“ਅੱਜ ਛੋਟੇ ਬੱਚੇ, ਜਿਨ੍ਹਾਂ ਦੇ ਖੇਡਣ ਕੁੱਦਣ ਅਤੇ ਸਕੂਲਾਂ ਵਿੱਚ ਪੜ੍ਹਨ ਦੀ ਉਮਰ ਹੈ ...”
(28 ਮਈ 2019)
ਸਦੀਆਂ ਤੋਂ ਮੇਰੇ ਰੰਗਲੇ ਪੰਜਾਬ ਨੂੰ ਲੁੱਟਣ ਲਈ ਸਮੇਂ ਦੇ ਹਾਕਮਾਂ ਤੇ ਬਾਹਰਲੇ ਧਾੜਵੀਆਂ ਅੱਡੀ-ਚੋਟੀ ਦਾ ਜ਼ੋਰ ਲਾ ਕੇ ਇਸਦਾ ਖੁਰਾ ਖੋਜ ਮਿਟਾਉਣ ਲਈ ਆਪਣੀ ਜ਼ੋਰ ਅਜ਼ਮਾਈ ਕੀਤੀ ਪ੍ਰੰਤੂ ਇਸਦੀ ਪਵਿੱਤਰ ਧਰਤੀ ਉੱਤੇ ਦਸ ਗੁਰੂ ਸਾਹਿਬਾਨ ਦੀ ਮਿਹਰ ਸਦਕਾ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ। ਪਿਛਲੇ ਸਮਿਆਂ ਵਿੱਚ ਤਾਂ ਧਾੜਵੀ ਬਾਹਰੋਂ ਆਉਂਦੇ ਸਨ ਪ੍ਰੰਤੂ ਅੱਜ ਮੇਰੇ ਰੰਗਲੇ ਪੰਜਾਬ ਨੂੰ ਆਪਣਿਆਂ ਤੋਂ ਖਤਰਾ ਹੈ।
ਕੁਲਦੀਪ ਕੰਡਿਆਰੇ ਦੀ ਕਲਮ ਤੋਂ ਲਿਖੇ, ਪ੍ਰਸਿੱਧ ਗਾਇਕ ਤੇ ਫਿਲਮੀ ਕਲਾਕਾਰ ਬਾਈ ਕਰਮਜੀਤ ਅਨਮੋਲ ਦੀ ਅਵਾਜ਼ ਵਿੱਚ ਗਾਏ ਇਸ ਗੀਤ ‘ਹਾਲ ਰੋਟੀਏ, ਨੀ ਦੁਹਾਈ ਰੋਟੀਏ!, ਜਾਵੇਂ ਸਾਰੀ ਦੁਨੀਆਂ ਨੂੰ ਖਾਈ ਰੋਟੀਏ!’ ਦੀਆਂ ਸਾਰੀਆਂ ਪੰਕਤੀਆਂ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਖੋਲ੍ਹ ਕੇ ਬਿਆਨ ਕਰਦੀਆਂ ਹਨ। ਅੱਜ ਛੋਟੇ ਬੱਚੇ, ਜਿਨ੍ਹਾਂ ਦੇ ਖੇਡਣ ਕੁੱਦਣ ਅਤੇ ਸਕੂਲਾਂ ਵਿੱਚ ਪੜ੍ਹਨ ਦੀ ਉਮਰ ਹੈ, ਗਰੀਬੀ ਕਾਰਨ ਰੋਟੀ ਲਈ ਢਾਬਿਆਂ ਉੱਤੇ ਜੂਠੇ ਭਾਂਡੇ ਮਾਂਜਣ ਦੇ ਨਾਲ ਨਾਲ, ਸੜਕਾਂ ਅਤੇ ਬਜ਼ਾਰਾਂ ਦੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਭੀਖ ਮੰਗਣ ਲਈ ਮਜਬੂਰ ਹਨ। ਇਸ ਮਜਬੂਰੀ ਨੇ ਮਾਸੂਮ ਤੇ ਕੋਮਲ ਇਹਨਾਂ ਫੁੱਲਾਂ ਦੀਆਂ ਪੱਤੀਆਂ ਨੂੰ ਅਨਪੜ੍ਹਤਾ ਦੀ ਮੂੰਗਲੀ ਨੇ ਮਸਲ ਕੇ ਰੱਖ ਦਿੱਤਾ ਹੈ।
ਮੈਂ ਆਪਣੇ ਕੁਝ ਜ਼ਰੂਰੀ ਕੰਮਾਂ ਕਾਰਾਂ ਲਈ ਜਦ ਚੰਡੀਗੜ੍ਹ ਜਾਣਾ ਤਾਂ ਲੁਧਿਆਣਾ ਸ਼ਹਿਰ ਦੀਆਂ ਬੱਤੀਆਂ ’ਤੇ ਛੋਟੇ ਬੱਚੇ-ਬੱਚੀਆਂ ਨੂੰ ਕਾਰਾਂ ਦੇ ਬੰਦ ਸੀਸ਼ੇ ਖੜਕਾ ਕੇ ਅੱਤ ਦੀ ਗਰਮੀ ਵਿੱਚ ਭੀਖ ਮੰਗਦੇ ਦੇਖਿਆ। ਉਹਨਾਂ ਦੀ ਮਾਸੂਮੀਅਤ ਦੇਖ ਕੇ ਮੇਰੇ ਮਨ ਅੰਦਰਲੇ ਪੱਥਰ ਦੇ ਪਹਾੜ ਨੇ ਬਹੁਤ ਵਾਰੀ ਪਿਘਲ ਕੇ ਮੇਰੀਆਂ ਅੱਖਾਂ ਨੂੰ ਗਿੱਲਿਆਂ ਕੀਤਾ ਪ੍ਰੰਤੂ ਸਿਵਾਏ ਕਾਗਜ਼ ਦੀ ਹਿੱਕ ਉੱਤੇ ਲਿਖਣ ਤੋਂ ਮੈਂ ਕੁਝ ਨਹੀਂ ਕਰ ਸਕਿਆ ਕਿਉਂਕਿ ਇਹ ਕੰਮ ਸਾਡੀਆਂ ਸਰਕਾਰਾਂ ਦੇ ਹਿੱਸੇ ਆਉਂਦਾ ਹੈ।
ਜਦ ਇਸ ਪਾਪੀ ਪੇਟ ਨੂੰ ਰੋਟੀ ਦੀ ਭੁੱਖ ਲੱਗਦੀ ਹੈ ਤਾਂ ਵੱਡੇ-ਵੱਡੇ ਨਾਢੂ ਖਾਂ ਵੀ ਡਿੱਗ ਪੈਂਦੇ ਹਨ ਤੇ ਜੋ ਲੋਕ ਫਾਕੇ ਕੱਟਦੇ ਹਨ ਉਹ ਕਿੱਥੋਂ ਤੱਕ ਅੜਨਗੇ? ਬੇਰੁਜ਼ਗਾਰੀ ਕਾਰਨ ਸਾਡੇ ਦੇਸ਼ ਦੇ ਹਾਲਾਤ ਅਜਿਹੇ ਬਣੇ ਹੋਏ ਹਨ, ਖਾਸ ਕਰਕੇ ਪੰਜਾਬ ਦੇ ਗਰੀਬ ਮਾਪਿਆਂ ਨੂੰ ਆਪਣੀਆਂ ਨੌਜਵਾਨ ਧੀਆਂ ਵਿਆਹੁਣ ਲਈ ਦਰ-ਦਰ ਭਟਕਣਾ ਪੈ ਰਿਹਾ ਹੈ। ਕਿਸੇ ਸਮੇਂ ਪੰਜਾਬ ਵਿੱਚ ਧੀਆਂ ਵਿਆਹੁਣ ਦੇ ਮੁੱਲ ਵੱਟੇ ਜਾਂਦੇ ਸਨ। ਅੱਜ ਹਾਲਾਤ ਅਜਿਹੇ ਹੀ ਹਨ ਪ੍ਰੰਤੂ ਗਰੀਬੀ ਕਾਰਨ ਮੁੱਲ ਤਾਰਨ ਵਾਲੇ ਨਹੀਂ ਲੱਭਦੇ ਕਿਉਂਕਿ ਅੱਜ ਤਾਂ ਹਰ ਕਿਸੇ ਨੂੰ ਰੋਟੀ ਦੇ ਲਾਲੇ ਪਏ ਹੋਏ ਹਨ। ਇੱਜ਼ਤਾਂ ਸੜਕਾਂ ਉੱਤੇ ਰੁਲਣ ਨੂੰ ਮਜਬੂਰ ਹਨ।
ਕੁਝ ਦਹਾਕੇ ਪਹਿਲਾਂ ਤੱਕ ਕਿਸੇ ਦੀ ਧੀ ਨੂੰ ਪੂਰੇ ਪਿੰਡ ਦੀ ਧੀ-ਭੈਣ ਸਮਝਿਆ ਜਾਂਦਾ ਸੀ। ਪੰਜਾਬ ਦੇ ਪੰਜਾਬੀ ਸੱਭਿਆਚਾਰ ਦੀ ਹਾਲਤ ਇਸ ਤੋਂ ਹੋਰ ਕੀ ਮਾੜੀ ਹੋ ਸਕਦੀ ਹੈ ਕਿ ਅੱਜ ਰੋਟੀ ਖਾਤਰ ਧੀਆਂ ਡੀ.ਜੇ. ਵਾਲਿਆਂ ਦੀ ਸਟੇਜ ਉੱਤੇ ਨੱਚ ਕੇ ਕਮਾਈ ਕਰਨ ਲਈ ਮਜਬੂਰ ਹਨ। ਸਾਡਾ ਅੱਜ ਦਾ ਆਪਣੇ ਆਪ ਨੂੰ ਅਗਾਂਹ ਵਧੂ ਸੋਚ ਰੱਖਣ ਵਾਲਾ ਮਰਦ ਪ੍ਰਧਾਨ ਸਮਾਜ ਲਲਚਾਈਆਂ ਨਜ਼ਰਾਂ ਨਾਲ ਵੇਖਦਾ-ਵੇਖਦਾ ਨਸ਼ੇ ਦੇ ਹਵਸ ਵਿੱਚ ਅੰਨ੍ਹਾ ਹੋਇਆ ਬੇਟੀ ਸਮਾਨ ਲੜਕੀ ਉੱਤੋਂ ਬੁੱਢੇ ਵਾਰੇ ਨੋਟ ਵਾਰ-ਵਾਰ ਕੇ ਆਪਾ ਗਵਾ ਚੁੱਕਿਆ ਸ਼ਰਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੰਦਾ ਹੈ। ਗਰੀਬ ਤਾਂ ਭੁੱਖੇ ਢਿੱਡ ਨੂੰ ਭਰਨ ਲਈ ਅਜਿਹਾ ਕਰ ਰਿਹਾ ਹੁੰਦਾ ਹੈ ਪਰ ਚੰਦਰੀ ਦੁਨੀਆਂ ਇਸ ਤਮਾਸ਼ੇ ਨੂੰ ਦੇਖ-ਦੇਖ ਤਾੜੀਆਂ ਮਾਰ ਕੇ ਹੱਸਦੀ ਹੋਈ ਠਹਾਕੇ ਲੱਗ ਰਹੀ ਹੁੰਦੀ ਹੈ। ਅੱਜ ਦੇ ਜ਼ਮਾਨੇ ਵਿੱਚ ਗਰੀਬਾਂ ਲਈ ਰੋਟੀ ਹੀ ਰੱਬ ਹੈ, ਕਿਉਂਕਿ ਇੱਜਤਾਂ ਦੇ ਮੁੱਲ ਮਿਲਦੀ ਹੈ।
ਇਸ ਰੋਟੀ ਲਈ ਮਹਿੰਗੇ ਮੁੱਲ ਤਾਰਨ ਵਾਸਤੇ ਪੰਜਾਬ ਦੀ ਜਵਾਨੀ ਹਰ ਹੀਲੇ ਵਿਦੇਸ਼ ਭੱਜਣ ਲਈ ਆਪਣੇ ਸਰਮਾਏ ਨੂੰ ਸਮੇਟ, ਜਮੀਨਾਂ ਵੇਚ ਵੱਟ ਕੇ ਉਡਾਰੀ ਮਾਰ ਰਹੀ ਹੈ। ਪਿੱਛੋਂ ਮਾਵਾਂ ਧੂੰਏ ਦੇ ਪੱਜ ਪੱਥਰ ਦਿਲ ’ਤੇ ਧਰ ਕੇ ਹੀਰੇ ਪੁੱਤਾਂ ਦੇ ਵਿਛੋੜੇ ਕਾਰਨ ਲੁਕ-ਲੁਕ ਕੇ ਰੋਂਦੀਆਂ ਦੇਖ ਗੱਲ ਰੋਟੀ ਦੁਆਲੇ ਆ ਖੜ੍ਹਦੀ ਹੈ। ਰੋਟੀ ਦੀ ਖਾਤਰ ਵਿਦੇਸ਼ਾਂ ਨੂੰ ਰੁਖ ਕੀਤੀ ਜਵਾਨੀ ਨੂੰ ਦੇਖ ਕੇ ਵੀ ਮੇਰੇ ਦੇਸ਼ ਦੇ ਲੀਡਰਾਂ ਕੋਲ ਅੱਜ ਆਪਣੇ ਚੋਣ ਮਨੋਰਥ ਪੱਤਰ ਵਿੱਚੋਂ ਰੁਜ਼ਗਾਰ ਸਬੰਧੀ ਅਜੰਡਾ ਗਧੇ ਦੇ ਸਿਰ ’ਤੇ ਸਿੰਗਾ ਵਾਂਗੂ ਗਾਇਬ ਹੈ। ਦੇਸ਼ ਭਗਤਾਂ ਵੱਲੋਂ ਗੋਰਿਆਂ ਤੋਂ ਮਹਿੰਗਾ ਮੁੱਲ ਤਾਰ ਕੇ ਪ੍ਰਾਪਤ ਕੀਤੀ ਹੋਈ ਅਜ਼ਾਦੀ ਨੂੰ ਅੱਜ ਅਸੀਂ ਖੁਦ ਗੋਰਿਆਂ ਦੀ ਗੁਲਾਮੀ ਕੀਮਤਾਂ ਤਾਰ ਕੇ ਕਬੂਲ ਕਰ ਰਹੇ ਹਾਂ ਤੇ ਫਖਰ ਨਾਲ ਆਪਣੀਆਂ ਕੋਠੀਆਂ ਅਤੇ ਕਾਰਾਂ ਦੇ ਪਿੱਛੇ ਵਿਦੇਸ਼ੀ ਝੰਡਿਆਂ ਦੇ ਸਟਿੱਕਰ ਚਿਪਕਾ ਕੇ ਆਪਣੀ ਧੌਣ ਵਿੱਚ ਕਿੱਲਾ ਫਸਾਈ ਫਿਰਦੇ ਹਾਂ।
ਸਟੱਡੀ ਵੀਜ਼ੇ ਰਾਹੀਂ ਜਿੰਨਾ ਪੈਸਾ ਕਾਰਪੋਰੇਟ ਘਰਾਣਿਆਂ ਅਤੇ ਬਾਹਰਲੇ ਮੁਲਕਾਂ ਦੀਆਂ ਤਿਜੌਰੀਆਂ ਵਿੱਚ ਦਿਨ ਰਾਤ ਜਾ ਰਿਹਾ ਹੈ, ਜੇਕਰ ਗੁਰੂ ਸਾਹਿਬਾਨ ਦੇ ਕਹੇ ਅਨੁਸਾਰ ‘ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ’ ਦੇ ਧਾਰਨੀ ਬਣੀਏ ਤਾਂ ਰੋਟੀ ਖਾਤਰ ਸੱਤ ਸਮੁੰਦਰੋਂ ਪਾਰ ਜਾਣ ਵਾਲੇ ਜਹਾਜ਼ ਵਾਲੀ ਟਿਕਟ ਦੀ ਲੋੜ ਨਹੀਂ ਹੈ, ਆਪਣੇ ਘਰ ਪਰਿਵਾਰ ਦੇ ਨਾਲ ਪੰਜਾਬ ਵਿੱਚ ਰਹਿੰਦੇ ਹੋਏ ਵੀ ਰੋਟੀ ਬਹੁਤ ਚੰਗੀ ਖਾਧੀ ਜਾ ਸਕਦੀ ਹੈ।
ਰੋਟੀ ਗੀਤ ਦੀ ਵੀਡੀਓ ਅੰਦਰਲੇ ਸਮਾਜ ਸੇਵਕ ਨੇ ਤਾਂ ਰੋਟੀਆਂ ਮੰਗ-ਮੰਗ ਕੇ ਭੁੱਖੇ ਬੱਚਿਆਂ ਨੂੰ ਖਵਾ ਦਿੱਤੀਆਂ, ਪ੍ਰੰਤੂ ਅਜਿਹਾ ਹਰਗਿਜ਼ ਨਾ ਵਾਪਰੇ, ਇਸ ਲਈ ਸਾਡੀਆਂ ਸਰਕਾਰਾ ਨੂੰ ਚਾਹੀਦਾ ਹੈ ਕਿ ਰੋਟੀ ਲਈ ਹਰ ਇੱਕ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ, ਜਿਸ ਨਾਲ ਪੰਜਾਬ ਹੋਰ ਤਰੱਕੀ ਦੀਆਂ ਲੀਹਾਂ ਨੂੰ ਪਾਰ ਕਰਦੇ ਹੋਏ ਆਪਣੀ ਮੰਜ਼ਿਲ ਵੱਲ ਵਧਕੇ ਇਸਨੂੰ ਫਿਰ ਤੋਂ ਸੋਨੇ ਦੀ ਚਿੜੀ ਬਣਾਉਣ ਲਈ ਆਪਣਾ ਯੋਗਦਾਨ ਪਾਵੇ ਨਾ ਕਿ ਅੱਜ ਦੇ ਮੌਜੂਦਾ ਹਾਲਾਤ ਮੁਤਾਬਿਕ ਨੌਜਵਾਨਾਂ ਦੀ ਰੋਟੀ ਲਈ ਸਿਆਸਤਦਾਨ ਆਪੋ-ਆਪਣੀਆਂ ਰੋਟੀਆਂ ਸੇਕਣ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1609)
(ਸਰੋਕਾਰ ਨਾਲ ਸੰਪਰਕ ਲਈ: