NadeemParmar7ਜਿਸ ਵਿਚ ਰੰਗ-ਬਰੰਗੇ ਫੁੱਲ ਨਾ ਹੋਣ ਨਦੀਮ,   ਉਹ ਫੁਲਵਾੜੀ ਹੋ ਸਕਦੀ ਗੁਲਜ਼ਾਰ ਨਹੀਂ ...
(26 ਅਕਤੂਬਰ 2016)

 

            1.

         ਗ਼ਜ਼ਲ

ਜੀ ਕਰਦਾ ਜੀ ਭਰਕੇ ਰੋਵਾਂ,
ਪਰ ਕਿੰਝ ਨਿਰਜਲ ਨੈਣ ਭਗੋਵਾਂ।

ਲਿਖਣ ਲਈ ਅੱਤਵਾਦ ਦੀ ਗਾਥਾ,
ਖੂਨ ’ਚ ਕਿਸਦੇ ਕਲਮ ਡਬੋਵਾਂ।

ਚਾਰ-ਚੁਫ਼ੇਰੇ ਸ਼ੱਕੀ ਨਜ਼ਰਾਂ,
ਦੱਸ ਜਿੰਦੇ ਕਿਸ ਕੋਲ ਖਲੋਵਾਂ।

ਹਿਜਰ ਤੇਰੇ ਦਾ ਰੂਪ ਸਲੇਟੀ,
ਚਿੱਟੇ ਘੁੰਡ ’ਚ ਕਿੰਝ ਲਕੋਵਾਂ।

ਜੇ ਗ਼ਮ ਆਵਣ ਸੰਤ ਮੁਨੀ ਬਣ,
ਪੈਰ ਉਨ੍ਹਾਂ ਦੇ ਮਲ਼ ਮ਼ਲ਼ ਧੋਵਾਂ।

ਭਾਵੇਂ ਲੂ ਥਾਂ ਵਗਣ ਸ਼ਮੀਰਾਂ,
ਲੂ ਤੋਂ ਡਰਿਆ ਭੂਹੇ ਢੋਵਾਂ।

ਮਾਨਵ, ਮਾਨਵਤਾ ਦੋ ਲਾਸ਼ਾਂ,
ਦੱਸੋ ਲੋਕੋ! ਕਿਸ ਨੂੰ ਰੋਵਾਂ।

           **

                 2.

              ਗ਼ਜ਼ਲ

ਦਰਦ ਹੈਂ ਤਾਂ ਆ! ਕਰਿਸ਼ਮਾ ਕਰ ਨਵਾਂ,
ਸੁੱਕਿਆਂ ਨੈਣਾਂ ’ਚ ਹੰਝੂ ਭਰ ਨਵਾਂ।

ਕੱਲ੍ਹ ਜਿੱਥੇ ਰੁੱਖ ਸਨ ਤੇ ਆਲ੍ਹਣੇ,
ਅੱਜ ਉੱਥੇ ਬਣ ਰਿਹਾ ਹੈ ਘਰ ਨਵਾਂ।

ਜਿਸ ਵਿਆਹੁਤਾ ਧੀ ਦਾ ਜੀਵਨ ਨਰਕ ਤੁਲ,
ਓਸ ਧੀ ਨੂੰ ਭਾਲ ਦੇਵੋ ਵਰ ਨਵਾਂ।

ਫੁੱਲ ਬਣ ਕੇ ਫਿਰ ਕਲੀ ਨਾ ਬਣ ਹੋਏ,
ਰੁੱਤ ਦਿੰਦੀ ਸੀ ਕਲੀ ਨੂੰ ਡਰ ਨਵਾਂ।

ਪੀੜ੍ਹੀ ਪੀੜ੍ਹੀ ਹੈ ਬਦਲਦੀ ਸੱਭਿਅਤਾ,
ਹਰ ਨਵੀਂ ਪੀੜ੍ਹੀ ਦਾ ਹੈ ਆਦਰ ਨਵਾਂ।

ਨੋਚਦਾ ਸੱਯਾਦ ਜੋ ਪਰ ਉਡਣ ਤੋਂ,
ਵਕਤ ਪੈ ਆ ਜਾਂਦਾ ਉਸ ਥਾਂ ਪਰ ਨਵਾਂ।

ਜੇ ਤਿਰੇ ਵਿਚ ਹੈ ਮਨੁੱਖਤਾ ਦੀ ਕਣੀ,
ਸਿਰਜ ਲੈ ਇਕ ਹੋਰ ਅੰਮ੍ਰਿਤ ਸਰ ਨਵਾਂ।

ਰੱਖਣਾ ਪੁਰਖੀ ਪੁਰਾਣਾ ਘਰ ਜੇ ਤੂੰ,
ਲਾ ਨਵੀਂ ਤਾਕੀ ਤੇ ਉਸ ਵਿਚ ਦਰ ਨਵਾਂ।

ਢੂੰਡਣਾ ਇਸ ਦੌਰ ਵਿਚ ਔਖਾ ਨਦੀਮ!
ਉੱਚੀ ਸੁੱਚੀ ਸੋਚ ਦਾ ਸ਼ਾਇਰ ਨਵਾਂ।

               **

                        3.

                      ਗ਼ਜ਼ਲ

ਜੀਣ ਦੀਆਂ ਤਲਖ਼ੀਆਂ ਨੂੰ ਇਸ ਤਰ੍ਹਾਂ ਮੈਂ ਜਰ ਲਿਆ,
ਕਹਿ ਲਿਆ ਇਕ ਸ਼ਿਅਰ ਮਨ ਦਾ ਬੋਝ ਹਲਕਾ ਕਰ ਲਿਆ।

ਇੱਕ ਬੁੱਢੇ ਰੁੱਖ ਦੇ ਸਭ ਟੁੱਟੇ ਟਾਹਣੇ ਦੇਖ ਕੇ,
ਇੱਕ ਬੁੱਢੇ ਸ਼ਖ਼ਸ ਨੇ ਕਿਉਂ ਮੂੰਹ ਪਰ੍ਹੇ ਨੂੰ ਕਰ ਲਿਆ।

ਭੁੱਖੀ ਮੱਛੀ ਜਾ ਨਿਗਲਿਆ ਅੰਤ ਨੂੰ ਕੁੰਡੀ ਦਾ ਮਾਸ,
ਉਸਨੇ ਸ਼ਾਇਦ ਮਰਨ ਕੋਲੋਂ ਬਹੁਤ ਚਿਰ ਸੀ ਡਰ ਲਿਆ।

ਤੰਗ ਆ ਕੇ ਝੀਲ ਵਿਚ ਕੋਈ ਤਾਂ ਡੁੱਬ ਕੇ ਮਰ ਗਿਆ,
ਪਰ ਕਿਸੇ ਨੇ ਮੌਜ ਖ਼ਾਤਰ ਝੀਲ ਕੰਢੇ ਘਰ ਲਿਆ।

ਆਦਮੀ ਨੇ ਆਪ ਨੂੰ ਝੂਠੀ ਤਸੱਲੀ ਦੇਣ ਲਈ,
ਰੱਬ ਦਾ ਪੜਪੰਚ ਰਚਿਆ ਨਾਓ ਮਜ਼ਹਬ ਧਰ ਲਿਆ।

ਆਈ ਪਤਝੜ ਬਣ ਦੇ ਰੁੱਖਾਂ ਪੀਲੇ ਵਸਤਰ ਪਾ ਲਏ,
ਕੀ ਉਨ੍ਹਾਂ ਪਰਵਾਸ ਦਾ ਮਨ ਵਿਚ ਇਰਾਦਾ ਕਰ ਲਿਆ।

ਇਹ ਮਿਰਾ ਸਾਦਾ ਸੁਭਾ ਸੀ ਜਾਂ ਨਿਰੀ ਸਿੱਕ ਪਿਆਰ ਦੀ,
ਉਸਨੇ ਜੇਵੇਂ ਵੀ ਕਿਹਾ ਓਵੇਂ ਭਰੋਸਾ ਕਰ ਲਿਆ।

ਯਾਦ ਆਇਆ ਜਦ ਕੋਈ ਰੰਗੀਨ ਲਮਹਾ ਬੀਤਿਆ,
ਮੀਚ ਕੇ ਅੱਖਾਂ ਨਦੀਮਾ! ਇੱਕ ਹੌਕਾ ਭਰ ਲਿਆ।

                       **

                         4.

                      ਗ਼ਜ਼ਲ

ਮੁਕੱਦਰ ਸੱਧਰਾਂ ਦਾ ਖੁਸ਼ਕ ਨੈਣਾਂ ਦੀ ਨਮੀ ਬਣਨਾ,
ਤੇ ਮੋਈਆਂ ਹਸਰਤਾਂ ਦਾ ਘੋਰ ਮਾਤਮ ਦੀ ਛਬੀ ਬਣਨਾ।

ਬੜਾ ਸੌਖਾ ਪਰਾਇਆ ਨੂਰ ਲੈ ਕੇ ਚੰਨ ਬਣ ਜਾਣਾ,
ਬੜਾ ਔਖਾ ਹੈ ਅਪਣੀ ਅੱਗ ਵਿਚ ਜਲ਼ ਕੇ ਰਵੀ ਬਣਨਾ।

ਬੜਾ ਬਣਨਾ ਹੈ ਫ਼ਿਤਰਤ ਜਾਂ ਅਸਾਡੀ ਗੁਪਤ ਅਭੀਲਾਸ਼ਾ,
ਜਿਵੇਂ ਚਸੀਆਂ ਦਾ ਦਿਨ ਮਾਹ ਸਾਲ ਸਾਲਾਂ ਦਾ ਸਦੀ ਬਣਨਾ।

ਜਦੋਂ ਉੜਦੀ ਹੈ ਕੋਈ ਬੂੰਦ ਸਾਗਰ ’ਚੋਂ ਫ਼ਲਕ ਵੱਲ ਨੂੰ,
ਨਹੀਂ ਉਹ ਸੋਚਦੀ ਭੁਲਕੇ ਮਿਰਾ ਭਲਕੇ ਹੈ ਕੀ ਬਣਨਾ।

ਉਵੇਂ ਤਾਂ ਹਰ ਬਸ਼ਰ ਇੱਕੋ ਤਰ੍ਹਾਂ ਹੀ ਹੈ ਜਨਮਦਾ ਪਰ,
ਕਿਸੇ ਵਿਰਲੇ ਦੇ ਭਾਗਾਂ ਵਿੱਚ ਹੁੰਦਾ ਹੈ ਨਬੀ ਬਣਨਾ।

ਕਣੀ ਚਿੱਕੜ ’ਚ ਕੀ ਡਿੱਗੀ ਕਿ ਅਪਣਾ ਆਪ ਖੋਹ ਬੈਠੀ,
ਕਦੀ ਜਿਸ ਸੋਚਿਆ ਸੀ ਧਾਰ, ਝਰਨਾ ਜਾਂ ਨਦੀ ਬਣਨਾ।

ਜਦੋਂ ਤਕ ਮਾਂ ਰਹੀ ਜੀਂਦੀ ਉਹ ਮੈਨੂੰ ਇਹ ਰਹੀ ਕਹਿੰਦੀ,
ਮਿਰੇ ਪੂਤਾ! ਬਣੀ ਗੋਲਾ ਮਗਰ ਤੂੰ ਨਾ ਕਵੀ ਬਣਨਾ।

ਨਦੀਮਾ! ਓਸ ਲੋਹ-ਟੋਟੇ ਦਾ ਦੱਸ ਕੀ ਦੋਸ਼ ਹੈ ਜਿਸ ਦੀ,
ਸੜੀ ਤਕਦੀਰ ਵਿਚ ਸੀ ਤੇਗ਼ ਜਾਂ ਤੱਤੀ ਤਵੀ ਬਣਨਾ।

                        **

                    5.

                 ਗ਼ਜ਼ਲ

ਯਾਰ ਤਿਰੇ ਸੰਘ ਤੁਰਨੇ ਤੋਂ ਇਨਕਾਰ ਨਹੀਂ,
ਤੇਰੀ ਟੇਢੀ ਚਾਲ ਦਾ ਪਰ ਇਤਬਾਰ ਨਹੀਂ।

ਜਿਹੜਾ ਪੱਖ ਲਵੇ ਨਾ ਧਰਮ ਸਿਆਸਤ ਦਾ,
ਲੋਕੀਂ ਉਸ ਨੂੰ ਕਹਿੰਦੇ ਇਹ ਅਖ਼ਬਾਰ ਨਹੀਂ।

ਚੜ੍ਹਦਾ ਸੂਰਜ ਦੇਖ ਸਲਾਮਾਂ ਕਰਦੇ ਹੋ,
ਉਂਜ ਕਹਿੰਦੇ ਹੋ ਇਸ ਦੀ ’ਤੇ ਸਰਕਾਰ ਨਹੀਂ।

ਕਵਿਤਾ ਬੁੱਤ ਤਰਾਸ਼ੀ ਅਤੇ ਮਸਵਰੀ ਵਿਚ,
ਪਰਕਿਰਤੀ ਤੋਂ ਵੱਡਾ ਇਕ ਫ਼ਨਕਾਰ ਨਹੀਂ।

ਜਿਸ ਨੂੰ ਲਿੱਲ ਧਰਮ ਦੀ ਲੱਗੀ ਰਹਿੰਦੀ ਏ,
ਦੱਸੋ ਤਾਂ ਉਹ ਬੰਦਾ ਕੀ ਬੀਮਾਰ ਨਹੀਂ।

ਦੇਖ ਕੇ ਅਜ ਦੇ ਦੌਰ ਦੀ ਹਾਲਤ ਸੋਚ ਰਿਹਾਂ,
ਕਿਸ ਦੇ ਸਿਰ ’ਤੇ ਲਟਕ ਰਹੀ ਤਲਵਾਰ ਨਹੀਂ।

ਅਜਕਲ ਧਰਮੀ ਨੈਤਕਤਾ ਦੀ ਸਿਆਸਤ ਹੈ,
ਜਿਸ ’ਤੇ ਲੋਕਾਂ ਨੂੰ ਕੋਈ ਇਤਬਾਰ ਨਹੀਂ।

ਜਿਸ ਵਿਚ ਰੰਗ-ਬਰੰਗੇ ਫੁੱਲ ਨਾ ਹੋਣ ਨਦੀਮ,
ਉਹ ਫੁਲਵਾੜੀ ਹੋ ਸਕਦੀ ਗੁਲਜ਼ਾਰ ਨਹੀਂ।

ਹਰ ਥਾਂ ਧੰਨ ਦਾ ਰੋਭ ਜਮਾਉਂਦਾ ਫਿਰਦਾ ਏਂ,
ਇਕ ਫੱਕਰ ਤੋਂ ਤੁੱਲ ਕੋਈ ਜ਼ਰਦਾਰ ਨਹੀਂ।

ਜੋ ਸਾਡੇ ਪੁਰਖਾਂ ਨੇ ਕਲਪਿਤ ਕੀਤਾ ਸੀ,
ਅੱਜ ਦਾ ਇਹ ਸੰਸਾਰ ’ਤੇ ਉਹ ਸੰਸਾਰ ਨਹੀਂ।

                 *****

(475)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਨਦੀਮ ਪਰਮਾਰ

ਨਦੀਮ ਪਰਮਾਰ

Vancouver, British Columbia, Canada.
Email: (nadeemparmar@shaw.ca)