ParminderAdi7ਚੁੱਪ ਰਹਿਬਹੁਤ ਚਿਰ ਹੋ ਗਿਆ ਸੁਣਦੇ ਸੁਣਦੇਹੁਣ ਆਪਣਾ ਮੂੰਹ ਬੰਦ ਰੱਖ ...
(18 ਅਗਸਤ 2016)

 

ਟਰੱਕ ਡਰਾਇਵਰ ਆਮ ਤੌਰਤੇ ਚੰਗੀ ਭਲੇ ਕੱਦ ਕਾਠ ਵਾਲੇ ਹੁੰਦੇ ਹਨ ਪਰ ਮੈਂ ਰਿਹਾ ਇੱਕ ਕਮਜ਼ੋਰ ਜਿਹਾ, ਪਤਲਾ ਜਿਹਾ, ਬੇਸੁਰਾ ਆਦਮੀ। ਪਤਲੀਆਂ ਲੰਮੀਆਂ ਲੱਤਾਂ, ਢਿੱਡ ਲੱਕ ਤੋਂ ਐਵੇਂ ਕੱਸਿਆ ਹੋਇਆ ਕਿ ਪੈਂਟ ਥੱਲੇ ਨੂੰ ਡਿੱਗਦੀ ਰਹਿੰਦੀ ਹੈ।

ਇਹ ਵੀ ਕਿਹਾ ਜਾਂਦਾ ਹੈ ਕਿ ਮਲਾਹ ਦੇ ਵਾਂਗ ਟਰੱਕ ਡਰਾਇਵਰ ਨੂੰ ਔਰਤਾਂ ਦੇ ਬਾਰੇ ਜ਼ਿਆਦਾ ਨਹੀਂ ਸੋਚਣਾ ਚਾਹੀਦਾ। ਇੰਝ ਹੋਣ ਨਾਲ ਲਗਾਤਾਰ ਸਫ਼ਰ ਵਿੱਚ ਉਸਦੇ ਪਾਗਲ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ ਪਰ ਮੇਰਾ ਦਿਮਾਗ਼ ਹੈ ਕਿ ਹਰ ਵਕਤ ਔਰਤਾਂ ਬਾਰੇ ਹੀ ਸੋਚਦਾ ਰਹਿੰਦਾ ਹੈ। ਇਹ ਮੇਰੀ ਕਮਜ਼ੋਰੀ ਹੈ।

ਮੇਰਾ ਸਾਥ ਦੇਣ ਲਈ ਤੀਹ ਸਾਲ ਦਾ ਜਵਾਨ ਪੋਲੰਬੀ ਸੀ, ਜਿਸ ਵਿਚ ਜਵਾਨੀ ਦਾ ਨਾਮੋ ਨਿਸ਼ਾਨ ਵੀ ਨਹੀਂ ਸੀ। ਮੋਟਾ ਤਾਜ਼ਾ ਚਿਹਰਾ, ਗੋਲ ਮਟੋਲ ਗੱਲਾਂ, ਛੋਟੀਆਂ ਛੋਟੀਆਂ ਅੱਖਾਂ ਅਤੇ ਗੋਲਕ ਦੇ ਮੂੰਹ ਵਾਂਗ ਛੋਟਾ ਜਿਹਾ ਮੂੰਹ। ਉਹ ਨਿਰਾ ਗੰਵਾਰ ਤੇ ਮੂਰਖ ਸੀ। ਟਰੱਕ ਵਾਂਗ ਉਸ ਵਿਚ ਵੀ ਦਿਮਾਗ਼ ਨਾਂ ਦੀ ਕੋਈ ਚੀਜ਼ ਨਹੀਂ ਸੀ। ਹਾਂ, ਖਾਣ ਦੀ ਸੁਣ ਕੇ ਉਸਦੀਆਂ ਅੱਖਾਂ ਵਿਚ ਇੱਕ ਦਮ ਚਮਕ ਆ ਜਾਂਦੀ ਸੀ। ਇੱਕ ਦਮ ਪੇਟੂ ਸੀ ਉਹ।

ਉਨ੍ਹਾਂ ਦਿਨਾਂ ਵਿਚ ਇਟਲੀ ਦੇ ਦੋ ਸ਼ਹਿਰਾਂ ਰੋਮ ਅਤੇ ਨੈਪਲਸ ਵਿਚਕਾਰ ਹਰ ਤਰ੍ਹਾਂ ਦਾ ਸਮਾਨ ਢੋਣ ਦਾ ਕੰਮ ਮਿਲ ਗਿਆ ਸੀ। ਇੱਕ ਦਿਨ ਰਾਹ ਵਿਚ ਟ੍ਰੇਸਿਨਾ ਨਾਂ ਦੀ ਥਾਂਤੇ ਇੱਕ ਕੁੜੀ ਨੇ ਹੱਥ ਦੇ ਇਸ਼ਾਰੇ ਨਾਲ ਸਾਨੂੰ ਰੋਕਿਆ ਅਤੇ ਰੋਮ ਤੱਕ ਜਾਣ ਲਈ ਲਿਫਟ ਮੰਗੀ।

ਭਾਵੇਂ ਕਿਸੇ ਨੂੰ ਟਰੱਕ ਵਿਚ ਲਿਫਟ ਦੇਣ ਦੀ ਸਾਨੂੰ ਸਖ਼ਤ ਮਨਾਹੀ ਸੀ, ਪਰ ਉਹਨੂੰ ਦੇਖਣ ਤੋਂ ਬਾਅਦ ਅਸੀਂ ਉਸਨੂੰ ਲਿਫਟ ਦੇਣ ਦਾ ਫੈਸਲਾ ਕਰ ਲਿਆ। ਉਸਦੀ ਗਰਦਨ ਲੰਮੀ, ਛੋਟੇ ਜਿਹੇ ਸਿਰਤੇ ਭੂਰੇ ਵਾਲ ਅਤੇ ਡੂੰਘੀਆਂ ਨੀਲੀਆਂ ਅੱਖਾਂ ਸਨ। ਲੰਮੇ ਸਰੀਰ ਦੇ ਅਨੁਪਾਤ ਵਿਚ ਉਸਦੀਆਂ ਲੱਤਾਂ ਛੋਟੀਆਂ ਅਤੇ ਥੋੜ੍ਹੀਆਂ ਮੁੜੀਆਂ ਹੋਈਆਂ ਸਨ। ਚੱਲਦੇ ਸਮੇਂ ਇੰਝ ਲੱਗਦਾ ਸੀ ਜਿਵੇਂ ਉਹ ਗੋਡੇ ਮੋੜ ਕੇ ਚੱਲ ਰਹੀ ਹੋਵੇ। ਭਾਵੇਂ ਕਿ ਉਹ ਸੋਹਣੀ ਨਹੀਂ ਸੀ ਪਰ ਫਿਰ ਵੀ ਉਸ ਵਿਚ ਇੱਕ ਅਜੀਬ ਜਿਹੀ ਖਿੱਚ ਸੀ। ਪਹਿਲੀ ਨਜ਼ਰ ਨਾਲ ਹੀ ਮੈਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ।

ਸਿਸਟਰਨਾ ਤੋਂ ਬਾਅਦ ਜਦੋਂ ਪੋਲੰਬੀ ਟਰੱਕ ਚਲਾ ਰਿਹਾ ਸੀ, ਉਹਨੇ ਆਪਣਾ ਹੱਥ ਮੇਰੇ ਹੱਥ ਉੱਤੇ ਰੱਖ ਦਿੱਤਾ। ਵੇਲੇਟਰੀ ਤੱਕ ਜਦੋਂ ਮੈਂ ਪੋਲੰਬੀ ਤੋਂ ਡਰਾਇਵਿੰਗ ਲਈ, ਉਹਨੇ ਮੇਰਾ ਹੱਥ ਨਹੀਂ ਛੱਡਿਆ। ਗਰਮੀ ਦੇ ਦਿਨ ਸਨ ਤੇ ਸਾਡੇ ਦੋਵਾਂ ਦੇ ਹੱਥ ਮੁੜਕੇ ਨਾਲ ਭਿੱਜ ਰਹੇ ਸਨ। ਕਦੇ ਕਦੇ ਉਹ ਆਪਣੀਆਂ ਨੀਲੀਆਂ ਡੂੰਘੀਆਂ ਅੱਖਾਂ ਨਾਲ ਮੇਰੇ ਵੱਲ ਦੇਖ ਲੈਂਦੀ ਸੀ। ਮੈਨੂੰ ਲੱਗ ਰਿਹਾ ਸੀ ਕਿ ਜਿਵੇਂ ਮੇਰੀ ਜ਼ਿੰਦਗੀ ਵਿੱਚ ਅਚਾਨਕ ਖੁਸ਼ੀਆਂ ਦੀ ਬਹਾਰ ਆ ਗਈ ਹੋਵੇ। ਹੁਣ ਤੱਕ ਜ਼ਿੰਦਗੀ ਮੇਰੇ ਲਈ ਕੰਕਰੀਲੀ ਸਖ਼ਤ ਤੇ ਪਤਲੀ ਸੜਕ ਤੋਂ ਬਿਨਾ ਹੋਰ ਕੁਝ ਨਹੀਂ ਸੀ।

ਸਿਸਟਰਨਾ ਅਤੇ ਵੇਲੇਟਰੀ ਦੇ ਵਿੱਚ ਇੱਕ ਜਗ੍ਹਾਤੇ ਪੋਲੰਬੀ ਟਾਇਰਾਂ ਨੂੰ ਚੈੱਕ ਕਰਨ ਲਈ ਥੱਲੇ ਉੱਤਰਿਆ, ਮੈਂ ਮੌਕੇ ਦਾ ਫਾਇਦਾ ਉਠਾ ਕੇ ਉਸ ਕੁੜੀ ਨੂੰ ਚੁੰਮ ਲਿਆ।

ਉਸ ਦਿਨ ਮੇਰੇ ਲਈ ਉਸਦੇ ਹੱਥਾਂ ਦੀ ਗਰਮਾਹਟ ਅਤੇ ਉਹ ਚੁੰਮਣ ਹੀ ਬਹੁਤ ਸਨ। ਰੋਮ ਆਉਣਤੇ ਉੱਤਰਦੇ ਹੋਏ ਉਹ ਬੜੀ ਹੀ ਗਰਮਜੋਸ਼ੀ ਨਾਲ ਬੋਲੀ, “ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਸੱਚਮੁੱਚ ਬਹੁਤ ਦਿਆਲੂ ਹੋ। ਮੇਰਾ ਨਾਮ ਇਟਾਲੀਆ ਹੈ।

ਉਸ ਤੋਂ ਬਾਅਦ ਇਟਾਲੀਆ ਨਿਯਮ ਨਾਲ ਹਫ਼ਤੇ ਵਿਚ ਇੱਕ ਵਾਰ ਅਤੇ ਕਦੇ ਕਦੇ ਦੋ ਵਾਰ ਸਾਡੇ ਕੋਲੋਂ ਰੋਮ ਤੋਂ ਟ੍ਰੈਸੀਨਾ ਤੱਕ ਲਿਫਟ ਲੈਣ ਲੱਗ ਪਈ ਸੀ। ਸਵੇਰ ਦੇ ਸਮੇਂ ਉਹ ਹੱਥ ਵਿਚ ਕੋਈ ਪਾਰਸਲ ਜਾਂ ਸੂਟਕੇਸ ਲੈ ਕੇ ਕੰਧ ਦੇ ਕੋਲ ਸਾਡਾ ਇੰਤਜ਼ਾਰ ਕਰ ਰਹੀ ਹੁੰਦੀ।

ਜਿਸ ਸਮੇਂ ਪੋਲੰਬੀ ਟਰੱਕ ਚਲਾ ਰਿਹਾ ਹੁੰਦਾ, ਉਸ ਸਮੇਂ ਇਟਾਲੀਆ ਪੂਰੇ ਰਸਤੇ ਵਿੱਚ ਮੇਰਾ ਹੱਥ ਫੜੀ ਰੱਖਦੀ। ਪੋਲੰਬੀ ਦੀਆਂ ਨਜ਼ਰਾਂ ਤੋਂ ਬਚਾ ਕੇ ਉਹਦੇ ਨਾ ਚਾਹੁੰਦਿਆਂ ਵੀ ਮੈਂ ਉਸਨੂੰ ਚੁੰਮ ਲੈਂਦਾ ਸੀ।

ਸੱਚ ਤਾਂ ਇਹ ਹੈ ਕਿ ਮਨ ਹੀ ਮਨ ਮੈਂ ਉਸਨੂੰ ਪਿਆਰ ਕਰਨ ਲੱਗ ਪਿਆ ਸੀ। ਲੰਮੇ ਸਮੇਂ ਬਾਅਦ ਮੈਂ ਕਿਸੇ ਔਰਤ ਨੂੰ ਪਸੰਦ ਕੀਤਾ ਸੀ। ਪੋਲੰਬੀ ਦੀ ਨੀਂਦ ਦਾ ਫਾਇਦਾ ਉਠਾ ਕੇ ਟਰੱਕ ਚਲਾਉਂਦਿਆਂ ਚਲਾਉਂਦਿਆਂ ਮੈਂ ਉਸ ਨਾਲ ਹੌਲੀ ਜਿਹੀ ਆਵਾਜ਼ ਵਿੱਚ ਗੱਲਾਂ ਕਰਦਾ, ਪਰ ਕਿਹੜੀਆਂ ਗੱਲਾਂ ਕਰਦਾ ਸੀ, ਇਹ ਹੁਣ ਮੈਨੂੰ ਬਿਲਕੁਲ ਹੀ ਯਾਦ ਨਹੀਂ। ਮੈਨੂੰ ਤਾਂ ਬਸ ਇੰਨਾ ਯਾਦ ਹੈ ਕਿ ਉਹ ਸਮਾਂ ਖੰਭ ਲਾ ਕੇ ਉਡ ਰਿਹਾ ਸੀ।

ਟ੍ਰੈਸੀਨਾ ਦੀ ਉਹ ਸੁੰਨਸਾਨ ਪਥਰੀਲੀ ਸੜਕ ਜੋ ਕਦੇ ਵੀ ਰੁਕਣ ਦਾ ਨਾਮ ਨਹੀਂ ਲੈਂਦੀ ਸੀ, ਕਿਸੇ ਜਾਦੂ ਨਾਲ ਰੁਕ ਜਿਹੀ ਜਾਂਦੀ ਸੀ। ਮੈਂ ਟਰੱਕ ਦੀ ਰਫ਼ਤਾਰ ਘੱਟ ਕਰ ਦਿੰਦਾ, ਫੇਰ ਵੀ ਸਫ਼ਰ ਦਾ ਆਖ਼ਰੀ ਪੜਾਅ ਆ ਹੀ ਜਾਂਦਾ ਸੀ ਤੇ ਇਟਾਲੀਆ ਚਲੀ ਜਾਂਦੀ।

ਰਾਤ ਦੇ ਸਮੇਂ ਉਹਦੇ ਨਾਲ ਸਫ਼ਰ ਕਰਨਾ ਬਹੁਤ ਸੋਹਣਾ ਲੱਗਦਾ ਸੀ, ਮੇਰਾ ਇੱਕ ਹੱਥ ਸਟੇਰਿੰਗਤੇ ਹੁੰਦਾ ਤੇ ਦੂਸਰਾ ਇਟਾਲੀਆ ਦੇ ਲੱਕ ਦੇ ਨੇੜੇ ਤੇੜੇ। ਸਾਹਮਣਿਓਂ ਆਉਂਦੀਆਂ ਕਾਰਾਂ ਦੀ ਜਗਦੀਆਂ ਬੁਝਦੀਆਂ ਲਾਈਟਾਂ ਦਾ ਜਵਾਬ ਦੇਣ ਲਈ ਮੈਂ ਆਪਣੇ ਟਰੱਕ ਦੀਆਂ ਲਾਈਟਾਂ ਜਗਾ ਦਿੰਦਾ ਸੀ। ਮੈਂ ਉਹਨਾਂ ਦੇ ਜ਼ਰੀਏ ਸਾਰਿਆਂ ਨੂੰ ਦੱਸਣਾ ਚਾਹੁੰਦਾ ਸੀ ਕਿ ਮੈਂ ਇਟਾਲੀਆ ਨਾਲ ਪਿਆਰ ਕਰਦਾ ਹਾਂ ਤੇ ਉਹ ਵੀ ਮੈਨੂੰ ਪਿਆਰ ਕਰਦੀ ਹੈ।

ਜਿੱਥੋਂ ਤੱਕ ਪੋਲੰਬੀ ਦਾ ਸਵਾਲ ਹੈ ਜਾਂ ਤਾਂ ਉਹ ਸਾਡੇ ਪਿਆਰ ਤੋਂ ਅਣਜਾਣ ਸੀ ਜਾਂ ਫਿਰ ਜਾਣਬੁੱਝ ਕੇ ਅਣਜਾਣ ਬਣਿਆ ਰਹਿਣਾ ਚਾਹੁੰਦਾ ਸੀ।

ਪਿਆਰ ਦੇ ਜੋਸ਼ ਵਿੱਚ ਇੱਕ ਦਿਨ ਮੈਂ ਟਰੱਕ ਦੇ ਸਾਹਮਣੇ ਸ਼ੀਸ਼ੇਤੇ ਚਿੱਟੇ ਰੰਗ ਨਾਲ ਲਿਖ ਦਿੱਤਾ ਵਾਇਵਾ ਲਾ ਇਟਾਲੀਆ’ ਭਾਵ ਇਟਾਲੀਆ ਲੰਮੀ ਉਮਰ ਵਾਲੀ ਹੋਵੇ। ਪੋਲੰਬੀ ਦੇ ਚਿਹਰੇਤੇ ਹਲਕੀ ਜਿਹੀ ਮੁਸਕਰਾਹਟ ਆ ਗਈ ਜਿਵੇਂ ਕਹਿ ਰਿਹਾ ਹੋਵੇ,ਵਾਹ! ਤੈਨੂੰ ਵੀ ਕੀ ਹੂਰ ਪਰੀ ਲੱਭੀ ਏ।”

ਕਈ ਮਹੀਨਿਆਂ ਤੱਕ ਇਹ ਸਭ ਚੱਲਦਾ ਰਿਹਾ। ਇੱਕ ਦਿਨ ਹਮੇਸ਼ਾ ਵਾਂਗ ਇਟਾਲੀਆ ਨੂੰ ਟ੍ਰੇਸੀਨਾ ਉਤਾਰ ਕੇ ਜਦੋਂ ਅਸੀਂ ਨੈਪਲਸ ਪੁੱਜੇ ਤਾਂ ਹੁਕਮ ਮਿਲਿਆ ਕਿ ਸਮਾਨ ਉਤਾਰ ਕੇ ਨਾਲ ਦੀ ਨਾਲ ਰੋਮ ਪਰਤ ਜਾਓ। ਮੈਨੂੰ ਬੜਾ ਗੁੱਸਾ ਆਇਆ ਕਿਉਂਕਿ ਅਸੀਂ ਅਗਲੀ ਸਵੇਰ ਇਟਾਲੀਆ ਨੂੰ ਮਿਲਣ ਦਾ ਵਾਅਦਾ ਕੀਤਾ ਹੋਇਆ ਸੀ। ਕੀ ਕਰਦੇ ਲਾਚਾਰ ਸੀ। ਮਾਲਕਾਂ ਦਾ ਹੁਕਮ ਟਾਲਿਆ ਵੀ ਤਾਂ ਨਹੀਂ ਜਾ ਸਕਦਾ ਸੀ।

ਸਮਾਨ ਉਤਾਰ ਕੇ ਮੈਂ ਦੁਬਾਰਾ ਸਟੇਰਿੰਗ ਸੰਭਾਲ ਲਿਆ। ਥੱਕਿਆ ਹੋਣ ਕਾਰਣ ਪੋਲੰਬੀ ਟਰੱਕ ਵਿਚ ਬੈਠਦਿਆਂ ਹੀ ਘੁਰਾੜੇ ਮਾਰਨ ਲੱਗ ਪਿਆ ਸੀ। ਕੁਝ ਦੂਰ ਤਕ ਤਾਂ ਸਭ ਕੁਝ ਠੀਕ ਠਾਕ ਰਿਹਾ। ਫਿਰ ਮੇਰੀ ਵੀ ਅੱਖ ਜਿਹੀ ਲੱਗਣ ਲੱਗੀ। ਖ਼ੁਦ ਨੂੰ ਜਾਗਦਿਆਂ ਰੱਖਣ ਲਈ ਮੈਂ ਇਟਾਲੀਆ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। ਜਿੰਨਾ ਮੈਂ ਉਸਦੇ ਬਾਰੇ ਸੋਚਦਾ, ਉੰਨੀਆਂ ਹੀ ਉਸਦੀਆਂ ਪਿਆਰੀਆਂ ਪਿਆਰੀਆਂ ਗੱਲਾਂ ਮੇਰੇ ਦਿਮਾਗ਼ ਵਿੱਚ ਜੰਗਲ ਦੇ ਰੁੱਖਾਂ ਦੀਆਂ ਟਾਹਣੀਆਂ ਵਾਂਗ ਸੰਘਣੀਆਂ ਹੁੰਦੀਆਂ ਗਈਆਂ। ਅਖ਼ੀਰ ਵਿੱਚ ਇੰਨੀਆਂ ਸੰਘਣੀਆਂ ਹੋ ਗਈਆਂ ਕਿ ਇੱਕ ਦਮ ਘੁੱਪ ਹਨੇਰਾ ਹੋ ਗਿਆ। ਇੱਕ ਝਟਕੇ ਨਾਲ ਮੈਨੂੰ ਹੋਸ਼ ਆਇਆ। ਟਰੱਕ ਸੜਕ ਤੋਂ ਉੱਤਰ ਕੇ ਥੱਲੇ ਇੱਕ ਟੋਏ ਵਿੱਚ ਜਾ ਡਿੱਗਿਆ ਸੀ। ਟਰੱਕ ਦੀ ਰਫ਼ਤਾਰ ਘੱਟ ਸੀ ਇਸ ਕਰਕੇ ਦੋਨਾਂ ਵਿੱਚੋਂ ਕਿਸੇ ਨੂੰ ਵੀ ਸੱਟ ਫੇਟ ਨਹੀਂ ਲੱਗੀ। ਹਨੇਰੀ ਰਾਤ ਸੀ ਆਕਾਸ਼ ਵਿੱਚ ਤਾਰੇ ਟਿਮਟਿਮਾ ਰਹੇ ਸਨ। ਸਮਾਂ ਚੰਗਾ ਸੀ, ਅਸੀਂ ਟ੍ਰੇਸੀਨਾ ਤੋਂ ਜ਼ਿਆਦਾ ਦੂਰ ਨਹੀਂ ਸੀ।

ਪੋਲੰਬੀ ਵੀ ਝਟਕੇ ਨਾਲ ਜਾਗ ਪਿਆ, ਬੋਲਿਆ, “ਹੁਣ ਕਿਹੜੀ ਨਵੀਂ ਮੁਸੀਬਤ ਆ ਗਈ?” ਅਤੇ ਦੇਖਣ ਤੋਂ ਬਾਅਦ ਕਹਿਣ ਲੱਗਾ,ਸਾਨੂੰ ਮਦਦ ਲਈ ਕਿਸੇ ਨੂੰ ਟ੍ਰੇਸੀਨਾ ਤੋਂ ਬੁਲਾਉਣਾ ਪਵੇਗਾ, ਪਰ ਉੱਥੋਂ ਮਦਦ ਆਉਣ ਵਿੱਚ ਤਾਂ ਬਹੁਤ ਸਮਾਂ ਲੱਗ ਜਾਵੇਗਾ। ਮੈਨੂੰ ਤਾਂ ਬਹੁਤ ਜ਼ੋਰ ਦੀ ਭੁੱਖ ਲੱਗੀ ਹੈ। ਨੇੜੇ ਕੋਈ ਢਾਬਾ ਮਿਲ ਜਾਵੇ ਤਾਂ ਪਹਿਲਾਂ ਖਾਣਾ ਖਾ ਲੈਂਦੇ ਹਾਂ।”

ਅਸੀਂ ਦੋਵੇਂ ਪੈਦਲ ਚੱਲਦੇ ਹੋਏ ਕਿਸੇ ਢਾਬੇ ਦੀ ਤਲਾਸ਼ ਵਿੱਚ ਨਿਕਲ ਪਏ। ਥੋੜ੍ਹੀ ਦੂਰ ਜਾਣਤੇ ਟਿਮਟਿਮਾਉਂਦੀ ਰੌਸ਼ਨੀ ਦਿਖਾਈ ਦਿੱਤੀ। ਮਨ ਵਿਚ ਥੋੜ੍ਹੀ ਆਸ ਬੱਝੀ। ਅਸੀਂ ਤੇਜ਼ੀ ਨਾਲ ਉਸ ਪਾਸੇ ਚੱਲ ਪਏ। ਉਹ ਕੋਈ ਢਾਬਾ ਹੀ ਸੀ ਜੋ ਬੰਦ ਹੋਣ ਜਾ ਰਿਹਾ ਸੀ। ਨੇੜੇ ਜਾ ਕੇ ਦੇਖਿਆ, ਢਾਬੇ ਦੇ ਦਰਵਾਜ਼ੇ ਬੰਦ ਹੋ ਗਏ ਸੀ। ਦਰਵਾਜ਼ੇ ਦੀ ਵਿਰਲ ਵਿੱਚੋਂ ਅੰਦਰ ਝਾਕਣ ਦੀ ਕੋਸ਼ਿਸ਼ ਕੀਤੀ ਤਾਂ ਅੰਦਰ ਦਾ ਨਜ਼ਾਰਾ ਦੇਖ ਕੇ ਅੱਖਾਂਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਇਟਾਲੀਆ ਐਪਰਨ ਬੱਝੇ ਝਾੜੂ ਨਾਲ ਸਫ਼ਾਈ ਕਰਨ ਵਿੱਚ ਜੁਟੀ ਹੋਈ ਸੀ ਅਤੇ ਕਮਰੇ ਦੇ ਬਿਲਕੁਲ ਅਖ਼ੀਰ ਵਿਚ ਕਾਊਂਟਰ ਦੇ ਪਿੱਛੇ ਇੱਕ ਬਦਸੂਰਤ ਕੁੱਬਾ ਖੜ੍ਹਾ ਸੀ। ਉਹ ਬਹੁਤ ਲਲਚਾਈਆਂ ਨਜ਼ਰਾਂ ਨਾਲ ਇਟਾਲੀਆ ਨੂੰ ਘੂਰ ਰਿਹਾ ਸੀ। ਤਦ ਹੀ ਉਸਨੇ ਇਟਾਲੀਆ ਨੂੰ ਕੁੱਝ ਕਿਹਾ। ਇਟਾਲੀਆ ਕੰਮ ਛੱਡ ਕੇ ਉਹਦੇ ਕੋਲ ਚਲੇ ਗਈ ਅਤੇ ਆਪਣੀਆਂ ਬਾਹਾਂ ਉਸ ਕੁੱਬੇ ਦੀ ਗਰਦਨ ਦੁਆਲੇ ਪਾ ਕੇ ਉਸਦਾ ਚੁੰਮਣ ਲੈ ਲਿਆ।

ਉਸ ਤੋਂ ਬਾਅਦ ਉਹ ਕਮਰੇ ਵਿੱਚ ਐਵੇਂ ਘੁੰਮਣ ਲੱਗੀ ਜਿਵੇਂ ਖੁਸ਼ੀ ਨਾਲ ਨੱਚ ਰਹੀ ਹੋਵੇ। ਇਹ ਦੇਖ ਕੇ ਮੇਰੀ ਭੁੱਖ ਇਕਦਮ ਮਰ ਗਈ। ਮੂੰਹ ਦਾ ਸਵਾਦ ਕੁਸੈਲਾ ਹੋ ਗਿਆ। ਆਪਣਾ ਗੁੱਸਾ ਛੁਪਾਉਣ ਲਈ ਮੈਂ ਬੋਲਿਆ,ਭਲਾ! ਇਹ ਗੱਲ ਕੌਣ ਸੋਚ ਸਕਦਾ ਸੀ।

ਪੋਲੰਬੀ ਦੇ ਚਿਹਰੇਤੇ ਇੱਕ ਅਜੀਬੋ ਗਰੀਬ ਜਿਹਾ ਭਾਵ ਸੀ ਜਿਸਨੂੰ ਮੈਂ ਸਮਝ ਨਹੀਂ ਸਕਿਆ। ਅਸੀਂ ਦੋਨੋਂ ਹੀ ਬਿਨਾ ਕੁੱਝ ਖਾਧੇ ਪੀਤੇ, ਥੱਕੇ ਹਾਰੇ ਮਕੈਨਿਕ ਕੋਲ ਚਲੇ ਗਏ। ਪੂਰੀ ਰਾਤ ਟਰੱਕ ਠੀਕ ਕਰਵਾਉਣ ਵਿਚ ਬੀਤ ਗਈ। ਸਵੇਰ ਹੁੰਦਿਆਂ ਅਸੀਂ ਰੋਮ ਵੱਲ ਰਵਾਨਾ ਹੋ ਗਏ। ਅਚਾਨਕ ਪੋਲੰਬੀ ਬੋਲਣਾ ਸ਼ੁਰੂ ਕੀਤਾ,ਤੂੰ ਦੇਖਿਆ, ਉਸ ਬੇਵਫ਼ਾ ਇਟਾਲੀਆ ਨੇ ਮੇਰੇ ਨਾਲ ਕੀ ਕੀਤਾ ਹੈ।

ਮੈਂ ਇੱਕ ਦਮ ਹੈਰਾਨ ਹੋ ਗਿਆ। ਕਿਸੇ ਤਰ੍ਹਾਂ ਪੁੱਛਿਆ, “ਤੂੰ ਕੀ ਕਹਿਣਾ ਚਾਹੁੰਦਾ ਏਂ?” ਉਹ ਹੌਲੀ ਜਿਹੀ ਉਦਾਸ ਆਵਾਜ਼ ਵਿਚ ਬੋਲਦਾ ਰਿਹਾ,ਸਫ਼ਰ ਦੇ ਵਿੱਚ ਉਹ ਪੂਰਾ ਸਮਾਂ ਮੇਰਾ ਹੱਥ ਫੜੀ ਰੱਖਦੀ ਸੀ। ਮੈਂ ਉਸਨੂੰ ਦੱਸ ਦਿੱਤਾ ਸੀ ਕਿ ਮੈਂ ਉਸਦੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ। ਇੱਕ ਤਰ੍ਹਾਂ ਨਾਲ ਸਾਡੀ ਮੰਗਣੀ ਹੋ ਗਈ ਸੀ। ... ਅਤੇ ਫਿਰ ਤੂੰ ਦੇਖਿਆ, ਉਹ ਕੁੱਬਾ ...

ਉਸਦੀਆਂ ਗੱਲਾਂ ਸੁਣ ਕੇ ਮੇਰਾ ਸਾਹ ਰੁੱਕ ਜਿਹਾ ਗਿਆ ਸੀ। ਮੈਂ ਕੁੱਝ ਵੀ ਬੋਲ ਨਹੀਂ ਪਾ ਰਿਹਾ ਸੀ। ਪੋਲੰਬੀ ਸੀ ਕਿ ਦਿਲ ਦੀ ਭੜਾਸ ਕੱਢਣ ਵਿਚ ਲੱਗਿਆ ਹੋਇਆ ਸੀ। “ਮੈਂ ਉਸਨੂੰ ਬਹੁਤ ਸਾਰੇ ਸੋਹਣੇ ਕੀਮਤੀ ਤੋਹਫ਼ੇ ਦਿੱਤੇ ਸਨ। ਇੱਕ ਹਾਰ, ਸਿਲਕ ਦਾ ਸਕਾਰਫ਼, ਵਧੀਆ ਚਮੜੇ ਦੀਆਂ ਜੁੱਤੀਆਂ ਅਤੇ ਹੋਰ ਪਤਾ ਨਹੀਂ ਕੀ ਕੀ ਦਿੱਤਾ। ਮੈਂ ਤੈਨੂੰ ਆਪਣੇ ਦਿਲ ਦੀ ਗੱਲ ਦੱਸ ਰਿਹਾ ਹਾਂ। ਮੈਂ ਸਚਮੁੱਚ ਹੀ ਉਸ ਨਾਲ ਪਿਆਰ ਕਰਨ ਲੱਗ ਪਿਆ ਸੀ। ਉਹ ਮੇਰੇ ਲਈ ਬਿਲਕੁਲ ਸਹੀ ਕੁੜੀ ਸੀ। ਉਹ ਬੇਵਫ਼ਾ ...

ਮੈਂ ਵੀ ਇਟਾਲੀਆ ਬਾਰੇ ਹੀ ਸੋਚ ਰਿਹਾ ਸੀ। ਇਟਾਲੀਆ ਨੇ ਰੇਲ ਦੇ ਟਿਕਟ ਦੇ ਪੈਸੇ ਬਚਾਉਣ ਲਈ ਸਾਨੂੰ ਦੋਹਾਂ ਨੂੰ ਮੂਰਖ ਬਣਾਇਆ ਸੀ। ਪੋਲੰਬੀ ਦੀਆਂ ਗੱਲਾਂ ਸੁਣ ਕੇ ਮੇਰਾ ਖ਼ੂਨ ਵੀ ਖੌਲ ਰਿਹਾ ਸੀ। ਉਸਨੂੰ ਗੱਲ ਕਰਨ ਦਾ ਸਲੀਕਾ ਨਹੀਂ ਸੀ। ਇਸ ਲਈ ਇਹ ਗੱਲਾਂ ਉਸਦੇ ਮੂੰਹ ਤੋਂ ਭੈੜੀਆਂ ਸੁਣਾਈ ਦੇ ਰਹੀਆਂ ਸਨ।

ਉਦੋਂ ਹੀ ਮੈਨੂੰ ਪਤਾ ਨਹੀਂ ਕੀ ਹੋਇਆ ਮੈਂ ਬਹੁਤ ਹੀ ਬਤਮੀਜ਼ੀ ਨਾਲ ਬੋਲਿਆ,ਚੁੱਪ ਰਹਿ! ਬਹੁਤ ਚਿਰ ਹੋ ਗਿਆ ਸੁਣਦੇ ਸੁਣਦੇ, ਹੁਣ ਆਪਣਾ ਮੂੰਹ ਬੰਦ ਰੱਖ, ਦੱਬੇ ਮੁਰਦੇ ਨਾ ਪੁੱਟ। ਮੈਂ ਸੌਣਾ ਚਾਹੁੰਦਾ ਹਾਂ।”

ਉਹ ਵਿਚਾਰਾ ਹਿਚਕਚਾ ਕੇ ਬੋਲਿਆ,ਸੱਚ ਹੈ ਕੁੱਝ ਗੱਲਾਂ ਨਾਲ ਸਭ ਨੂੰ ਤਕਲੀਫ਼ ਪਹੁੰਚਦੀ ਹੈ।ਉਸ ਤੋਂ ਬਾਅਦ ਉਹ ਪੂਰੇ ਸਫ਼ਰ ਵਿਚ ਬਿਲਕੁਲ ਨਹੀਂ ਬੋਲਿਆ।

ਕਈ ਮਹੀਨਿਆਂ ਤੱਕ ਪੋਲੰਬੀ ਬਹੁਤ ਉਦਾਸ ਰਿਹਾ। ਮੇਰੇ ਲਈ ਵੀ ਉਹੀ ਪਹਿਲਾਂ ਵਾਲੀ ਕੰਕਰੀਲੀ ਸੜਕ ਸੀ, ਜਿਸਦਾ ਕੋਈ ਅੰਤ ਨਹੀਂ ਸੀ। ਬੇਜਾਨ, ਭਾਵਨਾ ਰਹਿਤ, ਪੱਥਰਾਂ ਨਾਲ ਬਣੀ ਸੜਕ, ਜਿਸਨੂੰ ਦਿਨ ਵਿੱਚ ਦੋ ਵਾਰ ਨਿਗਲ ਕੇ ਥੁੱਕਣਾ ਪੈਂਦਾ ਸੀ।

ਇਟਾਲੀਆ ਨੇ ਨੈਪਲਸ ਦੇ ਰਾਹ ਵਿੱਚ ਬੀਅਰ ਬਾਰ ਖੋਲ੍ਹ ਲਿਆ ਸੀ, ਜਿਸਦਾ ਨਾਮ ਸੀ ਟਰੱਕ ਡਰਾਇਵਰ ਬੀਅਰ ਬਾਰ। ਸੱਚਮੁੱਚ ਖ਼ੂਬਸੂਰਤ ਸੀ ਉਹ। ਉਸਨੂੰ ਦੇਖਣ ਲਈ ਸੌ ਮੀਲ ਦਾ ਸਫ਼ਰ ਬੁਰਾ ਨਹੀਂ ਸੀ। ਜ਼ਾਹਿਰ ਹੈ ਅਸੀਂ ਕਦੇ ਵੀ ਉੱਥੇ ਰੁਕੇ ਨਹੀਂ। ਕਾਊਂਟਰ ਦੇ ਪਿੱਛੇ ਖੜ੍ਹੀ ਇਟਾਲੀਆ ਨੂੰ ਉਸ ਕੁੱਬੇ ਦੇ ਹੱਥਾਂ ਵਿੱਚ ਸ਼ਰਾਬ ਦੀਆਂ ਬੋਤਲਾਂ ਅਤੇ ਗਿਲਾਸ ਫੜਾਉਂਦੇ ਹੋਏ ਦੇਖ ਕੇ ਬਹੁਤ ਤਕਲੀਫ਼ ਹੁੰਦੀ ਸੀ। ਆਖ਼ਰਕਾਰ ਮੈਂ ਉਹ ਨੌਕਰੀ ਛੱਡ ਦਿੱਤੀ। ਪੋਲੰਬੀ ਅੱਜ ਵੀ ਉਸ ਟਰੱਕ ਨੂੰ, ਜਿਸਦੇ ਸਾਹਮਣੇ ਵਾਲੇ ਸ਼ੀਸ਼ੇਤੇ “ਵਾਇਵ ਲਾ ਇਟਾਲੀਆਲਿਖਿਆ ਹੈ, ਉਸੇ ਸੜਕ ਉੱਤੇ ਭਜਾ ਰਿਹਾ ਹੈ।

*****

(397)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਪਰਮਿੰਦਰ ਆਦੀ

ਪਰਮਿੰਦਰ ਆਦੀ

Phone: (91 - 95019 - 26200)
Email:
(parminderkkl@gmail.com)