JarnailSKahanikaar7“ਖਬਰ: ਜਰਨੈਲ ਸਿੰਘ ਕਹਾਣੀਕਾਰ ਸ਼ਾਨਾਮੱਤੇ ‘ਢਾਹਾਂ ਸਾਹਿਤਕ ਇਨਾਮ’ ਨਾਲ਼ ਸਨਮਾਨਿਤ”
(9 ਅਕਤੂਬਰ 2016)

 ਖਬਰ

ਪੰਜਾਬੀ ਕਹਾਣੀ ਨੂੰ ਵਿਸ਼ਵੀ ਸਰੋਕਾਰਾਂ ਨਾਲ਼ ਜੋੜਨ ਵਾਲੇ ਸਮਰੱਥ ਅਤੇ ਚਰਚਿਤ ਕਹਾਣੀਕਾਰ ਜਰਨੈਲ ਸਿੰਘ ਦੀ ਕਹਾਣੀ-ਪੁਸਤਕ ‘ਕਾਲ਼ੇ ਵਰਕੇ’, ਵੈਨਕੂਵਰ ਸਥਿਤ ‘ਕੈਨੇਡਾ ਇੰਡੀਆ ਐਜੂਕੇਸ਼ਨ ਸਾਸਾਇਟੀ’ ਵੱਲੋਂ ਸਾਲ 2015 ਦੀ ਕੌਮਾਂਤਰੀ ਪੱਧਰ ਦੀ ਸਰਬ ਸ੍ਰੇਸ਼ਟ ਗਲਪ ਰਚਨਾ ਐਲਾਨੀ ਗਈ ਹੈ। ਇਸ ਨਵੇਕਲੀ ਪੁਸਤਕ ਲਈ ਜਰਨੈਲ ਸਿੰਘ ਨੂੰ ਅਕਤੂਬਰ ਵਿਚ ਹੋਣ ਵਾਲੇ ਸਮਾਗਮ ਵਿਚ, 25 ਹਜ਼ਾਰ ਕਨੇਡੀਅਨ ਡਾਲਰ ਦੀ ਰਾਸ਼ੀ ਨਾਲ਼ ਸਨਮਾਨਿਆ ਜਾਵੇਗਾ।

SimranDhaliwal2ZahidHassan2ਨੌਜਵਾਨ ਕਥਾਕਾਰ ਸਿਮਰਨ ਧਾਲੀਵਾਲ ਨੂੰ ਉਸਦੇ ਕਹਾਣੀ-ਸੰਗ੍ਰਹਿ ‘ਉਸ ਪਲ’ ਲਈ ਅਤੇ ਪਾਕਿਸਤਾਨ ਦੇ ਕਹਾਣੀਕਾਰ ਜਾਹਿਦ ਹਸਨ ਨੂੰ ਉਸ ਦੇ ਨਾਵਲ ‘ਤੱਸੀ ਧਰਤੀ’ ਲਈ 5-5 ਹਜ਼ਾਰ ਕਨੇਡੀਅਨ ਡਾਲਰ ਦੇ ਇਨਾਮ ਦਿੱਤੇ ਜਾਣਗੇ।

‘ਕਾਲੇ ਵਰਕੇ’ ਜਰਨੈਲ ਸਿੰਘ ਦਾ ਛੇਵਾਂ ਕਥਾ-ਸੰਗ੍ਰਹਿ ਹੈ। ਇਸ ਵਿਚ ਉਸਨੇ ਗੋਰੇ ਬਸਤੀਵਾਦੀਆਂ ਵੱਲੋਂ ਕੈਨੇਡਾ ਦੇ ਨੇਟਿਵ ਲੋਕਾਂ ਨਾਲ਼ ਹੋਏ ਅਣਮਨੁੱਖੀ ਵਿਉਹਾਰ, ਅਮਰੀਕਾ ਦੀਆਂ ਅਫਗਾਨਿਸਤਾਨ ਅਤੇ ਇਰਾਕ ਦੀਆਂ ਜੰਗਾਂ ਦੀ ਅਣਉੱਚਿਤਤਾ, ਫੈਸ਼ਨ ਤੇ ਮਾਡਲਿੰਗ ਇੰਡਸਟਰੀ ਵੱਲੋਂ ਫੈਲਾਈ ਜਾ ਰਹੀ ਨਗਨਤਾ ਅਤੇ ਕਾਮ-ਭੜਕਾਹਟ ਅਤੇ ਪੂੰਜੀਵਾਦੀ ਵਰਤਾਰੇ ਦੇ ਪਦਾਰਥਵਾਦ, ਖਪਤਵਾਦ ਤੇ ਵਿਅਕਤੀਵਾਦ ਵਰਗੇ ਵਿਸ਼ਵ ਵਿਆਪੀ ਮਸਲਿਆਂ ਨੂੰ ਕਲਾ ਵਿਚ ਗੁੰਨ੍ਹ ਕੇ ਪੇਸ਼ ਕੀਤਾ ਹੈ। ਜਰਨੈਲ ਸਿੰਘ ਨੇ ਆਪਣੀਆਂ ਪਹਿਲੀਆਂ ਕਥਾ-ਪੁਸਤਕਾਂ ਵਿਚ ਕੈਨੇਡਾ ਵਸਦੇ ਪੰਜਾਬੀਆਂ ਦੇ ਸੰਘਰਸ਼, ਸਭਿਆਚਾਰਕ ਟਕਰਾਓ, ਪੀੜ੍ਹੀ ਪਾੜਾ, ਰਿਸ਼ਤਿਆਂ ਦੀ ਟੁੱਟ-ਭੱਜ, ਟੀਨਏਜਰਾਂ ਅਤੇ ਬਜ਼ੁਰਗਾਂ ਦੀਆਂ ਸਮੱਸਿਆਵਾਂ ਨੂੰ ਗਲਪੀ ਬਿੰਬ ਵਿਚ ਢਾਲਿਆ ਹੈ।

** 

ਕਹਾਣੀ:  ਕਾਲੇ ਵਰਕੇ --- ਜਰਨੈਲ ਸਿੰਘ

ਅੱਜ ਮਾਈਕਲ ਦੇ ਕੇਸ ਦੀ ਸੁਣਵਾਈ ਹੈ, ਕੇਸ ਜੋ ਉਸਨੇ ਕਨੇਡਾ ਸਰਕਾਰ ’ਤੇ ਕੀਤਾ ਹੋਇਆ ਏ; ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਵਿਚ ਉਸ ਨਾਲ਼ ਹੋਈਆਂ ਬੇਇਨਸਾਫੀਆਂ, ਬਦਸਲੂਕੀਆਂ ਤੇ ਹੇਠੀਆਂ ਬਾਬਤ।

ਸੁਣਵਾਈ ਦਾ ਸਥਾਨ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਪ੍ਰਿੰਸ ਜਾਰਜ ਦੇ ਹੋਟਲ ਦਾ ਇਕ ਕਮਰਾ ਹੈ। ਮੈਂ ਮਾਈਕਲ ਨੂੰ ਸੁਣਵਾਈ-ਕਮਰੇ ਵਿਚ ਬਿਠਾ ਕੇ ਵੇਟਿੰਗ-ਰੂਮ ਵਿਚ ਆ ਬੈਠਾ ਹਾਂ। ਅਦਾਲਤ-ਨੁਮਾ ਕਮਰੇ ਅੰਦਰ ਕਨੇਡਾ ਸਰਕਾਰ ਵਲੋਂ ਨਿਯੁਕਤ ਐਡਜੁਡੀਕੇਟਰ, ਜੱਜ ਦੀ ਕੁਰਸੀ ’ਤੇ ਬਿਰਾਜਮਾਨ ਹੈ। ਉਸਦੇ ਨਾਲ਼ ਵਾਲ਼ੀ ਕੁਰਸੀ ’ਤੇ ਸਰਕਾਰੀ ਵਕੀਲ ਬੈਠਾ ਹੈ। ਉਨ੍ਹਾਂ ਦੇ ਸਾਹਮਣੇ ਮਾਈਕਲ ਤੇ ਉਸਦਾ ਵਕੀਲ ਬੈਠੇ ਹਨ। ਸੁਣਵਾਈ ਦੌਰਾਨ ਮਾਈਕਲ ਆਪਣੀ ਦਰਦਨਾਕ ਗਾਥਾ ਬਿਆਨ ਕਰੇਗਾ ਅਤੇ ਐਡਜੁਡੀਕੇਟਰ ਤੇ ਸਰਕਾਰੀ ਵਕੀਲ ਦੇ ਸਵਾਲਾਂ ਦੇ ਜਵਾਬ ਦੇਵੇਗਾ।

ਮੈਂ ਮਾਈਕਲ ਦਾ ਕਾਊਂਸਲਰ ਹਾਂ। ਨਾਲ਼ ਇਸ ਕਰਕੇ ਆਇਆਂ ਕਿ ਸੁਣਵਾਈ ਦੌਰਾਨ ਜੇ ਉਹ ਘਬਰਾ ਜਾਵੇ ਜਾਂ ਕ੍ਰੋਧ ਵਿਚ ਆ ਜਾਏ ਤਾਂ ਉਸਨੂੰ ਸਹਿਜ ਰਹਿਣ ਲਈ ਪ੍ਰੇਰਨਾ ਹੈ। ਮਾਈਕਲ ਨਾਲ਼ ਹੋਈਆਂ-ਬੀਤੀਆਂ ਮੈਂ ਸਭ ਜਾਣਦਾ ਹਾਂ। ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲਾਂ ਬਾਰੇ ਵੀ ਮੈਨੂੰ ਪਤਾ ਹੈ ਕਨੇਡਾ ਦੇ ਮੁਢਲੇ ਵਸਨੀਕਾਂ ਦੀ ਪੜ੍ਹਾਈ ਵਾਸਤੇ, ਸਰਕਾਰੀ ਸਕੀਮ ਅਨੁਸਾਰ ਕਨੇਡਾ ਭਰ ਵਿਚ ਇਸ ਕਿਸਮ ਦੇ 130 ਦੇ ਕਰੀਬ ਸਕੂਲ ਖੋਲ੍ਹੇ ਗਏ ਸਨ। ਫੰਡ ਕਨੇਡਾ ਸਰਕਾਰ ਮੁਹੱਈਆ ਕਰਦੀ ਸੀ ਅਤੇ ਸਕੂਲਾਂ ਦੇ ਪ੍ਰਬੰਧ ਅਤੇ ਪੜ੍ਹਾਈ ਦੇ ਕੰਮ-ਕਾਜ ਰੋਮਨ ਕੈਥੋਲਿਕ ਚਰਚ ਅਤੇ ਐਂਗਲੀਕਨ ਚਰਚ ਦੀਆਂ ਸੰਸਥਾਵਾਂ ਨਿਭਾਉਂਦੀਆਂ ਸਨ। ਉਨ੍ਹਾਂ ਸਕੂਲਾਂ ਵਿਚ ਵਿਦਿਆਰਥੀਆਂ ਨਾਲ਼ ਗੈਰ-ਮਨੁੱਖੀ ਵਿਉਹਾਰ ਸ਼ੁਰੂ ਹੋ ਗਿਆ ਜੋ ਕਿ ਲੰਮਾ ਸਮਾਂ ਚਲਦਾ ਰਿਹਾ। ਉਸ ਵਿਉਹਾਰ ਦੀਆਂ ਦੱਬੀਆਂ-ਘੁੱਟੀਆਂ ਸ਼ਿਕਾਇਤਾਂ ਤੇ ਖਬਰਾਂ ਆਖਰਕਾਰ ਲਾਵੇ ਵਾਂਗ ਫੁੱਟ ਪਈਆਂ।

ਇੰਕੁਆਰੀਆਂ-ਪੜਤਾਲਾਂ ਹੋਈਆਂ ... ਕਨੇਡਾ ਸਰਕਾਰ ਨੇ ਸਾਰੇ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਬੰਦ ਕਰ ਦਿੱਤੇ। ਸਾਬਕਾ ਵਿਦਿਆਰਥੀਆਂ ਦੇ ਜ਼ਖਮਾਂ ’ਤੇ ਮਲ੍ਹਮ ਲਾਉਣ ਦੀ ਨੀਤੀ ਤਹਿਤ ਮੁਆਵਜ਼ਾ ਦੇਣ ਦੀ ਸਕੀਮ ਬਣਾਈ ਗਈ। ਮੁਆਵਜ਼ਾ ਹਰ ਵਿਦਿਆਰਥੀ ਨੂੰ ਮਿਲਣਾ ਸੀ, ਉਸਦੇ ਸਕੂਲ ਵਿਚ ਬਿਤਾਏ ਸਾਲਾਂ ਦੇ ਹਿਸਾਬ ਨਾਲ਼। ਜਿਹੜੇ ਵਿਦਿਆਰਥੀ ਗੰਭੀਰ ਦੁਰਾਚਾਰ ਦਾ ਸ਼ਿਕਾਰ ਹੋਏ ਸਨ, ਉਹ ਕਨੇਡਾ ਸਰਕਾਰ ’ਤੇ ਕੇਸ ਕਰਕੇ ਵੱਧ ਮੁਆਵਜ਼ਾ ਮੰਗ ਸਕਦੇ ਸਨ।

 ਮਾਈਕਲ ਵਰਗੇ ਕੁਝ ਲੋਕਾਂ ਨੇ ਮੁਆਵਜ਼ਾ ਕਲੇਮ ਨਾ ਕੀਤਾ। ਸੰਬੰਧਿਤ ਵਿਭਾਗ ਵੱਲੋਂ ਅਜਿਹੇ ਲੋਕਾਂ ਨਾਲ਼ ਸੰਪਰਕ ਕੀਤਾ ਗਿਆ। ਮਾਈਕਲ ਨੂੰ ਵੀ ਫੋਨ ਆਇਆ। ਵਿਭਾਗ ਦੇ ਕਰਮਚਾਰੀ ਨੇ ਜਦੋਂ ਉਸਨੂੰ ਕਲੇਮ ਭੇਜਣ ਲਈ ਜ਼ੋਰ ਪਾਇਆ ਤਾਂ ਮਾਈਕਲ ਰੋਹ ’ਚ ਆ ਗਿਆ। ਚੰਗਿਆੜੇ ਛੱਡਦੀ ਆਵਾਜ਼ ਵਿਚ ਬੋਲਿਆ,ਸਾਡੇ ਜ਼ਖਮ ਬਹੁਤ ਡੂੰਘੇ ਹਨ। ਮੁਆਵਜ਼ੇ ਨਾਲ਼ ਨਹੀਂ ਭਰੇ ਜਾਣੇ। ਇਹ ਤਾਂ ਨੇਟਿਵਾਂ ਦੀਆਂ ਰੂਹਾਂ ’ਤੇ ਸਦੀਆਂ ਤੱਕ ਰਿਸਦੇ ...।” ਅੱਗ-ਭਬੂਕਾ ਹੋਇਆ ਮਾਈਕਲ ਕਈ ਕੁਝ ਬੋਲ ਗਿਆ।

ਕਰਮਚਾਰੀ ਨੇ ਉਸਦੀ ਫਾਈਲ ’ਚ ਲਿਖ ਦਿੱਤਾ ਕਿ ਇਹ ਬੰਦਾ ਬਹੁਤ ਜ਼ਿਆਦਾ ਅਪਸੈੱਟ ਹੈ, ਇਸਦੀ ਕਾਊਂਸਲਿੰਗ ਕਰਵਾਈ ਜਾਏ। ਉਸ ਵਿਭਾਗ ਨੇ ਸਾਡੀ ਕਾਊਂਸਲਿੰਗ-ਏਜੰਸੀ ਨੂੰ ਲਿਖਿਆ। ਕੇਸ ਮੇਰੀ ਕੋਲੀਗ ਐਮਿਲੀ ਨੂੰ ਦਿੱਤਾ ਗਿਆਪਰ ਮਾਈਕਲ ਵੱਲੋਂ ਸਹਿਯੋਗ ਨਾ ਮਿਲਿਆ। ਐਮਿਲੀ ਨੇ ਕਾਊਂਸਲਿੰਗ ਬੰਦ ਕਰ ਦਿੱਤੀ। ਉਸਦੇ ਦੋ ਕੁ ਸੈਸ਼ਨਾਂ ਦਾ ਸਾਰ-ਅੰਸ਼ ਇਹ ਸੀ, ‘ਮਾਈਕਲ ਅੰਦਰ ਮਾਨਸਿਕ ਤੇ ਭਾਵਨਾਤਮਕ ਗੁੰਝਲਾਂ ਹਨ ਪਰ ਉਹ ਦੱਸਦਾ ਨਹੀਂ। ਜਦੋਂ ਮੈਂ ਪੁੱਛਦੀ ਹਾਂ ਜਾਂ ਤਾਂ ਪੱਥਰ ਜਿਹਾ ਬਣ ਜਾਂਦਾ ਹੈ ਤੇ ਜਾਂ ਫਿਰ ਭੜਕ ਉੱਠਦਾ ਹੈ।’

ਚੁਣੌਤੀ ਵਾਲ਼ਾ ਇਹ ਕੇਸ ਮੈਨੇਜਰ ਨੂੰ ਕਹਿ ਕੇ ਮੈਂ ਲੈ ਲਿਆ। ਮਾਈਕਲ ਨਾਲ਼ ਪਹਿਲੀ ਮੁਲਾਕਾਤ ਮੈਂ ਉਨ੍ਹਾਂ ਦੇ ਬੈਂਡ ਦੇ ਦਫਤਰ ਵਿਚ ਕੀਤੀ। ਬਵੰਜਾ ਸਾਲਾ ਮਾਈਕਲ ਦੇ ਹੱਥ ਮਿਲਾਉਣ ਤੇ ‘ਹਾਇ’ ਆਖਣ ਵਿਚ ਕੋਈ ਗਰਮਜੋਸ਼ੀ ਨਹੀਂ ਸੀ। ਚਿਹਰੇ ਦੀ ਬੇਰੌਣਕੀ ਉਸਨੂੰ ਸੱਠਾਂ ਤੋਂ ਉੱਪਰ ਦਾ ਦਿਖਾ ਰਹੀ ਸੀ। ਕੁਰਸੀਆਂ ’ਤੇ ਆਹਮੋ-ਸਾਹਮਣੇ ਬੈਠ ਮੈਂ ਸਹਿਜ ਰਉਂ ’ਚ ਗੱਲ ਸ਼ਰੂ ਕੀਤੀ, “ਮੇਰਾ ਨਾਂ ਗੁਰਬਾਜ਼ ਸਿੰਘ ਸਹੋਤਾ ਹੈ। ਤੂੰ ਬਾਜ਼ ਕਹਿ ਸਕਦਾਂ। ਮੇਰੀ ਡਿਊਟੀ ਤੇਰੀ ਕਾਊਂਸਲਿੰਗ ਕਰਨ ਵਾਸਤੇ ਲੱਗੀ ਹੈ। ਤੂੰ ਮੈਨੂੰ ਆਪਣਾ ਦੋਸਤ ਸਮਝ। ਮੈਂ ਤੇਰੀ ਹਰ ਗੱਲ ਸੁਣਾਂਗਾ, ਤੇਰੇ ਕ੍ਰੋਧ ਭਰੇ ਬੋਲ ਵੀ। ਆਪਣੀ ਕੋਈ ਵੀ ਗੱਲ ਤੇਰੇ ’ਤੇ ਨਹੀਂ ਠੋਸਾਂਗਾ। ਸਿਰਫ ਸੁਝਾਓ ਦਿਆਂਗਾ ... ਸਿਆਣੇ ਆਖਦੇ ਹਨ ਕਿ ਸਾਡੇ ਨਾਲ਼ ਹੋਏ ਅਨਿਆਂ ਜੇ ਅਸੀਂ ਅੰਦਰ ਹੀ ਦੱਬੀ ਰੱਖਾਂਗੇ ਤਾਂ ਉਹ ਦੀਰਘ ਰੋਗ ਬਣ ਸਕਦੇ ਹਨ। ਆਪਣੇ ਦੁੱਖ-ਦਰਦ ਜਦੋਂ ਤੂੰ ਦੂਜਿਆਂ ਕੋਲ਼ ਫੋਲੇਂਗਾ ਤਾਂ ਉਹ ਵੰਡੇ ਜਾਣਗੇ, ਤੇਰਾ ਮਨ ਹਲਕਾ ਹੋ ਜਾਏਗਾ। ਦੂਜਿਆਂ ਦੀ ਹਮਦਰਦੀ ਨਾਲ਼ ਦਿਲ਼ ਨੂੰ ਢਾਰਸ ਮਿਲੇਗਾ ... ਬੀਤੇ ਨੂੰ ਭੁਲਾ ਕੇ ਤੈਨੂੰ ਵਰਤਮਾਨ ਤੇ ਭਵਿੱਖ ਬਾਰੇ ਸੋਚਣਾ ਚਾਹੀਦੈ।”

ਮਾਈਕਲ ਦੇ ਚਿਹਰੇ ’ਤੇ ਉਕਤਾਹਟ ਮਹਿਸੂਸ ਕਰਦਿਆਂ ਮੈਂ ਆਪਣੀ ਗੱਲ ਬੰਦ ਕਰ ਦਿੱਤੀ। ਉਸਦੇ ਕੰਮ-ਕਾਜ ਬਾਰੇ ਪੁੱਛਿਆ। ਉਸਨੇ ਦੱਸਿਆ ਕਿ ਉਹ ‘ਕਾਰਪੈਂਟਰ’ ਸੀ। ਕੁਰਸੀਆਂ, ਮੇਜ਼ ਤੇ ਬੈੱਡ ਵਗੈਰਾ ਬਣਾਉਣ ਦਾ ਉਹ ਵਧੀਆ ਕਾਰੀਗਰ ਸੀ। ਪਰ ਨਿੱਠ ਕੇ ਕੰਮ ਕਰਨਾ ਉਸਦੇ ਵੱਸ ਦੀ ਗੱਲ ਨਹੀਂ ਸੀ।

ਫਿਰ ਮੈਂ ਉਸਦੇ ਬੈਂਡ ਬਾਰੇ ਪੁੱਛਣ ਲੱਗ ਪਿਆ। ਗੱਲਾਂ ਕਰਦਿਆਂ ਮੇਰਾ, ਉਹਦਾ ਬੈਂਡ ਦੇਖਣ ਦਾ ਮੂਡ ਬਣ ਗਿਆ। ਮੇਰੇ ਕਹਿਣ ’ਤੇ ਉਹ ਮੈਨੂੰ ਲੈ ਟੁਰਿਆ। ਅੱਸੀ ਕੁ ਖਿੱਲਰਵੇਂ ਘਰਾਂ ਵਾਲ਼ਾ ਮਾਈਕਲ ਹੁਰਾਂ ਦਾ ਬੈਂਡ ਜਿਸਨੂੰ ਪਿੰਡ ਕਿਹਾ ਜਾ ਸਕਦਾ ਹੈ - ਬਰੂਨੋ ਦਰਿਆ ਦੇ ਕਿਨਾਰੇ ਸਥਿਤ ਹੈ। ਬੈਂਡ ਦੇ ਮੈਦਾਨੀ ਤੇ ਛੋਟੀਆਂ-ਛੋਟੀਆਂ ਪਹਾੜੀਆਂ ਵਾਲੇ਼ ਸੈਂਕੜੇ ਘੁਮਾਵਾਂ ਦੇ ਰਿਜ਼ਰਵ ਯਾਅਨੀ ਰਕਬੇ ਵਿਚ ਉੱਚੇ-ਲੰਮੇ ਚੀਲ੍ਹ, ਵ੍ਹਾਈਟ ਸਪਰੂਸ ਤੇ ਕੰਬਦੇ ਪੱਤਿਆਂ ਵਾਲੇ ਐਪਸਨ ਦੇ ਦਰਖਤਾਂ, ਦਰਿਆ ਬਰੂਨੋ ਤੇ ਸਾਫ-ਸੁਥਰੇ ਪਾਣੀ ਦੀ ਝੀਲ ਦੇ ਆਲ਼ੇ-ਦੁਆਲ਼ੇ ਘੁੰਮਦਿਆਂ ਕੁਦਰਤ ਦੇ ਕਈ ਖੁਬਸੂਰਤ ਨਜ਼ਾਰੇ ਮੇਰੇ ਨਜ਼ਰੀਂ ਪਏਇਸ ਰਿਜ਼ਰਵ ਤੋਂ ਅਗਾਂਹ ਛੋਟੀਆਂ-ਵੱਡੀਆਂ ਕਈ ਝੀਲਾਂ, ਦਰਿਆਵਾਂ ਅਤੇ ਭਾਂਤ-ਸੁਭਾਂਤੇ ਦਰਖਤਾਂ ਦੇ ਜੰਗਲਾਂ ਵਾਲ਼ੀ ਸੈਂਕੜੇ ਮੀਲਾਂ ਤੱਕ ਪਸਰੀ ਧਰਤੀ ’ਤੇ ਨੇਟਿਵਾਂ ਦੇ ਹੋਰ ਬੈਂਡ ਵਸਦੇ ਹਨ। ਮਾਈਕਲ ਦੇ ਦੱਸਣ ਅਨੁਸਾਰ ਇਹ ਧਰਤੀ ਕਿਸੇ ਜ਼ਮਾਨੇ ’ਚ ਪ੍ਰਦੁਸ਼ਣ-ਰਹਿਤ ਹੁੰਦੀ ਸੀ ਪਰ ਹੁਣ ਲੱਕੜ-ਮਿੱਲਾਂ ਤੇ ਖਾਨਾਂ ਨੇ ਉਹ ਗੱਲ ਨਹੀਂ ਸੀ ਰਹਿਣ ਦਿੱਤੀ।

ਅਗਲੇ ਸੈਸ਼ਨਾਂ ਵਿਚ ਮਾਈਕਲ ਨੇ ਦੱਸਿਆ ਕਿ ਜਦੋਂ ਉਹ ਛੇ ਸਾਲ ਦਾ ਹੋਇਆ ਤਾਂ ਉਹਦਾ ਡੈਡ ਮੋਰਿਸ ਲੁਈ ਉਸਨੂੰ ਰੈਜਜ਼ਿਡੈਂਸ਼ਿਅਲ ਸਕੂਲ ਭੇਜਣ ਲਈ ਪ੍ਰੇਰਨ ਲੱਗ ਪਿਆ। ਪਰ ਮਾਈਕਲ ਦੀ ਘਰ ਦਿਆਂ ਤੋਂ ਦੂਰ ਹੋਣ ਨੂੰ ਰੂਹ ਨਹੀਂ ਸੀ ਮੰਨਦੀ। ਉਹ ਅਜਿਹੇ ਸਕੂਲ ’ਚ ਪੜ੍ਹਨਾ ਚਾਹੁੰਦਾ ਸੀ ਜਿੱਥੋਂ ਹਰ ਰੋਜ਼ ਘਰ ਆ ਸਕੇ। ਜਦੋਂ ਡੈਡ ਗੱਲ ਛੇੜਦਾ ਤਾਂ ਉਹ ਦਾਦੀ ਦੇ ਗਲ਼ ਲੱਗ ਕੇ ਰੋਣ ਲੱਗ ਜਾਂਦਾ। ਪੋਤਰੇ ਨੂੰ ਆਪਣੇ ਨਾਲ਼ ਘੁੱਟਦੀ ਹੋਈ ਦਾਦੀ ਆਪਣੇ ਪੁੱਤਰ ਨੂੰ ਆਖਦੀ, “ਵੇ ਮੋਰਿਸ! ਪਹਿਲਾਂ ਤੂੰ ਮੇਰੀ ਲਾਡਲੀ ਪੋਤੀ ਮੈਥੋਂ ਦੂਰ ਕੀਤੀ ਹੁਣ ਇਹਨੂੰ ਵੀ ਭੇਜਣ ਦੀਆਂ ਸਕੀਮਾਂ ਬਣਾਉਣ ਲੱਗ ਪਿਐਂ। ਐਨੀ ਕਾਹਲ਼ ਕਾਹਦੀ ਏ? ਅਜੇ ਇਹ ਮਸਾਂ ਗਿੱਠ ਭਰ ਤਾਂ ਹੈਗੈ।”

ਹੋਰ ਚਾਰ ਸਾਲਾਂ ਤਾਈਂ ਇਹਨੇ ਮੇਰੇ ਮੋਢਿਆਂ ਤੱਕ ਪਹੁੰਚ ਜਾਣੈ, ਮੌਮ ਨੂੰ ਗਿੱਠ ਭਰ ਹੀ ਦੀਹਦੈ।” ਮੋਰਿਸ ਹੱਸਦਾ ਹੋਇਆ ਆਖਦਾ।

ਵੇ! ਹੁੰਦੜਹੇਲ ਹੈ, ਇਹ ਵੀ ਤੇ ਰੋਜ਼ੈਨ ਵੀ। ਹੈ ਵੀ ਦੋਨੋਂ ਸੁਨੱਖੇ। ਆਪਣੀ ਮਾਂ ’ਤੇ ਗਏ ਆ।” ਦਾਦੀ ਆਖਦੀ।

ਪੁੱਤਰ ਦੇ ਹੰਝੂ ਵੇਖਦਿਆਂ, ਮਾਈਕਲ ਦੀ ਮੌਮ ਦਾ ਦਿਲ ਵੀ ਥੋੜ੍ਹਾ ਹੋਣ ਲੱਗ ਪੈਂਦਾ। ਉਹ ਪਤੀ ਨੂੰ ਆਖਦੀ, “ਸਾਡੀ ਮੌਮ ਠੀਕ ਕਹਿੰਦੀ ਏ। ਆਪਾਂ ਅਟਕ ਲੈਂਦੇ ਹਾਂ। ਰੋਜ਼ੈਨ ਨੂੰ ਆਪਾਂ ਸੱਤ ਸਾਲ ਦੀ ਨੂੰ ਭੇਜਿਆ ਸੀ।”

ਕਹਿੰਦੇ ਆ ਪਈ ਹੁਣ ਸਖਤੀ ਹੋ ਗਈ ਹੈ।” ਮੋਰਿਸ ਫਿਕਰ ਜ਼ਾਹਰ ਕਰਦਾ। ਪਰ ਫਿਰ ਆਪ ਹੀ “ਚਲੋ ਦੇਖੀ ਜਾਊ” ਆਖਦਿਆਂ ਗੱਲ ਨੂੰ ਛੱਡ ਦੇਂਦਾ।

ਅਜੇ ਦੋ ਕੁ ਮਹੀਨੇ ਹੀ ਬੀਤੇ ਸਨ ਕਿ ਇਕ ਦਿਨ ਅਚਾਨਕ ਹੀ ਸਰਕਾਰੀ ਏਜੰਟ ਉਨ੍ਹਾਂ ਦੇ ਘਰ ਆ ਧਮਕਿਆ। ਕਾਰ ਵਿੱਚੋਂ ਉੱਤਰਦਾ ਹੀ ਮੋਰਿਸ ’ਤੇ ਰੋਹਬ ਝਾੜਦਾ ਬੋਲਿਆ, “ਕਾਨੂੰਨ ਮੁਤਾਬਿਕ ਤੁਹਾਨੂੰ ਆਪਣਾ ਪੁੱਤਰ ਰੈਜ਼ਿਡੈਂਸ਼ਿਅਲ ਸਕੂਲ ’ਚ ਭੇਜਣਾ ਚਾਹੀਦਾ ਸੀ। ਹੁਣ ਤੱਕ ਭੇਜਿਆ ਕਿਉਂ ਨਹੀਂ?”

ਮਾਈਕਲ ਦੀ ਦਾਦੀ ਨੂੰ ਏਜੰਟ ਜ਼ਹਿਰ ਦਿਖਈ ਦਿੱਤਾ ਸੀ। ਉਸਦੀ ਮੌਮ ਦੇ ਚਿਹਰੇ ’ਤੇ ਗੁੱਸੇ ਅਤੇ ਡਰ ਦੇ ਹਾਵ-ਭਾਵ ਸਨ।

ਜਿਗਰ ਦੇ ਟੋਟੇ ਨੂੰ ਏਨੀ ਛੋਟੀ ਉਮਰੇ ਅੱਖਾਂ ਤੋਂ ਦੂਰ ਕਰਨ ਦਾ ਹੀਆ ਨਹੀਂ ਪਿਆ।” ਮੋਰਿਸ ਨੇ ਕਿਹਾ ਸੀ।

ਮੈਂ ਇਹਨੂੰ ਲੈਣ ਆਇਆਂ।” ਏਜੰਟ ਬੋਲਿਆ।

ਲੈ ਜਾ।”

ਮੈਂ ਨਹੀਂ ਜਾਣਾ ... ਮੈਂ ਨਹੀਂ ਜਾਣਾ।” ਮਾਈਕਲ ਰੋਣ ਡਹਿ ਪਿਆ ਸੀ।

ਉਸਦੇ ਮੌਮ-ਡੈਡ ਨੇ ਪਤਿਆ ਕੇ ਉਸਨੂੰ ਕਾਰ ਵੱਲ ਤੋਰ ਲਿਆ ਸੀ। ਹਿਰਖੇ ਹੋਏ ਮਨ ਨਾਲ਼ ਉਸਨੇ ਮਾਪਿਆਂ ਵੱਲ ਤੱਕਿਆ ਸੀ। ਮੌਮ ਦੀਆਂ ਅੱਖਾਂ ਵਿਚ ਹੰਝੂ ਸਨ। ਡੈਡ ਦੇ ਚਿਹਰੇ ਦੀ ਉਦਾਸੀ ਨੂੰ ਤਾਂ ਉਹ ਸਮਝ ਗਿਆ ਸੀ ਪਰ ਉਦਾਸੀ ਦੇ ਨਾਲ਼ ਉੱਭਰੀ ਚੰਗੇਰੇ ਭਵਿੱਖ ਦੀ ਹਸਰਤ ਨੂੰ ਉਸਦਾ ਬਾਲ-ਮਨ ਸਮਝ ਨਹੀਂ ਸੀ ਸਕਿਆ। ਪੁੱਤ ਨੂੰ ਕਾਰ ਵਿਚ ਬਿਠਾ ਕੇ ਮੌਮ-ਡੈਡ ਨੇ ਬੜੀ ਮੁਸ਼ਕਲ ਨਾਲ਼ ਉਸ ਤੋਂ ਆਪਣੇ ਹੱਥ ਛੁਡਾਏ ਸਨ। ਦਾਦੀ ਦਰਾਂ ਵਿਚ ਖੜ੍ਹੀ ਰੋ ਰਹੀ ਸੀ। “ਗਰੈਨੀ!” ਉਸ ਵੱਲ ਬਾਹਾਂ ਉਲਾਰਦਿਆਂ ਮਾਈਕਲ ਦੀ ਚੀਖ ਨਿਕਲ਼ ਗਈ ਸੀ। ਕਾਰ ਝਟਕਾ ਮਾਰ ਕੇ ਦੌੜ ਪਈ ਸੀ।

ਏਜੰਟ ਨੇ ਦੂਜੇ ਬੈਂਡਾਂ ਦੇ ਪਰਿਵਾਰਾਂ ਵਿੱਚੋਂ ਚਾਰ ਬੱਚੇ ਹੋਰ ਚੁੱਕੇ ਸਨ। ਤਿੰਨ ਕੁ ਘੰਟੇ ਬਾਅਦ ਕਾਰ ਸਕੂਲ ਪਹੁੰਚ ਗਈ ਸੀ। ਲੜਕੇ-ਲੜਕੀਆਂ ਅਲੱਗ-ਅਲੱਗ ਕਰਨ ਬਾਅਦ ਮਾਈਕਲ ਹੁਰਾਂ ਦੀਆਂ ਹਜਾਮਤਾਂ ਸ਼ੁਰੂ ਹੋ ਗਈਆਂ। ਵਾਲ਼ਾ ਨੂੰ ਨੇੜਿਓਂ ਕੱਟ ਕੇ ਸਾਰਿਆਂ ਦੇ ਸਿਰ ਫੌਜੀਆਂ ਵਾਂਗ ਇੱਕੋ ਸ਼ਕਲ ਦੇ ਬਣਾਏ ਜਾ ਰਹੇ ਸਨ। ਮਾਈਕਲ ਨੂੰ ਆਪਣੀ ਭੈਣ ਰੋਜ਼ੈਨ ਤੇ ਉਸਦੀ ਸਹੇਲੀ ਕਲੈਰਾ ਸਵੈਕਮ ਦੀ ਗੱਲ ਚੇਤੇ ਆ ਗਈ ਸੀ। ਉਹ ਦੋਵੇਂ ਆਪਣੇ ਵਾਲ਼ਾਂ ਨੂੰ ਬਹੁਤ ਪਿਆਰ ਕਰਦੀਆਂ ਸਨ। ਉਨ੍ਹਾਂ ਨੇ ਹਜਾਮਤਾਂ ਤੋਂ ਛੋਟ ਮੰਗੀ ਸੀ। ਪਰ ਕੈਂਚੀ ਚਲਾ ਰਹੀ ਟੀਚਰ ਨੇ ਉਨ੍ਹਾਂ ਦੇ ਲੰਮੇ-ਸੁਹਣੇ ਵਾਲ਼ ਕੱਟ ਕੇ ਔਹ ਮਾਰੇ ਸਨ ਤੇ ਜੂੰਆਂ ਨਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੇ ਸਿਰਾਂ ’ਚ ਬਦਬੂਦਾਰ ਪਾਊਡਰ ਪਾ ਦਿੱਤਾ ਸੀ

ਮਾਈਕਲ ਹੁਰਾਂ ਦੇ ਗਰੁੱਪ ਵਿਚ ਵੀ ਜੂੰਆਂ ਤਾਂ ਸ਼ਾਇਦ ਇਕ-ਦੋ ਲੜਕਿਆਂ ਦੇ ਹੀ ਹੋਣਗੀਆਂ ਪਰ ਜੂੰ-ਮਾਰ ਪਾਊਡਰ ਹਰੇਕ ਦੇ ਸਿਰ ਵਿਚ ਪਾਇਆ ਗਿਆ ਨਹਾਉਣ ਬਾਅਦ ਉਨ੍ਹਾਂ ਨੂੰ ਸਕੂਲ ਦੇ ਕੱਪੜੇ ਪਹਿਨਾਏ ਗਏ। ਫਿਰ ਇਕ ਟੀਚਰ ਜਿਸਦਾ ਨਾਂ ਅਲਬਰਟ ਸੀ; ਉਨ੍ਹਾਂ ਦੀ ਭਾਸ਼ਾ ਵਿਚ ਹਦਾਇਤਾਂ ਦੇਣ ਲੱਗ ਪਿਆ, “ਤੁਸੀਂ ਸਕੂਲ ਦੀ ਹੱਦ ਤੋਂ ਬਾਹਰ ਪੈਰ ਨਹੀਂ ਧਰਨਾ। ਤੁਹਾਡੀ ਬੋਲ-ਚਾਲ, ਤੁਹਾਡਾ ਪੜ੍ਹਨ-ਲਿਖਣ ਤੁਹਾਡੀ ਭਾਸ਼ਾ ਵਿਚ ਨਹੀਂ, ਅੰਗ੍ਰੇਜ਼ੀ ਵਿਚ ਹੋਵੇਗਾ। ਆਪਸੀ ਗੱਲਬਾਤ ਵੀ ਤੁਸੀਂ ਅੰਗ੍ਰੇਜ਼ੀ ਵਿਚ ਹੀ ਕਰਨੀ ਹੈ। ਤੁਸੀਂ ਆਪਣੇ ਘਰਾਂ ਤੋਂ ਲਿਆਂਦੇ ਕੱਪੜੇ ਨਹੀਂ ਪਾਉਣੇ। ਸਕੂਲ ਦੀਆਂ ਡਰੈੱਸਾਂ ਹੀ ਪਾਉਣੀਆਂ ਹਨ। ਜੇ ਕੋਈ ਬੱਚਾ ਸਕੂਲ ਦੇ ਨਿਯਮਾਂ ਦੀ ਉਲੰਘਣਾ ਕਰੇਗਾ, ਉਸਨੂੰ ਸਖਤ ਸਜ਼ਾ ਦਿੱਤੀ ਜਾਏਗੀ।”

ਸ਼ਾਮ ਪੈ ਚੁੱਕੀ ਸੀ। ਨਵੀਂ ਕਲਾਸ ਦੇ ਪਹਿਲਾਂ ਲਿਆਂਦੇ ਲੜਕਿਆਂ ਨਾਲ਼ ਲਾਈਨ ਬਣਾ ਕੇ ਮਾਈਕਲ ਹੁਰਾਂ ਨੂੰ ਰਾਤ ਦੇ ਖਾਣੇ ਵਾਸਤੇ ਲਿਜਾਇਆ ਗਿਆ। ਮਾਈਕਲ ਨੇ ਇਕ ਬੁਰਕੀ ਵੀ ਮੂੰਹ ਵਿਚ ਨਹੀਂ ਸੀ ਪਾਈ। ਮੈੱਸ ਵਿੱਚੋਂ ਉਨ੍ਹਾਂ ਨੂੰ ਸੌਣ ਵਾਲ਼ੇ ਹਾਲ ਵਿਚ ਲਿਆਂਦਾ ਗਿਆ। ਹਾਲ ਦੇ ਦੋਨੀਂ ਪਾਸੀਂ ਦੀਵਾਰਾਂ ਦੇ ਨਾਲ਼-ਨਾਲ਼, ਲਾਈਨਾਂ ਵਿਚ ਬੈੱਡ ਲਗਾਏ ਹੋਏ ਸਨ। ਸੌਣ ਦਾ ਆਰਡਰ ਹੋਣ ’ਤੇ ਮਾਈਕਲ ਦੇ ਵੈਰਾਗੇ ਦਿਲ ਵਿੱਚੋਂ ਲ੍ਹੇਲੜੀ ਨਿਕਲ਼ੀ, “ਮੈਂ ਆਪਣੀ ਭੈਣ ਕੋਲ਼ ਸੌਣਾ ਹੈ।” ਬਰਦਰ ਜੈਰੀ ਨਾਂ ਦੇ ਟੀਚਰ ਨੇ ਉਸਨੂੰ ਸਮਝਾਇਆ ਸੀ ਕਿ ਲੜਕੇ-ਲੜਕੀਆਂ ਦੇ ਬਲਾਕ ਅਲੱਗ-ਅਲੱਗ ਸਨ। ਕੋਲ਼ ਸੌਣਾ ਤਾਂ ਇਕ ਪਾਸੇ ਰਿਹਾ,ਭੈਣ-ਭਰਾ, ਬਿਨਾਂ ਕਿਸੇ ਖਾਸ ਕਾਰਨ ਦੇ ਇਕ-ਦੂਜੇ ਨੂੰ ਮਿਲ਼ ਵੀ ਨਹੀਂ ਸਕਦੇ।

ਹਾਲ ਦੀ ਲਾਈਟ ਬੁਝਾ ਦਿੱਤੀ ਗਈ ਸੀ। ਦਿਓ ਰੂਪ ਹਨ੍ਹੇਰਾ ਜਿਵੇਂ ਮਾਈਕਲ ਨੂੰ ਖਾਣ ਆ ਰਿਹਾ ਹੋਵੇ ... ਘਰ ਵਿਚ ਉਹ ਦਾਦੀ ਨਾਲ਼ ਸੌਂਦਾ ਹੁੰਦਾ ਸੀ। ਉਹ ਕਦੀ ਉਸ ਨੂੰ ਬਾਤਾਂ ਸੁਣਾਉਂਦੀ ਤੇ ਕਦੀ ਸਵਰਗਵਾਸੀ ਦਾਦੇ-ਪੜਦਾਦੇ ਦੀਆਂ ਸ਼ਿਕਾਰ ਖੇਡਣ, ‘ਫਰ’ ਇਕੱਠਾ ਕਰਨ ਤੇ ਮੱਛੀਆਂ ਫੜਨ ਦੀਆਂ ਦਿਲਚਸਪ ਗੱਲਾਂ ਸੁਣਾਉਂਦੀ। ਮਾਈਕਲ ਵੀ ਆਪਣੇ ਵੱਡੇ-ਵਡੇਰਿਆਂ ਵਰਗੀ ਬੇਪਰਵਾਹ ਜ਼ਿੰਦਗੀ ਦੇ ਸੁਪਨੇ ਲੈਣ ਲੱਗ ਪਿਆ ਸੀ ...

ਪਰ ਹੁਣ ਘਰਦਿਆਂ ਤੋਂ ਦੂਰ; ਕੈਦੀਆਂ ਵਾਂਗ ਡੱਕਿਆ ਉਹ ਹੇਰਵੇ, ਉਦਾਸੀ ਤੇ ਬੇਬਸੀ ਦੇ ਡੁੰਮ੍ਹ ਵਿਚ ਗੋਤੇ ਖਾ ਰਿਹਾ ਸੀ। ਨਾਲ਼ ਦੇ ਬੈੱਡ ਵਾਲ਼ੇ ਲੜਕੇ ਦੀਆਂ ਸਿਸਕੀਆਂ ਸੁਣ ਕੇ ਉਸਦਾ ਵੀ ਰੋਣ ਨਿਕਲ਼ ਗਿਆ। ਹੋਰ ਵੀ ਕਈ ਬੈੱਡਾਂ ਤੋਂ ਸਿਸਕੀਆਂ ਸੁਣਾਈ ਦੇ ਰਹੀਆਂ ਸਨ। ਬਰਦਰ ਜੈਰੀ ਨੇ ਹਾਲ ਵਿਚ ਆ ਕੇ ਦਬਕਾ ਮਾਰਿਆ ਸੀ, “ਰੋਣਾ ਬੰਦ ਕਰੋ, ਚੁੱਪ-ਚਾਪ ਸੌਂ ਜਾਓ।” ਸਿਸਕੀਅਂ ਬੰਦ ਹੋ ਗਈਆਂ ਸਨ ਪਰ ਹੰਝੂ ਨਹੀਂ ਰੁਕੇ ਸਨ ... ਮਾਈਕਲ ਵਾਂਗ ਹੋਰ ਬੱਚੇ ਵੀ ਰੋਂਦੇ-ਰੋਂਦੇ ਹੀ ਸੌਂ ਗਏ ਸਨ।

ਮਾਈਕਲ ਦਾ ਸੌਣ ਵੇਲੇ ਦਾ ਰੋਣ ਕਈ ਦਿਨ ਚਲਦਾ ਰਿਹਾ। ਉਸਦੇ ਬਾਲ-ਮਨ ਵਿਚ ਕਈ ਤਰ੍ਹਾਂ ਦੇ ਸਵਾਲ ਉੱਭਰ ਪੈਂਦੇ, ‘ਸਕੂਲ ਦੇ ਟੀਚਰ ਮੈਨੂੰ ਪਿਆਰ ਕਿਉਂ ਨਹੀਂ ਕਰਦੇ? ਮੌਮ-ਡੈਡ ਨੇ ਮੈਨੂੰ ਤੇ ਰੋਜ਼ੈਨ ਨੂੰ ਇਸ ਸਕੂਲ ’ਚ ਕਿਉਂ ਭੇਜਿਆ? ਕੀ ਸਾਨੂੰ ਕੋਈ ਸਜ਼ਾ ਦਿੱਤੀ ਗਈ ਏ? ਪਰ ਅਸੀਂ ਤਾਂ ਏਦਾਂ ਦੀ ਕੋਈ ਗਲਤੀ ਹੀ ਨਹੀਂ ਕੀਤੀ...

ਦਸ ਮਹੀਨੇ ਬਾਅਦ ਗਰਮੀਆਂ ਦੀਆਂ ਛੁੱਟੀਆਂ ਹੋਈਆਂ। ਮਾਈਕਲ ਜਿਵੇਂ ਜਿਹਲ ਵਿੱਚੋਂ ਛੁੱਟਿਆ ਹੋਵੇ। ਪਰ ਉਹ ਦੋ ਮਹੀਨੇ ਝੱਟ ਹੀ ਬੀਤ ਗਏ। ਉਹ ਜਿਹੋ ਜਿਹਾ ਸਕੂਲੋਂ ਗਿਆ ਸੀ, ਉੱਖੜਿਆ-ਉੱਖੜਿਆ, ਉਹੋ ਜਿਹਾ ਹੀ ਪਰਤ ਆਇਆ।

ਹਰ ਸਾਲ ਦੀਆਂ ਦੋ ਮਹੀਨੇ ਦੀਆਂ ਛੁੱਟੀਆਂ ਦੌਰਾਨ ਮੌਮ ਚਾਵਾਂ ਨਾਲ਼ ਮਾਈਕਲ ਤੇ ਰੋਜ਼ੈਨ ਦੀਆਂ ਪਸੰਦੀਦਾ ਚੀਜਾਂ ਬਣਾਉਂਦੀ ਅਤੇ ਹੱਥੀਂ ਖੁਆਉਂਦੀ। ਦਾਦੀ ਵੀ ਬੜੇ ਲਾਡ ਕਰਦੀ।

ਮਾਈਕਲ ਦਾ ਡੈਡ ਮੋਰਿਸ ਆਪਣੇ ਭਾਈਬੰਦਾਂ ਨਾਲ਼ ਮਿਲ਼ ਕੇ ਪੈਡਲਾਂ ਵਾਲ਼ੀਆਂ ਕਿਸ਼ਤੀਆਂ ਬਣਾਉਂਦਾ ਸੀ। ਮਾਈਕਲ ਦੀ ਮੌਮ ਤੇ ਦਾਦੀ, ਬੈਂਡ ਦੀਆਂ ਕੁਝ ਹੋਰ ਔਰਤਾਂ ਵਾਂਗ, ਘਰ ਵਿਚ ਹੀ; ਮਣਕਿਆਂ ਨੂੰ ਗੁੰਦ ਕੇ ਵੰਨ-ਸੁਵੰਨੇ ਹਾਰ ਬਣਾਉਂਦੀਆਂ। ਜਦੋਂ ਇਹ ਕੰਮ ਮੰਦਾ ਪੈ ਜਾਂਦਾ ਤਾਂ ਉਹ ਬੈਂਤ ਦੀਆਂ ਟਾਹਣੀਆਂ ਅਤੇ ‘ਬਰਚ’ ਦੇ ਦਰਖਤਾਂ ਦੀਆਂ ਛਿੱਲਾਂ ਦੀਆਂ ਟੋਕਰੀਆਂ ਬਣਾਉਂਦੀਆਂ। ਇਹ ਸਾਰੇ ਕੰਮ-ਕਾਜ ਸਾਲ ਦੇ ਕੁਝ ਮਹੀਨੇ ਹੀ ਚਲਦੇ ਸਨ ਜਿਸ ਕਰਕੇ ਉਨ੍ਹਾਂ ਦਾ ਹੱਥ ਤਰ ਨਹੀਂ ਸੀ ਹੁੰਦਾ। ਸਾਦੇ ਜੀਵਨ ਦੀਆਂ ਲੋੜਾਂ ਹੀ ਮਸਾਂ ਪੂਰੀਆ ਹੁੰਦੀਆਂ ਸਨ।

ਵਿਹਲੇ ਦਿਨੀਂ ਮੋਰਿਸ ਜਾਲ਼ ਨਾਲ਼ ਸਹਿਆਂ ਦਾ ਸ਼ਿਕਾਰ ਕਰਦਾ ਜਾਂ ਮੱਛੀਆਂ ਫੜਦਾ। ਮਾਈਕਲ ਦੀਆਂ ਛੁੱਟੀਆਂ ਵਿਚ ਉਸਨੂੰ ਵੀ ਨਾਲ਼ ਲੈ ਜਾਂਦਾ। ਮਾਈਕਲ ਜੰਗਲ ਵਿਚ ਘੁੰਮਦੇ ਹਿਰਨਾਂ, ਭਾਲੂਆਂ, ਬਾਰਾਂਸਿੰਗਿਆਂ ਆਦਿ ਨੂੰ ਚਾਅ ਅਤੇ ਨੀਝ ਨਾਲ਼ ਵੇਖਦਾ। ਇਕ ਵੇਰਾਂ ਜਦੋਂ ਉਹ ਆਕਾਸ਼ ਦੀਆਂ ਉਚਾਈਆਂ ਸਰ ਕਰ ਰਹੇ ਉਕਾਬ ਨੂੰ ਵੇਖ ਕੇ, ਆਚੰਭਿਤ ਹੋਇਆ ‘ਓ ਵਾਓ,ਓ ਵਾਓ’ ਕਰ ਰਿਹਾ ਸੀ ਤਾਂ ਦਰਿਆ ਵਿੱਚੋਂ ਮੱਛੀਆਂ ਦਾ ਜਾਲ਼ ਧੂਹ ਰਹੇ ਉਸਦੇ ਡੈਡ ਨੇ ਕਿਹਾ ਸੀ, “ਮੇਰੇ ਪਿਆਰੇ ਪੁੱਤਰ! ਤੂੰ ਵੀ ਉੱਡਿਆ ਕਰੇਂਗਾ ਜਹਾਜ਼ਾਂ ਵਿਚ, ਬੱਸ ਮਨ ਮਾਰ ਕੇ ਪੜ੍ਹ ਲੈ।” ਮਾਈਕਲ ਨੂੰ ਉਤਸ਼ਾਹੀ ਰਉਂ ’ਚ ਇੰਜ ਲੱਗਾ ਸੀ ਜਿਵੇਂ ਉਸਦੇ ਤਨ ’ਤੇ ਪਰ ਉੱਗ ਪਏ ਹੋਣ। ਪਰ ਜਾਲ਼ ਵਿਚ ਫਸੀਆਂ ਮੱਛੀਆਂ ਵੇਖ ਕੇ ਉਹ ਉਦਾਸ ਜਿਹਾ ਹੋ ਗਿਆ ਸੀ।

ਮਾਈਕਲ ਦੀ ਦਾਦੀ ਉਸਨੂੰ ਤੇ ਰੋਜ਼ੈਨ ਨੂੰ ਜੰਗਲ਼ੀ ਬਲੂਬੈਰੀਆਂ ਖੁਆਉਣ ਲੈ ਜਾਂਦੀ। ਬੈਰੀਆਂ ਖਾ ਕੇ ਉਹ ਝੀਲ ਵਿਚ ਤੈਰਦੇ ਅਤੇ ਫਿਰ ਧੁੱਪ-ਛਾਂ ਵਿਚ ਬੈਠ ਆਰਾਮ ਕਰਦੇ। ਉਨ੍ਹਾਂ ਦੀ ਨਿਗ੍ਹਾ ਉੱਡਦੇ ਫਿਰਦੇ ਅਤੇ ਦਰਖਤਾਂ ’ਤੇ ਬੈਠੇ ਪੰਛੀਆਂ ਵੱਲ ਖਿੱਚੀ ਜਾਂਦੀ। ਲੰਮੀ-ਤਿੱਖੀ ਚੁੰਝ ਨਾਲ਼ ਦਰਖਤ ਦਾ ਤਣਾ ਖੋਦ ਰਹੇ ਚੱਕੀਰਾਹੇ, ਹਿੱਲਣਾ-ਜੁੱਲਣਾ ਭੁੱਲ ਗਏ ਸਿੰਗਾਂ ਵਾਲ਼ੇ ਉੱਲੂ ਤੇ ਬਗਲਿਆਂ ਵਰਗੇ ਹਰੇ ਰੰਗ ਦੇ ‘ਹੀਰੋਨ’ ਆਦਿ ਨੂੰ ਤੱਕਦਿਆਂ ਅਤੇ ਅਮਰੀਕਨ ਚਿੜੀ ਦੀ ਮਿੱਠੀ-ਗੂੰਜਵੀਂ ਆਵਾਜ਼ ਸੁਣਦਿਆਂ ਉਹ ਏਦਾਂ ਮਸਤ ਹੁੰਦੇ ਕਿ ਆਪਣੀ ਸੁੱਧ-ਬੁੱਧ ਹੀ ਭੁੱਲ ਜਾਂਦੇ।

ਮਈਕਲ ਕਦੀ-ਕਦੀ ਰੋਜ਼ੈਨ ਨਾਲ਼ ਆਪਣੇ ਗੁਆਂਢੀ ਬੈਂਡ ਵਿਚ ਕਲੈਰਾ ਦੇ ਘਰ ਚਲੇ ਜਾਂਦਾ। ਕਦੀ ਕਲੈਰਾ ਵੀ ਉਨ੍ਹਾਂ ਵੱਲ ਗੇੜਾ ਮਾਰ ਜਾਂਦੀ।

ਛੁੱਟੀਆਂ ਜਦੋਂ ਮੁੱਕਣ ’ਤੇ ਆਉਂਦੀਆਂ ਤਾਂ ਭੈਣ-ਭਰਾ ਉਦਾਸ ਹੋ ਜਾਂਦੇ। ਮੌਮ-ਡੈਡ ਨੂੰ ਜਿਹਲ ਵਰਗੇ ਸਕੂਲ ਦੀਆਂ ਤਕਲੀਫਾਂ ਦੱਸਣ ਲਗਦੇ। ਡੈਡ ਉਨ੍ਹਾਂ ਵੱਲ ਉਤਸ਼ਾਹੀ ਨਜ਼ਰ ਸੁੱਟਦਾ ਆਖਦਾ, “ਜਦੋਂ ਤੁਹਾਡੀ ਜ਼ਿੰਦਗੀ ਵਧੀਆ ਬਣ ਗਈ ਇਹ ਸਾਰੀਆਂ ਤਕਲੀਫਾਂ ਤੁਹਾਨੂੰ ਭੁੱਲ ਜਾਣਗੀਆਂ।”

ਵਧੀਆ ਜ਼ਿੰਦਗੀ ਕੀ?” ਭੋਲ਼ਾ ਜਿਹਾ ਮਾਈਕਲ ਪੁੱਛਦਾ।

ਸੁਹਣਾ ਘਰ, ਚੰਗਾ ਖਾਣ-ਪਹਿਨਣ, ਗੋਰਿਆਂ ਵਰਗੀ ਸਹੂ਼ਲਤਾਂ ਵਾਲ਼ੀ ਜ਼ਿੰਦਗੀ।” ਡੈਡ ਜਵਾਬ ਦੇਂਦਾ।

ਮਾਈਕਲ ਸਮਝ ਗਿਆ ਸੀ ਕਿ ਸਕੂਲ ਤੋਂ ਉਸਦਾ ਛੁਟਕਾਰਾ ਨਹੀਂ ਹੋ ਸਕਣਾ। ਉਸਨੇ ਆਪਣੇ ਆਪ ਨੂੰ ਸਕੂਲ ਦੇ ਰੁਟੀਨ ਵਿਚ ਢਾਲਣਾ ਸ਼ੁਰੂ ਕਰ ਦਿੱਤਾ ਸਵੇਰੇ ਸਾਢੇ ਛੇ ਵਜੇ ਦਾ ਬਜ਼ਰ ਸੁਣ ਕੇ ਸਾਰੇ ਲੜਕੇ ਉੱਠ ਪੈਂਦੇ। ਆਪੋ ਆਪਣੇ ਬੈੱਡ ਦੀ ਸਾਈਡ ਤੋਂ ਐਕਸ਼ਨਾਂ ਤੇ ਆਵਾਜ਼ਾਂ ਦੀ ਇਕਸਾਰਤਾ ਵਿਚ ਈਸਾਈਆਂ ਵਾਲ਼ੀ ਪ੍ਰਾਰਥਨਾ ਕਰਦੇ। ਫਿਰ ਮਾਈਕਲ ਬੈੱਡਸ਼ੀਟ ਦੇ ਵਲ਼ ਕੱਢਦਾ ਤੇ ਕੰਬਲ ਦੀ ਚਿਣਵੀਂ ਤਹਿ ਲਾ ਕੇ ਪੈਂਦ ’ਤੇ ਸਜਾ ਦਿੰਦਾ। ਬਰਦਰ ਅਲਬਰਟ - ਜੋ ਉਨ੍ਹਾਂ ਦਾ ਡੌਰਮਿਟਰੀ ਇੰਚਾਰਜ ਅਤੇ ਖੇਡਾਂ ਦਾ ਅਧਿਆਪਕ ਸੀ - ਨਿਰੀਖਣ ਕਰਦਾ। ਜਿਸ ਦਾ ਬੈੱਡ ਨਿਯਮਾਂ ਅਨੁਸਾਰ ਨਾ ਸੁਆਰਿਆ ਹੁੰਦਾ ਉਸਦੇ ਚਪੇੜਾਂ ਪੈਂਦੀਆਂ। ਨਹਾ-ਧੋ ਕੇ ਸਾਰੇ ਬੱਚੇ ਮੈੱਸ ਵਿਚ ਪਹੁੰਚ ਜਾਂਦੇ। ਨਾਸ਼ਤੇ ਬਾਅਦ ਪੜ੍ਹਾਈ ਸ਼ੁਰੂ ਹੋ ਜਾਂਦੀ। ਉਸ ਤੋਂ ਬਾਅਦ ਦੁਪਹਿਰ ਦਾ ਖਾਣਾ।

ਖਾਣੇ ਉਪ੍ਰੰਤ ਕੰਮਾਂ ਵਾਸਤੇ ਗਰੁੱਪ ਬਣਾ ਦਿੱਤੇ ਜਾਂਦੇ। ਮਾਈਕਲ ਆਪਣੇ ਗਰੁੱਪ ਨਾਲ਼ ਲੱਗ ਕੇ ਕਦੀ ਬਗੀਚਿਆਂ ਵਿਚ ਲਾਏ ਫੁੱਲਾਂ ਤੇ ਸਬਜ਼ੀਆਂ ਦੀ ਸਾਂਭ-ਸੰਭਾਲ, ਕਦੀ ਵਿਹੜਿਆਂ ਦੀ ਸਫਾਈ ਤੇ ਕਦੀ ਰਸੋਈ ਵਾਸਤੇ ਲੱਕੜਾਂ ਢੋਣ ਦੀਆਂ ਡਿਊਟੀਆਂ ਨਿਭਾਉਂਦਾ। ਜਦ ਨੂੰ ਖੇਡਾਂ ਦਾ ਟਾਈਮ ਹੋ ਜਾਂਦਾ। ਮਾਈਕਲ ਬਾਸਕਿਟਬਾਲ ਖੇਡਦਾ। ਸੱਤ ਵਜੇ ਰਾਤ ਦੇ ਖਾਣੇ ਦਾ ਅਤੇ ਅੱਠ ਵਜੇ ਸੌਣ ਦਾ ਬਜ਼ਰ ਹੋ ਜਾਂਦਾ।

ਮਾਈਕਲ ਜਾਣਦਾ ਸੀ ਕਿ ਆਮ ਲੜਕੇ ਰੁਟੀਨ ਦੇ ਸਾਰੇ ਕੰਮ ਸ਼ੌਕ ਨਾਲ਼ ਨਹੀਂ ਬੱਧੇ-ਰੁੱਧੇ ਹੀ ਕਰਦੇ ਸਨ। ਮੈੱਸ ਦੇ ਖਾਣੇ ਵੀ ਉਹ ਚਾਹ ਕੇ ਨਹੀਂ ਸਨ ਖਾਂਦੇ। ਢਿੱਡ ਭਰਨ ਵਾਲ਼ੀ ਗੱਲ ਸੀ। ਜੌਆਂ ਦੇ ਦਲ਼ੀਏ ਅਤੇ ਪਾਊਡਰ-ਦੁੱਧ ਦਾ ਨਾਸ਼ਤਾ ਕਰਦਿਆਂ, ਮਾਈਕਲ ਨੂੰ ਘਰ ਦਾ ਨਾਸ਼ਤਾ ਯਾਦ ਆ ਜਾਂਦਾ। ਉਸਦੀ ਮੌਮ ਆਪਣੇ ਹੱਥੀਂ ਜਵੀ ਦੇ ਆਟੇ ਦਾ ਤਾਜ਼ਾ ਰੋਟ ਬਣਾ ਕੇ ਇਕ ਹਿੱਸੇ ਵਿਚ ਘਰ ਦਾ ਬਣਾਇਆ ਜੈਮ ਤੇ ਦੂਜੇ ਹਿੱਸੇ ਵਿਚ ਬਟਰ ਲਾ ਕੇ ਸਲਾਈਸ ਕੱਟ ਦੇਂਦੀ। ਕਿੰਨਾ ਸੁਆਦ ਹੁੰਦਾ ਸੀ ਉਨ੍ਹਾਂ ਸਲਾਈਸਾਂ ਤੇ ਚਾਹ ਦਾ ਨਾਸ਼ਤਾ। ਮੈੱਸ ਵਿਚ ਦੁਪਹਿਰ ਅਤੇ ਰਾਤ ਦੇ ਖਾਣਿਆਂ ਵਿਚ ਸੁੱਕਾ ਜਿਹਾ ਬੇਲੱਜ਼ਤ ਮੀਟ, ਠੰਢੇ ਆਲੂ, ਢੇਰ ਸਾਰੇ ਪਾਣੀ ਵਿਚ ਰਿੰਨੀ ਹੋਈ ਮੱਛੀ ਤੇ ਫਿਕਲ਼ੀਆਂ ਸਬਜ਼ੀਆਂ ਖਾਂਦਿਆਂ, ਮਾਈਕਲ ਨੂੰ ਘਰ ਦੇ ਪਕਵਾਨ ਯਾਦ ਆ ਜਾਂਦੇ, ਕਦੀ ਭੁੰਨੀ ਹੋਈ ਜਾਂ ਥੋੜ੍ਹੀ ਕੁ ਤਰੀ ਵਾਲ਼ੀ ਮੱਛੀ, ਕਦੀ ਸਬਜ਼ੀਆਂ ਜਾਂ ਮੀਟ ਦਾ ਸ਼ੋਰਬਾ ਤੇ ਕਦੀ ਮੱਠੀ-ਮੱਠੀ ਅੱਗ ’ਤੇ ਰਿੰਨ੍ਹਿਆਂ ਖਰਗੋਸ਼ ਜਾਂ ਹਿਰਨ ਦਾ ਮਾਸ।

ਇਕ ਦਿਨ ਉਹ ਤੇ ਉਸਦਾ ਦੋਸਤ ਅਰਨੀ ਫੋਰਟੀਅਰ ਆਪਣੀ ਭਾਸ਼ਾ ਵਿਚ ਮੈੱਸ ਦੇ ਖਾਣਿਆਂ ਦੀ ਨੁਕਤਾਚੀਨੀ ਕਰ ਰਹੇ ਸਨ। ਬਰਦਰ ਅਲਬਰਟ ਨੇ ਓਹਲੇ ਹੋ ਕੇ ਸੁਣ ਲਿਆ। ਕਚੀਚੀਆਂ ਵਟਦਾ ਬੋਲਿਆ, “ਤੁਸੀਂ ਦੋ ਕਸੂਰ ਕੀਤੇ ਹਨ ਇਕ ਮੈੱਸ ਦੇ ਖਾਣਿਆਂ ਨੂੰ ਨਿੰਦਿਆ ਤੇ ਦੂਜਾ ਤੁਸੀਂ ਆਪਣੀ ਭਾਸ਼ਾ ਵਿਚ ਗੱਲਾਂ ਕੀਤੀਆਂ ਹਨ।” ਉਸਨੇ ਦੋਨਾਂ ਨੂੰ ਚਮੜੇ ਦੇ ਪਟੇ ਨਾਲ਼ ਇੰਨਾ ਕੁੱਟਿਆ ਕਿ ਉਹ ਕਈ ਰਾਤਾਂ ਸੁਪਨਿਆਂ ਵਿਚ ਬਰੜਾ-ਬਰੜਾ ਉੱਠਦੇ ਰਹੇ।

ਮਾਈਕਲ ਨੇ ਸਕੂਲ ਦੀਆਂ ਪ੍ਰਾਰਥਨਾਵਾਂ ਬਾਰੇ ਵੀ ਗੱਲ ਕੀਤੀ ਸੀ। ਸਵੇਰੇ ਬੈੱਡ ਤੋਂ ਉੱਠ ਕੇ, ਫਿਰ ਨਾਸ਼ਤੇ, ਦੁਪਹਿਰ ਤੇ ਰਾਤ ਦੇ ਖਾਣਿਆਂ ਸਮੇਂ ਅਤੇ ਫਿਰ ਸੌਣ ਵੇਲੇ ਵੀ ਉਨ੍ਹਾਂ ਨੂੰ ਪ੍ਰਾਰਥਨਾ ਕਰਨੀ ਪੈਂਦੀ ਸੀ। ਸਕੂਲ ਦੇ ਚਰਚ ਵਿਚ ਵੀ ਪ੍ਰਾਰਥਨਾਵਾਂ ਦਾ ਸਿਲਸਿਲਾ ਚਲਦਾ ਰਹਿੰਦਾ ਸੀ।

ਜਦੋਂ ਮਾਈਕਲ ਸਕੂਲ ਦਾ ਰੁਟੀਨ ਦੱਸ ਹਟਿਆ ਤਾਂ ਮੈਂ ਆਖਿਆ, “ਮਾਈਕ! ਤੁਹਾਡੇ ਸਕੂਲ ਵਿਚ ਤਾਨਾਸ਼ਹੀ ਤਾਂ ਸੀ ਪਰ ਕੁਝ ਚੀਜ਼ਾਂ ਚੰਗੀਆਂ ਵੀ ਸਨ।”

ਕਿਹੜੀਆਂ?”

ਜਿਵੇਂ ਪ੍ਰਾਰਥਨਾ। ਪ੍ਰਾਰਥਨਾ ਸਾਡੇ ਅੰਦਰ ਪ੍ਰਭੂ-ਪਿਆਰ ਪੈਦਾ ਕਰਦੀ ਹੈ। ਉਸ ਪਿਆਰ ਸਦਕਾ ਬੰਦੇ ਅੰਦਰ ਸ਼ਿੱਧਤਾ ਆਉਂਦੀ ਹੈ।”

ਬਾਜ਼! ਪ੍ਰਾਰਥਨਾ ਅਸੀਂ ਪ੍ਰਭੂ ਨਾਲ਼ ਪਿਆਰ ਦੇ ਨਾਤੇ ਨਹੀਂ ਸੀ ਕਰਦੇ,ਪ੍ਰਭੂ ਤੋਂ ਡਰਦੇ ਮਾਰੇ ਕਰਦੇ ਸੀ। ਸਕੂਲਾਂ ਵਿਚ ਤੇ ਬਾਹਰ ਚਰਚਾਂ ਵਿਚ ਇਹ ਸਿਖਾਇਆ ਜਾਂਦਾ ਸੀ ਕਿ ਜੇ ਅਸੀਂ ਈਸਾਈ ਧਰਮ ਦੇ ਉਪਦੇਸ਼ਾਂ ’ਤੇ ਨਹੀਂ ਚੱਲਾਂਗੇ, ਸਾਡੀ ਆਤਮਾ ਵਿਚ ਸ਼ੈਤਾਨ ਪ੍ਰਵੇਸ਼ ਕਰ ਜਾਏਗਾ ਤੇ ਪ੍ਰਭੂ ਸਾਨੂੰ ਨਰਕਾਂ ਵਿਚ ਸੁੱਟ ਦੇਵੇਗਾ ਇਸ ਤਰ੍ਹਾਂ ਸਾਨੂੰ ਇਕ ਡਰ ਪ੍ਰਭੂ ਦਾ ਹੁੰਦਾ ਸੀ ਤੇ ਦੂਜਾ ਡਰ ਹੁੰਦਾ ਸੀ ਫਾਦਰ ਅਤੇ ਟੀਚਰਾਂ ਦੀ ਕਰੜੀ ਨਜ਼ਰ ਦਾ। ਪ੍ਰਾਰਥਨਾ ਦੌਰਾਨ ਕਦੀ-ਕਦੀ ਬੇਧਿਆਨੀ ’ਚ ਸਾਡੀ ਨਜਰ਼ ਆਸੇ-ਪਾਸੇ ਚਲੀ ਜਾਣੀ, ਪਤਾ ਉਦੋਂ ਲੱਗਣਾ ਜਦੋਂ ਨਿਗਰਾਨੀ ਕਰ ਰਹੇ ਟੀਚਰ ਨੇ ਧੌਣ ਵਿਚ ਮੁੱਕਾ ਜੜ ਦੇਣਾ। ਸੋ ਪ੍ਰਾਰਥਨਾ ਨੇ ਸਾਨੂੰ ਸਹਿਜ ਨਹੀਂ. ਡਰਪੋਕ ਬਣਾਇਆ।”

ਤੁਸੀਂ ਤਾਂ ਡਰਦੇ ਮਾਰੇ ਸਾਰਾ ਕੁਝ ਕਰੀ ਜਾਂਦੇ ਸੀ ਪਰ ਤੁਹਾਡੇ ਮਾਂ-ਬਾਪ ਅਤੇ ਦਾਦੇ-ਦਾਦੀਆਂ ਤਾਂ ਇਸ ਕਿਸਮ ਦੀ ਸਿੱਖਿਆ ’ਤੇ ਕਿੰਤੂ ਕਰ ਸਕਦੇ ਸਨ।” ਮੈਂ ਟਿੱਪਣੀ ਕੀਤੀ।

ਉਹ ਤਾਂ ਕੈਥੋਲਿਕਾਂ ਵੱਲੋਂ ਕਰਵਾਈ ਜਾ ਰਹੀ ਸਾਡੀ ਪੜ੍ਹਾਈ ਨੂੰ ਆਪਣੇ ਉੱਤੇ ਪਰਉਪਕਾਰ ਸਮਝਦੇ ਸਨ। ਦਰਅਸਲ ਸਾਡੇ ਮਾਪੇ ਤੇ ਵਡਾਰੂ ਸਿੱਧੇ-ਸਾਦੇ ਸਨ ਜਦੋਂ ਕਿ ਪਾਦਰੀ, ਭਿਕਸ਼ੂ, ਭਿਕਸ਼ਣਾਂ, ਉਪਦੇਸ਼ ਦੇਣ ’ਚ ਮਾਹਰ ਧਰਮ-ਪ੍ਰਚਾਰਕ ਸਨ। ਉਨ੍ਹਾਂ ਦਾ ਚਿੱਟੇ ਜਾਂ ਕਾਲ਼ੇ ਗਾਊਨਾਂ ਦਾ ਪਹਿਰਾਵਾ ਵੀ ਉਨ੍ਹਾਂ ਨੂੰ ਸ੍ਰੇਸ਼ਟ ਬਣਾਉਂਦਾ ਸੀ। ਆਮ ਨੇਟਿਵਾਂ ਲਈ ਉਨ੍ਹਾਂ ਦੇ ਪ੍ਰਵਚਨ ਪ੍ਰਭੂ ਦੇ ਬੋਲ ਸਨ। ਨਾਲ਼ੇ ਸਰਕਾਰ ਵੀ ਉਨ੍ਹਾਂ ਦੀ ਪਿੱਠ ’ਤੇ ਸੀ।”

ਉਹ ਕਿਵੇਂ?”

ਸਰਕਾਰ ਸਾਡੇ ਨੇਟਿਵੀ ਮੂਲ ਨੂੰ ਖਤਮ ਕਰਕੇ ਸਾਨੂੰ ਯੂਰਪੀਨ-ਕਨੇਡੀਅਨ ਜੀਵਨ-ਸ਼ੈਲੀ ਵਿਚ ਤਬਦੀਲ ਕਰਨਾ ਚਾਹੁੰਦੀ ਸੀ। ਸਾਨੂੰ ਈਸਾਈ ਬਣਾ ਕੇ ਇਹ ਕਾਰਜ ਸੌਖਾ ਹੋ ਸਕਦਾ ਸੀ। ਪਰ ਸਾਡੇ ਸਕੂਲਾਂ ਵਿਚ ਇਸ ਧਰਮ ਦਾ ਪ੍ਰਚਾਰ ਸਨੇਹ ਨਾਲ਼ ਨਹੀਂ ਸੀ ਕੀਤਾ ਜਾਂਦਾ। ਸਕੂਲ ਦਾ ਸਟਾਫ ਮਿਸ਼ਨਰੀ ਹੋਣ ਕਰਕੇ ਟੀਚਰਾਂ ਨੂੰ ਬਰਦਰ, ਸਿਸਟਰ ਅਤੇ ਪ੍ਰਿੰਸੀਪਲ ਨੂੰ ਫਾਦਰ ਕਿਹਾ ਜਾਂਦਾ ਸੀ। ਪਰ ਵਿਦਿਆਰਥੀਆਂ ਨਾਲ਼ ਭਰਾ, ਭੈਣ ਤੇ ਪਿਤਾ ਵਰਗਾ ਪਿਆਰ ਕਰਨ ਵਾਲ਼ੇ ਟੀਚਰ ਬਹੁਤ ਥੋੜ੍ਹੇ ਸਨ। ਸਾਡੀ ਦਾਦੀ ਦੀ ਮੌਤ ਹੋਣ ’ਤੇ ਡੈਡ ਦਾ ਚਚੇਰਾ ਭਰਾ ਮੈਨੂੰ ਤੇ ਰੋਜ਼ੈਨ ਨੂੰ ਸਕੂਲੋਂ ਲੈਣ ਗਿਆ। ਪਰ ਪੱਥਰ-ਦਿਲ ਪ੍ਰਿੰਸੀਪਲਾਂ ਨੇ ਸਾਨੂੰ ਛੁੱਟੀ ਨਾ ਦਿੱਤੀ। ਸਾਡਾ ਦਾਦੀ ਨਾਲ਼ ਬਹੁਤ ਮੋਹ ਸੀ। ਇਕ ੳਸਦੀ ਮੌਤ ਦਾ ਸਦਮਾ, ਦੁਜਾ ਆਖਰੀ ਸਮੇਂ ਉਹਦਾ ਮੂੰਹ ਨਾ ਦੇਖ ਸਕਣ ਦਾ ਝੋਰਾ, ਅਸੀਂ ਕਈ ਦਿਨ ਕੰਧਾਂ ਵਿਚ ਮੂੰਹ ਦੇ ਕੇ ਰੋਂਦੇ ਰਹੇ। ਰੋਜ਼ੈਨ ਨੇ ਤਾਂ ਬਹੁਤ ਹੀ ਮਹਿਸੂਸ ਕੀਤਾ ਸੀ।”

ਇਸ ਤਰ੍ਹਾਂ ਦੇ ਮਾਮਲਿਆਂ ਵਿਚ ਪ੍ਰਿੰਸੀਪਲਾਂ ਨੂੰ ਦਇਆਵਾਨ ਹੋਣਾ ਚਾਹੀਦਾ ਸੀ,ਆਖ ਕੇ ਮੈਂ ਅਗਲੀ ਗੱਲ ਸ਼ੁਰੂ ਕਰ ਲਈ, “ਮਾਈਕ! ਤੁਹਾਥੋਂ ਜਿਹੜੇ ਕੰਮ ਕਰਵਾਏ ਜਾਂਦੇ ਸੀ, ਮੇਰੇ ਖਿਆਲ ਵਿਚ ਉਹ ਤਾਂ ਠੀਕ ਹੀ ਸਨ। ਬੰਦੇ ਨੂੰ ਬਚਪਨ ਤੋਂ ਹੀ ਕੰਮ ਕਰਨ ਦੀ ਆਦਤ ਪੈ ਜਾਂਦੀ ਹੈ।”

ਉਹ ਕੰਮ ਪ੍ਰੇਰਨਾ ਨਾਲ਼ ਨਹੀਂ, ਹੁਕਮ ਨਾਲ਼ ਕਰਵਾਏ ਜਾਂਦੇ ਸੀ। ਅਸੀਂ ਆਪਣੀ ਮਰਜ਼ੀ ਨਾਲ਼ ਕੁਝ ਵੀ ਨਹੀਂ ਸੀ ਕਰ ਸਕਦੇ। ਜੇ ਕਿਸੇ ਲੜਕੇ ਨੇ ਆਪਣੇ ਤਰੀਕੇ ਨਾਲ਼ ਕੋਈ ਕੰਮ ਸ਼ੁਰੂ ਕਰਨਾ, ਉਹ ਤਰੀਕਾ ਭਾਵੇਂ ਕਿੰਨਾ ਬਿਹਤਰ ਹੋਵੇ, ਉਸਨੂੰ ਰੱਦ ਕਰ ਦਿੱਤਾ ਜਾਂਦਾ ਸੀ। ਸਕੂਲ ਦੇ ਰੁਟੀਨ ਵਿੱਚੋਂ ਪਹਿਲ-ਕਦਮੀ, ਉੱਦਮ ਤੇ ਉਤਸ਼ਾਹ ਵਰਗੇ ਕੋਈ ਵੀ ਗੁਣ ਅਸੀਂ ਗ੍ਰਹਿਣ ਨਾ ਕਰ ਸਕੇ। ਸਾਥੋਂ ਸਾਡੀ ਜ਼ਬਾਨ ਅਤੇ ਕਲਚਰ ਖੋਹ ਲਈਆਂ ਗਈਆਂ। ਪ੍ਰਿੰਸੀਪਲ ਅਤੇ ਟੀਚਰਾਂ ਦੇ ਬੂਟਾਂ ਦੇ ਠੁੱਡਿਆਂ, ਮੁੱਕਿਆਂ, ਚਪੇੜਾਂ ਤੇ ਚਮੜੇ ਦੇ ਪਟੇ ਦੀਆਂ ਕੁੱਟਾਂ ਨੇ ਸਾਨੂੰ ਡਰਪੋਕ ਤੇ ਘਟੀਆ ਜੀਵ ਬਣਾ ਦਿੱਤਾ। ਸਾਡੀ ਹੋਂਦ-ਹਸਤੀ ਵਿਚ ਗੌਰਵ ਨਾਂ ਦੀ ਕੋਈ ਚੀਜ਼ ਨਹੀਂ ਸੀ ਰਹਿ ਗਈ।”

ਬਾਸਕਿਟਬਾਲ ਦਾ ਖਿਡਾਰੀ ਬਣ ਕੇ ਤਾਂ ਜ਼ਿੰਦਗੀ ਕੁਝ ਸੁਖਾਲੀ ਹੋ ਗਈ ਹੋਵੇਗੀ।” ਮਾਈਕਲ ਤੋਂ ਕੁਝ ਚੰਗਾ ਸੁਣਨ ਦੀ ਆਸ ਵਿਚ ਮੈਂ ਪੁੱਛਿਆ।”

ਦੋ ਕੁ ਸਾਲ ਹੀ।”

ਕਿਉਂ ਫਿਰ ਕੀ ਗੱਲ ਹੋ ਗਈ।”

ਅਗਲੀ ਵਾਰ ਦੱਸਾਂਗਾ।”

ਚਲੋ ਠੀਕ ਹੈ। ਅਗਲਾ ਸੈਸ਼ਨ ਕਿੱਦਣ ਦਾ ਰੱਖੀਏ।” ਲੈਪਟੌਪ ਬੰਦ ਕਰਦਿਆਂ ਮੈਂ ਪੁੱਛਿਆ।

ਮੈਂ ਕਾਲ ਕਰਾਂਗਾ।” ਮਾਈਕਲ ਨੇ ਹੱਥ ਮਿਲ਼ਾਇਆ ਤੇ ਟੁਰ ਗਿਆ।

ਕਈ ਦਿਨ ਬੀਤ ਗਏ। ਉਸਦਾ ਫੋਨ ਨਾ ਆਇਆ। ਮੈਂ ਕੀਤਾ ਤਾਂ ਰੁੱਖੇ ਰਉਂ ਵਿਚ ਬੋਲਿਆ, “ਬਾਜ਼! ਮੈਨੂੰ ਕਾਊਂਸਲਿੰਗ ਨਹੀਂ ਚਾਹੀਦੀ।”

ਮੈਨੰ ਗੁੱਸਾ ਚੜ੍ਹ ਗਿਆ ਪਰ ਮੈਂ ਆਪੂੰ ’ਤੇ ਕਾਬੂ ਪਾ ਲਿਆ। ਦਿਲ ਵਿਚ ਉੱਠੀ ਆਵਾਜ਼ ‘ਪੈ ਢੱਠੇ ਖੂਹ ’ਚ’ ਅੰਦਰ ਹੀ ਦੱਬ ਲਈ ਤੇ ਸਨੇਹੀ ਸੁਰ ਵਿਚ ਆਖਿਆ, “ਓ ਕੇ ਮਾਈਕ, ਜਿਵੇਂ ਤੇਰੀ ਮਰਜ਼ੀ। ਤੂੰ ਖੁਸ਼ ਰਹਿ ਪਰ ਮੈਂ ਇਕ ਗੱਲ ਕਹਿਣੀ ਚਾਹੁੰਨਾ।”

ਕਹਿ।”

ਮੈਂ ਤੈਨੂੰ ਆਪਣਾ ਦੋਸਤ ਸਮਝਦਾਂ। ਕੀ ਦੋਸਤੀ ਦੇ ਨਾਤੇ, ਆਪਾਂ ਕਦੀ-ਕਦੀ ਮਿਲ਼ ਸਕਦੇ ਹਾਂ।”

ਸ਼ਿਉਰ।” ਉਸਦਾ ਜਵਾਬ ਸੀ।

ਕਾਊਂਸਲਿੰਗ ਬੰਦ ਕਰਨੀ ਕੋਈ ਸਮੱਸਿਆ ਨਹੀਂ ਸੀ। ਮੇਰੇ ਬਾਕੀ ਕੇਸਾਂ ਦੀ ਪ੍ਰੌਗਰੈੱਸ ਠੀਕ ਪੈ ਰਹੀ ਸੀ। ਪਰ ਮਾਈਕਲ ਦਾ ਚੁਣੌਤੀਪੂਰਨ ਕੇਸ ਮੇਰੇ ਲਈ ਜ਼ਿਆਦਾ ਮਹੱਤਵਪੂਰਨ ਸੀਉਸਦੀ ਲੀਹੋਂ ਲੱਥੀ ਜ਼ਿੰਦਗੀ ਨੂੰ ਮੁੜ ਲੀਹ ’ਤੇ ਪਾ ਦੇਣ ਨਾਲ਼ ਮੈਨੂੰ ਜਿਹੜਾ ਚਿਰਜੀਵੀ ਸਕੂਨ ਮਿਲਣਾ ਸੀ, ਮੈਨੂੰ ਉਸਦੀ ਲੋਚਾ ਸੀ।

ਦੋ ਕੁ ਮਹੀਨੇ ਲੰਘਾ ਕੇ ਮੈਂ ਉਸਨੂੰ ਫੋਨ ਕੀਤਾ ਤੇ ਪੁੱਛਿਆ, “ਮਾਈਕ! ਤੂੰ ਕਦੀ ਭਾਰਤੀ ਖਾਣੇ ਖਾਧੇ ਹਨ?”

ਨਹੀਂ।”

ਆਉਂਦੇ ਸ਼ਨੀਵਾਰ ਮੈਂ ਤੈਨੂੰ ਭਾਰਤੀ ਰੈਸਟੋਰੈਂਟ ਵਿਚ ਲੰਚ ਕਰਵਾਉਣਾ ਚਾਹੁੰਨਾ।”

ਕਿੱਥੇ?”

ਪ੍ਰਿੰਸ ਜੌਰਜ ਵਿਖੇ। ਆਏਂਗਾ?”

ਕੁਝ ਪਲਾਂ ਦੀ ਚੁੱਪ ਬਾਅਦ ਉਸਨੇ ‘ਹਾਂ’ ਕਰ ਦਿੱਤੀ। ਮੈਂ ਉਸਨੂੰ ‘ਕੁਆਲਿਟੀ ਇੰਡੀਅਨ ਰੈਸਟੋਰੈਂਟ’ ਦਾ ਐਡਰੈੱਸ ਦੇ ਦਿੱਤਾ।

ਉਹ ਮਿੱਥੇ ਸਮੇਂ ’ਤੇ ਪਹੁੰਚ ਗਿਆ। ਅਸੀਂ ਇਕ ਕੈਬਿਨ ਵਿਚ ਬੈਠ ਗਏ। ਆਪਣੇ ਕਲਾਇੰਟ ਨਾਲ਼ ਇਸ ਤਰ੍ਹਾਂ ਖਾਣਾ-ਪੀਣਾ ਮੇਰੀ ਜੌਬ ਦੇ ਨਿਯਮਾਂ ਦੇ ਵਿਰੁੱਧ ਸੀ। ਪਰ ਉਸ ਨੂੰ ਹਨੇਰੇ ਅਤੀਤ ਵਿੱਚੋਂ ਬਾਹਰ ਕੱਢਣ ਦੀ ਮੇਰੀ ਦ੍ਰਿੜਤਾ ਅੱਗੇ ਨਿਯਮ ਬੇਮਾਅਨਾ ਹੋ ਗਏ। ਉਹ ਹਾਲੀਵੁਡ ਦੀਆਂ ਮਾਰਧਾੜ ਵਾਲ਼ੀਆਂ ਫਿਲਮਾਂ ਦਾ ਸ਼ੌਕੀਨ ਸੀ। ਮੈਂ ਉਨ੍ਹਾਂ ਬਾਰੇ ਗੱਲਾਂ ਛੇੜ ਲਈਆਂ। ਮਾਂਹ ਦੀ ਦਾਲ਼, ਬਟਰ ਚਿਕਨ, ਮਟਰ ਪਨੀਰ, ਦਹੀਂ ਭੱਲੇ ਤੇ ਨਾਨ ਦਾ ਜ਼ਾਇਕੇਦਾਰ ਭੋਜਨ ਅਤੇ ਉਸਦੀਆਂ ਪਸੰਦੀਦਾ ਫਿਲਮਾਂ ਦੀਆਂ ਗੱਲਾਂ, ਉਹ ਛੇਤੀ ਹੀ ਚਹਿਕਵੇਂ ਮੂਡ ਵਿਚ ਹੋ ਗਿਆ।

ਤੈਨੂੰ ਕੈਨੇਡਾ ਆਇਆਂ ਕਿੰਨਾ ਚਿਰ ਹੋ ਗਿਆ?” ਫਿਲਮੀ ਗੱਲਾਂ ਮੁੱਕਣ ’ਤੇ ਉਸਨੇ ਪੁੱਛਿਆ।

ਪੰਦਰਾਂ ਸਾਲ। ਮੈਂ ਪੁਆਇੰਟ ਸਿਸਟਮ ’ਤੇ ਪਰਿਵਾਰ ਸਮੇਤ ਇੱਥੇ ਆਇਆ ਸੀ। ਇੰਡੀਆ ’ਚ ਕਾਊਂਸਲਰ ਦੀ ਜੌਬ ’ਤੇ ਸੀ। ਇੱਥੇ ਆ ਕੇ ਆਪਣੀ ਪੜ੍ਹਾਈ ਅਪਡੇਟ ਕੀਤੀ ਤੇ ਉਹੀ ਜੌਬ ਲੈ ਲਈ।”

ਕੀ ਮੈਂ ਤੇਰੇ ਪਰਿਵਾਰ ਬਾਰੇ ਪੁੱਛ ਸਕਦਾਂ?”

ਹਾਂ ਹਾਂ। ਮੇਰੇ ਪਰਿਵਾਰ ਵਿਚ ਮੇਰੀ ਪਤਨੀ, ਤਿੰਨ ਬੱਚੇ ਅਤੇ ਮੇਰੇ ਮੌਮ-ਡੈਡ ਹਨ।”

ਬਾਜ਼! ਜਿਵੇਂ ਤੂੰ ਦੱਸਿਆ ਪਹਿਲਾਂ ਸਾਡੇ ਵੀ ਸੰਯੁਕਤ ਪਰਿਵਾਰ ਹੁੰਦੇ ਸਨ ਪਰ ਹੁਣ ਨਹੀਂ।”

ਸਾਡੇ ਵੀ ਪਹਿਲਾਂ ਨਾਲ਼ੋਂ ਕਾਫੀ ਘਟ ਗਏ ਹਨ ... ਮਾਈਕ! ਮੈਂ ਤੁਹਾਡੇ ਲੋਕਾਂ ਨਾਲ਼ ਕਈ ਸਾਲਾਂ ਤੋਂ ਕੰਮ ਕਰ ਰਿਹਾਂ। ਮੈਂ ਦੇਖਿਐ ਤੁਹਾਡੇ ਪਰਿਵਾਰਕ ਤੇ ਭਾਈਚਾਰਕ ਜੀਵਨ ਦੇ ਕਈ ਪਹਿਲੂ ਸਾਡੇ ਨਾਲ਼ ਮਿਲ਼ਦੇ-ਜੁਲ਼ਦੇ ਹਨ।”

ਜਿਵੇਂ?”

ਜਿਵੇਂ ਕਿ ਦਾਦਾ-ਦਾਦੀ ਤੇ ਨਾਨਾ-ਨਾਨੀ ਦਾ ਸਤਿਕਾਰ, ਭੈਣ-ਭਰਾਵਾਂ ਦਾ ਆਪਸੀ ਮੋਹ। ਰਿਸ਼ਤੇਦਾਰਾਂ ਤੇ ਭਾਈਚਾਰੇ ਵੱਲੋਂ ਇਕ-ਦੂਜੇ ਦੇ ਦੁੱਖ-ਸੁੱਖ ਵਿਚ ਸ਼ਾਮਲ ਹੋਣਾ ...

ਬਾਜ਼! ਮੈਨੂੰ ਤੂੰ ਆਪਣਿਆਂ ਵਰਗਾ ਲੱਗਾ ਏਂ। ਖਾਣਾ ਵੀ ਬਹੁਤ ਸੁਆਦ ਸੀ। ਥੈਂਕ ਯੂ ਵ੍ਹੈਰੀ ਮੱਚ।” ਪਲੇਟਾਂ ਖਾਲੀ ਕਰਦਾ ਮਾਈਕਲ ਬੋਲਿਆ।

ਮਾਈਕ ਤੇਰੇ ਨਾਲ਼ ਬੈਠ ਕੇ ਖਾਣ-ਪੀਣ ਤੇ ਗੱਲ਼ਾਂ ਕਰਨ ਦਾ ਮੈਨੂੰ ਵੀ ਬਹੁਤ ਮਜ਼ਾ ਆਇਆ। ਤੇਰਾ ਵੀ ਸ਼ੁਕਰੀਆਕੌਫੀ ਹੁਣੇ ਪੀਣੀ ਹੈ ਜਾਂ ਠਹਿਰ ਕੇ?” ਮੈਂ ਪੁੱਛਿਆ।

ਠਹਿਰ ਕੇ। ਮੌਸਮ ਵਧੀਆ ਹੈ। ਆਪਾਂ ਨਾਲ਼ ਵਾਲ਼ੇ ਪਾਰਕ ’ਚ ਚਲਦੇ ਹਾਂ।”

ਓ ਕੇ।” ਆਖਦਿਆਂ ਮੈਂ ਨਾਲ਼ ਟੁਰ ਪਿਆ।

ਪਾਰਕ ਵਿਚ ਅਸੀਂ ਮੇਪਲ ਦੀ ਸੰਘਣੀ ਛਾਂ ਹੇਠ ਬੈਂਚ ’ਤੇ ਜਾ ਬੈਠੇ। ਮਾਈਕਲ ਨੇ ਗੱਲ ਸ਼ੁਰੂ ਕਰ ਲਈ, “ਬਾਜ਼! ਮੈਂ ਕਿਤੇ ਪੜ੍ਹਿਆ ਸੀ ਕਿ ਸ਼ੁਰੂ ਵਿਚ ਜਿਹੜੇ ਭਾਰਤੀ ਇੱਥੇ ਆਏ, ਉਸ ਸਮੇਂ ਦੀ ਗੋਰਾ ਸਰਕਾਰ ਨੇ ਉਨ੍ਹਾਂ ਨਾਲ਼ ਮਾੜਾ ਵਰਤਾਓ ਕੀਤਾ।”

ਬਹੁਤ ਮਾੜਾ। ਉਹ ਨਸਲਵਾਦ ਦਾ ਸ਼ਿਕਾਰ ਹੋਏ। ੳਨ੍ਹਾਂ ਨਾਲ਼ ਪੈਰ-ਪੈਰ ’ਤੇ ਵਿਤਕਰਾ ਹੋਇਆਨਾ ਕੋਈ ਸਹੂਲਤ ਨਾ ਕੋਈ ਹੱਕ-ਹਕੂਕ। ਪਰ ਸਾਡੇ ਲੋਕਾਂ ਨੇ ਲੰਮੀ ਲੜਾਈ ਲੜੀ ਹੈ ਉਦੋਂ ਭਾਰਤ ਇੰਗਲੈਂਡ ਦੀ ਕਾਲੋਨੀ ਸੀ। ਸਾਡੇ ਮੁਢਲੇ ਪਰਵਾਸੀ - ਜਿਨ੍ਹਾਂ ਨੂੰ ਗਦਰੀ ਬਾਬੇ ਕਿਹਾ ਜਾਂਦੈ - ਭਾਰਤ ਨੂੰ ਆਜ਼ਾਦ ਕਰਵਾਉਣ ਲਈ ਇੱਥੋਂ ਵਾਪਸ ਚਲੇ ਗਏ। ਕਈ ਫਾਂਸੀਆਂ ’ਤੇ ਚੜ੍ਹ ਗਏ, ਕਈਆਂ ਨੇ ਉਮਰਾਂ ਜਿਹਲਾਂ ’ਚ ਗਾਲ਼ ਦਿੱਤੀਆਂ। ਉਨ੍ਹਾਂ ਤੋਂ ਅਗਲੇ ਭਾਰਤੀ ਕਨੇਡੀਅਨਾਂ ਨੇ ਆਪਣੀ ਆਰਥਿਕ ਮਜ਼ਬੂਤੀ ਅਤੇ ਹੱਕ ਹਾਸਲ ਕਰਨ ਲਈ ਲੰਮੀ ਜੱਦੋਜਹਿਦ ਕੀਤੀ।” ਮੈਂ ਮਾਣ ਨਾਲ਼ ਦੱਸਿਆ।

ਇਹਦਾ ਮਤਲਬ ਗੋਰਿਆਂ ਨੇ ਘੱਟ ਕਿਸੇ ਨਾਲ਼ ਵੀ ਨਹੀਂ ਕੀਤੀ। ਸਾਡੇ ਦੇਸ਼ ਵਿਚ ਆ ਕੇ ਸਾਡੀਆਂ ਹੀ ਜੜ੍ਹਾਂ ਉਖੇੜ ਦਿੱਤੀਆਂ। ਇੱਥੇ ਸ਼ੁਰੂ ’ਚ ਆਉਣ ਵਾਲ਼ੇ ਚੀਨਿਆਂ ਅਤੇ ਜਾਪਾਨੀਆਂ ਨਾਲ਼ ਵੀ ਇਨ੍ਹਾਂ ਨੇ ਧੱਕੇਸ਼ਾਹੀ ਕੀਤੀ।” ਮਾਈਕਲ ਦੇ ਚਿਹਰੇ ’ਤੇ ਗੁੱਸੇ ਦੇ ਚਿੰਨ੍ਹ ਉੱਭਰ ਪਏ।

ਮਾਈਕ ਤੂੰ ਠੀਕ ਕਿਹੈ। ਪਰ ਚੀਨਿਆਂ - ਜਾਪਾਨੀਆਂ ਨੇ ਵੀ ਭਾਰਤੀਆਂ ਵਾਂਗ ਆਪਣੇ ਹੱਕਾਂ ਤੇ ਬਰਾਬਰਤਾ ਲਈ ਜੱਦੋਜਹਿਦ ਕੀਤੀ। ਸਭ ਤੋਂ ਮਾੜਾ ਵਰਤਾਓ ਅਫਰੀਕਨਾਂ ਨਾਲ਼ ਹੋਇਆ। ਉਹ ਗੁਲਾਮ ਬਣਾਏ ਗਏ। ਜਾਨਵਰਾਂ ਵਾਂਗ ਉਨ੍ਹਾਂ ਦੀ ਵਿੱਕਰੀ ਹੋਈ। ਪਰ ਉਨ੍ਹਾਂ ਦੀ ਮਹਾਨਤਾ ਇਹ ਹੈ ਕਿ ਉਹ ਲਗਾਤਾਰ ਜੂਝਦੇ ਰਹੇ ... ਤੇ ਦੇਖ ਲੈ, ਅੱਜ ਉਨ੍ਹਾਂ ਦਾ ਪੁੱਤਰ ਅਮਰੀਕਾ ਦਾ ਰਾਸ਼ਟਰਪਤੀ ਬਣਿਆ ਹੋਇਐ। ਸੋ ਜ਼ਿੰਦਗੀ ਖੜੋਤ ਵਿਚ ਨਹੀਂ ਟੁਰਦੇ ਰਹਿਣ ਵਿਚ ਹੈ।”

ਮੈਨੂੰ ਗਹੁ ਨਾਲ਼ ਸੁਣ ਰਿਹਾ ਮਾਈਕਲ, ਸਿਰ ਹਿਲਾ-ਹਿਲਾ ਮੇਰੀ ਹਾਂ ਵਿਚ ਹਾਂ ਮਿਲ਼ਾ ਰਿਹਾ ਸੀ। ਢੁੱਕਵਾਂ ਮੌਕਾ ਦੇਖ ਕੇ ਮੈਂ ਗੱਲ ਉਹਦੇ ਵੱਲ ਨੂੰ ਮੋੜ ਲਈ, “ਮਾਈਕ ਪਿਆਰੇ! ਤੈਨੂੰ ਵੀ ਹਨੇਰੇ ਅਤੀਤ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਹੈ।”

ਬੜਾ ਔਖੈ।” ਮਾਈਕਲ ਨੇ ਕਸੀਸ ਵੱਟੀ।

ਔਖਾ ਕੁਝ ਨਹੀਂ ਹੁੰਦਾ, ਲੋੜ ਦ੍ਰਿੜ੍ਹਤਾ ਦੀ ਹੈ। ਔਖੇ ਵਕਤਾਂ, ਔਖੀਆਂ ਸਥਿਤੀਆਂ ਨਾਲ਼ ਭਿੜ ਕੇ ਹੀ ਅਗਾਂਹ ਲੰਘਿਆ ਜਾ ਸਕਦੈ। ਨਾਲ਼ੇ ਹੁਣ ਤਾਂ ਇਕ ਤਰ੍ਹਾਂ ਨਾਲ਼ ਸਮਾਂ ਵੀ ਤੇਰਾ ਮਦਦਗਾਰ ਹੈ। ਮੇਰਾ ਮਤਲਬ ਕਨੇਡਾ ਦੀ ਮੌਜੂਦਾ ਸਰਕਾਰ ਨੇ ਇੰਡੀਅਨ ਰੈਜ਼ਿਡੈਂਸ਼ਿਅਲ ਸਕੂ਼ਲਾਂ ਦੇ ਵਿਦਿਆਰਥੀਆਂ ਨਾਲ਼ ਹੋਏ ਦੋਸ਼ਪੂਰਨ ਵਿਉਹਾਰ ਬਾਰੇ ਨੇਟਿਵ ਭਾਈਚਾਰੇ ਤੋਂ ਮੁਆਫੀ ਮੰਗ ਲਈ ਹੈ। ਇਤਿਹਾਸ ਦੇ ਕਾਲ਼ੇ ਵਰਕਿਆਂ ਵਿਚ ਉਲਝੇ ਰਹਿਣਾ ਠੀਕ ਨਹੀਂ, ਲੋੜ ਨਵੇਂ ਵਰਕੇ ਪਲਟਣ ਦੀ ਹੈ। ਤੁਹਾਡੇ ਨਾਲ਼ ਜੋ ਮਾੜਾ ਹੋਇਆ, ਉਸਨੂੰ ਹੁਣ ਬਦਲਿਆ ਨਹੀਂ ਜਾ ਸਕਦਾ। ਲੋੜ ਉਸ ਤੋਂ ਅਗਾਂਹ ਟੁਰਨ ਦੀ ਹੈ। ਮੈਂ ਤੈਨੂੰ ਕਾਊਂਸਲਰ ਦੇ ਤੌਰ ’ਤੇ ਨਹੀਂ ਦੋਸਤ ਦੇ ਨਾਤੇ ਕਹਿ ਰਿਹਾਂ ਜਿਹੜੀਆਂ ਬੇਇਨਸਾਫੀਆਂ ਬਾਰੇ ਸੋਚ-ਸੋਚ ਤੂੰ ਮੰਦੇ ਹਾਲੀਂ ਹੋਇਆ ਪਿਐਂ, ਉਨ੍ਹਾਂ ਨੂੰ ਬਾਹਰ ਕੱਢ ਦੇ ... ਜਦੋਂ ਤੂੰ ਆਪਣੇ ਦੁੱਖ-ਦਰਦ ਮੇਰੇ ਕੋਲ਼ ਫੋਲੇਂਗਾ, ਤੇਰਾ ਮਨ ਹਲਕਾ ਹੋ ਜਾਏਗਾ। ਜ਼ਿੰਦਗੀ ਚੰਗੀ ਲੱਗਣ ਲੱਗ ਪਏਗੀ। ਮੈਨੂੰ ਮਾਣ ਹੋਵੇਗਾ ਕਿ ਮੇਰੇ ਮਿੱਤਰ ਨੇ ਮੇਰੀ ਗੱਲ ਮੰਨ ਲਈ ਹੈ। ਤੈਨੂੰ ਜ਼ਿੰਦਗੀ ਨਾਲ਼ ਜੁੜਿਆ ਵੇਖ ਕੇ ਮੈਨੂੰ ਚਿਰਜੀਵੀ ਸਕੂਨ ਮਿਲੇਗਾ।”

ਮਾਈਕਲ ਦੇ ਚਿਹਰੇ ’ਤੇ ਅਪਣੱਤ ਉੱਭਰ ਪਈ। ਮੇਰਾ ਹੱਥ ਆਪਣੇ ਹੱਥ ’ਚ ਲੈ ਕੇ ਸਨੇਹ ਭਰੀ ਸੁਰ ਵਿਚ ਬੋਲਿਆ, “ਪਿਆਰੇ ਬਾਜ਼! ਤੇਰੀਆਂ ਜੱਦੋਜਹਿਦ ਦੀਆਂ ਗੱਲਾਂ ਨੇ ਮੇਰੇ ਮਨ ਵਿਚ ਪ੍ਰੇਰਨਾ ਭਰੀ ਹੈ। ਅਤੇ ਤੇਰੀ ਦੋਸਤੀ ਨੇ, ਸੁਹਿਰਦਤਾ ਨੇ, ਮੇਰੀ ਬੇਚੈਨ ਰੂਹ ’ਤੇ ਠੰਢੀ ਫੁਹਾਰ ਵਰਗਾ ਅਸਰ ਕੀਤਾ ਹੈ। ਮੇਰੀ ਰੂਹ ਆਖਦੀ ਏ ਕਿ ਤੂੰ ਮੇਰਾ ਆਪਣਾ ਹੈਂ, ਖਾਸ ਆਪਣਾ। ਜੋ ਵੀ ਪੁੱਛੇਂਗਾਦੱਸਾਂਗਾ।”

ਥੈਂਕ ਯੂ ਡੀਅਰ! ਪਿਛਲੀ ਵਾਰ ਜਿੱਥੇ ਗੱਲ ਛੱਡੀ ਸੀ, ਉੱਥੋਂ ਸ਼ੁਰੂ ਕਰ।”

ਗੱਲ ਬੜੀ ਘਿਨਾਉਣੀ ਏ ... ਸਾਡੇ ਨਹਾਉਣ ਲਈ ਲਾਈਨਾਂ ਵਿਚ ਛੋਟੇ-ਛੋਟੇ ਵਾਸ਼ਰੂਮ ਬਣੇ ਹੋਏ ਸਨ। ਦਰਵਾਜ਼ਿਆਂ ਦੀ ਥਾਂ ਪਲਾਸਟਿਕ ਦੇ ਪਰਦੇ ਹੁੰਦੇ ਸਨ। ਅਸੀਂ ਨਗਨ ਹੋ ਕੇ ਨਹਾਉਂਦੇ ਸਾਂ। ਕਦੀ-ਕਦੀ ਬਰਦਰ ਅਲਬਰਟ ਆ ਕੇ ਸਾਡੀਆਂ ਪਿੱਠਾਂ ਮਲਣ ਲੱਗ ਪੈਂਦਾ। ਸਾਨੂੰ ਸਰੀਰ ਦੇ ਹਰ ਹਿੱਸੇ ਤੱਕ ਹੱਥ ਲਿਜਾ ਕੇ ਮਲਣ ਲਈ ਆਖਦਾ ਹੋਇਆ, ਉਹ ਸਾਡੀਆਂ ਪਿੱਠਾਂ ’ਤੇ ਸਾਬਣ ਲਾ ਕੇ ਪਹਿਲਾਂ ਨਰਮ ਜਿਹਾ ਬੁਰਸ਼ ਵਰਤਦਾ ਤੇ ਫਿਰ ਹੱਥਾਂ ਨਾਲ਼ ਮਲਣ ਲੱਗ ਪੈਂਦਾ। ਅਸੀਂ ਉਸਦੇ ਇਸ ਕਾਰਜ ਨੂੰ ਸਿਹਤ-ਸਿੱਖਿਆ ਵਜੋਂ ਲੈਂਦੇ ਸਾਂ। ਖੇਡਾਂ ਦਾ ਅਧਿਆਪਕ ਜੁ ਸੀ ਉਹ। ਇਕ ਦਿਨ ਮੇਰੀ ਪਿੱਠ ਮਲ਼ਦਿਆਂ ਉਸਦੇ ਉਤੇਜਿਤ ਹੋਏ ਹੱਥ ਕਮਰ ਤੋਂ ਹੇਠਲੇ ਹਿੱਸੇ ਦੀਆਂ ਮੁੱਠੀਆਂ ਭਰਨ ਲੱਗ ਪਏ। ਹੈਰਾਨੀ ਅਤੇ ਘਬਰਾਹਟ ਵਿਚ ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ। ਤੇ ਜਦੋਂ ਉਸਨੇ ਕਿਹਾ, ‘ਨਹਾ ਕੇ ਮੇਰੇ ਕਮਰੇ ਵਿਚ ਆਈਂ,’ ਮੇਰਾ ਸਾਹ ਸੁੱਕ ਗਿਆ। ਸਹਿਮਿਆ-ਸੁੰਗੜਿਆ ਮੈਂ ਉਸਦੇ ਕਮਰੇ ਵਿਚ ਚਲਾ ਗਿਆ।”

ਹਾਂ ਹਾਂ।” ਮੈਂ ਹੁੰਗਾਰਾ ਭਰਿਆ।

ਉਸਨੇ ਬੜੇ ਹੇਜ ਨਾਲ਼ ਮੈਨੂੰ ਆਪਣੇ ਬੈੱਡ ’ਤੇ ਬਿਠਾ ਲਿਆ ਅਤੇ ਖਾਣ ਲਈ ਚਾਕਲੇਟ ਦਿੱਤੀਆਂ ... ਮਿੱਠੀਆਂ-ਮਿੱਠੀਆਂ ਗੱਲਾਂ ਕਰਦਿਆਂ ਉਸਨੇ ਪਹਿਲਾਂ ਮੇਰੇ ਅਤੇ ਫਿਰ ਆਪਣੇ ਕੱਪੜੇ ਉਤਾਰ ਦਿੱਤੇ ... ਅਤੇ ਮੈਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ। ਮੇਰਾ ਤਨ-ਮਨ ਝੰਬਿਆ ਗਿਆ ... ਖੂਨ ਜਿਵੇਂ ਪਾਣੀ ਬਣ ਗਿਆ ਹੋਵੇ ... ਮੈਂ ਕੰਬੀ ਜਾ ਰਿਹਾ ਸਾਂ। ਉਸਨੇ ਮੈਨੂੰ ਛਾਤੀ ਨਾਲ਼ ਲਾ ਕੇ ਮੇਰੀ ਪਿੱਠ ਪਲੋਸੀ ਤੇ ਆਖਿਆ ਮੇਰੇ ਬਹੁਤ ਹੀ ਪਿਆਰੇ ਮਾਈਕ! ਘਬਰਾ ਕਿਉਂ ਗਿਐਂ? ਮੈਂ ਤੈਨੂੰ ਹਰਟ ਨਹੀਂ ਕੀਤਾ, ਪਿਆਰ ਕੀਤਾ ਹੈ। ਤੂੰ ਇਹ ਗੱਲ ਕਿਸੇ ਨੂੰ ਨਹੀਂ ਦੱਸਣੀ। ਜੇ ਦੱਸੀ ਤੇਰੇ ’ਤੇ ਗੰਭੀਰ ਦੋਸ਼ ਲਾ ਕੇ ਸਕੂਲੋਂ ਕਢਵਾ ਦਿਆਂਗਾ। ਕੋਈ ਵੀ ਸਕੂ਼ਲ ਤੈਨੂੰ ਦਾਖਲਾ ਨਹੀਂ ਦੇਵੇਗਾ। ਸੋ ਗੁਪਤ ਰਹਿਣੈ। ਅੱਜ ਤੋਂ ਮੈਂ ਤੈਨੂੰ ਆਪਣਾ ਖਾਸ ਵਿਦਿਆਰਥੀ ਬਣਾ ਲਿਐ। ਤੈਨੂੰ ਬਾਸਕਿਟਬਾਲ ਟੀਮ ਦਾ ਵਾਈਸ ਕੈਪਟਨ ਬਣਾ ਦਿਆਂਗਾ, ਹੋਰ ਸਹੂਲਤਾਂ ਵੀ ਮਿਲਣਗੀਆਂ। ਓ ਕੇ।”

ਉਹ ਬੰਦਾ ਨਹੀਂ, ਜਾਨਵਰ ਸੀ।” ਮੈਂ ਅਲਬਰਟ ਪ੍ਰਤੀ ਆਪਣੀ ਘਿਰਨਾ ਦਾ ਗੁਬਾਰ ਕੱਢਿਆ।

ਉਹ ਰਾਤ ਤੇ ਉਸ ਤੋਂ ਅਗਲੀਆਂ ਕਈ ਰਾਤਾਂ ਮੈਂ ਸੌਂ ਨਾ ਸਕਿਆ। ਮਲੀਨਤਾ ਦੇ ਅਹਿਸਾਸ ਵਿਚ ਮੈਨੂੰ ਸਵੈ ਤੋਂ ਬਦਬੂ ਆ ਰਹੀ ਸੀ ... ਸਾਹ ਚੱਲ ਰਿਹਾ ਸੀ ਪਰ ਮੈਂ ਆਪਣੇ ਆਪ ਨੂੰ ਮਰ ਗਿਆ ਮਹਿਸੂਸ ਕਰ ਰਿਹਾ ਸਾਂ ... ਢੱਠੇ ਹੋਏ ਮਨ ’ਚ ਇਹ ਗੱਲ ਬੈਠ ਗਈ ਸੀ ਕਿ ਅਸੀਂ ਨੇਟਿਵ ਘਟੀਆ ਲੋਕ ਹਾਂ ਤੇ ਗੋਰੇ ਵਧੀਆ ਅਤੇ ਸ਼ਕਤੀਸ਼ਾਲੀ, ਇਹ ਸਾਡੇ ਨਾਲ਼ ਜੋ ਮਰਜ਼ੀ ਕਰ ਸਕਦੇ ਹਨ ... ਚੜ੍ਹਦੀ ਜਵਾਨੀ ਦੇ ਮੇਰੇ ਉਹ ਦਿਨ ਹੱਸਣ-ਖੇਡਣ ਦੇ ਸਨ ਪਰ ਮੈਂ ਜਿਉਂਦਿਆਂ ਹੀ ਮਰ ਜਾਣ ਦਾ ਸੰਤਾਪ ਭੋਗ ਰਿਹਾ ਸਾਂ।”

ਕੀ ਉਹ ਹੋਰ ਲੜਕਿਆਂ ਨਾਲ਼ ਵੀ ਇਹ ਗੰਦਾ ਕੰਮ ਕਰਦਾ ਸੀ?”

ਹਾਂ ਕਰਦਾ ਸੀ। ਉਹਦਾ ਸ਼ਿਕਾਰ ਬਣੇ ਲੜਕੇ ਦੂਜਿਆਂ ਤੋਂ ਲੁਕੋ ਰੱਖਦੇ ਸਨ। ਸ਼ਰਮ ਕਿਹੜੀ ਥੋੜ੍ਹੀ ਸੀ। ਕੁਝ ਲੜਕੇ ਢੀਠ ਵੀ ਬਣ ਗਏ ਸਨ। ਅਜਿਹਾ ਇਕ ਸਾਡੀ ਬਾਸਕਿਟਬਾਲ ਟੀਮ ਦਾ ਖਿਡਾਰੀ ਸੀ। ਉਹ ਕਿਹਾ ਕਰਦਾ ਸੀ ਬਰਦਰ ਅਲਬਰਟ ਮੈਨੂੰ ਬਹੁਤ ਲਾਈਕ ਕਰਦੈ। ਸਪੈਸ਼ਲ ਡਾਈਟ ਲੁਆ ਦਿੱਤੀ ਹੋਈ ਏ। ਕੋਈ ਫਾਲਤੂ ਕੰਮ ਨਹੀਂ ਕਰਨਾ ਪੈਂਦਾ। ਮੈਂ ਤਾਂ ਉਹਦੇ ਸਿਰ ’ਤੇ ਐਸ਼ ਕਰਦਾਂ।”

ਮਾਈਕਲ ਘੜੀ ਵੇਖ ਕੇ ਉੱਠ ਪਿਆ। ਉਹਨੂੰ ਘਰ ਵਿਚ ਕੋਈ ਕੰਮ ਸੀ।

ਅਗਲਾ ਸੈਸ਼ਨ ਕਦੋਂ ਰੱਖੀਏ?” ਮੈਂ ਪੁੱਛਿਆ।

ਤੂੰ ਦੱਸ ਦੇ।”

ਮੈਂ ਆਪਣੀ ਡਾਇਰੀ ਚੈੱਕ ਕਰਕੇ ਆਖਿਆ, “ਸਤਾਰਾਂ ਜੁਲਾਈ ਸਵੇਰੇ ਦਸ ਵਜੇ, ਮੇਰੇ ਦਫਤਰ ’ਚ, ਠੀਕ ਹੈ?”

ਠੀਕ ਹੈ।” ਮਾਈਕ ਨੇ ਤਪਾਕ ਨਾਲ਼ ਹੱਥ ਮਿਲ਼ਾਇਆ ਤੇ “ਬਾਇ” ਆਖ ਕੇ ਟੁਰ ਗਿਆ।

ਹਾਇ ਬਾਜ਼!” ਇਹ ਆਵਾਜ਼ ਮਾਈਕਲ ਦੀ ਹੈ। ਵੇਟਿੰਗ-ਰੂਮ ’ਚ ਉਹ ਮੇਰੇ ਸਾਹਮਣੇ ਆ ਖਲੋਇਆ ਹੈ।

ਕਿਵੇਂ ਚੱਲ ਰਹੀ ਹੈ ਸੁਣਵਾਈ?” ਉਤਸੁਕ ਹੋਇਆ ਮੈਂ ਪੁੱਛਦਾ ਹਾਂ।

ਪਹਿਲਾਂ ਘਬਰਾਹਟ ਹੋਈ ਸੀ। ਪਰ ਐਡਜੁਡੀਕੇਟਰ ਤੇ ਸਰਕਾਰੀ ਵਕੀਲ ਬਹੁਤ ਚੰਗੇ ਹਨ। ਕਹਿਣ ਲੱਗੇ, ‘ਘਬਰਾਉਣਾ ਨਹੀਂ। ਅਸੀਂ ਤੇਰਾ ਦੁੱਖ-ਦਰਦ ਸੁਣਨ ਲਈ ਬੈਠੇ ਹਾਂ। ਜੋ ਵੀ ਮਨ ਵਿਚ ਹੈ ਬੇਝਿਜਕ ਹੋ ਕੇ ਕਹਿ ਦੇ।’ ਮੇਰਾ ਹੌਸਲਾ ਵਧ ਗਿਆ ... ਹੁਣ ਬਰੇਕ ਹੋਈ ਏ।”

ਵੇਟਿੰਗ-ਰੂਮ ਵਿੱਚੋਂ ਉੱਠ ਅਸੀਂ ਲਾਗਲੇ ਕੈਫੇਟੇਰੀਆ ਵਿਚ ਚਲੇ ਗਏ। ਦੋਨਾਂ ਨੇ ਹਲਕਾ ਜਿਹਾ ਲੰਚ ਕੀਤਾ। ਉਪ੍ਰੰਤ ਉਹ ਆਪਣੀ ਗਾਥਾ ਸੁਣਾਉਣ ਅੰਦਰ ਚਲਾ ਗਿਆ ਤੇ ਮੇਰੇ ਦਿਲ-ਦਿਮਾਗ ’ਚ ਰਿਕਾਰਡ ਹੋਈ ਉਸਦੀ ਗਾਥਾ ਮਨ ਦੀ ਸਕਰੀਨ ’ਤੇ ਮੁੜ ਚੱਲ ਪਈ।

ਅਗਲਾ ਸੈਸ਼ਨ ਮੇਰੇ ਇਸ ਸਵਾਲ ਤੋਂ ਸ਼ੁਰੂ ਹੋਇਆ, “ਮਾਈਕ! ਕੀ ਤੁਹਾਡੇ ਸਕੂਲ ਵਿਚ ਲੜਕੀਆਂ ਨਾਲ਼ ਵੀ ਖੇਹ-ਖਰਾਬੀ ਹੋਈ?”

ਮਈਕਲ ਨੇ ਦੱਸਿਆ ਕਿ ਲੜਕੀਆਂ ਦਾ ਬਲਾਕ ਉਨ੍ਹਾਂ ਦੇ ਬਲਾਕ ਤੋਂ ਅਲੱਗ ਸੀ। ਟੀਚਰ ਕੁਝ ਸਾਂਝੇ ਸਨ, ਕੁਝ ਵੱਖਰੇ-ਵੱਖਰੇ। ਉਨ੍ਹਾਂ ਦਾ ਪ੍ਰਿੰਸੀਪਲ ਹੋਰ ਸੀ ਤੇ ਲੜਕਿਆਂ ਦਾ ਹੋਰ। ਉਨ੍ਹਾਂ ਦੀ ਮੈੱਸ ਤੇ ਕਲਾਸ-ਰੂਮ ਵਗੈਰਾ ਵੀ ਵੱਖਰੇ ਸਨ। ਜਿਸ ਕਰਕੇ ਮਾਈਕਲ ਨੂੰ ਉਦੋਂ ਪਤਾ ਨਹੀਂ ਸੀ ਲੱਗਾ। ਸਕੂਲ ਛੱਡਣ ਬਾਅਦ ਕਲੈਰਾ ਨੇ ਉਸਨੂੰ ਦੱਸਿਆ ਸੀ ਕਿ ਉਨ੍ਹਾਂ ਦਾ ਪ੍ਰਿੰਸੀਪਲ ਕੁਕਰਮੀ ਸੀ। ਜਿਹੜੀ ਲੜਕੀ ਉਸਦੀ ਨਿਗ੍ਹਾ ਚੜ੍ਹ ਜਾਂਦੀ, ਉਸ ਨੂੰ ਉਹ ਆਪਣੇ ਦਫਤਰ ਵਿਚ ਸੱਦ ਲੈਂਦਾ। ਪੜ੍ਹਾਈ ਜਾਂ ਵਿਹਾਰ ਪੱਖੋਂ ਉਸਦੀ ਪ੍ਰਸ਼ੰਸਾ ਕਰਕੇ ਮਾੜੀ-ਮੋਟੀ ਸਹੂਲਤ ਦਾ ਚੋਗਾ ਪਾ ਦੇਂਦਾ। ਫਿਰ ਸ਼ਹਿਜਾਦੀ, ਰਾਜਕੁਮਾਰੀ ਵਰਗੇ ਵਿਸ਼ੇਸ਼ਣਾਂ ਨਾਲ਼ ਉਸ ਨੂੰ ਹਵਾ ’ਚ ਉਛਾਲ ਦੇਂਦਾ। ਲੜਕੀਆਂ ਅੱਲ੍ਹੜ ਸਨ, ਉਸਦੇ ਜਾਲ਼ ਵਿਚ ਫਸ ਜਾਂਦੀਆਂ। ਇਹ ਗੇਮ ਉਹਨੇ ਕਲੈਰਾ ਨਾਲ਼ ਵੀ ਖੇਡਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋਇਆ ... ਜਦੋਂ ਉਹ ਕਲੈਰਾ ਨੂੰ ਜੱਫੀ ਪਾਉਣ ਲੱਗਾ ਤਾਂ ਉਹਨੇ ਉਸਦੀ ਬਾਂਹ ’ਤੇ ਇੰਨੇ ਜ਼ੋਰ ਨਾਲ਼ ਦੰਦੀ ਵੱਢੀ ਕਿ ਖੂਨ ਨਿਕਲ਼ ਆਇਆ।

ਪ੍ਰਿੰਸੀਪਲ ਨੇ ਕਲੈਰਾ ਨੂੰ ਇਕਲਵਾਂਜੇ ਕਮਰੇ ਵਿਚ ਬੰਦ ਕਰ ਦਿੱਤਾ ਤਾਂ ਕਿ ਉਸਦਾ ਹੋਰ ਵਿਦਿਆਰਥਣਾਂ ਨਾਲ਼ ਸੰਪਰਕ ਨਾ ਹੋ ਸਕੇ। ਤੇ ਉਸੇ ਵਕਤ ਉਸਨੇ ਕਲੈਰਾ ਦੇ ਡੈਡ ਨੂੰ ਚਿੱਠੀ ਲਿਖੀ ਕਿ ਉਹ ਸਕੂਲ ਦਾ ਡਸਿਪਲਨ ਭੰਗ ਕਰਦੀ ਹੈ, ਜਿਸ ਕਰਕੇ ਉਸਨੂੰ ਸਕੂਲ ਵਿੱਚੋਂ ਕੱਢਿਆ ਜਾ ਰਿਹਾ ਹੈ। ਖੜ੍ਹੇ ਪੈਰ ਇਕ ਅਧਿਆਪਕ ਦੀ ਡਿਊਟੀ ਲਾ ਕੇ ਉਸ ਨਾਲ਼ ਕਲੈਰਾ ਘਰ ਨੂੰ ਤੋਰ ਦਿੱਤੀ। ਕਲੈਰਾ ਦੇ ਮੌਮ-ਡੈਡ ਨੂੰ ਪੁਲਿਸ ਵਿਚ ਰਿਪੋਰਟ ਕਰਨੀ ਚਾਹੀਦੀ ਸੀ ਪਰ ਉਹ ਇਸ ਪਾਸੇ ਨੂੰ ਟੁਰੇ ਹੀ ਨਾ। ਕਲੈਰਾ ਦੀ ਭੂਆ ਇਕ ਡੇਅ-ਸਕੂਲ ਵਿਚ ਸਫਾਈ ਦਾ ਕੰਮ ਕਰਦੀ ਸੀ। ਉਸਨੇ ਪ੍ਰਿੰਸੀਪਲ ਨੂੰ ਬੇਨਤੀ ਕੀਤੀ। ਉਹ ਨੇਕ ਕੈਥੋਲਿਕ ਸੀ। ਅਸਨੇ ਕਲੈਰਾ ਨੂੰ ਦਾਖਲ ਕਰ ਲਿਆ। ਕਲੈਰਾ ਨੇ ਬਾਰਾਂ ਜਮਾਤਾਂ ਉੱਥੇ ਹੀ ਪੂਰੀਆਂ ਕੀਤੀਆਂ ਸਨ।

ਕੀ ਕਲੈਰਾ ਨੂੰ ਹੋਰ ਲੜਕੀਆਂ ਬਾਰੇ ਵੀ ਪਤਾ ਸੀ?” ਮੈਂ ਪ੍ਰਸ਼ਨ ਕੀਤਾ।

ਹਾਂ ਪਤਾ ਸੀ, ਉਨ੍ਹਾਂ ਵਿੱਚੋਂ ਇਕ ...” ਅਗਲੀ ਗੱਲ ਜਿਵੇਂ ਮਾਈਕਲ ਦੇ ਸੰਘ ਵਿਚ ਫਸ ਗਈ ਹੋਵੇ। ਪਲ ਵਿਚ ਹੀ ਉਸਦੀਆਂ ਅੱਖਾਂ ਅੰਗਿਆਰ ਬਣ ਗਈਆਂ ... ਚਿਹਰਾ ਤਮਤਮਾ ਉੱਠਿਆ, ਸਾਹ ਤੇਜ਼ ਹੋ ਗਿਆ। ਮੈਂ ਉਸ ਵੱਲ ਪਾਣੀ ਦੀ ਬੋਤਲ ਵਧਾਈ। ਉਸਨੇ ਵਗਾਹ ਕੇ ਪਰੇ ਸੁੱਟ ਦਿੱਤੀ। ਮੈਂ ਉੱਠ ਕੇ ਪਾਸੇ ਹੋ ਗਿਆ। ਟੇਢੀ ਨਜ਼ਰੇ ਉਸ ਵੱਲ ਤੱਕਿਆ। ਉਸਦੀ ਨਿਗ੍ਹਾ ਮੇਰੇ ਦਫਤਰ ਵਿੱਚੋਂ ਦਿਸਦੇ ਦਰਿਆ ’ਤੇ ਟਿਕੀ ਹੋਈ ਸੀ, ਆਪਣੇ ਅੰਦਰਲਾ ਜਵਾਰਭਾਟਾ ਜਿਵੇਂ ਉਹ ਦਰਿਆ ਵਿਚ ਉਤਾਰ ਰਿਹਾ ਹੋਵੇ। ਕੁਝ ਦੇਰ ਬਾਅਦ ਉਹ ਮੇਰੇ ਬਰਾਬਰ ਆ ਖਲੋਇਆ ਤੇ ਗਲ਼ਘੋਟੂ ਜਿਹਾ ਲੈ ਕੇ ਬੋਲਿਆ, “ਬਾਜ਼! ਤੂੰ ਗੁੱਸਾ ਕਰ ਗਿਐਂ?”

ਹਮਦਰਦ ਗੁੱਸਾ ਨਹੀਂ ਕਰਦੇ ਹੁੰਦੇ।” ਉਸਦੇ ਮੋਢੇ ’ਤੇ ਹੱਥ ਧਰਦਿਆਂ ਮੈਂ ਉਸਨੂੰ ਵੱਖੀ ਨਾਲ਼ ਲਾ ਲਿਆ।

ਕੀ ਕਰਾਂ! ਜ਼ਖਮ ਹੈਨ ਹੀ ਬਹੁਤ ਗਹਿਰੇ। ਉਚੇੜਨ ਨਾਲ਼ ਦਰਦਾਂ ਦੀ ਤੜਫਾਹਟ ਮੁੜ ਸ਼ੁਰੂ ਹੋ ਜਾਂਦੀ ਏ ...

ਤੇ ਮਾਈਕਲ ਨੇ ਦੱਸਿਆ ਸੀ ਕਿ ਸਕੂਲ ਦੀ ਪੜ੍ਹਾਈ ਖਤਮ ਕਰਕੇ ਉਸਨੇ ਕਿੱਤਾਕਾਲਜ ਵਿਚ ਤਰਖਾਣਾ-ਕੰਮ ਦਾ ਕੋਰਸ ਸ਼ੁਰੂ ਕਰ ਲਿਆ ਸੀ। ਉਸੇ ਕਾਲਜ ਵਿਚ ਕਲੈਰਾ ਕੰਪਿਊਟਰ ਦਾ ਕੋਰਸ ਕਰਨ ਆ ਲੱਗੀ ਸੀ। ਉਨ੍ਹਾਂ ਦਾ ਇਸ਼ਕ ਸ਼ੁਰੂ ਹੋ ਗਿਆਰੋਜ਼ੈਨ ਦੀ ਅਗਾਂਹ ਪੜ੍ਹਨ ਵਿਚ ਦਿਲਚਸਪੀ ਨਹੀਂ ਸੀ। ਉਸਨੇ ਇਕ ਡੇਅਰੀ-ਫਾਰਮ ਵਿਚ ਨੌਕਰੀ ਕਰ ਲਈਉੱਥੇ ਉਸਦੀ ਰੈਜ਼ੀਡੈਂਸ਼ਿਅਲ ਸਕੂਲ ਦੇ ਸਾਬਕਾ ਵਿਦਿਆਰਥੀ ਮਾਰਵਿਨ ਨਾਲ਼ ਦੋਸਤੀ ਪੈ ਗਈ ਸੀ।

ਕੋਰਸ ਪੂਰਾ ਹੋਣ ’ਤੇ ਮਾਈਕਲ ਨੇ ਜੌਬ ਲੱਭ ਲਈ ਸੀ।

ਰੋਜ਼ੈਨ ਤੇ ਮਾਰਵਿਨ ਦੇ ਵਿਆਹ ’ਤੇ ਮਾਈਕਲ ਹੁਰਾਂ ਦੇ ਭਾਈਚਾਰੇ ਅਤੇ ਰਿਸ਼ਤੇਦਾਰਾਂ ਨੇ ਖੂਬ ਰੌਣਕਾਂ ਲਾਈਆਂ। ਭੈਣ ਦੇ ਵਿਆਹ ਵਿਚ ਉਸਨੇ ਦੌੜ-ਦੌੜ ਕੰਮ ਕੀਤਾ। ਚਾਵਾਂ ਨਾਲ਼ ਰੋਜ਼ੈਨ ਦਾ ਵਿਆਹ ਨਿਪਟਾ ਕੇ ਉਨ੍ਹਾਂ ਦੇ ਮੌਮ-ਡੈਡ, ਆਪਣੇ ਹੁਣ ਤੱਕ ਦੇ ਗ੍ਰਹਿਸਤੀ ਦੇ ਸਫਰ ਨੂੰ ਸੰਤੁਸ਼ਟੀ ਨਾਲ਼ ਵੇਖਦੇ ਸਨ। ਮਾਈਕਲ ਦਾ ਜੌਬ ’ਤੇ ਹੋਣਾ ਉਨ੍ਹਾਂ ਵਾਸਤੇ ਪਰਿਵਾਰਕ ਤਰੱਕੀ ਵਾਲ਼ੀ ਗੱਲ ਸੀ। ਉਨ੍ਹਾਂ ਦੀਆਂ ਲੋਕਾਂ ਨਾਲ਼ ਪੁੱਤਰ ਤੇ ਧੀ ਦੀਆਂ ਗੱਲਾਂ ਵਿੱਚੋਂ ਮਾਣ ਝਲਕਦਾ ਸੀ। ਉਸ ਮਾਣ ਅਤੇ ਤਰੱਕੀ ਦੇ ਅਹਿਸਾਸ ਨੇ ਮਾਈਕਲ ਅੰਦਰ ਪਈਆਂ ਦੁਖਦਾਈ ਯਾਦਾਂ ਮੱਧਮ ਪਾ ਦਿੱਤੀਆਂ। ਚੰਗੇ ਭੱਵਿਖ ਦੀ ਆਸ ਵਿਚ ਉਸਦੇ ਮਨ ਵਿਚ ਉਤਸ਼ਾਹ ਉੱਗਮ ਪਿਆ। ਉਸ ਉਤਸ਼ਾਹ ਦੇ ਬੱਲ ਹੀ ਉਸਨੇ, ਰੋਜ਼ੈਨ ਤੇ ਮਾਰਵਿਨ ’ਚ ਚੱਲ ਰਹੇ ਤਣਾਅ ਦੀ ਪ੍ਰਵਾਹ ਨਾ ਕੀਤੀ। ... ਤੇ ਜਦੋਂ ਉਨ੍ਹਾਂ ਦਾ ਰਿਸ਼ਤਾ ਟੁੱਟਿਆ, ਦੁੱਖ ਤਾਂ ਹੋਇਆ ਪਰ ਉਹ ਦੁੱਖ ਉਸਨੇ ਮਨ ਨੂੰ ਨਾ ਲਾਇਆ। ਉਸਨੂੰ ਵਿਸ਼ਵਾਸ ਸੀ ਕਿ ਉਸਦੀ ਸੁਹਣੀ ਭੈਣ ਨੂੰ ਹੋਰ ਸਾਥੀ ਮਿਲ਼ ਜਾਏਗਾ ... ਤੇ ਉਸਦਾ ਵਿਸ਼ਵਾਸ ਠੀਕ ਹੀ ਸਾਬਤ ਹੋਇਆ ... ਰੋਜ਼ੈਨ ਦਾ ਨਵਾਂ ਸਾਥੀ ਪਹਿਲੇ ਨਾਲ਼ੋਂ ਜ਼ਿਆਦਾ ਜਚਦਾ ਸੀ, ਖਾਸ ਕਰਕੇ ਬੋਲ-ਚਾਲ ਪੱਖੋਂ। ਘਰ ਦੇ ਖੁਸ਼ਗਵਾਰ ਹਾਲਾਤ ਸਨ ਜਾਂ ਪਤਾ ਨਹੀਂ ਕੀ ਕਿ ਮਾਈਕਲ ਦੇ ਬੁੱਲ੍ਹਾਂ ’ਤੇ ਰੁਮਾਂਚਿਕ ਗੀਤਾਂ ਦੀ ਗੁਣਗੁਣਾਹਟ ਸ਼ੁਰੂ ਹੋ ਗਈ। ਕਲੈਰਾ ਨਾਲ਼ ਉਸਦੀਆਂ ਮੁਲਾਕਾਤਾਂ ਰੰਗੀਨ ਹੋ ਗਈਆਂ ... ਸਮੇਂ ਨੇ ਜਿਵੇਂ ਸ਼ੂਟ ਵੱਟ ਲਈ ਹੋਵੇ। ਪਰ ਜਦੋਂ ਰੋਜ਼ੈਨ ਦਾ ਰਿਸ਼ਤਾ ਦੂਜੀ ਵਾਰ ਟੁੱਟਿਆ ਤਾਂ ਸਮਾਂ ਜਿਵੇਂ ਪਿਛਲਖੁਰੀ ਮੁੜ ਪਿਆ ਹੋਵੇ। ਮਾਈਕਲ ਅਤੇ ਉਸਦੇ ਮੌਮ-ਡੈਡ ਵਾਸਤੇ ਬਹੁਤ ਵੱਡਾ ਝਟਕਾ ਸੀ ਉਹ। ਮਾਈਕਲ ਨੇ ਰੋਜ਼ੈਨ ਨੂੰ ਕਾਰਨ ਪੁੱਛਿਆ। ਪਰ ਉਸਨੇ ਕੁਝ ਨਾ ਦੱਸਿਆ। ਕਲੈਰਾ ਨਾਲ਼ ਉਸਦਾ ਸਹੇਲਪੁਣਾ ਪਹਿਲਾਂ ਵਾਂਗ ਹੀ ਸੀ। ਮਾਈਕਲ ਨੇ ਉਸ ਨਾਲ਼ ਗੱਲ ਕੀਤੀ। ਉਸਨੇ “ਪਤਾ ਨਹੀਂ” ਆਖ ਦਿੱਤਾ।

ਤੇਰੀ ਸਹੇਲੀ ਐ ਪਤਾ ਕਰ। ਸ਼ਾਇਦ ਆਪਾਂ ਉਹਦੀ ਕੋਈ ਮਦਦ ਕਰ ਸਕੀਏ।” ਮਾਈਕਲ ਨੇ ਜ਼ੋਰ ਦੇ ਕੇ ਆਖਿਆ।

ਆਪਣੀ ਮਦਦ ਤੋਂ ਬਾਹਰ ਦੀ ਗੱਲ ਹੈ।” ਉਹ ਬੋਲੀ

ਇਹਦਾ ਮਤਲਬ ਤੈਨੂੰ ਪਹਿਲਾਂ ਹੀ ਪਤੈ।”

ਪਤੈ ਪਰ ਉਹਨੇ ਮੈਨੂੰ ਕਿਸੇ ਹੋਰ ਨੂੰ ਦੱਸਣ ਤੋਂ ਮਨ੍ਹਾਂ ਕੀਤਾ ਹੋਇਐ।”

ਕਲੈਰਾ ਡਾਰਲਿੰਗ ਮੈਂ ‘ਕੋਈ ਹੋਰ’ ਨਹੀਂ ਉਹਦਾ ਭਰਾ ਹਾਂ, ਦਰਦਮੰਦ ਭਰਾ ...

ਤੇ ਕਲੈਰਾ ਤੋਂ ਭੈਣ ਨਾਲ਼ ਵਾਪਰੀਆਂ ਸੁਣ ਕੇ ਉਸਨੂੰ ਇੰਜ ਲੱਗਾ ਸੀ ਜਿਵੇਂ ਉਸਦੀ ਜ਼ਿੰਦਗੀ ਦੀ ਹਨ੍ਹੇਰੀ ਸੁਰੰਗ ’ਚ ਉੱਗੀ ਰੌਸ਼ਨੀ ਭੜਾਕਾ ਮਾਰ ਕੇ ਬੁਝ ਗਈ ਹੋਵੇ ... ਰੋਜ਼ੈਨ ਦਾ ਪ੍ਰਿੰਸੀਪਲ ਉਸਦਾ ਜਿਨਸੀ-ਸੋਸ਼ਣ ਕਰਦਾ ਰਿਹਾ ਸੀ। ਤੇ ਮਾਰਵਿਨ ਨਾਲ਼, ਮਾਈਕਲ ਵਾਂਗ, ਰੈਜ਼ੀਡੈਂਸ਼ਿਅਲ ਸਕੂਲ ’ਚ ਬਦਫੈਲੀ ਹੋਈ ਸੀ। ਦੋਨਾਂ ਦੇ ਮਨਾਂ ਵਿਚ ਦੱਬੀ ਹੋਈ ਜਲਾਲਤ ਕਾਰਨ ਉਹ ਆਪਸ ਵਿਚ ਖੁੱਲ੍ਹ ਨਾ ਸਕੇ। ਰਿਸ਼ਤਾ ਜਿਸਮਾਂ ਤੱਕ ਹੀ ਸੀਮਤ ਰਿਹਾ। ਦਿਲਾਂ ਦੀ ਇਕਮਿਕਤਾ ਨਾ ਬਣੀ। ਕੋਲ਼-ਕੋਲ਼ ਹੁੰਦੇ ਹੋਏ ਵੀ ਉਹ ਦੂਰੀਆਂ ਹੀ ਹੰਢਾਉਂਦੇ ਰਹੇ। ਰੋਜ਼ੈਨ ਨੇ ਦੂਜੇ ਸਾਥੀ ਨੂੰ, ਪਹਿਲੀਆਂ ਮੁਲਾਕਾਤਾਂ ਵਿਚ ਹੀ ਆਪਣੀ ਸਕੂਲੀ ਜ਼ਿੰਦਗੀ ਬਾਰੇ ਦੱਸ ਦਿੱਤਾ ਸੀ। ਉਸ ਬੰਦੇ ਨੇ ਫਰਾਖਦਿਲੀ ਦਿਖਾਉਂਦਿਆਂ ਰਿਸ਼ਤਾ ਗੰਢ ਲਿਆ। ਪਰ ਕੁਝ ਅਰਸੇ ਬਾਅਦ ਰੋਜ਼ੈਨ ਨੂੰ ਨੀਵੀਂ ਦਿਖਾਉਣ ਲੱਗ ਪਿਆਮਾਨਸਿਕ ਤੇ ਭਾਵਨਾਤਮਿਕ ਕਲੇਸ਼ ਵਿਚ ਪਿੰਜ ਹੋ ਰਹੀ ਰੋਜ਼ੈਨ ਨੇ ਰਿਸ਼ਤਾ ਤੋੜ ਲਿਆ ਸੀ।

ਮਾਈਕਲ ਅੰਦਰੋਂ ਗੱਲਾਂ ਕੱਢਣ ਲਈ ਹੁਣ ਉਸ ਨੂੰ ਪਤਿਆਉਣ-ਪ੍ਰੇਰਨ ਦੀ ਲੋੜ ਨਹੀਂ ਸੀ। ਉਹ ਆਪਣੇ ਆਪ ਹੀ ਬਿਆਨ ਕਰੀ ਜਾਂਦਾ। ਮੈਂ ਚੁੱਪ-ਚਾਪ ਸੁਣਦਾ ਰਹਿੰਦਾ, ਵਿਚ ਉਦੋਂ ਹੀ ਬੋਲਦਾ ਜਦੋਂ ਸਾਈਡ ’ਤੇ ਰਹਿ ਗਈ ਕੋਈ ਗੱਲ ਪੁੱਛਣੀ ਹੁੰਦੀ। ਉਸਨੇ ਦੱਸਿਆ ਸੀ ਕਿ ਭੈਣ ਨੂੰ ਝੂਰਦੀ-ਟੁੱਟਦੀ ਦੇਖ ਉਸਦਾ ਆਪਾ ਕਿਰਨ-ਮਕਿਰਨੀ ਹੋਣ ਲੱਗ ਪੈਂਦਾ। ਅੰਦਰੋਂ ਉੱਠੀ ਚੀਸ ਉਸਦੇ ਦਿਲ ਨੂੰ ਆਰੀ ਵਾਂਗ ਚੀਰਨ ਲਗਦੀ। ਭੈਣ ਦੀ ਮਾਰੂਥਲ ਬਣੀ ਜ਼ਿੰਦਗੀ ਦੀਆਂ ਹਵਾਵਾਂ ਉਸ ਅੰਦਰਲੇ ਮਾਰੂਥਲ ਨੂੰ ਤਪਾ ਜਾਂਦੀਆਂ। ਸੜਦਾ-ਭੁੱਜਦਾ ਉਹ ਮੌਮ-ਡੈਡ ਨਾਲ਼ ਖਹਿਬੜ ਪੈਂਦਾ ਕਿ ਉਨ੍ਹਾਂ ਨੇ ਰੋਜ਼ੈਨ ਤੇ ਉਸਨੂੰ ਰੈਜ਼ੀਡੈਂਸ਼ਿਅਲ ਸਕੂਲ ਕਿਉਂ ਭੇਜਿਆ। ਉਹ ਆਪਣੀ ਥਾਂ ਸੱਚੇ ਹੋਣ ਲੱਗ ਪੈਂਦੇ। ਬਹਿਸ-ਬਹਿਸਾਈ ਵਿਚ ਮੌਮ, ਡੈਡ ਨੂੰ ਦੋਸ਼ ਦੇਣ ਲੱਗ ਜਾਂਦੀ ਕਿ ਉਹ ਉਸ ਸਕੂਲ ਦੀ ਸਲਾਹੁਤਾ ਕਰਦਾ ਨਹੀਂ ਸੀ ਥੱਕਦਾ ਹੁੰਦਾ।

ਰੋਜ਼ੈਨ ਨੂੰ ਡਿਪਰੈਸ਼ਨ ਹੋ ਗਈ ਸੀ। ਉਹ ਚੁੱਪ-ਗੜੁੱਪ ਹੋ ਕੇ ਇਕ ਪਾਸੇ ਜਾ ਬੈਠਦੀ। ਪਰ ਅੰਦਰ ਝੁੱਲ ਰਿਹਾ ਝੱਖੜ ਉਸਦੇ ਚਿਹਰੇ ’ਤੇ ਉੱਘੜ ਰਿਹਾ ਹੁੰਦਾ।

ਮਾਈਕਲ ਅਤੇ ਉਸਦੇ ਮੌਮ-ਡੈਡ ਦੀ ਲੜਾਈ ਨਿੱਤ ਦਾ ਕਲੇਸ਼ ਬਣ ਗਈ।

ਉਨ੍ਹਾਂ ਹੀ ਦਿਨਾਂ ਵਿਚ ਇਕ ਘਟਨਾ ਹੋਰ ਵਾਪਰ ਗਈ। ਜਿਸ ਕੰਪਨੀ ਵਿਚ ਮਾਈਕਲ ਜੌਬ ਕਰਦਾ ਸੀ, ਉਸਦਾ ਕਾਰੋਬਾਰ ਠੰਢਾ ਪੈ ਗਿਆ। ਕੰਪਨੀ ਨੇ ਮਾਈਕਲ ਸਮੇਤ ਚਾਰ ਕਾਮਿਆਂ ਨੂੰ ਕੰਮ ਤੋਂ ਜਵਾਬ ਦੇ ਦਿੱਤਾ। ਜਿਹੜੀ ਜੌਬ ਮਾਈਕਲ ਨੇ ਹੋਰ ਲੱਭੀ ਉਹ ਘਰੋਂ ਦੂਰ ਸੀ। ਕਲੈਰਾ ਦੀ ਲੱਕੜ-ਮਿੱਲ ਦੀ ਦਫਤਰੀ ਜੌਬ ਲਾਗੇ ਹੀ ਸੀ। ਉਹ ਮਾਈਕਲ ਨੂੰ ਵੀ ਲਾਗੇ-ਚਾਗੇ ਦੀ ਕਿਸੇ ਕੰਪਨੀ ਵਿਚ ਕੋਸ਼ਿਸ਼ ਕਰਨ ਲਈ ਕਹਿ ਰਹੀ ਸੀ। ਪਰ ਉਹ ਘਰ ਦੇ ਕਲੇਸ਼ ਤੋਂ ਦੂਰ ਹੋਣਾ ਚਾਹੁੰਦਾ ਸੀ

ਬਰੁੱਕਲੀਨ ਸਥਿਤ ਪਲਾਈਵੁੱਡ ਬਣਾਉਣ ਵਾਲੀ ਮਾਈਕਲ ਦੀ ਨਵੀਂ ਫੈਕਟਰੀ ਵਿਚ ਤਿੰਨ ਨੇਟਿਵ ਸਨ, ਬਾਕੀ ਸਭ ਗੋਰੇ। ਕੁਝ ਇਕ ਨੂੰ ਛੱਡ ਕੇ ਬਾਕੀ ਸਭ ਨਸਲਵਾਦੀ। ਉਸਨੂੰ ਟਰੇਨਿੰਗ ਦੇਂਦਿਆਂ ਬੋਲਾਂ ਜਾਂ ਹਾਵ-ਭਾਵਾਂ ਰਾਹੀਂ ਨਫਰਤ ਦੀ ਚੰਗਿਆੜੀ ਸੁੱਟ ਦੇਂਦੇ। ਮਾਈਕਲ ਨੇ ਦੜ ਵੱਟ ਕੇ ਕੰਮ ਸਿੱਖ ਲਿਆ।

ਕੰਮ ਵਿਚ ਬਿਜ਼ੀ ਹੋ ਕੇ ਟਾਈਮ ਰਿੜ੍ਹ ਪਿਆ। ਘਰ ਉਹ ਦੋ-ਢਾਈ ਮਹੀਨੇ ਬਾਅਦ ਗੇੜਾ ਮਾਰਦਾ। ਕਲੈਰਾ ੳਸਨੂੰ ਛੇਤੀ-ਛੇਤੀ ਆਉਣ ਲਈ ਕਹਿੰਦੀ। ਪਰ ਉਹ ਆਪਣੇ ਹਿਸਾਬ ਨਾਲ਼ ਹੀ ਆਉਂਦਾ। ਜਦੋਂ ਆਉਂਦਾ, ਕਲੈਰਾ ਨੂੰ ਚੁੰਮਦਾ, ਬਾਹਾਂ ’ਚ ਭਰਦਾ ਪਰ ਪਹਿਲਾਂ ਵਾਲ਼ੀ ਗਰਮਜੋਸ਼ੀ ਨਹੀਂ ਸੀ। ਉਹ ਉਸ ਨਾਲ਼ ਵਿਆਹ ਦੀਆਂ ਸਲਾਹਾਂ ਕਰਦੀ। ਉਹ ‘ਹੂੰ ਹਾਂ’ ਕਰ ਛੱਡਦਾ।

ਤੂੰ ਖੁੱਲ੍ਹ ਕੇ ਗੱਲ ਕਿਉਂ ਨਹੀਂ ਕਰਦਾ?” ਇਕ ਦਿਨ ਕਲੈਰਾ ਨੂੰ ਗੁੱਸਾ ਚੜ੍ਹ ਗਿਆ।

ਕੀ ਗੱਲ ਕਰਾਂ, ਤੈਨੂੰ ਚੰਗਾ-ਭਲਾ ਪਤੈ ਸਾਡੇ ਘਰ ਦੀ ਹਾਲਤ ਦਾ।” ਉਸਨੇ ਖਿਝ ਕੇ ਆਖਿਆ।

ਤੈਨੂੰ ਆਪਣੀ ਜ਼ਿੰਦਗੀ ਬਾਰੇ ਵੀ ਕੁਝ ਸੋਚਣਾ ਚਾਹੀਦੈ।”

ਪ੍ਰੇਸ਼ਾਨੀਆਂ ਹੀ ਸਾਹ ਨਹੀਂ ਲੈਣ ਦੇਂਦੀਆਂ, ਸੋਚਾਂ ਕੀ?”

ਫਿਰ ਕੀ ਹੋਣਾ ਚਾਹੀਦੈ?” ਉਹ ਖਰ੍ਹਵੀ ਆਵਾਜ਼ ਵਿਚ ਬੋਲੀ।

ਤੂੰ ਕੋਈ ਹੋਰ ਸਾਥੀ ਲੱਭ ਲੈ।”

ਕਲੈਰਾ ਦੇ ਮੱਥੇ ਵਿਚ ਜਿਵੇਂ ਠਾਹ ਕਰਦਾ ਪੱਥਰ ਵੱਜਾ ਹੋਵੇ। ਕੁਰਸੀ ਤੋਂ ਉੱਭਰਦੀ ਉਹ ਮਾਈਕਲ ਨੂੰ ਝਈ ਲੈ ਕੇ ਪਈ, “ਯੂ ਬਲੱਡੀ ਇਡੀਅਟ! ਜੇ ਇੰਜ ਹੀ ਕਰਨਾ ਸੀ ਤਾਂ ਵਾਅਦੇ ਕਿਉਂ ਕੀਤੇ। ਇਹ ਗੱਲ ਪਹਿਲਾਂ ਹੀ ਕਹਿ ਦੇਂਦਾ। ਹੁਣ ਸਾਰਾ ਕੁਝ ਕਰ ਕਰਾ ਕੇ ...

ਮਾਈਕਲ ਨੂੰ ਲੱਗਾ ਕਿ ਉਹ ਹੱਥੋਪਾਈ ਹੋ ਪਏਗੀਉਸਦਾ ਗੁੱਸਾ ਠੰਢਾ ਕਰਨ ਲਈ ਬੋਲਿਆ, “ਡਾਰਲਿੰਗ ਤੂੰ ਖਫਾ ਨਾ ਹੋ। ਪ੍ਰੇਸ਼ਾਨੀ ’ਚ ਇਹ ਗੱਲ ਮੇਰੇ ਮੂੰਹੋਂ ਐਵੇਂ ਨਿਕਲ਼ ਗਈ ਏ।”

ਐਵੇਂ ਨਹੀਂ ਨਿਕਲ਼ੀ, ਤੇਰੇ ਦਿਲ ’ਚ ਖੋਟ ਹੈ, ਧੋਖਾ ਹੈ ... ਤੂੰ ਕਮੀਨਾ ਹੈਂ ... ਮੈਂ ਤੈਨੂੰ ਨਫਰਤ ਕਰਦੀ ਹਾਂ।” ਅੱਗ-ਭਬੂਕਾ ਹੋਈ ਉਹ ਟੁਰ ਪਈ। ਸ਼ਾਇਦ ਉਸਨੂੰ ਆਸ ਸੀ ਕਿ ਮਾਈਕਲ ਉਸਨੂੰ ਰੋਕੇਗਾ।

ਪਰ ਉਹ ਆਪਣੇ ਮੂਡ ਵਿਚ ਬੈਠਾ ਰਿਹਾ। ਦਰਅਸਲ ਉਹ ਚਾਹੁੰਦਾ ਸੀ ਕਿ ਉਹ ਇਸੇ ਤਰ੍ਹਾਂ ਉਸਦੀ ਜ਼ਿੰਦਗੀ ਵਿੱਚੋਂ ਚਲੀ ਜਾਏ। ਜਦੋਂ ਉਸਨੇ ਕਲੈਰਾ ਨਾਲ਼, ਜੀਵਨ-ਸਾਥੀ ਬਣਨ ਦਾ, ਵਾਅਦਾ ਕੀਤਾ ਸੀ ਉਦੋਂ ਉਨ੍ਹਾਂ ਦੇ ਘਰ-ਪਰਿਵਾਰ ਦੇ ਹਾਲਾਤ ਖੁਸ਼ਗਵਾਰ ਸਨ। ਉਸਦੇ ਜਿਨਸੀ-ਸ਼ੋਸ਼ਣ ਦੀ ਜਲਾਲਤ ਉਸਦੇ ਮਨ ਵਿੱਚੋਂ ਲੱਥਣੀ ਸ਼ੁਰੂ ਹੋ ਗਈ ਸੀ। ਪਰ ਰੋਜ਼ੈਨ ਦੀ ਵਿਆਹੁਤਾ ਜ਼ਿੰਦਗੀ ਦੀ ਅਸਫਲਤਾ ਦੇ ਕਾਰਨ, ਉਹ ਜਲਾਲਤ ਉਸਦੇ ਮਨ ’ਤੇ ਮੁੜ ਭਾਰੂ ਹੋ ਗਈ ਸੀ। ਹੁਣ ਉਹ ਆਪਣੇ ਆਪ ਨੂੰ ਕਲੈਰਾ ਦੇ ਬਰਾਬਰ ਨਹੀਂ ਸੀ ਸਮਝਦਾ ... ਕਲੈਰਾ ਕਾਮੁਕ ਹਮਲਾ ਕਰਨ ਵਾਲ਼ੇ ਪ੍ਰਿੰਸੀਪਲ ’ਤੇ ਸ਼ੇਰਨੀ ਬਣ ਕੇ ਝਪਟ ਪਈ ਸੀ ਤੇ ਉਹ ਬਰਦਰ ਅਲਬਰਟ ਦੀਆਂ ਕਾਮੁਕ ਬਦਫੈਲੀਆਂ ਸਾਲਾਂ-ਬੱਧੀ ਸਹਿੰਦਾ ਰਿਹਾ, ਜਲੀਲ ਹੁੰਦਾ ਰਿਹਾ ਸੀ। ਉਸ ਬਾਰੇ ਕਲੈਰਾ ਨੂੰ ਦੱਸਣਾ ਵੀ ਤੇ ਨਾ ਦੱਸਣਾ ਵੀ, ਉਸ ਨੂੰ ਠੀਕ ਨਹੀਂ ਸੀ ਜਾਪਦਾ। ਜੇ ਦੱਸਦਾ ਸੀ ਤਾਂ ਉਸ ਨਾਲ਼ ਉਮਰ ਭਰ ਬੌਣਾ ਹੋ ਕੇ ਜਿਉਣ ਵਾਲ਼ੀ ਗੱਲ ਸੀ। ਜੇ ਨਹੀਂ ਦੱਸਦਾ ਸੀ ਤਾਂ ਹੀਣ ਭਾਵਨਾ ਨਾਲ਼ ਅੰਦਰੋ-ਅੰਦਰੀ ਮਿੱਧ ਹੋਣ ਵਾਲ਼ੀ ਗੱਲ ਸੀ।

ਕਲੈਰਾ ਮੂਹਰੇ ਬੌਣਾ ਨਾ ਬਣਨ ਦੀ ਸਕੀਮ ਤਾਂ ਉਸਨੇ ਸੋਚ ਲਈ ਸੀ ਪਰ ਬੌਣੇਪਨ ਦੇ ਲਕਬ ਨੂੰ ਆਪਣੇ ਨਾਲ਼ੋਂ ਲਾਹ ਸੁੱਟਣ ਦੀ ਉਸ ਕੋਲ਼ ਕੋਈ ਵਿਉਂਤ ਨਹੀਂ ਸੀ। ਇਹ ਲਕਬ ਤਾਂ ਗੋਰਿਆਂ ਨੇ ਨੇਟਿਵਾਂ ਦੀ ਹੋਂਦ-ਹਸਤੀ ਵਿਚ ਖੁਣ ਦਿੱਤਾ ਹੋਇਆ ਸੀ ... ਉਸਦੀ ਜੌਬ ’ਤੇ ਜੋਸਿਫ ਨਾਂ ਦਾ ਗੋਰਾ ਉਸਨੂੰ ਜੰਗਲ਼ੀ, ਅਸੱਭਿਅਕ ਤੇ ਬੌਣਾ ਵਰਗੇ ਸੰਬੋਧਨਾਂ ਨਾਲ਼ ਛੁਟਿਆਉਂਦਾ ਰਹਿੰਦਾ। ਇਹ ਲਫਜ਼ ਉਸਦੇ ਦਿਲ ’ਤੇ ਤੇਜਾਬ ਦੇ ਛਿੱਟਿਆਂ ਵਾਂਗ ਪੈਂਦੇ ਪਰ ਉਹ ਸਬਰ ਕਰ ਲੈਂਦਾ। ਪ੍ਰੰਤੂ ਇਕ ਦਿਨ ਉਸਦਾ ਸਬਰ ਜਵਾਬ ਦੇ ਗਿਆ।” ਅਸੱਭਿਅਕ ਤੇ ਬੌਣਾ ਮੈਂ ਨਹੀਂ ਤੂੰ ਹੈਂ।” ਮਾਈਕਲ ਨੇ ਉਸਦੀਆਂ ਅੱਖਾਂ ’ਚ ਅੱਖਾਂ ਪਾ ਕੇ ਕਿਹਾ।

ਉਹ ਕਿਵੇਂ?”

ਜੇ ਤੂੰ ਸੱਭਿਅਕ ਤੇ ਉੱਚਾ ਹੋਵੇਂ, ਮੈਨੂੰ ਇਸ ਤਰ੍ਹਾਂ ਦੇ ਮੰਦੇ ਬੋਲ ਨਾ ਬੋਲੇਂ।”

ਤੂੰ ਹੈ ਹੀ ਇਸ ਲਾਇਕ।”

ਤਾਂ ਫਿਰ ਹੁਣ ਕਹਿ ਕੇ ਵੇਖ।” ਮਾਈਕਲ ਤਲਖ ਹੋ ਗਿਆ।

ਤੂੰ ਅਸੱਭਿਅਕ ਹੈਂ, ਬੌਣਾ ਹੈਂ, ਜੰਗਲੀ ਹੈਂ।” ਜੋਸਿਫ ਭੂਤਰ ਗਿਆ।

ਮਾਈਕਲ ਅੰਦਰ ਜਿਵੇਂ ਅੱਗ ਮਚ ਪਈ ਹੋਵੇ। ਉਸਨੇ ਧੜਾਧੜ ਉਹਦੇ ਘਸੁੰਨ ਜੜ ਦਿੱਤੇ। ਕੁਝ ਘਸੁੰਨ ਜੋਸਿਫ ਨੇ ਵੀ ਛੱਡੇ ਪਰ ਉਹ ਮਾਈਕਲ ਦਾ ਮੁਕਾਬਲਾ ਨਾ ਕਰ ਸਕਿਆ ਤੇ ਘਸੁੰਨਾਂ ਦਾ ਝੰਬਿਆ ਥੱਲੇ ਡਿਗ ਪਿਆ। “ਫਿਰ ਕਹਿ ਉਹ ਮੰਦੇ ਲਫਜ਼।” ਉਸ ਦੇ ਠੁੱਡ ਮਾਰਦਿਆਂ ਮਾਈਕਲ ਗਰਜਿਆ।

ਪਰ ਜੋਸਿਫ ਦਾ ਸਾਰਾ ਗਰੂਰ ਜਿਵੇਂ ਨੁੱਚੜ ਗਿਆ ਹੋਵੇ। ਇਕੱਠਾ ਜਿਹਾ ਹੋਇਆ ‘ਊ ਊ’ ਕਰਦਾ ਉਹ ਵਿਲਕ ਰਿਹਾ ਸੀ। ਉਸਦਾ ਪੀਲ਼ਾ ਭੂਕ ਚਿਹਰਾ ਵੇਖ ਕੇ ਮਾਈਕਲ ਪਿਛਾਂਹ ਹਟ ਗਿਆ। ਪਰ ਉਸਦਾ ਕ੍ਰੋਧ ਮੱਠਾ ਨਹੀਂ ਸੀ ਪਿਆ। “ਹੁਣ ਜਿਹੜਾ ਵੀ ਮੈਨੂੰ ਜਲੀਲ ਕਰੇਗਾ, ਮੈਂ ਉਹਦੀ ਇਸੇ ਤਰ੍ਹਾਂ ਭੁਗਤ ਸੁਆਰਾਂਗਾ।” ਇਹ ਕੂਕਵੇਂ ਬੋਲ ਦੂਜੇ ਕਾਮਿਆਂ ਦੇ ਕੰਨਾਂ ਤੱਕ ਪਹੁੰਚਾਉਂਦਿਆਂ ਉਹ ਫੈਕਟਰੀ ਦੇ ਇਕ ਕੋਨੇ ਵਿਚ ਜਾ ਬੈਠਾ।

ਉਸਨੂੰ ਮੈਨੇਜਰ ਦੇ ਦਫਤਰ ਤੋਂ ਬੁਲਾਵਾ ਆ ਗਿਆ। ਜੋਸਿਫ ਤੇ ਸੁਪਰਵਾਈਜ਼ਰ ਵੀ ਬੁਲਾਏ ਗਏ।

ਕੀ ਹੋਇਆ?” ਮੈਨੇਜਰ ਨੇ ਜੋਸਿਫ ਨੂੰ ਪੁੱਛਿਆ।

ਮਾਈਕਲ ਨੇ ਨਿੱਕੀ ਜਿਹੀ ਗੱਲ ’ਤੇ ਮੈਨੂੰ ਕੁੱਟਿਆ ਏ।” ਆਖਦਾ ਹੋਇਆ ਜੋਸਿਫ ਆਪਣੇ ਲਾਲ ਹੋਏ ਮੋਢੇ ਤੇ ਧੌਣ ਦਿਖਾਉਣ ਲੱਗ ਪਿਆ। ਮਾਈਕਲ ਨੇ ਸੋਚ ਸਮਝ ਕੇ ਉਸਦੇ ਗੁੱਝੀਆਂ ਸੱਟਾਂ ਮਾਰੀਆਂ ਸਨ। ਮੂੰਹ ’ਤੇ ਕੋਈ ਘਸੁੰਨ ਨਹੀਂ ਸੀ ਠੋਕਿਆ ਪਰ ਜੋਸਿਫ ਦੇ ਘਸੁੰਨ ਉਹਦੇ ਮੂੰਹ ’ਤੇ ਵੱਜੇ ਸਨ।

ਸਰ! ਗੱਲ ਨਿੱਕੀ ਨਹੀਂ, ਬਹੁਤ ਵੱਡੀ ਏ। ਜੋਸਿਫ ਨਸਲਵਾਦੀ ਏ। ਇਹ ਮੈਨੂੰ ਅਸੱਭਿਅਕ, ਬੌਣਾ ਅਤੇ ਜੰਗਲੀ ਵਰਗੇ ਲਫਜ਼ਾਂ ਨਾਲ਼ ਅਪਮਾਨਿਤ ਕਰਦਾ ਰਹਿੰਦਾ ਏਹੁਣ ਵੀ ਇਹਨੇ ਮੈਨੂੰ ਇਹੀ ਘਟੀਆ ਲਫਜ਼ ਕਹੇ। ਮੈਂ ਬਥੇਰਾ ਆਖਿਆ ਕਿ ਮੈਨੂੰ ਜਲੀਲ ਨਾ ਕਰ ਪਰ ਇਹ ਹਟਿਆ ਹੀ ਨਹੀਂ ਤੇ ਲੜਾਈ ਸ਼ੁਰੂ ਕਰ ਲਈ। ਸੱਟਾਂ ਇਹਨੇ ਵੀ ਮੇਰੇ ਬਥੇਰੀਆਂ ਮਾਰੀਆਂ ਹਨ,ਆਪਣੀਆਂ ਅੱਖਾਂ ਅਤੇ ਸੁੱਜੇ ਹੋਏ ਬੁੱਲ੍ਹ ਮੈਨੇਜਰ ਨੂੰ ਦਿਖਾਉਂਦਿਆਂ ਮਾਈਕਲ ਨੇ ਗੱਲ ਜਾਰੀ ਰੱਖੀ, “ਤੁਸੀਂ ਮੇਰੇ ਸੈਕਸ਼ਨ ਦੀ ਬਰੈਂਡਾ ਨੂੰ ਪੁੱਛ ਲਓ ਕਿ ਛੇੜ ਕਿਹਨੇ ਛੇੜੀ ਹੈ।”

ਮਾਈਕਲ ਦੇਖ ਰਿਹਾ ਸੀ, ਮੈਨੇਜਰ ਨੇ ਉਸਨੂੰ ਗੰਭੀਰਤਾ ਨਾਲ਼ ਨਹੀਂ ਸੀ ਸੁਣਿਆ। ਉਸਨੇ ਬਰੈਂਡਾ ਦੇ ਨਾਲ਼ ਹੀ, ਮਾਈਕਲ ਦੇ ਸੈਕਸ਼ਨ ਵਿਚ ਕੰਮ ਕਰਦੇ; ਸੈਮ ਨੂੰ ਵੀ ਬੁਲਾ ਲਿਆ ਅਤੇ ਪਹਿਲਾਂ ਉਸ ਨੂੰ ਹੀ ਪੁੱਛਿਆ, “ਕੀ ਜੋਸਿਫ ਨੇ ਮਾਈਕਲ ਨੂੰ ਅਸੱਭਿਅਕ, ਬੌਣਾ ਵਗੈਰਾ ਕਿਹਾ ਸੀ

ਮਾਈਕਲ ਪ੍ਰੇਸ਼ਾਨ ਹੋ ਗਿਆ, ਸੈਮ ਨੇ ਤਾਂ ਉਹਦੇ ਖਿਲਾਫ ਹੀ ਭੁਗਤਣਾ ਸੀ। ‘ਦੇਖ ਲਵਾਂਗਾ ਇਹਨੂੰ ਵੀ’ ਦੇ ਸ਼ਬਦ ਉਸਦੇ ਪ੍ਰੇਸ਼ਾਨ ਮਨ ਵਿਚ ਰੀਂਗ ਗਏ ਸਨ। ਪਰ ਸੈਮ ਦੇ ਆਖੇ ਦੋ-ਅੱਖਰੀ ਸ਼ਬਦ “ਯੈੱਸ” ਨੇ ਉਸਨੂੰ ਆਚੰਭਿਤ ਕਰ ਦਿੱਤਾ। ਸੈਮ ਉਸਨੂੰ ਕੰਡਿਆਂ ਵਿਚ ਖਿੜਿਆ ਡਾਢਾ ਹੀ ਖੂਬਸੂਰਤ ਫੁੱਲ ਜਾਪਿਆ।

ਬਰੈਂਡਾ ਨੂੰ ਪੁੱਛੇ ਜਾਣ ’ਤੇ ਉਸਨੇ ਦਲੇਰੀ ਨਾਲ਼ ਕਿਹਾ, “ਜੋਸਿਫ ਅਕਸਰ ਹੀ ਮਾਈਕਲ ਨੂੰ ਅਪਮਾਨਿਤ ਕਰਦਾ ਰਹਿੰਦਾ ਏ। ਕਦੀ-ਕਦੀ ਮੈਨੂੰ ਵੀ ਚੋਭਵੀਂ ਗੱਲ ਕਹਿ ਦੇਂਦਾ ਏ।”

ਜੋਸਿਫ ਦੇ ਵਤੀਰੇ ਬਾਬਤ ਮਾਈਕਲ ਨੇ ਮੇਰੇ ਕੋਲ਼ ਸ਼ਿਕਾਇਤ ਕੀਤੀ ਸੀ। ਮੈਂ ਜੋਸਿਫ ਨੂੰ ਸਮਝਾਇਆ ਸੀ ਕਿ ਨਸਲਵਾਦ ਜ਼ੁਰਮ ਹੈ।” ਸੁਪਰਵਾਇਜ਼ਰ ਦੇ ਇਹ ਬੋਲ ਮਾਈਕਲ ਦੇ ਤਪਦੇ ਮਨ ਨੂੰ ਨਿਆਗਰਾ ਫਾਲਜ਼ ਦੀ ਠੰਢੀ ਭੂਰ ਵਰਗੇ ਲੱਗੇ ਸਨ। ਖਿੜਕੀ ਵਿੱਚੀਂ ਦੂਰ-ਦੂਰ ਤੱਕ ਦਿਸਦੀ ਕਾਇਨਾਤ ਉਸਨੂੰ ਸੋਹਣੀ ਲੱਗਣ ਲੱਗ ਪਈ ਸੀ।

ਪਰ ਮੈਨੇਜਰ ਦੇ ਮੱਥੇ ’ਤੇ ਤਿਉੜੀ ਸੀ। ਮਾਈਕਲ ਸਮਝ ਗਿਆ ਸੀ, ਉਹਨੇ ਉਸਨੂੰ ਫੈਕਟਰੀ ਵਿਚੋਂ ਕੱਢ ਕੇ ਗੋਰੇ ਨੂੰ ਕੁੱਟਣ ਦਾ ਮਜ਼ਾ ਚਖਾਉਣਾ ਸੀ। ਪਰ ਗਵਾਹਾਂ ਦੀ ਸਚਾਈ ਨੇ ਉਸਦੇ ਹੱਥ ਬੰਨ੍ਹ ਦਿੱਤੇ ਸਨ। ਇਸੇ ਕਰਕੇ ਹੀ ਤਾਂ ਜੋਸਿਫ ਨੇ ਵੀ ਪੁਲਿਸ ਵਿਚ ਰਿਪੋਰਟ ਨਹੀਂ ਸੀ ਕੀਤੀ।

ਜੋਸਿਫ ਮੁੜ ਕੇ ਕੰਮ ’ਤੇ ਨਹੀਂ ਸੀ ਆਇਆ। ਮਾਈਕਲ ਨੇ ਕਿਸੇ ਤੋਂ ਸੁਣਿਆ ਸੀ, ਅਖੇ ਉਹ ਕਹਿੰਦਾ ਏ ਜਿਹੜੀ ਕੰਪਨੀ ਨੀਚ ਨੇਟਿਵਾਂ ਨੂੰ ਸਿਰ ’ਤੇ ਚੜ੍ਹਾਉਂਦੀ ਹੈ, ਉਹ ਉਸ ਵਿਚ ਕੰਮ ਨਹੀਂ ਕਰ ਸਕਦਾ। ਪਰ ਮਾਈਕਲ ਜਾਣਦਾ ਸੀ ਕਿ ਅਸਲ ਗੱਲ ਤਾਂ ਨਮੋਸ਼ੀ ਦੀ ਸੀ। ਘਟਨਾ ਤੋਂ ਅਪਸੈੱਟ ਹੋਏ ਕੁਝ ਗੋਰਿਆਂ ਦੀ ਘੁਸਰ-ਮੁਸਰ ਤੋਂ ਲਗਦਾ ਸੀ ਕਿ ਰੋਸ ਵਜੋਂ ਉਹ ਵੀ ਜੌਬਾਂ ਛੱਡਣਗੇ। ਪਰ ਇੰਜ ਹੋਇਆ ਨਾ ਕਿਉਂਕਿ ਕਨੇਡਾ ਵਿਚ ਚੱਲ ਰਹੇ ਆਰਥਿਕ ਮੰਦਵਾੜੇ ਕਾਰਨ ਹੋਰ ਪਾਸੇ ਜੌਬਾਂ ਮਿਲਣ ਦੀ ਆਸ ਨਹੀਂ ਸੀ।

ਬਰੈਂਡਾ ਮਾਈਕਲ ਨਾਲ਼ ਉੰਨਾ ਕੁ ਹੀ ਬੋਲਦੀ ਹੁੰਦੀ ਸੀ। ਪਰ ਹੁਣ ਜੋਸਿਫ ਦੇ ਕੁਟਾਪੇ ਤੋਂ ਬਾਅਦ ਉਹ ਮਾਈਕਲ ਨਾਲ਼ ਖੁੱਲ੍ਹਣ ਲੱਗ ਪਈ। ਉਸਨੇ ਦੱਸਿਆ ਸੀ ਕਿ ਉਹ ਤੇ ਉਸਦਾ ਪਤੀ ਡਿੱਕ ਇੰਡੀਅਨ ਰੈਜ਼ੀਡੈਂਸ਼ਿਅਲ ਸਕੂਲ ਦੇ ਸਾਬਕਾ ਵਿਦਿਆਰਥੀ ਸਨ। ਦੋਵੇਂ ਜਿਨਸੀ-ਸੋਸ਼ਣ ਤੋਂ ਤਾਂ ਬਚ ਗਏ ਸਨ ਪਰ ਹੋਰ ਹੱਤਕਾਂ-ਹੇਠੀਆਂ ਉਨ੍ਹਾਂ ਨੂੰ ਵੀ ਪੇਸ਼ ਆਈਆਂ ਸਨ। ਡਿੱਕ ਨੂੰ ਤਾਂ ਜ਼ਿਆਦਾ ਹੀ। ਉਹ ਨਰਕ ਵਰਗੀ ਜ਼ਿੰਦਗੀ ਤੋਂ ਤੰਗ ਆ ਕੇ ਸਕੂਲੋਂ ਭੱਜ ਉੱਠਿਆ ਸੀ। ਸਕੂਲ ਨੇ ਪੁਲਿਸ ਨੂੰ ਸੂਚਿਤ ਕੀਤਾ ਸੀ। ਪੁਲਿਸ ਨੇ ਉਸਨੂੰ ਘਰ ਪਹੁੰਚਣ ਤੋਂ ਪਹਿਲਾਂ ਹੀ ਫੜ ਲਿਆ ਤੇ ਸਕੂਲ ਦੇ ਹਵਾਲੇ ਕਰ ਦਿੱਤਾ। ਪ੍ਰਿੰਸੀਪਲ ਨੇ ਪਹਿਲਾਂ ਉਸਨੂੰ ਚਮੜੇ ਦੇ ਪਟੇ ਨਾਲ਼ ਕੁੱਟਿਆ ਤੇ ਫਿਰ ਉਸਦੀ ਖੁਰਾਕ ਘਟਾਉਣ ਦਾ ਹੁਕਮ ਦੇ ਦਿੱਤਾ।

ਇਕ ਮਾਪਿਆਂ ਦੇ ਪਿਆਰ ਦੀ ਭੁੱਖ, ਦੂਜੀ ਢਿੱਡ ਦੀ ਭੁੱਖ ... ਉਸ ਨੂੰ ਟੀ.ਬੀ ਹੋ ਗਈ। ਇਹ ਰੋਗ ਕੁਝ ਹੋਰ ਵਿਦਿਆਰਥੀਆਂ ਨੂੰ ਵੀ ਸੀ। ਸਕੂਲ ਵਾਲ਼ੇ ਸਹੀ ਇਲਾਜ ਕਰਵਾਉਣ ਦੀ ਬਜਾਇ ਮਾੜੀ-ਮੋਟੀ ਦਵਾਈ ਦੇ ਛੱਡਦੇ। ਤਿੰਨ ਬੱਚਿਆਂ ਦੀ ਮੌਤ ਹੋ ਗਈ। ਟੀ.ਬੀ ਨਾਲ਼ ਹੋਰ ਸਕੂਲਾਂ ਵਿਚ ਵੀ ਕਾਫੀ ਮੌਤਾਂ ਹੋਈਆਂ ਸਨ। ਪਰ ਡਿੱਕ ਮਰਦਾ-ਮਰਦਾ ਬਚ ਗਿਆ ਸੀ ... ਸੁਭਾਅ ਦਾ ਸਿਰੜੀ ਸੀ ... ਜ਼ਿੰਦਗੀ ਨੂੰ ਤੋਰੀ ਰੱਖਿਆ। ਪਰ ਰੱਜਵੀਂ ਰੋਟੀ ਨਾ ਮਿਲਣ ਦੀ ਸਜ਼ਾ ਦਾ ਦਾਗ ਦਿਲ ਤੋਂ ਨਾ ਲੱਥਾ। ‘ਉਹ ਸਜ਼ਾ ਨਹੀਂ ਜ਼ੁਲਮ ਸੀ’ ਇਹ ਰੰਜਸ਼ ਉਸਦੀ ਰੂਹ ਨੂੰ ਸਦਾ ਦਰੜਦੀ ਰਹੀ ... ਥੋੜ੍ਹੀ ਉਮਰ ਵਿਚ ਹੀ ਉਹ ਚੱਲ ਵਸਿਆ। ਬਰੈਂਡਾ ਦੀ ਦਰਦ-ਭਰੀ ਦਾਸਤਾਂ ਨੇ ਮਾਈਕਲ ਅੰਦਰ ਹਮਦਰਦੀ ਜਗਾ ਦਿੱਤੀ ਸੀ।

ਬਰੈਂਡਾ ਆਪਣੇ ਇਲਾਕੇ ਦੇ ਨੇਟਿਵਾਂ ਦੇ ਕਲੱਬ ਵਿਚ ਜਾਂਦੀ ਸੀ। ਇਕ ਦਿਨ ਉਹ ਮਾਈਕਲ ਨੂੰ ਵੀ ਲੈ ਗਈ। ਉੱਥੇ ਉਸਨੇ ਮਾਈਕਲ ਵੱਲੋਂ ਜੋਸਿਫ ਦੇ ਹੱਡ ਸੇਕਣ ਦੀ ਵਾਰਤਾ ਕਹਿ ਸੁਣਾਈ। ਕਲੱਬ ਵਿਚ ਮਾਈਕਲ ਦੀ ਬੱਲੇ-ਬੱਲੇ ਹੋ ਗਈ।

ਉਹ ਕਲੱਬ ਨਾਲ਼ ਜੁੜ ਗਿਆ। ਨੇਟਿਵਾਂ ਦੀ ਮਾਇਕ ਹਾਲਤ ਤੋਂ ਉਹ ਜਾਣੂੰ ਸੀ। ਕਲੱਬ ਵਿਚ ਖਾਂਦਿਆਂ-ਪੀਂਦਿਆਂ ਜੇ ਕਿਸੇ ਕੋਲ਼ ਪੈਸੇ ਥੁੜ੍ਹ ਜਾਂਦੇ, ਉਹ ਆਪਣੇ ਕੋਲੋਂ ਪਾ ਦੇਂਦਾ। ਕਦੀ-ਕਦੀ ਕਲੱਬ ਦੀ ਕਿਸੇ ਮਹਿਫਲ ਦਾ ਮੇਜ਼ਬਾਨ ਵੀ ਬਣ ਜਾਂਦਾ। ਜੇ ਕਿਸੇ ਦਾ ਹੱਥ ਜ਼ਿਆਦਾ ਤੰਗ ਹੁੰਦਾ, ਆਪਣੀ ਸਮਰੱਥਾ ਮੁਤਾਬਿਕ ਉਸਨੂੰ ਹੱਥ ਉਧਾਰ ਦੇ ਦੇਂਦਾ ... ਨੇਟਿਵ ਉਸਦਾ ਆਦਰ ਕਰਨ ਲੱਗ ਪਏ।

ਮਾਈਕਲ ਨੂੰ ਬਰੈਂਡਾ ਵੱਲੋਂ ਪਿਆਰ-ਸੰਕੇਤ ਮਿਲ਼ ਰਹੇ ਸਨ ਪਰ ਉਹ ਇਸ ਚੱਕਰ ਵਿਚ ਪੈਣਾ ਨਹੀਂ ਸੀ ਚਾਹੁੰਦਾ। ਆਖਰ ਬਰੈਂਡਾ ਦੇ ਗੁੰਦਵੇਂ ਸਰੀਰ ਤੇ ਨਜ਼ਾਕਤੀ ਅੰਦਾਜ਼ ਨੇ ਉਸਨੂੰ ਮੋਹ ਲਿਆ ... ਬਰੈਂਡਾ ਨੇ ਉਸਨੂੰ ਵਿਆਹ ਦੀ ਪੇਸ਼ਕਸ਼ ਕੀਤੀ। ਪਰ ਉਸਨੂੰ ਕੀ ਪਤਾ ਸੀ ਕਿ ਬਹਾਦਰੀ ਦੇ ਇਮੇਜ ਵਾਲ਼ਾ ਮਾਈਕਲ ਅੰਦਰੋਂ ਕਿੰਨਾ ਕਮਜ਼ੋਰ, ਕਿੰਨਾ ਹੀਣਾ ਸੀ। ਆਪਣੀ ਹੀਣੀ ਹੋਂਦ ਦੀ ਅਸਲੀਅਤ ਨੂੰ ਛੁਪਾਈ ਰੱਖਣ ਲਈ ਹੀ ਤਾਂ ਉਸਨੇ ਕਲੈਰਾ ਨਾਲ਼ ਵਿਆਹ ਨਹੀਂ ਸੀ ਕਰਵਾਇਆ। ਪਰ ਆਸਰਾ ਭਾਲ਼ਦੀ ਬਰੈਂਡਾ ਨੂੰ ਨਿਰਾਸ਼ ਕਰਨਾ ਵੀ ਉਹ ਠੀਕ ਨਹੀਂ ਸੀ ਸਮਝਦਾ। ਉਸਨੇ ਬਰੈਂਡਾ ਨੂੰ ਦੋਸਤੀ ਦੇ ਰਿਸ਼ਤੇ ਲਈ ਮਨਾ ਲਿਆ।

ਕਲੈਰਾ ਦਾ ਕੀ ਬਣਿਆ?” ਇਹ ਪ੍ਰਸ਼ਨ ਮੈਂ ਮਾੲਕਿਲ ਦੀ, ਕਲੈਰਾ ਬਾਰੇ ਦਿਲ ਦੀ ਗੱਲ ਬੁੱਝਣ ਲਈ ਕੀਤਾ ਸੀ ਵਰਨਾ ਮੈਨੂੰ ਕਲੈਰਾ ਦੀ  ਜ਼ਿੰਦਗੀ ਬਾਰੇ ਸਭ ਪਤਾ ਸੀ ... ਮਈਕਲ ਨਾਲ਼ੋਂ ਟੁੱਟਣ ਦੇ ਕੁਝ ਸਾਲ ਬਾਅਦ ਉਸਨੇ ਵਿਆਹ ਕਰ ਲਿਆ ਸੀ। ਪਰ ਉਸਦਾ ਪਤੀ ਨਿਖੱਟੂ ਨਿਕਲਿਆ। ਉਹ ਨਾਲ਼ੇ ਤਾਂ ਕਲੈਰਾ ਦੀ ਕਮਾਈ ਖਾਂਦਾ ਤੇ ਨਾਲ਼ੇ ਉਸ ਵਿਚ ਨੁਕਸ ਕੱਢਦਾ। ਕਲੈਰਾ ਨੇ ਉਸਨੂੰ ਬਦਲਣ ਲਈ ਮੌਕਾ ਦਿੱਤਾ ਪਰ ਉਹ ਨਾ ਬਦਲਿਆ। ਤਲਾਕ ਹੋ ਗਿਆ। ਮੈਂ ਅਪਸੈੱਟ ਹੋਈ ਕਲੈਰਾ ਦੀ ਕਾਊਂਸਲਿੰਗ ਕੀਤੀ ਸੀ। ਕਾਊਂਸਲਿੰਗ ਦੌਰਾਨ ਮੈਂ ਸਮਝ ਗਿਆ ਸੀ ਕਿ ਮਾਈਕਲ ਅਜੇ ਵੀ ਉਸਦੇ ਦਿਲ ਦੇ ਕਿਸੇ ਕੋਨੇ ਵਿਚ ਬੈਠਾ ਸੀ। ਕਾਊਂਸਲਿੰਗ ਤੋਂ ਬਾਅਦ ਵੀ ਕਦੀ-ਕਦੀ ਮੇਰੀ ਕਲੈਰਾ ਨਾਲ਼ ਫੋਨ ’ਤੇ ਗੱਲ ਹੋ ਜਾਂਦੀ ਸੀ। ਕਿਤਿਓਂ ਪਤਾ ਲੱਗਣ ਤੇ ਉਸਨੇ ਮੈਨੂੰ ਫੋਨ ਕੀਤਾ ਸੀ, “ਬਾਜ਼! ਤੂੰ ਮਾਈਕ ਦੀ ਕਾਊਂਸਲਿੰਗ ਕਰ ਰਿਹਾਂ?” ਮੇਰਾ ਜਵਾਬ ‘ਹਾਂ’ ਵਿਚ ਸੁਣ ਕੇ ਉਸਨੇ ਉਤਸੁਕਤਾ ਨਾਲ਼ ਪੁੱਛਿਆ ਸੀ, “ਕਿਵੇਂ ਚੱਲ ਰਹੀ ਹੈ?”“ਅਜੇ ਤੱਕ ਤਾਂ ਠੀਕ ਹੈ।” ਮੈਂ ਦੱਸਿਆ ਸੀ। ਕਲੈਰਾ ਜਾਣਦੀ ਸੀ ਕਿ ਕਾਊਂਸਲਿੰਗ ਦਾ ਹਰ ਕੇਸ ਗੁਪਤ ਹੁੰਦਾ ਹੈ। ਸੋ ਉਸਨੇ ਹੋਰ ਕੁਝ ਨਹੀਂ ਸੀ ਪੁੱਛਿਆ। ਪਰ ਮੈਨੂੰ ਇੰਨੇ ਨਾਲ਼ ਹੀ ਉਸਦੀ ਮਾਈਕਲ ਪ੍ਰਤੀ ਚਾਹਤ ਦਾ ਇਕ ਵਾਰ ਫਿਰ ਪਤਾ ਲੱਗ ਗਿਆ ਸੀ।

ਤੇ ਹੁਣ ਮਾਈਕਲ ਦੇ ਬੋਲਾਂ ਤੋਂ ਉਸ ਅੰਦਰਲੀ ਚਾਹਤ ਵੀ ਜ਼ਾਹਰ ਹੋ ਗਈ ਸੀ। ਉਸਨੇ ਕਿਹਾ ਸੀ, “ਕਲੈਰਾ ਨੇ ਵਿਆਹ ਕਰ ਲਿਆ ਸੀ। ਪਰ ਪਤੀ ਨਿਕੰਮਾ ਹੋਣ ਕਾਰਨ ਤਲਾਕ ਹੋ ਗਿਆ। ਖੈਰ ਉਹ ਹਿੰਮਤੀ ਔਰਤ ਹੈ। ਵਧੀਆ ਕੰਮ ਕਰ ਰਹੀ ਹੈ। ਉਸਨੇ ਆਪਣਾ ਸਕੂਲ ਖੋਲ੍ਹਿਆ ਹੋਇਐ, ਜਿਸ ਵਿਚ ਉਹ ਸਾਡੇ ਬੈਂਡਾਂ ਦੇ ਨਿਆਣਿਆਂ ਨੂੰ ਅਤੇ ਰੈਜ਼ੀਡੈਂਸ਼ਿਅਲ ਸਕੂਲਾਂ ਦੇ ਸਾਬਕਾ ਵਿਦਿਆਰਥੀਆਂ ਨੂੰ ਸਾਡੀ ਭਾਸ਼ਾ ਤੇ ਕਲਚਰ ਪੜ੍ਹਾਉਂਦੀ ਹੈ। ਉਸਦੇ ਇਸ ਕਾਰਜ ਵੱਲ ਪਹਿਲਾਂ ਤਾਂ ਕਿਸੇ ਨੇ ਧਿਆਨ ਨਹੀਂ ਦਿੱਤਾ ਪਰ ਹੁਣ ਬੈਂਡਾਂ ਦੇ ਚੀਫ ਉਹਦੀ ਮਦਦ ਕਰ ਰਹੇ ਹਨ।”

ਮਾਈਕ! ਜਦੋਂ ਤੂੰ ਬਰੁੱਕਲੀਨ ਰਹਿੰਦਾ ਸੀ, ਉਦੋਂ ਘਰ ਦਾ ਖਿਆਲ ਤਾਂ ਘਟ ਹੀ ਆਉਂਦਾ ਹੋਣੈ।” ਮੈਂ ਪੁੱਛਿਆ।

ਇਵੇਂ ਹੀ ਸਮਝ ਲੈ। ਬਰੁੱਕਲੀਨ ਮੇਰੀ ਰੂਹ ਨੂੰ ਭਾਉਂਦਾ ਸੀ। ਉੱਥੋਂ ਦੇ ਨੇਟਿਵਾਂ ਵਿਚ ਮੇਰਾ ਆਦਰ-ਮਾਣ ਸੀ। ਮੇਰੇ ਵਾਰੇ-ਵਾਰੇ ਜਾਂਦੀ ਬਰੈਂਡਾ ਦੀ ਮੁਹੱਬਤ ਸੀ, ਜਦੋਂ ਕਿ ਇੱਥੇ ਸਾਡੇ ਘਰ ਵਿਚ ਘੋਰ ਉਦਾਸੀ ਸੀ, ਕਲ਼ੇਸ਼ ਸੀ। ਰੋਜ਼ੈਨ ਦੀ ਡਿਪਰੈਸ਼ਨ ਬਹੁਤ ਵਧ ਗਈ ਸੀ। ਉਸਦੀ ਚਿੰਤਾ ਵਿਚ ਮੌਮ ਨੂੰ ਬਲੱਡ-ਪ੍ਰੈਸ਼ਰ ਹੋ ਗਿਆ ਸੀ। ਘਰ-ਪਰਿਵਾਰ ਦੇ ਮਾੜੇ ਹਾਲ ਤੋਂ ਦੁਖੀ ਹੋਏ ਡੈਡ ਨੇ ਸ਼ਰਾਬ ਵਿਚ ਪਨਾਹ ਲੈ ਲਈ ਸੀ। ਮੈਂ ਤਿੰਨ ਕੁ ਮਹੀਨੇ ਬਾਅਦ ਗੇੜਾ ਮਾਰਦਾ, ਐਵੇਂ ਰਸਮੀ ਜਿਹਾ। ਨਾ ਮੈਂ ਖੁੱਲ੍ਹ ਕੇ ਗੱਲ ਕਰਦਾ ਨਾ ਘਰ ਵਾਲ਼ੇ। ਪੈਸੇ ਜਿੰਨੇ ਕੁ ਦੇ ਸਕਦਾ ਦੇ ਦੇਂਦਾ ...ਇਕ ਦਿਨ, ਮੌਮ ਅੰਦਰ ਜਮ੍ਹਾਂ ਹੋਇਆ ਝੋਰਾ ਫੁੱਟ ਨਿਕਲਿਆ। ਕਹਿਣ ਲੱਗੀ ਰੋਜ਼ੈਨ ਵੱਲੋਂ ਤਾਂ ਸਾਨੂੰ ਸੁੱਖ ਦਾ ਸਾਹ ਨਸੀਬ ਨਹੀਂ ਹੋਇਆ, ਤੂੰ ਹੀ ਚਾਰ ਦਿਨ ਚੰਗੇ ਦਿਖਾਲ ਦੇ। ਉੱਥੇ ਤੂੰ ਜਿਹੜੀ ਗਰਲ-ਫਰੈਂਡ ਬਣਾਈਓ ਆ, ਉਹਦੇ ਨਾਲ਼ ਵਿਆਹ ਕਰ ਲੈ। ਸਾਨੂੰ ਹਰਿਆਲੀ ਦਿਸ ਪਏਗੀ। ਪਰਿਵਾਰ ਵਿਚ ਨਵੇਂ ਫੁੱਲ ਖਿੜਨਗੇ।”

ਮੌਮ! ਵਿਆਹ ਨੂੰ ਅਜੇ ਦਿਲ ਨਹੀਂ ਮੰਨਦਾ।” ਮੈਂ ਗੱਲ ਟਾਲ਼ ਦਿੱਤੀ ਸੀ।

ਡੈਡ ਕੁਝ ਨਹੀਂ ਸੀ ਬੋਲਿਆ। ਡੂੰਘੀਆਂ ਸੋਚਾਂ ਵਿਚ ਪਿਆ ਉਹ ਜਿਵੇਂ ਆਪਣੇ ਆਪ ਨਾਲ਼ ਕੋਈ ਹਿਸਾਬ-ਕਿਤਾਬ ਕਰ ਰਿਹਾ ਹੋਵੇ।

ਬਰੁੱਕਲੀਨ ਛੱਡ ਕੇ ਤੂੰ ਪੱਕੇ ਤੌਰ ’ਤੇ ਇੱਥੇ ਕਦੋਂ ਆਇਆ?”

ਰੋਜ਼ੈਨ ਨੇ ਆਤਮਹੱਤਿਆ ਕਰ ਲਈ ਸੀ। ਖਬਰ ਸੁਣ ਕੇ ਮੇਰੇ ਹੋਸ਼ ਗੁੰਮ ਹੋ ਗਏ। ਤੜਪਦਾ-ਵਿਲਕਦਾ ਘਰ ਪਹੁੰਚਾ। ਮੌਮ-ਡੈਡ ਹਾਲੋਂ ਬੇਹਾਲ ਹੋਏ ਪਏ ਸਨ। ਉਨ੍ਹਾਂ ਨੂੰ ਦਿਲਾਸਾ ਦੇਂਦਿਆਂ ਮੈਂ ਮਨ ਹੀ ਮਨ ਖੁਦ ਨੂੰ ਕੋਸ ਰਿਹਾ ਸੀ ਕਿ ਜੇ ਮੈਂ ਘਰੋਂ ਪਾਸੇ ਨਾ ਹੋਇਆ ਹੁੰਦਾ ਤਾਂ ਸ਼ਾਇਦ ਇਹ ਭਾਣਾ ਨਾ ਵਰਤਦਾ। ਫਿਊਨਰਲ ਹੋਮ ਵਿਚ ਭੈਣ ਕੋਲ਼ ਹੰਝੂ ਵਹਾਉਂਦਿਆਂ ਮੈਨੂੰ ਬਚਪਨ ਦੀ ਇਕ ਘਟਨਾ ਯਾਦ ਆ ਗਈ ਸੀ ... ਮੈਂ ਤੇ ਰੋਜ਼ੈਨ ਬਰੂਨੋ ਦਰਿਆ ਵਿਚ ਤੈਰ ਰਹੇ ਸਾਂ। ਦਾਦੀ ਬਾਹਰ ਕਿਨਾਰੇ ’ਤੇ ਬੈਠੀ ਸੀ। ਰੋਜ਼ੈਨ ਨੇ ਡੂੰਘੀ ਟੁੱਭੀ ਮਾਰੀ ਸੀ। ਜਦੋਂ ਕਈ ਚਿਰ ਉਹ ਉੱਪਰ ਨਾ ਆਈ ਤਾਂ ਮੈਂ ਘਬਰਾ ਗਿਆ। ਦਾਦੀ ਨੂੰ ਅਵਾਜ਼ਾਂ ਮਾਰਨ ਲੱਗ ਪਿਆ ਗਰੈਨੀ! ਗਰੈਨੀ!! ਰੋਜ਼ੈਨ ਡੁੱਬ ਗਈ ਏ ... ਉਸੇ ਪਲ ਰੋਜ਼ੈਨ ਪਾਣੀ ਵਿੱਚੋਂ ਉੱਭਰ ਪਈ। ਖਿੜਖਿੜਾ ਕੇ ਬੋਲੀ ਮੈਂ ਜਿਉਂਦੀ ਹਾਂ। ਤੇ ਫਿਊਨਰਲ ਹੋਮ ਵਿਚ ਪਤਾ ਨਹੀਂ ਇਹ ਕਿਵੇਂ ਹੋਇਆ, ਅਜੀਬ ਜਿਹੇ ਭੁਚਾਕੇ ’ਵਿਚ ਮੈਨੂੰ ਇੰਜ ਜਾਪਿਆ ਜਿਵੇਂ ਕੈਸਕਿਟ ਵਿੱਚੋਂ ਉੱਠ ਕੇ ਰੋਜ਼ੈਨ ਨੇ ਕਿਹਾ ਹੋਵੇ, ‘ਮੇਰੇ ਪਿਆਰੇ ਵੀਰ ਕਿਉਂ ਰੋਈ ਜਾਨੈ, ਮੈਂ ਮਰੀ ਨਹੀਂ।’ ਪਰ ਕਿੱਥੇ। ... ਮੌਮ-ਡੈਡ ਬੁਰੀ ਤਰ੍ਹਾਂ ਟੁੱਟ ਗਏ ਸਨ। ਜੇ ਰੋਜ਼ੈਨ ਕੁਦਰਤੀ ਮੌਤੇ ਮਰਦੀ, ਉਨ੍ਹਾਂ ਨੇ ਏਦਾਂ ਨਹੀਂ ਸੀ ਟੁੱਟਣਾ। ਉਸਦੀ ਆਤਮਹੱਤਿਆ ਨੇ ਉਨ੍ਹਾਂ ਨੂੰ ਅਧਮੋਏ ਕਰ ਦਿੱਤਾ ਸੀ। ਡੈਡ ਹੁਣ ਬਹੁਤ ਘੱਟ ਬੋਲਦਾ ਸੀ। ਸ਼ਰਾਬ ਪੀ ਕੇ ਗੁੰਮ-ਸੁੰਮ ਹੋਇਆ ਕਦੀ ਘਰ ਦੇ ਪਿਛਵਾੜੇ ਪਈ ਟੁੱਟੀ-ਫੁੱਟੀ ਕਿਸ਼ਤੀ ਦਾ ਨਿਰੀਖਣ ਜਿਹਾ ਕਰਨ ਲੱਗ ਜਾਂਦਾ ਤੇ ਕਦੀ ਘਰ ਮੂਹਰਲੇ ਫੁੱਲਾਂ ਦੇ ਸੁੱਕ ਚੁੱਕੇ ਬੂਟਿਆਂ ਦੀ ਧਰਤੀ ਕੁਰੇਦਣ ਲੱਗ ਪੈਂਦਾ ਜਿਵੇਂ ਮਰ ਚੁੱਕੇ ਸੁਪਨਿਆਂ ਦੀ ਰਾਖ ਫਰੋਲ ਰਿਹਾ ਹੋਵੇ। ਉਸਨੂੰ ਰੋਜ਼ੈਨ ਨਾਲ਼ ਸਕੂਲ ਵਿਚ ਹੋਈ-ਬੀਤੀ ਦਾ ਪਤਾ ਲੱਗ ਚੁੱਕਾ ਸੀ। ਮੇਰੇ ਨਾਲ਼ ਹੋਈ ਬਦਫੈਲੀ ਬਾਰੇ ਵੀ ਸ਼ਾਇਦ ਉਹਨੂੰ ਸ਼ੱਕ ਪੈ ਗਈ ਹੋਵੇ। ਇੰਡੀਅਨ ਰੈਜ਼ੀਡੈਂਸ਼ਿਅਲ ਸਕੂਲਾਂ ਵਿਚ ਨੇਟਿਵਾਂ ਦੇ ਸੈਂਕੜੇ ਪੁੱਤਾਂ-ਧੀਆਂ ਦੇ ਸਰੀਰਕ, ਮਾਨਸਿਕ, ਭਾਵਨਾਤਮਕ ਤੇ ਜਿਨਸੀ ਸੋਸ਼ਣ ਦੀਆਂ ਗੱਲਾਂ ਹੁਣ ਆਮ ਲੋਕਾਂ ਤੱਕ ਪਹੁੰਚ ਚੁੱਕੀਆਂ ਸਨ। ਸਾਡੇ ਵਾਂਗ ਅਨੇਕਾਂ ਪਰਿਵਾਰ ਦੁੱਖਾਂ-ਕਲ਼ੇਸ਼ਾਂ ਅਤੇ ਆਤਮਹੱਤਿਆਵਾਂ ਦਾ ਸੰਤਾਪ ਭੋਗ ਰਹੇ ਸਨ ... ਹਉਕੇ-ਹਾਵੇ ਭਰਦਾ ਮੇਰਾ ਡੈਡ ਇਕ ਦਿਨ ਬੇਹਿਸਾਬੀ ਸ਼ਰਾਬ ਅੰਦਰ ਸੁੱਟ ਕੇ ਅਜਿਹਾ ਗੁੱਟ ਹੋਇਆ ਕਿ ਚੱਲ ਵਸਿਆ। ਇਹ ਵੀ ਇਕ ਤਰ੍ਹਾਂ ਨਾਲ਼ ਆਤਮਹੱਤਿਆ ਹੀ ਸੀ।” ਮਾਈਕਲ ਅੰਦਰੋਂ ਰੂਹ-ਨਪੀੜਵਾਂ ਹਉਕਾ ਨਿਕਲ਼ ਗਿਆ।

ਮੇਰਾ ਵੀ ਦਿਲ ਭਰ ਆਇਆ। ਤਰਸ ਅਤੇ ਹਮਦਰਦੀ ਵਿਚ ਪਸੀਜ ਕੇ ਆਖਿਆ, “ਮਾਈਕ ਸੱਟਾਂ ਬਹੁਤ ਵੱਡੀਆਂ ਨੇ। ਤੇਰੇ ਦਿਲ ਨੂੰ ਤਕਲੀਫ ਹੋ ਰਹੀ ਏ। ਬਾਕੀ ਗੱਲ ਆਪਾਂ ਅਗਲੀ ਵਾਰ ਕਰਾਂਗੇ।”

ਕੋਈ ਨੀ ਹੁਣ ਨਿਬੇੜ ਲੈਣ ਦੇ,ਆਪਣੇ ’ਤੇ ਜ਼ਬਤ ਪਾਉਂਦਿਆਂ ਉਸ ਆਖਿਆ, “ਸਦਮਿਆਂ ਦੀ ਭੰਨੀ ਹੋਈ ਮੌਮ ਦਾ ਦਿਮਾਗ ਹਿੱਲ ਗਿਆ। ਉਹ ਅਚਾਨਕ ਹੀ ਰੋਹ ’ਚ ਉਂਗਲ ਉਠਾ ਕੇ ਆਖਣ ਲੱਗ ਜਾਂਦੀ, ‘ਮੇਰੀ ਧੀ ਨੂੰ ਬਰਬਾਦ ਕਰਨ ਵਾਲ਼ਿਆ ਪ੍ਰਿੰਸੀਪਲਾ ਤੂੰ ਸੱਚਾ-ਸੁੱਚਾ ਈਸਾਈ ਨਹੀਂ, ਰਾਖਸ਼ ਹੈਂ ਰਾਖਸ਼ ... ਤੇ ਫਿਰ ਕਿਤੇ ਦੀਆਂ ਕਿਤੇ ਗੱਲਾਂ ਮਾਰਦੀ, ਦਿਲ ਅੰਦਰ ਦਫਨ ਹੋਈਆਂ ਸੱਧਰਾਂ ਪੁੱਟਣ ਲੱਗ ਜਾਂਦੀਆਂ - ਆ ਜਾ, ਲੰਘ ਆ ਰੋਜ਼ੈਨ, ਮੇਰੀ ਰਾਣੀਏਂ ਧੀਏ! ਲੈ `ਕੱਲੀ ਆਈ ਏਂ! ਮੇਰੇ ਦੋਹਤੇ-ਦੋਹਤੀਆਂ ਨੂੰ ਨ੍ਹੀਂ ਲੈ ਕੇ ਆਈ। ਅੱਛਾ-ਅੱਛਾ ਉਹ ਆਪਣੇ ਪਿਉ ਨਾਲ਼ ਆ ਰਹੇ ਨੇ। ਮਾਰ ਆਵਾਜ਼ ਆਪਣੇ ਡੈਡ ਨੂੰ, ਆਪਾਂ ਮਾਈਕ ਦੇ ਵਿਆਹ ਦੀ ਸਲਾਹ ਕਰਨੀ ਆਂ ... ਮੌਮ ਦਾ ਮੈਂ ਇਲਾਜ਼ ਕਰਵਾਇਆ। ਦਵਾਈਆਂ ਦੇ ਆਸਰੇ ਉਹ ਚਾਰ ਕੁ ਸਾਲ ਜਿਉਂਦੀ ਤਾਂ ਰਹੀ ਪਰ ਨਾਰਮਲ ਨਾ ਹੋ ਸਕੀ। ਯਾਦ-ਸ਼ਕਤੀ ਬਹੁਤ ਘਟ ਗਈ ਸੀ। ਖਾਧਾ-ਪੀਤਾ ਭੁੱਲ ਜਾਂਦੀ ਸੀ। ਕਦੀ ਐਵੈਂ ਹੀ ਘਰੋਂ ਬਾਹਰ ਨੂੰ ਟੁਰ ਪੈਂਦੀ। ਮੈਨੂੰ ਹਰ ਵੇਲੇ ਉਸਦਾ ਧਿਆਨ ਰੱਖਣਾ ਪੈਂਦਾ। ਮੇਰੀ ਬੇਧਿਆਨੀ ਵਿਚ ਜੇ ਕਦੀ ਉਹ ਆਸੇ-ਪਾਸੇ ਹੋ ਜਾਂਦੀ ਤਾਂ ਬੈਂਡ ਦੇ ਲੋਕ ਉਸਨੂੰ ਘਰ ਛੱਡ ਜਾਂਦੇ। ਉਨ੍ਹਾਂ ਨੂੰ ਉਸਦੀ ਹਾਲਤ ਦਾ ਪਤਾ ਸੀ। ... ਪਹਿਲਾਂ ਭੈਣ ਅਤੇ ਡੈਡ ਦੀ ਮੌਤ ਫਿਰ ਮਾਂ ਦਾ ਨੀਮ-ਪਾਗਲਪਨ। ਬਹੁਤ ਹੀ ਹੌਲਨਾਕ ਸਮਾਂ ਸੀ ਉਹ ... ਬਰੈਂਡਾ ਕੀ ਤੇ ਬਰੁੱਕਲੀਨ ਦੇ ਹੋਰ ਲੋਕ ਕੀ, ਮਨ ਵਿੱਚੋਂ ਵਿਸਰਦੇ ਚਲੇ ਗਏ। ਤੇ ਜਦੋਂ ਮੌਮ ਵੀ ਮੁੱਕ ਗਈ ... ਮੇਰੇ ਭਾਅ ਦੀ ਪਰਲੋ ...” ਮਾਈਕਲ ਦਾ ਰੋਣ ਨਿਕਲ਼ ਗਿਆ।

ਓ ਰੱਬਾ! ਇੰਨਾ ਵੱਡਾ ਕਹਿਰ!” ਆਪਣੇ ਅੰਦਰ ਕੰਬਣੀ ਮਹਿਸੂਸ ਕਰਦਿਆਂ ਮੇਰੀਆਂ ਅੱਖਾਂ ਵੀ ਛਲਕ ਪਈਆਂ। ਕੁਰਸੀ ਤੋਂ ਉੱਠ ਕੇ ਜਦੋਂ ਮੈਂ ਮਾਈਕਲ ਦੇ ਮੋਢਿਆਂ ’ਤੇ ਹੱਥ ਰੱਖੇ ਤਾਂ ਉਹ ਹੋਰ ਫਿੱਸ ਪਿਆ ...

ਉਸਦਾ ਰੋਣਾ ਬੰਦ ਹੋਣ ’ਤੇ ਵੀ ਅਸੀਂ ਕਿੰਨਾ ਹੀ ਚਿਰ ਕੋਈ ਗੱਲ ਨਾ ਕਰ ਸਕੇ। ਆਲ਼ਾ-ਦੁਆਲ਼ਾ ਵੀ ਖਾਮੋਸ਼ ਹੋ ਗਿਆ ਜਾਪਿਆ। ਇੰਜ ਲੱਗਾ ਜਿਵੇਂ ਲਾਗਲੇ ਦਰਿਆ ਤੇ ਦਰਖਤ ਵੀ ਮਾਈਕਲ ਦੀ ਰੂਹ-ਕੰਬਾਊ ਤ੍ਰਾਸਦੀ ਸੁਣ ਕੇ ਸੁੰਨ ਹੋ ਗਏ ਹੋਣ। ਮਾਈਕਲ ਜ਼ਰਾ ਸਾਵਾਂ ਹੋਇਆ ਤਾਂ ਮੈਂ ਕਿਹਾ, “ਘਰ ਹੀ ਖਾਲੀ ਹੋ ਗਿਆ... ਵਾਕਈ ਪਰਲੋ ਵਾਲ਼ੀ ਗੱਲ ਹੈ।”

ਲੰਮਾ ਹਉਕਾ ਭਰਦਿਆਂ ਮਾਈਕਲ ਬੋਲਿਆ, “ਜਾਣ ਵਾਲ਼ੇ ਚਲੇ ਗਏ, ਮੈਨੂੰ ਤੜਫਣ ਲਈ ਛੱਡ ਗਏ ... ਮੌਮ-ਡੈਡ ਦੇ ਜਿਉਂਦਿਆਂ ਮੈਂ ਉਨ੍ਹਾਂ ਨਾਲ਼ ਲੜਦਾ ਭਿੜਦਾ ਰਿਹਾ ਪਰ ਉਨ੍ਹਾਂ ਦੀ ਮੌਤ ਤੋਂ ਬਾਅਦ ਪਛਤਾਵਾ ਲੱਗ ਗਿਆ ਕਿ ਮੈਂ ਉਨ੍ਹਾਂ ਨੂੰ ਕਿਉਂ ਦੁਖੀ ਕੀਤਾ? ਭੈਣ ਦੇ ਟੁੱਟੇ ਦਿਲ ਨੂੰ ਗੰਢਣ ਦੀ ਕੋਸ਼ਿਸ਼ ਕਿਉਂ ਨਾ ਕੀਤੀ?... ਟੱਬਰ ਦੀ ਬਰਬਾਦੀ ਤੇ ਘਰ ਦੇ ਉਜਾੜ ਨੇ ਮੈਨੂੰ ਬਹੁਤ ਕੋਹਿਐ ...

ਮਾਈਕ! ਤੇਰਾ ਭਾਈਚਾਰਾ ਦੁੱਖ ਵੰਡਾਉਣ ਤਾਂ ਆਇਆ ਹੋਵੇਗਾ?”

ਹਾਂਤਿੰਨਾਂ ਮੌਤਾਂ ’ਤੇ ਮੇਰੇ ਰਿਸ਼ਤੇਦਾਰ ਤੇ ਬੈਂਡ ਦੇ ਨਜ਼ਦੀਕੀ ਬੰਦੇ ਰਸਮਾਂ-ਰਿਵਾਜ਼ਾਂ ਮੁਤਾਬਿਕ ਅਫਸੋਸ ਕਰਨ ਆਉਂਦੇ ਰਹੇ। ਪਰ ਸਦਮੇ-ਸੰਤਾਪ ਤਾਂ ਆਖਰਕਾਰ ਮੇਰੀ `ਕੱਲੀ-ਕਾਰੀ ਜਾਨ ਨੇ ਹੀ ਸਹਿਣੇ ਸਨ। ... ਕੁਝ ਲੋਕਾਂ ਨੇ ਰੋਜ਼ੈਨ ਦੀ ਆਤਮਹੱਤਿਆ ਦੇ ਮੂਲ ਕਾਰਨ ਦਾ ਅੰਦਾਜ਼ਾ ਲਾ ਲਿਆ ਸੀ। ਪਰ ਅਸੀਂ ਘਰ ਦੇ ਜੀਆਂ ਨੇ ਕਿਸੇ ਕੋਲ਼ ਵੀ ਗੱਲ ਨਹੀਂ ਸੀ ਖੋਲ੍ਹੀ। ਆਪਣੀ ਜਲਾਲਤ ਤਾਂ ਮੈਂ ਆਪਣੇ ਅੰਦਰ ਹੀ ਦੱਬ ਲਈ ਸੀ।”

ਜੇ ਫੋਲ ਦੇਂਦਾ, ਤੜਫਾਹਟ ਘਟ ਜਾਣੀ ਸੀ।” ਮੈਂ ਆਖਿਆ।

ਇਹ ਤਾਂ ਹੁਣ ਫੋਲ ਕੇ ਹੀ ਪਤਾ ਲੱਗਾ ਹੈ,ਗੱਲ ਕਰਦੇ ਮਾਈਕਲ ਦੇ ਚਿਹਰੇ ’ਤੇ ਧੀਰਜ ਅਤੇ ਉਤਸ਼ਾਹ ਦੇ ਚਿੰਨ੍ਹ ਉੱਭਰ ਪਏ, “ਬਾਜ਼! ਤੇਰੇ ਕੋਲ਼ ਸਾਰੇ ਦੁੱਖ-ਦਰਦ ਫੋਲ ਕੇ ਮਨ ਹਲਕਾ ਹੋ ਗਿਆ ਏ। ਤੇਰੇ ਪਿਆਰ ਨੇ ਮੇਰੀ ਲਿਤਾੜੀ ਹੋਈ ਰੂਹ ’ਤੇ ਟਾਨਿਕ ਵਰਗਾ ਅਸਰ ਕੀਤਾ ਹੈ ... ਅਗਾਂਹ ਕਦਮ ਪੁੱਟਣ ਦੀ ਇੱਛਾ ਜਾਗ ਪਈ ਹੈ।”

ਮਾਈਕਲ ਦੇ ਬੋਲ ਸੁਣ ਕੇ ਮੇਰੀ ਰੂਹ ਖਿੜ ਗਈ। ਰਗ-ਰਗ ਵਿਚ ਸਕੂਨ ਮਹਿਸੂਸਦਿਆਂ ਮੈਂ ਆਖਿਆ, “ਮਾਈਕ! ਮੈਂ ਬਹੁਤ ਖੁਸ਼ ਹਾਂ। ਮੇਰੀ ਮਿਹਨਤ ਵਰ ਆਈ ਏ। ਹੁਣ ਤੂੰ ਵਕੀਲ ਕਰਕੇ ਆਪਣਾ ਮੁਆਵਜ਼ੇ ਦਾ ਕੇਸ ਭੇਜ ਦੇ। ਮੈਂ ਤੇਰੇ ਨਾਲ਼ ਸੰਪਰਕ ਰੱਖਾਂਗਾ। ਆਪਣੀ ਦੋਸਤੀ ਜ਼ਿੰਦਗੀ ਭਰ ਨਿਭੇਗੀ।”

ਕਾਊਂਸਲਿੰਗ ਦੀ ਰਿਪੋਰਟ ਫਾਈਨਲ ਕਰਕੇ ਮੈਂ ਮੈਨੇਜਰ ਨੂੰ ਦੇ ਦਿੱਤੀ ਸੀ। ਉਸਨੇ ਸੰਬੰਧਿਤ ਮਹਿਕਮੇ ਨੂੰ ਮਾਈਕਲ ਦੀ ਸੁਣਵਾਈ ਵਾਸਤੇ ਲਿਖ ਦਿੱਤਾ ਸੀ।

ਸੁਣਵਾਈ-ਕਮਰੇ ਵੱਲੋਂ ਆਉਂਦੀ ਪੈਰਾਂ ਦੀ ਬਿੜਕ ਸੁਣ ਕੇ, ਮੈਂ ਵੇਟਿੰਗ-ਰੂਮ ਵਿੱਚੋਂ ਬਾਹਰ ਆ ਜਾਂਦਾ ਹਾਂ। ਮਾਈਕਲ ਅਤੇ ਉਸਦਾ ਵਕੀਲ ਆ ਰਹੇ ਹਨ। ਵਕੀਲ ਨੂੰ ਤੋਰ ਕੇ ਉਹ ਮੇਰੇ ਕੋਲ਼ ਆ ਜਾਂਦਾ ਹੈ। ਮੈਨੂੰ ਜੱਫੀ ਵਿਚ ਲੈ ਕੇ ਆਖਦਾ ਹੈ, “ਸੁਣਵਾਈ ਵਧੀਆ ਰਹੀ। ਅਖੀਰ ’ਤੇ ਸਰਕਾਰੀ ਵਕੀਲ ਨੇ ਕਨੇਡਾ ਸਰਕਾਰ ਦੀ ਤਰਫੋਂ ਮੈਥੋਂ ਮੁਆਫੀ ਮੰਗੀ ਏ। ਮੁਆਵਜ਼ਾ ਭੇਜਣ ਲਈ ਉਸਨੇ ਮੇਰਾ ਬੈਂਕ-ਅਕਾਊਂਟ ਨੰਬਰ ਵੀ ਲੈ ਲਿਐ। ਪਿਆਰੇ ਬਾਜ਼! ਥੈਂਕ ਯੂ ਵੈਰ੍ਹੀ ਮਚ।”

ਮਾਈਕ ਪਿਆਰੇ! ਤੇਰਾ ਵੀ ਬਹੁਤ-ਬਹੁਤ ਧੰਨਵਾਦ। ਤੇਰੀ ਕਾਊਂਸਲਿੰਗ ਮੇਰੀ ਜ਼ਿੰਦਗੀ ਦੀ ਵੱਡੀ ਪ੍ਰਾਪਤੀ ਏ।” ਆਪਣੇ ਅੰਦਰ ਨਸ਼ਾ ਜਿਹਾ ਮਹਿਸੂਸਦਿਆਂ ਮੈਂ ਮਾਈਕਲ ਨੂੰ ਆਪਣੇ ਨਾਲ਼ ਘੁੱਟ ਲੈਂਦਾ ਹਾਂ।

ਤੇ ਫਿਰ ਜ਼ਰਾ ਕੁ ਪਾਸੇ ਹੋ ਕੇ ਕਲੈਰਾ ਨੂੰ ਫੋਨ ਕਰਦਾ ਹਾਂ। ਉਸ ਨਾਲ਼ ਕੀਤੇ ਵਾਅਦੇ ਅਨੁਸਾਰ ਦੱਸਦਾ ਹਾਂ ਕਿ ਮਾਈਕਲ ਦੀ ਸੁਣਵਾਈ ਠੀਕ-ਠਾਕ ਹੋ ਗਈ ਹੈ। ਪ੍ਰਸੰਨ ਹੋਈ ਉਹ ਮਾਈਕਲ ਦਾ ਫੋਨ-ਨੰਬਰ ਲੈ ਲੈਂਦੀ ਹੈ। ਅਗਲੇ ਹੀ ਪਲ ਮਾਈਕਲ ਦਾ ਸੈੱਲਫੋਨ ਖੜਕਦਾ ਹੈ ...

******

(457)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਜਰਨੈਲ ਸਿੰਘ

ਜਰਨੈਲ ਸਿੰਘ

Brampton, Ontario, Canada.
Phone: (647 - 242 - 3128)
Email: (Jarnailkahanikar@yahoo.ca)