SantokhDhaliwal7ਜੜਾ ਜੂ.ਕੇ. ਨਹੀਂ ਤੇਰਾ ਮੁਲਕ ...। ਸਾਡਾ ਮੁਲਕ ਪੰਜਾਬ ਹੈ, ...”
(ਅਕਤੂਬਰ 22, 2015)

 

ਘੱਟ ਗਿਣਤੀ ਵਾਲੀਆਂ ਕਮਿਊਨਿਟੀਜ਼ ਵਿੱਚੋਂ ਫੌਜ ਤੇ ਪੋਲੀਸ ਵਿੱਚ ਬਹੁਤ ਥੋੜ੍ਹੀ ਨਮਾਇੰਗੀ ਹੋਣ ਕਰਕੇ ਵਲੈਤੀ ਪ੍ਰਸ਼ਾਸਨ ਵਿੱਚ ਨਿੱਤ ਚਰਚਾ ਹੁੰਦੀ ਰਹਿੰਦੀ ਹੈ। ਇਹ ਕਿਉਂ ਹੈ ... ਇਸਦਾ ਜਵਾਬ ਟੋਲ੍ਹਦੀਆਂ ਘੱਟ ਗਿਣਤੀ ਦੀਆਂ ਜਥੇਬੰਦੀਆਂ ਦੇ ਮੁਹਤਬਰ ਖ਼ਾਸ ਕਰਕੇ ਪਾਕਿਸਤਾਨੀ ਤੇ ਪੰਜਾਬੀ ਪਿਛੋਕੜ ਵਾਲੇ ਹਮੇਸ਼ਾ ਹੀ ਰਾਮ ਰੌਲਾ ਪਾਈ ਰੱਖਦੇ ਹਨ। ਇਹ ਜਾਣਦਿਆਂ ਵੀ ਕਿ ਪੁਲੀਸ ਤੇ ਫੌਜ ਸਾਡੇ ਲੋਕਾਂ ਦੀ ਨੌਕਰੀਆਂ ਦੀ ਲਿਸਟ ਵਿੱਚ ਬਹੁਤ ਥੱਲੇ ਹਨ ਤਾਂ ਵੀ ਆਪੋ ਆਪਣੇ ਧੂੜ ਵਿੱਚ ਟੱਟੂ ਭਜਾਉਂਦੇ ਰਹਿੰਦੇ ਹਨ। ਇਸ ਗੱਲ ਨੂੰ ਭਖਦੀ ਰੱਖਣ ਵਿੱਚ ਕਈ ਜਥੇਬੰਦੀਆਂ ਦੇ ਲੀਡਰਾਂ ਦਾ ਆਪਣਾ ਮੁਫਾਦ ਵੀ ਹੁੰਦਾ ਹੈ। ਉਹ ਸਰਕਾਰੇ ਦਰਬਾਰੇ ਆਪਣੀ ਲੀਡਰੀ ਚਮਕਾਉਣ ਦੇ ਆਹਰ ਵਿੱਚ ਵੀ ਹੁੰਦੇ ਹਨ।

ਤੇ ਅੱਜ ਉਸਦੇ ਸ਼ਹਿਰ ਦੇ ਸਿਟੀ ਕੌਂਸਲ ਦੇ ਹਾਲ ਅੰਦਰ ਤੇ ਬਾਹਰ ਲੱਗੇ ਹਰ ਕਿਸਮ ਦੇ ਸਟਾਲਜ਼ ਦੇ ਨਾਲ ਨਾਲ, ਫੌਜ ਤੇ ਪੋਲੀਸ ਦੀਵਾਲੀ ਦੇ ਇਕੱਠ ਵੇਲੇ ਦੋਨਾਂ ਨੇ ਹੀ ਆਪੋ-ਆਪਣੇ ਸਟਾਲ ਲਾਏ ਹੋਏ ਸਨ। ਇਸਤੋਂ ਚੰਗਾ ਤੇ ਵੱਧ ਤੋਂ ਵੱਧ ਹਿੰਦੋਸਤਾਨੀਆਂ ਨੂੰ ਮਿਲਣ ਦਾ ਹੋਰ ਕੋਈ ਵਧੀਆ ਸਮਾਂ ਨਹੀਂ ਸੀ ਮਿਲ ਸਕਣਾ। ਇਹੋ ਜਿਹੇ ਸਟਾਲ ਹੋਰ ਕਮਿਊਨਿਟੀਜ਼ ਦੇ ਮੇਲੇ-ਮੁਸਾਹਵਿਆਂ ਤੇ ਵੀ ਲਗਦੇ ਰਹਿੰਦੇ ਹਨ। ਇਹ ਹਾਲ ਨੌਟਿੰਘਮ ਸ਼ਹਿਰ ਦੇ ਵਿਚਕਾਰ ਹੋਣ ਕਰਕੇ ਸਿਰਫ ਭਾਰਤੀ ਹੀ ਨਹੀਂ, ਹੋਰ ਵੀ ਕਮਿਊਨਿਟੀਜ਼ ਦੇ ਲੋਕਾਂ ਦੀ ਕਾਫੀ ਗਹਿਮਾ ਗਹਿਮੀ ਸੀ। ਵੱਖਰੇ ਵੱਖਰੇ ਸਟਾਲਜ਼ ਤੇ ਘੁੰਮਦਿਆਂ ਘੁਮਾਂਦਿਆਂ ਸਰਦੀਪ ਦੋਸਾਂਝ ਕੇਵਲ ਤੇ ਕੇਵਲ ਉਤਸਕਤਾ ਕਾਰਨ ਹੀ ਫੌਜੀ ਸਟਾਲ ਦੇ ਤੰਬੂ ਅੰਦਰ ਜਾ ਵੜਿਆ। ਅੰਦਰ ਲੰਘਦਿਆਂ ਹੀ ਇੱਕ ਭਾਰਤੀ-ਮਦ ਦੀ ਖੂਬਸੂਰਤ ਕੁੜੀ ਫੌਜੀ ਯੂਨੀਫੌਰਮ ਵਿੱਚ ਉਸਨੂੰ ਸੰਬੋਧਤ ਹੋਈ ਤਾਂ ਉਸਨੂੰ ਅਚੰਭਾ ਜਿਹਾ ਲੱਗਿਆ। ਹੈਰਾਨੀ ਜਿਹੀ ਹੋਈ ਕਿ ਭਾਰਤੀ ਕੁੜੀਆਂ ਵੀ ਵਲੈਤੀ ਫੌਜ ਵਿੱਚ ਭਰਤੀ ਹਨ।

“ਤੁਸੀਂ ਬ੍ਰਿਟਸ਼ ਫੌਜ ਵਿੱਚ ...?”” ਕਹਿੰਦਿਆਂ ਸਰਦੀਪ ਨੇ ਆਪਣੀ ਹੈਰਾਨੀ ਨੂੰ ਸਾਵੀਂ ਕਰਨਾ ਚਾਹਿਆ।

“ਕਿਉਂ ...? ਮੇਰਾ ਜਨਮ ਏਸ ਮੁਲਕ ਦਾ ਹੈ। ਮੇਰੀ ਪੜ੍ਹਾਈ, ਮੇਰੀ ਪ੍ਰਵਰਿਸ਼ ਸਾਰਾ ਕੁਝ ਇਸ ਮੁਲਕ ਵਿੱਚ ਹੀ ਹੋਇਆ ਹੈ ਤੇ ਫੇਰ ਬ੍ਰਿਟਿਸ਼ ਆਰਮੀ ਜੁਆਇਨ ਕਰਨ ਵਿੱਚ ਕੀ ਅੜਚਣ ਹੋ ਸਕਦੀ ਹੈ?”

“ਨਹੀਂ ਐਸੀ ਤਾਂ ਕੋਈ ਗੱਲ ਨਹੀਂ, ਮੈਂ ਸ਼ਾਇਦ ਇਹ ਪਹਿਲੀ ਵਾਰ ਵੇਖਿਆ ਹੈ।”” ਸਰਦੀਪ ਨੇ ਜ਼ਰਾ ਝੇਂਪਦਿਆਂ ਕਿਹਾ।

ਮੁਸਕਰਾਉਦੀ ਜਸਵਿੰਦਰ ਨੇ ਆਪਣੀਆਂ ਨਜ਼ਰਾਂ ਸਰਦੀਪ ਦੇ ਚਿਹਰੇ ’ਤੇ ਗੱਡੀਆਂ ਹੋਈਆਂ ਸਨ। ਉਹ ਸ਼ਾਇਦ ਉਸਦੇ ਚਿਹਰੇ ਦੇ ਹਾਵ-ਭਾਵ ਪੜ੍ਹ ਰਹੀ ਸੀ।

“ਫੌਜ ਵਿੱਚ ਬਹੁਤ ਸਾਰੇ ਅੱਡ ਅੱਡ ਫੀਲਡਜ਼ ਹਨ ਜਿਵੇਂ ਨੇਵੀ, ਏਅਰ ਫੋਰਸ, ਇੰਨਫੈਂਟਰੀ, ਤੁਹਾਨੂੰ ਜਿਹੜਾ ਵੀ ਚੰਗਾ ਲੱਗੇ ਜੁਆਇਨ ਕਰ ਸਕਦੇ ਹੋ। ਸਿਰਫ ਫਰੰਟ ਲਾਈਨ ਤੇ ਗੋਲੀਆਂ ਦਾਗਣੀਆਂ ਹੀ ਨਹੀਂ, ਜੋ ਆਮ ਤੌਰ ਤੇ ਫੌਜ ਦੀ ਗੱਲ ਹੋਣ ਤੇ ਹਰ ਕਿਸੇ ਦੇ ਜ਼ਿਹਨ ਵਿੱਚ ਆ ਜਾਂਦਾ ਹੈ,ਫੌਜ ਦੀਆਂ ਖ਼ਬਰਾਂ ਵੀ ਸਿਰਫ ਫਰੰਟ ਲਾਈਨ ਦੀਆਂ ਹੀ ਦਿੱਤੀਆਂ ਜਾਂਦੀਆਂ ਹਨ। ਤੁਸੀਂ ਹੈਰਾਨ ਹੋਵੋਗੇ ਇਹ ਜਾਣਕੇ ਕਿ ਇੱਕ ਸਿਪਾਹੀ ਦੇ ਹੱਥ ਵਿੱਚ ਬੰਦੂਕ ਥਮ੍ਹਾਉਣ ਤੋਂ ਪਹਿਲਾਂ, ਉਸਦੀ ਤਿਆਰੀ ਲਈ ਕਿੰਨਾ ਕੁਝ ਹੋਰ ਕੀਤਾ ਜਾਣਾ ਲਾਜ਼ਮੀ ਹੁੰਦਾ ਹੈ। ਆਓ ... ਮੈਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂ।”” ਕਹਿੰਦੀ ਜਸਵਿੰਦਰ ਸਰਦੀਪ ਨੂੰ ਇੰਨਫਰਮੇਸ਼ਨ ਕਾਊਂਟਰ ਤੇ ਲੈ ਜਾਂਦੀ ਹੈ ਤੇ ਵੱਖਰੀਆਂ ਵੱਖਰੀਆਂ ਜੌਬਜ਼ ਬਾਰੇ ਜਾਣਕਾਰੀ ਦੇਣ ਲਗਦੀ ਹੈ। ਸਰਦੀਪ ਚੁੱਪ-ਚਾਪ ਬਿਨਾਂ ਕੋਈ ਸਵਾਲ ਕੀਤਿਆਂ ਸਾਰਾ ਕੁਝ ਸੁਣੀ ਤੇ ਵੇਖੀ ਜਾ ਰਿਹਾਹੈ। ਕੁਝ ਮਿੰਟਾਂ ਬਾਅਦ ਜਸਵਿੰਦਰ ਨੂੰ ਮਹਿਸੂਸ ਹੋਣ ਲੱਗ ਪਿਆ ਕਿ ਸਰਦੀਪ ਦੀ ਫੌਜ ਵਿੱਚ ਭਰਤੀ ਹੋਣ ਵਿੱਚ ਦਿਲਚਸਪੀ ਹੈ ਤੇ ਉਹ ਉਸਨੂੰ ਇੱਕ ਫਾਰਮ ਭਰਨ ਨੂੰ ਕਹਿੰਦੀ ਹੈ।

“ਤੁਹਾਡੀ ਦਿਲਚਸਪੀ ਕਿਹੋ ਜਹੀ ਨੌਕਰੀ ਵਿੱਚ ਹੈ ...?”

“ਜੇ ਫੌਜ ਵਿੱਚ ਭਰਤੀ ਹੋਣੈ ਫੇਰ ਤਾਂ ਪੂਰਾ ਸਿਪਾਹੀ ਹੀ ਬਣਾਂਗਾ।”” ਸਰਦੀਪ ਨੇ ਡੂੰਘੀ ਸੋਚਦਿਆਂ ਕਿਹਾ।

“ਫੌਜ ਵਿੱਚ ਸਾਰੇ ਸਿਪਾਹੀ ਹੀ ਹੁੰਦੇ ਹਨ, ਚਾਹੇ ਉਹ ਕਿਸੇ ਵੀ ਫੀਲਡ ਵਿੱਚ ਹੋਣ। ਠੀਕ ਹੈ ... ਤੁਹਾਡੇ ਤੇ ਕੋਈ ਪ੍ਰੈਸ਼ਰ ਨਹੀਂ। ਸਾਰਾ ਮੈਟੀਰੀਅਲ ਆਰਾਮ ਨਾਲ ਪੜ੍ਹੋ, ਘੋਖੋ ਤੇ ਫੇਰ ਜਿਸ ਨਾਲ ਵੀ ਸਲਾਹ ਕਰਨੀ ਹੋਵੇ, ਕਰਕੇ ਇੰਟਰਵੀਊ ਕਾਰਡ ਭਰ ਕੇ ਪੋਸਟ ਕਰ ਦੇਣਾ। ਆਹ ਮੇਰਾ ਕਾਰਡ ਹੈ, ਜੇ ਕਿਸੇ ਹੋਰ ਇੰਨਫਰਮੇਸ਼ਨ ਦੀ ਲੋੜ ਹੋਈ ਜਾਂ ਤੁਸੀਂ ਕੁਝ ਹੋਰ ਡਿਸਕੱਸ ਕਰਨਾ ਚਾਹੋ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ।” ਜਸਵਿੰਦਰ ਦੀਆਂ ਨਜ਼ਰਾਂ ਵਿੱਚ ਖਾਮੋਸ਼ ਆਤਮ ਵਿਸ਼ਵਾਸ ਸੀ। ਉਸਨੂੰ ਮਹਿਸੂਸ ਹੋ ਰਿਹਾ ਸੀ ਕਿ ਉਸਨੇ ਸਰਦੀਪ ਨੂੰ ਕਨਵੈਂਸ ਕਰਲਿਆ ਹੈ ਕਿ ਫੌਜ ਦੀ ਨੌਕਰੀ ਏਡੀ ਮਾੜੀ ਨਹੀਂ। ਫੌਜ ਦੀਆਂ ਸਾਰੀਆਂ ਨੌਕਰੀਆਂ ਖ਼ਤਰੇ ਭਰੀਆਂ ਤੇ ਜਾਨ-ਲੇਵਾ ਨਹੀਂ ਹੁੰਦੀਆਂ।

ਇੰਨਫਰਮੇਸ਼ਨ ਪੈਕ ਘਰੇ ਲਿਆ ਕੇ ਪੜ੍ਹਨ ਵੇਲੇ ਜਸਵਿੰਦਰ, ਸਰਦੀਪ ਦੇ ਚੇਤੇ ਵਿੱਚ ਲਗਾਤਾਰ ਉੱਭਰਦੀ ਰਹੀ। ਸਾਰੇ ਜਾਣਕਾਰੀ ਤੇ ਵੱਖਰੇ ਵੱਖਰੇ ਕੋਰਜ਼ ਬਾਰੇ ਜਾਣਦਿਆਂ ਉਸਨੇ ਮਨ ਬਣਾ ਲਿਆ ਕਿ ਉਹ ਫਰੰਟ ਲਾਈਨ ਤੇ ਹੀ ਜਾਵੇਗਾ। ਉਸ ਨੇ ਇਸ ਬਾਰੇ ਆਪਣੀ ਮਾਂ ਤੇ ਬਾਪ ਨਾਲ ਸਲਾਹ ਕਰਨ ਦੀ ਵੀ ਸੋਚ ਲਈ। ਸ਼ਾਮ ਨੂੰ ਖਾਣੇ ਦੇ ਟੇਬਲ ’ਤੇ ਬੈਠਦਿਆਂ ਉਸਨੇ ਗੱਲ ਤੋਰੀ, “ਮੰਮ ਅੱਜ ਮੈਂ ਫੌਜ ਵਾਲਿਆਂ ਦੇ ਸਟਾਲ ਤੇ ਗਿਆ ਸਾਂ ਤੇ ਮੈਂ ਤਾਂ ਬਹੁਤ ਹੈਰਾਨ ਹੋਇਆ ਕਿ ਇੱਕ ਪੰਜਾਬਣ ਕੁੜੀ ਵੀ ਫੌਜ ਵਿੱਚ ਨੌਕਰੀ ਕਰਦੀ ਹੈ। ਮੈਂ ਫੌਜ ਵਾਰੇ ਸਾਰਾ ਮੈਟੀਰੀਅਲ ਪੜ੍ਹਿਆ ਤਾਂ ਮੈਨੂੰ ਤਾਂ ਆਪ ਫੌਜ ਦੀ ਨੌਕਰੀ ਚੰਗੀ ਲੱਗੀ।”

“ਕੀ ...? ਇਹ ਆਪਣੀਆਂ ਕੁੜੀਆਂ ਤਾਂ ਹੁਣ ਗੋਰੀਆਂ ਤੋਂ ਵੀ ਦੋ ਰੱਤੀਆਂ ਤਾਂਹ ਹੀ ਹੁੰਦੀਆਂ ਜਾ ਰਹੀਆਂ ਹਨ।”” ਸਰਦੀਪ ਦੀ ਮਾਂ ਦੀ ਜਿਵੇਂ ਜੀਭ ਤੇ ਦੰਦੀ ਵੱਢੀ ਗਈ ਹੁੰਦੀ ਹੈ, ਉਸਨੇ ਇਸ ਤਰ੍ਹਾਂ ਚੀਸ ਜਿਹੀ ਵੱਟਦਿਆਂ ਕਿਹਾ। ਤੇ ਨਾਲ ਹੀ ਸਰਦੀਪ ਦੇ ਚਿਹਰੇ ਦੇ ਹਾਵ-ਭਾਵ ਪੜ੍ਹਨ ਲਈ ਡੂੰਘੀਆਂ ਗੱਡਵੀਆਂ ਨਜ਼ਰਾਂ ਨਾਲ ਉਸਨੂੰ ਵੇਖਿਆ।

“ਤੈਨੂੰ ਫੌਜ ਵਿੱਚ ਭਰਤੀ ਹੋਣ ਦੇ ਮਤਲਬ ਦਾ ਵੀ ਪਤੈ ...?”” ਸਰਦੀਪ ਦੀ ਮੰਮ ਨੇ ਚਿਤਾਵਨੀ ਦਿੰਦਿਆਂ ਸਵਾਲ ਕੀਤਾ।

“ਹਾਂ ... ਆਪਣੇ ਦੇਸ਼ ਦੀ ਸੇਵਾ ਕਰਨੀ ...।” ਸਰਦੀਪ ਨੇ ਵੀ ਆਪਣੀ ਮੰਮ ਨੂੰ ਗੌਹ ਨਾਲ ਵੇਖਦਿਆਂ ਜਵਾਬਦਿੱਤਾ।

“ਮੌਤ ... ਹੁੰਦਾ ਹੈ ਇਸਦਾ ਮਤਲਬ, ਨਾਲੇ ਤੇਰਾ ਕਿਹੜਾ ਦੇਸ਼ ਹੈ ਜਿਸਦੀ ਤੂੰ ਸੇਵਾ ਕਰਨ ਦੀ ਗੱਲ ਕਰ ਰਿਹਾ ਹੈਂ?”

“ਯੂ.ਕੇ. ... ਹੋਰ ਕਿਹੜਾ?”” ਸਰਦੀਪ ਦੇ ਬੋਲਾਂ ਵਿੱਚ ਵਿਸ਼ਵਾਸ ਉੱਭਰਵਾਂ ਸੀ।

“ਜੜਾ ਜੂ.ਕੇ. ਨਹੀਂ ਤੇਰਾ ਮੁਲਕ ...। ਸਾਡਾ ਮੁਲਕ ਪੰਜਾਬ ਹੈ, ਗੁਰੂਆਂ ਦੀ ਧਰਤੀ ...।””

“ਮੰਮ ਉਹ ਤੁਹਾਡਾ ਮੁਲਕ ਹੋ ਸਕਦੈ, ਮੇਰਾ ਨਹੀਂ। ਮੈਂ ਯੂ.ਕੇ. ਵਿੱਚ ਜੰਮਿਆਂ ਪਲਿਆਂ, ਇਹੋ ਹੀ ਹੈ ਮੇਰਾ ਮੁਲਕ।””

“ਤੂੰ ਬਹੁਤੀਆਂ ਗੱਲਾਂ ਨਾ ਕਰ, ਲਗਨ ਨਾਲ ਆਪਣੀ ਪੜ੍ਹਾਈ ਪੂਰੀ ਕਰ। ਤੇਰੇ ਏ. ਲੈਵਲ ਦੇ ਨਤੀਜੇ ਆਉਣ ਵਾਲੇ ਹਨ, ਚੰਗੇ ਨੰਬਰ ਲੈ ਕੇ ਯੂਨੀਵਰਸਿਟੀ ਜਾਹ, ਡਿਗਰੀ ਕਰ ਤੇ ਫੇਰ ਤੇਰਾ ਪੰਜਾਬ ਚੱਲ ਕੇ ਧੂਮ ਧਾਮ ਨਾਲ ਵਿਆਹ ਕਰੀਏ। ਕੋਈ ਸੋਹਣੀ ਜਿਹੀ ਪੰਜਾਬਣ, ਸਲੀਕੇ ਵਾਲੀ, ਚੰਗੇ ਪਰਵਾਰ ਦੀ ਕੁੜੀ ਵਿਆਹ ਕੇ ਲਿਆਈਏ। ਇੱਥੇ ਜੰਮੀਆਂ ਪਲੀਆਂ ਪੰਜਾਬਣ ਕੁੜੀਆਂ ਤਾਂ ਅੰਗਰੇਜ਼ਾਂ ਦੀਆਂ ਤੋਂ ਵੀ ਵਾਧੂ ਹੋਈ ਫਿਰਦੀਆਂ ਹਨ। ਉਨ੍ਹਾਂ ਨਾਲੋਂ ਵੀ ਬਹੁਤੀ ਸੰਗ ਸ਼ਰਮ ਲਾਹੀ ਫਿਰਦੀਆਂ ਹਨ।”

“ਮੈਂ ਨਹੀਂ ਕਿਸੇ ਪੜੀ-ਪੰਜਾਬਣ ਨਾਲ ਵਿਆਹ ਕਰਾਉਣੈ ...।”” ਕਹਿੰਦਿਆਂ ਸਰਦੀਪ ਅੱਧਾ-ਪਚੱਧਾ ਖਾਣਾ ਵਿੱਚੇ ਹੀ ਛੱਡ ਕੇ ਖਾਣੇ ਦੀ ਮੇਜ਼ ਤੋਂ ਗੁੱਸੇ ਜਿਹੇ ਨਾਲ ਉੱਠਿਆ ਤੇ ਆਪਣੇ ਕਮਰੇ ਵਿੱਚ ਜਾ ਕੇ ਇੰਟਰਵੀਊ ਫਾਰਮ ਭਰਨ ਲੱਗਾ।

“ਤੂੰ ਵੀ ਹਰ ਗੱਲ ਤੇ ਆਪਣੀ ਟੰਗ ਅੜਾਉਣ ਤੋਂ ਨਹੀਂ ਹਟਦੀ। ਮੁੰਡੇ ਦੀ ਪੂਰੀ ਗੱਲ ਵੀ ਨਹੀਂ ਸੁਣੀ ...?””ਸਰਦੀਪ ਦਾ ਪਿਉ ਖਿਝ ਗਿਆ ਸੀ। ਆਪਣੀ ਪਤਨੀ ਦੀ ਅੱਧ-ਸੁਣੀ ਕਹਾਣੀ ਤੇ ਆਪਣੀ ਰਾਏ ਦੇਣ ਦੀ ਆਦਤ ਤੋਂ ਹਮੇਸ਼ਾ ਚਿੜ੍ਹਦਾ ਰਿਹਾ ਹੈ। ਤੇਰੀਆਂ ਖਾਹਿਸ਼ਾਂ ਦੀਆਂ ਫਸੀਲਾਂ ਵਿਚ ਇੱਥੋਂ ਦੀ ਪਲੀ-ਪੜ੍ਹੀ ਔਲਾਦ ਨੇ ਨਹੀਂ ਰਹਿਣਾ। ਆਪਣੀ ਸੋਚ ਤੇ ਰਵੱਈਆ ਬਦਲ ਲੈ ਨਹੀਂ ਤਾਂ ਫੇਰ ਪਛਤਾਏਂਗੀ?”

“ਤੁਹਾਨੂੰ ਪਤੈ ਮੁੰਡਾ ਕੀ ਕਹਿ ਰਿਹਾ ਸੀ ...?”

“ਮੁੰਡਾ ਫੌਜ ਵਿੱਚ ਭਰਤੀ ਹੋਣ ਬਾਰੇ ਸੋਚ ਰਿਹਾ ਹੈ ਤਾਂ ਇਸ ਵਿੱਚ ਬੁਰਾਈ ਵੀ ਕੀ ਹੈ।”

“ਤੁਸੀਂ ਤਾਂ ਹਰ ਗੱਲ ਵਿੱਚ ਮੇਰੀ ਮੁਖਾਲਫਤ ਹੀ ਕਰਨੀ ਹੁੰਦੀ ਹੈ। ਆਪ ਕਹਿੜਾ ਘੱਟ ਕੀਤੀ ਹੈ ਸਾਰੀ ਉਮਰ ... ਝੋਲਾ ਚੁੱਕੀ ਕਦੇ ਇੰਡੀਅਨ ਵਰਕਰ ਅਸੋਸੀਏਸ਼ਨ ਦੇ ਮੁਜ਼ਾਹਰਿਆਂ ’ਤੇ, ਤੇ ਕਦੇ ਬੀ.ਐਨ.ਪੀ (British National Party) ਦੇ ਖਿਲਾਫ ਜਲੂਸਾਂ ਤੇ ਤੁਰੇ ਫਿਰਦੇ ਰਹੇ...ਯਭਦੇ। ਮੈਥੋਂ ਨਹੀਂ ਮੇਰਾ ਇੱਕੋ-ਇੱਕ ਪੁੱਤ ਮੌਤ ਦੇ ਮੂੰਹ ਧਕੇਲਿਆ ਜਾਂਦਾ।”

“ਇਹੋ ਹੀ ਤਾਂ ਤੈਨੂੰ ਪਤਾ ਨਹੀਂ। ਫੌਜ ਵਿੱਚ ਸਾਰੀਆਂ ਨੌਕਰੀਆਂ ਸਿਰਫ ਲੜਾਈ ਵਾਲੀਆਂ ਹੀ ਨਹੀਂ ਹੁੰਦੀਆਂ। ਮੁੰਡਾ ਫੌਜ ਵਿੱਚ ਅਫਸਰ ਬਣਜੂ ਫੇਰ ਤਾਂ ਸਗੋਂ ਤੇਰੀ ਵੀ ਠੁੱਕ ਬਣ ਜੂ ਸਾਰੇ ਭਾਈਚਾਰੇ ਵਿੱਚ। ਤੂੰ ਵੀ ਗਲੀ ਮੁਹੱਲੇ ਵਾਲੀਆਂ ਵਿੱਚ ਫੌਜੀ ਦੀ ਮੰਮ ਬਣ ਜੇਂਗੀ।”” ਸਰਦੀਪ ਦੇ ਪਿਉ ਨੇ ਭਖਦੀ ਹੋਈ ਆਪਣੀ ਪਤਨੀ ਨੂੰ ਲਾਲਚਾਂ ਦੀ ਝੱਲ ਨਾਲ ਸ਼ਾਂਤ ਕਰਨਾ ਚਾਹਿਆ।

“ਹੋਰ ਫੌਜਾਂ ਕਾਹਦੇ ਲਈ ਹੁੰਦੀਆਂ ... ਜੇ ਲੜਾਈ ਵਿੱਚ ਨਹੀਂ ਘੱਲਣਾ ਤਾਂ ਹੋਰ ਕੀ ਦਲੀਆਂ ਦਲਾਉਣਾ ਹੁੰਦਾ ਹੈ ਫੌਜੀਆਂ ਤੋਂ? ਰਹਿਣ ਦਿਉ ਆਪਣੀ ਜਾਣਕਾਰੀ ਨੂੰ। ਮੈਨੂੰ ਪਤੈ ...।”” ਸਰਜੀਤ ਕੌਰ ਨੇ ਇੱਕ ਸਰਦ ਹਓਕਾ ਭਰਿਆ।

ਉਸ ਸ਼ਾਮ ਸਰਦੀਪ ਸੌਣ ਤੋਂ ਪਹਿਲਾਂ ਨਿੱਤ ਦੇ ਰੁਟੀਨ ਮੂਜਬ ਦੁੱਧ ਦਾ ਗਲਾਸ ਗਰਮ ਕਰ, ਆਪਣੇ ਕਮਰੇ ਨੂੰ ਜਾਣ ਤੋਂ ਪਹਿਲਾਂ, ਰੋਜ਼ ਵਾਂਗ ਜੱਫੀ ਪਾ ਕੇ, ਆਪਣੀ ਮੰਮ ਨੂੰ 'ਗੁੱਡ ਨਾਈਟ' ਕਹਿਣ ਦੀ ਬਜਾਏ, ਜਾਂਦਾ ਜਾਂਦਾ ਪੌੜੀਆਂ ਚੜ੍ਹਦਾ ਚੜ੍ਹਦਾ 'ਗੁੱਡ ਨਾਈਟ' ਕਹਿ ਕੇ ਆਪਣੇ ਸੌਣ ਕਮਰੇ ਵਿੱਚ ਜਾ ਵੜਿਆ। ਸਰਦੀਪ ਦੇ ਮਾਂ ਪਿਓ ਦੋਨਾਂ ਨੇ ਮੁੰਡੇ ਦੀ ਨਾਰਾਜ਼ਗੀ ਮਹਿਸੂਸ ਕੀਤੀ।

“ਵੇਖ ਲਿਆ ਹੁਣ ਦੀਪੇ ਦਾ ਰਵਈਆਂ ...।”” ਮੱਖਣ ਸਿਹੁੰ ਨੇ ਆਪਣੀ ਪਤਨੀ ਨੂੰ ਚਿਤਾਵਣੀ ਕਰਾਈ।

“ਇਵੇਂ ਤਾਂ ਇਹ ਨਿੱਤ ਕਰਦੈ, ਜਦੋਂ ਇਸਦੀ ਗੱਲ ਨਾ ਮੰਨੋ। ਸਵੇਰੇ ਹੋ ਜੂ ਗਾ ਠੀਕ।”” ਮਾਂ ਨੂੰ ਆਪਣੇ ਪੁੱਤ ਦੀਆਂ ਆਦਤਾਂ ਦੀ ਥੌਹ ਸੀ।

ਏ.ਲੈਵਲ ਦੇ ਨਤੀਜੇ ਆਉਣ ਵਿੱਚ ਹਾਲੀ ਦੋ ਹਫਤੇ ਰਹਿੰਦੇ ਸਨ। ਸਰਦੀਪ ਚਿਰਾਕਾ ਉੱਠਿਆ।

“ਮੇਰਾ ਦੀਪਾ ਪੁੱਤ ਤਾਂ ਰਾਤੀਂ ਬਾਹਲਾ ਹੀ ਗੁੱਸੇ ਵਿੱਚ ਸੀ। ਮਾਂ ਨੂੰ ਜੱਫੀ ਵੀ ਨਹੀਂ ਪਾਈ। ਉਵੇਂ ਹੀ ਆਪਣੇ ਘੁਰਨੇ ਵਿੱਚ ਜਾ ਵੜਿਆ?”

“ਵੇਖ ਮੰਮ, ਮੈਂ ਕੋਈ ਗੁੱਸੇ ਵਿਚ ਨਹੀਂ। ਮੈਂ ਸਾਰਾ ਮੈਟੀਰੀਅਲ ਪੜ੍ਹ ਲਿਆ ਹੈ ਤੇ ਰਾਤ ਮੈਂ ਗੂਗਲ ਤੋਂ ਫੌਜ ਬਾਰੇ ਸਾਰੀ ਜਾਣਕਾਰੀ ਵੀ ਲੈ ਲਈ ਤੇ ਮਨ ਬਣਾ ਲਿਆ ਹੈ ਕਿ ਮੈਂ ਫੌਜ ਦੀ ਹੀ ਨੌਕਰੀ ਕਰਨੀ ਹੈ।”” ਸਰਦੀਪ ਦ੍ਰਿੜ੍ਹਤਾ ਭਰੀ ਸੁਰ ਨਾਲ ਬੋਲਿਆ।

“ਇਹ ਤੂੰ ਕੀ ਕਹਿ ਰਿਹਾ ਹੈਂ ... ਪੁੱਤ? ਇਹ ਜੈ ਖਾਣੇ ਦਾ ਗੂਗਲ ਕੌਣ ਹੈ?”” ਸਰਦੀਪ ਦੀ ਮਾਂ ਨੇ ਰਤਾ ਕੁ ਢੈਲੀ ਪੈਂਦਿਆਂ ਕਿਹਾ।

“ਮੈਨੂੰ ਤਾਂ ਇਹ ਸਮਝ ਨਹੀਂ ਲਗਦੀ, ਮੰਮ ਕਿ ਫੌਜ ਦੀ ਨੌਕਰੀ ਵਿੱਚ ਮਾੜਾ ਕੀ ਹੈ। ਗੁੱਡ ਜੌਬ ਹੈ। ਤਨਖਾਹ ਵੀ ਚੰਗੀ। ਤਰੱਕੀ ਲਈ ਵੀ ਚਾਂਨਸ। ਡਸਿਪਲਨ ਵਿੱਚ ਰਹਿਣਾ ਤੇ ਆਪਣੇ ਮੁਲਕ ਦੀ ਸੇਵਾ। ਹੋਰ ਕੀ ਚਾਹੀਦਾ ਹੈ?”

“ਆਹ ਤੂੰ ਜਿਹੜੀ ਰਟ ਲਾਈ ਹੋਈ ਹੈ ... ਆਪਣੇ ਮੁਲਕ ਦੀ ਸੇਵਾ ... ਆਪਣੇ ਮੁਲਕ ਦੀ ਸੇਵਾ, ਮੈਨੂੰ ਇਸ ਤੇ ਖਿਝ ਆਉਂਦੀ ਹੈ ਤੈਥੋਂ ... ਇਹ ਸਾਡਾ ਮੁਲਕ ਨਹੀਂ ...? ਮੈਂ ਆਪਣੇ ਮੁਲਕ ਦੀ ਸੇਵਾ ਦੀ ਪੀੜ ਪਹਿਲੋਂ ਹੀ ਭੁਗਤ ਚੁੱਕੀ ਹਾਂ। ਮੇਰਾ ਤੀਹਾਂ ਸਾਲਾਂ ਦਾ ਭਰ ਜੁਆਨ ਭਰਾ ਪਾਕਿਸਤਾਨ ਨਾਲ ਲੱਗੀ ਲੜਾਈ ’ਚ ਗੋਲੀਆਂ ਠੰਢੀਆਂ ਕਰ ਚੁੱਕਿਆ ਹੈ। ਉਹ ਵੀ ਤੇਰੇ ਵਾਂਗ ਹੀ ‘ਮੁਲਕ ਦੀ ਸੇਵਾ’ਕਰਨੀ ਚਾਹੁੰਦਾ ਸੀ ਤੇ ਸਾਰਿਆਂ ਦੇ ਵਰਜਣ ਤੇ ਵੀ ਆਪਣੀ ਅੜੀ ਕਰਦਾ ਭਰਤੀ ਜਾ ਹੋਇਆ ਸੀ। ਹੁਣ ਮੈਂ ਆਪਣੇ ਪੁੱਤ ਨੂੰ ਓਸ ਰਾਹੇ ਨਹੀਂ ਪੈਣ ਦੇਣਾ।” ਸਰਦੀਪ ਦੀ ਮੰਮ ਖਿਝ ਗਈ ਤੇ ਨਾਲ ਹੀ ਉਸਦੀਆਂ ਅੱਖਾਂ ’ਚੋਂ ਪਾਣੀ ਛਲਕ ਆਇਆ।

ਘਰ ਵਿੱਚ ਕਈ ਦਿਨ ਕੁੱਕੜ-ਖੇਹ ਉੱਡਦੀ ਰਹੀ। ਚੁੰਝਾਂ ਫਸੀਆਂ ਰਹਿੰਦੀਆਂ। ਉਸਦਾ ਪਿਉ ਉਸਦੇ ਭਰਤੀ ਹੋਣ ਵਿੱਚ ਨਾਰਾਜ਼ ਨਹੀਂ ਸੀ। ਸਰਦੀਪ ਦੀ ਮਾਂ ਨਿੱਤ ਫਿਕਰਾਂ ਵਿੱਚ ਉਦਾਸੀ ਰਹਿਣ ਲੱਗੀ। ਇਸ ਸਾਰੇ ਦੇ ਬਾਵਜੂਦ ਸਰਦੀਪ ਨੇ ਭਰਤੀ ਹੋਣ ਲਈ ਫਾਰਮ ਭਰ ਕੇ ਭੇਜ ਦਿੱਤਾ ਤੇ ਏ.ਲੈਵਲ ਦੇ ਨਤੀਜੇ ਆਉਂਦਿਆ ਹੀ ਉਸਨੇ ਫੌਜ ਵਿੱਚ ਹਾਜ਼ਰੀ ਜਾ ਲੁਆਈ। ਤੇ ਪਹਿਲੇ ਦਿਨ ਹੀ ਉਸਦੀ ਹੈਰਾਨੀ ਇੱਕ ਵਾਰ ਫੇਰ ਟੀਸੀ ਜਾ ਲੱਗੀ ਜਦੋਂ ਉਸਨੇ ਆਪਣੇ ਸੈਕੰਡਰੀ ਸਕੂਲੀ ਦਿਨਾਂ ਦੀ ਇੱਕ ਚੰਗੀ ਮਿੱਤਰ ਸੂਜ਼ਨ ਨੂੰ ਰੀਸੈਪਸ਼ਨ ਕਾਊਂਟਰ ਪਿੱਛੇ ਵੇਖਿਆ।

“ਤੂੰ ...?” ਇੱਕ ਦੂਜੇ ਨੂੰ ਵੇਖਦਿਆਂ ਦੋਨਾਂ ਦੇ ਮੂੰਹੋਂ ਇਕੱਠਾ ਹੀ ਨਿਕਲਿਆ।

ਸੂਜ਼ਨ ਤਾਂ ਐਡਮਿਨਸਟਰੇਸ਼ਨ ਤੇ ਪਰਸਨਲ ਡੀਪਾਰਟਮੈਂਟ ਵਿਚਸੀ ਪਰ ਸਰਦੀਪ ਨੇ ਇੰਨਫੈਂਟਰੀ ਚੁਣੀ ਸੀ। ਦੋਨੋਂ ਸਰਸਰੀ ਜਹੀ ਮਿਲੇ ਤੇ ਦਿਨ ਦੇ ਆਪੋ ਆਪਣੇ ਰੁਝੇਵਿਆਂ ਲਈ ਅੱਡ ਹੋ ਗਏ। ਪਰ ਦੋਨੋਂ 'ਸੀ ਯੂ ਲੇਟਰ' ਇਕਰਾਰ ਕਰ ਗਏ। ਸਰਦੀਪ ਨੂੰ ਸੂਜ਼ਨ ਦਾ ਮਿਲਣਾ ਚੰਗਾ ਲੱਗਾ। ਇਸ ਕਈਆਂ ਏਕੜਾਂ ਵਿੱਚ ਵਿਛੇ ਚਿਲਵਿੱਲ ਮਿਲਟਰੀ ਡੀਪੂ ਵਿੱਚ ਕੋਈ ਤਾਂ ਉਸਦੀ ਪਛਾਣ ਵਾਲਾ ਮਿਲਿਆ ਸੀ। ਅੱਜ ਪਹਿਲੇ ਦਿਨ ਵਿੱਚ ਨਿੱਕੇ ਨਿੱਕੇ ਕੰਮ ਹੀ ਐਨੇ ਸਨ ਕਿ ਸ਼ਾਮ ਤੱਕ ਉਸਨੂੰ ਵਿਹਲ ਨਾ ਮਿਲੀ। ਉਹ ਚਾਹੁੰਦਾ ਜ਼ਰੂਰ ਰਿਹਾ ਕਿ ਸੂਜ਼ਨ ਨਾਲ ਫੇਰ ਅੱਜ ਉਸਦਾ ਟਾਕਰਾ ਹੋ ਜਾਵੇ।

ਸੂਜ਼ਨ ਨੇ ਤਾਂ ਆਪ ਸਰਦੀਪ ਨੂੰ ਗੌਹ ਨਾਲ ਵੇਖਿਆ ਸੀ ਤੇ ਇਹੋ ਹੀ ਚਾਹਿਆ ਸੀ। ਸਕੂਲੀ ਦਿਨਾਂ ਵਿੱਚ ਉਨ੍ਹਾਂ ਦੀ ਮਿਲਣੀ ਸਿਰਫ ਹੱਥ-ਘੁਟਣੀ ਤੱਕ ਹੀ ਸੀਮਤ ਰਹੀ ਸੀ। ਬੈਰਕਾਂ ਅੱਡ ਅੱਡ ਸਨ ਪਰ ਸ਼ਾਮ ਨੂੰ ਉਹ ਇੱਕ ਦੂਜੇ ਨੂੰ ਕੈਂਟੀਨ ਵਿੱਚ ਮਿਲਣ ਲੱਗੇ। ਸਰਦੀਪ ਦੀ ਟ੍ਰੇਨਿੰਗ ਬਹੁਤ ਕਰੜੀ ਸੀ। ਉਹ ਤਾਂ ਸਦਾ ਭੱਜਾ-ਟੁੱਟਾ ਹੀ ਰਹਿੰਦਾ ਪਰ ਤਾਂ ਵੀ ਸੂਜ਼ਨ ਨੂੰ ਮਿਲਣ ਬਾਅਦ ਉਸ ਵਿੱਚ ਇੱਕ ਨਵੀਂ ਨਰੋਈ ਸ਼ਕਤੀ ਆ ਜਾਂਦੀ। ਪੈਰਾਂ ਵਿੱਚ ਕਾਹਲ ਤੇ ਚਿਹਰੇ ਤੇ ਰੌਣਕ ਵਿਛ ਜਾਂਦੀ। ਪਹਿਲਾਂ ਪਹਿਲਾਂ ਏਡੀ ਕਰੜੀ ਟ੍ਰੇਨਿੰਗ ਕਰਦਿਆਂ ਉਸਨੇ ਫੌਜ ਦੀ ਨੌਕਰੀ ਤੋਂ ਕਈ ਵਾਰ ਕਿਨਾਰਾ ਕਰਨ ਦੀ ਵੀ ਸੋਚੀ ਸੀ ਤਾਂ ਇਹ ਸੂਜ਼ਨ ਹੀ ਸੀ ਜਿਹੜੀ ਉਸਨੂੰ ਹੌਸਲਾ ਦੇਈ ਰੱਖਦੀ ਕਿ ਟ੍ਰੇਨਿੰਗ ਹੀ ਔਖੀ ਹੈ। ਇੱਕ ਵਾਰ ਪੂਰੀ ਹੋ ਗਈ ਫੇਰ ਉਹ ਇਸ ਨੌਕਰੀ ਨੂੰ ਮਾਨਣ ਲੱਗ ਪਵੇਗਾ ਤੇ ਇਹ ਹੋਇਆ ਵੀ ਇਵੇਂ ਹੀ। ਟ੍ਰੇਨਿੰਗ ਖ਼ਤਮ ਹੋਈ, ਉਹ ਇਹ ਖ਼ਬਰ ਆਪਣੇ ਮਾਂ ਪਿਉ ਨੂੰ ਦੇਣ ਗਿਆ। ਜਿੱਥੇ ਪਿਓ ਨੇ ਉਸਨੂੰ ਜੱਫੀ ਪਾ ਕੇ ਉਸਦੀ ਕਾਮਯਾਬੀ ਦੀਆਂ ਮੁਬਾਰਕਾਂ ਦਿੱਤੀਆਂ ਉੱਥੇ ਮੰਮ ਨੇ ਢਿੱਲੇ ਜਹੇ ਵਿਹਾਰ ਨਾਲ ਸਵੀਕਾਰਿਆ।

ਸਰਦੀਪ ਹੁਣ ਪੂਰਾ ਫੌਜੀ ਬਣ ਗਿਆ ਸੀ। ਸੂਜ਼ਨ ਨਾਲ ਉਸਦਾ ਮੇਲ ਮਿਲਾਪ ਵੀ ਵਧ ਗਿਆ ਸੀ। ਇਕੱਲਾਂ ਮਾਰੀ ਫੌਜੀ ਜ਼ਿੰਦਗੀ ਵਿੱਚ ਸੂਜ਼ਨ ਦੀ ਆਮਦ ਨੇ ਨਰੋਈ ਰੂਹ ਭਰ ਦਿੱਤੀ ਸੀ। ਫੌਜੀ ਵਿਚਰਨ ਦੇ ਦਿਨ ਭਰ ਦੇ ਔਖੇ ਰੁਟੀਨ ਵੀ ਉਹ ਕਿਸੇ ਉਤਸ਼ਾਹ ਨਾਲ ਪੂਰੇ ਕਰਦਾ ਹੁਣ ਥੱਕਦਾ ਨਹੀਂ ਸੀ। ਸ਼ਾਮ ਨੂੰ ਸੂਜ਼ਨ ਨੂੰ ਮਿਲਣ ਦਾ ਇਕਰਾਰ ਉਸਦੇ ਪੈਰਾਂ ਵਿੱਚ ਕਾਹਲ ਤੇ ਫੁਰਤੀ ਲਿਆਈ ਰੱਖਦਾ। ਸੂਜ਼ਨ ਦੀ ਮੁਹੱਬਤ ਨੇ ਉਸ ਅੰਦਰ ਲੋਹੜੇ ਦਾ ਉਤਸ਼ਾਹ ਭਰ ਦਿੱਤਾ ਸੀ। ਐਤਵਾਰ ਦੀ ਛੁੱਟੀ ਦਾ ਦਿਨ ਉਹ ਇੱਕ ਦੂਜੇ ਦੀਆਂ ਬਾਹਵਾਂ ਵਿੱਚ ਪਿਘਲਦਿਆਂ ਗੁਜ਼ਾਰਦੇ। ਤੇ ਇਵੇਂ ਹੀ ਸੂਜ਼ਨ ਪ੍ਰੈਗਨੈਂਟ ਹੋ ਗਈ। ਭਾਵੇਂ ਉਹ ਖੁਸ਼ ਸੀ ਪਰ ਏਡੀ ਵੱਡੀ ਜ਼ੁੰਮੇਵਾਰੀ ਤੋਂ ਉਸਨੂੰ ਡਰ ਜਿਹਾ ਲਗਦਾ ਰਹਿੰਦਾ ਤਾਂ ਵੀ ਉਸਨੇ ਸੂਜ਼ਨ ਨੂੰ ਆਪਣੇ ਮਾਂ ਪਿਉ ਨੂੰ ਮਿਲਾਉਣ ਦਾ ਮਨ ਬਣਾ ਲਿਆ ਤੇ ਇੱਕ ਐਤਵਾਰ ਸੂਜ਼ਨ ਨੂੰ ਨਾਲ ਲੈ ਕੇ ਆਪਣੇ ਮੰਮ ਡੈਡ ਦੇ ਘਰੇ ਜਾ ਲੰਘਿਆ। ਪੁੱਤ ਨਾਲ ਗੋਰੀ ਕੁੜੀ ਵੇਖਦਿਆਂ ਹੀ ਸਰਦੀਪ ਦੀ ਮਾਂ ਦੀਆਂ ਭਵਾਂ ਤਣੀਆਂ ਗਈਆਂ। ਉਸਨੇ ਸੂਜ਼ਨ ਨੂੰ ਅੰਦਰ ਤਾਂ ਲੰਘਾ ਲਿਆ ਪਰ ਉਸਦੀ ਨਮੋਸ਼ੀ ਉਸਦੇ ਚਿਹਰੇ ਦੀਆਂ ਝੁਰੜੀਆਂ ਵੀ ਲਕੋ ਨਾ ਸਕੀਆਂ।

“ਮੰਮ ਇਹ ਸੂਜ਼ਨ ਹੈ। ਅਸੀਂ ਸਕੂਲ ਵਿੱਚ ਇਕੱਠੇ ਪੜ੍ਹਦੇ ਸੀ ਤੇ ਹੁਣ ਨੌਕਰੀ ਵੀ ਇੱਕੋ ਥਾਂ ਕਰਦੇ ਹਾਂ।”” ਸਰਦੀਪ ਨੇ ਸੂਜ਼ਨ ਦਾ ਤੁਆਰਫ ਕਰਾਇਆ।

“ਇੱਥੇ ਕਾਹਦੇ ਲਈ ਲੈ ਕੇ ਆਇਆਂ? ਆਂਢ ਗੁਆਂਢ ਕੀ ਕਹੂ ...?”” ਸਰਦੀਪ ਦੀ ਮੰਮ ਨੂੰ ਲੋਕ-ਲੱਜਾ ਹੁੱਝਾਂ ਮਾਰ ਰਹੀ ਸੀ।

“ਤੁਹਾਨੂੰ ਵਿਖਾਉਣ ਲਿਆਇਆਂ ...।””

“ਸਾਨੂੰ ਕੀ ਵਿਖਾਉਣਾ ਇਹਦਾ ...? ਇਹਦੇ ਕਿਹੜੀਆਂ ਲੂਲ੍ਹਾਂ ਲੱਗੀਆਂ ਹੋਈਆਂ, ਹੋਰ ਗੋਰੀਆਂ ਵਰਗੀ ਇਹ ਵੀ ਗੋਰੀ ਆ।”” ਮੰਮ ਖਿਝੀ ਪਈ ਸੀ।

“ਮੰਮ ਇਹ ਮੇਰੀ ਗਰਲ ਫਰਿੰਡ ਹੈ। ਅਸੀਂ ਇਕੱਠੇ ਰਹਿਣ ਦੀ ਸੋਚ ਰਹੇ ਹਾਂ। ਤੇ ਇਹ ਪ੍ਰੈਗਨੈਂਟ ਆ।”” ਸਰਦੀਪ ਦੇ ਬੋਲਾਂ ਵਿੱਚ ਵੀ ਤਣਾਉ ਰੜਕਣ ਲੱਗਾ।

“ਕੀਅ ...?”” ਸਰਦੀਪ ਦੀ ਮੰਮ ਦੀ ਤਾਂ ਜਿਵੇਂ ਹੂਕ ਨਿਕਲੀ ਹੁੰਦੀ ਹੈ। ਉਸਨੇ ‘ਕੀਅ ...’ ਏਨੇ ਜ਼ੋਰ ਦੀ ਕਿਹਾ ਕਿ ਘਰ ਦੀਆਂ ਕੰਧਾਂ ਨੂੰ ਵੀ ਕੰਬਣੀ ਛਿੜ ਤੁਰੀ ਤੇ ਨਾਲ ਹੀ ਆਪਣਾ ਸਿਰ ਫੜ ਕੇ ਕੀਰਨੇ ਪਾਉਣ ਲੱਗੀ ਤੇ ਕੁਰਸੀ ਤੇ ਡਿਗ ਪਈ।

“ਕੀ ਹੋਇਆ ਸਰਦੀਪ ...?”” ਸੂਜ਼ਨ ਨੇ ਫਿਕਰ ਕੀਤਾ।

“ਕੁਝ ਨਹੀਂ ... ਕਦੇ ਕਦੇ ਮੰਮ ਨੂੰ ਮਿਰਗੀ ਦਾ ਦੌਰਾ ਪੈਂਦੈ।”” ਅਸਲੀ ਗੱਲ ਨੂੰ ਲੁਕੋਂਦਿਆਂ ਉਸਨੇ ਆਪਣੀ ਮੰਮ ਨੂੰ ਗਹਿਰੀਆਂ ਨਜ਼ਰਾਂ ਨਾਲ ਵੇਖਿਆ।

ਮੰਮ ਦਾ ਹਾਲ-ਪਾਹਰਿਆ ਸੁਣਦਾ ਸਰਦੀਪ ਵੀ ਲੋਹਾ ਲਾਖਾ ਹੋ ਗਿਆ। ਬਲਦੇ ਭਾਂਬੜ ਤੇ ਪਾਣੀ ਦੇ ਛਿੱਟੇ ਮਾਰਨ ਵਾਲਾ ਉਸਦਾ ਪਿਉ ਮੱਖਣ ਸਿਹੁੰ ਡੇ-ਕੇਅਰ ਸੈਂਟਰ ਗਿਆ ਹੋਇਆ ਸੀ, ਜਿੱਥੋਂ ਉਸਨੇ ਪੰਜ ਵਜੇ ਮੁੜਨਾ ਸੀ। ਸਰਦੀਪ ਬਿਨਾਂ ਕੁਝ ਬੋਲਿਆਂ, ਬਿਨਾਂ ਕੁਝ ਖਾਧੇ-ਪੀਤਿਆਂ ਸੂਜ਼ਨ ਨੂੰ ਲੈ ਕੇ ਵਾਪਸ ਮੁੜ ਗਿਆ। ਸੂਜ਼ਨ ਸਾਰਾ ਕੁਝ ਸਮਝ ਗਈ ਸੀ ਪਰ ਉਸਨੇ ਕੁਝ ਕਹਿਣ ਤੋਂ ਸੰਕੋਚ ਹੀ ਰੱਖਣਾ ਯੋਗ ਸਮਝਿਆ।

ਹੌਲੀ ਹੌਲੀ ਸਰਦੀਪ ਨੇ ਸੂਜ਼ਨ ਨੂੰ ਸਾਰਾ ਕੁਝ ਸਮਝਾ ਦਿੱਤਾ ਤੇ ਆਪ ਦੋਨਾਂ ਨੇ ਪਾਰਟਨਰਾਂ ਵਾਲਾ ਫਲੈਟ ਆਪਣੇ ਲਈ ਅਲਾਟ ਕਰਾ ਲਿਆ ਤੇ ਇੱਕਠੇ ਰਹਿਣ ਲੱਗ ਪਏ। ਉਨ੍ਹਾਂ ਨੂੰ ਇਕੱਠੇ ਰਹਿੰਦਿਆਂ ਹਾਲੀ ਚਾਰ ਮਹੀਨੇ ਹੀ ਹੋਏ ਸਨ ਕਿ ਸਰਦੀਪ ਦੀ ਰੈਜਮਿੰਟ ਦੀ ਅਫਗਾਨਿਸਤਾਨ ਦੀ ਪੋਸਟਿੰਗ ਹੋ ਗਈ। ਤੇ ਸਰਦੀਪ ਸੂਜ਼ਨ ਨੂੰ ਫਲੇਟ ਵਿੱਚ ਇਕੱਲਿਆਂ ਛੱਡ ਆਪਣੇ ਸਾਥੀਆਂ ਨਾਲ ਉਦਾਸਿਆ ਅਫਗਾਨਿਸਤਾਨ ਲਈ ਜਹਾਜ਼ੇ ਚੜ੍ਹ ਗਿਆ। ਸਰਦੀਪ ਆਪਣੀ ਮੰਮ ਨਾਲ ਏਡਾ ਹਿਰਖਿਆ ਗਿਆ ਸੀ ਕਿ ਅਫਗਾਨਿਸਤਾਨ ਨੂੰ ਜਾਣ ਤੋਂ ਪਹਿਲਾਂ ਮਿਲਣ ਵੀ ਨਾ ਗਿਆ। ਵੈਸੇ ਉਸਨੇ ਟੈਲੀਫੂਨ ਤੇ ਆਪਣੇ ਪਿਉ ਨੂੰ ਆਪਣੀ ਪੋਸਟਿੰਗ ਬਾਰੇ ਜਾਣਕਾਰੀ ਦੇ ਦਿੱਤੀ ਸੀ ਤੇ ਬਹਾਨਾ ਮਾਰਿਆ ਸੀ ਕਿ ਉਸਨੂੰ ਜਾਣ ਦਾ ਤੁਰੰਤ ਹੁਕਮ ਆ ਗਿਆ ਸੀ ਜਿਸ ਕਰਕੇ ਉਹ ਮਿਲਣ ਨਹੀਂ ਆ ਸਕੇਗਾ। ਸੂਜ਼ਨ ਨੇ ਉਸਨੂੰ ਭਰੇ ਗਲੇ ਨਾਲ ਤੋਰਿਆ ਤੇ ਉਨ੍ਹਾਂ ਦੇ ਬੱਚੇ ਦੇ ਜਨਮ ਤੋਂ ਪਹਿਲਾਂ ਪਰਤ ਆਉਣ ਦੀ ਤਾਕੀਦ ਕੀਤੀ, ਇਹ ਪਤਾ ਹੁੰਦਿਆਂ ਵੀ ਕਿ ਇਸ ਵਿੱਚ ਉਸਦੀ ਕੋਈ ਮਰਜ਼ੀ ਨਹੀਂ ਚੱਲਣੀ,ਜਦੋਂ ਹੁਕਮ ਮਿਲਿਆ ਉਦੋਂ ਹੀ ਆ ਸਕੇਗਾ।

ਅਫਗਾਨਿਸਤਾਨ ਗਿਆਂ ਕੁਝ ਮਹੀਨੇ ਹੀ ਹੋਏ ਸਨ ਕਿ ਸੂਜ਼ਨ ਨੇ ਉਸਦੇ ਪੁੱਤ ਨੂੰ ਜਨਮ ਦਿੱਤਾ। ਖ਼ਬਰ ਮਿਲਣ ਤੇ ਉਹ ਇਸ ਅਥਾਹ ਖੁਸ਼ੀ ਦੇ ਮੌਕੇ ’ਤੇ ਵੀ ਉਦਾਸਿਆ ਰਿਹਾ ਸੀ ਕਿ ਉਹ ਇਹੋ ਜਿਹੇ ਸਮੇਂ ਵੀ ਸੂਜ਼ਨ ਦੇ ਕੋਲ ਨਹੀਂ ਸੀ ਤੇ ਆਪਣੀ ਇਹ ਖੁਸ਼ੀ ਉਸ ਨਾਲ ਸਾਂਝੀ ਨਹੀਂ ਸੀ ਕਰ ਸਕਿਆ। ਟੈਲੀਫੂਨ ਤੇ ਗੱਲ ਤਾਂ ਹੋਈ ਪਰ ਉਹ ਤਾਂ ਹਰ ਪਿਉ ਵਾਂਗ ਆਪਣੇ ਪੁੱਤ ਨੂੰ ਆਪਣੇ ਹੱਥਾਂ ਵਿੱਚ ਲੈਣਾ ਚਾਹੁੰਦਾ ਸੀ। ਉਸਨੂੰ ਅੱਜ ਪਹਿਲੀ ਬਾਰ ਫੌਜ ਦੀ ਨੌਕਰੀ ਤੇ ਪੇਤਲਾ ਜਿਹਾ ਇਤਰਾਜ਼ ਵੀ ਹੋਇਆ ਸੀ। ਆਪਣੇ ਪਿਉ ਨੂੰ ਟੈਲੀਫੂਨ ਤੇ ਖ਼ਬਰ ਦਿੱਤੀ ਤਾਂ ਮੱਖਣ ਸਿਹੁੰ ਨੇ ਖੁਸ਼ੀ ਵਿੱਚ ਲਲਕਰਾ ਮਾਰਿਆ ਤੇ ਨਾਲ ਹੀ ਆਪਣੀ ਪਤਨੀ ਸਰਜੀਤ ਕੌਰ ਨੂੰ ਬੜ੍ਹਕ ਜਿਹੀ ਮਾਰਦਿਆਂ ਉੱਚੀ ਸਾਰੀ ਆਵਾਜ਼ ਮਾਰੀ, “ਉਏ ਸਰਜੀਤ ਕੋਰੇ ਸੁਣਦੀ ਹੈਂ ... ਦੀਪੇ ਦਾ ਫੂਨ ਆ ... ਤੂੰ ਦਾਦੀ ਬਣ ਗੀ।”

”ਮੱਖਣਸਿਹੁੰਤੋਂਖੁਸ਼ੀਸਾਂਭੀਨਹੀਂਸੀਜਾਰਹੀ। ਦੀਪੇਦੀਮੰਮਨੇਹਾਲੀਆਪਣੇਪਤੀਦੇਹੱਥੋਂਟੈਲੀਫੂਨਦਾਚੌਂਗਾਫੜਿਆਹੀਸੀ ਕਿ ਫੂਨ ਕੱਟਿਆ ਗਿਆ। ਪੁੱਤ ਨਾਲ ਇਸ ਖੁਸ਼ੀ ਦੇ ਮੌਕੇ ਗੱਲ ਨਾ ਕਰ ਸਕਣ ਦੀ ਨਮੋਸ਼ੀ ਸਰਜੀਤ ਕੌਰ ਦੇ ਚਿਹਰੇ ਉੱਤੇ ਸਪਸ਼ਟ ਦਿਸ ਰਹੀ ਸੀ। ਸਰਦੀਪ ਨੇ ਫੂਨ ਜਾਣ ਬੁੱਝ ਕੇ ਕੱਟਿਆ ਸੀ ਜਾਂ ਆਪੇ ਹੀ ਡਿਸਟੈਂਸ ਕਾਲ ਕਰਕੇ ਕੱਟਿਆ ਗਿਆ ਸੀ। ਇਸਦਾ ਨਿਰਨਾ ਕਰਨਾ ਔਖਾ ਸੀ।

“ਕੀ ਕਹਿੰਦਾ ਸੀ ਦੀਪਾ? ... ਕਦੋਂ ਦਾ ਜਨਮ ਹੈ? ਕਿੱਥੇ ਜਨਮ ਹੋਇਆ? ਮੁੰਡਾ ਠੀਕ ਹੈ? ਕਿੰਨਾ ਭਾਰ ਸੀ?”” ਸਰਜੀਤ ਕੌਰ ਨੇ ਸਵਾਲਾਂ ਦੀ ਝੜੀ ਲਾ ਦਿੱਤੀ।

“ਮੇਰੀ ਕਿਹੜੀ ਖੁੱਲ੍ਹ ਕੇ ਗੱਲ ਹੋਈ ਸੀ ਉਹਦੇ ਨਾਲ ... ਲਿਆ ਤੂੰ ਹੁਣ ਮੂੰਹ ਮਿੱਠਾ ਕਰਾ,ਕੌੜਾ ਆਥਣੇ ਕਰਾਂਗੇ।”” ਮੱਖਣ ਸਿਹੁੰ ਦੀ ਖੁਸ਼ੀ ਅੱਥਰੀ ਪਈਸੀ।

ਸੂਜ਼ਨ ਨੇ ਆਪਣੀ ਪ੍ਰੈਗਨੈਂਸੀ ਅਤੇ ਪੁੱਤ ਨੂੰ ਜਨਮ ਦੇਣ ਦੀਆਂ ਸਾਰੀਆਂ ਔਖਾਂ ਸੌਖਾਂ ਇਕੱਲਿਆਂ ਹੀ ਜਰੀਆਂ। ਉਹ ਟੈਲੀਫੂਨ ਤੇ ਸਰਦੀਪ ਨਾਲ ਰੋਜ਼ ਕਿੰਨਾ ਕਿੰਨਾ ਚਿਰ ਗੱਲਾਂ ਕਰਦੀ ਰਹਿੰਦੀ ਤੇ ਉਨ੍ਹਾਂ ਦੇ ਪੁੱਤ ਦੀਆਂ ਖ਼ਬਰਾਂ ਦਿੰਦੀ ਰਹਿੰਦੀ। ਹਾਲੇ ਉਹ ਖੁਸ਼ੀਆਂ ਹੀ ਮਨਾ ਰਿਹੇ ਸਨ ਕਿ ਇੱਕ ਦਿਨ ਡੀਊਟੀ ਤੇ ਜਾਂਦਿਆਂ ਸਰਦੀਪ ਦੀ ਜੀਪ ਤਾਲਿਬਾਨ ਨੇ ਘੇਰ ਕੇ ਤਬਾਹ ਕਰ ਦਿੱਤੀ। ਆਪਣੇ ਨਾਲ ਦੇ ਸਾਰੇ ਹੀ ਫੌਜੀਆਂ ਨਾਲ ਉਹ ਵੀ ਇਸ ਜਹਾਨ ਤੋਂ ਇਲਵਿਦਾ ਹੋ ਗਿਆ।

ਜੀਪ ਦੀ ਤਬਾਹੀ ਦੀ ਖ਼ਬਰ ਟੈਲੀਵੀਯਨ ਤੇ ਸਰਜੀਤ ਕੌਰ ਤੇ ਮੱਖਣ ਸਿਹੁੰ ਦੋਹਾਂ ਨੇ ਵੇਖੀ। ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਜੀਪ ਦੀ ਤਬਾਹੀ ਵਿੱਚ ਉਨ੍ਹਾਂ ਦੀ ਦੁਨੀਆਂ ਦਾ ਉਜਾੜਾ ਵੀ ਹੋ ਗਿਆ ਹੈ। ਇਹ ਖ਼ਬਰ ਬੀ.ਬੀ.ਸੀ ਦੀਆਂ ਦੁਪਹਿਰ ਦੀਆਂ ਖ਼ਬਰਾਂ ਵਿੱਚ ਸੀ ਤੇ ਸ਼ਾਮ ਨੂੰ ਹਾਲੀ ਮੱਖਣ ਸਿਹੁੰ ਮੂੰਹ ਕੌੜਾ ਕਰਨ ਦੀਆਂ ਤਿਆਰੀਆਂ ਹੀ ਕਰ ਰਿਹਾ ਸੀ ਕਿ ਟੈਲੀਫੂਨ ਖੜਕਿਆ। ਖ਼ਬਰ ਸੁਣਦਿਆਂ ਮੱਖਣ ਸਿਹੁੰ ਨੇ ਜ਼ੋਰ ਦੀ ਲੇਰ ਮਾਰੀ।

“ਕੀ ਹੋਇਆ ...?” ਆਥਣ ਦੇ ਖਾਣੇ ਦਾ ਓਹਰ-ਪੋਹਰ ਕਰਦੀ ਸਰਜੀਤ ਭੱਜੀ ਆਈ।

“ਲੁੱਟੇ ਗਏ ਦੀਪੇ ਦੀ ਮਾਂ ... ਜਿਸ ਗੱਲ ਤੋਂ ਤੂੰ ਡਰਦੀ ਸੀ, ਓਹੋ ਹੀ ਹੋ ਗਈ। ਦੁਪਹਿਰੇ ਜਿਹੜੀ ਖ਼ਬਰ ਸੁਣੀ ਸੀ, ਉਸ ਜੀਪ ਵਿੱਚ ਦੀਪਾ ਵੀ ਸੀ।”

ਸਰਜੀਤ ਕੌਰ ਤਾਂ ਸੁਣਦਿਆਂ ਥਾਂ ਹੀ ਢੇਰੀ ਹੋ ਗਈ। ਮੱਖਣ ਸਿਹੁੰ ਨੇ ਕਾਹਲੀ ਨਾਲ ਉੱਠ ਕੇ ਆਪਣੀ ਪਤਨੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਪਾਣੀ ਦਾ ਗਲਾਸ ਲਿਆ ਕੇ ਔਖਿਆਂ ਸੌਖਿਆਂ ਦੋ ਘੁੱਟਾਂ ਪਿਲਾਈਆਂ। ਸਰਜੀਤ ਕੌਰ ਸੁੰਨ ਹੋਈ ਪਈ ਸੀ।

“ਸੁਰਤ ਕਰ ... ਆਪਾ ਸੰਭਾਲ। ਇਵੇਂ ਕੀਤਿਆਂ ਕੀ ਸੰਵਰੂ? ਜਿਹੜਾ ਵਰਤਣਾ ਸੀ, ਉਹ ਤਾਂ ਭਾਣਾ ਵਰਤ ਗਿਆ।”

“ਹੇ ਸੱਚੇ ਪਾਤਸ਼ਾਹ ਕਿਹੜੇ ਜਨਮ ਦੀ ਸਜ਼ਾ ਦਿੱਤੀ ਹੈ ਸਾਨੂੰ। ਸਾਡਾ ਤਾਂ ਉਹੀ ਇੱਕ ਸਹਾਰਾ ਸੀ ...?”” ਮੱਖਣ ਸਿਹੁੰ ਆਪਣੀ ਪਤਨੀ ਨੂੰ ਦਿਲਾਸੇ ਦਿੰਦਾ ਆਪ ਅੰਦਰੋਂ ਖੁਰਚਿਆ ਗਿਆ ਸੀ। ਕੁਝ ਘੰਟੇ ਪਹਿਲਾਂ ਅਥਾਹ ਖੁਸ਼ੀ ਦੀ ਝਲਕ ਵਿਖਾ ਕੇ ਵਾਹਿਗੁਰੂ ਨੇ ਉਮਰਾਂ ਦੇ ਸੋਗ ਨਾਲ ਉਨ੍ਹਾਂ ਦੀ ਵਿਚਰਨ ਭਰ ਦਿੱਤੀ ਸੀ।

ਸਰਦੀਪ ਦਾ ਫੀਊਨਰਲ ਪੂਰੀ ਮਿਲਟਰੀ ਰਵਾਇਤ ਅਨੁਸਾਰ ਹੋਇਆ। ਗੋਲੀਆਂ ਨਾਲ ਸਲਾਮੀ ਦਿੱਤੀ ਗਈ। ਫੀਊਨਰਲ ਦਾ ਸਾਰਾ ਖ਼ਰਚਾ ਵੀ ਮਿਲਟਰੀ ਨੇ ਹੀ ਕੀਤਾ। ਸੂਜ਼ਨ ਵੀ ਆਪਣੇ ਮੰਮ ਡੈਡ ਨਾਲ ਸਰਦੀਪ ਦੇ ਪੁੱਤ ਨੂੰ ਵੀ ਲੈ ਕੇ ਆਈ। ਉਹ ਇਨ੍ਹੀਂ ਦਿਨੀਂ ਮੈਟਰਨਿਟੀ ਛੁੱਟੀ ਤੇ ਸੀ। ਫੀਊਨਰਲ ਤੋਂ ਬਾਅਦ ਉਹ ਸਰਦੀਪ ਦੇ ਮੰਮ ਡੈਡ ਨੂੰ ਵੀ ਮਿਲੀ। ਮੱਖਣ ਸਿਹੁੰ ਨੇ ਆਪਣੇ ਪੋਤੇ ਨੂੰ ਹੱਥਾਂ ਵਿੱਚ ਲੈ ਕੇ ਚੁੰਮਿਆ ਤਾਂ ਉਸਨੂੰ ਸਰਦੀਪ ਦੇ ਜਨਮ ਵੇਲੇ ਦਾ ਸਾਰਾ ਕੁਝ ਯਾਦ ਆ ਗਿਆ ਤੇ ਉਸਦੀਆਂ ਅੱਖਾਂ ਸਿੰਮ ਤੁਰੀਆਂ।

ਸਰਦੀਪ ਦੀ ਮੰਮ ਨੇ ਪੋਤੇ ਨੂੰ ਯਕਦੀ ਯਕਦੀ ਨੇ ਹੱਥਾਂ ਵਿੱਚ ਲਿਆ ਤਾਂ ਉਸਦੀ ਧਾਹ ਨਿਕਲ ਗਈ।

“ਤੂੰ ਤਾਂ ਜੰਮਦੇ ਨੇ ਹੀ ਮੇਰਾ ਪੁੱਤ ਖਾ ਲਿਆ। ਕਿਹੜੇ ਚਾਵਾਂ ਨਾਲ ਤੈਨੂੰ ਆਪਣੇ ਹੱਥਾਂ ਵਿੱਚ ਲੈ ਕੇ ਹੱਸਾਂ ਤੇ ਖੁਸ਼ੀਆਂ ਮਨਾਵਾਂ? ਤੇਰੇ ਵੱਲ ਵੇਖ ਵੇਖ ਤਾਂ ਮੇਰੇ ਬਚਦੇ ਦਿਨਾਂ ਵਿੱਚ ਮੇਰੇ ਪੁੱਤ ਦੀ ਅਣਹੋਂਦ ਦਾ ਜ਼ਖਮ ਸਦਾ ਰਿਸਦਾ ਰਹੇਗਾ। ਕਦੀ ਵੀ ਨਹੀਂ ਭਰੇਗਾ। ਉਹਨੇ ਵੀ ਮੇਰੀ ਇੱਕ ਨਾ ਮੰਨੀ। ਬਥੇਰਾ ਵਰਜਿਆ ਮੈਂ ਕਿ ਤੂੰ ਇਹ ਫੌਜ ਦੀ ਨੌਕਰੀ ਬਾਰੇ ਨਾ ਸੋਚ। ਪਰ ਉਹਨੇ ਇੱਕ ਨਾ ਸੁਣੀ।”” ਸਰਜੀਤ ਕੌਰ ਤੋਂ ਆਪਣਾ ਪੋਤਾ ਬਹੁਤੀ ਦੇਰ ਹੋਰ ਆਪਣੇ ਹੱਥਾਂ ਵਿੱਚ ਫੜਿਆ ਨਾ ਗਿਆ। ਸੂਜ਼ਨ ਨੂੰ ਫੜਾਉਂਦਿਆਂ ਉਸਨੇ ਇੱਕ ਵਾਰ ਫੇਰ ਗੌਹ ਨਾਲ ਵੇਖਿਆ ਤੇ ਆਪਣੇ ਕਾਲਜੇ ਦਾ ਰੁੱਗ ਭਰ ਕੇ ਥਾਂਏਂ ਬੈਠ ਗਈ। ਮੱਖਣ ਸਿਹੁੰ ਨੇ ਸਹਾਰਾ ਦੇਣਾ ਚਾਹਿਆ ਤਾਂ ਉਸਦੀਆਂ ਧਾਹਾਂ ਹੋਰ ਉੱਚੀਆਂ ਹੋ ਗਈਆਂ।

“ਹੁਣ ਤਾਂ ਤੂੰ ਮੇਰਾ ਆਸਰਾ ਹੈਂ। ਉਹ ਤਾਂ ਸਾਰੇ ਰਿਸ਼ਤੇ ਤੋੜ ਗਿਆ ਦੀਪੇ ਦੇ ਡੈਡੀ।”

“ਤੁਸੀਂ ਜਦ ਵੀ ਚਾਹੋ, ਮੈਨੂੰ ਟੈਲੀਫੂਨ ਕਰਕੇ ਇਸਨੂੰ ਵੇਖਣ ਆ ਸਕਦੇ ਹੋ ...?” ਉਦਾਸ ਸੂਜ਼ਨ ਨੇ ਆਪਣੇ ਪੁੱਤ ਨੂੰ ਸਰਦੀਪ ਦੀ ਮੰਮ ਕੋਲੋਂ ਫੜਦਿਆਂ ਭਰੇ ਗਲੇ ਨਾਲ ਕਿਹਾ।

“ਸਾਡੇ ਪੁੱਤ ਦੀ ਔਲਾਦ ਨੂੰ ਵੇਖਣ ਲਈ ਸਾਨੂੰ ਹੁਣ ਟੈਲੀਫੂਨ ਕਰਨਾ ਪਊ ...?”” ਸਰਜੀਤ ਕੌਰ ਦੀ ਈਗੋ ਡੰਗੀ ਗਈ ਸੀ।

“ਕੀ ਕਿਹਾ ...?” ਸੂਜ਼ਨ ਪੰਜਾਬੀ ਤਾਂ ਸਮਝਦੀ ਨਹੀਂ ਸੀ, ਉਹ ਮੱਖਣ ਸਿਹੁੰ ਨੂੰ ਸੰਬੋਧਤ ਸੀ। ਉਸਨੂੰ ਸਰਦੀਪ ਦੀ ਮੰਮ ਦੇ ਵਰਤਾਰੇ ਦੀ ਪਹਿਲੋਂ ਹੀ ਸਿਆਣ ਹੋ ਚੁੱਕੀ ਸੀ ਜਦੋਂ ਉਹ ਸਰਦੀਪ ਨਾਲ ਪਹਿਲੀ ਵਾਰ ਮਿਲਣ ਆਈ ਸੀ। ਉਹ ਜਾਣਦੀ ਸੀ ਕਿ ਸਰਦੀਪ ਦੀ ਮੰਮ ਉਸਨੂੰ ਕਦੀ ਵੀ ਸਵੀਕਾਰੇਗੀ ਨਹੀਂ। ਉਹ ਹੌਲੀ ਹੌਲੀ ਕਦਮ ਪੁੱਟਦੀ ਸਰਦੀਪ ਦੇ ਆਪਣਿਆਂ ਤੋਂ ਪਰ੍ਹਾਂ ਖਿਸਕਦੀ ਖਿਸਕਦੀ ਆਪਣੇ ਮੰਮ ਡੈਡ ਕੋਲ ਚਲੀ ਗਈ।

“ਕੀ ਕਰੇਂਗੀ ਇਸਨੂੰ? ਕਿਵੇਂ ਪਾਲੇਂਗੀ? ਕਿਵੇਂ ਸੰਭਾਲੇਂਗੀ?ਤੂੰ ਅਜੇ ਸਾਰੀ ਜ਼ਿੰਦਗੀ ਬਿਤਾਉਣੀ ਹੈ। ਤੇਰਾ ਨਵਾਂ ਸਾਥੀ ਕਿਵੇਂ ਸਵੀਕਾਰੇਗਾ ਇਸਨੂੰ? ਜਾ ... ਜਿਨ੍ਹਾਂ ਦੀ ਅਮਾਨਤ ਹੈ, ਉਨ੍ਹਾਂ ਨੂੰ ਮੋੜ ਆ”।” ਸੂਜ਼ਨ ਦੀ ਮੰਮ ਉਸਦੇ ਭਵਿੱਖ ਤੋਂ ਚਿੰਤਾ ਵਿੱਚ ਸੀ।

ਸੂਜ਼ਨ ਨੇ ਆਪਣੀ ਮੰਮ ਦੀ ਚਿਤਾਵਣੀ ਸੁਣੀ ਤੇ ਹੌਲੀ ਹੌਲੀ ਸਰਦੀਪ ਦੇ ਮੰਮ ਵੱਲ ਨੂੰ ਹੋ ਤੁਰੀ। ਇਹ ਕੁਝ ਕਦਮਾਂ ਦਾ ਵਕਫਾ ਉਸਨੂੰ ਕੋਹਾਂ ਲੰਮਾ ਹੋ ਗਿਆ ਮਹਿਸੂਸ ਹੋਇਆ ਤੇ ਸ਼ਾਇਦ ਇਹ ਵਕਫਾ ਉਮਰਾਂ ਜੇਡਾ ਲੰਮਾ ਵੀ ਹੋ ਜਾਵੇ। ਇਹ ਸੋਚਦਿਆਂ ਉਸ ਦੀ ਕਸੀਸ ਜਿਹੀ ਵੱਟੀ ਗਈ ਤੇ ਇੱਕ ਵਾਰ ਪਿਛਾਂਹ ਮੁੜ ਕੇ ਵੇਖਦਿਆਂ ਉਸ ਨੇ ਸਰਦੀਪ ਦੀ ਅਮਾਨਤ ਨੂੰ ਆਪਣੀ ਛਾਤੀ ਨਾਲ ਘੁੱਟ ਲਿਆ। ਚੁੰਮਿਆ। ਭੱਜਦੀ ਹੋਈ ਮੱਖਣ ਸਿਹੁੰ ਦੇ ਕੋਲੇ ਜਾ ਕੇ ਨਿੱਕੇ ਜਹੇ ਬਲੂੰਗੜੇ ਨੂੰ ਉਸਨੂੰ ਥਮ੍ਹਾਉਂਦੀ ਹੋਈ ਬਿਨਾਂ ਮੁੜ ਕੇ ਵੇਖਿਆਂ ਆਪਣੇ ਮੰਮ ਡੈਡ ਨਾਲ ਜਾ ਰਲੀ।

“ਮੈਂ ਟੈਲੀਫੂਨ ਕਰਾਂਗੀ ...।” ਸੂਜ਼ਨ ”ਜਾਂਦੀ ਜਾਂਦੀ ਛਲਕਦੀਆਂ ਅੱਖਾਂ ਤੇ ਭਰੇ ਗਲੇ ਨਾਲ ਕਹਿ ਕੇ ਉਨ੍ਹਾਂ ਦੀਆਂ ਨਜ਼ਰਾਂ ਤੋਂ ਦੂਰ ਹੋ ਗਈ।

*****

(86)

ਆਪਣੇ ਵਿਚਾਰ ਦੱਸੋ: (This email address is being protected from spambots. You need JavaScript enabled to view it.)

About the Author

ਸੰਤੋਖ ਧਾਲੀਵਾਲ

ਸੰਤੋਖ ਧਾਲੀਵਾਲ

Nottingham, Englad.
Email: (santokhdhaliwal@hotmail.com)