“ਅਸੀਂ ਆਪਣੀ ਦਿਮਾਗੀ ਸ਼ਕਤੀ ਨੂੰ ਨਹੀਂ ਵਰਤਦੇ। ਉਸ ਦਿਨ ਲੋਕਾਂ ਨੇ ...”
(6 ਅਕਤੂਬਰ 2019)
ਪਿਛਲੇ ਸਾਲ ਮਿਤੀ 19-10-2018 ਦੀ ਮਨਹੂਸ ਸ਼ਾਮ ਨੂੰ ਸ੍ਰੀ ਅਮ੍ਰਿਤਸਰ ਸਾਹਿਬ ਵਿਖੇ ਜੌੜੇ ਫਾਟਕਾਂ ਦੇ ਕੋਲ ਲੱਗੇ ਦੁਸਹਿਰੇ ਦੇ ਤਿਉਹਾਰ ਸਮੇਂ ਸ਼ਾਮ 7-00 ਵਜੇ ਦੇ ਕਰੀਬ ‘ਨੇਕੀ ਦੀ ਬਦੀ ਉੱਤੇ ਜਿੱਤ’ ਦੇ ਜਸ਼ਨ ਮਨਾਉਂਦੇ ਸਮੇਂ ਰਾਵਣ ਦੇ ਪੁਤਲੇ ਨੂੰ ਅਜੇ ਅਗਨੀ ਭੇਟ ਹੀ ਕੀਤਾ ਸੀ ਜਿਸ ਨਾਲ ਰਾਵਣ ਦੇ ਪੁਤਲੇ ਅੰਦਰ ਭਰੇ ਪਟਾਕਿਆਂ ਦੇ ਚੱਲਣ ਦੀ ਅਵਾਜ਼ ਵਿੱਚ 60 ਤੋਂ ਵੱਧ ਇਨਸਾਨੀ ਜਿੰਦਗੀਆਂ ਦੀਆਂ ਅਵਾਜਾਂ ਇੱਕ ਭਿਆਨਕ ਦਰਦਨਾਕ ਰੇਲ ਹਾਦਸੇ ਕਾਰਨ ਰੇਲਵੇ ਟਰੈਕ ’ਤੇ ਕਿਧਰੇ ਗੁਆਚ ਕੇ ਸਦਾ ਲਈ ਗੁੰਮ ਹੋ ਗਈਆਂ।
ਇਸ ਹਾਦਸੇ ਪ੍ਰਤੀ ਕੋਈ ਵੀ ਟਿੱਪਣੀ ਕਰਨ ਨੂੰ ਦਿਲ ਤਾਂ ਨਹੀਂ ਕਰਦਾ ਪ੍ਰੰਤੂ ਸਾਡੇ ਦੇਸ਼ ਨੂੰ ਜੇਕਰ ਹਾਦਸਿਆਂ ਦਾ ਦੇਸ਼ ਕਹਿ ਲਿਆ ਜਾਵੇ ਤਾਂ ਕੋਈ ਅਤਿ ਕਥਨੀ ਨਹੀਂ ਹੋਵੇਗੀ ਕਿਉਂਕਿ ਸਾਡੇ ਦੇਸ਼ ਅੰਦਰ ਸਲਾਨਾ ਲੱਖਾਂ ਲੋਕ ਹਾਦਸਿਆ ਦਾ ਸ਼ਿਕਾਰ ਹੋ ਕੇ ਆਪਣੀਆਂ ਕੀਮਤੀ ਜਾਨਾਂ ਅਜਾਈਨ ਗਵਾ ਰਹੇ ਹਨ। ਇਨ੍ਹਾਂ ਵਿੱਚ ਵੱਡੀ ਗਿਣਤੀ ਸੜਕੀ ਹਾਦਸਿਆਂ ਦੀ ਹੈ। ਮੌਜੂਦਾ ਸਥਿਤੀ ਅਨੁਸਾਰ ਪੰਜਾਬ ਅੰਦਰ ਅਵਾਰਾ ਪਸ਼ੂਆਂ ਨਾਲ ਹਾਦਸਿਆਂ ਦੀ ਗਿਣਤੀ ਵਧਣ ਦੇ ਕਾਰਨ ਇਨਸਾਨੀ ਜਿੰਦਗੀਆਂ ਅਜਾਈਂ ਜਾ ਰਹੀਆਂ ਹਨ। ਸਾਡੀਆਂ ਸਰਕਾਰਾਂ ਵੱਲੋਂ ਪੰਜਾਬ ਦੇ ਲੋਕਾਂ ਉੱਪਰ ‘ਗਊ ਸੈੱਸ’ ਵਰਗੇ ਟੈਕਸ ਲਗਾਉਣ ਦੇ ਬਾਵਜੂਦ ਅਵਾਰਾ ਗਊਆਂ ਦੀ ਗਿਣਤੀ ਦਾ ਸੜਕਾਂ ਉੱਪਰ ਲਗਾਤਾਰ ਵਾਧਾ ਹੋ ਰਿਹਾ ਹੈ।
ਜੇਕਰ ਗੱਲ ਕਰੀਏ ਸ੍ਰੀ ਅਮ੍ਰਿਤਸਰ ਸਾਹਿਬ ਵਿਖੇ ਪਿਛਲੇ ਸਾਲ ਦੁਸਹਿਰੇ ਦੀ ਸ਼ਾਮ ਸਮੇਂ ਵਾਪਰੇ ਰੇਲ ਹਾਦਸੇ ਦੀ ਤਾਂ ਉਸ ਸਮੇਂ ਉਸ ਗਰਾਊਂਡ ਵਿੱਚ ਭੀੜ ਦੀ ਗਿਣਤੀ ਗਰਾਊਂਡ ਦੀ ਸਮਰੱਥਾ ਤੋਂ ਕਿਤੇ ਜ਼ਿਆਦਾ ਸੀ। ਉਸ ਗਰਾਂਊਡ ਦੇ ਅੰਦਰ-ਬਾਹਰ ਜਾਣ ਲਈ ਰਸਤਾ ਵੀ ਇੱਕ ਹੀ ਸੀ। ਰਾਵਣ ਦੇ ਬੁੱਤ ਨੂੰ ਵੀ ਗਰਾਊਂਡ ਦੀ ਸਮੱਰਥਾ ਤੋਂ ਉੱਚਾ ਬਣਾਇਆ ਗਿਆ ਸੀ ਜਿਸ ਕਾਰਨ ਗਰਾਊਂਡ ਦੇ ਅੰਦਰ ਜ਼ਿਆਦਾ ਲੋਕ ਨਹੀਂ ਸਮਾ ਸਕਦੇ ਸਨ। ਇਸ ਰੇਲ ਹਾਦਸੇ ਵਿੱਚ 60 ਦੇ ਕਰੀਬ ਲੋਕ ਮਾਰੇ ਗਏ ਤੇ ਇਸ ਤੋਂ ਵੱਧ ਜ਼ਖਮੀ ਹੋ ਗਏ ਸਨ। ਦੁਸਹਿਰੇ ਵਾਲੀ ਸਟੇਜ ਤੋਂ ਇੱਕ ਗਾਇਕ ਕਲਾਕਾਰ ਵੀ ਰੇਲਵੇ ਟਰੈਕ ਨੂੰ ਖਾਲੀ ਕਰਨ ਸਬੰਧੀ ਸੁਚੇਤ ਕਰਦਾ ਹੋਇਆ ਸੋਸ਼ਲ ਮੀਡੀਆਂ ਉੱਤੇ ਆ ਰਹੀਆਂ ਵੀਡੀਓ ਕਲਿੱਪ ਵਿੱਚ ਦਿਖਾਈ ਦੇ ਰਿਹਾ ਸੀ। ਰੇਲਵੇ ਟਰੈਕ ਉੱਤੇ ਖੜ੍ਹੇ ਲੋਕਾਂ ਨੇ ਇਹਨਾਂ ਅਨਾਊਂਸਮੈਂਟਾਂ ਦੀ ਪ੍ਰਵਾਹ ਨਹੀਂ ਕੀਤੀ ਤੇ ਇੱਕ ਦੂਜੇ ਦੀ ਦੇਖਾ ਦੇਖੀ ਉੱਥੋਂ ਪਾਸੇ ਹੋਣ ਦੀ ਜ਼ਰੂਰਤ ਨਹੀਂ ਸਮਝੀ ਅਤੇ ਨਾ ਹੀ ਦੁਸਹਿਰਾ ਕਮੇਟੀ ਪ੍ਰਬੰਧਕਾਂ ਜਾਂ ਪ੍ਰਸ਼ਾਸ਼ਨ ਨੇ ਰੇਲਵੇ ਟਰੈਕ ਨੂੰ ਖਾਲੀ ਕਰਵਾਉਣ ਲਈ ਆਪਣੇ ਅਧਿਕਾਰਾਂ ਦੀ ਵਰਤੋਂ ਕੀਤੀ। ਨਾ ਹੀ ਕਿਸੇ ਨੇ ਵੀ ਨੇੜਲੇ ਰੇਲਵੇ ਫਾਟਕ ਦੇ ਗੇਟਮੈਨ ਜਾਂ ਅਧਿਕਾਰੀਆਂ ਨੂੰ ਕਿਸੇ ਕਾਰਵਾਈ ਲਈ ਸੂਚਿਤ ਕਰਨਾ ਉਚਿਤ ਸਮਝਿਆ, ਜਿਸ ਕਾਰਨ ਨਤੀਜਾ ਭਿਆਨਕ ਨਿਕਲਿਆ। ਸਾਰੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਵਿੱਚ ਮਸਤ ਸਨ।
ਕਿਸੇ ਦਾ ਬਾਪ, ਕਿਸੇ ਦੇ ਭੈਣ ਭਰਾ ਤੇ ਕਿਸੇ ਦੇ ਬੱਚੇ ਇਸ ਭਿਆਨਕ ਹਾਦਸੇ ਦੀ ਭੇਟ ਚੜ੍ਹ ਗਏ। ਸਾਡੇ ਦੇਸ ਵਿੱਚ ਅਜਿਹਾ ਪਹਿਲੀ ਵਾਰ ਨਹੀਂ ਹੋਇਆ। ਰੇਲ ਹਾਦਸੇ ਲਗਾਤਾਰ ਵਾਪਰ ਰਹੇ ਹਨ। ਪਿਛਲੇ ਤਿੰਨ ਸਾਲਾਂ ਦੌਰਾਨ ਰੇਲ ਹਾਦਸਿਆਂ ਕਾਰਨ ਦੇਸ ਅੰਦਰ 50 ਹਜ਼ਾਰ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਇਨ੍ਹਾਂ ਤੋਂ ਅਸੀਂ ਅੱਜ ਤੱਕ ਕੋਈ ਵੀ ਸਬਕ ਨਹੀਂ ਲਿਆ ਅਤੇ ਨਾ ਹੀ ਰੇਲਵੇ ਵੱਲੋਂ ਅੱਗੇ ਤੋਂ ਹਾਦਸਿਆ ਨੂੰ ਰੋਕਣ ਲਈ ਸੁਰੱਖਿਆ ਦੇ ਕੋਈ ਕਦਮ ਚੁੱਕੇ ਗਏ ਹਨ। ਸਾਡੇ ਦੇਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਝੌਪੜਪੱਟੀਆਂ ਆਦਿ ਬਣਾ ਕੇ ਰੇਲਵੇ ਟਰੈਕ ਦੇ ਨੇੜੇ ਆਪਣੇ ਰਿਹਾਇਸ਼ੀ ਟਿਕਾਣੇ ਬਣਾ ਕੇ ਪੱਕੇ ਤੌਰ ’ਤੇ ਰਹਿ ਰਹੇ ਹਨ। ਸਾਡੇ ਸਿਆਸਤਦਾਨ ਉਨ੍ਹਾਂ ਨੂੰ ਵੋਟਰਾਂ ਦੇ ਤੌਰ ’ਤੇ ਵਰਤਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਉੱਥੋਂ ਉਠਾਇਆ ਨਹੀਂ ਜਾਂਦਾ। ਇਹ ਸਭ ਜਾਣਦੇ ਹੋਏ ਰੇਲਵੇ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ।
ਅਸੀਂ ਆਪਣੀ ਦਿਮਾਗੀ ਸ਼ਕਤੀ ਨੂੰ ਨਹੀਂ ਵਰਤਦੇ। ਉਸ ਦਿਨ ਲੋਕਾਂ ਨੇ ਸਟੇਜ ਤੋਂ ਵਾਰ-ਵਾਰ ਕੀਤੀਆਂ ਅਨਾਉਂਸਮੈਂਟਾਂ ਦੀ ਕੋਈ ਪ੍ਰਵਾਹ ਕੀਤੀ ਕਿ ਅਸੀਂ ਪੰਜਾਬ ਦੇ ਇੱਕ ਅਹਿਮ ਵਿਅਸਥ ਰੇਲਵੇ ਟਰੈਕ ਉੱਤੇ ਖੜ੍ਹ ਕੇ ਸੜਦੇ ਰਾਵਣ ਦੀਆਂ ਵੀਡੀਓ ਬਣਾ ਰਹੇ ਹਾਂ ਜਾਂ ਉਸ ਨਾਲ ਸੈਲਫੀਆਂ ਲੈ ਰਹੇ ਹਾਂ ਕਿ ਅਚਾਨਕ ਰਾਤ ਦੇ ਹਨੇਰੇ ਵਿੱਚ ਕੋਈ ਤੇਜ਼ ਰਫਤਾਰ ਗੱਡੀ ਵੀ ਆ ਸਕਦੀ ਹੈ ਜੋ ਸਾਨੂੰ ਸੰਭਲਣ ਦਾ ਮੌਕਾ ਹੀ ਨਾ ਦੇਵੇ। ਤੇ ਹੋਇਆ ਵੀ ਅਜਿਹਾ ਹੀ, ਖੁਦ ਨੂੰ ਸੇਫ ਰੱਖਣਾ ਜਾਂ ਕਿਸੇ ਘਟਨਾ ਤੋਂ ਬਚਣਾ ਸਾਡੀ ਖੁਦ ਦੀ ਜ਼ਿੰਮੇਵਾਰੀ ਬਣਦੀ ਹੈ ਨਾ ਕਿ ਕਿਸੇ ਹੋਰ ਦੀ।
ਮੇਰੇ ਇੱਕ ਦੋਸਤ ਦੇ ਚਾਚਾ ਜੀ ਬਾਹਰਲੇ ਮੁਲਕ ਵਿੱਚੋਂ ਇੰਡੀਆ ਆਏ ਤੇ ਆਉਂਦੇ ਸਮੇਂ ਉੱਥੋਂ ਇੱਕ ਅੰਗਰੇਜ਼ ਔਰਤ ਜੋ ਉਹਨਾਂ ਨਾਲ ਰਿਸ਼ਤੇਦਾਰੀ ਵਾਂਗੂ ਵਰਤਦੀ ਸੀ ਇੰਡੀਆ ਨਾਲ ਆ ਗਈ। ਦਿੱਲੀ ਤੋਂ ਟਰੇਨ ਰਾਹੀਂ ਜਦ ਆਪਣੇ ਸ਼ਹਿਰ ਕੋਟਕਪੂਰਾ ਉੱਤਰੇ ਤਾਂ ਸ਼ਹਿਰ ਦੇ ਦੂਸਰੇ ਪਾਸੇ ਜਾਣ ਲਈ ਇੱਕ ਪੁਲ ਸੀ ਤੇ ਲੋਕ ਪੁਲ ਚੜ੍ਹਨ ਦੀ ਬਜਾਏ ਅਕਸਰ ਥੱਲੇ ਰੇਲਵੇ ਲਾਈਨਾਂ ਕਰਾਸ ਕਰਕੇ ਦੂਜੇ ਪਾਸੇ ਚਲੇ ਜਾਂਦੇ ਸਨ। ਉਦੋਂ ਉਹਨਾਂ ਲਾਈਨਾਂ ਉੱਤੇ ਛੋਟੀ ਜਿਹੀ ਪੱਕੀ ਪਗਡੰਡੀ ਬਣਾਈ ਹੋਈ ਸੀ। ਮੇਰਾ ਦੋਸਦ ਜਦ ਉਹਨਾਂ ਨੂੰ ਇਸ ਪਗਡੰਡੀ ਵਾਲੇ ਰਸਤਿਓਂ ਲੈ ਕੇ ਜਾਣ ਲੱਗਾ ਤਾਂ ਉਹ ਅੰਗਰੇਜ਼ ਔਰਤ ਰੁਕ ਗਈ ਤੇ ਕਹਿਣ ਲੱਗੀ ਕਿ ਮੈਂ ਰੇਲਵੇ ਲਾਈਨਾਂ ਕਰਾਸ ਨਹੀਂ ਕਰਾਂਗੀ। ਜਦ ਉਸ ਤੋਂ ਕਾਰਨ ਪੁੱਛਿਆ ਤਾਂ ਉਹ ਕਹਿਣ ਲੱਗੀ ਕਿ ਮੈਂਨੂੰ ਰੇਲਵੇ ਵਿਭਾਗ ਜੁਰਮਾਨਾ ਕਰ ਦੇਵੇਗਾ ਕਿਉਂਕਿ ਬਾਹਰਲੇ ਮੁਲਕਾਂ ਵਿੱਚ ਅਜਿਹੇ ਕਾਨੂੰਨ ਲਾਗੂ ਕੀਤੇ ਜਾਂਦੇ ਹਨ। ਰੇਲਵੇ ਕਾਨੂੰਨ ਤਾਂ ਇੰਡੀਆ ਵਿੱਚ ਵੀ ਅਜਿਹਾ ਹੀ ਹੈ ਪ੍ਰੰਤੂ ਸਾਡੇ ਦੇਸ਼ ਦੇ ਲੋਕ ਇਹਨਾਂ ਕਾਨੂੰਨਾਂ ਦੀ ਉਲੰਘਣਾ ਹੀ ਨਹੀਂ ਕਰਦੇ ਬਲਕਿ ਧਜੀਆਂ ਉਡਾਉਂਦੇ ਹਰੇਕ ਸ਼ਹਿਰ ਕਸਬੇ ਵਿੱਚ ਆਮ ਦੇਖੇ ਜਾਂਦੇ ਹਨ।
ਜਦ ਰੇਲ ਗੱਡੀ ਆ ਜਾਂ ਜਾ ਰਹੀ ਹੁੰਦੀ ਹੈ, ਰੇਲਵੇ ਫਾਟਕ ਦੇ ਗੇਟਮੈਨ ਫਾਟਕ ਨੂੰ ਬੰਦ ਕਰ ਦਿੰਦੇ ਹਨ ਪ੍ਰੰਤੂ ਬਹੁਤ ਸਾਰੇ ਲੋਕ ਮੌਤ ਦੀ ਪ੍ਰਵਾਹ ਨਾ ਕਰਦੇ ਹੋਏ ਫਾਟਕ ਦੇ ਹੇਠਾਂ ਤੋਂ ਪੈਦਲ, ਸਾਈਕਲ, ਸਕੂਟਰ, ਮੋਟਰ ਸਾਈਕਲ ਟੇਢੇ ਕਰਕੇ ਲੰਘਾਉਂਦੇ ਆਮ ਦੇਖੇ ਜਾ ਸਕਦੇ ਹਨ। ਇਸ ਮੌਕੇ ਤਾਂ ਕਈ ਵਡੇਰੀ ਉਮਰ ਦੇ ਬਜ਼ੁਰਗ ਵੀ ਨੌਜੁਆਨਾਂ ਨੂੰ ਪਿੱਛੇ ਛੱਡਦੇ ਹੋਏ ਉਹਨਾਂ ਤੋਂ ਪਹਿਲਾਂ ਫਾਟਕ ਦੇ ਥੱਲਿਓ ਲੰਘਣ ਲਈ ਕਾਹਲੇ ਹੋ ਕੇ ਲੰਘਦੇ ਹਨ ਜਿਵੇਂ ਕਿਤੇ ਕਿਸੇ ਗੱਲੋਂ ਪਿੱਛੇ ਨਾ ਰਹਿ ਜਾਣ।
ਪਿਛਲੇ ਸਾਲ ਦੁਸਿਹਰੇ ਤੋਂ ਪਹਿਲਾਂ ਅਖਬਾਰਾਂ ਵਿੱਚ ਖਬਰਾਂ ਛਪੀਆਂ ਸਨ ਕਿ ਪੰਚਕੂਲਾ ਦੇ ਇੱਕ ਵਿਅਕਤੀ ਵੱਲੋਂ ਹੁਣ ਤੱਕ ਰਾਵਣ ਬਣਾਉਂਦੇ-ਬਣਾਉਂਦੇ ਆਪਣੀ 12 ਕਿੱਲੇ ਜ਼ਮੀਨ ਵੇਚ ਕੇ ਦੁਨੀਆਂ ਦਾ ਸਭ ਤੋਂ ਵੱਡਾ ਰਾਵਣ ਦਾ ਬੁੱਤ ਬਣਾਉਣ ਲਈ ਆਪਣਾ ਨਾਮ 5 ਵਾਰ ਲਿਮਕਾ ਬੁੱਕ ਆਫ ਵਰਡ ਵਿੱਚ ਦਰਜ ਕਰਾ ਚੁੱਕਾ ਹੈ ਤੇ ਇਸ ਵਾਰ ਦੁਸਿਹਰੇ ਦੇ ਬੁੱਤ ਦੀ ਉਚਾਈ 210 ਫੁੱਟ ਸੀ ਤੇ ਖਰਚਾ ਲੱਗਭਗ ਤੀਹ ਤੋਂ ਚਾਲੀ ਲੱਖ ਦੇ ਕਰੀਬ ਆਇਆ ਸੀ। ਦੂਸਰੇ ਪਾਸੇ ਦੂਬੇ ਬਰਾਦਰੀ ਦੇ ਲੋਕ ਲੁਧਿਆਣਾ ਜ਼ਿਲ੍ਹੇ ਅੰਦਰ ਰਾਵਣ ਦੀ ਪੂਜਾ ਕਰਦੇ ਹਨ। ਇਹ ਪ੍ਰਥਾ ਸਦੀਆ ਤੋਂ ਚੱਲੀ ਆ ਰਹੀ ਤੇ ਰਾਵਣ ਦੇ ਪੁਤਲੇ ਨੂੰ ਬੱਕਰੇ ਦਾ ਕੰਨ ਵੱਢਕੇ ਤੇ ਸ਼ਰਾਬ ਦਾ ਭੋਗ ਲਗਾਇਆ ਜਾਂਦਾ ਹੈ ਤੇ ਉਹ ਲੋਕ ਰਾਵਣ ਨੂੰ ਚੰਗੇ ਗੁਣਾਂ ਕਰਕੇ ਪੂਜਦੇ ਹਨ।
ਅੱਜ ਦੇ ਹਾਈਟੈੱਕ ਜ਼ਮਾਨੇ ਅੰਦਰ ਅਸੀਂ ਆਪਣੇ ਆਪ ਨੂੰ ਬਹੁਤ ਅਡਵਾਂਸ ਦੱਸਦੇ ਹਾਂ ਤੇ ਦੇਸ਼ ਅੰਦਰ ਸਾਇੰਸ ਲਗਾਤਾਰ ਤਰੱਕੀ ਕਰ ਰਹੀ ਹੈ। ਪ੍ਰੰਤੂ ਉਪਰਲੀਆਂ ਦੋਨੋ ਘਟਨਾਵਾਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਸੀਂ ਇੱਕੀਵੀਂ ਸਦੀ ਵਿੱਚ ਹਾਂ ਜਾਂ ਇਸ ਤੋਂ ਬਹੁਤ ਪਿੱਛੇ ਅੰਧ-ਵਿਸ਼ਵਾਸ ਦੀ ਨਦੀ ਵਿੱਚ ਗਲ-ਗਲ ਤੱਕ ਡੁੱਬ ਚੁੱਕੇ ਹਾਂ। ਇਤਿਹਾਸ ਗਵਾਹ ਹੈ ਕਿ ਰਾਵਣ ਚਾਰੇ ਵੇਦਾਂ ਦਾ ਟੀਕਾਕਾਰ ਪੰਡਿਤ ਤੇ ਨਾਲ-ਨਾਲ ਸਾਇੰਸਦਾਨ ਵੀ ਸੀ ਜਿਸ ਦੀ ਰਸੋਈ ਵਿੱਚ ਖਾਣਾ ਸੂਰਜ ਦੀ ਜਗ੍ਹਾ ਚੰਦਰਮਾ ਦੀ ਰੋਸ਼ਨੀ ਨਾਲ ਪਕਾਇਆ ਜਾਂਦਾ ਸੀ। ਦੂਜੇ ਪਾਸੇ ਚੀਨ ਨੇ ਰਾਤ ਸਮੇਂ ਆਪਣੇ ਸ਼ਹਿਰਾਂ ਨੂੰ ਜਗਮਗਾਉਂਦਾ ਕਰਨ ਲਈ ਸਟਰੀਟ ਲਾਈਟਾਂ ਦੇ ਖਰਚੇ ਤੋਂ ਬਚਣ ਲਈ ਨਕਲੀ ਚੰਦ ਅਸਮਾਨੀ ਚੜ੍ਹਾ ਦਿੱਤਾ ਹੈ। ਨਕਲੀ ਸੂਰਜ ਚੜ੍ਹਾਉਣ ਦੀਆਂ ਯੋਜਨਾਵਾਂ ਉੱਤੇ ਰਿਸਰਚ ਕਰ ਰਿਹਾ ਹੈ ਤੇ ਅਸੀਂ ਕਿੱਧਰ ਨੂੰ ਜਾ ਰਹੇ ਹਾਂ?
ਇਸੇ ਸਾਲ ਮਈ ਮਹੀਨੇ ਵਿੱਚ ਸੂਰਤ ਸ਼ਹਿਰ ਦੇ ਵਪਾਰਕ ਕੰਪਲੈਕਸ ਵਿੱਚ ਚੱਲ ਰਹੇ ਕੋਚਿੰਗ ਸੈਂਟਰ ਵਿੱਚ ਲਗਭਗ 20 ਬੱਚਿਆਂ ਦੀ ਅੱਗ ਵਿੱਚ ਝੁਲਸਣ ਕਾਰਣ ਮੌਤ ਹੋ ਗਈ ਸੀ। ਕਾਰਣ, ਸਾਡੇ ਕੋਲ ਉੱਚੀਆਂ ਇਮਾਰਤਾਂ ਵਿੱਚ ਅੱਗ ਬੁਝਾਉਣ ਲਈ ਸਾਧਨ ਨਹੀਂ ਹਨ। ਜੂਨ ਮਹੀਨੇ ਵਿੱਚ ਫਰੀਦਾਬਾਦ ਦੇ ਇੱਕ ਨਿੱਜੀ ਸਕੂਲ ਵਿੱਚ ਲੱਗੀ ਭਿਆਨਕ ਅੱਗ ਕਾਰਨ 3 ਮੌਤਾਂ ਹੋ ਗਈਆਂ। ਇਸੇ ਮਹੀਨੇ ਹੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਵਿੱਚ ਨੰਨੇ ਫਤਿਹਵੀਰ ਦੇ 140 ਫੁੱਟ ਡੁੰਘੇ ਬੋਰ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਜਿਸ ਨੂੰ ਟੈਕਨੌਲੋਜੀ ਤੇ ਸਾਧਨਾਂ ਦੀ ਘਾਟ ਕਾਰਨ ਬਚਾਇਆ ਨਹੀਂ ਜਾ ਸਕਿਆ। ਗੱਲਾਂ ਅਸੀਂ ਬੁਲਟ ਟਰੇਨ ਚਲਾਉਣ ਦੀਆਂ ਕਰ ਰਹੇ ਹਾਂ। ਇਸ ਤਰ੍ਹਾਂ ਦੇ ਹਜ਼ਾਰਾਂ ਹਾਦਸੇ ਹਰ ਸਾਲ ਲਗਾਤਾਰ ਵਾਪਰ ਰਹੇ ਹਨ ਜਿਨ੍ਹਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
ਅੱਜ ਸਾਨੂੰ ਵਾਤਾਵਰਨ ਨੂੰ ਪਟਾਕੇ ਚਲਾ ਕੇ ਗੰਧਲਾ ਕਰਨ ਵਰਗੇ ਤਿਉਹਾਰਾਂ ਨੂੰ ਮਨਾਉਣ ਦੇ ਢੰਗ-ਤਰੀਕੇ ਬਦਲਣ ਦੀ ਵੱਡੀ ਲੋੜ ਹੈ। ਇਹਨਾਂ ਪਟਾਕਿਆਂ ਦੇ ਚਲਾਉਣ ਨਾਲ ਜ਼ਹਿਰੀਲੇ ਬਰੂਦ ਵਿੱਚੋਂ ਪਤਾ ਨਹੀਂ ਕਿੰਨੀਆਂ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ ਜਿਨ੍ਹਾਂ ਨਾਲ ਸਾਨੂੰ ਤੇ ਸਾਡੀ ਆਉਣ ਵਾਲੀ ਪੀੜ੍ਹੀ ਅਤੇ ਬਜ਼ੁਰਗਾਂ ਨੂੰ ਇਸਦੀ ਮਾਰ ਝੱਲਣੀ ਪੈਂਦੀ ਹੈ। ਇੱਕ ਪਾਸੇ ਅਸੀਂ ਦਿਵਾਲੀ ਜਾ ਦੁਸਹਿਰੇ ਦੇ ਤਿਉਹਾਰਾਂ ਉੱਤੇ ਫਜ਼ੂਲ ਖਰਚੀ ਕਰਕੇ ਅਰਬਾਂ-ਖਰਬਾਂ ਰੁਪਏ ਬਰਬਾਦ ਕਰ ਰਹੇ ਹਾਂ ਦੂਸਰੇ ਪਾਸੇ ਗਰੀਬੀ ਕਾਰਨ ਕਰੋੜਾਂ ਗਰੀਬ ਬੱਚੇ ਪੜ੍ਹਾਈ ਤੋਂ ਵਾਂਝੇ ਰਹਿ ਕੇ ਬਾਲ ਮਜ਼ਦੂਰੀ ਦੀ ਦਲਦਲ ਵਿੱਚ ਧਸ ਰਹੇ ਹਨ। ਅਸਮਰੱਥ ਲੋਕ ਮਹਿੰਗੇ ਇਲਾਜ ਨਾ ਕਰਵਾ ਸਕਣ ਕਾਰਨ ਆਪਣੀਆਂ ਕੀਮਤੀ ਜਾਨਾਂ ਗਵਾ ਰਹੇ ਹਨ। ਸਿਰ ਉੱਤੇ ਛੱਤ ਨਾ ਹੋਣ ਕਾਰਨ ਲੱਖਾਂ-ਕਰੋੜਾਂ ਲੋਕ ਫੁੱਟਪਾਥਾਂ ਉੱਤੇ ਸਿਆਲ ਦੀਆਂ ਠੰਢੀਆਂ ਰਾਤਾਂ ਕੱਢਣ ਲਈ ਮਜਬੂਰ ਹਨ। ਗਰੀਬ ਲੋਕ ਗਰੀਬੀ ਕਾਰਨ ਆਪਣੀਆਂ ਨੌਜੁਆਨ ਲੜਕੀਆਂ ਦੀ ਸ਼ਾਦੀ ਕਰਨ ਤੋਂ ਮਜਬੂਰ ਹਨ।
ਜਿਹੜੇ ਲੋਕ ਇਸ ਰੇਲ ਹਾਦਸੇ ਦੀ ਲਪੇਟ ਵਿੱਚ ਆ ਕੇ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ ਹਨ ਉਹਨਾਂ ਦੇ ਪ੍ਰੀਵਾਰ ਤੇ ਜਿਹੜੇ ਇਸ ਹਾਦਸੇ ਵਿੱਚ ਜ਼ਖਮੀ ਹੋਏ ਹਨ ਅੱਜ ਉਹਨਾਂ ਨੂੰ ਦੁਨੀਆਂਦਾਰੀ ਲਈ ਪੈਸੇ ਦੀ ਸਖਤ ਜ਼ਰੂਰਤ ਹੈ। ਭਾਵੇਂ ਸਰਕਾਰ ਨੇ ਉਹਨਾਂ ਦੇ ਅੱਲੇ ਜਖਮਾਂ ਉੱਤੇ ਮਾਇਆ ਰੂਪੀ ਮੱਲਮ ਦੀ ਪੱਟੀ ਬੰਨ੍ਹੀ ਹੈ ਫਿਰ ਵੀ ਸਾਨੂੰ ਉਹਨਾਂ ਲਈ ਕੁਝ ਕਰਨ ਦੀ ਜ਼ਰੂਰਤ ਹੈ ਤੇ ਇਸ ਤੋਂ ਸਿੱਖਿਆ ਲੈ ਕੇ ਦੇਸ਼ ਵਾਸੀਆਂ ਨੂੰ ਅਪੀਲ ਹੈ ਕਿ ਪ੍ਰਣ ਕਰੀਏ, ਆਉਣ ਵਾਲੇ ਅਜਿਹੇ ਤਿਉਹਾਰਾਂ ਸਮੇਂ ਪੈਸੇ ਦੀ ਬਰਬਾਦੀ ਕਰਕੇ ਪਟਾਕੇ ਚਲਾਉਣ ਵਾਲੇ ਤੇ ਅਜਿਹੇ ਇਕੱਠਾਂ ਵਾਲੇ ਕਲਚਰ ਨੂੰ ਤਿਆਗੀਏ।
ਅਸੀਂ ਸਾਰਿਆਂ ਨੇ ਹੀ ਸਮੁੱਚੀ ਮਾਨਵਤਾ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਪਾਸਾ ਵੱਟਿਆ ਹੋਇਆ ਹੈ। ਇਸਦਾ ਇੱਕ ਵੱਡਾ ਕਾਰਨ ਅੱਜ ਦੇ ਸਮੇਂ ਦਾ ਸਾਡਾ ਸਮਾਰਟ ਫੋਨ ਵੀ ਹੈ ਜਿਸ ਦੀ ਸੁਚੱਜੀ ਵਰਤੋਂ ਦੀ ਲੋੜ ਹੈ। ਜਿਸ ਆਦਮੀ ਨੂੰ ਇਸਦੀ ਬਿਲਕੁਲ ਜ਼ਰੂਰਤ ਨਹੀਂ ਹੁੰਦੀ ਉਹ ਵੀ ਕੰਨ ਵਿੱਚ ਹੈੱਡ-ਫੋਨ ਲਗਾ ਕੇ ਆਪਣੀ ਸੁੱਧ-ਬੁੱਧ ਖੋਹ ਕੇ ਸੜਕ ’ਤੇ ਲੰਘ ਰਿਹਾ ਹੁੰਦਾ ਹੈ। ਆਓ ਸਾਰੇ ਰਲ-ਮਿਲ ਪ੍ਰਣ ਕਰੀਏ ਕਿ ਅਸੀਂ ਆਪਣੀਆਂ ਕੀਮਤੀ ਜਾਨਾਂ ਨੂੰ ਕਦੇ ਵੀ ਜੋਖਮ ਵਿੱਚ ਨਹੀਂ ਪਾਵਾਂਗੇ ਤੇ ਸਰਕਾਰ ਤੇ ਪ੍ਰਸ਼ਾਸਨ ਦਾ ਸਾਥ ਇੱਕ ਚੰਗੇ ਸ਼ਹਿਰੀ ਦੀ ਤਰ੍ਹਾਂ ਨਿਭਾਵਾਂਗੇ। ਸਾਡੀਆਂ ਸਰਕਾਰਾਂ ਨੂੰ ਵੀ ਅਜਿਹੇ ਹਾਦਸਿਆਂ ਤੋਂ ਸਬਕ ਲੈ ਕੇ ਭਵਿੱਖ ਲਈ ਕੁਝ ਕਰਨ ਦੀ ਲੋੜ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1759)
(ਸਰੋਕਾਰ ਨਾਲ ਸੰਪਰਕ ਲਈ: