GurmeetKaryalvi7ਅਸੀਂ ਗਾਂਧੀ ਦੇ ਚੇਲੇ ਨਹੀਂ ਬਣਨਾ ਚਾਹੁੰਦੇ,   ਨਾ ਹੀ ਅਹਿੰਸਾ ਸਾਡਾ ਪਰਮੋ ਧਰਮ ਹੈ ...
(4 ਮਈ 2018)

 

 1.   ਅਸੀਂ ਜੰਗ ਚਾਹੁੰਦੇ ਹਾਂ।

ਅਸੀਂ ਗਾਂਧੀ ਦੇ ਚੇਲੇ ਨਹੀਂ ਬਣਨਾ ਚਾਹੁੰਦੇ,
ਨਾ ਹੀ ਅਹਿੰਸਾ ਸਾਡਾ ਪਰਮੋ ਧਰਮ ਹੈ।
ਬੰਦੇ ਨੂੰ ਪਸ਼ੂ ਸਮਝਣ ਵਾਲੀ ਸੰਸਕ੍ਰਿਤੀ ਵਿਚ,
ਸਾਡਾ ਉੱਕਾ ਵਿਸ਼ਵਾਸ ਨਹੀਂ।
ਮੇਜ ਦੁਆਲੇ ਬੈਠ ਰਸਗੁੱਲੇ ਛਕਦਿਆਂ,
ਆਜ਼ਾਦੀ ਮੰਗਣ ਚ ਵੀ ਕੋਈ ਯਕੀਨ ਨਹੀਂ।

ਅਸੀਂ ਤਾਂ ਜੰਗ ਚਾਹੁੰਦੇ ਹਾਂ,
ਉਸ ਵਿਵਸਥਾ ਦੇ ਖ਼ਿਲਾਫ਼,
ਜੋ ਸਾਨੂੰ ਭੁੱਖ ਨਾਲ ਵਿਲਕਦਿਆਂ ਵੇਖ ਆਖਦੀ ਹੈ,
ਵਰਤ ਰੱਖਣਾ ਸਿਹਤ ਲਈ ਚੰਗਾ ਹੁੰਦਾ ਹੈ”
ਕਿ “ਭੁੱਖੇ ਢਿੱਡ ਕਪਾਲ ਭਾਤੀ ਕਰਨ ਨਾਲ,
ਸਾਰੇ ਰੋਗ ਟੁੱਟ ਜਾਂਦੇ ਹਨ।”

ਅਸੀਂ ਤਾਂ ਜੰਗ ਚਾਹੁੰਦੇ ਹਾਂ,
ਉਸ ਵਿਵਸਥਾ ਦੇ ਖਿਲਾਫ਼,
ਜੋ ਸਾਡੀ ਗੁਰਬਤ ਦਾ ਕਾਰਨ ਦੱਸਦੀ ਹੈ,
ਤੁਹਾਡੀ ਤਾਂ ਕਿਸਮਤ ਵਿੱਚ ਇਹੋ ਲਿਖਿਆ”

ਜੇ ਕੋਈ ਰੱਬ ਸਾਡੀ ਕਿਸਮਤ ਲਿਖ ਰਿਹਾ
ਤਾਂ ਉਸ ਰੱਬ ਦੇ ਖ਼ਿਲਾਫ਼
ਅਸੀਂ ਜੰਗ ਚਾਹੁੰਦੇ ਹਾਂ।

ਅਸੀਂ ਜੰਗ ਚਾਹੁੰਦੇ ਹਾਂ,
ਸਿਰਾਂ ਉੱਤੇ ਗੰਦ ਢੋਂਦੀਆਂ ਸਾਡੀਆਂ ਮਾਵਾਂ ਭੈਣਾਂ ਤੇ
ਕੱਸੇ ਜਾਂਦੇ ਭੱਦੇ ਫਿਕਰਿਆਂ ਖ਼ਿਲਾਫ਼।
ਸ਼ਾਹਾਂ ਦੀਆਂ ਲੁੱਚੀਆਂ ਅੱਖਾਂ ਚ,
ਪਸਰੀ ਹੋਈ ਵਹਿਸ਼ਤ ਖਿਲਾਫ਼।
ਧੀਆਂ ਦੇ ਚਾਵਾਂ
ਤੇ ਕੁੰਡਲੀ ਮਾਰੀ ਬੈਠੇ
ਨਾਗਾਂ ਦੀ ਦਹਿਸ਼ਤ ਖਿਲਾਫ਼।

ਅਸੀਂ ਕਿਸੇ ਟਰੇਨ ਜਾਂ ਏਅਰ ਪੋਰਟ ਦਾ ਨਾਂ,
ਆਪਣੀ ਮਰਜ਼ੀ ਦਾ ਨਹੀਂ ਰਖਵਾਉਣਾ ਚਾਹੁੰਦੇ।
ਤੇ ਨਾ ਹੀਂ ਚੌਂਕ ਚ ਕਿਸੇ ਵਡੇਰੇ ਦਾ ਬੁੱਤ ਲਗਵਾ,
ਉੱਪਰ ਪੱਥਰ ਮਰਵਾਉਣਾ ਚਾਹੁੰਦੇ ਹਾਂ।

ਅਸੀਂ ਤਾਂ ਆਪਣੇ ਰਹਿਬਰਾਂ ਦੇ ਵਿਚਾਰਾਂ ਨੂੰ,
ਹਵਾ ਵਿੱਚ ਲਿਖ ਦੇਣ ਦੇ ਹਾਮੀ ਹਾਂ।

ਅਸੀਂ ਨਹੀਂ ਚਾਹੁੰਦੇ ਕਿ
ਸਿਆਲ ਆਉਣ ਤੇ ਸਾਡੀਆਂ ਤ੍ਰੀਮਤਾਂ ਨੂੰ,

ਸਿਉਂਕ ਖਾਧੇ ਕੰਬਲ ਵੰਡ ਦਿੱਤੇ ਜਾਣ।
ਤੇ ਭਰੇ ਬਾਜ਼ਾਰ ਉਡਾਇਆ ਜਾਏ,
ਸਾਡੀ ਗਰੀਬੀ ਦਾ ਮਜ਼ਾਕ।

ਅਸੀਂ ਤਾਂ ਜਾਨਣਾ ਚਾਹੁੰਦੇ ਹਾਂ ਕਿ
ਸਾਨੂੰ ਪਸ਼ੂਆਂ ਸਾਮਾਨ ਕਿਉਂ ਸਮਝਿਆ ਜਾਂਦਾ?
ਕਿ ਸਾਡੇ ਮਨੁੱਖੀ ਜਾਮੇ ਵਿਚ ਰਹਿਣ ਤੇ
ਤੁਹਾਨੂੰ ਕੀ ਤਕਲੀਫ਼ ਹੈ?

ਉਂਞ ਸਾਨੂੰ ਪਤਾ, ਇਹ ਸਭ ਤੁਹਾਡੀ
ਆਖੌਤੀ “ਧਰਮ ਨਿਰਪੱਖ” ਨੀਤੀ ਕਾਰਨ ਹੋ ਰਿਹਾ।
ਕਿ ਤੁਹਾਡੀਆਂ ਕੁੱਝ ਪੋਥੀਆਂ ਸਾਨੂੰ
ਤਾੜਨ ਕੇ ਅਧਿਕਾਰੀ” ਆਖਦਿਆਂ,
ਜੁੱਤੀ ਹੇਠ ਰੱਖਣ ਦਾ ਉਪਦੇਸ਼ ਦਿੰਦੀਆਂ ਨੇ।
ਤੇ ਅਸੀਂ ਕਬੀਰ ਦੇ ਵੰਸ਼ਜ,
ਤੁਹਾਡੀ ਅਖੌਤੀ ਨੀਤੀ ਖਿਲਾਫ਼,
ਜੰਗ ਚਾਹੁੰਦੇ ਹਾਂ।
ਅਸੀਂ ਜੰਗ ਚਾਹੁੰਦੇ ਹਾਂ॥

**

2. ਕਿਹੜਾ ਯੁੱਗ ਮੇਰਾ ਹੈ

ਹਰ ਯੁੱਗ ਅੰਦਰ ਹੀ,
ਤੜਪਿਆ ਹਾਂ ਮੈਂ।
ਕਿਸੇ ਯੁੱਗ,
ਮੇਰੇ ਪੈਰ ਕੱਟ ਦਿੱਤੇ।
ਅੱਗੇ ਵੱਲ ਕਿੰਝ ਤੁਰਦਾ?

ਕਿਸੇ ਯੁੱਗ,
ਮੇਰੇ ਹੱਥ ਹੀ ਨਹੀਂ ਰਹਿਣ ਦਿੱਤੇ।

ਇਤਿਹਾਸ ਕਿੰਝ ਸਿਰਜਦਾ?

ਇੱਕ ਯੁੱਗ,
ਮੇਰੀਆਂ ਅੱਖਾਂ ਕੱਢ ਦਿੱਤੀਆਂ,
ਕਿਵੇਂ ਜਜ਼ਬ ਹੁੰਦਾ ਪਰਕਾਸ਼ ਮੇਰੇ ਅੰਦਰ?

ਇੱਕ ਯੁੱਗ,
ਮੇਰੇ ਕੰਨੀਂ ਸਿੱਕਾ ਢਾਲਦਾ ਰਿਹਾ।
ਗਿਆਨ ਕਿਵੇਂ ਮਿਲਣਾ ਸੀ?

ਇੱਕ ਯੁੱਗ ਨੇ ਤਾਂ,
ਮੇਰੀ ਜੀਭ ਹੀ ਕੱਟ ਦਿੱਤੀ।
ਅੰਦਰਲੀ ਪੀੜ ਕਿੰਜ ਬਿਆਨ ਕਰਦਾ?

ਹਰ ਇੱਕ ਯੁੱਗ ਚ ਹੀ,
ਮੇਰਾ ਪਰਛਾਵਾਂ ਵਰਜਿਤ ਰਿਹਾ।
ਮੇਰੀ ਆਵਾਜ਼ ਬੇਚੈਨੀ ਪੈਦਾ ਕਰਦੀ ਰਹੀ।
ਮੇਰਾ ਲਿਖਣਾ ਜੁਗ-ਗਰਦੀ ਸੀ,
ਮੇਰਾ ਦੇਖਣਾ ਖਤਰਨਾਕ ਸਾਜ਼ਿਸ਼ ਕਿਹਾ ਗਿਆ,
ਮੇਰਾ ਸੁਣਨਾ ਬਗਾਵਤ।

ਸੱਤਯੁਗ,
ਤਰੇਤਾ,
ਦੁਆਪਰ,
ਕਲਯੁਗ,
ਸਮੇਂ ਨੂੰ ਕਿੰਨੇ ਹੀ,
ਯੁੱਗਾਂ
'ਚ ਵੰਡ ਲਉ।
ਕੋਈ ਵੀ ਯੁੱਗ ਮੇਰਾ ਨਹੀਂ
ਕੋਈ ਵੀ ਤਾਂ ਯੁੱਗ ਮੇਰਾ ਨਹੀਂ।

**

3. ਕਿੰਜ ਸ਼ਾਇਰ ਅਖਵਾਏ

ਦੱਸੋ ਯਾਰੋ ਮੇਰੇ ਵਰਗਾ,
ਖੁਦ ਨੂੰ ਕਿੰਜ ਸ਼ਾਇਰ ਅਖਵਾਏ।
ਜਿਸਦੀ ਕਵਿਤਾ ਰਾਜਦੁਆਰੇ,
ਸਿੱਕਿਆਂ ਦੀ ਮੁੱਠ ਮੰਗਣ ਜਾਏ।

ਮੇਰੀ ਕਵਿਤਾ ਗੰਦੇ ਟੋਭੇ
ਦੇ ਪਾਣੀ ਦੀ ਛਪਕਲ ਛਪਕਲ,
ਨਾ ਭੁੱਖੇ ਲਈ ਟੁੱਕਰ ਬਣਦੀ,
ਨਾ ਪਿਆਸੇ ਦੀ ਪਿਆਸ ਬੁਝਾਏ।

ਮਾਂ ਦੀ ਲੋਰੀ ਵਾਂਗੂੰ ਕਵਿਤਾ,
ਥੱਕਿਆਂ ਨੂੰ ਨਾ ਨੀਂਦੀ ਦੇਵੇ,
ਮੇਰੀ ਕਵਿਤਾ ਫੁੱਲ ਕਾਗਜ਼ੀ,
ਦਿਲ ਵਿੱਚ ਨਾ ਅਹਿਸਾਸ ਜਗਾਏ।
ਕਿਉਂ ਅੰਮੜੀ ਦੀ ਛਾਤੀ ਵਰਗੀ,
ਛੋਹ ਇਸਤੋਂ ਮਹਿਸੂਸ ਨਾ ਹੋਵੇ।

ਮੇਰੀ ਕਵਿਤਾ ਭੌਰਾ ਬਣਕੇ,
ਜਿਸਮ ਦੁਆਲੇ ਕਿਉਂ ਮੰਡਰਾਏ।

ਮੇਰੀ ਕਵਿਤਾ ਕਿਉਂ ਨ੍ਹੀਂ ਬਣਦੀ,
ਫੱਟੀ, ਬਸਤਾ, ਸਿਆਹੀ, ਕੈਦਾ।
ਭੱਠਿਆਂ ਤੇ ਮਜ਼ਦੂਰੀ ਕਰਦੀ,
ਧੀ ਨੂੰ ਕਿਉਂ ਨਾ ਲਾਡ ਲਡਾਏ।

ਮੇਰੀ ਕਵਿਤਾ ਦੇ ਕਿਉਂ ਅੱਖਰ,
ਏਨੇ ਮਹਿਕ ਵਿਹੂਣੇ ਹੋਏ।
ਕਿਰਤੀ ਦੇ ਮੁੜ੍ਹਕੇ ਜਿਹੀ ਲੂਣੀ,
ਇਹਨਾਂ ਚੋਂ ਖੁਸ਼ਬੋ ਨਾ ਆਏ।

ਮੈਂ ਕਵਿਤਾ ਦੇ ਬੂਹੇ ਬਹਿਕੇ,
ਬੱਸ ਅੱਖਰਾਂ ਦਾ ਢੇਰ ਲਗਾਵਾਂ“
ਨਾ ਬਾਪੂ ਦੇ ਨੈਣੀ ਉੱਤਰਣ,
ਨਾ ਅੰਮੜੀ ਦੀ ਸਮਝ ਚ ਆਏ।

ਮੇਰੀ ਕਵਿਤਾ ਕਿਉਂ ਨ੍ਹੀਂ ਬਣਦੀ,
ਮਘਦਾ ਕੋਲਾ, ਤਿੱਖਾ ਖੰਜਰ।
ਸੁਫਨੇ ਲੁੱਟਣ ਵਾਲਿਆਂ ਦੇ ਜੋ,
ਸੀਨੇ ਦੇ ਵਿੱਚ ਉੱਤਰ ਜਾਏ।

ਮੈਨੂੰ ਜਾਪੇ ਮੇਰੀ ਕਵਿਤਾ,
ਲੋਕਾਂ ਕੋਲੋਂ ਦੂਰ ਖਲੋਤੀ।
ਰਾਜਧਾਨੀ ਦੀ ਗੋਲੀ ਬਣਕੇ,
ਹੁਕਮਰਾਨਾਂ ਦੇ ਸੋਹਲੇ ਗਾਏ।

ਦੱਸੋ ਯਾਰੋ ਮੇਰੇ ਵਰਗਾ,
ਖੁਦ ਨੂੰ ਕਿੰਜ ਸ਼ਾਇਰ ਅਖਵਾਏ।

**

4. ਕਵੀ ਹੋਰ ਕਰ ਵੀ ਕੀ ਸਕਦਾ ਹੈ

ਕਵੀ ਕਵਿਤਾ ਹੀ ਲਿਖ ਸਕਦਾ ਹੈ,
ਹੋਰ ਕਰ ਵੀ ਕੀ ਸਕਦਾ ਹੈ?

ਕਵਿਤਾ ਲਿਖ ਸਕਦਾ,
ਦੋਸਤਾਂ ਨੂੰ ਸੁਣਾ ਸਕਦਾ,
ਸੁੰਦਰ ਪੁਸਤਕ ਬਣ ਸਕਦੀ,
ਮੈਗਜ਼ੀਨ 'ਚ ਛਪਵਾ ਸਕਦਾ,
ਗੋਸ਼ਟੀ ਹੋ ਸਕਦੀ,
ਸਿਲੇਬਸ ਚ ਲਗਵਾ ਸਕਦਾ,
ਕੋਈ ਐਵਾਰਡ ਮਿਲ ਸਕਦਾ,
ਰੂਬਰੂ ਕਰਵਾ ਸਕਦਾ

ਕਵੀ ਪਰੇਸ਼ਾਨ ਹੋਵੇ ਤਾਂ,
ਕਵਿਤਾ ਹੀ ਹੈ ਜੋ,
ਉਸਨੂੰ ਛਟਪਟਾਹਟ ਤੋਂ ਮੁਕਤ ਕਰਾ ਦਿੰਦੀ ਹੈ।
ਉਸ ਅੰਦਰਲੀ ਬੇਚੈਨ ਹੋਈ ਰੂਹ ਨੂੰ,
ਓਮ ਸ਼ਾਂਤੀਦੇ ਪਾਠ ਨਾਲ ਘੂਕ ਸੁਲਾ ਦਿੰਦੀ ਹੈ।

ਕਵੀ ਦੇ ਤਪਦੇ ਹਿਰਦੇ ਨੂੰ, ਸ਼ੀਤ ਬਣਾ ਦਿੰਦੀ ਹੈ,
ਉਸਦੀ ਆਤਮਾ ਤੋਂ ਮਣਾਂ ਮੂੰਹੀਂ ਬੋਝ ਲਾਹ ਦਿੰਦੀ ਹੈ।

ਇਸੇ ਕਰਕੇ ਕਵੀ ਜਨ, ਸਿਗਰਟ ਦੀ ਰਾਖ ਵਾਂਗ,
ਕਲਮ ਤੋਂ ਕਵਿਤਾਵਾਂ ਝਾੜਦਾ ਹੈ।

ਕਵੀ ਅਕਸਰ ਲਿਖਦਾ ਹੈ,
ਮਜ਼ਦੂਰ ਦੇ ਭੁੱਖੇ ਢਿੱਡ ਬਾਰੇ,
ਉਸਦੀਆਂ ਪਿਚਕੀਆਂ ਛਾਤੀਆਂ ਬਾਰੇ,
ਔੜਾਂ ਮਾਰੀ ਧਰਤੀ ਵਾਂਗ ਪਾਟ ਚੁੱਕੀਆਂ ਬਿਆਈਆਂ ਬਾਰੇ,
ਅੱਟਣਾਂ ਵਾਲੇ ਖੁਰਦਰੇ ਹੱਥਾਂ ਬਾਰੇ।

ਮਜ਼ਦੂਰ ਦੇ ਬੱਚੇ ਦੀਆਂ ਚੁੱਚੀਆਂ ਅੱਖਾਂ ਵਿੱਚਲੀ ਗਿੱਡ ਬਾਰੇ,
ਬੁੱਲ੍ਹਾਂ ਤੱਕ ਵਗ ਆਈ ਨਲੀ ਬਾਰੇ,

ਗੋਡਿਆਂ ਤੋਂ ਘਸ ਗਏ ਸੁੱਥੂ ਬਾਰੇ,
ਸੂਈ ਨਾਲ ਥਾਂ ਥਾਂ ਤੋਂ ਗੰਡੀਆਂ ਚੱਪਲਾਂ ਬਾਰੇ।

ਵਾਹ ਵਾਹ ਖੱਟ ਲੈਂਦੀ ਕਵੀ ਦੀ ਕਵਿਤਾ,
ਚਰਚਾ ਚੱਲਦੀ, ਮਹਿਫਲ-ਮੁਸ਼ਾਇਰੇ,
ਹੱਟੀ-ਭੱਠੀ, ਰਾਜ ਦਰਬਾਰੇ।
ਲਾਈਕਸ, ਕੁਮੈਂਟਸ, ਸ਼ੇਅਰ - ਢੇਰਾਂ ਦੇ ਢੇਰ।
ਕਵੀ ਕਿਰਤੀਆਂ ਦਾ ਹੋ ਨਿੱਬੜਦਾ “ਬਰਾਂਡਡ ਕਵੀ”

ਕਵੀ ਦੀ ਕਵਿਤਾ ਚ,
ਕਿਸਾਨ ਦਾ ਜ਼ਿਕਰ ਆਵੇਗਾ,

ਖੇਤਾਂ ਚ ਉੱਗਦੀਆਂ ਸਲਫਾਸਾਂ ਦੀ ਗੱਲ ਹੋਵੇਗੀ।
ਮੰਡੀ ਚ ਵਿੱਚ ਵਿਲਕਦੀ,
ਕਣਕ ਦਾ ਰੁਦਨ ਹੋਵੇਗਾ।

ਬੂਹੇ ਬੈਠੀ ਧੀ ਦੇ ਬੁੱਢੇ ਹੋ ਚੁੱਕੇ ਚਾਵਾਂ,
ਦਾ ਮਾਤਮ ਹੋਵੇਗਾ,
ਇੰਜ ਕਵੀ ਕਿਸਾਨਾਂ ਦਾ ਮਸੀਹਾ ਹੋ ਜਾਵੇਗਾ।

ਕਵੀ ਦੇ ਸਿਰ ਤੇ ਅਜਕਲ ਬੜਾ ਭਾਰ ਹੈ,
ਉਹ ਆਖਦਾ ਹੈ,
ਐਨਾ ਭਾਰ ਤਾਂ ਧਰਤੀ ਹੇਠਲੇ,
ਬਲਦ ਦੇ ਸਿਰ ਤੇ ਵੀ ਨਹੀਂ ਹੋਣਾ।

ਕਵੀ ਬੜਾ ਬੇਚੈਨ ਹੈ,
ਉਸਦੀਆਂ ਕਵਿਤਾਵਾਂ ਵਿਚਲੇ ਮਜ਼ਦੂਰ,
ਸੜਕਾਂ ਤੇ ਉੱਤਰ ਆਏ ਨੇ।

ਗੰਦੇ-ਗੰਦੇ, ਮੁਸ਼ਕ ਮਾਰਦੇ ਲੀੜਿਆਂ ਵਾਲੇ,
ਡੈਂਬਰੀਆਂ - ਡੈਂਬਰੀਆਂ ਅੱਖਾਂ ’ਤੇ
ਉਲਝੇ ਖੁਸ਼ਕ ਸਿਕਰੀ ਮਾਰੇ ਵਾਲਾਂ ਵਾਲੇ,
ਜ਼ਾਹਲ ਤੇ ਅਸੱਭਿਅਕ,
ਦੇਸ਼ ਧਰੋਹੀ – ਉਪੱਦਰਵੀ।

ਕਵੀ ਨੂੰ ਮਜ਼ਦੂਰਾਂ ਬਾਰੇ।
ਕਵਿਤਾ ਲਿਖਣੀ ਬੜੀ ਚੰਗੀ ਲੱਗਦੀ ਐ।
ਉਂਜ ਢੋਰ, ਗੰਵਾਰ, ਸ਼ੂਦਰ ਤੇ ਨਾਰੀ ਨੂੰ,
ਤਾੜ’ ਕੇ ਰੱਖਣ ਦੇ ਹੱਕ ਵਿੱਚ ਹੈ।
ਸੜਕਾਂ ਤੇ ਉੱਤਰੇ ਕਿਰਤੀ ਉਸਨੂੰ ਚੰਗੇ ਨਹੀਂ ਲੱਗਦੇ।

ਕਵੀ ਦੀ ਕਵਿਤਾ ਮਜ਼ਦੂਰਾਂ ਬਾਰੇ ਹੁੰਦੀ ਹੈ,
ਉਂਜ ਕਵਿਤਾ ਚੋਂ ਮਜ਼ਦੂਰ ਗੈਰਹਾਜ਼ਰ ਰਹਿੰਦਾ ਹੈ।

ਵੈਸੇ ਇਕ ਕਵੀ ਹੋਰ ਕਰ ਵੀ ਕੀ ਸਕਦਾ ਹੈ?

**

5.    ਲੱਕ ਟੁਣੂ-ਟੁਣੂ

ਲੱਕ ਟੁਣੂ-ਟੁਣੂ, ਲੱਕ ਟੁਣੂ ਟੁਣੂ,
ਦੁੱਖੜੇ ਅਸਾਡੇ ਕੌਣ ਸੁਣੂ।

ਬੁਝੀ ਰਹੇ ਸਦਾ ਸਾਡੇ ਚੁੱਲ੍ਹਿਆਂ ਚੋਂ ਅੱਗ
ਘੇਰੀ ਰਹਿਣ ਚੱਤੋ ਪਹਿਰ ਫਿਕਰਾਂ ਦੇ ਵੱਗ।

ਵੇਹਲੜ ਧਨਾਢ ਅਤੇ ਹਾਕਮਾਂ ਦਾ ਸੱਗ,
ਕਿਰਤ ਅਸਾਡੀ ਲੁੱਟੀ ਜਾਂਵਦੇ ਨੇ ਠੱਗ।

ਪੋਟਿਆਂ ਚ ਪੁੜੇ ਸਾਡੇ ਤਿੱਖੜੇ ਕਸੀਰ,
ਸਾਡੇ ਨਾਵੇਂ ਲੱਗੀ ਜਿਵੇਂ ਦੁੱਖਾਂ ਦੀ ਜਾਗੀਰ।

ਹੋਰਾਂ ਲਈ ਚੁਬਾਰਿਆਂ ਨੂੰ ਕਰੀਏ ਤਾਮੀਰ,
ਢਾਰਿਆਂ ਚ ਲੰਘੇ ਸਾਡੀ ਜਿੰਦਗੀ ਆਖੀਰ।

ਕੱਜਿਆ ਨਾ ਜਾਵੇ ਸਾਥੋਂ ਤਨ ਦਾ ਲੰਗਾਰ,
ਰੂਹ ਸਾਡੀ ਉੱਤੇ ਰਹੇ, ਮਣਾਂ ਮੂੰਹੀਂ ਭਾਰ।

ਜਜ਼ਬੇ ਅਸਾਡੇ ਹੋਏ ਪਏ ਨੇ ਉਡਾਰ,
ਅਸੀਂ ਵੀ ਤਾਂ ਚਾਹੁੰਨੇ ਜਾਣਾ ਅੰਬਰਾਂ ਤੋਂ ਪਾਰ।

ਸਾਡੇ ਹਿੱਸੇ ਕਿਉਂ ਆਵੇ, ਹਉਕਿਆਂ ਦੀ ਜੂਨ,
ਸਾਡੀਆਂ ਨਾੜਾਂ ਚ ਜਿਵੇਂ ਵਗੇ ਕਾਲਾ ਖੂਨ।

ਵਿਹਲੜਾਂ ਨੂੰ ਮਿਸ਼ਰੀ ਤੇ ਸਾਨੂੰ ਮਿਲੇ ਲੂਣ,
ਸਾਡੇ ਉੱਤੇ ਲਾਗੂ ਕਿਹੜੇ ਦੇਸ਼ ਦਾ ਕਨੂੰਨ।

ਸਾਨੂੰ ਕਿਹੜੇ ਜ਼ੁਰਮਾਂ ਦੀ ਬੋਲੀ ਮਾਏਂ ਕੈਦ,
ਨੀ ਕਦੋਂ ਤੱਕ ਸਾਡੇ, ਬਰੀ ਹੋਣ ਦੀ ਉਮੈਦ।

ਕਿਹੋ ਜਿਹੇ ਵਸੀਲੇ, ਨਾਲੇ ਕਰੀਏ ਕਵੈਦ,
ਨੀ ਕਿੰਨਾ ਚਿਰ ਹੋਰ ਅਜੇ ਕਰੀਏ ਜਰੈਦ।

ਲੰਘੀ ਜਾਣ ਰੁੱਤਾਂ, ਚੇਤ ਮਾਘ ਹਾੜ ਸੌਣ
ਆਈ ਜਾਵੇ ਧੁੱਪ, ਵਗੀ ਜਾਏ ਠੰਢੀ ਪੌਣ।

ਸੁੱਖਾਂ ਦੇ ਸੁਨੇਹੇ ਕਿਹੜਾ ਆਊਗਾ ਸਨੌਣ,
ਸਾਡਿਆਂ ਦੁੱਖਾਂ ਦਾ ਦਾਰੂ ਲੈਕੇ ਆਊ ਕੌਣ।

ਤਲੀਆਂ, ਹਥੇਲੀਆਂ ਨੂੰ ਮਹਿੰਦੀਆਂ ਦੀ ਲੋੜ,
ਸਧਰਾਂ ਨੂੰ ਚਾਹੀਦਾ ਮੁਹੱਬਤਾਂ ਦਾ ਜੋੜ।
ਹੁਣ ਤਾਂ ਕਹਾਣੀ ਨੂੰ ਹੁੰਗਾਰਿਆਂ ਦੀ ਲੋੜ,

ਕੌਣ ਸਾਡੇ ਦਿਲ ਨਾਮ ਆਪਣਾ ਖੁਣੂ
ਲੱਕ ਟੁਣੂ-ਟੁਣੂ, ਲੱਕ ਟੁਣੂ-ਟੁਣੂ।
ਦੁੱਖ ਵੇ ਅਸਾਡੇ ਕੌਣ ਸੁਣੂ

*****

(1139)

About the Author

ਗੁਰਮੀਤ ਕੜਿਆਲਵੀ

ਗੁਰਮੀਤ ਕੜਿਆਲਵੀ

Phone: (91 - 98726 - 40994)
Email: (gurmeetkaryalvi@gmail.com)