HarpinderRana7ਅੱਜ ਮਾਰਕਸੀ ਆਲੋਚਕ ਅਤੇ ਚਿੰਤਕ ਕਾਮਰੇਡ ਸੁਰਜੀਤ ਗਿੱਲ ਜੀ ਦੀ ਚੌਥੀ ਬਰਸੀ ’ਤੇ ਵਿਸ਼ੇਸ਼
(ਜੂਨ 21, 2016)

 

SurjitGill2ਤੂੰ ਇਸ ਤਰਹ ਸੇ ਮੇਰੀ ਜ਼ਿੰਦਗ਼ੀ ਮੇਂ ਸ਼ਾਮਿਲ ਹੈ ...

ਜਦੋਂ ਵੀ ਨਿਦਾ ਫਾਜ਼ਲੀ ਸਾਹਿਬ ਜੀ ਦਾ ਲਿਖਿਆ ਅਤੇ ਮਨਹਰ ਉਦਾਸ ਦਾ ਗਾਇਆ ਗੀਤ, “ਤੂੰ ਇਸ ਤਰਹ ਸੇ ਮੇਰੀ ਜ਼ਿੰਦਗ਼ੀ ਮੇਂ ਸ਼ਾਮਿਲ ਹੈ , ਜਹਾਂ ਭੀ ਜਾਊਂ ਯੇਹ ਲਗਤਾ ਹੈ ਤੇਰੀ ਮਹਿਫ਼ਿਲ ਹੈ ...,’ ਸੁਣਦੀ ਹਾਂ ਤਾਂ ਮੇਰੇ ਸਾਹਮਣੇ ਬਾਪੂ ਜੀ, ਜਾਨੀ ਮਾਰਕਸੀ ਆਲੋਚਕ ਅਤੇ ਚਿੰਤਕ ਕਾਮਰੇਡ ਸੁਰਜੀਤ ਗਿੱਲ ਜੀ ਦੀਆਂ ਯਾਦਾਂ ਦੀ ਰੀਲ ਚੱਲਣੀ ਸ਼ੁਰੂ ਹੋ ਜਾਂਦੀ ਹੈ। ਕਾਮਰੇਡ ਸੁਰਜੀਤ ਗਿੱਲ ਮੇਰੇ ਲਈ ਰੋਲ ਮਾਡਲ ਅਤੇ ਅੱਜ ਦਾ ਨਾਇਕ ਹਮੇਸ਼ਾ ਸੀ ਤੇ ਰਹੇਗਾ। ਅਜਿਹੇ ਇਨਸਾਨ ਕਦੇ ਵੀ ਮਰਦੇ ਨਹੀਂ। ਗ਼ੈਰ ਹਾਜ਼ਰ ਹੋ ਕੇ ਵੀ ਹਜ਼ਾਰਾਂ ਲੋਕਾਂ ਦੇ ਚੇਤਿਆਂ ਵਿੱਚ ਹਮੇਸ਼ਾ ਹਾਜ਼ਰ ਰਹਿੰਦੇ ਹਨ।

ਪਰ ਸਥੂਲਤਾ ਦੀ ਘਾਟ ਕਦੇ ਵੀ ਸੂਖ਼ਮਤਾ ਨਾਲ ਪੂਰੀ ਨਹੀਂ ਜਾ ਸਕਦੀ ਕਿਉਂਕਿ ਅੱਜ ਜਦ ਮੈਂ ਹਰ ਕਿਸਮ ਦੀ ਰਾਜਨੀਤੀ ਤੋਂ ਉਕਤਾ ਕੇ ਕੋਈ ਗੱਲ ਕਰਨਾ ਚਾਹੁੰਦੀ ਹਾਂ ਤਾਂ ਬਾਪੂ ਦੀ ਘਾਟ ਮਹਿਸੂਸ ਹੁੰਦੀ ਹੈ। ਰੋਹਿਤ ਵੇਮੁਲਾ ਦੀ ਮੌਤ ਦਾ ਦਰਦ ਇਕੱਲੀ ਨੇ ਝੱਲਿਆ। ਕਨ੍ਹਈਆ ਵਾਲੇ ਮਸਲੇ ਤੇ ਤਾਂ ਕੁਝ ਚੈਨਲਾਂ ਵੱਲੋਂ ਪਾਏ ਗਏ ਰੋਲ਼ ਘਚੋਲ਼ੇ ਬਾਰੇ ਕਾਫ਼ੀ ਦਿਨਾਂ ਬਾਅਦ ਜਾ ਕੇ ਮੈਨੂੰ ਸਮਝ ਲੱਗੀ ਜਦ ਮੈਂ ਦਲਜੀਤ ਅਮੀ ਨੂੰ ਪੜ੍ਹਿਆ। ਇਨ੍ਹੀਂ ਦਿਨੀਂ ਤਾਂ ਦੇਸ਼ ਦੇ ਪਲ ਪਲ ਬਦਲਦੇ ਹਾਲਾਤ ਬਾਰੇ ਚਿੰਤਨ ਕਰਨ ਵੇਲੇ ਬਾਪੂ ਦੀ ਲੋੜ ਹਰ ਪਲ ਮਹਿਸੂਸ ਹੁੰਦੀ ਹੈ। ਕਾਮਰੇਡ ਗਿੱਲ ਅਜਿਹਾ ਰਾਜਨੀਤਕ ਗੁਰੂ ਸੀ ਜੋ ਆਪਣੇ ਸ਼ਾਗਿਰਦਾਂ ਅਤੇ ਸਾਥੀਆਂ ਨਾਲ ਸਿਰਫ ਪਾਰਟੀ ਦੀਆਂ ਗਤੀਵਿਧੀਆਂ ਤੱਕ ਹੀ ਮਤਲਬ ਨਹੀਂ ਸੀ ਰੱਖਦਾ ਬਲਕਿ ਉਹਨਾਂ ਨਾਲ ਭਾਵਨਾਤਮਕ ਤੌਰ ’ਤੇ ਵੀ ਜੁੜ ਜਾਂਦਾ ਸੀ।

ਮਾਨਵੀ ਦਰਦ ਨੂੰ ਮਹਿਸੂਸ ਕਰਨ ਦੀ ਜਿੰਨੀ ਸ਼ਿੱਦਤ ਮੈਂ ਬਾਪੂ ਜੀ ਅੰਦਰ ਦੇਖੀ, ਉੰਨੀ ਮੈਨੂੰ ਹੋਰ ਕਿਸੇ ਵਿਚ ਨਹੀਂ ਦਿਸੀ। ਬਾਪੂ ਮੈਨੂੰ ਇਸ ਸਦੀ ਦਾ ਉਹ ਆਖਰੀ ਆਦਮੀ ਲੱਗਦਾ ਹੈ ਜਿਸ ਨੂੰ ਰੂਹਾਨੀ ਰਿਸ਼ਤਿਆਂ ਦੀ ਕਦਰ ਸੀ। ਜੋ ਅੱਤ ਦਰਜੇ ਦਾ ਭਾਵੁਕ ਵੀ ਸੀ ਆਪ ਦੀ ਜੇਬ ਵਿੱਚ ਭਾਵੇਂ ਦਵਾਈ ਜੋਗੇ ਪੈਸੇ ਹੀ ਹੋਣ, ਉਸ ਨਾਲ ਵੀ ਕਿਸੇ ਪਾਰਟੀ ਮੈਂਬਰ ਦੀ ਮਦਦ ਕਰ ਦੇਣੀ। ਕਿਸੇ ਸਾਥੀ ਦੇ ਪੈਰਾਂ ਵਿੱਚ ਟੁੱਟੀ ਜੁੱਤੀ ਵੇਖ ਕੇ ਆਪਣੇ ਬੂਟ ਤੱਕ ਪੈਰੋਂ ਲਾਹ ਕੇ ਦੇ ਦੇਣੇ। ਅਸੂਲਾਂ ਦਾ ਪੱਕਾ ਬਾਪੂ, ਬੁਰੇ ਤੋਂ ਬੁਰੇ ਹਾਲਾਤ ਵਿੱਚੋਂ ਵੀ ਆਪਣੇ ਆਪ ਨੂੰ ਕੱਢ ਲੈਂਦਾ ਸੀ ਤੇ ਆਪਣੀ ਹੀ ਬੇਵੱਸੀ ਤੇ ਹੱਸ ਸਕਣ ਵਾਲਾ ਇਨਸਾਨ ਸੀ। ਭਾਵੇਂ ਕਿ ਅੱਜ ਵੀ ਮੈਂ ਆਪਣੇ ਬੁਰੇ ਹਾਲਾਤ ਵਿੱਚੋਂ ਨਿਕਲਣ ਲਈ ਬਾਪੂ ਦੀ ਦਿੱਤੀ ਸੇਧ ਦਾ ਹੀ ਸਹਾਰਾ ਲੈਂਦੀ ਹਾਂ ਪਰ ਕੁਝ ਹਸਤੀਆਂ ਦਾ ਕੋਈ ਵੀ ‘ਬਦਲਨਹੀਂ ਹੁੰਦਾ।

ਬਾਪੂ ਇੰਝ ਤੁਰ ਜਾਵੇਗਾ, ਮੈਂ ਕਦੇ ਵੀ ਯਕੀਨ ਨਹੀਂ ਕਰ ਸਕਣਾ ਕਿ ਸਾਰੀ ਉਮਰ ਦ੍ਰਿੜ੍ਹ ਅਤੇ ਨਿਰਭਉ ਜ਼ਿੰਦਗੀ ਗੁਜ਼ਾਰਨ ਵਾਲਾ ਹਮੇਸ਼ਾ ਲਈ ਹੱਥ ਛੁਡਾ ਗਿਆ। ਮੇਰੇ ਪੱਲੇ ਤਾਂ ਹੁਣ ਸਿਰਫ ਯਾਦਾਂ ਹੀ ਨੇ ਤੇ ਜਾਂ ਫਿਰ ਮੇਰੇ ਮੋਬਾਇਲ ਵਿਚ ਰਿਕਾਰਡ ਕੀਤੀਆਂ ਉਹਨਾਂ ਦੀਆਂ ਕੁਝ ਗੱਲਾਂਬਾਤਾਂ, ਜੋ ਕਿ ਚੀਨ ਦੇ ਹਮਲੇ ਬਾਰੇ ਹਨ ਇੱਕ ਰਿਕਾਰਡਿੰਗ ਵਿੱਚ ਉਹਨਾਂ ਨੇ ਉਸ ਘਟਨਾ ਦਾ ਜ਼ਿਕਰ ਕੀਤਾ ਹੈ ਜਦ ਉਹ ‘ਲਾਲ ਪਾਰਟੀਵਲੋਂ ਗੋਆ ਦੀ ਆਜ਼ਾਦੀ ਲਈ ਪੁਰਤਗਾਲੀਆਂ ਨਾਲ ਟੱਕਰ ਲੈਣ ਗਏ ਸਨ। ਮੈਂ ਇਹ ਗੱਲਾਂ ਵਾਰ ਵਾਰ ਸੁਣਦੀ ਹਾਂ। ਇਸੇ ਲਈ ਬਾਪੂ ਮੈਨੂੰ ਜਿਉਂਦਾ ਲੱਗਦਾ ਹੈ।

ਬਾਪੂ ਜੀ ਤੋਂ ਮੈਂ ਜ਼ਿੰਦਗੀ ਦੇ ਡੂੰਘੇ ਰਾਜ਼ ਸਿੱਖੇ ਨੇ। ਬਾਪੂ ਜੀ ਹਮੇਸ਼ਾ ਚਾਹੁੰਦੇ ਸਨ ਕਿ ਕੁੜੀਆਂ ਤਰੱਕੀ ਕਰਨ। ਸਮਾਜ ਦੀਆਂ ਬੋਸੀਦਾ ਰਸਮਾਂ ਦੀ ਕੈਦ ਵਿੱਚੋਂ ਆਜ਼ਾਦ ਹੋਣ। ਔਰਤਪਣ ਦੀ ਕੋਮਲਤਾ ਦਾ ਅਹਿਸਾਸ ਵੀ ਰੱਖਣ ਅਤੇ ਆਪਣੇ ਹੱਕਾਂ ਉੱਤੇ ਵੱਜਦੇ ਡਾਕਿਆਂ ਖਿਲਾਫ਼ ਡੱਟ ਕੇ ਖੜ੍ਹਨ ਵੀ। ਬਾਪੂ ਕਹਿੰਦਾ ਹੁੰਦਾ ਸੀ ਕਿ ਕੋਈ ਵੀ ਸੰਘਰਸ਼ ਉੰਨੀ ਦੇਰ ਤੱਕ ਕਾਮਯਾਬ ਨਹੀਂ ਹੋ ਸਕਦਾ, ਜਿੰਨੀ ਦੇਰ ਤੱਕ ਉਸ ਵਿੱਚ ਔਰਤਾਂ ਦੀ ਸ਼ਮੂਲੀਅਤ ਨਹੀਂ ਹੁੰਦੀ।

ਭਾਵਨਾਤਮਕ ਰਿਸ਼ਤੇ ਬਣਾਉਣੇ ਤੇ ਫਿਰ ਨਿਭਾਉਣੇ ਵੀ ਮੈਂ ਬਾਪੂ ਜੀ ਤੋਂ ਹੀ ਸਿੱਖੇ। ਡੂੰਘੇ ਚਿੰਤਨ ਦਾ ਵੱਲ ਮੈਂ ਬਾਪੂਜੀ ਤੋਂ ਸਿੱਖਿਆ ਆਪਣੀਆਂ ਨਾਕਾਮਯਾਬੀਆਂ ਦਾ ਮੁੜ ਤੋਂ ਅਧਿਐਨ ਕਰਨਾ, ਕਾਰਨ ਖੋਜ ਕੇ ਆਪਣੀ ਗਲਤੀ ਨੂੰ ਮੰਨ ਲੈਣਾ ਅਤੇ ਫਿਰ ਤੋਂ ਗਲਤੀ ਨੂੰ ਸੁਧਾਰ ਲੈਣਾ। ਤੇ ਜੇ ਗਲਤੀ ਨਾ ਸੁਧਰਨ ਵਾਲੀ ਹੋਵੇ ਤਾਂ ਉਸਦੇ ਮਾਰੂ ਨਤੀਜੇ ਖਿੜੇ ਮੱਥੇ ਭੁਗਤਣ ਲਈ ਤਿਆਰ ਰਹਿਣਾ ਦਾ ਮਹਾਨ ਗੁਣ ਮੈਂ ਬਾਪੂਜੀ ਅੰਦਰ ਵੇਖਿਆ।

ਕਾਮਰੇਡ ਸੁਰਜੀਤ ਗਿੱਲ ਇੱਕ ਨਿਸਵਾਰਥ, ਨਿਰਭਉ ਅਤੇ ਨਿਰਵੈਰ ਸ਼ਖ਼ਸੀਅਤ ਸਨ। ਸਾਰੀ ਉਮਰ ਪਾਰਟੀ ਦੇ ਲੇਖੇ ਲਾ ਦਿੱਤੀ ਪਰ ਕਦੇ ਵੀ ਆਪਣੇ ਲਈ ਜਾਂ ਆਪਣਿਆਂ ਲਈ ਸਹੂਲਤਾਂ ਦੀ ਮੰਗ ਨਹੀਂ ਕੀਤੀ। ਜਦ ਤੋਂ ਬਾਪੂ ਜੀ ਨੇ ਆਪਣੀ ਵੱਡੀ ਉਮਰ ਕਰਕੇ ਪਾਰਟੀ ਪੋਗਰਾਮਾਂ ਵਿੱਚ ਸਰਗਰਮ ਹਿੱਸਾ ਲੈਣਾ ਛੱਡਿਆ ਸੀ ਉਦੋਂ ਤੋਂ ਉਹ ਅਕਾਦਮਿਕ ਤੌਰ ’ਤੇ ਕੰਮ ਕਰਦੇ ਸਨ।

ਕਈ ਵਾਰ ਮੈਂ ਕਹਿੰਦੀ, “ਬਾਪੂ ਜੀ, ਪਾਰਟੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਕਾਮਿਆਂ ਦੀਆਂ ਸੇਵਾਵਾਂ ਬਦਲੇ ਉਹਨਾਂ ਦੇ ਬੁਢਾਪੇ ਨੂੰ ਸਰਲ ਤੇ ਸੁਖਦ ਬਣਾਉਣ ਲਈ ਇੱਕ ਅਜਿਹੇ ਨਿਵਾਸ ਦਾ ਪਬੰਧ ਕਰੇ, ਜਿੱਥੇ ਉਨ੍ਹਾਂ ਨੂੰ ਆਪਣੇ ਵਿਚਾਰਾਂ ਵਾਲੇ ਹੋਰ ਸਾਥੀ ਤੇ ਸਭ ਤਰ੍ਹਾਂ ਦੀਆਂ ਸਹੂਲਤਾਂ ਮਿਲ ਸਕਣ।” ਮੇਰੀ ਇਸ ਗੱਲ ’ਤੇ ਬਾਪੂ ਜੀ ਨੇ ਭੜਕ ਜਾਣਾ ਤੇ ਕਹਿਣਾ, “ਤੂੰ ਕਾਮਰੇਡ ਸੁਰਜੀਤ ਗਿੱਲ ਦੀ ਧੀ ਹੋ ਕੇ ਅਜਿਹੀਆਂ ਟੁੱਚੀਆਂ ਗੱਲਾਂ ਕਿਉਂ ਕਰਦੀ ਹੈਂ।” ਅਜਿਹਾ ਦੇਸ਼ ਭਗਤ ਸੀ ਮੇਰਾ ਧਰਮੀ ਬਾਬਲ, ਜਿਸ ਦੀ ਲੋੜ ਧੀਆਂ ਨੂੰ ਹਮੇਸ਼ਾ ਰਹਿੰਦੀ ਹੈ। ਬਾਪੂ ਦੇ ਸ਼ਾਗਿਰਦ ਹਜ਼ਾਰਾਂ ਹਨ ਜੋ ਬਾਪੂ ਤੋਂ ਸੇਧ ਲੈ ਕੇ ਆਪਣੀ ਪੀਐੱਚ. ਡੀ. ਦੇ ਥੀਸਿਸ ਲਿਖਦੇ ਸਨ। ਪਵਨ ਟਿੱਬਾ ਤਾਂ ਉਹਨਾਂ ਨੂੰ ‘ਕਾਮਰੇਡ ਦਰੌਣਕਹਿੰਦਾ ਹੁੰਦਾ ਹੈ ਕਿਉਂਕਿ ਉਨ੍ਹਾਂ ਨੇ ਕਦੇ ਵੀ ਕਿਸੇ ਭੀਲ ਏਕਲੱਵਿਆ ਤੋਂ ਗੁਰੂਦੱਖਣਾ ਵਿੱਚ ਉਸਦਾ ਅੰਗੂਠਾ ਨਹੀਂ ਸੀ ਮੰਗਿਆ।

ਜਦ ਬਾਪੂ ਮੈਨੂੰ 1989 ਵਿਚ ਮਿਲਿਆ ਸੀ ਤਾਂ ਮੈਂ ਸਿਰਫ ਮਾਸ ਦਾ ਇੱਕ ਲੋਥੜਾ ਜਿਹਾ ਸਾਂ ਜੋ ਸਾਹ ਲੈਂਦਾ ਸੀ, ਖਾਂਦਾ ਸੀ, ਪੀਂਦਾ ਸੀ। ਅੱਠ ਪਾਸ ਸਾਂ ਮੈਂ। ਭਵਿੱਖ ਸਿਰਫ ਹਨੇਰਾ। ਜ਼ਿੰਦਗ਼ੀ ਦੇ ਸਾਹ ਪੂਰੇ ਕਰਨ ਜੋਗੀ ਸਾਂ। ਕਾਮਰੇਡ ਗਿੱਲ ਦੀ ਸੇਧ ਨੇ ਮੇਰੀ ਰੁਕੀ ਹੋਈ ਜ਼ਿੰਦਗੀ ਵਿੱਚ ਰਵਾਨੀ ਭਰੀ। ਅੱਖਾਂ ਵਿੱਚ ਸੁਪਨੇ ਭਰੇ ਦਿਮਾਗ ਵਿੱਚ ਸੋਚਾਂ ਭਰੀਆਂ। ਮੇਰੇ ਸੁਪਨਿਆਂ ਨੂੰ ਪਰਵਾਜ਼ ਭਰਨੀ ਸਿਖਾਈ ਅਤੇ ਮੇਰੀ ਰੂਹ ਨੂੰ ‘ਸੁਰਜੀਤਕਰ ਕੇ ਮੈਨੂੰ ਦੁਬਾਰਾ ਜਨਮ ਦਿੱਤਾ।

... ਤੇ ਲਗਾਤਾਰ ਤੇਈ ਸਾਲ ਬਾਪੂ ਨੇ ਮੈਨੂੰ ਪਲ ਪਲ ਅਗਵਾਈ ਦਿੱਤੀ। ਆਪਣੇ ਪੈਰਾਂ ਸਿਰ ਖੜ੍ਹਾ ਕੀਤਾ। ਸਮਾਜਿਕ ਸੂਝ ਦਿੱਤੀ, ਸਾਹਿਤਕ ਸੂਝ ਦਿੱਤੀ। ਭਾਵਨਾਤਮਕਤਾ ਮੇਰੇ ਅੰਦਰ ਪੈਦਾ ਕੀਤੀ ਮੈਂ ਅੱਜ ਜੋ ਵੀ ਹਾਂ, ਸਿਰਫ ਕਾਮਰੇਡ ਸੁਰਜੀਤ ਗਿੱਲ ਦੀ ਅਗਵਾਈ ਸਦਕਾ ਹਾਂ ਅਤੇ ਮੈਨੂੰ ਮਾਣ ਹੈ ਕਿ ਮੈਂ ਉਹਨਾਂ ਦੀ ਧੀ ਹਾਂ।

*****

(326)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਹਰਪਿੰਦਰ ਰਾਣਾ

ਹਰਪਿੰਦਰ ਰਾਣਾ

Sri Mukatsar Sahib, Punjab, India.
Phone: (91 - 95010 - 09177)
Email: (sukhansunehe2010@gmail.com)