ArvinderKSandhu7ਮਾਨਾ ਤਾਂ ਬਦਲਿਆ,   ਪਰ ਨਹੀਂ ਬਦਲੀ ਤਾਂ   ‘ਕਹਾਣੀ’   ਉਸ ਭੁੱਖੇ ਦਿਓ ਦੀ
(ਜੁਲਾਈ 26, 2016)



“ਫੁੱਲ ਤੇ ਕੁੜੀਆਂ” ਕਮਲਜੀਤ ਕੌਰ ਕਮਲ ਦੀ ਪਲੇਠੀ ਕਾਵਿ-ਰਚਨਾ ਹੈ। “ਰੇਡੀਓ ਸੱਚ ਦੀ ਗੂੰਜ” ਹਾਲੈਂਡ ਦੇ ਚੇਅਰਮੈਨ ਸ. ਹਰਜੋਤ ਸਿੰਘ ਸੰਧੂ ਮੁੱਖ ਸੰਪਾਦਕ “ਪੰਜਾਬੀ ਇਨ ਹਾਲੈਂਡ” ਦਾ ਵਿਸ਼ੇਸ਼ ਸਹਿਯੋਗ ਹੈ। ਇਸ ਅਦਾਰੇ ਦਾ ਮੁੱਖ ਮਨੋਰਥ ਸਾਮਾਜਿਕ ਕੁਰੀਤੀਆਂ
, ਭਰੂਣ ਹੱਤਿਆ, ਜਾਤੀਵਾਦੀ ਸਿਸਟਮ, ਨਸ਼ਿਆਂ ਵਿਰੁੱਧ ਸਮਾਜ ਨੂੰ ਜਾਗਿਰਤ ਕਰਨਾ ਅਤੇ ਪਰਵਾਸੀ ਪੰਜਾਬੀ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਉਘਾੜਨ ਅਤੇ ਉਨ੍ਹਾਂ ਨੂੰ ਲੋਕ ਭਲਾਈ ਲਈ ਉਤਸ਼ਾਹਿਤ ਕਰਨਾ ਹੈ

ਨਵੀਂ ਪੀੜ੍ਹੀ ਦੀਆਂ ਪੰਜਾਬੀ ਕਵਿੱਤਰੀਆਂ ਵਿੱਚ ਕਮਲਜੀਤ ਕੌਰ ਦਾ ਆਪਣਾ ਵਿਸ਼ੇਸ਼ ਸਥਾਨ ਹੈ। ਕਮਲਜੀਤ ਕੌਰ ਦੀਆਂ ਕਵਿਤਾਵਾਂ ਫੇਸਬੁੱਕ ਅਤੇ ਮੈਗਜ਼ੀਨਾਂ ਵਿੱਚ ਲੰਬੇ ਸਮੇਂ ਤੋਂ ਪ੍ਰਕਾਸ਼ਿਤ ਹੋ ਰਹੀਆਂ ਹਨ। ਇਹਨਾਂ ਦੀਆਂ ਰਚਨਾਵਾਂ ਨੂੰ “ਸਿਰਜਣਹਾਰੀਆਂ” ਕਾਵਿ-ਸੰਗ੍ਰਹਿ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ। ਉਸਦੀਆਂ ਬਹੁਤੀਆਂ ਕਵਿਤਾਵਾਂ ਕੁੜੀਆਂ/ਧੀਆਂ ਨੂੰ ਸੰਬੋਧਨੀ ਰੂਪ ਵਿੱਚ ਮੁਖਾਤਿਬ ਹੁੰਦੀਆਂ ਹਨ। ਉਸਦੇ ਮਨ ਵਿੱਚ ਧੀਆਂ ਪ੍ਰਤੀ ਪਿਆਰ ਅਤੇ ਹੋਂਦ ਦਾ ਨਿੱਘਾ ਅਹਿਸਾਸ ਵੀ ਨਿਰੰਤਰ ਬਣਿਆ ਹੋਇਆ ਹੈ।

ਕਮਲਜੀਤ ਕੌਰ ਆਪਣੇ ਆਲੇ-ਦੁਆਲੇ ਸੱਚ ਦੇਖਣਾ ਚਾਹੁੰਦੀ ਹੈ, ਜੋ ਆਪਣੇ ਲਈ ਹੀ ਨਹੀਂ ਬਲਕਿ ਪੂਰੇ ਸਮਾਜ ਲਈ ਹੈ। ਕਮਲਜੀਤ ਕੌਰ ਨੇ ਇਸ ਕਾਵਿ-ਸੰਗ੍ਰਹਿ ਵਿੱਚ ਪੰਜਾਬ ਅਤੇ ਕਿਸਾਨ ਦੀ ਮਾੜੀ ਹਾਲਤ ਦਾ ਵਰਨਣ ਵੀ ਭਾਵਪੂਰਤ ਸ਼ਬਦਾਂ ਵਿੱਚ ਕੀਤਾ ਹੈ।

“ਅੰਨ ਭਗਵਾਨ” ਅਤੇ “ਮੇਰੇ ਦੇਸ਼ ਦੇ ਕਿਸਾਨਾ” ਰਚਨਾਵਾਂ ਦੇ ਨਾਂ ਵਰਨਣਯੇਗ ਹਨ। ਕਾਵਿ-ਸੰਗ੍ਰਹਿ “ਫੁੱਲ ਤੇ ਕੁੜੀਆਂ” ਵਿਚਲੀਆਂ ਸਾਰੀਆਂ ਹੀ ਕਵਿਤਾਵਾਂ ਅਤੇ ਗੀਤ ਪੜੜਨ ਅਤੇ ਵਿਚਾਰਨ ਯੋਗ ਹਨ। ਕਮਲਜੀਤ ਕੌਰ ਨੇ ਆਪਣੀ ਇਸ ਕਾਵਿ-ਪੁਸਤਕ ਵਿਚ ਇੱਕ ਔਰਤ ਦੇ ਦਿਲ ਦਾ ਹਾਲ, ਹਾਵ ਭਾਵ, ਮਨੋ-ਦਸ਼ਾ, ਅੱਡ ਅੱਡ ਹਾਲਾਤ ਉਸ ਨੂੰ ਵੱਖ -ਵੱਖ ਮੌਕਿਆਂ ਤੇ ਕਿਵੇਂ ਟੱਕਰਦੇ ਨੇ, ਉਨ੍ਹਾਂ ਪਲਾਂ ਦੀ ਬਾਤ ਪਾਈ ਹੈ ਕਮਲਜੀਤ ਕੌਰ ਦੀ ਕਵਿਤਾ ਵਿੱਚ ਸਾਰੇ ਰੰਗ ਹਨਜਿੱਥੇ ਉਹ ਔਰਤ ਦੀ ਕੋਮਲਤਾ, ਉਸ ਦੇ ਬਿਰਹਾ ਅਤੇ ਨਾਜ਼ੁਕ ਅਹਿਸਾਸਾਂ ਦੀ ਗੱਲ ਕਰਦੀ ਹੈ, ਉੱਥੇ ਔਰਤ ਦੀ ਤਾਕਤ ਤੋਂ ਵੀ ਵਾਕਫ਼ ਹੈ

ਸਦੀਆਂ ਤੋਂ ਦੱਬੀ ਭਾਰਤੀ ਨਾਰੀ ਨੂੰ ਇਨਸਾਫ਼ ਦਿਵਾਉਣ ਲਈ ਜਿੱਥੇ ਸਾਹਿਤਕ ਪੱਧਰ ’ਤੇ ਗੱਲ ਹੋਣੀ ਸ਼ੁਰੂ ਹੋਈ ਹੈ, ਉੱਥੇ ਵਿਹਾਰਕ ਪੱਧਰ ’ਤੇ ਵੀ ਹੋਣੀ ਲਾਜ਼ਮੀ ਹੈ, ਕਿਉਂਕਿ ਅਜੋਕੇ ਭਾਰਤੀ ਸਮਾਜ ਵਿੱਚ  ਵਿਹਾਰਕ ਪੱਧਰ ’ਤੇ ਉਹੀ ਜੁੱਗਾਂ ਪੁਰਾਣੀ ਮਾਨਸਿਕਤਾ ਕਾਇਮ ਹੈ, ਜਿੱਥੇ ਜਨਮ ਸਮੇਂ ਕੁੜੀ ਨੂੰ ਗਲ਼ ਘੁੱਟ ਕੇ ਜਾਂ ਜ਼ਹਿਰ ਦੇ ਕੇ ਮਾਰਨ ਦੀ ਗੱਲ ਸੀ, ਉਸ ਦੀ ਥਾਂ ਹੁਣ ਭਰੂਣ ਹੱਤਿਆ ਦੇ ਕੁਕਰਮ ਨੇ ਲੈ ਲਈਆਜ਼ਾਦ ਭਾਰਤ ਵਿੱਚ ਵੀ ਸੰਤਾਪ ਹੰਢਾਉਂਦੀ ਨਾਰੀ ਜਾਤੀ ਲਈ ਕਮਲਜੀਤ ਕੌਰ ਨੇ ਕਈ ਅਰਥ ਭਰਪੂਰ ਨਜ਼ਮਾਂ ਲਿਖੀਆਂ ਹਨ ਜਿਨ੍ਹਾਂ ਵਿੱਚੋਂ ਇਕ ਹੈ:

        ਦਿਓ

ਛੋਟੇ ਹੁੰਦਿਆਂ ਦਾਦੀ ਮੇਰੀ,
ਸਣਾਉਂਦੀ ਸੀ ਕਹਾਣੀ।
ਇੱਕ ਦਿਓ ਦੀ!
ਜੋ ਚੁੱਕ ਕੇ ਲੈ ਜਾਂਦਾ ਸੀ,
ਪਿੰਡ ’ਚੋਂ ਕੋਈ ਵੀ ਕੁੜੀ

ਮੰਨ ਜਾਂਦੀ ਸੀ ਮੈਂ ਉਵੇਂ

ਪਰ ਹੁਣ ਸਮੇਂ ਦੇ ਨਾਲ,
ਵਿਗਿਆਨਕ ਜੁੱਗ ਵਿੱਚ,
ਮੇਰੀ ਸੋਚਣੀ ਵਿਕਸਤ ਹੋਈ,
ਸਮਝ ਆ ਗਿਆ ਮੈਨੂੰ

ਦਿਓ ਤਾਂ ਹੁਣ ਵੀ
ਜਿਊਂਦੈ
, ਜਾਗਦੈ 
ਅਖ਼ਬਾਰਾਂ ਵਿਚ ਨਿੱਤ,
ਸੁਰਖੀਆਂ ਵੀ ਬਟੋਰਦੈ

ਧੀਆਂ ਵੀ ਚੁੱਕਦੈ

ਜ਼ਮਾਨਾ ਤਾਂ ਬਦਲਿਆ,
ਪਰ ਨਹੀਂ ਬਦਲੀ ਤਾਂ
‘ਕਹਾਣੀ’
ਉਸ ਭੁੱਖੇ ਦਿਓ ਦੀ

ਕਮਲਜੀਤ ਕੌਰ ਨੇ ਸਮੁੱਚੇ ਕਾਵਿ-ਸੰਗ੍ਰਹਿ ਦਾ ਨਿਚੋੜ ਪਾਠਕ ਦੀ ਤਲੀ ’ਤੇ ਰੱਖ ਦਿੱਤਾ ਹੈ:

“ਕਲਮ ਦਾ ਕੋਈ ਵਤਨ ਨਹੀਂ ਹੁੰਦਾ”

ਕਲਮ ਤਾਂ ਆਜ਼ਾਦ ਹੁੰਦੀ
ਟੱਪਦੀ ਸਰਹੱਦਾਂ
ਭੁੱਲ ਜਾਂਦੀ ਸਾਰੀਆਂ ਹੱਦਾਂ
ਨਾ ਡਰੇ ਨਾ ਤੌਬਾ ਕਰੇ

ਕਰੇ ਤਾਂ ਕਰੇ
ਸੱਚੀਆਂ ਤੇ ਖਰੀਆਂ ਗੱਲਾਂ।

ਕਮਲਜੀਤ ਕੌਰ ਦੀ ਕਲਮ ਆਪਣੇ ਵਤਨ, ਕੌਮ, ਸਮਾਜ, ਦੱਬੇ-ਕੁਚਲੇ ਅਵਾਮ ਦੇ ਹਿਤਾਂ ਲਈ ਨਿਰੰਤਰ ਜੂਝਦੀ ਰਹੇ।

ਪੰਜਾਬੀ ਸਾਹਿਤ ਦੇ ਅੰਬਰ ਵਿੱਚ ਉਸ ਦੀ ਇਹ ਭਰਵੀਂ ਤੇ ਮਨਮੋਹਕ ਉਡਾਣ ਦੱਸਦੀ ਹੈ ਕਿ ਉਹ ਜਲਦੀ ਹੀ ਸਾਹਿਤ ਗਗਨ ਵਿੱਚ ਆਪਣੇ ਹਿੱਸੇ ਦਾ ਆਕਾਸ਼ ਮੱਲ ਲਵੇਗੀ।

ਕਮਲਜੀਤ ਕੌਰ ਦੀ ਪੁਸਤਕ “ਫੁੱਲ ਤੇ ਕੁੜੀਆਂ” ਨਵੀਂ ਚਰਚਾ ਦਾ ਸਬੱਬ ਬਣੇਗੀ ਤੇ ਕਾਵਿ-ਜਗਤ ਅੰਦਰ ਨਵੀਆਂ ਦਿਸ਼ਾਵਾਂ ਦੀ ਗੱਲ ਤੋਰੇਗੀ।

ਮੈਂ ਉਸ ਦੀ ਪਲੇਠੀ ਕਿਤਾਬ ਦੀ ਆਮਦ ਤੇ ਉਸ ਨੂੰ ਵਧਾਈ ਦਿੰਦੀ ਹੋਈ ਦਿਲੋਂ ਖੁਸ਼ੀ ਮਹਿਸੂਸ ਕਰ ਰਹੀ ਹਾਂ।

*****

(367)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)