“ਡਾ. ਝੰਡ ਦੀ ਸ਼ੈਲੀ ਤੇ ਸ਼ਬਦਾਵਲੀ ਦੀ ਸਰੋਦੀ ਲੈਅ ਤੇ ਵਿਸਮਾਦੀ ਰਿਦਮ ...”
(29 ਮਈ 2019)
ਡਾ. ਸੁਖਦੇਵ ਸਿੰਘ ਝੰਡ ਵਿਦਵਤਾ ਦੀਆਂ ਉੱਚੀਆਂ ਡਿਗਰੀਆਂ ਤੇ ਵੱਡੀਆਂ ਪਦਵੀਆਂ ਦਾ ਮਾਲਕ ਹੈ। ਉਹ ਬਾਇਓਕੈਮਿਸਟਰੀ ਵਿਚ ਐੱਮ.ਐੱਸ.ਸੀ. ਅਤੇ ਲਾਇਬ੍ਰੇਰੀ ਐਂਡ ਇਨਫ਼ਰਮੇਸ਼ਨ ਸਾਇੰਸ ਵਿਸ਼ੇ ਵਿਚ ਮਾਸਟਰ ਤੇ ਪੀ.ਐੱਚ.ਡੀ. ਡਿਗਰੀ ਹੋਲਡਰ ਹੈ। ਉਹ ਲੋਕ-ਚਕਿਸਤਾ ਵਿਗਿਆਨੀ, ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਫ਼ਰੈਂਚ ਬੋਲੀਆਂ ਦਾ ਵਿਦਵਾਨ, ਨਿਪੁੰਨ ਲੇਖਕ ਤੇ ਸੁਲਝਿਆ ਪੱਤਰਕਾਰ ਹੈ। ਟੋਰਾਂਟੋ ਦੀ ਕੋਈ ਸਭਾ ਹੋਵੇ: ਧਾਰਮਿਕ, ਸਮਾਜਿਕ, ਸਾਹਿਤਕ ਜਾਂ ਸੀਨੀਅਰ ਕਲੱਬਾਂ ਦੀਆਂ ਮੀਟਿੰਗਾਂ, ਹਰ ਸਭਾ ਵਿਚ ਡਾ. ਸੁਖਦੇਵ ਸਿੰਘ ਝੰਡ ਆਪਣੀ ਮਿਕਨਾਤੀਸੀ ਸ਼ਖਸੀਅਤ, ਲਿਆਕਤ ਤੇ ਸਦਾਕਤ ਦੁਆਰਾ ਵਿਸ਼ੇਸ਼ ਤੇ ਮਹਾਨ ਹੁੰਦਾ ਹੈ। ਹਰ ਸਭਾ ਦੀ ਰਿਪੋਰਟ ਤਿਆਰ ਕਰਨ ਤੇ ਅਖਬਾਰਾਂ ਵਿਚ ਛਪਾਉਣ ਦਾ ਉਸਤਾਦ ਹੈ। ‘ਸਿੱਖ ਸਮੋਕਸਮੈਨ’ (ਵੀਕਲੀ ਟੋਰਾਂਟੋ) ਅਖ਼ਬਾਰ ਦਾ ਅਹਿਮ-ਅੰਗ ਹੈ। ਸਾਹਿਤ ਵਿਚ ਉਸ ਦੀਆਂ ਅੱਧੀ ਦਰਜਨ ਕਿਤਾਬਾਂ ਹਨ: ਤਿੰਨ ਪੰਜਾਬੀ ਵਾਰਤਕ ਦੀਆਂ ‘ਪੰਜਾਬ ਦੇ ਲੋਕ-ਰੁੱਖ’, ‘ਸਾਡੇ ਰੁੱਖ’ ਤੇ ‘ਉੱਤਰੀ ਅਮਰੀਕਨ ਰੁੱਖ’, ਇਕ ਕਵਿਤਾ ਦੀ ‘ਕਦੋਂ’ ਅਤੇ ਦੋ ਅੰਗਰੇਜ਼ੀ ਦੀਆਂ ‘ਗਾਈਡ ਟੂ ਰੈਫ਼ਰੈਂਸ ਸੋਰਸਿਜ਼ ਇਨ ਪੰਜਾਬੀ ਲੈਂਗੂਏਜ਼ ਐਂਡ ਲਿਟਰੇਚਰ’ ਤੇ ‘ਡਿਊਈ ਡੈਸੀਮਲ ਕਲਾਸੀਫੀਕੇਸ਼ਨ: ਏ ਪ੍ਰੈਕੀਟਲ ਗਾਈਡ’। ਹੁਣ ਡਾ. ਝੰਡ ਆਪਣੀ ਸਵੈ-ਜੀਵਨੀ ਨਾਲ ਪੰਜਾਬੀ ਸਾਹਿਤ ਵਿਚ ਪ੍ਰਵੇਸ਼ ਹੋ ਰਿਹਾ ਹੈ। ਇਸ ਨਾਲ਼ ਉਸ ਦਾ ਰੁਤਬਾ ਹੋਰ ਵਿਸ਼ਾਲ ਹੋਵੇਗਾ।
ਡਾ. ਸੁਖਦੇਵ ਸਿੰਘ ਝੰਡ ਉਨ੍ਹਾਂ ਹਸਤੀਆਂ ਵਿਚੋਂ ਹੈ, ਜਿੰਨ੍ਹਾ ਦੇ ਹਿਰਦੇ ਨਿਰਛਲ ਤੇ ਨਿਰਮਾਣ ਹੁੰਦੇ ਹਨ ਅਤੇ ਵਿਚਾਰਾਂ ਵਿਚ ਕਸਤੂਰੀ ਵਰਗੀ ਮਹਿਕ ਹੁੰਦੀ ਹੈ। ਜਿਨ੍ਹਾਂ ਦੇ ਕਿਰਦਾਰ ਤੇ ਵਿਹਾਰ ਸਿਦਕ ਤੇ ਸੱਚਾਈ ਨਾਲ਼ ਭਰੇ ਹੁੰਦੇ ਹਨ। ਅਜਿਹੇ ਬੰਦਿਆਂ ਦੀ ਸੰਗਤ ਵਿਚ ਬੰਦਗੀ ਵਰਗਾ ਅਹਿਸਾਸ ਹੁੰਦਾ ਹੈ। ਅਜਿਹੇ ਬੰਦੇ ਇਕ ਹੋ ਕੇ ਵੀ ਸੰਸਥਾ ਵਰਗੇ ਹੁੰਦੇ ਹਨ। ਅਜਿਹੇ ਬੰਦਿਆਂ ਦੀ ਹੋਂਦ ਨਾਲ਼ ਹਰ ਇਕੱਠ ਜਾਂ ਇਕੱਤਰਤਾ ਹੋਰ ਗੰਭੀਰ, ਅਰਥ ਭਰਪੂਰ, ਵਿਸ਼ੇਸ਼ ਤੇ ਮਹਾਨ ਬਣ ਜਾਂਦੀ ਹੈ। ਪਰ ਡਾ. ਝੰਡ ਦੇ ਚਿਹਰੇ ਮੁਹਰੇ ਦਾ ਡਲ੍ਹਕਦਾ ਹੁਸਨ ਇਸ ਤੋਂ ਵੀ ਅਗਾਂਹ ਦੀਆਂ ਬਾਤਾਂ ਪਾਉਂਦਾ ਹੈ। ਜਿੱਥੇ ਉਸ ਦੀ ਦਸਤਾਰ, ਰਫ਼ਤਾਰ ਤੇ ਗੁਫ਼ਤਾਰ ਵਿਚ ਮਿਕਨਾਤੀਸੀ ਪ੍ਰਭਾਵ ਹੈ, ਉੱਥੇ ਉਸ ਦਾ ਗੋਰਾ ਨਿਛੋਹ ਰੰਗ, ਨੱਕ ਦੀ ਤਿੱਖੀ ਕਰੂੰਬਲ਼ ਤੇ ਡਲ੍ਹਕਾਂ ਮਾਰਦੇ ਰੁਖ਼ਸਾਰ ਮਨ ਨੂੰ ਮੋਂਹਦੇ ਹਨ ਅਤੇ ਚਿਹਰੇ ਦੀ ਸਦਾ ਸੱਜਰੀ ਮੁਸਕ੍ਰਾਹਟ ਹੁਸੀਨ ਹਿਰਦੇ ਦੇ ਦੀਦਾਰ ਕਰਾਉਂਦੀ ਹੈ।
ਸਵੈ-ਜੀਵਨੀ ਲਿਖਣਾ ਬਹੁਤ ਔਖਾ ਕਾਰਜ ਨਹੀਂ ਜੇ ਉਸ ਵਿਚ ਸੱਚ, ਸੁਹਜ ਤੇ ਯਥਾਰਥੀ ਸੁਰਾਂ ਦਾ ਸੰਗੀਤ ਹੈ ਤੇ ਬਿਆਨ ਵਿਚ ਜ਼ਮੀਨੀ ਹਕੀਕਤਾਂ ਦੀਆਂ ਧੁਨਾਂ ਹਨ। ਜੇਕਰ ਦੇਖਿਆ ਜਾਏ ਤਾਂ ਜੀਵਨ ਨਿਰਾ ਅਰਸ਼ੀ ਪੀਂਘ ਦਾ ਹੁਲਾਰਾ ਜਾਂ ਨਿਰੀ ਫੁੱਲਾਂ ਦੀ ਸੇਜ ਨਹੀਂ, ਕਿਤੇ ਇਹ ਕੰਡਿਆਂ ਦੀ ਸੇਜ, ਪੀੜਾਂ ਦਾ ਪਰਾਗਾ ਤੇ ਯਾਰੜੇ ਦਾ ਸੱਥਰ ਵੀ ਹੈ। ਜ਼ਿੰਦਗੀ ਵਿਚ ਅਸੀਂ ਕਈ ਵਾਰ ਅੱਥਰੂ ਭਿੱਜੀਆਂ ਨਿੱਕੀਆਂ ਨਿੱਕੀਆਂ ਹਕੀਕਤਾਂ ਨਾਲ਼ ਖਹਿ ਕੇ ਲੰਘਦੇ ਹਾਂ। ਕਦੇ ਅਜਿਹੇ ਹਾਲਾਤ ਵੀ ਵਾਪਰ ਜਾਂਦੇ ਹਨ ਜੋ ਸੋਚੇ ਸਮਝੇ ਨਹੀਂ ਹੁੰਦੇ, ਅਕਾਰਣ ਵਾਪਰ ਜਾਂਦੇ ਹਨ, ਜਿਨ੍ਹਾਂ ਦੀ ਯਾਦ ਕੰਡਿਆਂ ਵਾਂਗ ਚੁੱਭਦੀ, ਬੇਚੈਨ ਕਰਦੀ ਤੇ ਕਈ ਵਾਰ ਮਨੁੱਖ ਨੂੰ ਖੁਦਕੁਸ਼ੀ ਦੇ ਰਾਹ ਵੀ ਤੋਰ ਦਿੰਦੀ ਹੈ। ਪਰ ਅਜਿਹੀਆਂ ਔਕੜਾਂ ਤੇ ਸਦਮਿਆਂ ਵਿਚ ਵੀ ਦ੍ਰਿੜ੍ਹ ਲਗਨ ਤੇ ਸਵੈ-ਵਿਸ਼ਵਾਸ ਨਾਲ਼ ਜ਼ਿੰਦਗੀ ਜੀਵੀ ਤੇ ਮਾਣੀ ਹੋਵੇ ਤੇ ਉਸੇ ਦਲੇਰੀ ਤੇ ਦ੍ਰਿੜ੍ਹਤਾ ਨਾਲ਼ ਬਿਆਨ ਕਰਨ ਦਾ ਜੇਰਾ ਵੀ ਹੋਵੇ। ਸੱਚਾਈ ਇਹ ਹੈ ਕਿ ਆਤਮ ਵਿਸ਼ਵਾਸ, ਆਤਮ ਗਿਆਨ ਤੇ ਆਤਮ ਸੰਜਮ ਜੀਵਨ ਨੂੰ ਸ਼ਕਤੀਵਾਨ, ਬਲਵਾਨ ਤੇ ਮਹਾਨ ਬਣਾਉਂਦੇ ਹਨ।
ਡਾ. ਸੁਖਦੇਵ ਸਿੰਘ ਝੰਡ ਆਪਣੀ ਸਵੈ-ਜੀਵਨੀ ‘ਪੱਤੇ ਤੇ ਪਰਛਾਵੇਂ’ ਦੀਆਂ ਜੜ੍ਹਾਂ ਵੀਹਵੀਂ ਸਦੀ ਦੇ ਮੁੱਢ ਨਾਲ਼ ਜੋੜਦਾ ਹੈ। ਵੀਹਵੀਂ ਸਦੀ ਦੇ ਅਰੰਭ ਵਿਚ ਉਸ ਦੇ ਪੁਰਖ਼ਿਆਂ ਦੁਆਰਾ ਪੱਛਮੀ ਪੰਜਾਬ ਦੀ ਬੇ-ਆਬਾਦ ਧਰਤੀ ਦੇ ਭਿਆਨਕ ਜੰਗਲ ਸਾਫ਼ ਕਰਨ, ਸਖ਼ਤ ਮਿਹਨਤ ਦੁਆਰਾ ‘ਬਾਰਾਂ’ ਆਬਾਦ ਕਰਨ, ਸਦੀਆਂ ਤੋਂ ਨਿੱਸਲ਼ ਤੇ ਸੁੱਤੀ ਪਈ ਧਰਤੀ ਤੋਂ ਰਿਜ਼ਕ ਪੈਦਾ ਕਰਨ, ਮੁਰੱਬਿਆਂ ਦੇ ਮਾਲਕ ਬਣਨ ਦੇ ਨਾਲ਼ ਨਾਲ਼ ਆਪਣੇ ਪਰਿਵਾਰ ਦੇ ਰਿਜ਼ਕ ਤੇ ਰੱਜ ਦੀਆਂ, ਅਮੀਰੀ ਠਾਠ ਤੇ ਸਰਦਾਰੀ ਜੀਵਨ ਦੀਆਂ ਬੇਅੰਤ ਸੱਖ ਸਹੂਲਤਾਂ ਦਾ ਜ਼ਿਕਰ ਕਰਦਾ ਹੈ। ਪਰ ਸੰਨ 1947 ਦੀ ‘ਭਿਆਨਕ ਵੰਡ’ ਨਾਲ ਰਾਜ ਭੋਗਦੀ ਜ਼ਿੰਦਗੀ ਦਾ ਸਾਰਾ ਢਾਂਚਾ ਤਹਿਸ ਨਹਿਸ ਹੋ ਜਾਂਦਾ ਹੈ। ਦੋ-ਤਿੰਨ ਪੀੜ੍ਹੀਆਂ ਦਾ ਸਿਰਜਿਆ ਰਾਜ-ਮਹਿਲ ਇਕ ਭਿਆਨਕ ਰਾਜ-ਕੰਬਣੀ ਨਾਲ਼ ਅਰਸ਼ ਤੋਂ ਫਰਸ਼ ’ਤੇ ਡਿੱਗਣ ਅਤੇ ਮਖ਼ਮਲੀ ਮਹਿਲਾਂ ਤੋਂ ਕੱਖਾਂ ਦੀਆਂ ਕੁੱਲੀਆਂ ਤੱਕ ਦਾ ਬਿਰਤਾਂਤ ਬਣ ਜਾਂਦਾ ਹੈ। ਵਖ਼ਤਾਂ ਮਾਰੀ ਜ਼ਿੰਦਗੀ ਪੂਰਬੀ ਪੰਜਾਬ ਵਿਚ ਜੀਵਨ ਦੀ ਮੁੜ ਉਸਾਰੀ ਕਰਦੀ, ਕਿਵੇਂ ਨਾ ਕਿਵੇਂ ਪੈਰਾਂ ਸਿਰ ਖੜ੍ਹੇ ਹੋਣ ਤੇ ਜਿਉਣ ਦਾ ਓੜ੍ਹ-ਪੋੜ੍ਹ ਕਰਦੀ ਹੈ। ਪਰ ਫਿਰ ਇਕੱਠਾ ਕੀਤਾ ਸੁਪਨਿਆਂ ਦਾ ਸੰਸਾਰ ਵੀ ਸੰਨ 1955 ਦੇ ਭਿਆਨਕ ਹੜ੍ਹਾਂ ਦੀ ਮਾਰ ਨਾਲ ਤੀਲਾ-ਤੀਲਾ ਹੋ ਜਾਂਦਾ ਹੈ। ਇਸ ਤਰ੍ਹਾਂ ਇਸ ਪਰਿਵਾਰ ਦੇ ਜਨ ਧਨ ਦੀ ਦੂਜੀ ਵਾਰ ਤਬਾਹੀ ਹੁੰਦੀ ਹੈ। ਪਰ ਫਿਰ ਵੀ ਇਸ ਬਹਾਦਰ ਤੇ ਸਿਰੜੀ ਪਰਿਵਾਰ ਨੇ ਇਨ੍ਹਾਂ ਮਾੜੇ ਹਾਲਾਤਾਂ ਵਿਚ ਵੀ ਬੁਲੰਦ ਹੌਸਲੇ, ਦ੍ਰਿੜ੍ਹ ਇਰਾਦੇ ਤੇ ਸਖ਼ਤ ਮਿਹਨਤ ਦੁਆਰਾ ਅੱਕਾਂ ਵਿਚੋਂ ਗੁਲਾਬ ਤੇ ਕੱਲਰਾਂ ਵਿਚੋਂ ਕੰਵਲ ਪੈਦਾ ਕਰਨ ਦਾ ਇਤਿਹਾਸ ਸਿਰਜਿਆ ਹੈ।
ਸੁਖਦੇਵ ਸਿੰਘ ਦੀ ਜੀਵਨ ਕਹਾਣੀ ਉਦੋਂ ਅਰੰਭ ਹੁੰਦੀ ਹੈ, ਜਦੋਂ ਦਾਦੀ ਮਾਂ ਉਸ ਨੂੰ ਆਪਣੀ ਉਂਗਲ ਲਾ ਕੇ ਮਾਸਟਰ ਬਿਸ਼ਨ ਸਿੰਘ ਕੋਲ ਪਿੰਡ ਦੇ ਮਦਰੱਸੇ ਦਾਖ਼ਲ ਕਰਾਉਂਦੀ ਉਸ ਦਾ ਜਨਮ ਅੰਦਾਜ਼ੇ ਨਾਲ ‘ਅੱਸੂ-ਕੱਤੇ’ ਦਾ ਕੋਈ ਦਿਨ ਦੱਸਦੀ ਹੈ (ਜਿਸ ਨੂੰ ਅਗਲੇ ਦਿਨ ਉਸ ਦਾ ਬਾਪ ਸਕੂਲ ਜਾ ਕੇ 18 ਸਤੰਬਰ 1950 ਸਹੀ ਕਰਵਾਉਂਦਾ ਹੈ) ਅਤੇ ਦਾਦੀ ਮਾਂ ਦਾ ਲਾਡਲਾ ‘ਸੱਖਾ’ ਸਕੂਲ ਦੀ ਪਹਿਲੀ ਜਮਾਤ ਵਿਚ ਪ੍ਰਵੇਸ਼ ਕਰਦਾ ਸੁਖਦੇਵ ਸਿੰਘ ਬਣਦਾ ਹੈ। ਪੜ੍ਹਾਈ ਦੀਆਂ ਪੌੜੀਆਂ ਚੜ੍ਹਦਾ ਸਰਕਾਰੀ ਹਾਈ ਸਕੂਲ ਛੱਜਲਵੱਡੀ ਤੋਂ ਦਸਵੀਂ ਪਾਸ ਕਰਦਾ ਹੈ। ਵਿਚ-ਵਿਚਾਲ਼ੇ ਆਪਣੇ ਉਹ ਆਪਣੇ ਨਗਰ ਦੇ ਆਗੂਆਂ ਦੀ ਗੱਲ ਕਰਦਾ ਹੈ, ਜੋ ਹਨ ਤਾਂ ਭਾਵੇਂ ਕੋਰੇ ਅਨਪੜ੍ਹ ਪਰ ਅੰਦਰੋਂ ਬਾਹਰੋਂ ਨਿਰਛਲ, ਇਮਾਨਦਾਰ ਤੇ ਸੇਵਾ ਭਾਵਨਾ ਦੇ ਭਰੇ ਹੋਏ। ਇੱਥੇ ਹੀ ਨੌਜਵਾਨ ਸੁਖਦੇਵ ਸਿੰਘ ਦੀ ਲਿਆਕਤ, ਲਗਨ ਤੇ ਪ੍ਰਤਿਭਾ ਉਜਾਗਰ ਹੁੰਦੀ ਹੈ ਅਤੇ ਉਹ ਲੋਕਾਂ ਨੂੰ ਅਗਾਂਹ-ਵਧੂ ਤੇ ਹੁਨਰਮੰਦ ਸਕੀਮਾਂ ਨਾਲ਼ ਜੋੜਦਾ, ਪਿੰਡ ਦੀ ਨੌਜਵਾਨ ਸਭਾ ਦਾ ਗਠਨ ਕਰਦਾ, ਖੇਡਾਂ ਤੇ ਡਰਾਮੇ ਕਰਾਉਂਦਾ ਤੇ ਹੋਰ ਗਤੀ-ਵਿਧੀਆਂ ਦੁਆਰਾ ਲੋਕ-ਨਾਇਕ ਬਣ ਕੇ ਉੱਭਰਦਾ ਹੈ।
ਉਚੇਰੀ ਪੜ੍ਹਾਈ ਲਈ ਸੁਖਦੇਵ ਸਿੰਘ ਡੀ.ਏ.ਵੀ ਕਾਲਜ ਅੰਮ੍ਰਿਤਸਰ ਦਾਖ਼ਲ ਹੁੰਦਾ ਹੈ। ਨਵਾਂ ਮਾਹੌਲ, ਨਵੀਂ ਦੁਨੀਆਂ, ਅਰਸ਼ੀਂ ਉਡਾਰੀ। ਪਰ ਇੱਥੇ ਦਿਲ ਨਾ ਲੱਗਣ ਕਾਰਨ ਦੋ ਸਾਲ ਪਿੱਛੋਂ ਹੀ ਇਸ ਤੋਂ ਅਗਲੇ ਆਸਮਾਨ ਦੀ ਉਡਾਰੀ। ਖ਼ਾਲਸਾ ਕਾਲਜ ਅੰਮ੍ਰਿਤਸਰ ਜਾ ਦਾਖ਼ਲਾ ਲਿਆ। ਉਦੋਂ ਖਾਲਸਾ ਕਾਲਜ ਨੂੰ ਗੁਰੂ ਨਾਨਕ ਯੂਨੀਵਰਸਿਟੀ ਬਣਾਉਣ ਦੀਆਂ ਸਰਗਰਮੀਆਂ ਚੱਲ ਰਹੀਆਂ ਸਨ। ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਬੀ. ਐੱਸ. ਸੀ. ਕਰਨ ਪਿੱਛੋਂ ਐੱਮ. ਐੱਸ. ਸੀ. ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਦਾਖ਼ਲਾ ਲੈਂਦਾ ਹੈ, ਪੜ੍ਹਦਾ ਹੈ ਅਤੇ ਕਠੋਰ ਮਿਹਨਤ ਦੁਆਰਾ ਐੱਮ. ਐੱਸ. ਸੀ. ਮੁਕੰਮਲ ਕਰਦਾ ਹੈ।
ਫਿਰ ਸਰਕਾਰੀ ਸਰਵਿਸ ਲਈ ਚਾਰਾਜੋਈ, ਇੰਟਰਵਿਊਆਂ ਦਾ ਦੌਰ, ਕਦੇ ਕਿਸੇ ਦਫਤਰ ਕਦੇ ਕਿਸੇ ਦਫਤਰ। ਕਲਰਕਾਂ ਦੀਆਂ ਢੁੱਚਰਾਂ ਤੇ ਬੇਈਮਾਨੀਆਂ, ਅਫ਼ਸਰਾਂ ਦਾ ਅੱਖੜ ਤੇ ਅਪਮਾਨ-ਜਨਕ ਵਤੀਰਾ, ਫੇਲ ਕਰਨ ਤੇ ਖ਼ੁਆਰ ਕਰਨ ਦੀ ਮਨਸ਼ਾ ਨਾਲ਼ ਸੁਆਲ ਪੁੱਛੇ ਜਾਂਦੇ। ਨੌਕਰੀ ਲਈ ਰਿਸ਼ਵਤ ਤੇ ਸਿਫਾਰਸ਼ ਪ੍ਰਧਾਨ। ਡਿਗਰੀਆਂ ਤੇ ਲਿਆਕਤਾਂ ਰੁਲ਼ਦੀਆਂ ਦੇਖੀਆਂ। ਸਿਰੇ ਦੀ ਖੱਜਲ ਖੁਆਰੀ ਹੁੰਦੀ ਦੇਖੀ। ਜਵਾਨੀ ਦੇ ਚਰਾਗ਼ ਬੁਝਦੇ ਦੇਖੇ। ਫਿਰ ਵੀ ਇਹ ਦਰਵੇਸ਼ ਆਪਣੇ ਜੀਵਨ ਸੰਗਰਾਮ ਵਿਚ ਅਡਿੱਗ ਤੇ ਅਡੋਲ ਰਿਹਾ। ਸੰਕਟ ਦੀ ਹਰ ਘੜੀ ਵਿਚ ਵਿਕਾਸ ਦੀਆਂ ਕਰੂੰਬਲ਼ਾਂ ਪੁੰਗਰਦੀਆਂ ਤੇ ਮੌਲਦੀਆਂ ਰਹੀਆਂ। ਕਿਵੇਂ ਨਾ ਕਿਵੇਂ ਪਹਿਲਾਂ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਅਤੇ ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ‘ਭਾਈ ਗੁਰਦਾਸ ਲਾਇਬ੍ਰੇਰੀ’ ਵਿਚ ਨੌਕਰੀ ਮਿਲਦੀ ਹੈ। ਥੱਕੀ ਤੇ ਹਾਰੀ-ਹੰਭੀ ਜ਼ਿੰਦਗੀ ਨੂੰ ਆਤਮ ਸਨਮਾਨ ਤੇ ਸਚਾਈ ਦਾ ਮਾਰਗ ਮਿਲਦਾ ਹੈ।
ਭਾਵੇਂ ਵਾਈਸ-ਚਾਂਸਲਰ ਡਾ. ਮਹਿੰਦਰ ਸਿੰਘ ਰੰਧਾਵਾ ਵਰਗੇ ਫਰਿਸ਼ਤਾ ਅਫ਼ਸਰਾਂ ਦੇ ਪਿਆਰ ਦਾ ਨਿੱਘ ਅਤੇ ਸੁਹਿਰਦ ਅਗਵਾਈ ਮਿਲਦੀ ਰਹੀ ਅਤੇ ਕੁਝ ਸਾਥੀਆਂ ਦਾ ਮਿਲਾਪੜਾ ਸਾਥ ਤੇ ਸਹਿਯੋਗ ਵੀ ਮਿਲਦਾ ਰਿਹਾ ਪਰ ਬਹੁਤੇ ਅਫ਼ਸਰਾਂ ਦੀ ਹਉਮੈ, ਹੰਕਾਰ ਤੇ ਅੱਖੜ ਵਤੀਰਾ ਦੇਖਿਆ। ਕਲਰਕਾਂ ਦੀ ਬਾਦਸ਼ਾਹੀ, ਹੜਤਾਲਾਂ ਦਾ ਦੌਰ, ਤਪਦੀ ਦੁਨੀਆਂ।
ਪਰ ਸੁਖਦੇਵ ਸਿੰਘ ਦੇ ਅੰਦਰ ਉਚੇਰੇ ਦਿਸ-ਹੱਦੇ ਸਮਾਏ ਹੋਏ ਸਨ। ਇਹ ਸਰਵਿਸ ਦੇ ਇੱਕੋ ਕਿੱਲੇ ਨਾਲ਼ ਬੱਝੇ ਰਹਿਣ ਵਾਲ਼ਾ ਨਹੀਂ ਸੀ। ਸਰਵਿਸ ਦੌਰਾਨ ਇਸ ਨੇ ਪੀ.ਐੱਚ.ਡੀ. ਕਰਨ ਫ਼ੈਸਲਾ ਕਰ ਲਿਆ। ਪੀ.ਐੱਚ.ਡੀ. ਵਿਦਵਤਾ ਦੀ ਸਭ ਤੋਂ ਉੱਚੀ ਡਿਗਰੀ ਹੈ। ਇਹ ਡਿਗਰੀ ਹਾਸਲ ਕਰਨੀ ਬਹੁਤ ਮਾਣ ਤੇ ਸਨਮਾਨ ਕਰਨ ਵਾਲੀ ਗੱਲ ਹੈ।
ਪਹਿਲਾਂ ਇਸ ਨੇ “ਬਿਰਛ ਵਿਗਿਆਨ ਤੇ ਲੋਕ-ਚਕਿਤਸਾ” ਵਿਸ਼ੇ ’ਤੇ ਪੀ. ਚ. ਡੀ. ਕਰਨ ਦਾ ਮਨ ਬਣਾਇਆ। ‘ਲੋਕ-ਚਕਿਤਸਾ’ ਵਿਚ ਕੰਮ ਆਉਣ ਵਾਲ਼ੇ ਪੰਜਾਬ ਦੇ ਅਣਗੌਲ਼ੇ ਬਿਰਛ ਹਨ: ਨਿੰਮ, ਅੱਕ, ਕਿੱਕਰ, ਬੇਰੀ, ਟਾਹਲੀ, ਤੂਤ, ਜੰਡ, ਕਰੀਰ, ਅੰਬ, ਜਾਮਣ ਆਦਿ। ਇਨ੍ਹਾਂ ਰੁੱਖਾਂ ਤੇ ਪੌਦਿਆਂ ਦੀਆਂ ਜੜ੍ਹਾਂ, ਤਣੇ, ਪੱਤੇ, ਛਿੱਲਾਂ, ਫੁੱਲਾਂ ਤੇ ਬੀਜਾਂ ਤੋਂ ਬਹੁਤ ਕੀਮਤੀ ਦੁਆਈਆਂ ਬਣਦੀਆਂ ਹਨ, ਜੋ ਮਨੁੱਖੀ ਸਿਹਤ ਲਈ ਅਕਸੀਰ ਮੰਨੀਆਂ ਜਾਂਦੀਆਂ ਹਨ। ਸੁਖਦੇਵ ਸਿੰਘ ਝੰਡ ਨੂੰ ਇਨ੍ਹਾਂ ਦੀ ਭਰਪੂਰ ਜਾਣਕਾਰੀ ਸੀ। ਇਨ੍ਹਾਂ ਬਾਰੇ ਉਸ ਦੇ ‘ਸਚਿੱਤਰ ਕੌਮੀ ਏਕਤਾ’, ‘ਅਜੀਤ’ ਅਤੇ ‘ਪੰਜਾਬੀ ਟ੍ਰਿਬਿਊਨ’ ਵਿਚ ਲੇਖ ਛਪਦੇ ਰਹੇ ਤੇ ਪਾਠਕਾਂ ਵੱਲੋਂ ਸਲਾਹੇ ਜਾਂਦੇ ਰਹੇ। ਪਰ ਫਿਰ ਲੋੜੀਂਦਾ ‘ਕੋ-ਗਾਈਡ’ ਨਾ ਮਿਲਣ ਕਾਰਨ ਉਸ ਨੂੰ ਇਸ ਵਿਸ਼ੇ ਉੱਤੇ ਪੀ.ਐੱਚ.ਡੀ. ਕਰਨ ਦਾ ਵਿਚਾਰ ਛੱਡਣਾ ਪਿਆ ਅਤੇ ਨਵੇਂ ਵਿਸ਼ੇ ਦੀ ਚੋਣ ਕਰਨੀ ਪਈ। ਅੰਤ, ਲਾਇਬ੍ਰੇਰੀ ਐਂਡ ਇਨਫ਼ਰਮੇਸ਼ਨ ਸਾਇੰਸ ਵਿਸ਼ੇ ਨਾਲ ਸਬੰਧਿਤ ‘ਕੋਲਨ ਕਲਾਸੀਫਿਕੇਸ਼ਨ’ ਨਾਲ ਜੁੜੇ ਇਕ ਵਿਸ਼ੇਸ਼ ਟਾਪਿਕ ’ਤੇ ਪੀ.ਐੱਚ.ਡੀ. ਕਰਨ ਲਈ ਕਮਰਕੱਸਾ ਕਰਨਾ ਪਿਆ।
ਪਰ ਇਸ ਨਵੇਂ ਤੇ ਔਖੇ ਵਿਸ਼ੇ ਨੂੰ ਸਿਰੇ ਲਾਉਣ ਤੇ ਪੀ.ਐੱਚ.ਡੀ. ਨੂੰ ਮੁਕੰਮਲ ਕਰਨ ਲਈ ਲੇਖਕ ਨੂੰ ਜੋ ਜੋ ਜਫ਼ਰ ਜਾਲਣੇ ਪਏ, ਔਕੜਾਂ ਦੇ ਭਵ-ਸਾਗਰ ਤਰਨੇ ਪਏ, ਜਿਨ੍ਹਾਂ ਯੂਨੀਵਰਸਿਟੀਆਂ ਦੀਆਂ ਲਾਇਬ੍ਰੇਰੀਆਂ ਦੀ ਛਾਣਬੀਣ ਕਰਨੀ ਪਈ, ਜਿਨ੍ਹਾਂ ਮਹਾਨ ਹਸਤੀਆਂ ਦੇ ਵਿਚਾਰ ਲੈਣ ਤੇ ਸਹਿਯੋਗ ਲੈਣ ਲਈ ਤਰੱਦਦ ਕਰਨਾ ਪਿਆ ਅਤੇ ਸਾਲਾਂ ਦੇ ਸਾਲ ਖਰਚਣੇ ਪਏ, ਇਹ ਸਾਰਾ ਵਿਸਥਾਰ ਪੜ੍ਹ-ਸੁਣ ਲੇਖਕ ਦੀ ਕਠੋਰ ਤਪੱਸਿਆ, ਦ੍ਰਿੜ੍ਹ ਲਗਨ ਤੇ ਸਖ਼ਤ ਮਿਹਨਤ ਨੂੰ ਸਿਜਦਾ ਤੇ ਸਲਾਮ ਕਰਨੀ ਬਣਦੀ ਹੈ।
ਉੱਧਰ ਜੁਆਨੀ ਦੇ ਆਪ-ਮੁਹਾਰੇ ਵੇਗ, ਅੱਥਰੇ ਜਜ਼ਬੇ, ਜੀਵਨ-ਸਾਥੀ ਦੀ ਲੋੜ। ਇੱਜ਼ਤਦਾਰ ਘਰਾਣੇ ਦੀ ਸੁਹਣੀ ਸੁਨੱਖੀ ਤੇ ਪੜ੍ਹੀ-ਲਿਖੀ ਲੜਕੀ ਮਾਪਿਆਂ ਦੇ ਧਿਆਨ ਵਿਚ ਸੀ। ਉਦੋਂ ਤੱਕ ਕੁੜੀ ਨੂੰ ਵੇਖਣ ਤੇ ਪਸੰਦ ਕਰਨ ਦਾ ਰਿਵਾਜ ਚੱਲ ਪਿਆ ਸੀ। ਆਪਣੀ ਛੋਟੀ ਭੈਣ ਦੇ ਸਾਥ ਵਿਚ ਮੁਟਿਆਰ ਜਗਦੀਸ਼ ਕੌਰ ਨੂੰ ਸੰਗ-ਸੰਗਾਅ ਵਿਚ ‘ਝਾਤੀ’ ਮਾਰੀ। ਝਾਤੀ ਕੀ ਮਾਰੀ, ਹੁਸਨ ਦੀ ਰਾਣੀ ਮਨ ਦਾ ਚੈਨ ਖੋਹ ਕੇ ਲੈ ਗਈ। ਖ਼ੈਰ ‘ਹੋ ਗਏ ਮਨੋਰਥ ਪੂਰੇ, ਭਾਗਾਂ ਵਾਲਿਆਂ ਦੇ’। ਸ਼ਾਦੀ ਹੋ ਗਈ ਅਤੇ ਸਮੇ ਨਾਲ਼ ਬੱਚੇ ਪੈਦਾ ਹੋਏ, ਬੇਟੀ ਗਗਨਦੀਪ ਤੇ ਬੇਟਾ ਹਰਮਨਜੀਤ।
ਡਾ. ਝੰਡ ਆਪਣੀ ਸਾਥਣ ਸਰਦਾਰਨੀ ਜਗਦੀਸ਼ ਕੌਰ ਨਾਲ਼ ਕੈਨੇਡਾ ਪਹੁੰਚਣ ਦਾ ਜ਼ਿਕਰ ਕਰਦਾ ਹੈ। ਪਹਿਲੀ ਵਾਰ ਹਵਾਈ ਜਹਾਜ਼ ਦੇ ਸਫ਼ਰ ਦਾ ਅਦਭੁਤ ਨਜ਼ਾਰਾ, ਕੈਨੇਡਾ ਦੀਆਂ ਪ੍ਰਸਿੱਧ ਇਤਿਹਾਸਕ ਥਾਵਾਂ ਦੇ ਦਰਸ਼ਨ: ਕੁਦਰਤ ਦਾ ਮਹਾਨ ਅਜੂਬਾ ‘ਨਿਆਗਰਾ ਫਾਲਜ਼’, ਸੰਸਾਰ ਦਾ ਅਜੂਬਾ ‘ਸੀ. ਐਨ. ਟਾਵਰ’, ਪੁੰਗਰਦੀ ਪ੍ਰਤਿਭਾ ਦੇ ਕੇਂਦਰ ਲਾਇਬ੍ਰੇਰੀਆਂ, ਰੰਗ-ਬਿਰੰਗੇ ਸਭਿਆਚਾਰਾਂ ਦੀ ਜੀਵਨ-ਸ਼ੈਲੀ ਦੇ ਨਜ਼ਾਰੇ ਮਾਣਦਾ, ਆਪਣੀ ਕਮਾਈ ਦਾ ਜੁਗਾੜ ਵੀ ਕਰਦਾ ਹੈ। ਕੈਨੇਡਾ ਦਾ ਸਰਕਾਰੀ-ਤੰਤਰ, ਜਨ-ਜੀਵਨ ਨੂੰ ਪ੍ਰਾਪਤ ਸੁਖ-ਸਹੂਲਤਾਂ, ਦਫ਼ਤਰਾਂ ਵਿਚ ਤਸੱਲੀ ਤੇ ਸਲੀਕੇ ਭਰਿਆ ਵਿਓਹਾਰ, ਆਵਾਜਾਈ ਦੇ ਠੋਸ ਤੇ ਵਿਆਪਕ ਨਿਯਮ, ਹਰਿਆਈ ਤੇ ਫੁੱਲਾਂ ਦੀ ਭਰਮਾਰ, ਮਨ ਨੂੰ ਮੋਹ ਲੈਣ ਵਾਲੇ ਸਾਰੇ ਸਿਸਟਮ ਦਾ ਲੇਖਕ ਬਹੁਤ ਸੁਆਦ ਨਾਲ਼ ਵਿਸ਼ਲੇਸ਼ਣ ਤੇ ਵਰਣਨ ਕਰਦਾ ਹੈ।
ਲੇਖਕ ਦੀ ਫੇਰੀ ਦਾ ਅਗਲਾ ਦੇਸ਼ ਹੈ, ਅਮਰੀਕਾ। ਅਮਰੀਕਾ ਦੀਆਂ 52 ਸਟੇਟਾਂ ਹਨ। ਉੱਨ੍ਹਾਂ ਵਿਚੋਂ ਟੈੱਕਸਾਸ ਸਟੇਟ ਦੇ ਸ਼ਹਿਰ ਬੋਮੌਂਟ ਵਿਚ ਡਾਕਟਰ ਸਾਹਿਬ ਦੀ ਬੇਟੀ ਗਗਨਦੀਪ ਤੇ ਦਾਮਾਦ ਹਰਮਨ ਦਾ ਪਰਿਵਾਰ ਰਹਿੰਦਾ ਹੈ। ਇੱਥੇ ਡਾ. ਝੰਡ ਤੇ ਸਰਦਾਰਨੀ ਜਗਦੀਸ਼ ਕੌਰ ਆਪਣੀ ਬੇਟੀ ਕੋਲ ਪਹੁੰਚਦੇ ਹਨ। ‘ਜੂਏ ਦੇ ਸ਼ਹਿਰਾਂ’ ਲੇਕ ਚਾਰਲਸ ਤੇ ਲਾਸ ਵੇਗਾਸ, ਸਮੁੰਦਰ ਦੇ ਕਿਨਾਰੇ ਵਸੇ ਸ਼ਹਿਰਾਂ ਹੂਸਟਨ ਤੇ ਗੈਲਵੈੱਸਟਨ, ਸੈਲਾਨੀਆਂ ਦੇ ਸ਼ਹਿਰ ਸੈਨ ਐਨਟੋਨੀਓ ਅਤੇ ਕੈਲੀਫ਼ੋਰਨੀਆ ਸਟੇਟ ਦੇ ਕਈ ਸ਼ਹਿਰਾਂ ਰੈੱਡਵੁੱਡ ਸਿਟੀ, ਸੈਨਹੌਜ਼ੇ, ਫ਼ਰੀਮੌਂਟ ਆਦਿ ਦੀ ਯਾਤਰਾ ਕਰਦੇ ਹਨ ਅਤੇ ਸਪੇਸ ਸੈਂਟਰ ‘ਨਾਸਾ’ ਤੇ ‘ਗੋਲਡਨ ਬਰਿੱਜ’ ਦੇ ਦਰਸ਼ਨ ਕਰਦੇ ਹਨ। ਹੈਰਾਨ ਕਰਦੀ ਵਿਗਿਆਨਕ ਤਰੱਕੀ ਤੇ ਵਿਕਾਸ ਦੇ ਨਾਲ਼ ਨਾਲ਼ ਇੱਥੋਂ ਦੇ ਭਿੰਨ-ਭਿੰਨ ਸਭਿਆਚਾਰਾਂ ਦੀ ਜੀਵਨ-ਸ਼ੈਲੀ, ਅੱਯਾਸੀ, ਵਿਲਾਸੀ ਤੇ ਰੰਗ-ਰੰਗੀਲੀ ਦੁਨੀਆਂ ਬਾਰੇ ਲੇਖਕ ਆਪਣੇ ਵਿਸ਼ਲੇਸ਼ਨੀ ਤੇ ਤੁਲਨਾਤਮਿਕ ਦ੍ਰਿਸ਼ਟੀਕੋਣ ਅਨੁਸਾਰ ਬਹੁਤ ਰੀਝ, ਨੀਝ, ਬਰੀਕੀ ਤੇ ਵਿਸਥਾਰ ਨਾਲ਼ ਵਰਣਨ ਕਰਦਾ ਹੈ। ਦੂਜੇ ਪਾਸੇ ਪਹਿਲਾਂ ਚਿਰੀਂ-ਵਿਛੁੰਨੇ ਦੋ ਪਾਕਿਸਤਾਨੀ ਮਿੱਤਰਾਂ ਦੇ ਮੇਲ-ਮਿਲਾਪ ਦਾ, ਡੂੰਘੇ ਮੋਹ ਤੇ ਪਿਆਰ ਭਰੀਆਂ ਖੁਸ਼ੀਆਂ ਤੇ ਵੈਰਾਗ ਦਾ ਅਤੇ ਫਿਰ ਅਚਾਨਕ ਉਨ੍ਹਾਂ ਵਿੱਚੋਂ ਇਕ ਦੇ ਸਦੀਵੀ-ਵਿਛੋੜੇ ਦਾ ਬਿਰਤਾਂਤ ਪਾਠਕ ਨੂੰ ਧੁਰ ਅੰਦਰ ਤੱਕ ਝੰਜੋੜ ਦਿੰਦਾ ਹੈ।
ਡਾ. ਸੁਖਦੇਵ ਸਿੰਘ ਝੰਡ ਬਹੁਤ ਸੰਵੇਦਨਸ਼ੀਲ, ਸੰਕੋਚੀ ਤੇ ਮਰਿਯਾਦਾ-ਪਰਸ਼ੋਤਮ ਬਿਰਤੀ ਦਾ ਮਾਲਕ ਹੈ। ਇਹੋ ਕਾਰਣ ਹੈ ਕਿ ਖੱਲ੍ਹ-ਡੁੱਲ੍ਹ ਵਾਲੇ ਭੜਕੀਲੇ ਕਾਲਜੀ ਮਾਹੌਲ ਵਿਚ ਵੀ ਅਤੇ ਆਪਣੀ ਛੂਕਦੀ ਜੁਆਨੀ ਅਤੇ ਲਟ-ਲਟ ਜਗਦੀ ਹੁਸਨ ਦੀ ਸ਼ਮ੍ਹਾ ਦੇ ਦਿਨਾਂ ਵਿਚ ਵੀ ਕਿਸੇ ਪਰਵਾਨੇ ਦੇ ਮੰਡਲਾਉਣ ਜਾਂ ਕਿਸੇ ਭੌਰੇ ਦੇ ਝੁਰਮਟ ਪਾਉਣ ਦੀ ਡਾ. ਝੰਡ ਨੇ ਜ਼ਰਾ ਜਿੰਨੀ ਵੀ ਭਿਣਕ ਨਹੀਂ ਪੈਣ ਦਿੱਤੀ। ਹੋਰ ਤਾਂ ਹੋਰ ਆਪਣੀ ਮੰਗੇਤਰ ਨੂੰ ‘ਦੇਖਣ ਤੇ ਪਸੰਦ ਕਰਨ’ ਦੇ ਪਲਾਂ ਨੂੰ ਵੀ ਉਹ ਇਸ ਢੰਗ ਨਾਲ਼ ਬਿਆਨ ਕਰਦਾ ਹੈ ਜਿਵੇਂ ਕੋਈ ਦੱਬੇ ਪੈਰੀਂ, ਚੋਰੀ-ਛਿਪੇ ਕਿਸੇ ਬਿਗਾਨੇ ਘਰ ਵੜ ਰਿਹਾ ਹੋਵੇ ਤੇ ਅੰਦਰੋਂ ਡਰ ਰਿਹਾ ਹੋਵੇ ਕਿ ‘ਕਿਤੇ ਕੋਈ ਦੇਖ ਨਾ ਲਵੇ!’
ਡਾ. ਝੰਡ ਦੀ ਸ਼ੈਲੀ ਤੇ ਸ਼ਬਦਾਵਲੀ ਦੀ ਸਰੋਦੀ ਲੈਅ ਤੇ ਵਿਸਮਾਦੀ ਰਿਦਮ ਪਾਠਕ ਨੂੰ ਆਪਣੇ ਨਾਲ਼ ਜੋੜਨ, ਤੋਰਨ ਤੇ ਕੀਲਣ ਦੀ ਸਮਰੱਥਾ ਰੱਖਦੀ ਹੈ। ਸਾਰੀ ਰਚਨਾ ਵਿਚ ਉਹ ਸਹਿਜ, ਸੰਤੋਖ ਤੇ ਸੰਜਮ ਦੀ ਤੋਰ ਤੁਰਦਾ ਦਿਖਾਈ ਦਿੰਦਾ ਹੈ। ਕਿਸੇ ਅਣਸੁਖਾਵੇਂ ਹਾਲਾਤ ਵਿਚ ਵੀ ਹੱਥਾਂ ਪੈਰਾਂ ਵਿਚ ਨਹੀਂ ਆਉਂਦਾ, ਬੇਚੈਨ ਨਹੀਂ ਹੁੰਦਾ, ਕੋਈ ਝਗੜਾ ਜਾਂ ਸ਼ਿਕਵਾ-ਸ਼ਿਕਾਇਤ ਨਹੀਂ ਕਰਦਾ। ਸਹਿਜ, ਸੰਤੋਖ ਤੇ ਧੀਰਜ ਉਸ ਦੇ ਗਹਿਣੇ ਹਨ। ਪਰ ਕਿਸੇ ਵੀ ਬੇ-ਅਸੂਲੇ ਅਤੇ ਗੈਰ-ਇਖਲਾਕੀ ਕੰਮਾਂ ਦੇ ਚਿੱਕੜ ਵਿਚ ਆਪਣੇ ਆਚਰਣ ਦੀ ਦੁੱਧ ਚਿੱਟੀ ਚਾਦਰ ਮੈਲ਼ੀ ਨਹੀਂ ਕਰਦਾ। ਆਪਣੇ ਨਿਸਚੇ, ਸਿਧਾਂਤ ਤੇ ਸੱਚਾਈ ਨਾਲ਼ ਪੂਰੀ ਦ੍ਰਿੜ੍ਹਤਾ ਤੇ ਦਲੇਰੀ ਨਾਲ਼ ਪਹਿਰਾ ਦਿੰਦਾ ਹੈ।
ਡਾ. ਸੁਖਦੇਵ ਸਿੰਘ ਝੰਡ ਆਪਣੀ ਸਵੈ-ਜੀਵਨੀ ‘ਪੱਤੇ ਤੇ ਪਰਛਾਵੇਂ’ ਵਿਚ ਵੀਹਵੀਂ ਸਦੀ ਦੇ ਅਰੰਭ ਤੋਂ ਵਰਤਮਾਨ ਤੱਕ, ਇਕ ਸਦੀ ਤੋਂ ਵਧੇਰੇ ਸਮੇ ਦੀ, ਵੱਖ-ਵੱਖ ਕੁਝ ਦੇਸ਼ਾਂ ਤੇ ਕੌਮਾਂ ਦੇ ਵੱਖ-ਵੱਖ ਸਭਿਆਚਾਰਾਂ ਦੀ ਮਾਰਮਿਕ ਤਸਵੀਰ ਪੇਸ਼ ਕਰਦਾ ਹੈ। ਲੋਕਾਂ ਦੇ ਰਹਿਣ ਸਹਿਣ, ਵਰਤਣ ਵਿਹਾਰ ਤੇ ਮੇਲ ਮਿਲਾਪ ਦੀਆਂ ਗੱਲਾਂ ਤੇ ਘਟਨਾਵਾਂ ਬਰੀਕੀ ਨਾਲ਼ ਫੜਦਾ ਤੇ ਬਿਆਨ ਕਰਦਾ ਹੈ। ਇਸ ਤਰ੍ਹਾਂ ਉਸ ਦੀ ਇਹ ਸਵੈ-ਜੀਵਨੀ “ਮੇਰਾ ਜੀਵਨ ਪੰਧ” ਚੰਗਿਆਈ ਬੁਰਿਆਈ, ਮਾਨ ਅਪਮਾਨ, ਜਿੱਤਾਂ ਹਾਰਾਂ ਤੇ ਦੁਖਾਂਤ ਸੁਖਾਂਤ ਦੀ ਯਥਾਰਥੀ ਕਹਾਣੀ ਹੈ। ਸਹਿਜ, ਸੰਤੋਖ ਤੇ ਧੀਰਜ ਦਾ ਹਕੀਕੀ ਦਰਪਣ ਹੈ। ਹੱਕ ਸੱਚ ਤੇ ਮਾਨ ਸਨਮਾਨ ਲਈ ਜੱਦੋਜਹਿਦ ਤੇ ਸੰਘਰਸ਼ਾਂ ਦਾ ਮਾਨ-ਚਿੱਤਰ, ਗਿਆਨ ਵਿਗਿਆਨ ਦਾ ਭੰਡਾਰ ਅਤੇ ਸੋਹਣੀ ਤੇ ਸਚਿਆਰੀ ਰੂਹ ਦਾ ਨਗ਼ਮਾ ਹੈ।
ਭਾਵੇਂ ‘ਪੱਤੇ ਤੇ ਪਰਛਾਵੇਂ’ ਦੇ ਬਿਰਤਾਂਤ ਵਿਚ ਕੁਝ ਘਟਨਾਵਾਂ ਦੇ ਵਿਸਥਾਰ ਤੋਂ ਬਚਿਆ ਜਾ ਸਕਦਾ ਸੀ ਪਰ ਫਿਰ ਵੀ ਇਹ ਇਕ ਅਨਮੋਲ ਰਚਨਾ ਹੈ ਅਤੇ ਇਹ ਕਿਸੇ ਵੱਡੇ ਤੇ ਮਿਆਰੀ ਕੋਰਸ ਦੇ ਸਿਲੇਬਸ ਦਾ ਹਿੱਸਾ ਬਣਨ ਦਾ ਦਰਜਾ ਰੱਖਦੀ ਹੈ। ਮੈਂ ਡਾ. ਸੁਖਦੇਵ ਸਿੰਘ ਝੰਡ ਦੇ ਇਸ ਉੱਦਮ ਦਾ ਹਾਰਦਿਕ ਸਨਮਾਨ ਤੇ ਸੁਆਗਤ ਕਰਦਾ, ਵਡਿਆਈ ਤੇ ਪਰਸ਼ੰਸਾ ਕਰਦਾ ਅਤੇ ਇਸ ਨੂੰ ਤੇ ਇਸ ਦੇ ਪਰਿਵਾਰ ਨੂੰ ਹਾਰਦਿਕ ਮੁਬਾਰਕਬਾਦ ਅਰਪਣ ਕਰਦਾ ਹਾਂ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1611)
(ਸਰੋਕਾਰ ਨਾਲ ਸੰਪਰਕ ਲਈ: