“ਸੁਆਮੀ ਰਾਮਦੇਵ ... “ਸਰੀਰ ਦੀ ਹਰ ਬਿਮਾਰੀ ਦਾ ਮੇਰੇ ਕੋਲ ਇਲਾਜ ਹੈ। ਪੂਰੇ ਵਿਸ਼ਵ ਵਿੱਚ ...”
(25 ਮਾਰਚ 2021)
ਮੇਰੇ ਪੋਤਰੇ ਹਰਮਨ ਸਿੰਘ ਦਾ ਜਨਮ 9 ਮਈ 1996 ਨੂੰ ਕਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਹੋਇਆ। ਉਸ ਦੇ ਦਿਲ ਬਦਲਣ ਦੀ ਕਹਾਣੀ ਸਾਲ 2008 ਤੋਂ ਅਰੰਭ ਹੁੰਦੀ ਹੈ। ਉਦੋਂ ਉਸ ਦੀ ਉਮਰ 12 ਸਾਲ ਅਤੇ ਉਹ ਸੱਤਵੇਂ ਗਰੇਡ ਵਿੱਚ ਪੜ੍ਹਦਾ ਸੀ। ਮੁੱਢਲੇ ਇਨ੍ਹਾਂ ਸਾਲਾਂ ਵਿੱਚ ਉਸ ਦੀ ਸਿਹਤ ਚੰਗੀ ਸੀ। ਸਰੀਰ ਆਮ ਨਾਲੋਂ ਰਤਾ ਕੁ ਮੋਟਾ ਸੀ ਪਰ ਉਹ ਬਹੁਤ ਚੁਸਤ ਸੀ ਤੇ ਉਸ ਦੇ ਸ਼ੌਕ ਬਹੁਤ ਪਿਆਰੇ ਸਨ। ਸਰੀਰ ਦਾ ਵਿਕਾਸ ਹੋ ਰਿਹਾ ਸੀ। ਸਕੂਲੋਂ ਆ ਕੇ ਅਕਸਰ ਉਹ ਖੇਡਾਂ ਵਿੱਚ ਮਗਨ ਰਹਿੰਦਾ ਜਾਂ ਭਾਰੇ-ਭਾਰੇ ਕੰਮ ਕਰਦਾ। ਹਰਮਨ ਦਾ ਭਾਰ ਅਚਾਨਕ ਘਟਣ ਲੱਗ ਗਿਆ। ਥਕਾਵਟ ਹੋਣ ਲੱਗ ਗਈ, ਸਾਹ ਚੜ੍ਹਨ ਲੱਗ ਪਿਆ। ਖੁਰਾਕ ਵੀ ਘਟ ਗਈ। ਵੇਖਦੇ ਵੇਖਦੇ ਇਹ ਗੁਲਾਬ ਦਾ ਬੂਟਾ ਮੁਰਝਾਉਣਾ ਅਰੰਭ ਹੋ ਗਿਆ। ਹਰਮਨ ਦੇ ਪਿਤਾ ਨਵਤੇਜ ਸਿੰਘ, ਮਾਤਾ ਸਰਬਜੀਤ ਕੌਰ, ਅਸੀਂ ਸਾਰਾ ਪਰਿਵਾਰ ਫਿਕਰਾਂ ਵਿੱਚ ਡੁੱਬ ਗਏ। ਫੈਮਲੀ ਡਾਕਟਰ ਦਾ ਇਲਾਜ ਚੱਲ ਰਿਹਾ ਸੀ ਪਰ ਕੋਈ ਫਰਕ ਨਹੀਂ ਸੀ ਪੈ ਰਿਹਾ ਅਤੇ ਨਾ ਹੀ ਅਸਲ ਬਿਮਾਰੀ ਦਾ ਪਤਾ ਲੱਗ ਰਿਹਾ ਸੀ।
ਜਦੋਂ ਹਰਮਨ ਬਹੁਤ ਕਮਜ਼ੋਰ ਹੋ ਗਿਆ, ਤੁਰਨੋਂ ਰਹਿ ਗਿਆ; ਫਿਰ ਦੁਨੀਆਂ ਦੇ ਸਭ ਤੋਂ ਪ੍ਰਸਿੱਧ ਹਸਪਤਾਲ ‘ਸਿੱਕ ਚਿਲਡਰਨ ਹਸਪਤਾਲ ਟਰਾਂਟੋ’ ਲੈ ਕੇ ਗਏ। ਇਸ ਹਸਪਤਾਲ ਦੇ ਮਾਹਰ ਤਾਂ ਖੁਦਾ ਦਾ ਦੂਜਾ ਰੂਪ ਹਨ। ਉਨ੍ਹਾਂ ਦੱਸਿਆ, “ਇਸ ਦੇ ਦਿਲ ਵਿੱਚ ਬੁਨਿਆਦੀ ਨੁਕਸ ਹੈ। ਦਿਲ ਦਾ ਇੱਕ ਪਾਸਾ ਬਹੁਤ ਸਖਤ ਹੋ ਗਿਆ ਹੈ, ਪੂਰਾ ਖੁੱਲ੍ਹਦਾ ਨਹੀਂ, ਪੂਰੀ ਆਕਸੀਜਨ ਖੂਨ ਅੰਦਰ ਜਾਂਦੀ ਨਹੀਂ। ਇਸੇ ਕਾਰਨ ਇਸ ਨੂੰ ਥਕਾਵਟ ਹੁੰਦੀ ਹੈ ਤੇ ਸਾਹ ਚੜ੍ਹਦਾ ਹੈ। ਘਟਦਾ ਘਟਦਾ ਇਹ ਕਦੇ ਵੀ ਜਵਾਬ ਦੇ ਸਕਦਾ ਹੈ।”
ਸਾਡੇ ਲਈ ਇਹ ਗੱਲ ਸੁਣਨੀ ਬਹੁਤ ਔਖੀ ਸੀ ਕਿ ਸਾਡੇ ਹਰਮਨ ਦਾ ਦਿਲ ਕਦੇ ਵੀ ਜਵਾਬ ਦੇ ਸਕਦਾ ਹੈ। ਦਿਲ ਦੇ ਜਵਾਬ ਦੇਣ ਦਾ ਸਿੱਧਾ ਅਰਥ ਹੈ ਜੀਵਨ ਦਾ ਅੰਤ। ਜਿਸਦਾ ਆਪਣੇ ਬੱਚੇ ਬਾਰੇ ਕਿਆਸ ਕਰਨਾ ਵੀ ਅਤੀਅੰਤ ਦੁਖਦਾਈ ਹੁੰਦਾ ਹੈ। ਏਦੂੰ ਆਪ ਮਰਨਾ ਸੌਖਾ ਹੈ। ਮਾਹਰਾਂ ਦਾ ਫੈਸਲਾ ਵੀ ਅਟੱਲ ਹਕੀਕਤ ਸੀ। ਉਨ੍ਹਾਂ ਦਾ ਆਖਣਾ ਸੀ ਕਿ ਬੱਚੇ ਦਾ ਹਾਰਟ ਤਬਦੀਲ ਕਰਨਾ ਪਵੇਗਾ, ਹੋਰ ਕੋਈ ਇਲਾਜ ਨਹੀਂ। ਪਰ ਦਿਲ ਕਿੱਥੋਂ ਮਿਲੇ, ਕਦੋਂ ਮਿਲੇ, ਕਿਵੇਂ ਤੇ ਕਿਸ ਰੂਪ ਵਿੱਚ ਮਿਲੇ, ਦਿਲ ਬਦਲਿਆ ਕਿਵੇਂ ਜਾਂਦਾ ਹੈ; ਇਨ੍ਹਾਂ ਸਾਰੀਆਂ ਗੱਲਾਂ ਦਾ ਸਾਨੂੰ ਕੁਝ ਵੀ ਇਲਮ ਨਹੀਂ ਸੀ। ਸਾਨੂੰ ਇਹ ਵੀ ਪਤਾ ਨਹੀਂ ਸੀ ਲੱਗ ਰਿਹਾ ਕਿ ਬਦਲੀ ਕੀਤਾ ਦਿਲ, ਅਸਲ ਦਿਲ ਵਾਂਗ ਕੰਮ ਕਰਦਾ ਰਹੇਗਾ ਵੀ ਕਿ ਨਹੀਂ? ਦਿਲ ਬਦਲੀ ਕਰਵਾ ਕੇ ਵੀ ਬੱਚਾ ਕਿਧਰੇ ਰੋਗੀ ਜਿਹਾ ਨਾ ਬਣਿਆ ਫਿਰੇ। ਅਨੇਕਾਂ ਗੁੰਝਲਾਂ। ਸਾਡੇ ਫਿਕਰਾਂ ਦੀ ਖਾਈ ਬਹੁਤ ਡੂੰਘੀ ਹੁੰਦੀ ਚਲੀ ਗਈ।
‘ਸਿੱਕ ਚਿਲਡਰਨ ਹਸਪਤਾਲ’ ਦਾ ਬਹੁਤ ਚੁਸਤ ਦਰੁਸਤ ਤੇ ਵਿਸ਼ਾਲ ਪ੍ਰਬੰਧ ਹੈ। ਜਦੋਂ ਉਨ੍ਹਾਂ ਦੇ ਧਿਆਨ ਵਿੱਚ ਇੱਕ ਵਾਰ ਬਿਮਾਰ ਬੱਚਾ ਆ ਗਿਆ, ਫਿਰ ਉਹ ਬੱਚਾ ਉਨ੍ਹਾਂ ਦਾ ਆਪਣਾ ਬੱਚਾ ਬਣ ਜਾਂਦਾ ਹੈ। ਫਿਰ ਉਹ ਉਸ ਨੂੰ ਪਲ ਭਰ ਲਈ ਵੀ ਨਹੀਂ ਵਿਸਾਰਦੇ। ਕਿਸੇ ਅਨਹੋਣੀ ਦੇ ਡਰਦੇ ਮਾਰੇ ਨਾ ਚਾਹੁੰਦੇ ਮਾਪਿਆਂ ਨੂੰ ਇਲਾਜ ਲਈ ਉਹ ਪ੍ਰੇਰਨਾ ਹੀ ਨਹੀਂ ਦਿੰਦੇ ਸਗੋਂ ਇੱਕ ਤਰ੍ਹਾਂ ਦਾ ਪ੍ਰੈੱਸ਼ਰ ਵੀ ਪਾਉਂਦੇ ਹਨ। ਇਸ ਦੇਸ਼ ਵਿੱਚ ਬੱਚਿਆਂ ਦੀ ਸਾਂਭ-ਸੰਭਾਲ ਪ੍ਰਤੀ ਇੰਨਾ ਗਹਿਰਾ ਤੇ ਇੰਨਾ ਸੂਖਮ ਦ੍ਰਿਸ਼ਟੀਕੋਣ ਹੈ ਕਿ ਕਿਸੇ ਵੀ ਅਣਗਹਿਲੀ ਲਈ ਮਾਪਿਆਂ ਨੂੰ ਦੋਸ਼ੀ ਮੰਨਿਆ ਜਾਂਦਾ ਹੈ। ਕਈ ਹਾਲਤਾਂ ਵਿੱਚ ਸਰਕਾਰੀ ਅਦਾਰੇ ਬੱਚਿਆਂ ਨੂੰ ਮਾਪਿਆਂ ਤੋਂ ਜ਼ਬਰਦਸਤੀ ਖੋਹ ਕੇ ਲੈ ਜਾਂਦੇ ਹਨ ਅਤੇ ਸਰਕਾਰੀ ਨਿਗਰਾਨੀ ਵਿੱਚ ਉਨ੍ਹਾਂ ਦੀ ਫੁੱਲਾਂ ਵਾਂਗ ਸੰਭਾਲ ਕੀਤੀ ਜਾਂਦੀ ਹੈ।
ਪਰ ਇਹ ਬਹੁਤ ਫਿਕਰ ਵਾਲੀ ਗੱਲ ਸੀ। ਦਿਲ ਤਬਦੀਲ ਕਰਨ ਦੀ ਗੱਲ ਮੰਨਣੀ ਬਹੁਤ ਔਖੀ ਸੀ। ਸਭ ਕੁਝ ਜਾਣਦਿਆਂ-ਸਮਝਦਿਆਂ ਵੀ ਦਿਲ ਤਬਦੀਲ ਕਰਨ ਤੋਂ ਡਰ ਲਗਦਾ ਸੀ। ਪਹਿਲਾ ਦਿਲ ਸਰੀਰ ਵਿੱਚੋਂ ਬਾਹਰ ਕੱਢਣਾ ਫਿਰ ਉਸ ਦੀ ਥਾਂ ਨਵਾਂ ਫਿੱਟ ਕਰਨਾ। ਮਿੰਟਾਂ ਸਕਿੰਟਾਂ ਦੀ ਗੱਲ ਹੈ। ਇਸ ਦੌਰਾਨ ਕੀ ਪਤਾ ਹੈ ਕੀ ਦਾ ਕੀ ਹੋ ਜਾਏ। ਹਸਪਤਾਲ ਦੇ ਡਾਕਟਰਾਂ ਨੂੰ ਜਵਾਬ ਵੀ ਨਹੀਂ ਸੀ ਦੇ ਸਕਦੇ, ਕਿਉਂਕਿ ਹੁਣ ਬੱਚਾ ਤੇ ਉਸ ਦੀ ਬਿਮਾਰੀ ਉਨ੍ਹਾਂ ਦੇ ਰੀਕਾਰਡ ਵਿੱਚ ਆ ਚੁੱਕੀ ਸੀ। ਇਹ ਬਹੁਤ ਵੱਡੀ ਗੱਲ ਸੀ। ਬੱਚੇ ਦਾ ਦਿਲ ਤਬਦੀਲ ਕਰਨ ਲਈ ਹਸਪਤਾਲ ਵਾਲੇ ਜ਼ੋਰ ਦੇ ਰਹੇ ਸਨ। ਆਖ ਰਹੇ ਸਨ ਕਿ ਤੁਸੀਂ ਬਹੁਤ ਲੇਟ ਹੋ ਰਹੇ ਹੋ ਅਤੇ ਬਹੁਤ ਵੱਡਾ ਰਿਸਕ ਲੈ ਰਹੇ ਹੋ। ਸਾਡੇ ਲਈ ਫੈਸਲਾ ਕਰਨਾ ਸੌਖਾ ਨਹੀਂ ਸੀ। ਅਸੀਂ ਡੂੰਘੀ ਦੁਬਿਧਾ ਵਿੱਚ ਫਸੇ ਹੋਏ ਸਾਂ। ਬਹਾਨੇ ਕਰਦਿਆਂ ਅਸੀਂ ਕਈ ਮਹੀਨੇ ਲੰਘਾ ਦਿੱਤੇ।
ਦਿਲ ਤਬਦੀਲ ਕੀਤੇ ਬਗੈਰ ਅਸੀਂ ਇਸੇ ਦਿਲ ਦਾ ਇਲਾਜ ਕਰਨਾ ਚਾਹੁੰਦੇ ਸਾਂ। ਦੇਸੀ ਸਿਆਣਿਆਂ ਦੇ ਇਲਾਜ ਮਗਰ ਭੱਜੇ। ਜਿਵੇਂ ਕਿਸੇ ਨੇ ਆਖਿਆ, ਉਸ ਦੇ ਮਗਰ ਲੱਗ ਤੁਰੇ। ਹਰ ਸਿਆਣੇ ਨੇ ਦਿਲ ਬਦਲੀ ਕਰਨ ਤੋਂ ਬਚਣ ਦੀ ਪ੍ਰੇਰਨਾ ਦਿੱਤੀ। ਇੱਕ ਸਿਆਣੇ ਨੇ ਤਾਂ ਇੱਥੋਂ ਤਕ ਆਖ ਦਿੱਤਾ, “ਡਾਕਟਰਾਂ ਦੇ ਮਗਰ ਨਾ ਲੱਗਿਓ, ਦਿਲ ਤਾਂ ਉਨ੍ਹਾਂ ਦੇ ਫਰਿੱਜ ਵਿੱਚ ਸਟੋਰ ਕਰ ਕੇ ਰੱਖੇ ਹੁੰਦੇ ਹਨ, ਪਤਾ ਨਹੀਂ ਬੰਦੇ ਦੇ ਹੁੰਦੇ ਹਨ ਕਿ ਕਿਸੇ ਜਾਨਵਰ ਦੇ, ਫਿੱਟ ਕਰਕੇ ਘਰ ਨੂੰ ਤੋਰ ਦਿੰਦੇ ਹਨ।”
ਹਾਰਟ ਦੇ ਮਾਹਰ ਇੱਕ ਚੀਨੀ ਡਾਕਟਰ ਦਾ ਪਤਾ ਲੱਗਾ। ਅਸੀਂ ਉਸੇ ਦੀ ਸ਼ਰਨ ਵਿੱਚ ਗਏ। ਅਸੀਂ ਉਸੇ ਨੂੰ ਆਪਣੇ ਦਰਦ ਦਾ ਮਸੀਹਾ ਸਮਝ ਮਗਰ ਲੱਗੇ ਤੁਰੇ। ਉਸ ਨੇ ਵੀ ਬਹੁਤ ਕੁਝ ਦੱਸਿਆ, ਦਵਾਈਆਂ ਦਿੱਤੀਆਂ, ਬਥੇਰੇ ਉਪਾਅ ਕੀਤੇ। ਜਿਵੇਂ ਉਸ ਆਖਿਆ, ਅਸੀਂ ਕਰੀ ਗਏ। ਉਸ ਮੂਹਰੇ ਅਸੀਂ ਡਾਲਰਾਂ ਦੀ ਢੇਰੀ ਲਾ ਕੇ ਵੀ ਪਰਮਾਨੈਂਟ ਇਲਾਜ ਚਾਹੁੰਦੇ ਸਾਂ। ਪਰ ਇੱਥੇ ਵੀ ਕੁਝ ਫਰਕ ਨਾ ਪਿਆ। ਫਿਰ ਇੱਕ ਪਾਕਿਸਤਾਨੀ ਹੋਮਿਉਪੈਥਿਕ ਡਾਕਟਰ ਪਾਸ ਗਏ। ਸਾਨੂੰ ਉਸੇ ਵਿੱਚੋਂ ਸਾਡੀਆਂ ਆਸਾਂ ਦਾ ਜਗਦਾ ਦੀਵਾ ਦਿਖਾਈ ਦਿੰਦਾ ਰਿਹਾ। ਉਸ ਦੀਆਂ ਗੱਲਾਂ ਬਹੁਤ ਆਸ ਵਧਾਊ ਸਨ। ਗੱਲਾਂ ਵਿੱਚ ਬਹੁਤ ਪ੍ਰਭਾਵਸ਼ਾਲੀ ਵਕਤਾ ਸੀ। ਦੇਰ ਤਕ ਉਸ ਨਾਲ ਬੱਝੇ ਰਹੇ। ਉਸ ਦਾ ਬਹੁਤ ਮਹਿੰਗਾ ਇਲਾਜ ਕੀਤਾ ਜਾਂਦਾ ਰਿਹਾ। ਪਰ ਵਿਅਰਥ।
ਸੰਸਾਰ ਪ੍ਰਸਿੱਧ ਸਿਹਤ ਵਿਗਿਆਨੀ ਸੁਆਮੀ ਰਾਮਦੇਵ ਨਾਲ ਸੰਪਰਕ ਕੀਤਾ। ਉਸ ਨੇ ਬਹੁਤ ਤਸੱਲੀ ਦਿੱਤੀ। ਉਸ ਦਾ ਆਖਣਾ ਸੀ, “ਸਰੀਰ ਦੀ ਹਰ ਬਿਮਾਰੀ ਦਾ ਮੇਰੇ ਕੋਲ ਇਲਾਜ ਹੈ। ਪੂਰੇ ਵਿਸ਼ਵ ਵਿੱਚ ਦਿਲ ਦਾ ਮੇਰੇ ਬਗੈਰ ਹੋਰ ਕੋਈ ਇਲਾਜ ਨਹੀਂ ਕਰ ਸਕਦਾ। ਮੈਂ ਹੀ ਦਿਲ ਦਾ ਮਾਹਰ ਹਾਂ, ਹੋਰ ਕੋਈ ਨਹੀਂ।” ਉਸਦੀਆਂ ਹਦਾਇਤਾਂ ਅਨੁਸਾਰ ਕਸਰਤਾਂ ਕਰਾਉਂਦੇ ਰਹੇ ਤੇ ਉਸ ਦੀਆਂ ਦਿੱਤੀਆਂ ਦਵਾਈਆਂ ਦਿੰਦੇ ਰਹੇ। ਇੱਕ ਲੰਮਾ ਸਮਾਂ ਉਸ ਉੱਤੇ ਬੱਝੇ ਰਹੇ। ਖਰਚ ਕਰਦੇ ਰਹੇ। ਹੋਰ ‘ਸਿਆਣਿਆਂ’ ਦੀਆਂ ਦੱਸੀਆਂ ਵਿਧੀਆਂ ਤੇ ਉਪਾਅ ਵੀ ਹੁੰਦੇ ਰਹੇ। ਗੁਰੂ ਮਹਾਰਾਜ ਦਾ ਆਸਰਾ ਲਿਆ, ਅਰਦਾਸਾਂ ਕੀਤੀਆਂ, ਡੂੰਘੀ ਸ਼ਰਧਾ ਨਾਲ, ਮਰਿਯਾਦਾ ਤੇ ਵਿਧੀ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਟ ਅਖੰਡਪਾਠ ਕੀਤਾ।
ਇਹ ਕੁਝ ਕਰਦੇ ਅਸੀਂ ਬਹੁਤ ਲੇਟ ਹੋ ਗਏ ਸਾਂ। ਬੱਚਾ ਬਹੁਤ ਕਮਜ਼ੋਰ ਹੋ ਗਿਆ ਸੀ। ਅਜਿਹਾ ਸਮਾਂ ਵੀ ਆਇਆ ਜਦੋਂ ਉਸ ਨੂੰ ਖੁੱਲ੍ਹ ਕੇ ਪੂਰਾ ਸਾਹ ਨਹੀਂ ਸੀ ਆ ਰਿਹਾ। ਉਹ ਨਾ ਪੈ ਸਕਦਾ ਸੀ, ਨਾ ਬਹਿ ਸਕਦਾ ਸੀ, ਨਾ ਸੌਂ ਸਕਦਾ ਸੀ। ਕੁਝ ਖਾਂਦਾ ਨਹੀਂ ਸੀ। ਰੰਗ ਕਾਲ਼ਾ ਹੋ ਗਿਆ ਤੇ ਉਹ ਹੱਡੀਆਂ ਦੀ ਮੁੱਠ ਰਹਿ ਗਿਆ। ਇੱਕ ਬੁਰਕੀ ਵੀ ਉਸ ਦੇ ਅੰਦਰ ਨਹੀਂ ਸੀ ਜਾਂਦੀ। ਖਾਂਦਾ ਸੀ ਤਾਂ ਉਲਟੀ ਕਰ ਦਿੰਦਾ ਸੀ। ਕੋਈ ਵਾਹ ਨਾ ਜਾਂਦੀ ਵੇਖ ਕੇ ਅਸੀਂ ਹਸਪਤਾਲ ਦੀ ਸ਼ਰਨ ਵਿੱਚ ਜਾਣ ਲਈ, ਉਨ੍ਹਾਂ ਦੀ ਲਿਸਟ ਵਿੱਚ ਚਾੜ੍ਹਨ ਲਈ ਦਸਖਤ ਕਰਨ ਤੇ ਬੱਚੇ ਨੂੰ ਉਨ੍ਹਾਂ ਦੇ ਸਪੁਰਦ ਕਰਨ ਲਈ ਕਾਹਲ਼ੇ ਸਾਂ। ਸਾਡੇ ਕੋਲ ਹੋਰ ਕੋਈ ਰਾਹ ਨਹੀਂ ਸੀ ਰਹਿ ਗਿਆ। ਸਭ ਦਰਵਾਜ਼ੇ ਬੰਦ ਹੋ ਚੁੱਕੇ ਸਨ। ਪਰ ਅੱਗੋਂ ਦੋ ਛੁੱਟੀਆਂ ਆ ਗਈਆਂ। ਉਹ ਦੋ ਦਿਨ ਤੇ ਦੋ ਰਾਤਾਂ ਕਿਆਮਤ ਵਰਗੀਆਂ ਲੰਘੀਆਂ। ਅੰਤ 13 ਫਰਵਰੀ 2009 ਨੂੰ ਹਰਮਨ ਦੇ ਇਲਾਜ ਲਈ ‘ਸਿੱਕ ਚਿਲਡਰਨ ਹਸਪਤਾਲ ਟਰਾਂਟੋ’ ਵਿੱਚ ਭਰਤੀ ਕਰਾ ਦਿੱਤਾ ਤੇ ਦਿਲ ਤਬਦੀਲ ਕਰਨ ਲਈ ਆਪਣੀ ਸਹਿਮਤੀ ਦੇ ਦਿੱਤੀ।
ਪਰ ਦਿਲ ਵੀ ਕਿਹੜਾ ਮੌਕੇ ’ਤੇ ਤਿਆਰ ਹੁੰਦਾ ਹੈ, ਬਈ ਇੱਧਰੋਂ ਚੁੱਕਿਆ, ਉੱਧਰ ਪਾ ਦਿੱਤਾ। ਦਿਲ ਪ੍ਰਾਪਤ ਕਰਨ, ਸਾਂਭਣ ਤੇ ਨਵੇਂ ਸਰੀਰ ਵਿੱਚ ਫਿੱਟ ਕਰਨ ਦੀ ਬੇਹੱਦ ਸੂਖਮ ਤੇ ਕਠਨ ਵਿਧੀ ਹੈ। ਕੋਈ ਪਤਾ ਨਹੀਂ ਦਿਲ ਕਦੋਂ ਮਿਲਣਾ ਹੈ, ਕਿੱਥੋਂ ਮਿਲਣਾ ਹੈ, ਕਿਸ ਦਾ ਮਿਲਣਾ ਹੈ ਜਾਂ ਕਿਵੇਂ ਮਿਲਣਾ ਹੈ। ਪ੍ਰਾਪਤ ਕੀਤੇ ਹਾਰਟ ਨੂੰ ਦੇਖਿਆ ਜਾਂਦਾ ਹੈ ਕਿ ਇਹ ਹਾਰਟ ਬੱਚੇ ਦੇ ਸਰੀਰ ਦੀ ਪ੍ਰਾਕ੍ਰਿਤਕ ਪਰਨਾਲ਼ੀ ਨਾਲ ਮੇਲ ਖਾਂਦਾ ਹੈ ਕਿ ਨਹੀਂ? ਸੌ ਪ੍ਰੀਖਿਆਵਾਂ ਤੇ ਸੌ ਅੜਚਨਾਂ ਹੁੰਦੀਆਂ ਹਨ। ਫਿਰ ਇਹ ਦੇਖਿਆ ਜਾਂਦਾ ਹੈ ਕਿ ਪਹਿਲ ਦੇ ਅਧਾਰ ’ਤੇ ਕਿਸ ਬੱਚੇ ਨੂੰ ਹਾਰਟ ਬਦਲੀ ਕਰਨ ਦੀ ਫੌਰੀ ਲੋੜ ਹੈ। ਜੇ ਬਹੁਤ ਖਤਰਨਾਕ ਹਾਲਤ ਨਾ ਹੋਵੇ ਤੇ ਡੰਗ ਸਰਦਾ ਹੋਵੇ ਤਾਂ ਉਸ ਬੱਚੇ ਦਾ ਹਾਰਟ ਤਬਦੀਲ ਕਰਨ ਦੀ ਕਾਹਲ਼ ਨਹੀਂ ਕੀਤੀ ਜਾਂਦੀ। ਵਾਰਸਾਂ ਨੂੰ ਇਸ ਦੇਰੀ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਹੁੰਦਾ। ਇਸੇ ਤਰਤੀਬ ਅਨੁਸਾਰ ਸਾਡੇ ਬੱਚੇ ਹਰਮਨ ਦਾ ਦਿਲ ਤਬਦੀਲ ਕਰਨ ਦੀ ਪੰਜ ਮਹੀਨੇ ਦੀ ਉਡੀਕ ਪਿੱਛੋਂ ਵਾਰੀ ਆਈ। ਪਰ ਇਹ ਪੰਜ ਮਹੀਨੇ ਦਾ ਸਮਾਂ ਹਸਪਤਾਲ ਦੇ ਸੰਪਰਕ ਆਉਣ ਕਰਕੇ ਬਹੁਤ ਔਖਾ ਜਾਂ ਬਹੁਤ ਸੀਰੀਅਸ ਨਹੀਂ ਸੀ ਲੱਗ ਰਿਹਾ।
ਬੱਚਿਆਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਕਨੇਡਾ ਵਿੱਚ 4, ਅਮਰੀਕਾ ਵਿੱਚ 50, ਇੰਗਲੈਂਡ ਵਿੱਚ 2, ਯੂਰਪ ਦੇ ਹੋਰ ਦੇਸਾਂ ਵਿੱਚ 12 ਹਸਪਤਾਲ ਹਨ। ‘ਸਿੱਕ ਚਿਲਡਰਨ ਹਸਪਤਾਲ ਟਰਾਂਟੋ’ ਇਨ੍ਹਾਂ ਵਿੱਚੋਂ ਇੱਕ ਹੈ। ਅਤੇ ਇਨ੍ਹਾਂ ਸਾਰਿਆਂ ਹਸਪਤਾਲਾਂ ਦਾ ਆਪਸੀ ਸਿੱਧਾ ਸੰਪਰਕ ਹੈ। ਇੱਥੇ ਸਾਰੀ ਦੁਨੀਆਂ ਦੇ ਬੱਚੇ ਇਲਾਜ ਲਈ ਆਉਂਦੇ ਹਨ। ਇਲਾਜ ਸੌਖਾ, ਸਫਲ ਤੇ ਛੇਤੀ ਕਰਨ ਲਈ ਇਨ੍ਹਾਂ ਦੀ ਕੀਤੀ ਮਿਹਨਤ ਤੇ ਘਾਲਣਾ ਕਥਨ ਤੋਂ ਬਾਹਰ ਹੈ। ਸਾਨੂੰ ਉਨ੍ਹਾਂ ਦੱਸਿਆ ਕਿ ਇਸ ਹਸਪਤਾਲ ਦੀ ਪੂਰੀ ਹਿਸਟਰੀ ਵਿੱਚ ਕੇਵਲ ਇੱਕ ਵਾਰ ਇੱਕ ਕੇਸ ਕਾਮਯਾਬ ਨਹੀਂ ਸੀ ਹੋ ਸਕਿਆ। ਉਹ ਵੀ ਅੱਜ ਤੋਂ ਦਸ ਸਾਲ ਪਹਿਲਾਂ। ਉਸ ਪਿੱਛੋਂ ਅੱਜ ਤਕ ਕੋਈ ਕੇਸ ਖਰਾਬ ਨਹੀਂ ਹੋਇਆ। ਸਾਰੇ ਕਾਮਯਾਬ ਹੁੰਦੇ ਆ ਰਹੇ ਹਨ। ਸਰਜਰੀ ਦੀ ਦੁਨੀਆਂ ਵਿੱਚ ਇਹ ਇੱਕ ਰੀਕਾਰਡ ਹੈ, ਜਿਸ ਉੱਤੇ ਮਾਣ ਕੀਤਾ ਜਾ ਸਕਦਾ ਹੈ।
***
ਛਪ ਰਹੀ ਪੁਸਤਕ ‘ਹਰਮਨ ਦੇ ਦਿਲ ਦੀ ਕਹਾਣੀ’ ਵਿੱਚੋਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2668)
(ਸਰੋਕਾਰ ਨਾਲ ਸੰਪਰਕ ਲਈ: