“ਆਖਿਆ ਜਾਂਦਾ ਹੈ ਕਿ ਇਸ ਹਾਰ ਪਿੱਛੋਂ ਸੁਆਮੀ ਦਇਆ ਨੰਦ ਨੂੰ ਮੁੜ ਪੰਜਾਬ ਵੱਲ ...”
(21 ਅਪ੍ਰੈਲ 2019)
ਅੱਜ ਜਨਮ ਦਿਨ ’ਤੇ ਵਿਸ਼ੇਸ਼
ਪੰਜਾਬ ਲਈ 19ਵੀਂ ਸਦੀ ਘੋਰ ਸੰਕਟਾਂ ਤੇ ਸੰਘਰਸ਼ਾਂ ਦੀ ਸਦੀ ਹੈ। ਇਹ ਉਹ ਸਮਾਂ ਸੀ; ਜਦੋਂ ਇੱਕ ਪਾਸੇ ਗੋਰਿਆਂ ਦੀ ਗੁਲਾਮੀ ਦਾ ਜੂਲ਼ਾ ਉਤਾਰਨ ਲਈ ਕਤਾਰਬੰਦੀ ਕਰਨ, ਦੂਜੇ ਪਾਸੇ ਭਾਰਤੀ ਸਮਾਜ ਵਿੱਚੋਂ ਅਗਿਆਨਤਾ, ਅਨਪੜ੍ਹਤਾ ਤੇ ਅੰਧਵਿਸ਼ਵਾਸਾਂ ਦਾ ਹਨੇਰਾ ਦੂਰ ਕਰਨ, ਤੀਜੇ ਉਨ੍ਹਾਂ ਵਿੱਚ ਸਵੈਮਾਨ, ਅਣਖ ਤੇ ਚੇਤਨਾ ਦੀ ਜੋਤ ਪ੍ਰਚੰਡ ਕਰਨ, ਚੌਥੇ ਬ੍ਰਾਹਣਵਾਦੀ ਜੋਕਾਂ ਦੀ ਜਕੜ ਵਿੱਚੋਂ ਗੁਰਦੁਆਰੇ ਮੁਕਤ ਕਰਨ ਅਤੇ ਪੰਜਵੇਂ ਸਿੱਖ-ਸਿਧਾਂਤ ਤੇ ਪਵਿੱਤਰ ਗੁਰ-ਮਰਿਯਾਦਾ ਬਹਾਲ ਕਰਨ ਦੀ ਫਿਕਰਮੰਦੀ ਦੇ ਕਾਰਜ ਸਨ। ਇਨ੍ਹਾਂ ਘੋਰ ਸੰਕਟਾਂ, ਔਕੜਾਂ ਤੇ ਭਿਆਨਕ ਬਿਮਾਰੀਆਂ ਤੋਂ ਕੱਢਣ ਲਈ ਉਦੋਂ ਦੇ ਸਮਾਜ ਸੁਧਾਰਕਾਂ, ਪ੍ਰਚਾਰਕਾਂ ਅਤੇ ਕੌਮੀ ਮਰਜੀਵੜਿਆਂ ਨੇ ਜਿਸ ਢੰਗ ਨਾਲ਼, ਜਿਸ ਜੋਸ਼ ਤੇ ਜਜ਼ਬੇ ਨਾਲ ਕੌਮ ਦੀ ਰਾਹਨੁਮਾਈ ਕੀਤੀ, ਸੇਵਾ ਕੀਤੀ ਤੇ ਸਿੱਟੇ ਕੱਢੇ ਹਨ; ਉਨ੍ਹਾਂ ਦੇ ਅਜਿਹੇ ਅਣਥੱਕ ਜੋਧਿਆਂ ਦੇ ਕਾਰਨਾਮਿਆਂ ਤੇ ਅਥਾਹ ਕੁਰਬਾਨੀਆਂ ਲਈ ਜਿਸ ਹਸਤੀ ਦਾ ਨਾਂ ਉੱਭਰ ਕੇ ਸਾਹਮਣੇ ਆਉਂਦਾ ਹੈ; ਉਹ ਹਨ ਮਹਾਨ ਹਸਤੀ ਗਿਆਨੀ ਦਿੱਤ ਸਿੰਘ ਅਤੇ ਇਨ੍ਹਾਂ ਦੇ ਸਮਕਾਲੀ ਸਾਥੀ ਸਨ: ਪ੍ਰੋਫੈਸਰ ਗੁਰਮੁਖ ਸਿੰਘ, ਭਾਈ ਜੋਧ ਸਿੰਘ, ਪ੍ਰਿੰਸੀਪਲ ਤੇਜਾ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਪ੍ਰੋਫੈਸਰ ਪੂਰਨ ਸਿੰਘ, ਅਕਾਲੀ ਕੌਰ ਸਿੰਘ, ਕਰਮ ਸਿੰਘ ਹਿਸਟੋਰੀਅਨ, ਪ੍ਰਿੰਸੀਪਲ ਗੰਗਾ ਸਿੰਘ ਅਤੇ ਹੋਰ ਬਹੁਤ ਸਾਰੇ ਜੋ ਆਪੋ ਆਪਣੇ ਖੇਤਰ ਦੇ ਅਦੁੱਤੀ ਨਾਇਕ, ਵਿਦਵਾਨ ਲੇਖਕ, ਮਹਾਨ ਦਾਰਸ਼ਨਿਕ, ਪਵਿੱਤਰ ਤੇ ਉੱਚੀ ਸੁੱਚੀ ਜੀਵਨ-ਜਾਚ ਦੇ ਮਾਲਕ ਸਨ।
ਉਦੋਂ ਸਮਾਜ ਦੇ ਜਨ-ਜੀਵਨ ਉੱਤੇ ਬ੍ਰਾਹਮਣ ਵਾਦੀ ਸੋਚ ਦੀ ਬੁਰੀ ਤਰ੍ਹਾਂ ਜਕੜ ਸੀ। ਜੰਮਣ ਤੋਂ ਮਰਨ ਤੱਕ ਬ੍ਰਾਹਮਣੀ ਰਸਮਾਂ ਦਾ ਜਾਲ਼ ਵਿਛਿਆ ਹੋਇਆ ਸੀ। ਇਸ ਹਾਲਤ ਵਿੱਚ ਦਲਿਤਾਂ, ਅਛੂਤਾਂ ਤੇ ਅਨਸੂਚਿਤ ਜਾਤੀਆਂ ਦੀ ਦਸ਼ਾ ਬੇਹੱਦ ਤਰਸਯੋਗ ਸੀ। ਦਲਿਤਾਂ ਨਾਲ ਘੋਰ ਵਿਤਕਰਾ, ਤਿਰਸਕਾਰ ਤੇ ਘਿਰਣਾ ਭਰਿਆ ਵਿਹਾਰ ਹੁੰਦਾ ਸੀ। ਅਛੂਤਾਂ ਤੇ ਜਾਨਵਰਾਂ ਵਿੱਚ ਬਹੁਤਾ ਫਰਕ ਨਹੀਂ ਸੀ। ਇਨ੍ਹਾਂ ਲਈ ਚੇਤਨਾ ਤੇ ਚਾਨਣ ਦੇ, ਇੱਜ਼ਤ ਤੇ ਸਤਿਕਾਰਦੇ ਅਤੇ ਭਾਈਚਾਰਕ ਬਰਾਬਰਤਾ ਦੇ ਸਾਰੇ ਦੁਆਰ ਬੰਦ ਸਨ। ਸਿੱਖਾਂ ਦੇ ਆਪਣੇ ਗੁਰ ਅਸਥਾਨਾਂ, ਗੁਰਦੁਆਰਿਆਂ ਵਿੱਚ ਵੀ ਘੋਰ ਨਿਰਾਦਰੀ, ਬੇਕਦਰੀ, ਬੇਦਰਦੀ ਤੇ ਨਫਰਤ ਵਾਲ਼ਾ ਮਾਹੌਲ ਸੀ। ਗੁਰਦੁਆਰਿਆਂ ਵਿੱਚ ਤੇ ਹੋਰ ਧਾਰਮਿਕ ਸਥਾਨ ਵਿੱਚ ਇੱਕ ਤਰ੍ਹਾਂ ਨਾਲ ਇਨ੍ਹਾਂ ਦੇ ਦਾਖਲੇ ’ਤੇ ਪਾਬੰਦੀ ਸੀ। ਦਲਿਤ ਜਾਤੀ ਦੇ ਕਿਸੇ ਵਿਅਕਤੀ ਦੇ ਛੂਹਣ ਨਾਲ ਤੇ ਕਈ ਵਾਰ ਇਨ੍ਹਾਂ ਦੇ ਕੇਵਲ ਪਰਛਾਵੇਂ ਨਾਲ ਅਪਵਿੱਤਰ ਹੋਣ, ਪਤਿਤ ਹੋਣ ਜਾਂ ਭਿੱਟੇ ਜਾਣ ਦਾ ਡਰ ਬਣਿਆ ਰਹਿੰਦਾ ਸੀ ਅਤੇ ਇਨ੍ਹਾਂ ਤੋਂ ਦੂਰ ਰਹਿਣ ਦੀ ਮਰਿਯਾਦਾ ਦਾ ਬੋਲਬਾਲਾ ਸੀ। ਹਰ ਥਾਂ, ਹਰ ਮੌਕੇ ਇਨ੍ਹਾਂ ਦੇ ਪੱਲੇ ਨਫਰਤ ਤੇ ਘਿਰਣਾ ਪੈਂਦੀ ਸੀ। ਅਜਿਹੇ ਦੁਖਦਾਈ ਤੇ ਅੰਧਕਾਰ ਹਾਲਾਤ ਵਿੱਚ ਗਿਆਨੀ ਦਿੱਤ ਸਿੰਘ ਦੇ ਵਿਅਕਤੀਤਵ ਦਾ ਅਤੇ ਉਸ ਦੀ ਵਿਦਵਤਾ ਤੇ ਪ੍ਰਤਿਭਾ ਦਾ ਉਭਾਰ ਅੱਕਾਂ ਵਿੱਚ ਅੰਗੂਰ ਅਤੇ ਕੱਲਰਾਂ ਵਿੱਚ ਕੰਵਲ ਪੈਦਾ ਹੋਣ ਵਰਗੀ ਘਟਨਾ ਹੈ।
ਗਿਆਨੀ ਦਿੱਤ ਸਿੰਘ ਨੂੰ ਆਪਣੀ ਜ਼ਿੰਦਗੀ ਦੀ ਉਸਾਰੀ ਲਈ ਕਈ ਭਵਸਾਗਰ ਤਰਨੇ ਪਏ, ਕੰਡਿਆਲੇ ਰਾਹਾਂ ’ਤੇ ਤੁਰਨਾ ਪਿਆ, ਸਖਤ ਔਕੜਾਂ, ਥੁੜਾਂ, ਤ੍ਰਿਸਕਾਰ ਤੇ ਨਫਰਤ ਭਰੇ ਹਾਲਾਤ ਵਿੱਚ ਸਖਤ ਮਿਹਨਤ ਕਰਨੀ ਪਈ। ਪਰ ਦ੍ਰਿੜ੍ਹ ਲਗਨ, ਕਠੋਰ ਸਿਰੜ ਤੇ ਤਪੱਸਿਆ ਵਰਗੀ ਲਗਨ ਰੰਗ ਲਿਆਈ। ਜਿਸ ਨਾਲ ਇਹ ਸਿੱਖ ਕੌਮ ਦੇ ਕ੍ਰਾਂਤੀਕਾਰੀ, ਗੌਰਵਸ਼ਾਲੀ ਤੇ ਪ੍ਰਤਿਭਾਸ਼ਾਲੀ ਨਾਇਕ ਬਣ ਕੇ ਉੱਭਰੇ।
ਪੰਜਾਬ ਦੇ ਜ਼ਿਲ੍ਹਾ ਫਤੇਹਗੜ੍ਹ ਸਾਹਿਬ ਦੇ ਪਿੰਡ ਕਲੌੜ ਵਿੱਚ ਪਿਤਾ ਭਾਈ ਦਿਵਾਨ ਸਿੰਘ, ਮਾਤਾ ਰਾਮ ਕੌਰ ਦੇ ਘਰ, 21 ਅਪ੍ਰੈਲ 1850 ਨੂੰ ਰਾਮਦਾਸੀਆ ਬਿਰਾਦਰੀ ਵਿੱਚ ਆਪ ਜੀ ਦਾ ਜਨਮ ਹੋਇਆ। ਗਰੀਬ ਪਰਵਾਰ ਸੀ। ਪਿਤਾ ਘਰ ਦੀ ਖੱਡੀ ’ਤੇ ਕੱਪੜਾ ਬੁਣਦੇ ਸਨ। ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਸੀ। ਪਰ ਗਿਆਨੀ ਦਿੱਤ ਸਿੰਘ ਬਚਪਨ ਤੋਂ ਹੀ ਇੱਕ ਫੱਕਰ, ਦਰਵੇਸ਼ ਤੇ ਜਗਿਆਸੂ ਬਿਰਤੀ ਦੇ ਮਾਲਕ ਸਨ। ਉਦੋਂ ਇਨ੍ਹਾਂ ਦੀ ਉਮਰ ਮਸਾ ਨੌਂ ਦਸ ਸਾਲ ਦੀ ਸੀ। ਇਨ੍ਹਾਂ ਦਾ ਮੁੱਢਲਾ ਨਾਂ ਰਾਮ ਦਿੱਤਾ ਸੀ। ਫੱਕਰ ਬਿਰਤੀ ਵਾਲੇ ਇਨ੍ਹਾਂ ਦੇ ਪਿਤਾ ਨੇ ਇੱਕ ਟਕੋਰ ਲਾਈ ਤੇ ਆਖਿਆ,
“ਇਹ ਵਿਸ਼ਾਲ ਬ੍ਰਹਿਮੰਡ ਤੇਰਾ ਹੈ। ਬਾਹਾਂ ਅੱਡੀ ਤੇਰੀ ਉਡੀਕ ਵਿੱਚ ਹੈ। ਇਸ ਨੂੰ ਖੋਜਣਾ, ਪੜਤਾਲਣਾ ਤੇ ਜੀਵਨ ਵਿੱਚ ਅੱਗੇ ਵਧਣ ਲਈ ਯਤਨ ਕਰਨਾ ਤੇਰਾ ਕੰਮ ਹੈ।” ਇਸ ’ਤੇ ਨੌਂ ਦਸ ਸਾਲ ਦਾ ਬਾਲਕ ਘਰੋਂ ਚਲਾ ਗਿਆ। ਖਰੜ ਦੇ ਨੇੜੇ ਗੁਲਾਬਦਾਸੀਆਂ ਦੇ ਡੇਰੇ ਸੰਤ ਗੁਰਬਖਸ਼ ਸਿੰਘ ਦੇ ਲੜ ਜਾ ਲੱਗਾ। ਇੱਥੇ ਇਸ ਨੇ ਗੁਰਬਾਣੀ ਦੀ ਸੰਥਿਆ ਲਈ। ਫਿਰ ਇਸ ਨੇ ਥਾਂ-ਥਾਂ ਤੋਂ ਫਿਰ ਕੇ ਬੜੀ ਮਿਹਨਤ ਨਾਲ ਵਿੱਦਿਆ ਦੇ ਮੋਤੀ ਇਕੱਠੇ ਕੀਤੇ। ਅਧਿਐਨਸ਼ੀਲ ਬਿਰਤੀ ਦੇ ਮਾਲਕ ਗਿਆਨੀ ਦਿੱਤ ਸਿੰਘ ਨੇ ਵੱਖ-ਵੱਖ ਨਿਰਮਲੇ ਸਾਧੂਆਂ ਤੇ ਪੰਡਤਾਂ ਪਾਸੋਂ ਬ੍ਰਹਮ ਵਿਦਿਆਦੇਵ ਬਾਣੀ ਸੰਸਕ੍ਰਿਤ, ਬ੍ਰਿਜ ਭਾਸ਼ਾ ਤੇ ਹਿੰਦੀ ਦਾ ਗਿਆਨ ਹਾਸਲ ਕੀਤਾ। ਮੁਨਸ਼ੀ ਸਯੱਦ ਪਾਸੋਂ ਉਰਦੂ, ਫਾਰਸੀ ਤੇ ਅਰਬੀ ਭਾਸ਼ਾ ਦੀ ਵਿੱਦਿਆ ਲਈ। ਭਾਰਤੀ ਸਭਿਅਤਾ ਤੇ ਸੰਸਕ੍ਰਿਤੀ ਦਾ, ਇਤਿਹਾਸ ਤੇ ਮਿਥਹਾਸ ਦਾ, ਭਾਰਤੀ ਦਰਸ਼ਨ ਸ਼ਾਸਤਰ, ਪਿੰਗਲ, ਵਿਆਕਰਣ, ਵੇਦਾਂਤ ਤੇ ਨੀਤੀ ਗ੍ਰੰਥਾਂ ਦਾ ਅਧਿਐਨ ਕੀਤਾ। ਪੰਜ ਗ੍ਰੰਥੀ, ਦਸਮ ਗ੍ਰੰਥੀ, ਬਾਈ ਵਾਰਾਂ, ਭਗਤ ਬਾਣੀ, ਭਾਈ ਗੁਰਦਾਸ ਦੀਆਂ ਵਾਰਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲਈ। ਲੰਮੇ ਸਮੇਂ ਪਿੱਛੋਂ 1883 ਵਿੱਚ ਇਨ੍ਹਾਂ ‘ਗਿਆਨੀ' ਦੀ ਪ੍ਰੀਖਿਆ ਪਾਸ ਕੀਤੀ। ਆਪ ਜੀ ਆਪਣੇ ਸਮੇਂ ਦੇ ਬਹੁ-ਪੱਖੀ ਵਿਦਵਤਾ, ਪ੍ਰਤਿਭਾ ਦੇ ਮਾਲਕ, ਨੀਤੀਵੇਤਾ, ਪੰਡਤ ਤੇ ਆਲਮ ਫਾਜ਼ਲ ਮੰਨੇ ਜਾਂਦੇ ਸਨ।
ਇਨ੍ਹਾਂ ਦੀ ਚੁੰਬਕੀ, ਪ੍ਰਭਾਵਸ਼ਾਲੀ ਤੇ ਅਜ਼ੀਮ ਸ਼ਖਸੀਅਤ ਦੇ ਅਨੇਕਾਂ ਪਾਸਾਰ ਤੇ ਵਿਆਪਕ ਪਰਤਾਂ ਹਨ। ਉਹ ਪੁਰਾਤਨ ਸਿੰਘਾਂ ਵਾਂਗ ਹਠੀ, ਜਪੀ, ਤਪੀ ਭਾਵਨਾ ਦੇ ਭਰੇ ਹੋਏ, ਅਸੂਲੀ ਤੇ ਸਿਰੜੀ ਸੁਭਾਅ ਦੇ ਪੱਕੇ ਗੁਰਸਿੱਖ ਸਨ। ਕਈ ਥਾਵਾਂ ਅਤੇ ਵੱਖ ਵੱਖ ਟਿਕਾਣਿਆਂ ਪਿੱਛੋਂ 1884 ਵਿੱਚ ਲਾਹੌਰ ਵਿੱਚ ਇਨ੍ਹਾਂ ਠਠੇਰਿਆਂ ਦੀ ਗਲੀ ਵਿੱਚ ਤਿੰਨ-ਛੱਤਾ ਮਕਾਨ ਲਿਆ, ਜਿਸ ਵਿੱਚ ਉਨ੍ਹਾਂ ਪੱਕੀ ਰਿਹਾਇਸ਼ ਕੀਤੀ। ਉਹ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਹਰ ਖੇਤਰ ਵਿੱਚ ਇੱਕ ਬੁਲੰਦ ਤੇ ਪ੍ਰਭਾਵਸ਼ਾਲੀ ਅਵਾਜ਼ ਸਨ। ਤਰਕ, ਦਲੀਲ, ਸੰਵਾਦ ਤੇ ਹਾਜ਼ਰ-ਜਬਾਬੀ ਵਿੱਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ। ਆਪ ਉਕਤੀ-ਯੁਕਤੀ ਦੇ ਧਨੀ, ਸਪਸ਼ਟਵਾਦੀ, ਅਜਿੱਤ ਤੇ ਨਿਰਭੈ ਪ੍ਰਚਾਰਕ ਸਨ। ਉਹ ਇੱਕ ਨਿਪੁੰਨ ਪੱਤਰਕਾਰ, ਪ੍ਰਭਾਵਸ਼ਾਲੀ ਅਧਿਆਪਕ ਤੇ ਸਿਧਾਂਤਕਾਰ ਲੇਖਕ ਸਨ। ਖੋਜੀ ਤੇ ਸਿਰੜੀ ਬਿਰਤੀ ਦੇ ਮਾਲਕ, ਸਮਾਜ ਸੁਧਾਰਕ, ਮਹਾਂ ਪ੍ਰਵਚਨਕਾਰ, ਸੁਲ਼ਝੇ ਲੇਖਕ, ਕ੍ਰਾਂਤੀਕਾਰੀ ਤੇ ਪ੍ਰਭਾਵਸ਼ਾਲੀ ਵਿਆਖਿਆਕਾਰ ਸਨ।
ਇਹ ਉਹ ਸਮਾਂ ਸੀ ਜਦੋਂ ਇੱਕ ਪਾਸੇ ਸਿੱਖੀ ਵਿਚਾਰਧਾਰਾ ਦੇ ਉਲਟ ਇਸਾਈ ਮਿਸ਼ਨਰੀਆਂ ਪੰਜਾਬ ਵਿੱਚ ਆਪਣਾ ਪ੍ਰਭਾਵ ਵਧਾ ਰਹੀਆਂ ਸਨ। ਗਿਰਜੇ ਘਰਾਂ ਦੀ ਉਸਾਰੀ ਉੱਚੀ ਹੋ ਰਹੀ ਸੀ ਤੇ ਗਿਣਤੀ ਵਧ ਰਹੀ ਸੀ। ਵਿੱਦਿਆ ਪਰਚਾਰ ਦੇ ਬਹਾਨੇ ਸਕੂਲਾਂ ਵਿੱਚ ਪੰਜਾਬ ਦੀ ਜੁਆਨੀ ਨੂੰ ਸਿੱਖੀ ਨਾਲੋਂ ਤੋੜਿਆ ਜਾ ਰਿਹਾ ਸੀ, ਜਵਾਨ ਮੁੰਡੇ ਪਤਿਤ ਹੋ ਰਹੇ ਸਨ ਤੇ ਇਸਾਈ ਮੱਤ ਧਾਰਣ ਕਰ ਰਹੇ ਸਨ। ਦੂਜੇ ਪਾਸੇ ਪੰਜਾਬ ਵਿੱਚ ‘ਆਰੀਆ ਸਮਾਜ' ਦੇ ਅੱਡੇ ਸਥਾਪਤ ਹੋ ਰਹੇ ਸਨ। ਸੁਆਮੀ ਦਇਆ ਨੰਦ ਨੇ 1875 ਵਿੱਚ ਬੰਬਈ ਵਿੱਚ ‘ਆਰੀਆ ਸਮਾਜ' ਦੀ ਨੀਹ ਰੱਖੀ। ਪਿੱਛੋਂ ਦੇਸ਼ ਦੇ ਹੋਰ ਭਾਗਾਂ ਵਾਂਗ ਇਸ ਲਹਿਰ ਨੇ ਪੰਜਾਬ ਵਿੱਚ ਵੀ ਪੈਰ ਪਸਾਰਨੇ ਸ਼ੁਰੂ ਕੀਤੇ। ਸੁਆਮੀ ਦਇਆ ਨੰਦ ਨੇ ਆਪਣੇ ਗ੍ਰੰਥ ‘ਸਤਿਆਰਥ ਪ੍ਰਕਾਸ਼' ਵਿੱਚ ਜਿੱਥੇ ਹੋਰ ਧਰਮਾਂ ਦੇ ਪੈਰੋਕਾਰਾਂ ਦੀ ਰੱਜ ਕੇ ਨਿੰਦਾ ਕੀਤੀ ਸੀ; ਉੱਥੇ ਉਸ ਨੇ ਗੁਰੂ ਨਾਨਕ ਸਾਹਿਬ ਬਾਰੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ; ਜਿਸ ਵਿੱਚ ਗੁਰੂ ਜੀ ਨੂੰ ਅਨਪੜ੍ਹ ਆਦਿ ਦਿਖਾਇਆ ਗਿਆ ਸੀ। ਇਸ ਤਰ੍ਹਾਂ ਸਿੱਖੀ ਸਿਧਾਂਤਾਂ ’ਤੇ ਕਈ ਪਾਸਿਆਂ ਤੋਂ ਹਮਲੇ ਹੋ ਰਹੇ ਸਨ।
ਅਜਿਹੇ ਸਮੇਂ ਸਿੱਖ ਵਿਦਵਾਨ ਚੁੱਪ ਕਿਵੇਂ ਰਹਿ ਸਕਦੇ ਸਨ? ਲਾਹੌਰ ਸਾਹਿਤਕ ਸਮਾਜਕ ਤੇ ਰਾਜਨੀਤਕ ਲਹਿਰਾਂ ਦਾ ਕੇਂਦਰ ਸੀ। ਸੁਆਮੀ ਦਇਆ ਨੰਦ ਦੇ ਪ੍ਰਚਾਰ ਦਾ ਗੜ੍ਹ ਵੀ ਲਾਹੌਰ ਸੀ। ਗਿਆਨੀ ਦਿੱਤ ਸਿੰਘ ਦੀ ਪ੍ਰਤਿਭਾ ਤੇ ਗਿਆਨ ਦਾ ਪ੍ਰਭਾਵ ਵੀ ਇਸ ਸ਼ਹਿਰ ਵਿੱਚ ਫੈਲਿਆ ਹੋਇਆ ਸੀ। ਇੱਥੇ ਆਰੀਆ ਸਮਾਜ ਨੇ 25 ਨਵੰਬਰ 1888 ਵਿੱਚ ਸਾਲਾਨਾ ਧਾਰਮਿਕ ਸਮਾਗਮ ਰੱਖਿਆ। ਗਿਆਨੀ ਦਿੱਤ ਸਿੰਘ ਵੀ ਇਸ ਸਮਾਗਮ ਵਿੱਚ ਪਹੁੰਚ ਗਏ। ਇਸ ਸਮਾਗਮ ਵਿੱਚ ਸਭ ਤੋਂ ਮਹਾਨ ਤੇ ਇਤਿਹਾਸਕ ਗੱਲ ਇਹ ਸੀ ਕਿ ਇਨ੍ਹਾਂ ਸੁਆਮੀ ਦਇਆ ਨੰਦ ਨੂੰ ਵਿਚਾਰ ਵਟਾਂਦਰੇ ਲਈ ਖੁੱਲ੍ਹੀ ਵੰਗਾਰ ਪਾਈ। ਸ਼ਾਸਤਰਾਂ ਦੇ ਮਾਹਰ, ਮਹਾਨ ਤੇ ਅਜਿੱਤ ਮੰਨੇ ਜਾਂਦੇ ਸੁਆਮੀ ਦਇਆ ਨੰਦ ਨਾਲ ਸੰਵਾਦ ਰਚਾਉਣਾ ਜਾਂ ਬਹਿਸ ਕਰਨੀ ਕਈ ਛੋਟੀ ਗੱਲ ਨਹੀਂ ਸੀ। ਇਸ ਫੈਸਲੇ ਅਨੁਸਾਰ ਦੋਹਾਂ ਮਹਾਂਰਥੀਆਂ ਦੀਆਂ ਭਰੀ ਸਭਾ ਵਿੱਚ ਤਿੰਨ ਗੋਸ਼ਟੀਆਂ ਹੋਈਆਂ। ਸਭ ਤੋਂ ਮਹਾਨ ਤੇ ਇਤਿਹਾਸਕ ਗੱਲ ਸਾਹਮਣੇ ਆਈ ਕਿ ਇਨ੍ਹਾਂ ਤਿੰਨਾਂ ਗੋਸ਼ਟੀਆਂ ਵਿੱਚ ਗਿਆਨੀ ਦਿੱਤ ਸਿੰਘ ਦੀਆਂ ਬਹੁ-ਪੱਖੀ ਤੇ ਵਿਦਵਤਾ ਭਰੀਆਂ ਦਲੀਲਾਂ ਅੱਗੇ ਸੁਆਮੀ ਜੀ ਟਿਕ ਨਾ ਸਕੇ, ਛਿੱਥੇ ਪੈ ਗਏ ਤੇ ਹਾਰ ਮੰਨਣੀ ਪਈ। ਗਿਆਨੀ ਦਿੱਤ ਸਿੰਘ ਦੀ ਇਹ ਬਹੁਤ ਵੱਡੀ ਜਿੱਤ ਸੀ। ਉਹ ਇੱਕੋ ਇੱਕ ਸਿੱਖ ਵਿਦਵਾਨ ਸਨ; ਜਿਨ੍ਹਾਂ ਆਪਣੇ ਸਮੇਂ ਦੇ ਕਥਿਤ ਯੁਗ ਪਰਿਵਰਤਕ ਅਤੇ ਆਰੀਆ ਸਮਾਜ ਦੇ ਬਾਨੀ ਸੁਆਮੀ ਦਇਆਨੰਦ ਸਰਸਵਤੀ ਨੂੰ ਸ਼ਾਸਤ੍ਰਾਰਥ ਵਿੱਚ ਹਾਰ ਦਿੱਤੀ, ਆਪਣੀ ਉੱਚ ਲਿਆਕਤ ਤੇ ਵਿਦਵਤਾ ਦਾ ਲੋਹਾ ਮਨਵਾਇਆ ਅਤੇ ਡੀਬੇਟ ਵਿੱਚ ਲਾਜਬਾਬ ਕੀਤਾ। ਆਖਿਆ ਜਾਂਦਾ ਹੈ ਕਿ ਇਸ ਹਾਰ ਪਿੱਛੋਂ ਸੁਆਮੀ ਦਇਆ ਨੰਦ ਨੂੰ ਮੁੜ ਪੰਜਾਬ ਵੱਲ ਮੂੰਹ ਕਰਨ ਦਾ ਹੀਆ ਨਹੀਂ ਪਿਆ।
ਇਨ੍ਹਾਂ ਦੀ ਜ਼ਿੰਦਗੀ ਦਾ ਇੱਕ ਇੱਕ ਲਮਹਾ ਗੌਰਵਮਈ ਤੇ ਇਨਕਲਾਬੀ ਸਿੱਖ ਇਤਿਹਾਸ ਦੀ ਸਿਰਜਣਾ ਕਰਦਾ ਦਿਖਾਈ ਦਿੰਦਾ ਹੈ। ਕੁੱਲ ਪੰਜਾਹ ਤੇ ਇੱਕ ਸਾਲ ਦੀ ਆਯੂ ਵਿੱਚ ਉਨ੍ਹਾਂ ਉਹ ਮਹਾਨ ਕਾਰਜ ਕੀਤੇ ਜੋ ਇੱਕ ਸੰਸਥਾ ਹੀ ਕਰ ਸਕਦੀ ਹੈ। ਇਸ ਤਰ੍ਹਾਂ ਉਹ ਵਿਅਕਤੀ ਨਹੀਂ, ਬਹੁ-ਪੱਖੀ ਤੇ ਬਹੁ-ਮੰਤਵੀ ਸੰਸਥਾ ਵਰਗੇ ਮਹਾਨ ਵਿਅਕਤੀ ਸਨ। ਪੰਜਾਬ ਵਿੱਚ ਉਦੋਂ ਇਸਾਈ ਮਿਸ਼ਨਰੀਆਂ ਤੇ ਆਰੀਆ ਸਮਾਜ ਦੇ ਪ੍ਰਚਾਰ ਤੇ ਪ੍ਰਭਾਵ ਦੁਆਰਾ ਸਿੱਖ-ਸਿਧਾਂਤਾਂ ਨੂੰ ਅਤੇ ਪੰਜਾਬੀ ਸਭਿਆਚਾਰ ਨੂੰ ਖੋਰਾ ਲਾਉਣ ਦੇ ਯਤਨ ਹੋ ਰਹੇ ਸਨ। ਪੰਜਾਬ ਦੀ ਜੁਆਨੀ ਪਤਿਤ ਹੋ ਰਹੀ ਸੀ। ਇਸਦੇ ਵਿਰੋਧ ਵਿੱਚ ਆਪ ਨੇ ਆਪਣੀ ਸ਼ਕਤੀਸ਼ਾਲੀ ਤੇ ਕ੍ਰਾਂਤੀਕਾਰੀ ਅਵਾਜ਼ ਬੁਲੰਦ ਕੀਤੀ। ਪੰਜਾਬੀ ਸਭਿਆਚਾਰ ਤੇ ਸਿੱਖ-ਸਿਧਾਂਤਾਂ ਦੀ ਮਹਾਨਤਾ ਦਾ ਪ੍ਰਚਾਰ ਕੀਤਾ ਤੇ ਪੰਜਾਬ, ਪੰਜਾਬੀ ਤੇ ਸਿੱਖ ਵਿਰੋਧੀ ਹਨੇਰੀ ਨੂੰ ਠੱਲ੍ਹਣ ਵਿੱਚ ਸਫਲਤਾ ਪ੍ਰਾਪਤ ਕੀਤੀ।
1877 ਵਿੱਚ ‘ਓਰੀਐਂਟਲ ਕਾਲਜ ਲਾਹੌਰ' ਦੀ ਸਥਾਪਨਾ ਹੋਈ; ਜਿਸ ਵਿੱਚ ਆਪ ਪੰਜਾਬੀ ਦੇ ਪ੍ਰੋਫੈਸਰ ਨਿਯੁਕਤ ਹੋਏ। ਆਪ ਆਪਣੇ ਵਿਸ਼ੇ ਨੂੰ ਇਤਿਹਾਸਕ ਤੱਥਾਂ ਤੇ ਦਲੀਲਾਂ ਦੁਆਰਾ ਰੌਚਕ ਤੇ ਦਿਲਚਸਪ ਬਣਾਈ ਰੱਖਣ ਦੇ ਮਾਹਰ ਵਕਤਾ ਸਨ। ਇਨ੍ਹਾਂ ਵਿੱਚ ਘੰਟਿਆਂ ਬੱਧੀ ਸੁਰੋਤਿਆਂ ਨੂੰ ਕੀਲਣ ਤੇ ਵਿਸ਼ੇ ਨਾਲ ਜੋੜੀ ਰੱਖਣ ਦੀ ਬਲਕਾਰੀ ਤੇ ਸ਼ਕਤੀਸ਼ਾਲੀ ਸਮਰੱਥਾ ਸੀ। ਆਪ ਨਿਸ਼ਕਾਮ ਸਿੱਖੀ-ਸਪਿਰਟ ਤੇ ਮਿਸ਼ਨਰੀ ਭਾਵਨਾਂ ਨਾਲ ਭਰੇ ਹੋਏ ਸਨ। ਇਨ੍ਹਾਂ ਦਾ ਸਾਰਾ ਜੀਵਨ ਸਮਾਜ ਸੁਧਾਰ ਤੇ ਮਾਨਵਤਾ ਦੀ ਸੇਵਾ ਨੂੰ ਸਮਰਪਤ ਰਿਹਾ ਹੈ। ਮਿਥਹਾਸ ਦੀ ਜਿੱਲ੍ਹਣ ਵਿੱਚੋਂ ਕੱਢਣ ਵਾਲ਼ੇ, ਇਤਿਹਾਸ ਦਾ ਚਾਨਣ ਦੇਣ ਵਾਲ਼ੇ ਤੇ ਪਿਆਰ ਦੀਆਂ ਰਿਸ਼ਮਾ ਵੰਡਣ ਵਾਲ਼ੇ ਗੁਰਬਾਣੀ ਦੇ ਸਮਰੱਥ ਤੇ ਪ੍ਰਭਾਵਸ਼ਾਲੀ ਵਿਆਖਿਆਕਾਰ ਸਨ। ਇਨ੍ਹਾਂ ਨੇ ਪੁਰਾਤਨ ਜਨਮ ਸਾਖੀਆਂ ਨੂੰ ਕਲਾਤਮਿਕ ਛੋਹਾਂ ਦਿੱਤੀਆਂ, ਵਿਸ਼ੇ ਦੀ ਗਹਿਰਾਈ ਨਾਲ ਜੋੜਿਆ ਅਤੇ ਉਨ੍ਹਾਂ ਨੂੰ ਸਿਧਾਂਤਕ ਸੇਧ ਦਿੱਤੀ।
ਸਾਲ 1877 ਵਿੱਚ ਆਪਦਾ ਆਪਣੇ ਸਮੇਂ ਦੇ ਮਹਾਨ ਕ੍ਰਾਂਤੀਕਾਰੀ, ਪ੍ਰਤਿਭਾਸ਼ਾਲੀ ਤੇ ਪ੍ਰਭਾਵਸ਼ਾਲੀ ਗੁਰਸਿੱਖ ਪ੍ਰਚਾਰਕ ਪ੍ਰੋਫੈਸਰ ਗੁਰਮੁਖ ਸਿੰਘ ਨਾਲ ਮੇਲ ਹੋਇਆ। ਵਿਦਵਤਾ ਦੇ ਇਹ ਦੋ ਉੱਚੇ ਤੇ ਲਾਸਾਨੀ ਬੁਰਜ ਸਨ। ਇਨ੍ਹਾਂ ਮਹਾਨ ਹਸਤੀਆਂ ਨੇ ਪੰਜਾਬ ਵਿੱਚ ਸੁਧਾਰਵਾਦੀ ਤੇ ਅਗਾਂਹ ਵਧੂ ਲਹਿਰ ਦੇ ਝੰਡੇ ਬੁਲੰਦ ਕੀਤੇ, ਚੇਤਨਾ ਦੇ ਰਣਸਿੰਗੇ ਤੇ ਢੋਲ ਵਜਾਏ। ਸਾਹ-ਸਤ ਹੀਣ ਭਾਰਤੀ ਜਨਤਾ ਵਿੱਚ ਇਨਕਲਾਬੀ ਜਾਗ੍ਰਿਤੀ ਦੀਆਂ ਜੋਤਾਂ ਜਗਾਈਆਂ। ਸੱਚਾਈ ’ਤੇ ਚੱਲਣ, ਕੂੜ ਤੇ ਝੂਠ ਦੀਆਂ ਕੰਧਾਂ ਢਹਿ ਢੇਰੀ ਕਰਨ, ਮਨੁੱਖੀ ਹੱਕਾਂ ਦੀ ਰਾਖੀ ਲਈ ਰਣ ਵਿੱਚ ਜੂਝਣ ਤੇ ਨਿਸਚੇ ਭਰੀ ਜਿੱਤ ਦਾ ਬੁਲੰਦ ਹੋਕਾ ਦਿੱਤਾ।
ਉਦੋਂ ਸਰਕਾਰੀ ਸ਼ਹਿ ’ਤੇ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਵੱਡੀਆਂ ਜਾਗੀਰਾਂ ਵਾਲੇ ਤੇ ਵੱਡੀ ਆਮਦਨ ਵਾਲੇ ਹੋਰ ਇਤਿਹਾਸਕ ਗੁਰਦੁਆਰਿਆਂ ’ਤੇ ਮਹੰਤਾਂ ਦਾ ਕਬਜਾ ਸੀ। ਬਾਬਾ ਖੇਮ ਸਿੰਘ ਬੇਦੀ ਨੂੰ ਅੰਗਰੇਜ਼ਾਂ ਦੀ ਸਰਪ੍ਰਸਤੀ ਹਾਸਲ ਸੀ। ਅੰਗਰੇਜ਼ ਸਰਕਾਰ ਨੇ ਉਸ ਨੂੰ ਵੱਡੀ ਜਾਗੀਰ ਅਲਾਟ ਕੀਤੀ ਹੋਈ ਸੀ ਤੇ ਬਹੁਤ ਸਾਰੇ ਖਿਤਾਬ ਦਿੱਤੇ ਹੋਏ ਸਨ। ਆਪਣੇ ਸਮੇਂ ਦਾ ਉਹ ਧਾਰਮਕ ਡਿਕਟੇਟਰ ਸੀ। ਗੁਰੂ ਨਾਨਕ ਦੀ ਬੇਦੀ ਬੰਸ ਵਿੱਚੋਂ ਹੋਣ ਕਰ ਕੇ ਆਪਣੇ ਆਪ ਨੂੰ ਸਿੱਖਾਂ ਦਾ ਬਾਰ੍ਹਵਾਂ ਗੁਰੂ ਅਖਵਾਉਂਦਾ, ਉਹ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾ ਕੇ ਬਹਿੰਦਾ, ਪੂਜਾ ਕਰਾਉਂਦਾ ਤੇ ਮੱਥੇ ਟਿਕਾਉਂਦਾ ਸੀ। ਸਾਰੀਆਂ ਰਹੁ-ਰੀਤਾਂ ਵੇਦਾਂ, ਮੰਤਰਾਂ ਤੇ ਬ੍ਰਾਹਮਣ ਵਿਧੀ ਅਨੁਸਾਰ ਹੁੰਦੀਆਂ ਸਨ। ਸਿੱਖਾਂ ਦੇ ਗੁਰ ਅਸਥਾਨਾਂ ਗੁਰਦੁਆਰਿਆਂ ਵਿੱਚ ਵੀ ਬ੍ਰਾਹਮਣਵਾਦੀ ਰੀਤਾਂ ਰਸਮਾਂ ਵਿੱਚ ਹੋ ਰਹੀਆਂ ਸਨ।
ਜਿਸ ਵਰਗ ਨੂੰ ਗੁਰੂ ਸਾਹਿਬ ਨੇ ‘ਰੰਗਰੇਟੇ ਗੁਰੂ ਕੇ ਬੇਟੇ' ਆਖ ਆਪਣੇ ਸੀਨੇ ਨਾਲ ਲਾਇਆ ਸੀ, ਮਾਨ ਸਨਮਾਨ ਦਿੱਤਾ ਤੇ ਭਾਈਚਾਰਕ ਬਰਾਬਰਤਾ ਦੀ ਸਾਂਝ ਸਥਾਪਤ ਕੀਤੀ ਸੀ; ਉਸੇ ਵਰਗ ਨੂੰ ਸਿੱਖਾਂ ਦੇ ਇਤਿਹਾਸਕ ਗੁਰ ਅਸਥਾਨਾਂ, ਗੁਰਦੁਆਰਿਆਂ ਵਿੱਚ, ਮਰਿਯਾਦਾ ਦੀ ਆੜ ਵਿੱਚ ‘ਤੁਇ ਤੁਇ’ ਹੁੰਦੀ ਵੇਖੀ। ਦਲਿਤਾਂ ਦਾ ਕੜਾਹ ਪ੍ਰਸ਼ਾਦ ਸਵੀਕਾਰ ਨਹੀਂ ਸੀ ਕੀਤਾ ਜਾਂਦਾ। ਇੱਥੋਂ ਤੱਕ ਕਿ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਦਲਿਤਾਂ ਨੂੰ ਕੇਵਲ ਗਿਆਰਾਂ ਵਜੇ ਤੋਂ ਇੱਕ ਵਜੇ ਤੱਕ ਦਰਸ਼ਨ ਕਰਨ ਦੀ ਖੁੱਲ੍ਹ ਸੀ। ਹੋਰ ਕਿਸੇ ਵੀ ਸਮੇਂ ਇਨ੍ਹਾਂ ਦੇ ਦਾਖਲੇ ’ਤੇ ਪਾਬੰਦੀ ਸੀ। ਇਸ ਹੁਕਮ ਦੀ ਕੋਈ ਉਲੰਘਣਾ ਨਹੀਂ ਸੀ ਕਰ ਸਕਦਾ। ਅਣਖੀ ਤੇ ਸਿਦਕੀ ਸੂਰਮੇ ਇਹ ਧੱਕਾ ਤੇ ਜਬਰ ਕਿਵੇਂ ਸਹਿਨ ਕਰ ਸਕਦੇ ਸਨ? ਗਿਆਨੀ ਦਿੱਤ ਸਿੰਘ ਤੇ ਪ੍ਰਫੈਸਰ ਗੁਰਮੁਖ ਸਿੰਘ ਨੇ ਇਸ ਧੱਕੇ ਤੇ ਅਨਿਆਂ ਵਿਰੁੱਧ, ਧਾਰਮਿਕ ਅੰਧ ਵਿਸ਼ਵਾਸਾਂ ਭਰੀ ਮਰਿਯਾਦਾ ਵਿਰੁੱਧ, ਪਖੰਡ ਤੇ ਛੂਤ ਛਾਤ ਵਿਰੁੱਧ, ਪੂਰੇ ਜ਼ੋਰ ਤੇ ਜੋਸ਼ ਨਾਲ ਝੰਡੇ ਚੁੱਕੇ ਤੇ ਅਵਾਜ਼ ਬੁਲੰਦ ਕੀਤੀ।
ਪਰ ‘ਸਚ ਕੀ ਬਾਣੀ ਨਾਨਕੁ ਆਖੈ, ਸਚੁ ਸੁਣਾਇਸੀ ਸੱਚ ਕੀ ਬੇਲਾ' ਤੋਂ ਬੇਮੁਖ ਹੋਏ, ਚਿੜ੍ਹੇ ਹੋਏ ਤੇ ਡਰੇ ਹੋਏ, ਅਕਾਲ ਤਖਤ ’ਤੇ ਕਾਬਜ਼, ਵਕਤ ਦੇ ਪੁਜਾਰੀਆਂ ਨੇ ਸਿੱਖ ਕੌਮ ਦੇ ਇਨ੍ਹਾਂ ਦੋ ਅਜ਼ੀਮ ਤੇ ਨਾਯਾਬ ਕੌਮੀ ਹੀਰਿਆਂ ਨੂੰ, ਉਨ੍ਹਾਂ ਦੀ ਮਹਾਨਤਾ, ਵਿਦਵਤਾ ਤੇ ਪ੍ਰਚੰਡ ਪ੍ਰਭਿਤਾ ਨੂੰ ਢਾਹ ਲਾਉਣ ਲਈ ਤੇ ਨੀਵਾਂ ਦਿਖਾਉਣ ਲਈ ਕੋਈ ਕਸਰ ਨਾ ਛੱਡੀ। ਇਨ੍ਹਾਂ ਨੂੰ ਕਿਸੇ ਨਾ ਕਿਸੇ ਕੇਸ ਵਿੱਚ ਉਲਝਾਈ ਰੱਖਣ ਦੇ ਯਤਨ ਕੀਤੇ ਜਾਂਦੇ ਰਹੇ। ਜਿਸਦੇ ਹੱਥ ਵਿੱਚ ਸ਼ਕਤੀ ਹੁੰਦੀ ਹੈ ਉਹ ਕੁਝ ਵੀ ਕਰ ਸਕਦਾ ਹੈ। ਅਕਾਲ ਤਖਤ ’ਤੇ ਕਾਬਜ ਇਨ੍ਹਾਂ ਪੁਜਾਰੀਆਂ ਨੇ ਵੀ ਇਹੋ ਕੁਝ ਕੀਤਾ। ਮਹਾਨ ਸ਼ਰਧਾਵਾਨ, ਨਿਸ਼ਕਾਮ ਤੇ ਵਿਦਵਾਨ ਗੁਰਸਿੱਖ ਪ੍ਰਚਾਰਕ ਪ੍ਰੋਫੈਸਰ ਗੁਰਮੁਖ ਸਿੰਘ ਨੂੰ 18 ਮਾਰਚ 1887 ਨੂੰ ਪੰਥ ਵਿੱਚੋਂ ਛੇਕਣ ਦਾ ‘ਹੁਕਮਨਾਮਾ' ਜਾਰੀ ਕਰ ਦਿੱਤਾ। ਇਹ ਹੁਕਮਨਾਮਾ ਇੱਕ ਕ੍ਰਾਂਤੀਕਾਰੀ ਤੇ ਬੁਲੰਦ ਅਵਾਜ਼ ਬੰਦ ਕਰਨ ਦਾ ਧਾਰਮਿਕ ਫਤਵਾ ਸੀ। ਪਰ ਮੰਦ ਬੁੱਧੀ, ਕਠੋਰ ਚਿੱਤ ਤੇ ਈਰਖਾ ਦੇ ਭਰੇ ਪੁਜਾਰੀਆਂ ਨੂੰ ਕੀ ਪਤਾ ਸੀ:
“ਮਰ ਗਏ, ਕਟ ਗਏ ਪਰ ਨਾ ਝੁਕੇ ਅਸੀਂ,
ਹੋਰ ਸਨ ਜੋ ਮਰ ਗਏ ਹੱਥ ਜੋੜਦੇ।”
1872 ਵਿੱਚ ‘ਸਿੰਘ ਸਭਾ ਅੰਮ੍ਰਿਤਸਰ' ਦੀ ਵੀ ਸਥਾਪਨਾ ਹੋ ਚੁੱਕੀ ਸੀ। ਪਰ ਇਸ ਸਿੰਘ ਸਭਾ ਦੇ ਆਗੂ ਅੰਗਰੇਜ਼ਾਂ ਅਤੇ ਗੁਰਦੁਆਰਿਆਂ ’ਤੇ ਕਾਬਜ ਮਹੰਤਾਂ ਪ੍ਰਤੀ ਨਰਮ ਸੁਰ ਰੱਖਦੇ ਸਨ। ਜਦੋਂ ਕਿ ਸਮੇਂ ਦੀ ਮੰਗ ਸਿੱਖੀ ਸਪਿਰਟ ਨੂੰ ਪਰਚੰਡ ਕਰਨ ਦੀ ਅਤੇ ਅਨੇਕਾਂ ਸੁਧਾਰਾਂ ਦੀ ਲੋੜ ਸੀ। ਇਸ ਲਈ ਗਿਆਨੀ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ, ਭਾਈ ਜਵਾਹਰ ਸਿੰਘ, ਭਾਈ ਮਈਆ ਸਿੰਘ, ਭਾਈ ਬਸੰਤ ਸਿੰਘ ਆਦਿ ਨੇ ਮਿਲ ਕੇ 2 ਨਵੰਬਰ 1879 ਵਿੱਚ ‘ਸਿੰਘ ਸਭਾ ਲਾਹੌਰ' ਦੀ ਸਥਾਪਨਾ ਕੀਤੀ। 1883 ਵਿੱਚ ‘ਖਾਲਸਾ ਦੀਵਾਨ ਅੰਮ੍ਰਿਤਸਰ' ਦੀ ਅਤੇ ਅਪਰੈਲ 1886 ਵਿੱਚ ‘ਖਾਲਸਾ ਦੀਵਾਨ ਲਾਹੌਰ' ਦੀ ਸਥਾਪਨਾ ਕੀਤੀ ਗਈ। ਭਾਵੇਂ ਇਨ੍ਹਾਂ ਵਿੱਚ ਕਈ ਤਰ੍ਹਾਂ ਦੇ ਆਪਸੀ ਸਿਧਾਂਤਕ ਮੱਤ-ਭੇਦ ਸਨ; ਫਿਰ ਵੀ ਇਨ੍ਹਾਂ ਸਭਾਵਾਂ ਦਾ ਤੇ ‘ਖਾਲਸਾ ਦੀਵਾਨ' ਦਾ ਆਦਰਸ਼ ਤੇ ਨਿਸ਼ਾਨਾ ਗੁਰਮਤਿ ਦਾ ਪਰਚਾਰ ਤੇ ਸਮਾਜ ਸੁਧਾਰ ਸੀ ਪਰ ਦਾਇਰਾ ਆਪੋ ਆਪਣਾ ਸੀ, ਢੰਗ ਤੇ ਪ੍ਰਭਾਵ ਵੀ ਆਪੋ ਆਪਣਾ ਸੀ।
ਪੱਤਰਕਾਰੀ ਦੇ ਖੇਤਰ ਵਿੱਚ ਗਿਆਨੀ ਦਿੱਤ ਸਿੰਘ ਦੀ ਲਿਆਕਤ ਤੇ ਯੋਗਿਤਾ ਨੂੰ, ਮਹਾਨਤਾ, ਵਿਸ਼ੇਸ਼ਤਾ, ਵਿਲੱਖਣਤਾ ਨੂੰ ਅਤੇ ਇਨ੍ਹਾਂ ਦੀ ਸਾਹਿਤਕ ਘਾਲਣਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਇਨ੍ਹਾਂ ਦੀ ਲਿਖਣ-ਸ਼ੈਲੀ ਅਤਿਅੰਤ ਰੌਚਕ, ਪ੍ਰਭਾਵਸ਼ਾਲੀ ਤੇ ਵਿਦਵਤਾ ਭਰੀ ਸੀ। ਇਨ੍ਹਾਂ ਪਰਉਪਕਾਰੀ, ਉੱਦਮੀ ਤੇ ਵਿਦਵਾਨ ਹਸਤੀਆਂ ਨੇ 13 ਜੂਨ 1886 ਵਿੱਚ ‘ਖਾਲਸਾ ਅਖਬਾਰ ਲਾਹੌਰ' ਦੀ ਪ੍ਰਕਾਸ਼ਨਾ ਅਰੰਭ ਕੀਤੀ। ਇਹ ਅਖਬਾਰ ਸਿੱਖ-ਸਿਧਾਂਤਾ ਦਾ ਪ੍ਰਚਾਰ ਤੇ ਪੰਜਾਬ ਦੀ ਜਨਤਾ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ, ਸਮਾਜ ਸੁਧਾਰਕ ਤੇ ਅਗਾਂਹਵਧੂ ਵਿਚਾਰਧਾਰਾ ਦਾ ਅਖਬਾਰ ਸੀ। ਆਪਣੇ ਸਮੇਂ ਦਾ ਇਹ ਬੇਹੱਦ ਮਕਬੂਲ ਅਖਬਾਰ 1901 ਤੱਕ ਚਲਦਾ ਰਿਹਾ। ਇਸਦੇ ਪਹਿਲੇ ਸੰਪਾਦਕ ਪ੍ਰੋਫੈਸਰ ਗੁਰਮੁਖ ਸਿੰਘ, ਫਿਰ ਭਾਈ ਝੰਡਾ ਸਿੰਘ, ਅਖੀਰ ਵਿੱਚ ਇਸਦੇ ਸੰਪਾਦਕ ਪ੍ਰਸਿੱਧ ਵਿਦਵਾਨ ਭਾਈ ਮਈਆ ਸਿੰਘ ਬਣੇ।
ਵਿੱਦਿਆ ਦੇ ਖੇਤਰ ਵਿੱਚ ਗਿਆਨੀ ਜੀ ਦਾ ਬੇਹੱਦ ਮਹਾਨ ਤੇ ਇਤਿਹਾਸਕ ਯੋਗਦਾਨ ਹੈ। ਵਿੱਦਿਅਕ ਸੰਸਥਾਵਾਂ ਦੇ ਇਹ ‘ਦਿਮਾਗ' ਮੰਨੇ ਜਾਂਦੇ ਸਨ। ਇਸਤ੍ਰੀ ਜਾਤੀ ਵਿੱਚ ਵਿੱਦਿਆ ਦੀ ਚੇਤਨਾ ਪੈਦਾ ਕਰਨ ਲਈ ਇਨ੍ਹਾਂ ਫਿਰੋਜ਼ਪੁਰ ਵਿੱਚ ‘ਕੰਨਿਆਂ ਮਹਾਂ ਵਿਦਿਆਲਾ' ਦੀ ਨੀਂਹ ਰੱਖੀ। ਇੱਥੇ ਹੀ ਰੈਫਰੈਂਸ ਲਾਇਬ੍ਰੇਰੀ ਦੀ ਸਥਾਪਨਾ ਕੀਤੀ। ਇਨ੍ਹਾਂ ਦੇ ਅਹਿਦ ਵਿੱਚ 14 ਅਕਤੂਬਰ 1882 ਵਿੱਚ ‘ਪੰਜਾਬ ਯੂਨੀਵਰਸਿਟੀ ਲਾਹੌਰ' ਦੀ ਸਥਾਪਨਾ ਹੋਈ। ਅਗੰਰੇਜ਼ਾਂ ਦੇ ਰਾਜ ਵਿੱਚ ਭਾਰਤ ਦੀ ਚੌਥੀ ਤੇ ਪੰਜਾਬ ਵਿੱਚ ਇਹ ਪਹਿਲੀ ਯੂਨੀਵਰਸਿਟੀ ਸੀ। ਆਪਦੇ ਅਣਥੱਕ ਯਤਨਾਂ ਦੁਆਰਾ 5 ਮਾਰਚ, 1892 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਦੀ ਸਥਾਪਨਾ ਹੋਈ। ਅੰਗਰੇਜ਼ ਅਫਸਰ ਸਰ ਜੇਮਜ਼ ਲਾਇਲ ਨੇ ਕਾਲਜ ਦਾ ਨੀਂਹ ਪੱਥਰ ਰੱਖਿਆ। ਪੰਜਾਬ ਵਿੱਚ ਸਿੱਖਾਂ ਦਾ ਇਹ ਪਹਿਲਾ ਵਿੱਦਿਆ ਦਾ ਮਹਾਨ ਚਾਨਣ ਮੁਨਾਰਾ ਸੀ। ਅੱਜ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਰੁਤਬਾ ਹਾਸਲ ਕਰ ਚੁੱਕਾ ਹੈ। ਗਿਆਨੀ ਦਿੱਤ ਸਿੰਘ ਦੀ ਮਹਾਨਤਾ, ਪ੍ਰਤਿਭਾ, ਯੋਗਿਤਾ ਤੇ ਧਾਰਮਿਕ ਬਿਰਤੀ ਨੂੰ ਮੁੱਖ ਰੱਖਦਿਆਂ ਖਾਲਸਾ ਕਾਲਜ ਪ੍ਰਬੰਧਕ ਕਮੇਟੀ ਨੇ ਇਨ੍ਹਾਂ ਨੂੰ ਕਾਲਜ ਵਿੱਚ ਵੱਡੇ ਅਹੁਦੇ ’ਤੇ ਨਿਯੁਕਤ ਕੀਤਾ। ਕਾਲਜ ਕਲਾਸਾਂ ਲਈ ਸਲੇਬਸ ਵੀ ਇਨ੍ਹਾਂ ਨੇ ਤਿਆਰ ਕੀਤਾ। ਵਿੱਦਿਆ ਦੇ ਖੇਤਰ ਵਿੱਚ ਇਸ ਤੋਂ ਵੱਡੀ ਵਿੱਦਿਅਕ ਯੋਗਿਤਾ ਤੇ ਮਹਾਨਤਾ ਹੋਰ ਕੀ ਹੋ ਸਕਦੀ ਸੀ? ਸਿੱਖਿਆ ਸ਼ਾਸਤਰੀ ਤੇ ਵਿੱਦਿਆ ਦੇ ਭੰਡਾਰ ਗਿਆਨੀ ਜੀ ਜੀਵਨ ਭਰ ਇਸ ਅਹੁਦੇ ’ਤੇ ਬਿਰਾਜਮਾਨ ਰਹੇ। ਇਨ੍ਹਾਂ ਪਿੱਛੋਂ ਇਸ ਮਹਾਨ ਰੁਤਬੇ ’ਤੇ ਭਾਈ ਕਾਨ੍ਹ ਸਿੰਘ ਨਾਭਾ ਜੀ ਨੂੰ ਸੁਸ਼ੋਭਤ ਕੀਤਾ ਗਿਆ।
ਆਪ ਅਣਥੱਕ ਸਾਹਿਤਕਾਰ, ਸੁਲਝੇ ਪੱਤਰਕਾਰ ਤੇ ਬਲਕਾਰੀ ਵਿਆਖਿਆਕਾਰ ਸਨ। ਇਨ੍ਹਾਂ ਦੁਆਰਾ ਰਚਿਤ ਕਵਿਤਾ ਤੇ ਵਾਰਤਿਕ ਦੀਆਂ ਪੁਸਤਕਾਂ ਦੀ ਗਿਣਤੀ 70 ਤੱਕ ਅੱਪੜਦੀ ਹੈ; ਜੋ ਇਨ੍ਹਾਂ ਦੀ ਆਪਣੀ ਉਮਰ ਦੇ ਸਾਲਾਂ ਤੋਂ ਕਿਤੇ ਵਧੇਰੇ ਬਣਦੀਆਂ ਹਨ ਅਤੇ ਜੋ ਪੰਜਾਬੀ ਸਾਹਿਤ ਵਿੱਚ ਮਹਾਨ ਦਰਜਾ ਰੱਖਦੀਆਂ ਹਨ। ਇੰਨੀ ਛੋਟੀ ਆਯੂ ਵਿੱਚ ਇੰਨੀਆਂ ਪੁਸਤਕਾਂ ਲਿਖਣ ਤੇ ਛਾਪਣ ਦਾ ਮਹਾਨ ਕਾਰਜ ਸਿਰੇ ਚਾੜ੍ਹਿਆ। ਇਨ੍ਹਾਂ ਦੀ ਇਹ ਰਿਸ਼ੀਆਂ, ਮੁਨੀਆਂ, ਤਪੱਸਵੀਆਂ ਦੇ ਸਿਰੜ ਤੇ ਸਿਦਕ ਵਰਗੀ ਸਾਧਨਾ ਦਾ ਸਿੱਟਾ ਹਨ।
6 ਸਤੰਬਰ 1901 ਨੂੰ ਦਿਨ ਦੇ ਸਾਢੇ ਦਸ ਵਜੇ ਗਿਆਨੀ ਦਿੱਤ ਸਿੰਘ ਇਸ ਸੰਸਾਰ ਤੋਂ ਸਦਾ ਲਈ ਵਿਦਾ ਹੋ ਗਏ। ਆਪਦੇ ਅਕਾਲ ਚਲਾਣੇ ਨਾਲ ਪੂਰੇ ਪੰਜਾਬ ਵਿੱਚ ਸੋਗ ਦੀ ਲਹਿਰ ਛਾ ਗਈ। ਇਸ ਪੰਥਕ ਹੀਰੇ ਦੀ ਮੌਤ ’ਤੇ ਪੰਜਾਬ ਭਰ ਦੇ ਆਗੂਆਂ, ਵਿਚਾਰਕਾਂ, ਭਾਈ ਵੀਰ ਸਿੰਘ ਸਮੇਤ ਹੋਰ ਵਿਦਵਾਨਾਂ, ਪੱਤਰਕਾਰਾਂ ਤੇ ਚਿੰਤਕਾਂ ਦੀਆਂ ਕਲਮਾਂ ਨੇ ਡੂੰਘੇ ਵੈਣ ਪਾਏ ਤੇ ਆਪਣੇ ਦੁੱਖ ਤੇ ਗ਼ਮ ਦਾ ਇਜ਼ਹਾਰ ਕੀਤਾ।
ਗਿਆਨੀ ਦਿੱਤ ਸਿੰਘ ਦੇ ਖਾਨਦਾਨ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ:
ਪਿਤਾ ਦਾ ਨਾਂ ਭਾਈ ਦੀਵਾਨ ਸਿੰਘ, ਮਾਤਾ ਰਾਮ ਕੌਰ। ਗਿਆਨੀ ਜੀ ਦੀ ਪਤਨੀ ਦਾ ਨਾਂ ਬਿਸ਼ਨ ਕੌਰ; ਜੋ 1930 ਵਿੱਚ ਸੁਰਗਵਾਸ ਹੋਏ। ਆਪਣੇ ਸਮੇਂ ਪ੍ਰਸਿੱਧ ਵਿਦਵਾਨ ਅਤੇ ਗੁਲਾਬਦਾਸੀ ਮੱਤ ਦੇ ਪਰਚਾਰਕ ਸ. ਭਾਗ ਸਿੰਘ ਜੀ ਆਪ ਜੀ ਦੇ ਸਹੁਰਾ ਜੀ ਸਨ। ਗਿਆਨੀ ਜੀ ਦੀ ਇਕਲੌਤੀ ਪੁੱਤਰੀ ਦਾ ਨਾਂ ਵਿਦਿਆਵੰਤ ਕੌਰ ਸੀ; ਜਿਸਦਾ ਅਕਾਲ ਚਲਾਣਾ 17 ਜੂਨ 1901 ਵਿੱਚ ਹੋਇਆ। ਗਿਆਨੀ ਦਿੱਤ ਸਿੰਘ ਦੇ ਇਕਲੌਤੇ ਪੁੱਤਰ ਬਲਦੇਵ ਸਿੰਘ ਦਾ ਜਨਮ 1882 ਵਿੱਚ ਹੋਇਆ। ਇਸਦੀ ਸ. ਫੌਜਾ ਸਿੰਘ ਦੀ ਪੁੱਤਰੀ ਬੀਬੀ ਇੰਦਰ ਕੌਰ ਨਾਲ ਸ਼ਾਦੀ ਹੋਈ। ਇਸ ਬੀਬੀ ਦੀ 1920 ਵਿੱਚ ਮਿਰਤੂ ਹੋਈ। 1905 ਵਿੱਚ ਬਲਦੇਵ ਸਿੰਘ ਡਾਕਟਰੀ ਦੀ ਪੜ੍ਹਾਈ ਲਈ ਇੰਗਲੈਂਡ ਗਿਆ। 1922 ਵਿੱਚ ਪਰਵਾਰ ਸਮੇਤ ਨਿਊਜ਼ੀਲੈਂਡ ਗਿਆ। 1930 ਵਿੱਚ ਨਿਊਜ਼ੀਲੈਂਡ ਤੋਂ ਪੰਜਾਬ ਵਾਪਸ, 1937 ਵਿੱਚ ਹੁਸ਼ਿਆਰਪੁਰ ਹੈਲਥ ਅਫਸਰ ਨਿਯੁਕਤ ਹੋਇਆ। ਬਲਦੇਵ ਸਿੰਘ ਦੇ ਇਕਲੌਤੇ ਪੁੱਤਰ ਦੀ ਛੋਟੀ ਉਮਰ ਵਿੱਚ ਹੀ 1928 ਵਿੱਚ ਮਿਰਤੂ ਹੋਈ। ਬਲਦੇਵ ਸਿੰਘ ਸ਼ਿਮਲੇ ਦੇ ਨਜ਼ਦੀਕ ਸੋਲਨ ਵਿਖੇ 16 ਜੂਨ 1940 ਵਿੱਚ ਸੰਸਾਰ ਤੋਂ ਸਦਾ ਲਈ ਵਿਦਾ ਹੋ ਗਿਆ। ਇਸਦੇ ਨਾਲ ਗਿਆਨੀ ਦਿੱਤ ਸਿੰਘ ਦੇ ਖਾਨਦਾਨ ਦਾ ਸੂਰਜ ਭਾਵੇਂ ਅਸਤ ਹੁੰਦਾ ਹੈ ਪਰ ਉਨ੍ਹਾਂ ਦੀਆਂ ਬਹੁਮੁੱਲੀਆਂ ਭਾਈਚਾਰਕ ਅਤੇ ਧਾਰਮਕ ਸੇਵਾਵਾਂ ਦਾ ਸੂਰਜ ਸਦਾ ਚਮਕਦਾ ਰਹੇਗਾ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1558)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)