SunnyDhaliwal7ਮੇਰੇ ਕੰਨ ਵਿੱਚ ਬਾਪੂ ਕਹਿੰਦਾ, ਮੈਂ ਤਾਂ ਗਲਤੀ ਕੀਤੀ ਹੈ, ਪਰ ਤੂੰ ਇੰਝ ਨਾ ਕਰੀਂ, ਤੂੰ ਨਵੇਂ ਦੇਸ਼ ਜਾ ਕੇ ...
(2 ਸਤੰਬਰ 2023)


ਬੜਾ ਵਧੀਆ ‘ਸਨੀ ਡੇਅ’

ਬੱਸ ਦੇਸ਼ ਨੂੰ ਆਖ਼ਰੀ ਫ਼ਤਿਹ
ਬਲਾਉਣ ਦਾ ਵਕਤ ਆ ਗਿਆ,
ਦੁਖੀ ਹੋ ਕਿ ਭੱਜਣ ਦਾ ਵਕਤ ਆ ਗਿਆ

ਬਾਪੂ ਕਹਿੰਦਾ ਦਿੱਲੀ ਚੜ੍ਹਾ ਕੇ ਆਊਂਗਾ
ਮੈਂ ਬਹੁਤ ਕਿਹਾ, ਰਹਿਣ ਦੇ,
ਕਹਿੰਦਾ, ਨਹੀਂ, ਮੈਂ ਜ਼ਰੂਰ ਜਾਊਂਗਾ

ਬੇਬੇ ਦੀ ਬੁੱਕਲ਼ ਵਿੱਚ ਜਾ ਕੇ,
ਪੈਰੀਂ ਹੱਥ ਲਾਉਣ ਦਾ ਵਕਤ ਆ ਗਿਆ

ਅੱਖਾਂ ਵਿੱਚ ਚਮਕਦੇ ਤੁਪਕਿਆਂ ਨੂੰ,
ਮੂੰਹ ਪਾਸੇ ਕਰਕੇ ਪੂੰਝਣ ਦਾ ਵਕਤ ਆ ਗਿਆ

ਬਾਪੂ ਕਹਿੰਦਾ,
ਯਾਰ ਤੂੰ ਨਾ ਜਾਂਦਾ,
ਅਸੀਂ ਇਕੱਲੇ ਰਹਿ ਜਾਵਾਂਗੇ

ਹੁਣ ਹੀ ਤਾਂ ਤੇਰੀ ਸਾਨੂੰ ਲੋੜ ਹੈ।

ਮੈਂ ਬਾਪੂ ਦੀਆਂ ਅੱਖਾਂ ਵਿੱਚ ਦੇਖਿਆ,
ਬਾਪੂ ਮੈਂ ਖੁਸ਼ੀ ਨਾਲ ਨਹੀਂ ਚੱਲਿਆ,
ਧੱਕਿਆ ਜਾ ਰਿਹਾ ਹਾਂ,
ਕੱਢਿਆ ਜਾ ਰਿਹਾ ਹਾਂ,
ਭਜਾਇਆ ਜਾ ਰਿਹਾ ਹਾਂ,
ਤੰਗ ਕੀਤਾ ਜਾ ਰਿਹਾ ਹਾਂ,
ਪਾਣੀ ਸਿਰ ਤੋਂ ਲੰਘ ਗਿਆ,
ਡੁੱਬਣ ਤੋਂ ਡਰਦਾ ਜਾ ਰਿਹਾ ਹਾਂ

ਫਿਰ ਮੈਂ ਚੁੱਪ ਕਰ ਗਿਆ,
ਮੈਂ ਸੋਚਣ ਲੱਗਿਆ,
ਬਾਪੂ ਨੂੰ ਸੱਚੀ ਗੱਲ ਕਹਾਂ ਕਿ ਨਾ,
ਬਾਪੂ ਦੀਆਂ ਅੱਖਾਂ ਵਿੱਚ ਹੰਝੂ ਸਨ
ਪਰ ਮੇਰੇ ਕੋਲ਼ੋਂ ਰਿਹਾ ਨਾ ਗਿਆ

ਟੀਚਰ ਦੀ ਕਹੀ ਗੱਲ,
‘ਬੀਅ - ਅਸਰਟਿਵ, ਬੀਅ - ਔਨਇਸਟ’
ਦਿਮਾਗ਼ ਦਾ ਬੂਹਾ ਖੜਕਾਉਣ ਲੱਗੀ

ਮੈਂ ਕਿਹਾ, ਬਾਪੂ!
ਮੈਨੂੰ ਇੱਥੋਂ ਭਜਾਉਣ ਵਿੱਚ,
ਤੇਰਾ ਵੀ ਬਹੁਤ ਕਸੂਰ ਹੈ

ਉਹ ਕਿਸ ਤਰ੍ਹਾਂ?

ਬਾਪੂ, ਜੇ ਤੂੰ ਚੰਗੇ ਲੀਡਰ ਚੁਣਦਾ,
ਅਨਪੜ੍ਹ ਬਾਬਿਆਂ ਦੇ ਮਗਰ ਨਾ ਲੱਗਦਾ,
ਮਨੁੱਖਤਾ ਦੇ ਹੱਕਾਂ ਲਈ ਲੜਦਾ,
ਰਿਸ਼ਵਤ ਖੋਰਾਂ ਦੇ, ਚੋਰ ਲੀਡਰਾਂ ਦੇ,
ਗਲਾਂ ਵਿੱਚ ਪਰਨਾ ਪਾਉਂਦਾ,
ਉਨ੍ਹਾਂ ਦੇ ਮੂੰਹ ’ਤੇ ਥੁੱਕਦਾ,
ਧੌੜੀ ਦੀ ਜੁੱਤੀ ਉਨ੍ਹਾਂ ਵੱਲ
ਚਲਾ ਕੇ ਮਾਰਦਾ

ਪੈਸਿਆਂ ਨਾਲ ਤੋਲਣ ਦੀ ਥਾਂ,
ਉਨ੍ਹਾਂ ਨੂੰ ਖੋਤੇ ’ਤੇ ਚੜ੍ਹਾਉਂਦਾ,
ਫੁੱਲਾਂ ਦੀ ਥਾਂ ਜੁੱਤੀਆਂ ਦੇ ਹਾਰ ਪਾਉਂਦਾ,
ਤਾਂ ਮੈਨੂੰ ਅੱਜ ਤੁਹਾਨੂੰ ਇੱਥੇ
ਬੁਢਾਪੇ ਵਿੱਚ ਇਕੱਲਿਆਂ ਛੱਡ ਕੇ
ਭੱਜਣਾ ਨਾ ਪੈਂਦਾ

ਬਾਪੂ ਚੁੱਪ ਰਿਹਾ,
ਬਿਲਕੁਲ ਚੁੱਪ!
ਵਿਦਾ ਹੋਣ ਦਾ ਵਕਤ ਆ ਗਿਆ,
ਜ਼ਹਾਜ਼ ’ਤੇ ਚੜ੍ਹਨ ਦਾ ਸਮਾਂ ਹੋ ਗਿਆ,
ਆਖ਼ਰੀ ਜੱਫੀ ’ਤੇ
ਮੇਰੇ ਕੰਨ ਵਿੱਚ ਬਾਪੂ ਕਹਿੰਦਾ,
ਮੈਂ ਤਾਂ ਗਲਤੀ ਕੀਤੀ ਹੈ,
ਪਰ ਤੂੰ ਇੰਝ ਨਾ ਕਰੀਂ,
ਤੂੰ ਨਵੇਂ ਦੇਸ਼ ਜਾ ਕੇ,
ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ
ਮਨੁੱਖੀ ਹੱਕਾਂ ਲਈ ਲੜੀਂ।
ਮਨੁੱਖਤਾ ਦੇ ਚੰਗੇ ਜੀਵਨ ਲਈ
ਸੰਘਰਸ਼ ਕਰੀਂ।
ਵਿਵੇਕਸ਼ੀਲ ਬਣੀਂ।
ਕਬੁੱਧੀਜੀਵੀਆਂ ਤੋਂ ਦੂਰ ਰਹੀਂ,
ਬਹੁਤੇ ਧਰਮੀਆਂ ਤੋਂ ਦੂਰ ਰਹੀਂ,
ਕਿਸੇ ਦੀ ਚਾਪਲੂਸੀ ਨਾ ਕਰੀਂ,
ਮੇਰੀਆਂ ਗਲਤੀਆਂ ਤੋਂ ਸਿੱਖੀਂ

ਏਨਾ ਕਹਿ ਕੇ,
ਬਾਪੂ ਪਾਸਾ ਵੱਟ ਕੇ,
ਹੰਝੂ ਪੂੰਝਣ ਲੱਗਿਆ

ਹੰਝੂ ਪੂੰਝਣ ਲੱਗਿਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4192)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਸਨੀ ਧਾਲੀਵਾਲ

ਸਨੀ ਧਾਲੀਵਾਲ

Edmonton, Alberta, Canada.
Phone: (204 - 979 - 6757)