ, ਮੁਆਫੀਆਂ ਮੰਗ ਕੇ ਖਹਿੜਾ ਛੁਡਵਾਇਆ। ਸਾਡਾ ਨੌਜਵਾਨ ਗਿੱਲ ਉਸ ਦਿਨ ਤੋਂ ਗਿੱਲ ਸਾਹਿਬ ਬਣ ਗਿਆ।
ਬੇਸ਼ਕ ਅੱਜ ਗਿੱਲ ਸਾਹਿਬ ਇਸ ਦੁਨੀਆਂ ਵਿੱਚ ਨਹੀਂ ਪਰ ਅੱਜ ਵੀ ਲੋਕ ਸਲਾਮ ਕਰਦੇ ਹਨ, ਜਿਸ ਨੇ ਪਿੰਡ ਦੀ ਕੁੜੀ ਨੂੰ ਆਪਣੀ ਭੈਣ ਸਮਝ ਕੇ, ਜ਼ਿੰਮੇਵਾਰੀ ਆਪਣੇ ਸਿਰ ਲੈ ਕੇ ਹੀਰੋ ਵਾਲਾ ਰੋਲ ਨਿਭਾਇਆ।
ਅੱਜ ਜਦ ਪਿੰਡਾਂ ਵਿੱਚ ਹੀ ਮੁੰਡਿਆਂ-ਕੁੜੀਆਂ ਦੀਆਂ ਗੱਲਾਂ ਸੁਣਦੇ ਹਾਂ ਤਾਂ ਦੁੱਖ ਹੁੰਦਾ ਹੈ। ਕਾਸ਼ ਮੇਰੇ ਲਿਖਣ ਨਾਲ ਅੱਜ ਵੀ ਨੌਜਵਾਨ ਗਿੱਲ ਸਾਹਿਬ ਵਾਲਾ ਰੋਲ ਨਿਭਾ ਸਕਣ ਜੋ ਸਾਡੀ ਪਿੰਡਾਂ ਦੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰ ਸਕੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4085)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)