YashuJaan7ਸ਼ਰੇਆਮ ਤੁਹਾਡੇ ਨਾਲ ਧੋਖਾ ਹੋ ਰਿਹਾ ਹੈ, ... ਰੂੜੀਵਾਦੀਆਂ ਦਾ ਕੰਮ ਸੌਖਾ ਹੋ ਰਿਹਾ ਹੈ। ...
(9 ਜੂਨ 2019)

 

1.    ਮੁਲਕ ਤਰੱਕੀ ਨਹੀਂ ਕਰ ਸਕਦਾ

ਜਿੱਥੇ ਚਪੜਾਸੀ ਲੱਗਣ ਲਈ ਦਸਵੀਂ ਪਾਸ ਚਾਹੀਦੀ ਹੈ,
ਰਾਜਨੀਤੀ ’ਚ ਆਉਣ ਲਈ ਕਰਨੀ ਆਉਣੀ ਬਕਵਾਸ ਚਾਹੀਦੀ,
ਅੱਜ ਦੇ ਯੁੱਗ ਵਿੱਚ ਵੀ ਫੱਟੀ ਕਲਮ ਦਵਾਤ ਚਾਹੀਦੀ ਹੈ,
ਉਹ ਦੇਸ਼ ਤਰੱਕੀ ਨਹੀਂ ਕਰ ਸਕਦਾ,
ਉਹ ਮੁਲਕ ਤਰੱਕੀ ਨਹੀਂ ਕਰ ਸਕਦਾ

ਜਿੱਥੇ ਐੱਮ.ਐੱਲ.ਏ. ਦਾ ਮਤਲਬ ਐੱਮ.ਐੱਲ.ਏ. ਨੂੰ ਨਹੀਂ ਪਤਾ,
ਜਿੱਥੇ ਮੂਰਖਾਂ ਦੀ ਟੋਲੀ ਮਿਲਕੇ ਪਾਸ ਕਰਦੀ ਹੋਵੇ ਮਤਾ,
ਤੇ ਵੋਟਾਂ ਤੋਂ ਬਾਅਦ ਸਰਕਾਰ ਹੋ ਜਾਂਦੀ ਲਾ-ਪਤਾ,
ਉਹ ਦੇਸ਼ ਤਰੱਕੀ ਨਹੀਂ ਕਰ ਸਕਦਾ,
ਉਹ ਮੁਲਕ ਤਰੱਕੀ ਨਹੀਂ ਕਰ ਸਕਦਾ

ਸਰਕਾਰਾਂ ਜਨਤਾ ਨਾਲ ਮਿਲਕੇ ਜਿੱਥੇ ਖੇਡਣ ਵੋਟਾਂ-ਵੋਟਾਂ,
ਜਿੱਥੇ ਮੱਤ ਕਿਸੇ ਦੀ ਵਿਕਦੀ ਹੋਏ ਦਾਰੂ ਪਿੱਛੇ ਅੱਗੇ ਨੋਟਾਂ,
ਜਿੱਥੇ ਆਪਣੇ ਪੂਚ-ਪੂਚ ਕਰ ਪਿੱਠ ਉੱਤੇ ਮਾਰਨ ਚੋਟਾਂ,
ਉਹ ਦੇਸ਼ ਤਰੱਕੀ ਨਹੀਂ ਕਰ ਸਕਦਾ,
ਉਹ ਮੁਲਕ ਤਰੱਕੀ ਨਹੀਂ ਕਰ ਸਕਦਾ

ਜਿਸ ਥਾਂ ’ਤੇ ਖੜ੍ਹ ਸਹੁੰ ਖਾਕੇ ਮੁੱਕਰ ਜਾਵਣ ਜਾਂਦੇ-ਜਾਂਦੇ,
ਜਿਸ ਦੇਸ਼ ’ਚ ਭੁੱਖਾਂ ਨਸ਼ਿਆਂ ਖਾਤਰ ਵਿਕਣ ਲੱਗਣ ਜੀ ਭਾਂਡੇ,
ਨੇਤਾ ਦੂਜੇ ਤੀਜੇ ਦਿਨ ਯਸ਼ੂ ਵਿਦੇਸ਼ ਨੂੰ ਸਮਝਣ ਵਾਂਢੇ,
ਉਹ ਦੇਸ਼ ਤਰੱਕੀ ਨਹੀਂ ਕਰ ਸਕਦਾ,
ਉਹ ਮੁਲਕ ਤਰੱਕੀ ਨਹੀਂ ਕਰ ਸਕਦਾ

                 **

2.           ਬਹੁਤ ਫ਼ਰਕ ਹੈ

ਪੱਖੇ ਦੀ ਪੌਣ ਅਤੇ ਕੁਦਰਤੀ ਪੌਣ ਵਿੱਚ ਬਹੁਤ ਫ਼ਰਕ ਹੈ,
ਆਪ ਸੌਣ ਅਤੇ ਮਾਂ ਦੇ ਸੁਲਾਉਣ ਵਿੱਚ ਬਹੁਤ ਫ਼ਰਕ ਹੈ

ਫ਼ਰਕ ਹੈ ਪੁਰਾਣੀਆਂ ਅਤੇ ਨਵੀਂਆਂ ਚੀਜ਼ਾਂ ਵਿੱਚ ਬਹੁਤ ਜ਼ਿਆਦਾ,
ਅੱਜ ਦੇ ਸੋਫਿਆਂ ਅਤੇ ਮੰਜੇ ਦੀ ਦੌਣ ਵਿੱਚ ਬਹੁਤ ਫ਼ਰਕ ਹੈ

ਫ਼ਰਕ ਹੈ ਸਾਡੀਆਂ ਅਤੇ ਬਜ਼ੁਰਗਾਂ ਦੀਆਂ ਸੋਚਾਂ ਵਿੱਚ,
ਤੁਹਾਡੇ ਅਤੇ ਤੁਹਾਡੇ ਬਾਪੂ ਦੇ ਸਮਝਾਉਣ ਵਿੱਚ ਬਹੁਤ ਫ਼ਰਕ ਹੈ

ਫ਼ਰਕ ਹੈ ਅੱਜ ਦੀ ਅਤੇ ਪੁਰਾਣੀ ਲੇਖਣੀ ਅਤੇ ਗਾਇਕੀ ਵਿੱਚ,
ਅੱਜ ਦੇ ਗਾਇਕਾਂ ਅਤੇ ਯਮਲੇ ਦੇ ਗਾਉਣ ਵਿੱਚ ਬਹੁਤ ਫ਼ਰਕ ਹੈ

ਫ਼ਰਕ ਹੈ ਯਸ਼ੂ ਜਾਨ ਇੱਥੇ ਰਹਿੰਦੇ ਅਤੇ ਵਿਦੇਸ਼ੀ ਪੰਜਾਬੀਆਂ ਵਿੱਚ,
ਸਾਡੀ ਤੜਪ ਉੱਧਰ ਜਾਣ ਉਹਨਾਂ ਦੀ ਆਉਣ ਵਿੱਚ ਬਹੁਤ ਫ਼ਰਕ ਹੈ

                             **

3.    ਨਗਾਂ ਰਾਸ਼ੀਆਂ ਦਾ ਸੱਚ

ਤੁਹਾਡੇ ਨਾਲ ਬਹੁਤ ਵੱਡਾ ਧੋਖ਼ਾ ਹੋ ਰਿਹਾ ਹੈ,
ਹੁਣ ਤਾਂ ਕੰਮ ਬਹੁਤ ਹੀ ਅਨੋਖਾ ਹੋ ਰਿਹਾ ਹੈ,
ਤੁਹਾਨੂੰ ਫਸਾਇਆ ਜਾ ਰਿਹਾ ਹੈ,
ਕੁੰਡਲੀਆਂ ਦੇ ਭਰਮ ਵਿੱਚ,
ਸ਼ਰੇਆਮ ਤੁਹਾਡੇ ਨਾਲ ਧੋਖਾ ਹੋ ਰਿਹਾ ਹੈ,
ਰੂੜੀਵਾਦੀਆਂ ਦਾ ਕੰਮ ਸੌਖਾ ਹੋ ਰਿਹਾ ਹੈ

ਜੰਮਦੇ ਬੱਚੇ ਦੀ ਹੀ ਬਣਾ ਦਿੱਤੀ ਜਾਂਦੀ ਹੈ ਕੁੰਡਲੀ,
ਮਾਂ ਕੋਈ ਕਾਲਾ, ਪੀਲਾ ਨਗ ਜੜਾ ਪਾ ਲਵੇ ਵਿੱਚ ਉਂਗਲੀ,
ਤੁਹਾਡੀ ਸੋਚ ਦੀ ਕਮਜ਼ੋਰੀ ਉਹਨਾਂ ਲਈ ਸੁਨਹਿਰੀ ਮੌਕਾ ਹੋ ਰਿਹਾ ਹੈ,
ਕੁੰਡਲੀਆਂ ਦੇ ਭਰਮ ਵਿੱਚ,
ਸ਼ਰੇਆਮ ਤੁਹਾਡੇ ਧੋਖਾ ਹੋ ਰਿਹਾ ਹੈ,
ਰੂੜੀਵਾਦੀਆਂ ਦਾ ਕੰਮ ਸੌਖਾ ਹੋ ਰਿਹਾ ਹੈ

ਮੰਗਲੀਕ ਕਹਿ ਕੇ ਡਰਾਇਆ ਜਾ ਰਿਹਾ ਹੈ ਆਪ ਸਭ ਨੂੰ,
ਲੋਕਾਂ ਨੇ ਤਾਂ ਮੰਨਣਾ ਹੀ ਛੱਡ ਦਿੱਤਾ ਹੈ ਹੁਣ ਰੱਬ ਨੂੰ,
ਤੁਹਾਡੀ ਹਰ ਗੇਂਦ ’ਤੇ ਲੱਗ ਹੁਣ ਕਦੇ ਛੱਕਾ ਕਦੇ ਚੌਕ ਹੋ ਰਿਹਾ ਹੈ,
ਕੁੰਡਲੀਆਂ ਦੇ ਭਰਮ ਵਿੱਚ,
ਸ਼ਰੇਆਮ ਤੁਹਾਡੇ ਨਾਲ ਧੋਖਾ ਹੋ ਰਿਹਾ ਹੈ,
ਰੂੜੀਵਾਦੀਆਂ ਦਾ ਕੰਮ ਸੌਖਾ ਹੋ ਰਿਹਾ ਹੈ

ਦਸ਼ਾ ਜਿਹੜੇ ਮਰਜ਼ੀ ਗ੍ਰਹਿ ਦੀ ਚੱਲੇ ਆਪਣੀ ਦਸ਼ਾ ਸਹੀ ਰੱਖੋ,
ਜੇ ਅਨਪੜ੍ਹ ਹੋ ਯਸ਼ੂ ਜਾਨ ਜ਼ਿਆਦਾ ਤਾਂ ਮੋਢੇ ਉੱਤੇ ਕਹੀ ਰੱਖ,
ਸੁਣ ਬੇਪਰਵਾਹ ਬੰਦਿਆ ਮਨ ਤੇਰਾ ਕਿਉਂ ਅੱਜ ਖੋਤਾ ਹੋ ਰਿਹਾ ਹੈ,
ਕੁੰਡਲੀਆਂ ਦੇ ਭਰਮ ਵਿੱਚ,
ਸ਼ਰੇਆਮ ਤੁਹਾਡੇ ਨਾਲ ਧੋਖਾ ਹੋ ਰਿਹਾ ਹੈ,
ਰੂੜੀਵਾਦੀਆਂ ਦਾ ਕੰਮ ਸੌਖਾ ਹੋ ਰਿਹਾ ਹੈ

                   **

4.   ਆਪਣਾ ਹੀ ਮਾਰਦਾ ਹੈ

ਇਸ ਗੱਲ ਨੂੰ ਬੰਦਾ ਅੱਜ ਨਾ ਵਿਚਾਰਦਾ ਹੈ,
ਬੰਦੇ ਨੂੰ ਜਦੋਂ ਮਾਰਦਾ ਹੈ ਆਪਣਾ ਹੀ ਮਾਰਦਾ ਹੈ

ਆਪਣਾ ਹੀ ਹੁੰਦਾ ਹੈ ਜੋ ਸੜਦਾ ਦੇਖ ਤਰੱਕੀ,
ਕਦੇ ਰਾਹ ਜਾਂਦੇ ਬੰਦੇ ਨੇ ਨਾ ਸ਼ਕਲ ਵੀ ਸਾਡੀ ਤੱਕੀ,
ਆਪਣਾ ਹੀ ਹੁੰਦਾ ਹੈ ਜੋ ਸਾਨੂੰ ਡੋਬਦਾ ਤਾਰਦਾ ਹੈ,
ਬੰਦੇ ਨੂੰ ਜਦੋਂ ਮਾਰਦਾ ਹੈ ਆਪਣਾ ਹੀ ਮਾਰਦਾ ਹੈ

ਆਪਣਾ ਹੀ ਹੁੰਦਾ ਹੈ ਮੁਸ਼ਕਿਲ ਵਿੱਚ ਸਾਥ ਨਾ ਖੜ੍ਹਦਾ,
ਹੋਵੇ ਲੱਖ ਪਰਾਇਆ ਕੋਈ ਥੋੜ੍ਹੀ ਤਾਂ ਮਦਦ ਹੈ ਕਰਦਾ,
ਆਪਣੇ ਤੋਂ ਹੀ ਹਾਰਦਾ ਹੈ ਬੰਦਾ ਜਦੋਂ ਵੀ ਹਾਰਦਾ ਹੈ,
ਬੰਦੇ ਨੂੰ ਜਦੋਂ ਮਾਰਦਾ ਹੈ ਆਪਣਾ ਹੀ ਮਾਰਦਾ ਹੈ

ਆਪਣੇ ਹੀ ਹੁੰਦੇ ਨੇ ਜੋ ਪਿਆਰ ’ਚ ਦਿੰਦੇ ਧੋਖੇ,
ਕਦੇ ਗ਼ੈਰ ਵੀ ਕਰਦੇ ਦੱਸ ਕੰਮ ਇੱਦਾਂ ਦੇ ਔਖੇ,
ਆਪਣਾ ਹੀ ਵਿਗਾੜਦਾ ਹੈ ਗ਼ੈਰ ਤਾਂ ਗੱਲ ਸੰਵਾਰਦਾ ਹੈ,
ਬੰਦੇ ਨੂੰ ਜਦੋਂ ਮਾਰਦਾ ਹੈ ਆਪਣਾ ਹੀ ਮਾਰਦਾ ਹੈ

ਉਹ ਆਪਣਾ ਹੀ ਹੁੰਦਾ ਹੈ ਜੋ ਮੂੰਹ ਵਿੱਚੋਂ ਖੋਹਵੇ ਰੋਟੀ,
ਕਦੇ ਕੋਹਾਂ ਦੂਰ ਕਿਸੇ ਗੈਰ ਨੇ ਨਾ ਗੱਲ ਇਹ ਹੋਣੀ ਸੋਚੀ,
ਆਪਣਾ ਤਾਂ ਯਸ਼ੂ ਜਾਨ ਬੱਸ ਗੱਲਾਂ ਨਾਲ ਸਾਰਦਾ ਹੈ,
ਬੰਦੇ ਨੂੰ ਜਦੋਂ ਮਾਰਦਾ ਹੈ ਆਪਣਾ ਹੀ ਮਾਰਦਾ ਹੈ

                      *****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1626)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਯਸ਼ੂ ਜਾਨ

ਯਸ਼ੂ ਜਾਨ

Phone: (91 - 91159 - 21994)
Email: (yashujaan09021994@gmail.com)