RajwinderHundal7ਔੜ ਦੇ ਬੀਜ ਨਾਵਲ ਵਿਚ ਕਿਰਸਾਨਾਂ ਅਤੇ ਕਿਰਤੀਆਂ ਦੇ ਜੀਵਨ ਦੇ ਦੁੱਖਮਈ ਚਿੱਤਰਾਂ ਨੂੰ ...
(ਜੂਨ 6, 2016)

 

ਜਸਬੀਰ ਮੰਡ ਦਾ ਨਾਵਲ ਔੜ ਦੇ ਬੀਜ 1986 ਈ: ਵਿਚ ਪ੍ਰਕਾਸ਼ਿਤ ਹੋਇਆ। ਇਸ ਆਂਚਲਿਕ ਨਾਵਲ ਦਾ ਘਟਨਾ-ਸਥਾਨ ਹਿਰਦਾਪੁਰ ਪਿੰਡ ਹੈ। ਇਸਦੇ ਕਥਾ-ਵਸਤੂ ਦਾ ਸੰਬੰਧ ਪੰਜਾਬ ਦੀ ਕਿਰਸਾਨੀ ਦੇ ਨਿਰੰਤਰ ਡੂੰਘੇ ਹੋ ਰਹੇ ਆਰਥਿਕ ਅਤੇ ਸਭਿਆਚਾਰਕ ਸੰਕਟ ਨਾਲ ਹੈ। ਇਸਦਾ ਸਿਰਲੇਖ ਪ੍ਰਤੀਕਾਤਮਕ ਪੱਧਰ ’ਤੇ ਇਸੇ ਸੰਕਟ ਦੀ ਅਭਿਵਿਅਕਤੀ ਕਰਦਾ ਹੈ। ਨਾਵਲਕਾਰ ਨੇ ਇਸ ਨਾਵਲ ਬਾਰੇ ਜੋ ਧਾਰਨਾ ਪ੍ਰਸਤੁਤ ਕੀਤੀ ਹੈ, ਉਸ ਤੋਂ ਇਸਦੇ ਆਰਥਿਕ ਅਤੇ ਸਭਿਆਚਾਰਕ ਸੰਦਰਭ ਬਾਰੇ ਮਹੱਤਵਪੂਰਨ ਸੰਕੇਤ ਪ੍ਰਾਪਤ ਹੁੰਦੇ ਹਨ। ਉਸਦਾ ਕਥਨ ਹੈ:

ਇਹ ਹੈ ਔੜ ਦੇ ਬੀਜ ਇਕ ਆਂਚਲਿਕ ਨਾਵਲ। ਕਥਾਨਕ ਹੈ ਹਿਰਦਾਪੁਰ। ਹਿਰਦਾਪੁਰ ਜੋ ਇਸ ਸਮੇਂ ਆਪਣੇ ਇਤਿਹਾਸ ਵਿਚ ਸਭ ਤੋਂ ਵੱਧ ਸੰਕਟ ਵਿਚ ਗੁਜ਼ਰ ਰਿਹਾ ਹੈ। ਇਸ ਦੇ ਨਾਇਕਾਂ ਨੂੰ ਸਦਾ ਲਈ ਬੀਮਾਰ ਹੋਣ ਦਾ ਖ਼ਤਰਾ ਹੈ। ਔੜ ਵਿਚ ਜੰਮੇ ਇਹ ਬੀਜ, ਸਦੀਆਂ ਤੋਂ ਪਾਣੀ ਦੀ ਉਡੀਕ ਵਿਚ ਨੇ। ਕਦੇ ਦਿਸ਼ਾ ਵਿਚ, ਕਦੇ ਦਿਸ਼ਾਹੀਣ ...(1)

ਇਸ ਨਾਵਲ ਵਿਚਲੇ ਕਾਰਜ ਦਾ ਸਮਾਂ ਉਤਰ ਸੁਤੰਤਰਤਾ ਕਾਲ ਦਾ ਹੈ। ਉਸ ਤਰ੍ਹਾਂ ਤਾਂ ਆਧੁਨਿਕੀਕਰਣ ਦਾ ਅਮਲ ਅੰਗਰੇਜ਼ਾਂ ਦੀ ਆਮਦ ਤੋਂ ਬਾਅਦ ਪੂਰਵ ਸੁਤੰਤਰਤਾ ਕਾਲ ਵਿਚ ਹੀ ਸ਼ੁਰੂ ਹੋ ਗਿਆ ਸੀ ਪਰ ਉਤਰ ਸੁਤੰਤਰਤਾ ਕਾਲ ਵਿਚ ਇਸਦੀ ਗਤੀ ਤੇਜ਼ ਹੋ ਜਾਂਦੀ ਹੈ। ਨਾਵਲ ਦੇ ਪਹਿਲੇ ਕਾਂਡ ਵਿਚ ਉਦਯੋਗੀਕਰਣ ਅਤੇ ਮਸ਼ੀਨੀਕਰਣ ਕਰਕੇ ਪੰਜਾਬੀ ਸਭਿਆਚਾਰ ਵਿਚ ਹੋ ਰਹੇ ਰੂਪਾਂਤਰਣ ਦੀ ਸੂਚਨਾ ਦਿੱਤੀ ਗਈ ਹੈ। ਰੂਪਾਂਤਰਣ ਦੀ ਇਹ ਪ੍ਰਕਿਰਿਆ ਜੀਵਨ ਦੇ ਹਰ ਖੇਤਰ ਵਿਚ ਵਾਪਰਦੀ ਹੈ। ਪੰਜਾਬੀਆਂ ਦੇ ਮੁੱਖ ਕਿੱਤੇ ਖੇਤੀਬਾੜੀ ਤੋਂ ਆਰੰਭ ਹੋ ਕੇ ਉਨ੍ਹਾਂ ਦੇ ਰਹਿਣ-ਸਹਿਣ ਦੇ ਹਰੇਕ ਪੱਖ ਵਿਚ ਹੀ ਇਸ ਪ੍ਰਕਿਰਿਆ ਨੂੰ ਵਾਪਰਦੇ ਹੋਏ ਵੇਖਿਆ ਜਾ ਸਕਦਾ ਹੈ। ਪੰਜਾਬ ਦੇ ਪਰੰਪਰਾਗਤ ਸਭਿਆਚਾਰ ਦੀਆਂ ਕਦਰਾਂ-ਕੀਮਤਾਂ ਟੁੱਟਦੀਆਂ ਹਨ ਅਤੇ ਇਸਦੀ ਥਾਂ ਜੀਵਨ ਦੇ ਨਵੇਂ ਸਰੋਕਾਰ ਉੱਭਰਦੇ ਹਨ। ਰੂਪਾਂਤਰਣ ਦੀ ਇਸ ਪ੍ਰਕਿਰਿਆ ਵਿਚ ਮਾਸ-ਮੀਡੀਆ, ਟੀ.ਵੀ., ਫਿਲਮਾਂ ਅਤੇ ਨਵੀਂ ਵਿੱਦਿਆ ਵੱਡਾ ਯੋਗਦਾਨ ਪਾਉਂਦੇ ਹਨ। ਧਾਰਮਿਕ ਸ਼ਰਧਾ ਘਟਦੀ ਹੈ ਅਤੇ ਨੀਵੀਆਂ ਜਾਤੀਆਂ ਵਿਚ ਆਪਣੀ ਸਥਿਤੀ ਬਾਰੇ ਜਾਗ੍ਰਤੀ ਦਾ ਉਥਾਨ ਹੁੰਦਾ ਹੈ। ਵਹਿਮਾਂ-ਭਰਮਾਂ ਦੇ ਸਥਾਨ ’ਤੇ ਤਾਰਕਿਕਤਾ ਨੂੰ ਪਹਿਲ ਦਿੱਤੀ ਜਾਣ ਲਗਦੀ ਹੈ। ਇਸ ਤਰ੍ਹਾਂ ਨਵੇਂ ਧੰਦਿਆਂ ਦੀ ਭਾਲ ਵਿਚ ਪਿੰਡਾਂ ਅਤੇ ਸ਼ਹਿਰਾਂ ਦਾ ਆਪਸੀ ਸੰਪਰਕ ਵਧਣ ਲੱਗਦਾ ਹੈ। ਨਾਵਲਕਾਰ ਨੇ ਨਾਵਲ ਦੇ ਆਰੰਭਲੇ ਭਾਗ ਵਿਚ ਹੀ ਪੰਜਾਬੀ ਸਭਿਆਚਾਰ ਦੇ ਇਸ ਰੂਪਾਂਤਰਣ ਦੇ ਵਿਭਿੰਨ ਪਾਸਾਰਾਂ ਬਾਰੇ ਸੰਖਿਪਤ ਜਾਣਕਾਰੀ ਦਿੱਤੀ ਹੈ। ਰੂਪਾਂਤਰਣ ਦੀ ਇਸ ਪ੍ਰਕਿਰਿਆ ਵਿਚ ਜਿੱਥੇ ਆਰਥਿਕ ਸਾਧਨਾਂ ਦੀਆਂ ਮਾਲਕ ਸ਼੍ਰੇਣੀਆਂ ਦੇ ਜੀਵਨ ਦਾ ਕਾਇਆ-ਕਲਪ ਹੋ ਜਾਂਦਾ ਹੈ, ਉੱਥੇ ਨੀਵੀਆਂ ਜਾਤੀਆਂ ਦੇ ਜੀਵਨ-ਪੱਧਰ ਵਿਚ ਕੋਈ ਵਿਸ਼ੇਸ਼ ਪਰਿਵਰਤਨ ਨਹੀਂ ਵਾਪਰਦਾ। ਉਨ੍ਹਾਂ ਦਾ ਜੀਵਨ ਪੱਧਰ ਸਾਪੇਖਿਕ ਪ੍ਰਸੰਗ ਵਿਚ ਖੜੋਤ ਦੀ ਸਥਿਤੀ ਵਿਚ ਹੀ ਨਜ਼ਰ ਆਉਂਦਾ ਹੈ। ਨਾਵਲ ਹੱਡੇ ਰੋੜੇਅਤੇ ਗਿਰਝਾਂਦੇ ਚਿਹਨਾਂ ਰਾਹੀਂ ਉਨ੍ਹਾਂ ਦੇ ਪੀੜ੍ਹੀ-ਦਰ-ਪੀੜ੍ਹੀ ਹੋ ਰਹੇ ਸ਼ੋਸ਼ਣ ਨੂੰ ਪ੍ਰਤਿਬਿੰਬਤ ਕਰਦਾ ਹੋਇਆ ਲਿਖਦਾ ਹੈ:

ਸਭ ਕੁਝ ਬਦਲ ਗਿਆ ਹੈ ... ਪਰ ਨਾ ਤਾਂ ਪਿੰਡ ਦੇ ਛਿਪਦੇ ਵਲ ਹੱਡਾ ਰੋੜੀ ਦੀ ਥਾਂ ਬਦਲੀ ਹੋਈ। ... ਤੇ ਨਾ ਹੀ ਗਿਰਝਾਂ ਦਾ ਆਉਣਾ ਜਾਣਾ ...।(2)

ਔੜ ਦੇ ਬੀਜ ਨਾਵਲ ਦਾ ਵੱਡਾ ਭਾਗ ਖਾਂਦੀ ਪੀਂਦੀ ਕਿਰਸਾਨੀ ਦੇ ਪ੍ਰਤੀਨਿਧ ਪਾਤਰ ਬਖਸ਼ੀਸ਼ ਸਿੰਘ ਦੇ ਪਰਿਵਾਰ ਦੇ ਇਰਦ-ਗਿਰਦ ਉੱਸਰਿਆ ਹੈ। ਇਸ ਪਰਿਵਾਰ ਦੇ ਤਿੰਨ ਪੁੱਤਰ ਹਨ। ਸਭ ਤੋਂ ਵੱਡਾ ਪੁੱਤਰ ਜੱਗਾ ਪੜ੍ਹਿਆ-ਲਿਖਿਆ ਹੋਣ ਦੇ ਬਾਵਜੂਦ ਬੇਰੁਜ਼ਗਾਰ ਹੈ। ਇਸ ਲਈ ਉਸਨੂੰ ਮਜਬੂਰ ਹੋ ਕੇ ਖੇਤੀਬਾੜੀ ਦੇ ਧੰਦੇ ਵਿਚ ਹੀ ਲੱਗਣਾ ਪੈਂਦਾ ਹੈ। ਪਰਿਵਾਰ ਦਾ ਦੂਜਾ ਪੁੱਤਰ ਦਾਰਾ ਨੌਕਰੀ ਕਰਦਾ ਹੈ। ਪਰ ਇਸ ਨਾਲ ਵੀ ਪਰਿਵਾਰ ਦੇ ਜੀਵਨ ਨੂੰ ਖੁਸ਼ਹਾਲ ਬਣਾਉਣ ਵਿੱਚ ਕੋਈ ਵਿਸ਼ੇਸ਼ ਮਦਦ ਨਹੀਂ ਮਿਲਦੀ। ਬਖਸ਼ੀਸ਼ ਸਿੰਘ ਦਾ ਤੀਸਰਾ ਪੁੱਤਰ ਜੱਸਾ ਪਹਿਲਾਂ ਵਿਦਿਆਰਥੀ ਦੇ ਰੂਪ ਵਿਚ ਪ੍ਰਸਤੁਤ ਹੁੰਦਾ ਹੈ। ਉਹ ਵੀ ਵਿੱਦਿਆ ਮੁਕੰਮਲ ਕਰਨ ਤੋਂ ਬਾਅਦ ਕੋਈ ਨੌਕਰੀ ਪ੍ਰਾਪਤ ਕਰਨ ਤੋਂ ਅਸਮਰੱਥ ਰਹਿੰਦਾ ਹੈ। ਉਸਦੀ ਨਿਰਾਸ਼ਾ ਦਾ ਦੂਜਾ ਪਹਿਲੂ ਇਹ ਹੈ ਕਿ ਉਹ ਆਪਣੀ ਪ੍ਰੇਮਿਕਾ ਜਸਵਿੰਦਰ ਨੂੰ ਵੀ ਪ੍ਰਾਪਤ ਨਹੀਂ ਕਰ ਸਕਿਆ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਇਸ ਪਰਿਵਾਰ ਦੇ ਆਰਥਿਕ ਅਤੇ ਸਭਿਆਚਾਰਕ ਜੀਵਨ ਵਿਚ ਕਈ ਪ੍ਰਕਾਰ ਦੀਆਂ ਤ੍ਰੇੜਾਂ ਹਨ। ਇਸ ਬਿਰਤਾਂਤ ਦੇ ਸਮਾਨਾਂਤਰ ਹੋਰਨਾਂ ਪਰਿਵਾਰਾਂ ਨਾਲ ਸੰਬੰਧਿਤ ਸਹਾਇਕ ਕਥਾ ਪ੍ਰਸੰਗ ਵੀ ਗਤੀਸ਼ੀਲ ਹੁੰਦੇ ਹਨ, ਜਿਨ੍ਹਾਂ ਵਿੱਚੋਂ ਪੰਜਾਬ ਦੀ ਕਿਰਸਾਨੀ ਦੀਆਂ ਆਰਥਿਕ ਮੁਸ਼ਕਲਾਂ ਅਤੇ ਸਭਿਆਚਾਰਕ ਉਲਾਰਾਂ ਦਾ ਬੋਧ ਹੁੰਦਾ ਹੈ। ਇਨ੍ਹਾਂ ਸਭਿਆਚਾਰਕ ਉਲਾਰਾਂ ਵਿਚ ਆਰਥਿਕ ਮੁਸ਼ਕਲਾਂ ਕਰਕੇ ਵਿਆਹ ਨਾ ਹੋ ਸਕਣਾ, ਦਿਉਰ-ਭਾਬੀਆਂ ਦੇ ਵਰਜਿਤ ਜਿਣਸੀ ਗੱਠਜੋੜ, ਘਰ ਵਿਚ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਕਲੇਸ਼ ਅਤੇ ਖੁਦਕੁਸ਼ੀ ਵਰਗੀਆਂ ਅਮਾਨਵੀ ਘਟਨਾਵਾਂ ਵੀ ਵਾਪਰਦੀਆਂ ਹਨ।

ਨਾਵਲ ਵਿਚਲੇ ਸਹਾਇਕ ਕਥਾ-ਪ੍ਰਸੰਗਾਂ ਵਿਚ ਭੂਮੀਹੀਣ ਕਿਰਤੀਆਂ ਅਤੇ ਨਿਮਨ-ਜਾਤੀਆਂ  ਦੇ ਪਾਤਰਾਂ ਉੱਪਰ ਵੀ ਦ੍ਰਿਸ਼ਟੀ ਕੇਂਦਰਿਤ ਕੀਤੀ ਗਈ ਹੈ। ਇਸ ਸੰਦਰਭ ਵਿਚ ਬਖਸ਼ੀਸ਼ ਸਿੰਘ ਦੇ ਸਾਂਝੀ ਕੇਹਰੇ ਦਾ ਕਿਰਦਾਰ ਪ੍ਰਤੀਨਿਧ ਪਾਤਰ ਦੇ ਰੂਪ ਵਿਚ ਉਜਾਗਰ ਹੁੰਦਾ ਹੈ। ਇਸ ਪਾਤਰ ਦੀ ਕਾਰਜਸ਼ੀਲਤਾ ਅਤੇ ਚੇਤਨਾ ਦੇ ਦਵੰਦਾਂ ਨੂੰ ਵੀ ਵਿਭਿੰਨ ਘਟਨਾਵਾਂ ਦੀ ਮਦਦ ਨਾਲ ਚਿਤਰਿਆ ਗਿਆ ਹੈ। ਕੇਹਰੇ ਦੀ ਘਰੇਲੂ ਜ਼ਿੰਦਗੀ ਏਨੀ ਥੁੜਾਂ ਭਰੀ ਹੈ ਕਿ ਉਹ ਪਰਿਵਾਰ ਦੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਵੀ ਨਹੀਂ ਕਰ ਸਕਦਾ। ਇਸ ਕਾਰਨ ਉਹ ਮਾਨਸਿਕ ਸੰਕਟ ਦਾ ਭਾਗੀ ਬਣਦਾ ਹੈ। ਉਸਦਾ ਮਾਨਸਿਕ ਸੰਤਾਪ ਉਸਦੇ ਜੀਵਨ ਦਾ ਕਠੋਰ ਯਥਾਰਥ ਹੈ ਪਰ ਨਾਵਲਕਾਰ ਨੇ ਇਸਨੂੰ ਹਾਸ-ਵਿਅੰਗ ਦੀ ਜੁਗਤ ਰਾਹੀਂ ਅਰਥ ਭਰਪੂਰ ਪੈਟਰਨ ਵਿਚ ਢਾਲਿਆ ਹੈ। ਉਸਦੇ ਮਨ ਅੰਦਰ ਸਵੈ-ਵਿਸ਼ਲੇਸ਼ਣ ਦੀ ਇਕ ਲਹਿਰ ਚੱਲਦੀ ਹੈ ਅਤੇ ਉਹ ਆਪਣੀ ਨਿਗੂਣੀ ਹੋਂਦ ਨੂੰ ਕੁੱਤੇ ਨਾਲ ਤੁਲਨਾ ਦਿੰਦਾ ਹੋਇਆ ਨਿਮਨ-ਲਿਖਤ ਮਨੋਬਚਨੀ ਦੇ ਰੂਪ ਵਿਚ ਅਭਿਵਿਅਕਤ ਕਰਦਾ ਹੈ:

ਮੈਂ ਕਿਹਾ ਸੋਹਣਿਓ ਤੂੰਹੀ ਚੰਗੈ ... ਸੂਟ ਤਾਂ ਨਹੀ ਮੰਗਦੀ ਅਗਲੀ ... ਜਿਹੜੀ ਮਰਜੀ ਸਾਂਭ ਲੈ ਠੰਢ ਜੀ ਦੇਖ ਕੇ ... ਜਾ ... ਜਾਹ ਚੰਗੀ ਲਿਖਾ ਕੇ ਆਇਆਂ ... ਐਧਰ ਦੇਖ ਲੈ ਕੇਹਰ ਸੀਅ ਦਾ ਹਾਲ ਇਕ ਬਾਂਹ ਏ ਉਤਰਗੀ ....।(3)

ਖੇਤੀਬਾੜੀ ਦੇ ਮਸ਼ੀਨੀਕਰਣ ਨਾਲ ਬਲਦਾਂ ਦੀ ਥਾਂ ਤੇ ਟਰੈਕਟਰਾਂ ਦੀ ਵਰਤੋਂ ਦਾ ਸਿਲਸਿਲਾ ਆਰੰਭ ਹੁੰਦਾ ਹੈ। ਜਦੋਂ ਬਖਸ਼ੀਸ਼ ਸਿੰਘ ਵਰਗੇ ਹੋਰ ਜ਼ਿੰਮੀਦਾਰ ਨਵੇਂ ਟਰੈਕਟਰ ਖਰੀਦ ਲੈਂਦੇ ਹਨ ਤਾਂ ਉਸਦੇ ਮਨ ਵਿਚ ਵੀ ਟਰੈਕਟਰ ਖਰੀਦਣ ਦੇ ਸੁਪਨੇ ਮਚਲਣ ਲੱਗਦੇ ਹਨ। ਉਹ ਵੀ ਰੱਖੇ ਤੇ ਸੁੱਚੇ ਹੁਰਾਂ ਦੀ ਤਰ੍ਹਾਂ ਟਰੈਕਟਰ ਦਾ ਮਾਲਕ ਬਣਨਾ ਚਾਹੁੰਦਾ ਹੈ। ਭਾਵੇਂ ਇਹ ਉਸ ਲਈ ਅਪਹੁੰਚ ਹੈ ਪਰ ਉਹ ਇਸਨੂੰ ਇੱਕ ਚਣੌਤੀ ਦੇ ਰੂਪ ਵਿਚ ਸਵੀਕਾਰ ਕਰਦਾ ਹੈ।  ਇਸਦਾ ਕਾਰਨ ਇਹ ਹੈ ਕਿ ਇਸ ਨਾਲ ਉਸਦੀ ਜਾਗੀਰਦਾਰੀ ਹਉਂ ਦੀ ਤ੍ਰਿਪਤੀ ਹੁੰਦੀ ਹੈ। ਉਹ ਅਤੇ ਉਸਦਾ ਪੁੱਤਰ ਜੱਗਾ ਇਨ੍ਹਾਂ ਸੁਪਨਿਆਂ ਦੀ ਕਾਲਪਨਿਕ ਪੂਰਤੀ ਲਈ ਸ਼ਰਾਬ ਦਾ ਆਸਰਾ ਲੈਂਦੇ ਹਨ। ਇਨ੍ਹਾਂ ਸੁਪਨਿਆਂ ਦੀ ਵਾਸਤਵਿਕ ਪੂਰਤੀ ਕਰਜ਼ਾ ਲੈ ਕੇ ਨਵਾਂ ਟਰੈਕਟਰ ਖਰੀਦਣ ਦੇ ਰੂਪ ਵਿਚ ਹੀ ਸੰਭਵ ਹੁੰਦੀ ਹੈ। ਇਸ ਘਟਨਾ ਨਾਲ ਵੀ ਇਸ ਪਰਿਵਾਰ ਦੇ ਸਭਿਆਚਾਰਕ ਜੀਵਨ ਵਿਚ ਕਿਸੇ ਪ੍ਰਕਾਰ ਦਾ ਹੁਲਾਸ ਨਹੀਂ ਮਿਲਦਾ। ਜਾਤੀਗਤ ਹਉਂ ਦੀ ਪੱਧਰ ’ਤੇ ਤਾਂ ਬਖਸ਼ੀਸ਼ ਸਿੰਘ ਆਪਣੇ-ਆਪ ਨੂੰ ਉੱਪਰਲੀ ਸ਼੍ਰੇਣੀ ਵਿਚ ਗਿਣਨ ਲੱਗਦਾ ਹੈ ਪਰ ਵਾਸਤਵਿਕ ਸਥਿਤੀ ਇਸ ਤੋਂ ਭਿੰਨ ਹੈ। ਖੇਤੀਬਾੜੀ ਲਈ ਲੋੜੀਂਦੀਆਂ ਵਸਤਾਂ ਦੀਆਂ ਕੀਮਤਾਂ ਵਿਚ ਬਹੁਤ ਜ਼ਿਆਦਾ ਵਾਧਾ ਹੋਣ ਕਰਕੇ, ਟਰੈਕਟਰ ਦੀਆਂ ਕਿਸ਼ਤਾਂ ਵੇਲੇ ਸਿਰ ਨਹੀਂ ਮੁੜਦੀਆਂ। ਇਸ ਨਾਲ ਘਰ ਵਿੱਚ ਪਹਿਲਾਂ ਤੋਂ ਚਲੀ ਆ ਰਹੀ ਟੁੱਟ-ਭੱਜ ਹੋਰ ਵਧ ਜਾਂਦੀ ਹੈ ਅਤੇ ਪਰਿਵਾਰਕ ਜੀਵਨ ਕਲੇਸ਼ ਦਾ ਅਖਾੜਾ ਬਣ ਜਾਂਦਾ ਹੈ। ਪਰਿਵਾਰ ਦੇ ਸਾਰੇ ਮੈਂਬਰ ਇਕ ਦੂਜੇ ਦੇ ਖਿਲਾਫ਼ ਤਣ ਜਾਂਦੇ ਹਨ। ਚਾਹ ਨਾ ਬਣਾਉਣ ਦੀ ਆਮ ਜਿਹੀ ਘਟਨਾ ਤੋਂ ਵੀ ਨੂੰਹ-ਸੱਸ ਵਿਚਕਾਰ ਤਾਹਨੇ-ਬਾਜ਼ੀ ਸ਼ੁਰੂ ਹੋ ਜਾਂਦੀ ਹੈ। ਨਾਵਲਕਾਰ ਇਸ ਸਥਿਤੀ ਨੂੰ ਵੀ ਸੰਕਟਮਈ ਆਰਥਿਕਤਾ ਦੀ ਪ੍ਰਿਸ਼ਟਭੂਮੀ ਵਿਚ ਉਜਾਗਰ ਕਰਦਾ ਹੋਇਆ ਹੇਠ ਲਿਖੇ ਸੰਵਾਦ ਰਾਹੀਂ ਅੰਕਿਤ ਕਰਦਾ ਹੈ:

ਹੁਣ ਤੱਕ ਆਪਣੇ ਜਣਦਿਆਂ ਨੂੰ ਰੋਂਦੀ ਤੀ ... ਮੱਟ ਬਣੀ ਬੈਠੀ ਰਹੀ।
“ਸਿਰ ਦੁੱਖਦਾ ਤਾ ਬੀਬੀ ... ਨਹੀਂ ਅੱਗੇ ਕਦੇ ਮੈਂ ...।
“ਮੈਂ ਜਾਣਦੀ ... ਭੌਂਕਦੀ ਕੁੱਤੀ ...।(4)

ਪਰਿਵਾਰ ਦੇ ਛੋਟੇ ਪੁੱਤਰ ਜੱਸੇ ਦਾ ਬੇਰੁਜ਼ਗਾਰੀ ਵਿੱਚੋਂ ਉਤਪੰਨ ਹੋਇਆ ਸੰਤਾਪ ਉਸ ਸਮੇਂ ਹੋਰ ਵਧ ਜਾਂਦਾ ਹੈ ਜਦੋਂ ਉਸਦੇ ਜਮਾਤੀ ਮੋਹਨੇਨੂੰ ਨੌਕਰੀ ਮਿਲ ਜਾਂਦੀ ਹੈ। ਜੱਸਾ ਜਦੋਂ ਪਿੰਡ ਦੀ ਇਕ ਕੁੜੀ ਨਿੰਦਰ ਨੂੰ ਚਾਹੁਣ ਲੱਗਦਾ ਹੈ ਤਾਂ ਉਸ ਤੋਂ ਪਹਿਲਾਂ ਮੋਹਨ ਉਸ ਨਾਲ ਵੀ ਸੰਪਰਕ ਜੋੜ ਲੈਂਦਾ ਹੈ। ਇਸ ਤਰ੍ਹਾਂ ਜੱਸੇ ਦਾ ਮਨੋਸੰਕਟ ਲਗਾਤਾਰ ਦੀਰਘ ਬਣਦਾ ਜਾਂਦਾ ਹੈ।

ਔੜ ਦੇ ਬੀਜ ਨਾਵਲ ਵਿਚ ਦੋ ਪੀੜ੍ਹੀਆਂ ਦੀ ਚੇਤਨਾ ਦੇ ਪਾੜੇ ਨੂੰ ਯਥਾਰਥਕ ਰੂਪ ਵਿਚ ਅੰਕਿਤ ਕੀਤਾ ਗਿਆ ਹੈ। ਇਕ ਪਾਸੇ ਬਖਸ਼ੀਸ਼ ਸਿੰਘ ਤੇ ਤੇਜਾ ਸਿੰਘ ਵਰਗੇ ਪੁਰਾਣੀ ਪੀੜ੍ਹੀ ਦੇ ਪਾਤਰ ਹਨ। ਇਹ ਪੀੜ੍ਹੀ ਪਰੰਪਰਾਵਾਦੀ ਧਾਰਿਮਕ ਵਿਸ਼ਵਾਸਾਂ ਦੀ ਧਾਰਨੀ ਅਤੇ ਇਨ੍ਹਾਂ ਵਿਸ਼ਵਾਸਾਂ ਦੇ ਅਧੀਨ ਹੀ ਹਰੇਕ ਮਨੁੱਖੀ ਕਾਰਜ ਨੂੰ ਵੇਖਦੀ ਹੈ। ਦੂਸਰੇ ਪਾਸੇ ਜੱਸਾ, ਤਰਸੇਮ, ਮਨਜੀਤ, ਦਲਜੀਤ, ਅਤੇ ਹਰਪ੍ਰੀਤ ਦੇ ਰੂਪ ਵਿਚ ਨਵੀਂ ਪੀੜ੍ਹੀ ਦੇ ਪਾਤਰ ਸਾਹਮਣੇ ਆਉਂਦੇ ਹਨ। ਜਿੱਥੇ ਪੁਰਾਣੀ ਪੀੜ੍ਹੀ ਕਿਰਸਾਨੀ ਦੇ ਆਰਥਿਕ ਸਭਿਆਚਾਰਕ ਸੰਕਟ ਨੂੰ ਅਖੰਡ ਪਾਠ ਦੇ ਵਿਸ਼ਵਾਸ ਰਾਹੀਂ ਹੱਲ ਕਰਨਾ ਚਾਹੁੰਦੀ ਹੈ, ਉੱਥੇ ਨਵੀਂ ਪੀੜ੍ਹੀ ਦੇ ਪਾਤਰ ਕਿਰਸਾਨ ਯੂਨੀਅਨ ਦੇ ਸੰਘਰਸ਼ ਰਾਹੀਂ ਲੋਕਾਂ ਨੂੰ ਉਨ੍ਹਾਂ ਦੀ ਲੁੱਟ-ਖਸੁੱਟ ਬਾਰੇ ਜਾਗਰਿਤ ਕਰਨਾ ਚਾਹੁੰਦੇ ਹਨ। ਜਦੋਂ ਪੁਰਾਣੀ ਪੀੜ੍ਹੀ ਦੇ ਬਜ਼ੁਰਗ ਪਾਤਰ ਸੰਘਰਸ਼ ਰਾਹੀਂ ਪ੍ਰਾਪਤ ਕੀਤੇ ਨੂੰ ਰੱਬ ਦੀ ਮਿਹਰ ਦੱਸਦੇ ਹਨ ਤਾਂ ਉਨ੍ਹਾਂ ਦੇ ਵਿਸ਼ਵਾਸਾਂ ਨੂੰ ਚਣੌਤੀ ਦਿੰਦਾ ਹੋਇਆ ਨਵੀਂ ਪੀੜ੍ਹੀ ਦਾ ਪਾਤਰ ਦਲਜੀਤ ਆਖਦਾ ਹੈ:

ਓਹ ਬਾਬੇ ਬੱਸ ਕਰ ਹੁਣ ... ਕੋਈ ਨੀ ਕਿਸੇ ਦੀ ਮੇਹਰ ਮੂਹਰ ਹੁੰਦੀ ... ਸਭ ਬੰਦਾ ਆਪੇ ਕਰਦਾ ... ਧਰਮ ਤਾਂ ਫੀਮ ਏ ਫੀਮ ...। (5)

ਪੁਰਾਣੀ ਪੀੜ੍ਹੀ ਨੂੰ ਨਵੀਂ ਪੀੜ੍ਹੀ ਦੀ ਇਹ ਸੋਚ ਤੇ ਕਾਰਜ ਚੰਗੇ ਨਹੀਂ ਲਗਦੇ। ਤਰਸੇਮ ਦੀ ਮਾਂ ਵੀ ਉਸਨੂੰ ਭਟਕਿਆ ਹੋਇਆ ਛੋਕਰਾ ਸਮਝਦੀ ਹੋਈ ਸੁੱਖਣਾ ਸੁੱਖ ਕੇ ਉਸਦਾ ਸੁਧਾਰ ਕਰਨਾ ਲੋਚਦੀ ਹੈ। ਉਸਦੇ ਨਿਮਨ ਲਿਖਤ ਬੋਲ ਉਸਦੀ ਪੁਰਾਤਨ ਸੋਚ ਦਾ ਪ੍ਰਗਟਾਵਾ ਕਰਦੇ ਹਨ:

ਜੇ ਸ਼ੋਕਰਾ ਭਟਕ ਏ ਗਿਆ ... ਤੂੰ ਕਾਹਤੇ ਜਾਨ ਸੁਕਾਈ ਜਾਂਦਾ ... ਮੈਂ ਬਾਬੇ ਦੀ ਸੁੱਖ ਸੁੱਖੀ ... ਸਭ ਠੀਕ ਹੋ ਜੂ ...।(6)

ਇਸ ਤਰ੍ਹਾਂ ਤਰਸੇਮ ਦੀ ਮਾਂ ਅਤੇ ਬਾਪ ਵੱਡੇ ਵਡੇਰਿਆਂ ਨੂੰ ਨਰਾਜ਼ ਹੋ ਗਏ ਸਮਝਦੇ ਹੋਏ ਸਮਾਧ ਨੂੰ ਕਲੀ ਕਰਵਾ ਕੇ ਪੰਜ ਸੇਰ ਕੜਾਹ ਚੜਾਉਂਦੇ ਹਨ ਅਤੇ ਤਰਸੇਮ ਦਾ ਸੁਧਾਰ ਕਰਨਾ ਲੋਚਦੇ ਹਨ। ਕਰਜ਼ੇ ਦੇ ਵਧਣ, ਬਿਜਲੀ ਦੀ ਕਟੌਤੀ ਤੇ ਕੀਮਤਾਂ ਵਧਣ ਦੀ ਸਮੱਸਿਆ ਕਾਰਣ ਜਦੋਂ ਕਿਰਸਾਨੀ ਦੀ ਆਰਥਿਕ ਹਾਲਤ ਲਗਾਤਰ ਨਿੱਘਰਦੀ ਜਾਂਦੀ ਹੈ ਤਾਂ ਨੌਜਵਾਨ ਪੀੜ੍ਹੀ ਦੇ ਪਾਤਰ, ਪੁਰਾਣੀ ਪੀੜ੍ਹੀ ਦੇ ਪਾਤਰਾਂ ਨੂੰ ਸੰਘਰਸ਼ ਲਈ ਰਜ਼ਾਮੰਦ ਕਰਦੇ ਹਨ। ਇਸ ਸੰਘਰਸ਼ ਲਈ ਡੀ.ਸੀ. ਦੇ ਦਫਤਰ ਦਾ ਘੇਰਾਉ ਕਰਨ ਦੀ ਯੋਜਨਾ ਬਣਾਈ ਜਾਂਦੀ ਹੈ। ਬਖਸ਼ੀਸ਼ ਸਿੰਘ ਦਾ ਸਾਂਝੀ ਕੇਹਰਾ ਵੀ ਇਸ ਸੰਘਰਸ਼ ਵਿਚ ਵਧ ਚੜ੍ਹ ਕੇ ਸ਼ਾਮਿਲ ਹੁੰਦਾ ਹੈ। ਜਦੋਂ ਭਿੰਦਰਚਮਿਆਰ ਦਾ ਪਾਤਰ ਉਸਨੂੰ ਉਸਦੇ ਵੱਖਰੇ ਜਮਾਤੀ ਹਿੱਤਾਂ ਬਾਰੇ ਸੁਚੇਤ ਕਰਦਾ ਹੈ ਤਾਂ ਉਹ ਉਸਦੀ ਗਲ ਸੁਣਨ ਲਈ ਤਿਆਰ ਨਹੀਂ। ਵਾਸਤਵ ਵਿਚ ਕੇਹਰੇ ਦਾ ਪਾਤਰ ਜਾਗੀਰਦਾਰੀ ਚੇਤਨਾ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ। ਬਖਸ਼ੀਸ਼ ਹੁਰਾਂ ਦੇ ਟਰੈਕਟਰ ਖਰੀਦਣ ਤੋਂ ਬਾਅਦ ਉਹ ਆਪਣੇ ਆਪ ਨੂੰ ਟਰੈਕਟਰ ਦੇ ਮਾਲਕ ਦੇ ਰੂਪ ਵਿਚ ਵੇਖਦਾ ਹੈ। ਇਸੇ ਚੇਤਨਾ ਦੇ ਅਧੀਨ ਉਹ ਦੂਜੇ ਵਿਹੜੇ ਵਾਲਿਆਂ ਨਾਲ ਬਰਾਬਰੀ ਦਾ ਸਲੂਕ ਨਹੀਂ ਕਰਦਾ। ਜਾਗੀਰਦਾਰੀ ਚੇਤਨਾ ਦੇ ਇਸ ਭਰਮ ਦੇ ਅੰਤਰਗਤ ਉਹ ਸਰਕਾਰ ਅਤੇ ਕਿਰਸਾਨਾਂ ਦੀ ਲੜਾਈ ਵਿਚ ਪੂਰੀ ਤਰ੍ਹਾਂ ਸ਼ਾਮਿਲ ਹੋ ਕੇ ਇਸ ਨੂੰ ਸਾਂਝੀ ਲੜਾਈਸਮਝ ਕੇ ਲੜਦਾ ਹੈ(7) ਪਰ ਉਸਦਾ ਇਹ ਭਰਮ ਉਸ ਸਮੇਂ ਟੁੱਟ ਜਾਂਦਾ ਹੈ, ਜਦੋਂ ਉਹ ਬਖਸ਼ੀਸ਼ ਸਿੰਘ ਤੋਂ ਪੁੱਛਦਾ ਹੈ ਕਿ, “ਤਾਇਆ ... ਮੈਨੂੰ ... ਵੀ ... ਮਿਲੂ ... ਕੁਸ਼ ... -18 ਬਖਸ਼ੀਸ਼ ਦਾ ਇਹ ਉਤਰ ਕਿ, “ਲੈ ... ਸਹੁਰਿਆ ਤੇਰੇ ਕਿਹੜੇ ਮਰੱਬੇ ਐ ...।(9) ਉਸਦੀ ਸਾਰੀ ਖੁਸ਼ੀ ਮਾਰ ਦਿੰਦਾ ਹੈ ਅਤੇ ਉਹ ਲਾਚਾਰੀ ਦੀ ਹਾਲਤ ਵਿਚ ਆਪਣੇ ਵਜੂਦ ਨੂੰ ਕੀੜੇ ਦੇ ਵਜੂਦ ਨਾਲ ਤੁਲਨਾ ਦੇਣ ਲੱਗਦਾ ਹੈ। ਇਹ ਘਟਨਾ ਕੇਹਰੇ ਨੂੰ ਇਕ ਅਜਿਹੀ ਮਾਰੂ ਦਿਸ਼ਾ ਵਿਚ ਗਤੀਸ਼ੀਲ ਬਣਾਉਂਦੀ ਹੈ ਕਿ ਉਸਦੀ ਘਰਵਾਲੀ ਮੀਤੋਸਮਝਣ ਲਗਦੀ ਹੈ ਕਿ ਉਸਨੂੰ ਕਿਸੇ ਬਾਹਰਲੀ ਸ਼ੈਅ ਦੀ ਕਸਰ ਹੈ। ਉਸਦੇ ਹੇਠ ਲਿਖੇ ਬੋਲ ਉਸਦੇ ਉਕਤ ਚੇਤਨਾ-ਸੰਕਟ ਨੂੰ ਪ੍ਰਗਟਾਉਂਦੇ ਹਨ:

ਆਏਂ ਨਾ ਵਸਦੇ ਰਸਦੇ ਘਰ ਚ ਜ਼ਹਿਰ ਘੋਲ ਕਸਰ ... ਮੈਨੂੰ ਲਗਦੀ ਇਹਨੂੰ ਜਰੂਰ ਕੋਈ ਬਾਹਰਲੀ ਹੋਈ ਹੋਊ ... ਮੈਂ ਕੱਲ੍ਹ ਨੂੰ ਜਾਂਦੀ ਆਂ ਬਾਠਾਂ ਆਲਿਆਂ ਦੇ ਡੇਰੇ ...।(10)

ਨਾਵਲਕਾਰ ਕਿਹਰੇ, ਮੀਤੋ ਅਤੇ ਕੇਹਰੇ ਦੀ ਮਾਂ ਦੇ ਪਾਤਰਾਂ ਰਾਹੀਂ ਇਹ ਦੱਸਣ ਦਾ ਯਤਨ ਕਰਦਾ ਹੈ ਕਿ ਕਿਸ ਪ੍ਰਕਾਰ ਨਿਮਨ-ਜਾਤੀਆਂ ਆਪਣੇ ਹੋ ਰਹੇ ਬਹੁਪੱਖੀ ਸ਼ੋਸ਼ਣ ਬਾਰੇ ਚੇਤੰਨ ਨਹੀਂ ਹਨ। ਕਿਹਰੇ ਦੀ ਮਾਂ ਖੂਨ ਪੀਣੇ ਜੰਮ ਦੀ ਲੋਕ ਕਹਾਣੀ ਰਾਹੀਂ ਇਸ ਸਥਿਤੀ ਦੇ ਅਮਾਨਵੀ ਪੱਖਾਂ ਨੂੰ ਸਪਸ਼ਟ ਕਰਦੀ ਹੈ। ਪਰ ਇਸ ਅਮਾਨਵੀ ਸਥਿਤੀ ਦਾ ਵਾਸਤਵਿਕ ਤਰਕ ਉਸਦੀ ਚੇਤਨਾ ਦੀ ਪਕੜ ਵਿਚ ਨਹੀਂ ਆਉਂਦਾ।(11) ਜਦ ਕਿ ਕਿਰਸਾਨਾਂ ਅਤੇ ਭੂਮੀਹੀਣ ਕਿਰਤੀਆਂ ਦੇ ਅਮਾਨਵੀ ਸੰਬੰਧਾਂ ਨੂੰ ਇੰਨ੍ਹਾਂ ਸ਼੍ਰੇਣੀਆਂ ਦੇ ਤੀਸਰੀ ਪੀੜ੍ਹੀ ਦੇ ਨਾਲ ਸੰਬੰਧਿਤ ਬਾਲ ਪਾਤਰਾਂ ਦੀਆਂ ਗੱਲਾਂ, ਖੇਡਾਂ, ਖਿਡੌਣਿਆਂ ਅਤੇ ਵਤੀਰੇ ਦੀ ਭਿੰਨਤਾ ਰਾਹੀਂ ਹੀ ਉਘਾੜਿਆ ਗਿਆ ਹੈ।

ਔੜ ਦੇ ਬੀਜ ਨਾਵਲ ਵਿਚ ਕਿਰਸਾਨਾਂ ਅਤੇ ਕਿਰਤੀਆਂ ਦੇ ਜੀਵਨ ਦੇ ਦੁੱਖਮਈ ਚਿੱਤਰਾਂ ਨੂੰ ਹਾਸ ਵਿਅੰਗ ਦੀ ਕਲਾਤਮਕ ਜੁਗਤ ਰਾਹੀਂ ਸਾਕਾਰ ਬਣਾਇਆ ਗਿਆ ਹੈ। ਇਹ ਜੁਗਤ ਜਿੱਥੇ ਇਨ੍ਹਾਂ ਦੁੱਖਮਈ ਪਾਸਾਰਾਂ ਦੀਆਂ ਗੁੱਝੀਆਂ ਡੂੰਘਾਣਾਂ ਨੂੰ ਮਾਪਦੀ ਹੈ, ਉੱਥੇ ਇਸ ਰਾਹੀਂ ਨਾਵਲ ਦਾ ਵਾਤਾਵਰਣ ਵੀ ਬੋਝਲ ਨਹੀਂ ਹੁੰਦਾ। ਜਿਵੇਂ ਖੇਤਾਂ ਵਿੱਚ ਸਖ਼ਤ ਗਰਮੀ ਦੌਰਾਨ ਮਿਹਨਤ ਕਰਦਿਆਂ ਕੇਹਰੇ ਦਾ ਪਾਤਰ ਆਪਣੇ ਹਾਸਮਈ ਸੁਭਾਅ ਨਾਲ ਬਾਕੀ ਕਿਰਤੀ ਪਾਤਰਾਂ ਨੂੰ ਵੀ ਸੁਕ੍ਰਿਆ ਰੱਖਦਾ ਹੈ। ਹਾਸ ਰਸ ਪੈਦਾ ਕਰਦਾ ਹੋਇਆ ਕੇਹਰਾ ਬੁੱਢੀ ਮਾਈ ਨੂੰ ਕਹਿੰਦਾ ਹੈ ਕਿ “ਦੇਖ ਤਾਂ ਅੰਮਾਂ ਦਾ ਤੋਤੇ ਵਰਗਾ ਨੱਕ ... ਵਿੱਚ ਭਾਵੇਂ ਖਰੋਟ ਫਸਾ ਲੈ।(12) ਨਾਵਲਕਾਰ ਨੇ ਇਸ ਜੁਗਤ ਦੀ ਵਰਤੋਂ ਰਾਹੀਂ ਅਸਲੀਅਤ ਦੇ ਅਣਦਿਸਦੇ ਪਸਾਰਾਂ ਅਤੇ ਉਸਦੇ ਤਰਕ ਨੂੰ ਤਲਾਸ਼ਣ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਇਲਾਵਾ ਰੁੱਤਾਂ ਦਾ ਬਦਲੀ ਚੱਕਰ ਇਸ ਨਾਵਲ ਦੀ ਤਕਨੀਕ ਦਾ ਇਕ ਹੋਰ ਮਹੱਤਵਪੂਰਨ ਪਹਿਲੂ ਹੈ। ਨਾਵਲਕਾਰ ਨੇ ਬਾਰਾਂ ਮਾਹ ਦੀ ਤਰ੍ਹਾਂ ਹਰੇਕ ਰੁੱਤ ਦੇ ਪ੍ਰਸੰਗ ਵਿਚ ਪੰਜਾਬ ਦੇ ਪੇਂਡੂ ਜੀਵਨ ਦੀ ਪਰਿਵਰਤਨਕਾਰੀ ਅਸਲੀਅਸਤ ਦੇ ਵੱਖਰੇ-ਵੱਖਰੇ ਰੌਆਂ ਨੂੰ ਪ੍ਰਤੀਬਿੰਬਤ ਕੀਤਾ ਹੈ।

ਔੜ ਦੇ ਬੀਜ ਨਾਵਲ ਦਾ ਅਖ਼ਰੀਲਾ ਕਾਂਡ ਪੰਜਾਬੀ ਸਭਿਆਚਾਰ ਦੇ ਸੰਕਟ ਦੇ ਉਸ ਮੋੜ ਦੀ ਨਿਸ਼ਾਨਦੇਹੀ ਕਰਦਾ ਹੈ, ਜਿਸ ਤੋਂ ਇਸ ਦਾ ਆਰੰਭ ਹੁੰਦਾ ਹੈ। ਪੰਜਾਬ ਦੀ ਧਾਰਿਮਕ ਰਾਜਸੀ ਪਾਰਟੀ ਅਕਾਲੀ ਦਲ ਵਲੋਂ ਧਰਮ ਯੁੱਧ ਮੋਰਚੇ ਦਾ ਐਲਾਨ ਕਰ ਦਿੱਤਾ ਜਾਂਦਾ ਹੈ। ਇਕ ਪਾਸੇ ਕਿਸਾਨ ਯੂਨੀਅਨ ਵਲੋਂ ਆਰਥਿਕ ਮੰਗਾਂ ਨੂੰ ਮਨਵਾਉਣ ਲਈ ਸੰਘਰਸ਼ ਦਾ ਰਾਹ ਅਪਨਾਉਣ ਦੀ ਗੱਲ ਕੀਤੀ ਜਾਂਦੀ ਹੈ ਅਤੇ ਦੂਸਰੇ ਪਾਸੇ ਉਕਤ ਪਾਰਟੀ ਵਲੋਂ ਵਿਸ਼ੇਸ਼ ਧਾਰਮਿਕ ਤੇ ਰਾਜਸੀ ਨਜ਼ਰੀਏ ਤੋਂ ਇਨ੍ਹਾਂ ਮੰਗਾਂ ਨੂੰ ਇਕ ਨਵੇਂ ਰੂਪ ਵਿਚ ਪੇਸ਼ ਕਰਨ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਪੁਰਾਣੀ ਪੀੜ੍ਹੀ ਅੰਦਰ ਪਏ ਹੋਏ ਧਾਰਮਿਕ ਸੰਸਕਾਰ ਪ੍ਰਬਲ ਹੋਣ ਲੱਗਦੇ ਹਨ ਅਤੇ ਇਹ ਪੀੜ੍ਹੀ ਇਸ ਮੋਰਚੇ ਦੀ ਸਫ਼ਲਤਾ ਲਈ ਤਤਪਰ ਹੋ ਜਾਂਦੀ ਹੈ। ਇਸ ਨਾਲ ਧਾਰਮਿਕ ਪੁਨਰ ਜਾਗਰਤੀ ਦਾ ਇਕ ਨਵਾਂ ਦੌਰ ਚਲ ਪੈਂਦਾ ਹੈ। ਤੇਜਾ ਸਿੰਘ ਇਸ ਪੀੜ੍ਹੀ ਦਾ ਪ੍ਰਮੁੱਖ ਪ੍ਰਵਕਤਾ ਹੈ। ਬਖਸ਼ੀਸ਼ ਸਿੰਘ ਵੀ ਤੇਜਾ ਸਿੰਘ ਦੇ ਵਿਚਾਰਾਂ ਦਾ ਸਮਰਥਕ ਬਣ ਕੇ ਇਸ ਮੋਰਚੇ ਵਿਚ ਭਾਗ ਲੈਣ ਲੱਗ ਪੈਂਦਾ ਹੈ। ਸੰਤ ਜੀ ਦਾ ਪਾਤਰ ਅਤੇ ਹੋਰ ਰਾਜਸੀ ਨੇਤਾ ਪੁਰਾਤਨ ਸਿੱਖ ਇਤਿਹਾਸ ਦੇ ਸੁਨਹਿਰੀ ਕਾਲ ਅਤੇ ਸ਼ਹਾਦਤਾਂ ਦਾ ਜ਼ਿਕਰ ਕਰਕੇ ਲੋਕਾਂ ਦੇ ਮਨਾਂ ਵਿਚ ਜੋਸ਼ ਪੈਦਾ ਕਰਦੇ ਹਨ। ਨਵੀਂ ਪੀੜ੍ਹੀ ਦੇ ਪਾਤਰ ਪੁਰਾਣੀ ਪੀੜ੍ਹੀ ਨੂੰ ਅਸਲੀਅਤ ਬਾਰੇ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਦੱਸਦੇ ਹਨ ਕਿ ਧਰਮ ਨੂੰ ਕੋਈ ਖ਼ਤਰਾ ਨਹੀਂ ਸਗੋਂ ਇਹ ਗੱਦੀਆਂ ਨੂੰ ਬਚਾਉਣ ਲਈ ਚਾਲਾਂ ਹਨ।(13) ਪਰ ਧਰਮ ਯੁੱਧ ਮੋਰਚੇ ਵਲੋਂ ਪੈਦਾ ਕੀਤੇ ਗਏ ਜੋਸ਼ ਵਿਚ ਇਨ੍ਹਾਂ ਕੋਸ਼ਿਸ਼ਾਂ ਦਾ ਕੋਈ ਸਾਰਥਿਕ ਸਿੱਟਾ ਨਹੀਂ ਨਿੱਕਲਦਾ। ਇਸ ਦੇ ਉਲਟ ਇਕ ਅਜਿਹੀ ਰੌਂਅ ਚਲਦੀ ਹੈ ਕਿ ਨੌਜਵਾਨ ਪੀੜ੍ਹੀ ਦੇ ਪਾਤਰ ਵੀ ਕਿਸਾਨ ਯੂਨੀਅਨ ਦਾ ਸਾਥ ਛੱਡ ਕੇ ਧਰਮ ਯੁੱਧ ਮੋਰਚੇ ਵਿਚ ਸ਼ਾਮਿਲ ਹੋ ਜਾਂਦੇ ਹਨ। ਇਸ ਸਥਿਤੀ ਵਿਚ ਗਰਜਾ ਸਿੰਘ ਦੀ ਸ਼ਹਾਦਤ ਉਤਪ੍ਰੇਰਿਕ ਦਾ ਕੰਮ ਕਰਦੀ ਹੈ। ਇਸ ਨਾਲ ਪੰਜਾਬੀ ਸਭਿਆਚਾਰ ਵਿਚ ਇਕ ਅਜਿਹੀ ਪ੍ਰਵਿਰਤੀ ਸਾਹਮਣੇ ਆਉਂਦੀ ਹੈ, ਜਿਸ ਵਿਚ ਤਾਰਕਿਕ ਤੇ ਵਿਗਿਆਨਕ ਚੇਤਨਾ ਦਾ ਪ੍ਰਵਾਹ ਧੀਮਾ ਪੈਣ ਲੱਗਦਾ ਹੈ। ਨਾਵਲ ਦਾ ਆਖ਼ਰੀ ਦ੍ਰਿਸ਼ ਇਸ ਸਥਿਤੀ ਨੂੰ ਭਾਵਪੂਰਤ ਢੰਗ ਨਾਲ ਰੂਪਮਾਨ ਕਰਦਾ ਹੈ। ਧਰਮ ਯੁੱਧ ਮੋਰਚੇ ਲਈ ਲੋਕਾਂ ਨੂੰ ਲੈ ਕੇ ਜਾਣ ਲਈ ਪਿੰਡ ਦੀਆਂ ਟਰਾਲੀਆਂ ਖੜ੍ਹੀਆਂ ਹਨ। ਕਿਸਾਨ ਯੂਨੀਅਨ ਦੇ ਨੁਮਾਇੰਦੇ ਲੋਕਾਂ ਨੂੰ ਇਸ ਪਾਸਿਓ ਰੋਕਣ ਤੇ ਕਿਸਾਨ ਯੂਨੀਅਨ ਦੇ ਸੰਘਰਸ਼ ਵਿਚ ਸ਼ਾਮਿਲ ਹੋਣ ਲਈ ਸਮਝਾਉਂਦੇ ਹਨ ਪਰ ਹੁਣ ਤਕ ਬਖਸ਼ੀਸ਼ ਸਿੰਘ ਭਾਈ ਬਖਸ਼ੀਸ਼ ਸਿੰਘ ਬਣ ਚੁੱਕਾ ਹੈ ਅਤੇ ਉਸ ਲਈ ਇਹ ਸਾਰੀਆਂ ਸਮਝਾਉਣੀਆਂ ਫਜ਼ੂਲ ਅਤੇ ਨਾਸਤਿਕਤਾ ਵਾਲੇ ਫੋਕਟ ਵਿਚਾਰ ਹਨ। ਜੈਕਾਰੇ ਬਲਾਉਂਦੇ ਹੋਏ ਲੋਕ ਧਰਮ ਯੁੱਧ ਮੋਰਚੇ ਵਿਚ ਸ਼ਾਮਿਲ ਹੋਣ ਲਈ ਜਾ ਰਹੇ ਹਨ। ਜੱਸੇ ਵਰਗੇ ਨਵੀਂ ਪੀੜ੍ਹੀ ਦੇ ਪਾਤਰ ਪ੍ਰਸ਼ਨ ਚਿੰਨ੍ਹ ਬਣਕੇ ਖੜ੍ਹੇ ਰਹਿ ਜਾਂਦੇ ਹਨ।

ਜਸਬੀਰ ਮੰਡ ਨੇ ਔੜ ਦੇ ਬੀਜ ਨਾਵਲ ਵਿਚ ਪੰਜਾਬ ਦੀ ਮੱਧ ਦਰਜੇ ਦੀ ਕਿਰਸਾਨੀ ਦੇ ਆਰਥਿਕ ਤੇ ਸਭਿਆਚਾਰਕ ਸੰਕਟ ਦੀਆਂ ਉਨ੍ਹਾਂ ਪਰਤਾਂ ਨੂੰ ਗਲਪਬਿੰਬ ਵਿਚ ਢਾਲਿਆ ਹੈ ਜੋ ਸਾਰੀਆਂ ਸਥਿਤੀਆਂ ਨੂੰ ਇਕ ਅਜਿਹੀ ਦਿਸ਼ਾ ਵਿਚ ਪ੍ਰਵਾਹਿਤ ਕਰਦੀਆਂ ਹਨ ਜੋ ਪੰਜਾਬ ਸੰਕਟ ਦੇ ਵਿਸਫੋਟਕ ਰੂਪ ਵਿਚ ਸਾਹਮਣੇ ਆਉਂਦੀਆਂ ਹਨ। ਇਹ ਨਾਵਲ ਇਕ ਤਰ੍ਹਾਂ ਨਾਲ ਪੰਜਾਬੀ ਸਭਿਆਚਾਰ ਦੇ ਇਸ ਸੰਕਟ ਨੂੰ ਕਿਰਸਾਨੀ ਜੀਵਨ ਦੀ ਪ੍ਰਿਸ਼ਠਭੂਮੀ ਰਾਹੀਂ ਚਿਤਰਦਾ ਹੈ। ਇਸ ਚਿਤਰਨ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਯਥਾਰਥਵਾਦ ਦੇ ਨਾਵਲੀ ਨੇਮਾਂ ਦੀ ਪਾਲਣਾ ਕੀਤੀ ਗਈ ਹੈ। ਇਸ ਕਰਕੇ ਇਹ ਰਚਨਾ ਇਕ ਅਜਿਹਾ ਸਰੂਪ ਧਾਰਨ ਕਰ ਲੈਂਦੀ ਹੈ, ਜਿਸਨੂੰ ਇਤਿਹਾਸਕ ਦਸਤਾਵੇਜ਼ ਦੇ ਤੌਰ ਤੇ ਵੀ ਪਰਖਿਆ ਜਾ ਸਕਦਾ ਹੈ।  ਇਸ ਰਚਨਾ ਦੇ ਆਧਾਰ ਉੱਤੇ ਪੰਜਾਬ ਦੇ ਸਭਿਆਚਾਰਕ ਇਤਿਹਾਸ ਦੀਆਂ ਉਨ੍ਹਾਂ ਤਬਾਹਕੁਨ ਸ਼ਕਤੀਆਂ ਦੀ ਪਛਾਣ ਕੀਤੀ ਜਾ ਸਕਦੀ ਹੈ ਜੋ ਪੰਜਾਬ ਦੇ ਇਸ ਸਭਿਆਚਾਰਕ ਸੰਕਟ ਦਾ ਮੂਲ ਕਾਰਣ ਬਣੀਆਂ

ਹਵਾਲੇ ਅਤੇ ਟਿੱਪਣੀਆਂ

(1)ਜਸਬੀਰ ਸਿੰਘ ਮੰਡ, ਔੜ ਦੇ ਬੀਜ, ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ, ਅੰਮ੍ਰਿਤਸਰ, 1986ਪੰਨਾ 8.

(2)ਉਹੀ, ਪੰਨਾ 16

(3)ਉਹੀ, ਪੰਨਾ 94.

(4)ਉਹੀ, ਪੰਨਾ 147.

(5)ਉਹੀ, ਪੰਨਾ 257.

(6)ਉਹੀ, ਪੰਨਾ 206.

(7)ਉਹੀ, ਪੰਨਾ 226.

(8)ਉਹੀ, ਪੰਨਾ 228.

(9)ਉਹੀ, ਪੰਨਾ 228.

(10)ਉਹੀ, ਪੰਨਾ 244.

(11)ਉਹੀ, ਪੰਨਾ 239.

(12)ਉਹੀ, ਪੰਨਾ 45.

(13)ਉਹੀ, ਪੰਨਾ 282.

ਔੜ ਦੇ ਬੀਜ (ਭਾਗ ਦੂਜਾ)

ਜਸਬੀਰ ਮੰਡ ਦੇ ਨਾਵਲ ਔੜ ਦੇ ਬੀਜ ਦਾ ਦੂਜਾ ਭਾਗ 1989 ਈ: ਵਿੱਚ ਪ੍ਰਕਾਸ਼ਿਤ ਹੋਇਆ ਹੈ। ਇਸ ਭਾਗ ਵਿਚ ਨਾਵਲ ਦੇ ਪਹਿਲੇ ਭਾਗ ਵਾਲੇ ਪਾਤਰਾਂ ਦੇ ਮਾਧਿਅਮਾਂ ਰਾਹੀਂ ਪੰਜਾਬ ਦੀ ਵਿਸਫ਼ੋਟਕ ਸਥਿਤੀ ਨੂੰ ਪੇਸ਼ ਕੀਤਾ ਗਿਆ ਹੈ। ਹਿਰਦਾਪੁਰ ਪਿੰਡ ਦੀ ਜੱਟ ਕਿਰਸਾਨੀ ਦੇ ਆਰਥਕ ਸਭਿਆਚਾਰਕ ਸੰਕਟ ਦੇ ਨਾਲ-ਨਾਲ ਨਿਮਨ-ਸ਼੍ਰੇਣੀਆਂ ਦੇ ਜੀਵਨ ਨੂੰ ਵੀ ਦਰਸਾਇਆ ਗਿਆ ਹੈ। ਨਾਵਲ ਵਿੱਚੋਂ ਨਵੀਂ ਪੀੜ੍ਹੀ ਪੁਰਾਣੀ ਪੀੜ੍ਹੀ ਦੇ ਪਾਤਰਾਂ ਦੇ ਵਿਚਾਰਾਂ ਦੇ ਮਤਭੇਦ ਦੇ ਨਤੀਜੇ ਵਜੋਂ ਨੌਜਵਾਨ ਪਾਤਰਾਂ ਨੂੰ ਮਾਨਸਿਕ ਸੰਕਟ ਦੇ ਭਾਗੀ ਬਣਦੇ ਦਿਖਾਇਆ ਗਿਆ ਹੈ। ਇਹ ਪਾਤਰ ਸਮੱਸਿਆ ਦੇ ਕਿਸੇ ਹੱਲ ਦੇ ਅਭਾਵ ਵਿਚ ਹਥਿਆਰਾਂ ਦਾ ਸਹਾਰਾ ਲੈਂਦੇ ਹਨ।

ਨਾਵਲ ਵਿਚ ਦੋ ਅਜਿਹੀਆਂ ਵਿਰੋਧੀ ਧਿਰਾਂ ਹਨ, ਜੋ ਹਿਰਦਾਪੁਰ ਪਿੰਡ ਨੂੰ ਦੋ ਭਾਗਾਂ ਵਿਚ ਵੰਡ ਦਿੰਦੀਆਂ ਹਨ। ਹਿਰਦਾਪੁਰ ਦੇ ਲੋਕ ਚੇਤਨਾ ਦੀ ਘਾਟ ਕਾਰਣ ਲੀਡਰਾਂ ਦੀਆਂ ਕਪਟ ਚਾਲਾਂ ਵਿਚ ਫਸ ਜਾਂਦੇ ਹਨ। ਨਾਵਲ ਵਿਚ ਦੋ ਧਿਰਾਂ ਹਨ। ਸਰਪੰਚ ਸਰਮੁਖ ਤੇ ਜਥੇਦਾਰ ਤੇਜਾ ਸਿੰਘ ਆਪਣੀ ਮਹਿਮਾ ਨੂੰ ਵਧਾਉਣ ਲਈ ਗਰਜਾ ਸਿੰਘ ਨੂੰ ਸ਼ਹੀਦ ਕਰਾਰ ਦਿੰਦਾ ਹੈ ਤੇ ਉਹ ਸ਼ਹੀਦ ਗਰਜਾ ਸਿੰਘ ਦੇ ਨਾਂ ਤੇ ਗੇਟ ਬਣਵਾ ਕੇ ਗਲੀ ਵੀ ਪੱਕੀ ਕਰਵਾ ਦਿੰਦਾ ਹੈ। ਸ਼ਹੀਦ ਗਰਜਾ ਸਿੰਘ ਅਜਿਹਾ ਪਾਤਰ ਸੀ, ਜੋ ਬੰਤ ਦੇ ਸਵਾ ਮਣ ਦਾਣੇ ਨਾ ਦੇ ਸਕਣ ਕਰਕੇ ਮੋਰਚੇ ਵਿਚ ਰਲ ਕੇ ਸ਼ਹੀਦੀ ਪਾ ਗਿਆ ਸੀ। ਤੇਜਾ ਸਿੰਘ ਬਾਹਰੋਂ ਕੋਈ ਲੀਡਰ ਮੰਗਵਾ ਕੇ ਧਰਮਸ਼ਾਲਾ ਵਿਚ ਪ੍ਰਚਾਰ ਵੀ ਕਰਵਾਉਂਦਾ ਹੈ। ਲੋਕ ਬਹੁਤ ਖੁਸ਼ ਹਨ ਕਿ ਪਹਿਲੀ ਵਾਰੀ ਉਹਨਾਂ ਦੇ ਪਿੰਡ ਦਾ ਜਥੇਦਾਰ ਤੇਜਾ ਸਿੰਘ ਬਣਿਆ ਹੈ। ਉਹ ਪਿੰਡ ਦੇ ਸਭ ਲੋਕਾਂ ਨੂੰ ਪੰਥ ਦੀ ਸੇਵਾ ਕਹਿ ਕੇ ਸ਼ਹੀਦ ਗਰਜਾ ਸਿੰਘ ਦੇ ਗੇਟ ਨੂੰ ਜਾਂਦੀ ਗਲੀ ਨੂੰ ਪੱਕੀ ਬਣਾਉਂਦਾ ਹੈ। ਇਸ ਘਟਨਾ ਪ੍ਰਤਿ ਜਾਗਰਿਤ ਨਵੀਂ ਪੀੜ੍ਹੀ ਦਾ ਪਾਤਰ ਹਰਪ੍ਰੀਤ ਕਈ ਤਰ੍ਹਾਂ ਦੇ ਪ੍ਰਸ਼ਨ ਸੋਚਣ ਤੇ ਮਾਨਸਿਕ ਤਣਾਓ ਦਾ ਭਾਗੀ ਬਣਦਾ ਹੈ। ਉਹ ਨਾ ਚਾਹੁੰਦਾ ਹੋਇਆ ਵੀ ਫੌਜ ਵਿੱਚ ਭਰਤੀ ਹੋ ਜਾਂਦਾ ਹੈ। ਦੂਜੀ ਧਿਰ ਹੈ ਸਰਪੰਚ ਸਰਮੁਖ ਸਿੰਘ, ਜਿਹੜਾ ਧਰਮਸ਼ਾਲਾ ’ਤੇ ਹੁੰਦੇ ਹਰ ਇਕ ਸਮਾਰੋਹ ਵਿਚ ਵਧ ਚੜ੍ਹ ਕੇ ਹਿੱਸਾ ਲੈਂਦਾ ਹੈ ਤੇ ਸਿੱਧ ਕਰਦਾ ਹੈ ਕਿ ਉਹ ਭਿੰਡਰਾਂਵਾਲੇ ਦੇ ਬਹੁਤ ਨੇੜੇ ਹੈ। ਉਹ ਆਪਣੇ ਮੁੰਡੇ ਅਜੀਤਪਾਲ ਨੂੰ ਅੰਮ੍ਰਿਤ ਛਕਾ ਕੇ ਭਿੰਡਰਾਂਵਾਲੇ ਦਾ ਸਿੰਘ ਸਜਾ ਦਿੰਦਾ ਹੈ ਤੇ ਪਿੰਡ ਵਿਚ ਬਣ ਰਹੀ ਗਲੀ ਲਈ ਆਪਣੇ ਮੁੰਡੇ ਕੋਲੋਂ ਬਜਰੀ ਦੀ ਸੇਵਾ ਕਰਵਾਉਂਦਾ ਹੈ। ਉਹ ਲੋਕਾਂ ਨੂੰ ਆਪਣੇ ਮਗਰ ਲਾਉਣ ਲਈ ਗੁਰਦੁਆਰੇ ਕਰਾਏ ਗਏ ਅਖੰਡਪਾਠਾਂ ਦਾ ਸਾਰਾ ਖ਼ਰਚਾ ਆਪਣੇ ਜਿੰਮੇ ਲੈਂਦਾ ਹੈ। ਉਸ ਦਾ ਮੁੰਡਾ ਅਫ਼ੀਮ ਦੀ ਬਲੈਕ ਕਰਦਾ ਹੈ ਤੇ ਮੋਰਚੇ ਦਾ ਬਹਾਨਾ ਕਰਕੇ ਆਪਣਾ ਢਿੱਡ ਭਰੀ ਜਾਂਦਾ ਹੈ। ਉਹ ਚੰਡੀਗੜ੍ਹ ਇੰਡਸਟਰੀਅਲ ਏਰੀਆ ਵਿਚ ਜ਼ਮੀਨ ਲੈ ਕੇ ਫੈਕਟਰੀ ਵੀ ਲਾ ਲੈਂਦਾ ਹੈ। ਜਦੋਂ ਉਹ ਬੈਂਕ ਵਿਚ ਡਾਕਾ ਮਾਰਦਾ ਹੈ ਤਾਂ ਲੋਕ ਪੰਥ ਦੀ ਸੇਵਾ ਕਹਿ ਕੇ ਉਸਦੀ ਸ਼ਲਾਘਾ ਕਰਦੇ ਹਨ। ਇਸ ਤਰ੍ਹਾਂ ਤੇਜਾ ਸਿੰਘ ਦੇ ਮੁਕਾਬਲੇ ਸਰਪੰਚ ਦੀ ਮਹਿਮਾ ਵਧਦੀ ਜਾਂਦੀ ਹੈ।

ਹਿਰਦਾਪੁਰ ਦੇ ਬਹੁਤ ਸਾਰੇ ਕਿਰਸਾਨ ਟਰੈਕਟਰ ਖਰੀਦਣ ਅਤੇ ਕਿਸ਼ਤਾਂ ਨਾ ਦੇ ਸਕਣ ਦਾ ਸੰਤਾਪ ਭੋਗ ਰਹੇ ਹਨ। ਸਰਪੰਚ ਇਸ ਦਾ ਨਜ਼ਾਇਜ ਲਾਭ ਉਠਾਉਂਦਾ ਹੈ। ਉਹ ਪੁਲਿਸ ਨਾਲ ਰਲਕੇ ਕੁਝ ਬੈਂਕ ਕਰਮਚਾਰੀਆਂ ਅਤੇ ਪੁਲਿਸ ਥਾਣੇਦਾਰ ਨੂੰ ਕਿਰਸਾਨਾਂ ਕੋਲੋਂ ਕਿਸ਼ਤਾਂ ਉਗਰਾਹੁਣ ਲਈ ਭੇਜਦਾ ਹੈ। ਪੁਲਿਸ ਦਾ ਬੁਰਾ ਰਵੱਈਆ ਵੇਖ ਕੇ ਜਦੋਂ ਜੱਸਾ ਵਰੰਟਾਂ ਬਾਰੇ ਪੁੱਛਦਾ ਹੈ ਤਾਂ ਉਹਨਾਂ ਕੋਲ ਵਰੰਟ ਨਹੀਂ ਹੁੰਦੇ। ਜੱਸਾ ਇਸ ਚਾਲ ਨੂੰ ਸਮਝਦਾ ਹੋਇਆ ਦੁਖੀ ਹੋਇਆ ਗੰਜੇ ਭਾਈ ਦਾ ਸਿਰ ਪਾੜ ਦਿੰਦਾ ਹੈ ਤੇ ਥਾਣੇਦਾਰ ਦੀ ਬਾਂਹ ਵੱਢ ਦੇਂਦਾ ਹੈ। ਮਗਰੋਂ ਸਰਮੁੱਖ ਵਿਚ ਪੈ ਕੇ ਜੱਸੇ ਦੀ ਜਮਾਨਤ ਕਰਾ ਦੇਂਦਾ ਹੈ। ਉਹ ਲੋਕਰਾਏ ਨੂੰ ਆਪਣੇ ਵਲ ਵੇਖ ਕੇ ਸਿੱਖੀ ਭਾਵਨਾਵਾਂ ਨੂੰ ਉਤੇਜਿਤ ਕਰਕੇ ਕਹਿੰਦਾ ਹੈ ਕਿ ਸਿੱਖ ਖ਼ਾਲਿਸਤਾਨ ਤੋਂ ਘਟ ਕੋਈ ਮੰਗ ਨਾ ਕਰਨ। ਉਹਨਾਂ ਨੂੰ ਆਪਣੀ ਵੱਖਰੀ ਪਹਿਚਾਣ ਲਈ ਹਥਿਆਰ ਬੰਦ ਹੋਣਾ ਪਵੇਗਾ। ਉਸ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਪਿੰਡ ਦੇ ਜੱਟ ਤੇ ਨਿਮਨ ਵਰਗ ਦੇ ਪਾਤਰਾਂ ਦੇ ਨਾਲ ਔਰਤਾਂ ਵੀ ਭਿੰਡਰਾਂਵਾਲੇ ਦਾ ਅੰਮ੍ਰਿਤ ਛੱਕ ਲੈਂਦੀਆਂ ਹਨ। ਉਹ ਭਿੰਡਰਾਂਵਾਲੇ ਨੂੰ ਦਸ਼ਮੇਸ਼ ਗੁਰੂ ਦੇ ਬਰਾਬਰ ਕਹਿੰਦਾ ਹੈ। ਇਸ ਲਈ ਜਦੋਂ ਤੇਜਾ ਸਿੰਘ ਕੇਂਦਰ ਨਾਲ ਸਮਝੌਤਾ ਕਰ ਆਉਂਦਾ ਹੈ ਤਾਂ ਉਹ ਕਹਿੰਦਾ ਹੈ ਕਿ ਇਹ ਸਿੱਖੀ ਨੂੰ ਦਿੱਲੀ ਜਾ ਕੇ ਵੇਚ ਆਏ ਹਨ, ਜਦੋਂ ਕਿ ਔਰਗਜ਼ੇਬ ਖ਼ੁਦ ਗੁਰੂ ਕੋਲ ਆਇਆ ਸੀ। ਨਾਵਲ ਦੇ ਅਖ਼ੀਰ ਵਿੱਚ ਜਦੋਂ ਤੇਜਾ ਸਿੰਘ ਨੂੰ ਚੋਣਾਂ ਲਈ ਟਿਕਟ ਮਿਲਦਾ ਹੈ ਤਾਂ ਉਹ ਹਥਿਆਰ ਸੁੱਟ ਦੇਣ ਲਈ ਕਹਿੰਦਾ ਹੈ। ਭੀੜ ਵਿੱਚੋਂ ਸਰਮੁਖ ਨੂੰ ਮਿਲਦੇ ਜਵਾਬ ਉਸਦੇ ਚਰਿੱਤਰ ਬਾਰੇ ਦਸਦੇ ਹਨ:

ਤੂੰ ਹੀ ਏਂ ਜਿਸਨੇ ਸਾਨੂੰ ਪੂਰੀ ਕਾਰ ਹਥਿਆਰਾਂ ਦੀ ਭਰ ਦਿੱਤੀ ਸੀ ... ਤੂੰ ਓਹੀ ਸਿੰਘ ਏ ਜਿਹੜਾ ਕਹਿੰਦਾ ਸੀ ... ਤੂੰ ਓਹੀ ਏਂ ਜਿਹੜਾ ਕਹਿੰਦਾ ਸੀ ਕਿ ਅਕਾਲੀਆਂ ਨੇ ਸਰਕਾਰ ਬਣਾ ਕੇ ਕਿਸੇ ਦੀ ਨੀ ਸੁਣਨੀ ... ਕਾਂਗਰਸ ਵਾਲੀ ਹੀ ਕਰਨਗੇ ... ਤੂੰ ਓਹੀ ਏਂ ਜਿਹੜਾ ਕਹਿੰਦਾ ਸੀ ਕਿ ਖ਼ਾਲਿਸਤਾਨ ਤੋਂ ਘੱਟ ਕੁਝ ਨਹੀਂ ਲੈਣਾ ...।(1)

ਨਾਵਲਕਾਰ ਨੇ ਇਸ ਸਾਰੇ ਚਿਤ੍ਰਣ ਨੂੰ ਵਿਅੰਗ ਦੀ ਦ੍ਰਿਸ਼ਟੀ ਤੋਂ ਪੇਸ਼ ਕੀਤਾ ਹੈ। ਸਰਮੁਖ ਸਿੰਘ ਤੇ ਤੇਜਾ ਸਿੰਘ ਦੇ ਆਪਸੀ ਵਿਰੋਧ ਦੇ ਨਤੀਜੇ ਵਜੋਂ ਜਦੋਂ ਤੇਜਾ ਸਿੰਘ ਦਾ ਕਤਲ ਹੋ ਜਾਂਦਾ ਹੈ ਤਾਂ ਸਰਮੁਖ ਸਿੰਘ ਇਸ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਾ ਹੋਇਆ ਆਮ ਲੋਕਾਂ ਨੂੰ ਉਕਸਾਉਂਦਾ ਹੈ:

ਸੰਗਤੋ ... ਉਹਨੇ ਹੁਕਮਨਾਮਾ ਮੰਨਣ ਤੋਂ ਇਨਕਾਰ ਕਰ ਦਿੱਤਾ ਏ ... ਉਹਨੂੰ ਕੌਮ ਨਾਲੋਂ ਵਜੀਰੀ ਪਿਆਰੀ ਹੋ ਗਈ ਸੰਗਤੋ ... ਹੁਣ ਉਹ ਕਦੇ ਹਿਰਦਾਪੁਰ ਨਹੀਂ ਪਰਤੇਗਾ ... ਕਦੇ ਵੀ ਨਹੀਂ।(2)

ਤੇਜਾ ਸਿੰਘ ਅਤੇ ਸਰਮੁਖ ਦੇ ਪਾਤਰ ਕੇਵਲ ਹਿਰਦਾਪੁਰ ਪਿੰਡ ਦੀਆਂ ਹੀ ਦੋ ਧਿਰਾਂ ਨਹੀਂ ਹਨ ਸਗੋਂ ਇਹ ਸਮਕਾਲੀ ਸਿਆਸਤ ਦੇ ਜਾਣੇ ਪਛਾਣੇ ਕਿਰਦਾਰਾਂ ਵਲ ਸੰਕੇਤ ਕਰਕੇ ਇਸਦੇ ਵਿਰੋਧਾਂ ਨੂੰ ਵੀ ਪ੍ਰਗਟ ਕਰਦੇ ਹਨ। ਇਸ ਸਿਆਸਤ ਦੇ ਵਿਰੋਧਾਂ ਨਾਲ ਅਜੋਕੀ ਸਥਿਤੀ ਦਾ ਦੁਖਾਂਤ ਡੂੰਘੇ ਰੂਪ ਵਿਚ ਜੁੜਿਆ ਹੋਇਆ ਹੈ।

ਇਸ ਪਿੰਡ ਦੀ ਕਿਰਸਾਨੀ ਆਰਥਿਕ ਸਭਿਆਚਾਰਕ ਸੰਕਟ ਦੀ ਸ਼ਿਕਾਰ ਹੈ। ਇਸ ਪਿੰਡ ਦੇ ਕਿਰਸਾਨ ਜੱਟਵਾਦੀ ਹਉਂ ਦੀ ਪੂਰਤੀ ਲਈ ਰੀਸੋ-ਰੀਸੀ ਟਰੈਕਟਰ ਖਰੀਦੀ ਜਾਂਦੇ ਹਨ ਪਰ ਬਾਅਦ ਵਿਚ ਖ਼ਰਚੇ ਜ਼ਿਆਦਾ ਹੋਣ ਕਰਕੇ ਕਿਸ਼ਤਾਂ ਵੀ ਨਹੀਂ ਭਰਦੀਆਂ। ਇਸ ਨਾਵਲ ਵਿਚ ਸੁੱਚਾ ਸਿੰਘ, ਤੇਜਾ ਸਿੰਘ, ਹਰਨਾਮ ਸਿੰਘ, ਵਰਿਆਮ, ਮਿੰਦਰ, ਲਾਭ, ਬੰਤ ਆਦਿ ਪਾਤਰਾਂ ਦੇ ਸੰਦਰਭ ਵਿਚ ਬਹੁਤ ਸਾਰੇ ਕਿਰਸਾਨ ਪਰਿਵਾਰਾਂ ਦਾ ਉਲੇਖ ਆਉਂਦਾ ਹੈ ਪਰ ਨਾਵਲ ਦੇ ਪਹਿਲੇ ਭਾਗ ਦੀ ਤਰ੍ਹਾਂ ਪ੍ਰਤਿਨਿਧ ਕਹਾਣੀ ਬਖ਼ਸ਼ੀਸ਼ ਸਿੰਘ ਦੇ ਪਰਿਵਾਰ ਦੀ ਹੈ। ਉਸ ਦਾ ਬੀ.ਏ. ਪਾਸ ਪੁੱਤਰ ਜੱਸਾ ਬੇਰੁਜ਼ਗਾਰ ਹੋਣ ਕਰਕੇ ਅਣਵਿਆਹਿਆ ਰਹਿ ਜਾਂਦਾ ਹੈ। ਉਹ ਆਰਥਿਕ ਹੀਣਤਾ ਕਰਕੇ ਆਪਣੀ ਪ੍ਰੇਮਿਕਾ ਜਸਵਿੰਦਰ ਨੂੰ ਨਹੀਂ ਪਾ ਸਕਿਆ। ਪਰਿਵਾਰ ਦਾ ਦੂਜਾ ਪੁੱਤਰ ਦਾਰਾ ਸ਼ਹਿਰ ਚਲਾ ਜਾਂਦਾ ਹੈ। ਉੱਥੇ ਉਸਦੇ ਬਹੁਤ ਖ਼ਰਚੇ ਹਨ। ਉਹ ਵੀ ਇਹਨਾਂ ਖ਼ਰਚਿਆਂ ਦੀ ਪੂਰਤੀ ਲਈ ਜ਼ਮੀਨ ਗਹਿਣੇ ਪਾਉਣ ਲਈ ਕਹਿੰਦਾ ਹੈ। ਬਖਸ਼ੀਸ਼ ਨੂੰ ਤਾਂ ਕਿਸ਼ਤਾਂ ਤਾਰਨ ਦਾ ਹੀ ਫਿਕਰ ਲੱਗਾ ਰਹਿੰਦਾ ਹੈ। ਆਰਥਿਕ ਮੁਸ਼ਕਿਲਾਂ ਕਰਕੇ ਜੱਸੇ ਦੀ ਘਰਵਾਲੀ ਕੁਲਦੀਪ ਦੀ ਆਪਣੀ ਸੱਸ ਚਰਨ ਕੌਰ ਨਾਲ ਕਈ ਵਾਰੀ ਲੜਾਈ ਹੁੰਦੀ ਰਹਿੰਦੀ ਹੈ। ਇਸ ਘਰ ਵਿਚ ਹਮੇਸ਼ਾ ਕਲੇਸ਼ ਰਹਿੰਦਾ ਹੈ ਪਰ ਬਾਹਰੋਂ ਲੋਕੀਂ ਇਸ ਨੂੰ ਖਾਂਦਾ ਪੀਂਦਾ ਘਰ ਸਮਝਦੇ ਹਨ। ਚਰਨ ਕੌਰ ਟਰੈਕਟਰ ਦੇ ਪਹੀਏ ਦੀਆਂ ਰਬੜਾਂ ਲਈ ਕੁਲਦੀਪ ਦਾ ਹਾਰ ਵੇਚਦੀ ਹੈ ਤੇ ਪੈਟਰੋਲ ਲਈ ਕਿਹਰੇ ਕੋਲੋਂ ਪੰਜਾਹ ਰੁਪਏ ਉਧਾਰ ਲੈਂਦੀ ਹੈ। ਬਖਸ਼ੀਸ਼ ਸਾਰੀ ਉਮਰ ਇਹਨਾਂ ਫਿਕਰਾਂ ਵਿਚ ਲੰਘਾ ਦਿੰਦਾ ਹੈ ਪਰ ਉਹ ਸਮੱਸਿਆ ਦਾ ਅਸਲੀ ਕਾਰਣ ਨਹੀਂ ਸਮਝਦਾ। ਉਹ ਹਰ ਵਾਰੀ ਮੋਰਚੇ ਦੌਰਾਨ ਜੇਲ੍ਹ ਵਿਚ ਜਾਂਦਾ ਹੈ ਕਿ ਸ਼ਾਇਦ ਆਉਂਦਿਆਂ ਉਸਦੇ ਸਾਰੇ ਮਸਲੇ ਹੱਲ ਹੋਏ ਹੋਣਗੇ। ਉਹ ਇਹਨਾਂ ਮਸਲਿਆਂ ਦਾ ਹੱਲ ਧਰਮ ਰਾਹੀਂ ਚਾਹੁੰਦਾ ਹੈ। ਇਸੇ ਲਈ ਉਹ ਤੇਜਾ ਸਿੰਘ ਦੀ ਵਧ ਚੜ੍ਹ ਕੇ ਮਦਦ ਕਰਦਾ ਹੈ। ਜੱਸਾ ਉਸਨੂੰ ਸਥਿਤੀ ਦੀ ਅਸਲੀਅਤ ਬਾਰੇ ਸਮੇਂ-ਸਮੇਂ ਸੁਚੇਤ ਕਰਦਾ ਹੈ ਪਰ ਉਹ ਉਸ ਨੂੰ ਅਧਰਮੀ ਕਹਿ ਕੇ ਚੁੱਪ ਕਰਵਾ ਦਿੰਦਾ ਹੈ। ਜੱਸੇ ਨੂੰ ਟੋਕਣ ਸੰਬੰਧੀ ਹੇਠਾਂ ਦਿੱਤੇ ਗਏ ਉਸਦੇ ਅਜਿਹੇ ਵਿਚਾਰਾਂ ਦਾ ਪੂਰਾ ਪਤਾ ਲੱਗਦਾ ਹੈ:

ਤੂੰ ਧਰਮ ਦੀ ਗੱਲ ਮਾਂ ਸੋਚ ਸਮਝ ਕੇ ਪੈਰ ਅੜਾਏ ਕਰ ਓਏ ... ਅਧਰਮੀਆਂ ...।

“ਮੁੰਡਿਆ ਤੇਰੀ ਤਾਂ ਧਰਮ ਏ ... ਪੁੱਠੀ ਪਈ ਬੀ ... ..(3)

ਜਥੇਦਾਰ ਤੇਜਾ ਸਿੰਘ ਚੋਣ ਜਿੱਤ ਕੇ ਹਿਰਦਾਪੁਰ ਨੂੰ ਭੁੱਲ ਜਾਂਦਾ ਹੈ ਤਾਂ ਜੱਸੇ ਦੇ ਕਦੇ ਕਹੇ ਬੋਲ ਬਖਸ਼ੀਸ਼ ਸਿੰਘ ਦੀ ਮਾਨਸਿਕਤਾ ਨੂੰ ਟੁੰਬਦੇ ਹਨ:

ਬਾਪੂ ਜੀ ... ਇਹ ਹਨੇਰੀਆਂ ਰਾਤਾਂ ... ਥੁਹਾਨੂੰ ਨਿਗਲ ਜਾਣਗੀਆਂ ... ਦੁਸ਼ਮਣ ਲਈ ਆਪਣੇ ਜਿਸਮ ਦੀਆਂ ਮਸ਼ਾਲਾਂ ਬਾਲਕੇ ... ਅੱਗ ਦੇ ਅੰਗਿਆਰੇ ਨਾ ਬਣੋ ... ਸਮਝ ਲੋ ਕੁਝ ... ਯਾਦ ਕਰੋਗੇ ਬਾਪੂ ਜੀ ... ਫਿਰ ਇਹ ਹਨੇਰੀ ਰਾਤ ਇਕ ਦਿਨ ਅਜਿਹੀ ਆਵੇਗੀ ਜਦੋਂ ...।(4)

ਪਰਿਵਾਰਕ ਮਾਹੌਲ ਦੀਆਂ ਮੁਸ਼ਕਿਲਾਂ ਦਾ ਸਤਾਇਆ ਹੋਇਆ ਜੱਸਾ ਹਥਿਆਰ ਚੁੱਕ ਲੈਂਦਾ ਹੈ। ਬਖਸ਼ੀਸ਼ ਹਮੇਸ਼ਾ ਸੋਚਦਾ ਹੈ ਕਿ ਅਕਾਲੀ ਸਰਕਾਰ ਬਣ ਜਾਵੇ ਤਾਂ ਕਿ ਜੱਸਾ ਤੇ ਉਸ ਵਰਗੇ ਹੋਰ ਭਗੌੜੇ ਹੋਏ ਨੌਜਵਾਨ ਵਾਪਸ ਘਰਾਂ ਨੂੰ ਆ ਜਾਣਗੇ। ਬਖਸ਼ੀਸ਼ ਜੱਸੇ ਦੀ ਵਹੁਟੀ ਵੇਖਣ ਦੀ ਤੇ ਨੌਕਰੀ ਲੱਗੇ ਹੋਣ ਦੀ ਰੀਝ ਪੂਰੀ ਕਰਨ ਦੇ ਸੁਪਨੇ ਲੈਂਦਾ ਹੈ। ਜਦੋਂ ਜੱਸੇ ਹੁਰਾਂ ਦਾ ਅਗਾਂਹਵਧੂ ਸਾਥੀ ਅੰਮ੍ਰਿਤਪਾਲ ਅੱਤਵਾਦੀ ਦੇ ਰੂਪ ਵਿਚ ਮਾਰਿਆ ਜਾਂਦਾ ਹੈ ਤਾਂ ਉਹ ਸੋਚਦੇ ਹਨ:

ਅਸੀਂ ਕਦੋਂ ਤੁਰੇ ਸਾਂ ਇਹਨਾਂ ਨਾਲ ...? ਕਿਉਂ ਤੁਰੇ ਸੀ? ਅਸੀਂ ਰੁਕ ਕਿਉਂ ਜਾਂਦੇ? ਸਾਡਾ ਸਾਥੀ ਸਾਡੇ ਲਈ ਸ਼ਹੀਦ ਹੋਇਆ, ਉਹਦੀ ਲਾਸ਼ ਲਈ ਅਸੀਂ ਉੱਥੇ ਬੋਨੇ ਬਣਕੇ ਖੜ੍ਹ ਜਾਂਦੇ। ਫਿਰ ਕੀ ਅਸੀਂ ਕੁਝ ਪ੍ਰਾਪਤ ਕਰ ਲੈਂਦੇ? ਫਿਰ ਹੁਣ ਕਾਫ਼ਲੇ ਵਿੱਚ ਸ਼ਾਮਲ ਹੋ ਕੇ ਕੀ ਪ੍ਰਾਪਤ ਕੀਤਾ? ਲਾਸ਼ ... ਲਾਸ਼ ਕਿਸ ਕੋਲ ਹੈ? ਕੌਣ ਕਰ ਰਿਹਾ ਹੈ ਉਹਦੀ ਨੁਮਾਇੰਦਗੀ? ਸਰਮੁਖ ਸਿੰਘ ... ਹਾਂ ....।(5)

ਇਸ ਸਥਿਤੀ ਵਿਚ ਫਸਿਆ ਹੋਇਆ ਜੱਸਾ ਨੌਜਵਾਨ ਵਰਗ ਦੀ ਹੋਂਦ ਤੇ ਹਸਤੀ ਬਾਰੇ ਕਈ ਪ੍ਰਸ਼ਨ ਉਠਾਉਂਦਾ ਹੈ:

ਕੀ ਹਿਰਦਾਪੁਰ ਨੂੰ ਜਾਣ ਲਈ ਇਹੋ ਰਸਤਾ ਹੈ? ਹੋਰ ਨਹੀਂ? ਜੇ ਨਹੀਂ ਤਾਂ ਕਿਉ? ਅਸੀਂ ਹੁਣ ਤੱਕ ਆਪਣਾ ਰਸਤਾ ਆਪ ਕਿਉਂ ਨਹੀਂ ਬਣਾ ਸਕੇ? ਅਸੀਂ ਹੁਣ ਕਿਸਦਾ ਹਿੱਸਾ ਬਣਕੇ ਜਾ ਰਹੇ ਹਾਂ? ਆਖ਼ਰ ਉਹ ਕਿਹੜੀ ਵੰਡ ਰੇਖਾ ਹੈ ਜਿਸ ਅਧੀਨ ਅਸੀਂ ਹੁਣ ਪਛਾਣੇ ਜਾਵਾਂਗੇ?(6)

ਔੜ ਦੇ ਬੀਜ ਨਾਵਲ ਵਿਚ ਪਿੰਡ ਦੇ ਲੋਕਾਂ ਦੀ ਅਵਿਕਸਿਤ ਚੇਤਨਾ ਦੇ ਕਈ ਪ੍ਰਮਾਣ ਮਿਲ ਜਾਂਦੇ ਹਨ। ਇਹਨਾਂ ਵਿਚ ਧਾਰਮਿਕ ਅਤੇ ਰਾਜਨੀਤਿਕ ਹਾਕਮਾਂ ਵਲੋਂ ਲੋਕਾਂ ਨੂੰ ਮੂਰਖ ਬਣਾਉਣਾ ਅਤੇ ਆਪ ਨੂੰ ਬਤੌਰ ਨਾਇਕਾਂ ਦੇ ਸਥਾਪਤ ਕਰ ਲੈਣਾ ਹੈ। ਇਸੇ ਤਰ੍ਹਾਂ ਨਵੀਂ ਪੀੜ੍ਹੀ ਦੀ ਤਾਰਕਿਕ ਸੋਚ ਪ੍ਰਤੀ ਨਿੰਦਿਆਂ ਵਾਲੀ ਸੁਰ ਰੱਖਣਾ ਹੈ। ਨਾਵਲਕਾਰ ਇਸ ਪਿੰਡ ਦੇ ਲੋਕਾਂ ਦੀ ਅਵਿਕਸਿਤ ਚੇਤਨਾ ਤੇ ਵਿਅੰਗ ਕਰਦਾ ਦੱਸਦਾ ਹੈ ਕਿ:

ਉਂਝ ਵੀ ਉਹਨਾਂ ਦੀ ਇਹ ਹੋਣੀ ਸੀ ਕਿ ਉਹਨਾਂ ਪ੍ਰਸ਼ਨ ਚਿੰਨ੍ਹਾਂ ਵਿੱਚੋਂ ਕਦੇ ਉ2ਤਰ ਲਭਣ ਦੀ ਕੋਸ਼ਿਸ਼ ਨਹੀਂ ਸੀ ਕੀਤੀ ਤੇ ਉਹਨਾਂ ਨੇ ਹਮੇਸ਼ਾ ਵੱਢੇ ਟੁੱਕੇ ਪ੍ਰਸ਼ਨ ਚਿੰਨ੍ਹਾਂ ਦੇ ਢੇਰ ਨੂੰ ਹੀ ਆਪਣਾ ਅਜਿੱਤ ਇਤਿਹਾਸ ਸਮਝਿਆ।-7 ਪਰ ਸਥਿਤੀ ਦਾ ਇਹ ਵਿਅੰਗ ਸੀ ਕਿ ਜੋ ਕੁਝ ਉਹ ਸੋਚਦੇ ਸਨ, ਉਸ ਤਰ੍ਹਾਂ ਕਦੇ ਵੀ ਨਹੀਂ ਸੀ ਹੋਇਆ। ਪਰ ਉਸ ਤੋਂ ਵੱਡਾ ਦੁਖਾਂਤ ਇਹ ਸੀ ਇਸ ਅਣਹੋਏ ਨੂੰ ਵੀ ਉਹਨਾਂ ਨੇ ਕਦੇ ਅਣ-ਹੋਇਆ ਨਹੀਂ ਸੀ ਮੰਨਿਆ।(8)

ਇਸ ਰਚਨਾ ਵਿਚ ਨੌਜਵਾਨ ਪਾਤਰਾਂ ਅੰਮ੍ਰਿਤਪਾਲ, ਤਰਸੇਮ, ਹਰਪ੍ਰੀਤ, ਜੱਸਾ, ਜਗਜੀਤ, ਨਿੰਦਰ, ਆਦਿ ਦੇ ਰੂਪ ਵਿਚ ਇਸ ਪੀੜ੍ਹੀ ਦੀ ਸਮਰੱਥਾ ਦਾ ਉਲੇਖ ਤਾਂ ਮਿਲਦਾ ਹੈ ਪਰ ਆਰਥਿਕ ਸੰਕਟ ਦੀ ਸਥਿਤੀ ਉਹਨਾਂ ਦੀ ਇਸ ਸਮਰੱਥਾ ਨੂੰ ਖ਼ਤਮ ਕਰ ਦਿੰਦੀ ਹੈ। ਇਹਨਾਂ ਪਾਤਰਾਂ ਵਿੱਚੋਂ ਅੰਮ੍ਰਿਤਪਾਲ ਦਾ ਪਾਤਰ ਹਾਜਰ ਜਵਾਬ ਪਾਤਰ ਹੈ। ਉਹ ਆਪਣੇ ਆਪ ਨੂੰ ਇਤਿਹਾਸ ਦੇ ਪਤਨਸ਼ੀਲ ਯੁੱਗ ਦੀ ਪੈਦਾਇਸ਼ ਮੰਨਦਾ ਹੈ। ਪਰ ਸਵਾਲ ਪੈਦਾ ਹੁੰਦਾ ਹੈ ਕਿ ਇਹਨਾਂ ਅਗਾਂਹਵਧੂ ਪਾਤਰਾਂ ਦੀ ਸੋਚ ਨੂੰ ਪੂਰੀ ਨੌਜਵਾਨ ਪੀੜ੍ਹੀ ਦੀ ਪ੍ਰਤਿਨਿਧ ਸੋਚ ਸਵੀਕਾਰ ਕੀਤਾ ਜਾ ਸਕਦਾ ਹੈ? ਨਾਵਲ ਵਿਚ ਇਸ ਪ੍ਰਸ਼ਨ ਦਾ ਉੱਤਰ ਨਹੀਂ ਦਿੱਤਾ ਜਾ ਸਕਿਆ।

ਔੜ ਦੇ ਬੀਜ ਨਾਵਲ ਦੂਜੇ ਭਾਗ ਦੀ ਪਹਿਲੇ ਭਾਗ ਨਾਲੋਂ ਵੱਖਰਤਾ ਇਹ ਹੈ ਕਿ ਇਸ ਵਿਚ ਨਿਮਨ ਜਾਤੀਆਂ ਦੀ ਆਰਥਿਕ ਸਭਿਆਚਾਰਕ ਸਥਿਤੀ ਉੱਤੇ ਵਧੇਰੇ ਫੋਕਸ ਕੀਤਾ ਗਿਆ ਹੈ। ਜਿੱਥੇ ਆਰਥਿਕ ਅਤੇ ਸਭਿਆਚਾਰਕ ਹੀਣਤਾ ਦੇ ਕਾਰਣ ਇਹਨਾਂ ਜਾਤੀਆਂ ਦੇ ਪਾਤਰ, ਵਰਜਿਤ ਜਿਨਸੀ ਸੰਬੰਧਾਂ ਦਾ ਸ਼ਿਕਾਰ ਬਣਦੇ ਹਨ, ਉੱਥੇ ਇਹਨਾਂ ਜਾਤੀਆਂ ਦੀ ਪੁਰਾਣੀ ਅਤੇ ਨਵੀਂ ਪੀੜ੍ਹੀ ਵਿਚ ਚੇਤਨਾ ਦੇ ਪਾੜੇ ਨੂੰ ਵੀ ਉਘਾੜਿਆ ਗਿਆ ਹੈ। ਭਾਵੇਂ ਇਹਨਾਂ ਜਾਤੀਆਂ ਦੀ ਪੁਰਾਣੀ ਪੀੜ੍ਹੀ ਅਜੇ ਤਕ ਪਰੰਪਰਾਗਤ ਜੀਵਨ ਨਾਲ ਹੀ ਜੁੜੀ ਹੋਈ ਹੈ ਪਰ ਉਦਯੋਗੀਕਰਣ ਦੇ ਪ੍ਰਭਾਵ ਅਧੀਨ ਨਵੀਂ ਪੀੜ੍ਹੀ ਦਾ ਰੁਝਾਨ ਸ਼ਹਿਰਾਂ ਵਲ ਹੈ। ਇਸ ਲਈ ਨਵੀਂ ਪੀੜ੍ਹੀ ਦੇ ਪਾਤਰ ਪੁਰਾਣੀ ਪੀੜ੍ਹੀ ਦੇ ਗੁਲਾਮੀ ਅਤੇ ਸ਼ੋਸ਼ਣ ਦੇ ਪਰੰਪਰਾਗਤ ਰੂਪਾਂ ਨੂੰ ਤ੍ਰਿਸਕਾਰ ਦੀ ਨਿਗਾਹ ਨਾਲ ਵੇਖਦੇ ਹਨ। ਨਵੀਂ ਵਿੱਦਿਆ ਦੇ ਸੰਪਰਕ ਨਾਲ ਵੀ ਇਹਨਾਂ ਜਾਤੀਆਂ ਦੀ ਨਵੀਂ ਪੀੜ੍ਹੀ ਦੀ ਸੂਝ ਵਿਚ ਵਿਕਾਸ ਨੂੰ ਵੇਖਿਆ ਜਾ ਸਕਦਾ ਹੈ। ਨਾਵਲ ਦੇ ਪਹਿਲੇ ਭਾਗ ਵਿਚ ਕੇਹਰੇ ਮਜ਼੍ਹਬੀ ਦਾ ਪਾਤਰ ਅੰਤ ਉੱਤੇ ਧਾਰਮਿਕ ਅੰਧ ਵਿਸ਼ਵਾਸਾਂ ਦੇ ਘੇਰੇ ਵਿਚ ਵਿਚਰਦਾ ਹੋਇਆ ਦਰਸਾਇਆ ਗਿਆ ਹੈ। ਦੂਜੇ ਭਾਗ ਵਿਚ ਇਹ ਪਾਤਰ ਅੰਮ੍ਰਿਤ ਛਕ ਕੇ ਭਿੰਡਰਾਂਵਾਲੇ ਦਾ ਸਿੱਖ ਬਣ ਜਾਂਦਾ ਹੈ ਪਰ ਜਦੋਂ ਉਸਨੂੰ ਇੱਥੇ ਵੀ ਮਜ਼੍ਹਬੀ ਸਿੱਖ ਦੇ ਬੋਲ ਸੁਣਨੇ ਪੈਂਦੇ ਹਨ ਤਾਂ ਉਸਨੂੰ ਆਪਣੀ ਸਥਿਤੀ ਵਿਚ ਕੋਈ ਬੁਨਿਆਦੀ ਪਰਿਵਰਤਨ ਵਿਖਾਈ ਨਹੀਂ ਦਿੰਦਾ। ਇਸਦੇ ਬਾਵਜੂਦ ਧਾਰਮਿਕ ਜਨੂੰਨ ਵਿਚ ਫਸਿਆ ਇਹ ਪਾਤਰ ਵੀ ਅੰਤ ਉੱਤੇ ਮਾਰਿਆ ਜਾਂਦਾ ਹੈ। ਬਖਸ਼ੀਸ਼ ਸਿੰਘ ਦਾ ਉਸਨੂੰ ਸ਼ਹੀਦ ਕਹਿਣਾ ਹੀ ਇਕ ਤਰ੍ਹਾਂ ਨਾਲ ਇਸ ਪਾਤਰ ਦੀ ਵਿਅੰਗ ਸਥਿਤੀ ਨੂੰ ਪੇਸ਼ ਕਰਨਾ ਹੀ ਹੈ। ਇਸ ਵਿਅੰਗ ਦੇ ਅਰਥ ਉਸ ਸਮੇਂ ਹੋਰ ਸਪਸ਼ਟ ਹੋ ਜਾਂਦੇ ਹਨ ਜਦੋਂ ਉਹ ਕਿਹਰੇ ਦੇ ਪੁੱਤਰ ਫੈਨੀ ਨੂੰ ਅੰਮ੍ਰਿਤ ਛਕਾ ਕੇ ਸਾਂਝੀ ਰੱਖ ਲੈਂਦਾ ਹੈ।

ਔੜ ਦੇ ਬੀਜ ਨਾਵਲ ਦਾ ਦੂਜਾ ਭਾਗ ਪਹਿਲੇ ਭਾਗ ਦੀ ਕਥਾ ਨੂੰ ਹੀ ਅੱਗੇ ਤੋਰਦਾ ਹੈ। ਇਹ ਰਚਨਾ ਮੱਧ ਦਰਜੇ ਵਾਲੀ ਕਿਰਸਾਨੀ ਅਤੇ ਨਿਮਨ ਜਾਤੀਆਂ ਦੀ ਆਰਥਿਕ ਸਭਿਆਚਾਰਕ ਸਥਿਤੀ ਦੇ ਸੰਕਟ ਨੂੰ ਇਸ ਰੂਪ ਵਿਚ ਮੂਰਤੀਮਾਨ ਬਣਾਉਂਦੀ ਹੈ ਕਿ ਕਿਰਸਾਨੀ ਅਤੇ ਨਿਮਨ ਜਾਤੀਆਂ ਦੇ ਅਜੋਕੀ ਸਥਿਤੀ ਪ੍ਰਤਿ ਰਵਈਏ ਸਪਸ਼ਟ ਹੋਣ ਲੱਗਦੇ ਹਨ। ਇਸ ਤਰ੍ਹਾਂ ਇਹ ਨਾਵਲ ਪੰਜਾਬ ਦੇ ਪੇਂਡੂ ਸਮਾਜ ਦੇ ਨੌਂਵੇਂ ਦਹਾਕੇ ਦੇ ਸਭਿਆਚਾਰਕ ਦ੍ਰਿਸ਼ ਅਤੇ ਸੰਕਟ ਨੂੰ ਉਸਦੇ ਇਤਿਹਾਸਕ ਪਿਛੋਕੜ ਸਹਿਤ ਪ੍ਰਸਤੁਤ ਕਰਦਾ ਹੈ। ਇਸ ਪ੍ਰਸਤੁਤੀ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਯਥਾਰਥਵਾਦ ਦੇ ਸਿਰਜਣਾਤਮਕ ਨੇਮਾਂ ਦੀ ਪਾਲਣਾ ਕੀਤੀ ਗਈ ਹੈ।

**

ਹਵਾਲੇ ਅਤੇ ਟਿੱਪਣੀਆਂ

(1) ਜਸਬੀਰ ਮੰਡ, ਔੜ ਦੇ ਬੀਜ, ਪੰਨਾ 504.

(2) ਉਹੀ, ਪੰਨਾ 511.

(3) ਉਹੀ, ਪੰਨਾ 170.

(4) ਉਹੀ, ਪੰਨਾ 496.

(5) ਉਹੀ, ਪੰਨਾ 447.

(6) ਉਹੀ, ਪੰਨਾ 448.

(7) ਉਹੀ, ਪੰਨਾ 153.

(8) ਉਹੀ, ਪੰਨਾ 312.

*****

(310)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)