HarmitAtwal7ਨਿਰਸੰਦੇਹ ਇਹਨਾਂ ਲੰਬੀਆਂ ਮੁਲਾਕਾਤਾਂ ਵਿੱਚ ਸੰਬੰਧਤ ਲੇਖਕਾਂ ਦੀ ਸੋਚ ਦੇ ਡੂੰਘੇ ਵਹਿਣਾਂ ਦੇ ਭੇਤ ...
(ਅਪਰੈਲ 9, 2016)



DungheVehna5ਜਿਹੜੇ ਪੰਜਾਬੀ ਨੂੰ ਆਪਣੀ ਮਾਂ ਬੋਲੀ ਦੱਸਣ ਅਤੇ ਮੰਨਣ ਵਿੱਚ ਫਖਰ ਮਹਿਸੂਸ ਕਰਦੇ ਹਨ
, ਉਹਨਾਂ ਸਾਰੇ ਲੋਕਾਂ ਨੂੰ ਸਮਰਪਿਤ ਕੀਤੀ ਗਈ ਇਸ ਪੁਸਤਕ ਵਿੱਚ ਸਤਨਾਮ ਸਿੰਘ ਢਾਅ ਵੱਲੋਂ ਵੱਖ-ਵੱਖ ਦੇਸ਼ਾਂ ਵਿੱਚ ਚਿਰਾਂ ਤੋਂ ਵੱਸਦੇ 12 ਪੰਜਾਬੀ ਲੇਖਕਾਂ ਨਾਲ ਕੀਤੀਆਂ ਲੰਬੀਆਂ ਮੁਲਾਕਾਤਾਂ ਦਰਜ ਕੀਤੀਆਂ ਗਈਆਂ ਹਨ। ਇਹ ਪੰਜਾਬੀ ਲੇਖਕ ਹਨ: ਡਾ. ਅਮਰ ਸਿੰਘ ਧਾਲੀਵਾਲ, ਜੋਗਿੰਦਰ ਸ਼ਮਸ਼ੇਰ, ਕੇਸਰ ਸਿੰਘ ਨੀਰ, ਜਰਨੈਲ ਸਿੰਘ ਸੇਖਾ, ਨਦੀਮ ਪਰਮਾਰ, ਡਾ. ਗੁਰਦਿਆਲ ਸਿੰਘ ਰਾਏ, ਪ੍ਰਿੰਸੀਪਲ ਸਰਵਣ ਸਿੰਘ, ਡਾ. ਦਰਸ਼ਨ ਗਿੱਲ, ਇਕਬਾਲ ਮਾਹਲ, ਡਾ. ਬਲਵਿੰਦਰ ਕੌਰ ਬਰਾੜ, ਇਕਬਾਲ ਖਾਨ ਅਤੇ ਡਾ. ਸੁਰਿੰਦਰ ਧੰਜਲ।

ਕ੍ਰਮਵਾਰ ਗੱਲ ਕਰੀਏ ਤਾਂ ਗੱਲ ਡਾ. ਅਮਰ ਸਿੰਘ ਧਾਲੀਵਾਲ (1926-2014) ਤੋਂ ਸ਼ੁਰੂ ਹੁੰਦੀ ਹੈ, ਜਿਸ ਨੂੰ ਸਮਰੱਥ ਸਿੱਖਿਆ ਸ਼ਾਸਤਰੀ ਹੋਣ ਦਾ ਮਾਣ ਪ੍ਰਾਪਤ ਹੈ। ਆਪਣੀ ਉਮਰ ਦੇ ਅੰਤਲੇ ਦਹਾਕਿਆਂ ਨੂੰ ਕੈਨੇਡਾ ਦੇ ਵਿਨੀਪੈਗ ਸ਼ਹਿਰ ਵਿੱਚ ਗੁਜ਼ਾਰਨ ਵਾਲੇ ਧਾਲੀਵਾਲ ਨੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵੱਖ-ਵੱਖ ਅਹੁਦਿਆਂ ਤੇ ਕੰਮ ਕੀਤਾ ਹੈ। ਇਹ ਕੰਮ ਕਰਦਿਆਂ ਉਸ ਨੂੰ ਇੱਕ ਵਾਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਕੋਲ ਵੀ ਪੇਸ਼ ਹੋਣਾ ਪਿਆ ਸੀ। ਪਰਸਨੈਲਿਟੀ ਕੌਰੀਲੇਟਸ ਆਫ ਅਕਡੈਮਿਕ ਓਵਰ ਐਂਡ ਅੰਡਰਅਚੀਵਮੈਂਟ’, ‘ਦਾ ਏਲਿੰਗ ਸਿਸਟਮ ਆਫ ਐਗਜ਼ਾਮੀਨੇਸ਼ਨ’, ‘ਐਜੂਕੇਸ਼ਨ ਸਾਈਕਾਲੋਜੀ (ਪੰਜਾਬੀ)ਅਤੇ ਸਾਈਕੋ ਹਿਸਟਰੀ ਆਫ ਦਾ ਮੈਨ ਇਨ ਟਰਬਨਆਦਿ ਪੁਸਤਕਾਂ ਦੇ ਰਚੇਤਾ ਅਮਰ ਸਿੰਘ ਧਾਲੀਵਾਲ ਦਾ ਜਨਮ ਪਿੰਡ ਰਣਸੀਂਹ ਕਲਾਂ (ਮੋਗਾ) ਵਿਖੇ ਹੋਇਆ। ਤਿੰਨ ਐੱਮ ਏ ਅਤੇ ਪੀ ਐੱਚ ਡੀ ਡਿਗਰੀ ਪ੍ਰਾਪਤ ਅਮਰ ਸਿੰਘ ਧਾਲੀਵਾਲ ਨੂੰ ਸਤਨਾਮ ਸਿੰਘ ਢਾਅ ਨੇ ਕੁੱਲ 17 ਸਵਾਲ ਪੁੱਛੇ ਹਨ, ਜਿਨ੍ਹਾਂ ਵਿੱਚ ਉਸ ਨੇ ਆਪਣੇ ਬਚਪਨ ਤੋਂ ਲੈ ਕੇ ਸੇਵਾਮੁਕਤੀ ਤੋਂ ਬਾਅਦ ਤੱਕ ਕੀਤੇ ਗਏ ਕਾਰਜਾਂ ਨੂੰ ਵਿਸਤਾਰ ਨਾਲ ਦੱਸਿਆ ਹੈ। ਇੱਕ ਥਾਂ ਭਾਰਤ ਅਤੇ ਕੈਨੇਡਾ ਦੀ ਸਿੱਖਿਆ ਪ੍ਰਣਾਲੀ ਬਾਰੇ ਗੱਲ ਕਰਦਿਆਂ ਧਾਲੀਵਾਲ ਨੇ ਦੱਸਿਆ ਕਿ ਕੈਨੇਡਾ ਦਾ ਐਜੂਕੇਸ਼ਨ ਸਿਸਟਮ ਅਤੇ ਉਸ ਨਾਲ ਸੰਬੰਧਤ ਪ੍ਰੀਖਿਆਵਾਂ ਦਾ ਸਿਸਟਮ ਭਾਰਤ ਦੇ ਸਿਸਟਮ ਤੋਂ ਚੰਗੇਰੇ ਹਨ। ਕੈਨੇਡਾ ਵਿੱਚ ਵਿਦਿਆਰਥੀਆਂ ਦੀਆਂ ਯਾਦ ਸ਼ਕਤੀਆਂ ਦੇ ਅੰਤਰਾਂ ਨੂੰ ਮਾਪਣ ਤੇ ਜ਼ੋਰ ਨਹੀਂ ਦਿੱਤਾ ਜਾਂਦਾ। ਕੈਨੇਡਾ ਵਿੱਚ ਫੇਲ ਕਰਨ ਦਾ ਅਤੇ ਜ਼ਿੰਦਗੀ ਦੀ ਪ੍ਰਗਤੀਸ਼ੀਲ ਤੋਰ ਵਿੱਚ ਅਟਕਾ ਪਾ ਕੇ, ਸੜਾਂਦ ਪੈਦਾ ਕਰਕੇ ਕਿਸੇ ਨੂੰ ਸਕੂਲੋਂ, ਕਾਲਜੋਂ ਜਾਂ ਯੂਨੀਵਰਸਿਟੀ ਚੋਂ ਭਜਾਉਣ ਦਾ ਰਿਵਾਜ਼ ਨਹੀਂ ਹੈ। ਪੰਜਾਬੀ ਅਤੇ ਅੰਗਰੇਜ਼ੀ ਬੋਲੀ ਬਾਰੇ ਵੀ ਧਾਲੀਵਾਲ ਨੇ ਬਾਕਮਾਲ ਗੱਲਾਂ ਕੀਤੀਆਂ ਹਨ। ਉਹ ਇਨਸਾਨੀ ਜੀਵਨ ਨੂੰ ਇੱਕ ਘੋਲ ਮੰਨਦਾ ਹੈ। ਉਸ ਦਾ ਸਮੂਹ ਪੰਜਾਬੀਆਂ ਨੂੰ ਸੁਨੇਹਾ ਹੈ ਕਿ ਤਕੜੀ ਕਸਰਤ ਕਰਕੇ ਘੁਲੋ। ਨਿਯਮਬੱਧ ਸਫਲਤਾ ਪ੍ਰਾਪਤ ਕਰੋ, ਪ੍ਰੰਤੂ ਠਿੱਬੀ ਨਾ ਮਾਰੋ। ਗਿਆਨ ਦੀ ਚੋਰੀ ਨਾ ਕਰੋ। ਸੱਤ, ਸੰਤੋਖ ਅਤੇ ਵਿਚਾਰ ਤੋਂ ਕੰਮ ਲਓ।

ਧਾਲੀਵਾਲ ਤੋਂ ਬਾਅਦ ਜੋਗਿੰਦਰ ਸ਼ਮਸ਼ੇਰ (ਕੈਨੇਡਾ ਵਾਸੀ) ਨਾਲ ਮੁਲਾਕਾਤ ਦਰਜ ਕੀਤੀ ਗਈ ਹੈ। 1928 ਵਿਚ ਜਨਮੇ ਜੋਗਿੰਦਰ ਸ਼ਮਸ਼ੇਰ ਦਾ ਜਨਮ ਸਥਾਨ ਪਿੰਡ ਲੱਖਣ ਕੇ ਪੱਡੇ (ਕਪੂਰਥਲਾ) ਹੈ। ਬਰਤਾਨੀਆ ਵਿੱਚ ਪੰਜਾਬੀ ਜੀਵਨ ਤੇ ਸਾਹਿਤ’, ‘ਲੰਡਨ ਦੇ ਸ਼ਹੀਦ’, ‘1919 ਦਾ ਪੰਜਾਬ’, ‘ਮੈਨੀਟੋਬਾ ਦਾ ਇਤਿਹਾਸ’, ‘ਪਾਰਵਤੀ ਦੇ ਕੰਢੇ-ਕੰਢੇ’, ‘ਚੀਨ ਵਿੱਚ 22 ਦਿਨ’, ‘ਮੈਨੀਟੋਬਾ ਦਾ ਪੰਜਾਬੀ ਸਾਹਿਤਆਦਿ ਉਸ ਦੀਆਂ ਚਰਚਿਤ ਪੁਸਤਕਾਂ ਹਨ। ਆਉਂਦੇ ਸਮੇਂ ਵਿਚ ਪਾਠਕ ਜੋਗਿੰਦਰ ਸ਼ਮਸ਼ੇਰ ਦੀ ਸਵੈਜੀਵਨੀ ਬੀਤੇ ਦਾ ਸਫਰਵੀ ਜਲਦ ਪੜ੍ਹਨਗੇ। ਇਸ ਲੰਬੀ ਮੁਲਾਕਾਤ ਵਿੱਚ ਸ਼ਮਸ਼ੇਰ ਨੇ ਆਪਣੀਆਂ ਕਿਰਤਾਂ ਅਤੇ ਕਾਰਜਾਂ ਬਾਰੇ ਪਾਠਕਾਂ ਨਾਲ ਖੁੱਲ੍ਹੀਆਂ ਗੱਲਾਂ ਕੀਤੀਆਂ ਹਨ। ਵਿਦੇਸ਼ਾਂ ਵਿੱਚ ਪੰਜਾਬੀ ਬੋਲੀ ਦੇ ਭਵਿੱਖ ਬਾਰੇ ਜੋਗਿੰਦਰ ਸ਼ਮਸ਼ੇਰ ਦਾ ਆਖਣਾ ਹੈ ਕਿ ਹਾਲ ਦੀ ਘੜੀ ਬਿਦੇਸ਼ਾਂ ਵਿੱਚ ਪੰਜਾਬੀ ਬੋਲੀ ਦੇ ਭਵਿੱਖ ਨੂੰ ਕੋਈ ਖਤਰਾ ਨਹੀਂ ਭਾਸਦਾ। ...ਹਾਂ, ਨਵੀਂ ਪਨੀਰੀ ਤੋਂ ਪੰਜਾਬੀ ਬੋਲੀ ਵਿੱਚ ਸਾਹਿਤ ਰਚਨਾ ਦੀ ਕੋਈ ਆਸ ਨਹੀਂ। ਪੰਜਾਬੀ ਵਿੱਚ ਪਾਠਕਾਂ ਦੀ ਘਾਟ ਬਾਰੇ ਜੋਗਿੰਦਰ ਸ਼ਮਸ਼ੇਰ ਵੱਲੋਂ ਦਿੱਤਾ ਗਿਆ ਉੱਤਰ ਤਸੱਲੀਬਖਸ਼ ਨਹੀਂ ਹੈ।

ਕੇਸਰ ਸਿੰਘ ਨੀਰ ਨੂੰ ਸਤਨਾਮ ਸਿੰਘ ਢਾਅ ਨੇ ਸਮੇਂ ਦੀ ਆਵਾਜ਼ ਤੇ ਪੰਜਾਬੀ ਸ਼ਾਇਰੀ ਦਾ ਮਾਣ ਆਖਿਆ ਹੈ। ਨੀਰ ਦਾ ਜਨਮ ਬੁਟਾਹਰੀ (ਲੁਧਿਆਣਾ) ਵਿੱਚ 1935 ਵਿਚ ਹੋਇਆ। ਇਸ ਵਕਤ ਉਸ ਦਾ ਵਾਸਾ ਕੈਲਗਰੀ (ਕੈਨੇਡਾ) ਵਿਚ ਹੈ। ਕਸਕਾਂ’, ‘ਗ਼ਮ ਨਹੀਂ’, ‘ਕਿਰਨਾਂ ਦੇ ਬੋਲ’, ‘ਅਣ ਵਗੇ ਅੱਥਰੂ’, ‘ਨੈਣਾਂ ਦੇ ਮੋਤੀ’, ‘ਆਰ ਦੀਆਂ ਤੇ ਪਾਰ ਦੀਆਂਆਦਿ ਕਾਵਿ-ਪੁਸਤਕਾਂ ਦਾ ਰਚੇਤਾ ਕੇਸਰ ਸਿੰਘ ਨੀਰ ਕਈ ਬਾਲ ਸਾਹਿਤ ਦੀਆਂ ਪੁਸਤਕਾਂ ਦਾ ਕਰਤਾ ਵੀ ਹੈ। ਸਮੇਂ ਦੀ ਕਵਿਤਾ’ ’ਤੇ ਟਿੱਪਣੀ ਕਰਦਿਆਂ ਨੀਰ ਨੇ ਆਖਿਆ ਹੈ ਕਿ ਅੱਜ-ਕੱਲ੍ਹ ਪੰਜਾਬੀ ਵਿੱਚ ਕਵਿਤਾ ਬਹੁਤ ਲਿਖੀ ਜਾ ਰਹੀ ਹੈ, ਪਰ ਤੁਹਾਨੂੰ ਮਿਆਰੀ ਕਵਿਤਾ ਬਹੁਤ ਘੱਟ ਮਿਲੇਗੀ। ਮੈਂ ਜਦੋਂ ਇੱਧਰ ਦੀਆਂ ਅਖਬਾਰਾਂ ਜਾਂ ਰਸਾਲੇ ਦੇਖਦਾ ਹਾਂ, ਉਹਨਾਂ ਵਿਚਲੀ ਕਵਿਤਾ ਦੇ ਉੱਪਰ ਹੈਡਿੰਗ ਗਜ਼ਲ ਦਾ ਦਿੱਤਾ ਹੁੰਦਾ ਹੈ, ਪਰ ਹੁੰਦੀ ਉਹ ਕਵਿਤਾ ਵੀ ਨਹੀਂ।

ਕੈਨੇਡਾ ਵਿਚ ਰਹਿੰਦਾ ਜਰਨੈਲ ਸਿੰਘ ਸੇਖਾ ਕਹਾਣੀਕਾਰ ਵੀ ਹੈ ਅਤੇ ਨਾਵਲਕਾਰ ਵੀ। ਉਦਾਸੇ ਬੋਲਅਤੇ ਆਪਣਾ-ਆਪਣਾ ਸੁਰਗਉਸ ਦੇ ਕਹਾਣੀ ਸੰਗ੍ਰਹਿ ਹਨ ਤੇ ਦੁਨੀਆ ਕੈਸੀ ਹੋਈ’, ‘ਭਗੌੜਾਅਤੇ ਵਿਗੋਚਾਸੇਖਾ ਦੇ ਨਾਵਲ ਹਨ। ਦੁੱਲੇ ਦੀ ਬਾਰ ਤੱਕਉਸ ਦਾ ਸਫਰਨਾਮਾ ਵੀ ਪੜ੍ਹਨਯੋਗ ਹੈ। ਵਿਲੱਖਣ ਸ਼ੈਲੀ ਦਾ ਮਾਹਿਰ ਇਹ ਲੇਖਕ ਸਾਹਿਤਕ ਹਲਕਿਆਂ ਵਿਚ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈਉਸ ਨੇ ਆਪਣੀਆਂ ਗਲਪ ਰਚਨਾਵਾਂ ਵਿੱਚ ਪਰਵਾਸੀ ਜ਼ਿੰਦਗੀ ਦੇ ਕੌੜੇ ਸੱਚ, ਜਿਹਾ ਕਿ ਪਦਾਰਥਕ ਪ੍ਰਾਪਤੀਆਂ ਲਈ ਤਿੜਕਦੇ ਪਰਵਾਰ, ਔਰਤਾਂ ਦੀਆਂ ਮੁਸ਼ਕਲਾਂ ਅਤੇ ਤੀਜੀ ਪੀੜ੍ਹੀ ਦੇ ਦਿਨ ਚੜ੍ਹਦੇ ਨੂੰ ਅਮੀਰ ਹੋਣ ਵਾਲੀਆਂ ਲਾਲਸਾਵਾਂ ਨੂੰ ਪੂਰੇ ਪੰਜਾਬੀ ਮੁਹਾਵਰੇ ਵਿੱਚ ਪਾਠਕਾਂ ਦੇ ਸਨਮੁੱਖ ਪੇਸ਼ ਕੀਤਾ ਹੈ ਅਤੇ ਮੁਲਾਕਾਤ ਦੇ ਅੰਤ ਵਿਚ ਆਪਣੀ ਭਾਸ਼ਾ ਉੱਤੇ ਮਾਣ ਕਰਨ ਦੀ ਗੱਲ ਕਹੀ ਹੈ।

ਕੈਨੇਡਾ ਵਾਸੀ ਨਦੀਮ ਪਰਮਾਰ ਦਾ ਅਸਲੀ ਨਾਂਅ ਕੁਲਵੰਤ ਸਿੰਘ ਪਰਮਾਰ ਹੈ। ਉਹ ਸ਼ਾਇਰ ਵੀ ਹੈ ਤੇ ਨਾਵਲਕਾਰ ਵੀ। ਨਦੀਮ ਪਰਮਾਰ ਨੇ ਪਹਿਲਾਂ ਉਰਦੂ ਵਿੱਚ ਵੀ ਗਜ਼ਲ ਲਿਖੀ ਤੇ ਗਾਈ ਹੈ। ਗਜ਼ਲ ਦੀ ਵਿਆਕਰਣ ਬਾਰੇ ਵੀ ਨਦੀਮ ਨੇ ਇੱਕ ਪੁਸਤਕ ਲਿਖੀ ਹੈ। ਚਿੱਟੀ ਮੌਤ’, ‘ਪੇਸ਼ੀਅਤੇ ਇੰਦਰਜਾਲਉਸ ਦੇ ਵੱਡੇ ਪੱਧਰ ਤੇ ਪੜ੍ਹੇ ਗਏ ਨਾਵਲ ਹਨ। ਗਜ਼ਲ ਦੀ ਆਲੋਚਨਾ ਬਾਰੇ ਨਦੀਮ ਦਾ ਆਖਣਾ ਹੈ ਕਿ ਪੰਜਾਬ ਵਿੱਚ ਗਜ਼ਲ ਦਾ ਕੋਈ ਆਲੋਚਕ ਹੈ ਹੀ ਨਹੀਂ। ਨਦੀਮ ਆਪਣੇ ਆਪ ਨੂੰ ਪਰਵਾਸੀ ਕਹਾਉਣ ਲਈ ਸਹਿਮਤ ਨਹੀਂ ਹੈ। ਉਸ ਦਾ ਕਹਿਣਾ ਹੈ ਕਿ ਅਸੀਂ ਕੈਨੇਡੀਅਨ ਹਾਂ ਤੇ ਸਾਡਾ ਸਾਹਿਤ ਕੈਨੇਡੀਅਨ ਪੰਜਾਬੀ ਸਾਹਿਤ ਹੈ। ਪਰਵਾਸੀ ਸਾਹਿਤ ਨਹੀਂ। ਇਹ ਪੰਜਾਬ ਵਾਲਿਆਂ, ਖਾਸ ਕਰਕੇ ਯੂਨੀਵਰਸਿਟੀਆਂ ਨੇ ਆਪਣੇ ਆਪ ਨੂੰ ਅੱਗੇ ਰੱਖਣ ਲਈ ਇੱਕ ਨਵਾਂ ਸ਼ਬਦ ਘੜ ਲਿਆ ਹੈ।

ਡਾ. ਗੁਰਦਿਆਲ ਸਿੰਘ ਰਾਏ ਯੂ ਕੇ ਦਾ ਬਾਸ਼ਿੰਦਾ ਹੈ, ਜਿਸ ਦਾ ਜਨਮ 1 ਮਈ 1937 ਨੂੰ ਤਿੰਨ ਸੁਖੀਆ (ਆਸਾਮ), ਭਾਰਤ ਵਿੱਚ ਹੋਇਆ। ਵਲੈਤ ਜਾਣ ਤੋਂ ਪਹਿਲਾਂ ਗੁਰਦਿਆਲ ਸਿੰਘ ਨੇ ਪੰਜ ਕੁ ਵਰ੍ਹੇ ਅਕਾਲੀ ਪੱਤਿ੍ਰਕਾਵਿੱਚ ਸਬ ਐਡੀਟਰ ਦੇ ਤੌਰ ਤੇ ਕੰਮ ਵੀ ਕੀਤਾ। ਗੁਰਦਿਆਲ ਸਿੰਘ ਨੂੰ ਕਹਾਣੀ ਅਤੇ ਨਿਬੰਧ ਲਿਖਣ ਦੀ ਖਾਸ ਮੁਹਾਰਤ ਹਾਸਲ ਹੈ। ਉਸ ਨੇ ਵਿਦੇਸ਼ਾਂ ਵਿੱਚ ਵੱਸਦੇ ਹੋਰ ਪੰਜਾਬੀ ਲੇਖਕਾਂ ਬਾਰੇ ਨਿੱਠ ਕੇ ਲਿਖਿਆ ਹੈ। ਉਸ ਮੁਤਾਬਕ ਹੁਣ ਦੂਜੀ ਅਤੇ ਤੀਜੀ ਪੀੜ੍ਹੀ ਦੀ ਸੋਚ ਵਿੱਚ ਅਪਣੱਤ ਅਤੇ ਸਨੇਹ ਘਟ ਰਿਹਾ ਹੈ। ਪਦਾਰਥ ਦੇ ਪਾਸਾਰ ਕਾਰਨ ਅਤੇ ਉਂਝ ਕੁਦਰਤੀ ਹੀ ਪੀੜ੍ਹੀ ਪਾੜੇ ਦੀਆਂ ਮੁਸ਼ਕਲਾਂ, ਕਦਰਾਂ-ਕੀਮਤਾਂ ਦੇ ਟਕਰਾ ਕਾਰਨ ਪੈਦਾ ਹੋਈਆਂ ਦਿੱਕਤਾਂ ਆਦਿ ਨੇ ਲਿਖਣ ਲਈ ਹੋਰ ਦੁਆਰ ਖੋਲ੍ਹੇ ਹਨ।

ਪ੍ਰਿੰਸੀਪਲ ਸਰਵਣ ਸਿੰਘ ਕੈਨੇਡਾ ਵੱਸਦਾ ਪੰਜਾਬੀ ਦਾ ਸੁਪ੍ਰਸਿੱਧ ਖੇਡ ਲੇਖਕ ਹੈ। ਉਸਦੀਆਂ ਖੇਡ ਜਗਤ ਬਾਰੇ ਕਾਫੀ ਪੁਸਤਕਾਂ ਪਾਠਕਾਂ ਦੇ ਹੱਥਾਂ ਵਿਚ ਆਈਆਂ ਹਨ। ਉਸ ਦੀ ਸਵੈਜੀਵਨੀ ਹਸੰਦਿਆਂ-ਖਲੰਦਿਆਂਵੀ ਇਕਾਗਰਚਿੱਤ ਹੋ ਕੇ ਪੜ੍ਹਨ ਵਾਲੀ ਹੈ। ਉਸ ਦਾ ਦਰਸ਼ਕਾਂ/ਪਾਠਕਾਂ ਨੂੰ ਸੁਨੇਹਾ ਹੈ ਕਿ ਖੇਡਾਂ ਮਨੁੱਖੀ ਜੀਵਨ ਲਈ ਬੜੀ ਵੱਡੀ ਨਿਆਮਤ ਨੇ। ਖੇਡਾਂ ਰਾਹੀਂ ਜੁੱਸੇ ਫਿੱਟ ਰੱਖੇ ਜਾ ਸਕਦੇ ਹਨ, ਫਿੱਟ ਜੁੱਸਾ ਹਰ ਕੰਮ ਲਈ ਫਿੱਟ ਹੁੰਦਾ ਹੈ

ਡਾ. ਦਰਸ਼ਨ ਗਿੱਲ ਵੀ ਕੈਨੇਡਾ ਰਹਿੰਦਾ ਸੀ। ਉਹ 10 ਜੂਨ 2011 ਨੂੰ ਪੂਰਾ ਹੋਇਆ। ਪੁਸਤਕ ਵਿਚ ਦਰਜ ਮੁਲਾਕਾਤ ਕੁਝ ਸਮਾਂ ਪਹਿਲਾਂ ਕੀਤੀ ਗਈ। ਪੰਜਾਬੀ ਸ਼ਾਇਰੀ ਵਿਚ ਉਸ ਦਾ ਆਪਣਾ ਨਾਂਅ ਹੈ। ਆਪਣੀ ਵਿਲੱਖਣ ਥਾਂ ਹੈ। ਉਸ ਨੇ ਆਪਣੀ ਕਵਿਤਾ ਵਿਚ ਵਿਸ਼ਵ-ਪੱਧਰੀ ਮਾਮਲਿਆਂ ਨੂੰ ਸਿਰਜਣਾਤਮਕ ਰੂਪ ਦਿੱਤਾ ਹੈ। ਉਸ ਨੇ ਨਸਲੀ ਵਿਤਕਰਾ, ਪੰਜਾਬ ਸਮੱਸਿਆ, ਪਰਵਾਸੀ ਚੇਤਨਾ, ਸਮਾਜਿਕ ਤੇ ਸਿਆਸੀ ਚੇਤਨਾ, ਵਿਸ਼ਾਲ ਮਨੁੱਖੀ ਕਦਰਾਂ-ਕੀਮਤਾਂ ਆਦਿ ਹੋਰ ਕਈ ਸੰਵੇਦਨਸ਼ੀਲ ਵਿਸ਼ਿਆਂ ਨੂੰ ਆਪਣੀ ਕਵਿਤਾ ਵਿਚ ਥਾਂ ਦਿੱਤਾ ਹੈ।

ਕੈਨੇਡਾ ਵਿਚ ਰਹਿ ਰਹੇ ਇਕਬਾਲ ਮਾਹਲ ਨੂੰ ਮੁਲਾਕਾਤੀ ਨੇ ਸੁਰਾਂ ਦਾ ਸੌਦਾਗਰ ਅਤੇ ਸ਼ਬਦਾਂ ਦਾ ਜਾਦੂਗਰ ਕਿਹਾ ਹੈ। ਇਕਬਾਲ ਮਾਹਲ ਦੀ ਰੇਖਾ ਚਿੱਤਰਾਂ ਦੀ ਪੁਸਤਕ ਸੁਰਾਂ ਦੇ ਸੌਦਾਗਰਜਿਸ ਨੇ ਪੜ੍ਹੀ ਹੈ, ਉਸ ਨੂੰ ਮਾਹਲ ਦੀ ਕਲਮ ਦੀ ਪੁਖਤਗੀ ਦਾ ਅਹਿਸਾਸ ਸਹਿਜੇ ਹੀ ਹੋਵੇਗਾ। ਮੁਲਾਕਾਤੀ ਨੇ ਲਿਖਿਆ ਹੈ ਕਿ ਇਕਬਾਲ ਮਾਹਲ ਨੂੰ ਕੈਨੇਡਾ ਵਿੱਚ ਲੋਕ ਜਾਣਦੇ-ਪਛਾਣਦੇ ਹਨ ਕਿਉਂਕਿ ਉਹ ਪਿਛਲੇ ਤਿੰਨ ਦਹਾਕਿਆਂ ਤੋਂ ਟੀ ਵੀ ਅਤੇ ਰੇਡੀਓ ਪ੍ਰੋਗਰਾਮ ਟੋਰਾਂਟੋ ਦੀ ਧਰਤੀ ਤੋਂ ਪੇਸ਼ ਕਰਦਾ ਆ ਰਿਹਾ ਹੈ।

ਡਾ. ਬਲਵਿੰਦਰ ਕੌਰ ਬਰਾੜ ਦਾ ਜਨਮ ਪਟਿਆਲਾ ਸ਼ਹਿਰ ਵਿੱਚ ਹੋਇਆ। ਉਹ ਵੀ ਕੈਨੇਡਾ ਵਿਚ ਰਹਿੰਦੀ ਹੈ। ਉਸ ਦੀਆਂ ਕਹਾਣੀਆਂ ਦੀਆਂ ਅਤੇ ਆਲੋਚਨਾ ਦੀਆਂ ਪੁਸਤਕਾਂ ਪਾਠਕਾਂ ਕੋਲ ਪੁੱਜੀਆਂ ਹਨ। ਸਭੇ ਸਾਕ ਕੂੜਾਵੇਅਤੇ ਚਿਤ ਨਾ ਚੇਤੇਨਾਂਅ ਦੇ ਉਸ ਦੇ ਨਾਵਲ ਵੀ ਪਾਠਕਾਂ ਨੇ ਪੜ੍ਹੇ ਹਨ। ਬਰਾੜ ਨੇ ਆਪਣੀਆਂ ਰਚਨਾਵਾਂ ਵਿੱਚ ਮਾਨਵੀ ਰਿਸ਼ਤਿਆਂ ਦੇ ਆਰ-ਪਾਰ ਦੇਖਣ ਦਾ ਲੱਗਭੱਗ ਸਫਲ ਯਤਨ ਕੀਤਾ ਹੈ। ਔਰਤ-ਮਰਦ ਦੇ ਰਿਸ਼ਤੇ ਦੀ ਗਹਿਨ-ਸੰਰਚਨਾ ਉਸ ਦੀ ਸਿਰਜਣਾ ਦਾ ਵਿਸ਼ੇਸ਼ ਆਧਾਰ ਬਣੀ ਹੈ।

ਇਕਬਾਲ ਖਾਨ, ਜਿਸ ਨੂੰ ਇਨਕਲਾਬੀ ਕਵੀ ਵੀ ਕਿਹਾ ਜਾਂਦਾ ਹੈ, ਅਸਲ ਵਿੱਚ ਨਕਸਲਬਾਦੀ ਲਹਿਰ ਦਾ ਕਵੀ ਹੈ। ਉਸ ਨੂੰ ਇਸ ਪੁਸਤਕ ਵਿਚ ਰਾਜਨੀਤਕ ਘੁਲਾਟੀਆ ਵੀ ਲਿਖਿਆ ਗਿਆ ਹੈ। ਪਿੰਡ ਮੁਬਾਰਕਪੁਰ (ਨਵਾਂ ਸ਼ਹਿਰ) ਵਿਚ ਜਨਮਿਆ ਇਕਬਾਲ ਖਾਨ ਇਸ ਵਕਤ ਕੈਨੇਡਾ ਦਾ ਸ਼ਹਿਰੀ ਹੈ। ਪੁਸਤਕ ਦੇ ਅਧਿਐਨ ਮੁਤਾਬਕ ਇਹ ਕਹਿਣਾ ਦਰੁਸਤ ਹੋਵੇਗਾ ਕਿ ਕੁਦਰਤੀ ਦ੍ਰਿਸ਼ ਦੇ ਸੁਹੱਪਣ ਨੂੰ ਦੇਖ ਕੇ ਜਿਸ ਕਵੀ ਦਾ ਮਨ ਮਚਲ ਉੱਠੇ ਅਤੇ ਜਿਸ ਦੇ ਮਨ ਵਿੱਚੋਂ ਛੱਲਾਂ ਵਾਂਗ ਕਵਿਤਾਵਾਂ ਉੱਛਲ ਕੇ ਬਾਹਰ ਆਉਣ, ਉਸੇ ਦਾ ਨਾਂਅ ਇਕਬਾਲ ਖਾਨ ਹੈ।

ਇਸ ਪੁਸਤਕ ਅੰਦਰਲਾ ਆਖਰੀ ਲਿਖਾਰੀ ਡਾ. ਸੁਰਿੰਦਰ ਧੰਜਲ ਸਾਹਿਤ ਅਤੇ ਸਾਇੰਸ ਦਾ ਸੁਮੇਲ ਹੈ। ਪਿੰਡ ਚੱਕ ਭਾਈਕਾ (ਲੁਧਿਆਣਾ) ਨਾਲ ਸੰਬੰਧਤ ਇਹ ਸ਼ਖਸ ਇਸ ਵਕਤ ਕੈਨੇਡਾ ਦਾ ਰਿਹਾਇਸ਼ੀ ਹੈ। ਸੂਰਜਾਂ ਦੇ ਹਮਸਫਰ’, ‘ਜ਼ਖਮਾਂ ਦੀ ਫਸਲਅਤੇ ਕੁਝ ਹੋਰ ਉਸ ਦੀਆਂ ਕਾਵਿ ਪੁਸਤਕਾਂ ਹਨ। ਨਾਟਕ ਰੰਗਮੰਚ ਆਤਮਜੀਤ ਅਤੇ ਕੈਮਲੂਪਸ ਦੀਆਂ ਮੱਛੀਆਂ’ ਉਸ ਦੀ ਆਲੋਚਨਾ ਦੀ ਪੁਸਤਕ ਹੈ। ਧੰਜਲ ਪੰਜਾਬੀ ਬੋਲੀ ਦਾ ਦੀਵਾਨਾ ਹੈ। ਰਚਨਾਤਮਕ ਪਲਾਂ ਨੂੰ ਰਚਨਾ ਵਿੱਚ ਬਦਲਣ ਲਈ ਉਸ ਨੂੰ ਮਾਨਸਿਕ ਇਕਾਗਰਤਾ ਚਾਹੀਦੀ ਹੈ, ਨਾ ਕਿ ਇਕੱਲਤਾ।

ਨਿਰਸੰਦੇਹ ਇਹਨਾਂ ਲੰਬੀਆਂ ਮੁਲਾਕਾਤਾਂ ਵਿੱਚ ਸੰਬੰਧਤ ਲੇਖਕਾਂ ਦੀ ਸੋਚ ਦੇ ਡੂੰਘੇ ਵਹਿਣਾਂ ਦੇ ਭੇਤ ਕਾਫੀ ਵਿਸਤ੍ਰਿਤ ਰੂਪ ਵਿਚ ਉਜਾਗਰ ਹੋਏ ਹਨ। ਇਹ ਮੁਲਾਕਾਤਾਂ ਦਾ ਦੂਜਾ ਭਾਗ ਹੈ। ਇਹ ਵੀ ਤੇ ਇਸ ਤੋਂ ਪਹਿਲਾ ਭਾਗ ਪੜ੍ਹ ਕੇ ਪਾਠਕ ਨਿਸ਼ਚੇ ਹੀ ਇਹਨਾਂ ਲੇਖਕਾਂ ਦੀ ਪਰਵਾਸੀ ਜ਼ਿੰਦਗੀ ਅਤੇ ਸਿਰਜੇ ਸਾਹਿਤ ਦੀ ਵੱਧ ਤੋਂ ਵੱਧ ਥਾਹ ਸਹਿਜੇ ਹੀ ਪਾ ਸਕਣਗੇ। ਜ਼ਰੂਰ ਪੜ੍ਹੋ। ਪੁਸਤਕ ਵਿੱਚ ਹਰ ਲੇਖਕ ਦਾ ਚਿੱਤਰ ਸ਼ਾਮਲ ਹੈ।

**

(ਪ੍ਰਕਾਸ਼ਕ: ਸੰਗਮ ਪਬਲੀਕੇਸ਼ਨਜ਼, ਪਟਿਆਲਾਪੰਨੇ: 328, ਮੁੱਲ: 350 ਰੁਪਏ)

*****

(248)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)