“ਅੱਗ ਦੀਆਂ ਲਾਟਾਂ ਦੇਖ ਕੇ ਫਲੈਟ ਵਾਲੇ ਸਕਿਉਰਿਟੀ ਗਾਰਡ ਨੇ ਪੁਲੀਸ ਨੂੰ ਫੋਨ ਕੀਤਾ ...”
(27 ਜਨਵਰੀ 2023)
ਪਹਿਲਾਂ ਸਾਡੀਆਂ ਭੂਆ, ਮਾਸੀਆਂ ਦੇ ਵੇਲਿਆਂ ਵਿੱਚ ਗੁੱਡੀ ਫੂਕਣ ਦਾ ਰਿਵਾਜ ਬਹੁਤ ਜ਼ਿਆਦਾ ਹੁੰਦਾ ਸੀ। ਜਦੋਂ ਮੀਂਹ ਨਾ ਪੈਣਾ, ਇੱਕ ਬਹੁਤ ਸੋਹਣੀ ਗੁੱਡੀ ਪੂਰੇ ਪਿੰਡ ਦੀਆਂ ਕੁੜੀਆਂ ਨੇ ਰਲ਼ ਕੇ ਤਿਆਰ ਕਰਨੀ। ਮਿੱਠੀਆਂ ਰੋਟੀਆਂ ਜਾਂ ਗੁਲਗੁਲੇ ਨਾਲ ਪਕਾਏ ਜਾਂਦੇ ਸੀ। ਜਾਂ ਕਈ ਵਾਰ ਗੁੜ ਵਾਲੇ ਚੌਲ ਵੀ ਬਣਾ ਲੈਂਦੇ ਸਨ। ਪਿੰਡ ਦੀਆਂ ਜ਼ਿਆਦਾਤਰ ਵੱਡੀ ਉਮਰ ਦੀਆਂ ਬੁੜ੍ਹੀਆਂ ਵੈਣ ਪਾਉਂਦੀਆਂ ਪੂਰੇ ਪਿੰਡ ਵਿੱਚ ਗੇੜਾ ਦਿੰਦੀਆਂ ਸਨ। ਗੁੱਡੀ ਨੂੰ ਲਾਲ ਕੱਪੜੇ ਵਿੱਚ ਸਜਾਇਆ ਜਾਂਦਾ ਸੀ ਤੇ ਸ਼ਮਸ਼ਾਨ ਘਾਟ ਤਕ ਲਿਜਾਇਆ ਜਾਂਦਾ ਸੀ। ਗੁੱਡੀ ਫੂਕਣ ਤੋਂ ਬਾਅਦ ਗਿੱਧਾ ਪਾਇਆ ਜਾਂਦਾ ਸੀ। ਮੀਂਹ ਲਈ ਵੀ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਜਾਂਦੀ ਸੀ। ਗੁੱਡੀ ਫੂਕਣ ਦਾ ਤਰਕ ਦੱਸਿਆ ਜਾਂਦਾ ਸੀ ਕਿ ਜੇ ਅਸੀਂ ਜਵਾਨ ਕੁੜੀ ਨੂੰ ਫੂਕਦੇ ਹਾਂ ਤਾਂ ਰੱਬ ਵੀ ਰੋਂਦਾ ਹੈ।
ਪਰ ਹੁਣ ਤਾਂ ਰੋਜ਼ ਜਿਉਂਦੀਆਂ ਗੁੱਡੀਆਂ ਸੜ ਰਹੀਆਂ ਹਨ। ਹਰ ਰੋਜ਼ ਦਾਜ ਦੀ ਬਲੀ ਪਤਾ ਨਹੀਂ ਕਿੰਨੀਆਂ ਗੁੱਡੀਆਂ ਚੜ੍ਹਦੀਆਂ ਹਨ, ਜਿਨ੍ਹਾਂ ਨੂੰ ਲਾਲ ਫੁਲਕਾਰੀਆਂ ਵਿੱਚ ਲਪੇਟ ਕੇ ਸ਼ਮਸ਼ਾਨਘਾਟ ਲਿਜਾਇਆ ਜਾਂਦਾ ਹੈ। ਮਾਵਾਂ ਦਾ ਰੋਣਾ ਸੁਣ ਕੇ ਪੱਥਰ ਵੀ ਪਿਘਲ ਜਾਂਦਾ ਹੈ। ਤੇ ਫਿਰ ਹੁਣ ਰੱਬ ਕਿਉਂ ਨਹੀਂ ਰੋਂਦਾ? ਘੱਟ ਦਾਜ ’ਤੇ ਇੱਕ ਧੀ ਹੀ ਨਹੀਂ ਮਰਦੀ, ਜਿਹੜਾ ਕਰਜ਼ਾ ਲੈ ਕੇ ਇੰਨਾ ਦਾਜ ਆਪਣੀ ਧੀ ਨੂੰ ਦਿੱਤਾ ਜਾਂਦਾ ਹੈ, ਉਸ ਕਰਜ਼ੇ ਨੂੰ ਉਤਾਰਦਾ ਬਾਪ ਵੀ ਇਸ ਦੁਨੀਆਂ ਤੋਂ ਫਾਨੀ ਹੋ ਜਾਂਦਾ ਹੈ। ਪਰ ਕਰਜ਼ਾ ਸਿਰ ਤੋਂ ਨਹੀਂ ਉੱਤਰਦਾ। ਇੱਕ ਧੀ ਜਾਂਦੀ ਹੈ ਦੂਜਾ ਸਿਰ ’ਤੇ ਕਰਜ਼ਾ। ਅੱਜਕੱਲ੍ਹ ਤਾਂ ਨਕਲੀ ਗੁੱਡੀ ਫੂਕਣ ਦਾ ਰਿਵਾਜ ਹੀ ਨਹੀਂ ਰਿਹਾ। ਜਦੋਂ ਅਸਲੀ ਗੁੱਡੀਆਂ ਹੀ ਹਰ ਰੋਜ਼ ਪਤਾ ਨਹੀਂ ਕਿੰਨੀਆਂ ਫੂਕੀਆਂ ਜਾ ਰਹੀਆਂ ਹਨ। ਅਸਲੀ ਚੀਕਾਂ ਸੁਣ ਕੇ ਵੀ ਪਰਮਾਤਮਾ ਨੂੰ ਰਹਿਮ ਨਹੀਂ ਆਉਂਦਾ।
ਮੈਂ ਇੱਕ ਘਟਨਾ ਜੋ ਬਿਲਕੁਲ ਅੱਖੀਂ ਦੇਖੀ, ਜਿਸਦੀਆਂ ਚੀਕਾਂ ਮੈਂ ਕੰਨੀਂ ਸੁਣੀਆਂ ਹਨ, ਉਸ ਦਾ ਜ਼ਿਕਰ ਕਰਨ ਲੱਗੀ ਹਾਂ। ਜਿਸ ਕੋਠੀ ਵਿੱਚ ਅਸੀਂ ਰਹਿੰਦੇ ਸੀ, ਉਸਦੇ ਪਿੱਛੇ ਹੀ ਇੱਕ ਕਾਫ਼ੀ ਵੱਡੀ ਕੋਠੀ ਸੀ। ਕੋਠੀ ਬਹੁਤ ਸੋਹਣੀ ਸੀ ਪਰ ਉਸ ਦੇ ਵਿੱਚ ਰਹਿਣ ਵਾਲੇ ਲੋਕ ਬੇਦਰਦ ਸਨ। ਉਨ੍ਹਾਂ ਦੇ ਮੁੰਡੇ ਦੀ ਪਹਿਲਾਂ ਵੀ ਮੈਰਿਜ ਹੋਈ ਸੀ। ਕੁੜੀ ਉਨ੍ਹਾਂ ਦੀ ਦਾਜ ਦੀ ਮੰਗ ਪੂਰੀ ਨਾ ਕਰ ਸਕੀ ਤੇ ਡਾਈਵੋਰਸ ਲੈ ਕੇ ਪੇਕੇ ਚਲੀ ਗਈ। ਫਿਰ ਇਨ੍ਹਾਂ ਨੇ ਆਪਣੇ ਮੁੰਡੇ ਦਾ ਦੂਸਰਾ ਵਿਆਹ ਕੀਤਾ। ਉਸ ਕੁੜੀ ਦੇ ਮਾਂ ਬਾਪ ਨਹੀਂ ਸਨ, ਸਿਰਫ ਭੈਣਾਂ ਹੀ ਸਨ। ਉਸ ਕੁੜੀ ਨੂੰ ਇਨ੍ਹਾਂ ਨੇ ਐਨੀ ਬੇਰਹਿਮੀ ਦੇ ਨਾਲ ਤੜਕੇ ਦੇ ਤਿੰਨ ਵਜੇ ਮਾਰਿਆ ਕਿ ਉਸ ਦੀਆਂ ਚੀਕਾਂ ਸਾਰੇ ਲੋਕਾਂ ਦੇ ਕੰਨੀਂ ਪੈ ਰਹੀਆਂ ਸਨ। ਪਰ ਇਹ ਨਹੀਂ ਸੀ ਪਤਾ ਲੱਗ ਰਿਹਾ ਕਿ ਕਿਸ ਕੋਠੀ ਵਿੱਚ ਚੀਕਾਂ ਪੈ ਰਹੀਆਂ ਹਨ। ਸਵੇਰੇ ਤਿੰਨ ਵਜੇ ਬਿਲਕੁਲ ਸ਼ਾਂਤਮਈ ਮਾਹੌਲ ਹੁੰਦਾ ਹੈ। ਇਸ ਲਈ ਚੀਕਾਂ ਦੀ ਆਵਾਜ਼ ਬਹੁਤ ਦੂਰ ਤਕ ਜਾ ਰਹੀ ਸੀ। ਉਨ੍ਹਾਂ ਦੀ ਕੋਠੀ ਦੇ ਨਾਲ ਫਲੈਟ ਬਣੇ ਹੋਏ ਸਨ। ਉਸ ਘਰ ਵਿੱਚੋਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਸਨ। ਅੱਗ ਦੀਆਂ ਲਾਟਾਂ ਦੇਖ ਕੇ ਫਲੈਟ ਵਾਲੇ ਸਕਿਉਰਿਟੀ ਗਾਰਡ ਨੇ ਪੁਲੀਸ ਨੂੰ ਫੋਨ ਕੀਤਾ। ਪੁਲਿਸ ਉਸੇ ਵਕਤ ਆ ਗਈ। ਕੁੜੀ ਨੂੰ ਬਹੁਤ ਬੇਰਹਿਮੀ ਨਾਲ ਉਸ ਨੂੰ ਸਾੜਿਆ ਗਿਆ ਸੀ। ਉਸ ਦਾ ਅੰਗੂਠਾ ਵੀ ਉਸ ਦੇ ਹੱਥ ਨਾਲੋਂ ਅਲੱਗ ਹੋਇਆ ਪਿਆ ਸੀ। ਕੋਲ ਹੀ ਤੇਲ ਦੀ ਕੈਨੀ ਪਈ ਸੀ। ਪੂਰਾ ਕਮਰਾ ਧੂੰਏਂ ਨਾਲ ਭਰਿਆ ਹੋਇਆ ਸੀ। ਕੁੜੀ ਦੀ ਅੱਧੀ ਜਲੀ ਹੋਈ ਲਾਸ਼ ਪੁਲੀਸ ਆਪਣੇ ਕਬਜ਼ੇ ਵਿੱਚ ਲੈ ਕੇ ਚਲੀ ਗਈ। ਉਹ ਲੋਕ ਕੁੜੀ ਨੂੰ ਜਿਸ ਕਮਰੇ ਵਿੱਚ ਜਲਾਇਆ ਸੀ, ਉਸ ਦਾ ਮੂਹਰਲਾ ਦਰਵਾਜ਼ਾ ਬੰਦ ਕਰ ਕੇ ਆਪ ਭੱਜ ਗਏ ਸਨ। ਜਦੋਂ ਪੁਲੀਸ ਨੇ ਆ ਕੇ ਅੱਗ ਬੁਝਾਈ ਤਾਂ ਘਰ ਵਿੱਚ ਹੋਰ ਕੋਈ ਵੀ ਨਹੀਂ ਸੀ।
ਉਸ ਕੁੜੀ ਦੇ ਮਾਂ ਬਾਪ ਨਾ ਹੋਣ ਕਰਕੇ ਇਹ ਕੇਸ ਥੋੜ੍ਹੇ ਸਮੇਂ ਵਿੱਚ ਹੀ ਰਫ਼ਾ ਦਫ਼ਾ ਹੋ ਗਿਆ। ਕੁੜੀ ਦੀਆਂ ਭੈਣਾਂ ਨੇ ਪੈਸੇ ਲੈ ਕੇ ਰਾਜ਼ੀਨਾਮਾ ਕਰ ਲਿਆ।
ਪਤਾ ਨਹੀਂ ਕਿੰਨੀਆਂ ਕੁੜੀਆਂ ਨਾਲ ਹਰ ਰੋਜ਼ ਇਸ ਤਰ੍ਹਾਂ ਦੀ ਘਟਨਾਵਾਂ ਵਾਪਰਦੀਆਂ ਹਨ। ਕਿੰਨੇ ਦਿਨ ਤਕ ਉਸ ਦੀਆਂ ਚੀਕਾਂ ਸਾਡੇ ਸਭ ਦੇ ਕੰਨਾਂ ਵਿੱਚ ਵੱਜਦੀਆਂ ਰਹੀਆਂ। ਅਸੀਂ ਜਦੋਂ ਵੀ ਉਸ ਕੋਠੀ ਵੱਲ ਵੇਖਦੇ ,ਸਾਡਾ ਦਿਲ ਹਲੂਣਿਆ ਜਾਂਦਾ। ਉਸ ਕੋਠੀ ਤੋਂ ਸਾਨੂੰ ਡਰ ਲੱਗਣ ਲੱਗ ਪਿਆ। ਹੁਣ ਵੀ ਜਦੋਂ ਕਦੇ ਮੈਂ ਉਸ ਕੋਠੀ ਵੱਲ ਵੇਖਦੀ ਹਾਂ, ਮੈਨੂੰ ਉਹ ਕੁੜੀ ਜ਼ਰੂਰ ਯਾਦ ਆਉਂਦੀ ਹੈ। ਜੇ ਕੁੜੀਆਂ ਦਿੱਤੀਆਂ ਹਨ ਪ੍ਰਮਾਤਮਾ ਤਾਂ ਉਨ੍ਹਾਂ ਦੇ ਲੇਖ ਵੀ ਵਧੀਆ ਹੀ ਲਿਖ ਕੇ ਭੇਜਣਾ। ਪਤਾ ਨਹੀਂ ਕਿੰਨੀਆਂ ਕੁੜੀਆਂ ਦਾਜ ਵਿੱਚ ਅੱਗ ਦੀ ਬਲੀ ਚੜ੍ਹਦੀਆਂ ਹਨ। ਕਿਸੇ ਨਾ ਕਿਸੇ ਤਰੀਕੇ ਨਾਲ ਪਿਆਰ ਵਜੋਂ ਦਿੱਤੇ ਗਏ ਸਮਾਨ ਵਿੱਚ ਜਦੋਂ ਵਾਧਾ ਹੋਣ ਲੱਗ ਪਵੇ ਤਾਂ ਇਹ ਰਸਮ ਦਾਜ ਹੀ ਕਹਿਲਾਉਂਦੀ ਹੈ। ਜਿਵੇਂ-ਜਿਵੇਂ ਦਾਜ ਵਧ ਰਿਹਾ ਹੈ, ਉਸ ਤਰ੍ਹਾਂ ਹੀ ਅੱਗ ਦੀਆਂ ਲਪਟਾਂ ਵੀ ਉੱਚੀਆਂ ਹੋ ਰਹੀਆਂ ਹਨ।
ਅੱਜ ਕੱਲ੍ਹ ਦਾਜ ਦੀ ਭੇਟ ਕੁੜੀਆਂ ਹੀ ਨਹੀਂ, ਸਗੋਂ ਮੁੰਡੇ ਵੀ ਚੜ੍ਹ ਰਹੇ ਹਨ। ਹਰ ਰੋਜ਼ ਕੁੜੀਆਂ ਵਾਂਗ ਹੀ ਮੁੰਡਿਆਂ ਦੀਆਂ ਵੀ ਚਿਤਾ ਜਲ ਰਹੀਆਂ ਹਨ। ਸਾਡਾ ਸਮਾਜ ਦਿਖਾਵੇ ਦੇ ਚੱਕਰ ਵਿੱਚ ਕਿਉਂ ਰਿਸ਼ਤਿਆਂ ਦਾ ਘਾਣ ਕਰ ਰਿਹਾ ਹੈ। ਪਹਿਲਾਂ ਇੱਕ ਦੂਜੇ ਨੂੰ ਨੀਚਾ ਨਹੀਂ ਸੀ ਦਿਖਾਇਆ ਜਾਂਦਾ, ਤੇ ਲੋਕ ਸਿਰਫ਼ ਘਰ ਵਿੱਚ ਵਰਤੋਂ ਵਾਲੀਆਂ ਚੀਜ਼ਾਂ ਹੀ ਦਿੰਦੇ ਹਨ। ਇਸ ਲਈ ਸੌਖੇ ਸਨ। ਦਾਜ ਦੀ ਬਲੀ ਕੁੜੀਆਂ ਉਦੋਂ ਵੀ ਚੜ੍ਹਦੀਆਂ ਸਨ ਪਰ ਬਹੁਤ ਘੱਟ। ਇਹੋ ਜਿਹਾ ਘਿਨਾਉਣਾ ਕੰਮ ਮਰੀ ਜ਼ਮੀਰ ਵਾਲੇ ਹੀ ਕਰਦੇ ਸਨ। ਪਰ ਹੁਣ ਹਰ ਰੋਜ਼ ਅਖ਼ਬਾਰਾਂ ਦੇ ਮੁੱਖ ਪੰਨੇ ਇਹੋ ਜਿਹੀਆਂ ਖਬਰਾਂ ਨਾਲ ਭਰੇ ਹੁੰਦੇ ਹਨ। ਸਾਡਾ ਸਮਾਜ ਪਤਾ ਨਹੀਂ ਕਿੱਧਰ ਨੂੰ ਤੁਰ ਪਿਆ ਹੈ:
ਚਾਹੁੰਦੇ ਹੋਇਆਂ ਵੀ ਨਾ ਜਿੱਥੋਂ ਭਰੀ ਜਾਏ ਪਰਵਾਜ਼,
ਪਤਾ ਨਹੀਂ ਅੱਜਕੱਲ੍ਹ ਕਿਸ ਪਾਸੇ ਜਾ ਰਿਹਾ ਸਾਡਾ ਸਮਾਜ।
ਸੁਰ ਤੇ ਲੈਅ ਨੂੰ ਭੁੱਲ ਗਵੱਈਏ, ਸ਼ੋਹਰਤ ਪਿੱਛੇ ਪੈ ਗਏ,
ਚਮਕ ਦਮਕ ਦੀ ਫੋਕੀ ਚੌਧਰ, ਸੁੰਨੇ ਪਏ ਨੇ ਸਾਜ਼।
ਲੋਕ ਪਰਿਵਾਰਕ ਰਿਸ਼ਤਿਆਂ ਵਿੱਚ ਹੀ ਖੂਨ ਦੀਆਂ ਹੋਲੀਆਂ ਖੇਡ ਰਹੇ ਹਨ। ਕੁੜੀਆਂ ਵੀ ਤਾਂ ਚਿੜੀਆਂ ਨੇ, ਕੁਦਰਤ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੇ। ਕੀ ਹੋਇਆ ਜੇ ਨੂੰਹ ਬਣ ਗਈ, ਤੁਹਾਡੀਆਂ ਆਪਣੀਆਂ ਨੇ ਕਿਸੇ ਦੇ ਘਰ ਜਾਣਾ ਹੈ।
ਘਰ ਬਣਾਉਂਦੇ ਬਣਾਉਂਦੇ ਜ਼ਿੰਦਗੀ ਗੁਜ਼ਰ ਜਾਂਦੀ ਹੈ,
ਸੁਪਨਿਆਂ ਨੂੰ ਬੁਣਦੇ-ਬੁਣਦੇ ਜ਼ਿੰਦਗੀ ਗੁਜ਼ਰ ਜਾਂਦੀ ਹੈ,
ਚਾਹਤਾਂ ਦਾ ਘੜਾ ਕਦੇ ਨਹੀਂ ਭਰਦਾ,
ਇੱਛਾਵਾਂ ਦੇ ਪਿੱਛੇ ਭੱਜਦੇ ਜ਼ਿੰਦਗੀ ਗੁਜ਼ਰ ਜਾਂਦੀ ਹੈ।
ਇਨਸਾਨ ਨੂੰ ਆਪਣੀ ਕਮਾਈ ’ਤੇ ਸਬਰ ਕਿਉਂ ਨਹੀਂ? ਕੀ ਦੂਸਰੇ ਦਾ ਦਿੱਤਾ ਹੋਇਆ ਸਮਾਨ ਆਪਣੇ ਸਮਾਨ ਨਾਲੋਂ ਜ਼ਿਆਦਾ ਕੀਮਤੀ ਹੁੰਦਾ ਹੈ? ਇਸ ਗਲਤ ਫਹਿਮੀ ਦਿਲ ਵਿੱਚੋਂ ਕੱਢ ਦਿਓ। ਦਾਜ ਵਿੱਚ ਦਿੱਤਾ ਸਮਾਨ ਤੁਹਾਡੇ ਸਿਰ ’ਤੇ ਇੱਕ ਕਰਜ਼ ਹੈ। ਆਪਣੇ ਘਰ ਦੀ ਰੋਟੀ ਤੁਸੀਂ ਚਟਨੀ ਨਾਲ ਖਾ ਲਵੋ, ਦੂਸਰੇ ਦੀ ਭਰੀ ਥਾਲੀ ਨਾਲੋਂ ਜ਼ਿਆਦਾ ਸਵਾਦਲੀ ਹੋਵੇਗੀ। ਇਸ ਲਈ ਆਪਣੀ ਕਮਾਈ ਵਿੱਚ ਸਬਰ-ਸੰਤੋਖ ਰੱਖੋ। ਕਿਸੇ ਧੀ ਦੇ ਬਾਪ ਦੀ ਲਾਚਾਰੀ ਦਾ ਫਾਇਦਾ ਨਾ ਚੁੱਕੋ। ਲੇਖਾ-ਜੋਖਾ ਕਰਮਾਂ ਦਾ ਦੇਣਾ ਹੀ ਪੈਣਾ ਹੈ।
ਪਲਾਸਟਿਕ ਦੇ ਫੁੱਲਾਂ ਉੱਪਰ,
ਇਤਰ ਦਾ ਛਿੜਕਾਅ ਕਰਨ ਨਾਲ,
ਖੁਸ਼ਬੂ ਤਾਂ ਆ ਸਕਦੀ ਹੈ, ਪਰ ਜੜ੍ਹਾਂ ਨਹੀਂ।
ਦੂਸਰੇ ਦੀ ਕਮਾਈ ਨਾਲ ਘਰ ਤਾਂ ਭਰ ਸਕਦਾ,
ਪਰ ਖੁਸ਼ੀ ਤੇ ਸਬਰ ਨਹੀਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3761)
(ਸਰੋਕਾਰ ਨਾਲ ਸੰਪਰਕ ਲਈ: