ParminderKSwaitch7“ਦੀਪੀ ... ਮੈਂ ਬਹੁਤ ਰੋਈ, ਕੁਰਲਾਈ, ਮਿੰਨਤਾਂ ਕੀਤੀਆਂ ਪਰ ਉਸਨੇ ਇੱਕ ਨਾ ਸੁਣੀ। ਉਸ ਦਰਿੰਦੇ ਨੇ ...”
(12 ਮਾਰਚ 2023)
ਇਸ ਸਮੇਂ ਪਾਠਕ: 236.

(ਮਾਪੇ ਆਪਣੇ ਸਕੂਲ, ਕਾਲਿਜ ਜਾ ਰਹੇ ਬੱਚਿਆਂ ਨੂੰ ਬਰਨੀ ਵਰਗੇ ਦਰਿੰਦਿਆਂ ਤੋਂ ਸੁਚੇਤ ਜ਼ਰੂਰ ਕਰਨ --- ਸੰਪਾਦਕ)

ਪਿਛਲੇ ਹਫ਼ਤੇ ਜੋ ਕੁੜੀ ਗੁਆਚ ਗਈ ਹੈ ਉਸ ਬਾਰੇ ਲਗਾਤਾਰ ਹੀ ਖ਼ਬਰਾਂ ਆ ਰਹੀਆਂ ਹਨਮਨ ਬਹੁਤ ਉਦਾਸ ਹੈਬਹੁਤ ਵਾਰੀ ਸੋਚਦੀ ਹਾਂ ਕਿ ਟੀ.ਵੀ. ਨਾ ਹੀ ਦੇਖਾਂ, ਪਰ ਸੋਚਦੀ ਹਾਂ ਕਿ ਆਸ ਨੂੰ ਮਾਰ ਕੇ, ਜ਼ਿੰਦਗੀ ਜਿਊਣਾ ਵੀ ਤਾਂ, ਜਿਊਣਾ ਨਹੀਂ ਹੁੰਦਾ, ਇਸ ਕਰਕੇ ਸਾਰੇ ਕੰਮ ਛੱਡ ਕੇ ਟੀ.ਵੀ. ਦੇਖਣ ਬੈਠ ਜਾਂਦੀ ਹਾਂਅੱਜ ਕੱਲ੍ਹ ਮੇਰੇ ਅਤੀਤ ਨੇ ਮੇਰੇ ਅੰਦਰ ਖਲਬਲ਼ੀ ਜਿਹੀ ਮਚਾਈ ਪਈ ਹੈਉਹ ਰਾਤਾਂ ਮੇਰੇ ਚੇਤਿਆਂ ਵਿੱਚੋਂ ਕਦੇ ਵੀ ਨਹੀਂ ਗਈਆਂ, ਬੇਸ਼ਕ ਬਹੁਤ ਸਾਲ ਹੋ ਗਏ ਹਨ, ਹੁਣ ਵੀ ਜਦੋਂ ਅਤੀਤ ਵਿੱਚ ਜਾਂਦੀ ਹਾਂ ਤਾਂ ਸਾਰੇ ਜ਼ਿਹਨ ਵਿੱਚ ਧੁਰ ਕੰਬਣੀ ਛਿੜ ਜਾਂਦੀ ਹੈ, ਬਹੁਤੀ ਬਾਰ ਉਹ ਘਟਨਾਵਾਂ ਸੁਪਨਿਆਂ ਵਿੱਚ ਆ ਕੇ ਥਰ ਥਰ ਕੰਬਣ ਲਾ ਦਿੰਦੀਆਂ ਹਨਲੱਖ ਭੁਲਾਉਣ ਦਾ ਯਤਨ ਕਰਾਂ, ਪਰ ਅੱਖਾਂ ਅੱਗੇ ਇੱਕ ਇੱਕ ਛਿਣ ਦੀ ਧੁੰਦਲੀ ਫਿਲਮ ਘੁੰਮਦੀ ਰਹਿੰਦੀ ਹੈ

ਜਦੋਂ ਮੈਂ ਯੂਨੀਵਰਸਿਟੀ ਪੜ੍ਹਨ ਗਈ, ਤਾਂ ਬਹੁਤ ਡਰਦੀ ਸੀ ਕਿ ਕਿਸੇ ਨੂੰ ਜਾਣਦੀ ਨਹੀਂ, ਇੱਕ ਆਈ ਵੀ ਤਾਂ ਛੋਟੇ ਸ਼ਹਿਰ ਤੋਂ ਸੀਸਾਡੇ ਸ਼ਹਿਰ ਤੋਂ ਕੁੜੀਆਂ ਬਾਹਰ ਪੜ੍ਹਨ ਘੱਟ ਹੀ ਆਉਂਦੀਆਂ ਸਨ, ਉੱਥੇ ਹੀ ਛੋਟੇ ਮੋਟੇ ਕੰਮ ਕਰਦੀਆਂ ਤੇ ਉੱਥੇ ਦੇ ਮੁੰਡਿਆਂ ਨਾਲ ਹੀ ਮਿੱਤਰਤਾ ਹੋ ਜਾਂਦੀ ਤੇ ਵਿਆਹ ਹੋ ਕੇ ਪਰਿਵਾਰ ਵਸਾ ਲੈਂਦੀਆਂ, ਕੋਈ ਕੋਈ ਕੁੜੀ ਕਿਸੇ ਵੱਡੇ ਸ਼ਹਿਰ ਜਾ ਕੇ ਕੋਈ ਕੋਰਸ ਕਰਕੇ ਵੀ, ਫਿਰ ਵਾਪਸ ਆ ਕੇ ਇੱਥੇ ਹੀ ਰਹਿੰਦੀਸਾਰੇ ਲੋਕ ਆਪਸ ਵਿੱਚ ਜਾਣਦੇ ਸਨ ਤੇ ਭਾਈਚਾਰਕ ਸਾਂਝ ਬਣੀ ਹੋਈ ਸੀਮੇਰਾ ਪਹਿਲਾਂ ਤੋਂ ਹੀ ਸੁਪਨਾ ਸੀ ਕਿ ਮੈਂ ਬਹੁਤ ਪੜ੍ਹਨਾ ਹੈ ਤੇ ਯੂਨੀਵਰਸਿਟੀ ਹੀ ਜਾਣਾ ਹੈ, ਮਨ ਵਿੱਚ ਉਬਾਲ ਸੀ ਕਿ ਬਾਹਰਲੀ ਦੁਨੀਆਂ ਦੇਖਣੀ ਹੈ, ਮੈਂ ਖੂਹ ਦਾ ਡੱਡੂ ਬਣ ਕੇ ਇੱਥੇ ਨਹੀਂ ਰਹਿਣਾਜਦੋਂ ਯੂਨੀਵਰਸਿਟੀ ਦੇ ਪਹਿਲੇ ਦਿਨ ਹੋਰ ਵਿਦਿਆਰਥੀਆਂ ਨੂੰ ਮਿਲੀ, ਉਹਨਾਂ ਵਿੱਚੋਂ ਕਾਫ਼ੀ ਮੇਰੇ ਵਾਂਗ ਦੂਰੋਂ ਨੇੜਿਓਂ ਟਾਊਨਾਂ ਜਾਂ ਛੋਟੇ ਸ਼ਹਿਰਾਂ ਤੋਂ ਹੀ ਆਏ ਸਨਇਸ ਕਰਕੇ ਧਰਵਾਸ ਜਿਹਾ ਹੋ ਗਿਆ ਕਿ ਮੈਂ ਇਕੱਲੀ ਨਹੀਂ ਸਗੋਂ ਅਸੀਂ ਸਾਰੇ ਇਕੱਲੇ ਇਕੱਲੇ ਇੱਕ ਹੀ ਹਾਂਅਸੀਂ ਸਾਰਿਆਂ ਨੇ ਇੱਕ ਦੂਜੇ ਦੇ ਖਿਆਲਾਂ ਨੂੰ ਸਮਝ ਕੇ ਦੋਸਤੀਆਂ ਬਣਾਈਆਂਯੂਨੀਵਰਸਿਟੀ ਵਿੱਚ ਮੁੰਡੇ ਕੁੜੀਆਂ ਅਸੀਂ ਸਾਰੇ ਦੋਸਤਾਂ ਵਾਂਗ ਹੀ ਵਿਚਰਦੇਇਹ ਮੇਰੇ ਲਈ ਵੱਖਰਾ ਤੁਜਰਬਾ ਸੀ ਕਿਉਂਕਿ ਮੇਰੇ ਮਾਪਿਆਂ ਨੂੰ ਇੰਡੀਆ ਤੋਂ ਕੈਨੇਡਾ ਆਇਆਂ ਭਾਵੇਂ 35 ਸਾਲ ਹੋ ਗਏ ਹਨ ਪਰ ਛੋਟੇ ਟਾਊਨ ਵਿੱਚ ਰਹਿਣ ਕਰਕੇ ਅਜੇ ਵੀ ਇੰਡੀਆ ਦੀਆਂ ਰਵਾਇਤੀ ਗੱਲਾਂ ਦਾ ਪ੍ਰਭਾਵ ਜਿਉਂ ਦਾ ਤਿਉਂ ਸੀਫਿਰ ਜਦੋਂ ਮੈਂ 12ਵੀਂ ਗਰੇਡ ਬਹੁਤ ਹੀ ਵਧੀਆ ਅੰਕਾਂ ਵਿੱਚ ਪਾਸ ਕੀਤੀ ਤਾਂ ਮੇਰੀ ਆਸ ਹੋਰ ਵੀ ਬੱਝ ਗਈ ਕਿ ਹੁਣ ਜ਼ਰੂਰ ਹੀ ਮੇਰੇ ਮਨ ਦੇ ਵਲਵਲੇ ਪੂਰੇ ਹੋ ਜਾਣਗੇਸਾਰੇ ਸਹਿਮਤ ਹੋ ਗਏ ਕਿ ਮੈਨੂੰ ਕਲੋਨਾ ਯੂਨੀਵਰਸਿਟੀ ਵਿੱਚ ਪੜ੍ਹਨ ਭੇਜਿਆ ਜਾਵੇ, ਮੇਰੀ ਖੁਸ਼ੀ ਦਾ ਟਿਕਾਣਾ ਨਾ ਰਿਹਾਹੁਣ ਮੈਨੂੰ ਮੇਰੇ ਮਾਪਿਆਂ ਤੇ ਮਾਣ ਮਹਿਸੂਸ ਹੁੰਦਾ ਸੀ ਕਿ ਉਹ ਮੇਰੀ ਬਹੁਤ ਪ੍ਰਵਾਹ ਕਰਦੇ ਹਨਹੁਣ ਮੈਂ ਹੀ ਉਹਨਾਂ ਦੇ ਵਿਸ਼ਵਾਸ ਨੂੰ ਕਾਇਮ ਰੱਖਣਾ ਸੀ ਤੇ ਆਪਣੀ ਪੜ੍ਹਾਈ ਦਾ ਆਪਣਾ ਮਕਸਦ ਪੂਰਾ ਕਰਨਾ ਸੀਮੈਂ ਯੂਨੀਵਰਸਿਟੀ ਦੇ ਪਹਿਲੇ ਸਾਲ ਬਹੁਤ ਜ਼ੋਰ ਲਾ ਕੇ ਬਹੁਤ ਹੀ ਵਧੀਆ ਨੰਬਰ ਲਏ ਤਾਂ ਸਾਰੇ ਖੁਸ਼ ਸਨ, ਹੁਣ ਮੈਂ ਯੂਨੀਵਰਸਿਟੀ ਦਾ ਭੇਤ ਪਾ ਲਿਆ ਸੀਅਸੀਂ ਸਾਰੇ ਵਿਦਿਆਰਥੀ ਇਹ ਸਮਝਦੇ ਸਾਂ ਕਿ ਜੋ ਅਸੀਂ ਘਰ ਪਰਿਵਾਰ ਛੱਡ ਕੇ, ਮਾਪਿਆਂ ਦਾ ਐਨਾ ਖਰਚਾ ਕਰਕੇ ਤੇ ਆਪਣਾ ਸੁਪਨਾ ਲੈ ਕੇ ਇੱਥੇ ਆਏ ਹਾਂ, ਉਸ ਨੂੰ ਪੂਰਾ ਕਰਨਾ ਸਾਡਾ ਪਹਿਲਾ ਫਰਜ਼ ਹੈ

ਯੂਨੀਵਰਸਿਟੀ ਦੇ ਦੂਸਰੇ ਸਾਲ ਦੇ ਅਖੀਰਲੇ ਅਗਜ਼ਾਮ (ਪੇਪਰ) ਵਾਲੇ ਦਿਨ ਕੁਦਰਤੀ ਸ਼ੁੱਕਰਵਾਰ ਸੀਅਸੀਂ ਤਕਰੀਬਨ 15 ਕੁੜੀਆਂ ਹੋਵਾਂਗੀਆਂ, ਸਾਰੀਆਂ ਨੇ ਫ਼ੋਨ ਤੇ ਸੁਨੇਹੇ ਭੇਜ ਕੇ ਹੀ ਸਲਾਹ ਕਰ ਲਈ ਸੀ ਕਿ ਅੱਜ ਕਲੱਬ ਜਾਵਾਂਗੀਆਂ ਕਿਉਂਕਿ ਪਿਛਲੇ ਦਿਨੀਂ ਪੜ੍ਹਾਈ ਦਾ ਬਹੁਤ ਬੋਝ ਸੀ, ਮਸਾਂ ਮਸਾਂ ਇਮਤਿਹਾਨ ਮੁੱਕੇ ਸਨਦਿਮਾਗ ਹੌਲ਼ਾ ਫੁੱਲ ਮਹਿਸੂਸ ਹੋ ਰਿਹਾ ਸੀਅੱਜ ਜਿਵੇਂ ਦੁਨੀਆਂ ਦੀਆਂ ਸਾਰੀਆਂ ਚਿੰਤਾਵਾਂ ਕੋਹਾਂ ਦੂਰ ਚਲੀਆਂ ਗਈਆਂ ਸਨ ਮੈਨੂੰ ਨੱਚਣਾ ਬਹੁਤ ਚੰਗਾ ਲੱਗਦਾ ਹੈ ਜਦੋਂ ਮੈਨੂੰ ਲੀਜ਼ਾ ਨੇ ਇਸ ਯੋਜਨਾ ਬਾਰੇ ਦੱਸਿਆ ਤਾਂ ਮੈਂ ਤਾਂ ਝੱਟੇ ਤਿਆਰ ਹੋ ਗਈਦੋ ਕੁ ਘੰਟੇ ਬਾਅਦ ਲੀਜ਼ਾ ਆਈ ਮੈਂ ਤਾਂ ਬੈਠੀ ਉਡੀਕ ਕਰ ਰਹੀ ਸੀ ਮੈਨੂੰ ਕਾਰ ਵਿੱਚ ਬਿਠਾ ਕੇ ਲੀਜ਼ਾ ਨੇ ਕਾਰ ਸੋਫੀਆ ਦੇ ਘਰ ਵੱਲ ਨੂੰ ਮੋੜ ਲਈ, ਉੱਥੇ ਐਮਲੀ ਤੇ ਗਰੇਸ ਨੇ ਪਹਿਲਾਂ ਹੀ ਆ ਜਾਣਾ ਸੀਸਾਡੀਆਂ ਦੂਜੀਆਂ ਦੋਸਤ ਕੁੜੀਆਂ ਨੇ ਹੋਰ ਕਾਰਾਂ ਵਿੱਚ ਆਉਣਾ ਸੀਮੈਂ ਤਾਂ ਕਾਰ ਵਿੱਚ ਬੈਠਣ ਸਾਰ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ

ਲੀਜ਼ਾ ਨੇ ਕਿਹਾ, “ਦੀਪੀ ਅੱਜ ਤੈਨੂੰ ਕਾਹਦਾ ਝੱਲ ਚੜ੍ਹ ਗਿਆ।”

“ਯਾਰ, ਮੇਰਾ ਅੱਜ ਬਹੁਤ ਔਖਾ ਅਗਜ਼ਾਮ (ਪੇਪਰ) ਸੀ, ਇਹਦਾ ਬੋਝ ਵੀ ਬਹੁਤ ਸੀ।” ਮੈਂ ਅਰਾਮ ਨਾਲ ਬੈਠਦੀ ਨੇ ਕਿਹਾ।

“ਕਾਹਦਾ ਸੀ?” ਲੀਜ਼ਾ ਨੇ ਪੁੱਛਿਆ।

“ਉਹਨੂੰ ਭੁੱਲ ਜਾ, ਹੁਣ ਕੁਛ ਨਾ ਪੁੱਛ, ਮੈਂ ਤਾਂ ਹੁਣ ਦੇ ਸਮੇਂ ਦਾ ਮਜ਼ਾ ਲੈਣਾ ਚਾਹੁੰਦੀ ਹਾਂ।”

“ਚੰਗਾ, ਚੰਗਾ, ਉੱਥੇ ਜਾ ਕੇ ਵੀ ਤਾਂ ਇਹੀ ਕਰਨੈ।”

“ਮੈਂ ਤਾਂ ਹੁਣ ਤੋਂ ਹੀ ਆਪਣੇ ਆਪ ਨੂੰ ਤਿਆਰ ਕਰ ਰਹੀ ਆਂ, ਅੱਜ ਤਾਂ ਨੱਚ ਟੱਪ ਕੇ ਪੂਰਾ ਮਜ਼ਾ ਲੈਣਾ।” ਮੈਂ ਚਾਂਭਲ ਕੇ ਅੱਖਾਂ ਵਿੱਚ ਖ਼ੁਮਾਰੀ ਭਰ ਕੇ ਕਿਹਾ

ਲੀਜ਼ਾ ਬਹੁਤ ਗੰਭੀਰ ਕੁੜੀ ਸੀ, ਉਹ ਮੇਰੀਆਂ ਹਰਕਤਾਂ ਦੇਖ ਕੇ ਮੁਸਕਰਾ ਛੱਡਦੀਮੇਰੀ ਕੋਸ਼ਿਸ਼ ਹੁੰਦੀ ਕਿ ਉਸ ਨੂੰ ਜ਼ਰੂਰ ਹਸਾਉਣਾ ਹੈਇੰਨੇ ਨੂੰ ਸੋਫੀਆ ਦਾ ਘਰ ਆ ਗਿਆ, ਉਹ ਵੀ ਸਾਡੇ ਨਾਲ ਕਾਰ ਵਿੱਚ ਆ ਕੇ ਬੈਠ ਗਈਆਂਇੱਕ ਦੂਜੇ ਦਾ ਹਾਲ ਚਾਲ ਪੁੱਛਦੀਆਂ ਪੁਛਾਉਂਦੀਆਂ ਅਸੀਂ ਕਾਰ ਕਲੱਬ ਦੀ ਪਾਰਕਿੰਗ ਲਾਟ ਵਿੱਚ ਜਾ ਖੜ੍ਹਾਈਕਲੱਬ ਦੇ ਬਾਹਰ ਮੁੰਡੇ ਟੋਲੀਆਂ ਬਣਾ ਬਣਾ ਕੇ ਖੜ੍ਹੇ ਸਨਜਦੋਂ ਅਸੀਂ ਕਾਰ ਵਿੱਚੋਂ ਉੱਤਰੀਆਂ, ਆਪਣੀਆਂ ਆਪਣੀਆਂ ਡਰੈੱਸਾਂ, ਜੋ ਸਪੈਸ਼ਲ ਇਹੋ ਜਿਹੇ ਮੌਕਿਆਂ ’ਤੇ ਹੀ ਪਾਈ ਦੀਆਂ ਹਨ, ਠੀਕ ਕੀਤੀਆਂ ਤੇ ਉੱਚੀ ਅੱਡੀ ਦੇ ਸੈਂਡਲਾਂ ਵਿੱਚ ਅਕਾਸ਼ੋਂ ਉੱਤਰੀਆਂ ਪਰੀਆਂ ਹੀ ਤਾਂ ਲੱਗ ਰਹੀਆਂ ਸਾਂਮੇਰੀ ਡਰੈੱਸ ਨੂੰ ਖ੍ਰੀਦਿਆਂ ਤਾਂ ਦੋ ਮਹੀਨੇ ਹੋ ਗਏ ਸਨ, ਇਮਤਿਹਾਨਾਂ ਵਿੱਚ ਉਲਝੀ ਨੂੰ ਪਾਉਣ ਦਾ ਮੌਕਾ ਹੀ ਨਹੀਂ ਸੀ ਮਿਲਿਆ, ਨਵੀਂ ਡਰੈੱਸ ਦਾ ਚਾਅ ਵੀ ਬਹੁਤ ਸੀ

ਮੈਂ ਸੋਫੀਆ ਨੂੰ ਪੁੱਛਿਆ, “ਮੈਂ ਕਿਹੋ ਜਿਹੀ ਲੱਗਦੀਆਂ, ਇਸ ਡਰੈੱਸ ਵਿੱਚ।”

ਉਸਨੇ ਹੇਠਾਂ ਤੋਂ ਉੱਪਰ ਵੱਲ ਪੂਰੀ ਨਜ਼ਰ ਘੁਮਾ ਕੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ, ਸੱਜੇ ਹੱਥ ਦੇ ਅਗੂੰਠੇ ਨੂੰ ਖੜ੍ਹਾ ਕਰਕੇ ਕਿਹਾ, “ਬਹੁਤ ਹੀ ਖੂਬਸੂਰਤ।”

ਉਸਦੇ ਐਕਸ਼ਨ ਨਾਲ ਮੈਂ ਸ਼ਰਮਾ ਹੀ ਤਾਂ ਗਈ ਸੀਗਰੇਸ ਨੇ ਪੈਂਦੀ ਸੱਟੇ ਦੂਸਰਾ ਸਵਾਲ ਕਰ ਦਿੱਤਾ ਸੀ, “ਐਨੀ ਤਿਆਰ ਹੋ ਕੇ ਕੀਹਦੇ ਲਈ ਆਈ ਐਂ? ”

ਭੱਖਦੀਆਂ ਲਾਲ ਗੱਲ੍ਹਾਂ ਦੇ ਸੇਕ ਵਿੱਚੋਂ ਮੈਂ ਕਿਹਾ ਸੀ, “ਆਪਣੇ ਆਪ ਲਈ।”

ਉਹਨਾਂ ਨੇ ਆਪਸ ਵਿੱਚ ਨਜ਼ਰਾਂ ਮਿਲਾਈਆਂ ਮੁਸਕੜੀਆਂ ਹੱਸ ਪਈਆਂ ਤੇ ਅਸੀਂ ਸਾਰੀਆਂ ਅੰਦਰ ਨੂੰ ਚੱਲ ਪਈਆਂ ਸਾਂਅੰਦਰ ਜਾ ਕੇ ਅਸੀਂ ਖੱਬੇ ਪਾਸੇ ਵਾਲਾ ਕੋਨਾ ਮੱਲ ਲਿਆ ਤੇ ਕਾਫੀ ਚਿਰ ਗੱਲਾਂ ਕਰਦੀਆਂ ਰਹੀਆਂ ਕਿਉਂਕਿ ਸੰਗੀਤ ਬਹੁਤ ਉੱਚੀ ਸੀਇੱਕ ਦੂਜੇ ਦੇ ਕੰਨ ਵਿੱਚ ਹੀ ਗੱਲ ਕਰ ਸਕਦੇ ਸੀਜਦੋਂ ਸਾਡੀ ਪਸੰਦ ਦਾ ਗਾਣਾ ਆਇਆ ਤਾਂ ਅਸੀਂ ਨੱਚਣਾ ਸ਼ੁਰੂ ਕਰ ਦਿੱਤਾ, ਫਿਰ ਤਾਂ ਤਕਰੀਬਨ ਘੰਟਾ ਇਵੇਂ ਚੱਲਦਾ ਰਿਹਾਇਸ ਦੌਰਾਨ ਅਸੀਂ ਸਾਰੀਆਂ ਨੇ ਇੱਕ ਇੱਕ ਬੀਅਰ ਵੀ ਲੈ ਲਈ, ਜਿਸਨੇ ਰੂਹਾਂ ਵਿੱਚ ਹੋਰ ਜੋਸ਼ ਭਰ ਦਿੱਤਾ ਤੇ ਅਸੀਂ ਲਗਾਤਾਰ ਨੱਚਦੀਆਂ ਰਹੀਆਂਕਈ ਵਾਰ ਜਾਣੇ ਪਛਾਣੇ ਮੁੰਡੇ ਵੀ ਸਾਡੇ ਨਾਲ ਆ ਕੇ ਨੱਚਣ ਲੱਗ ਪੈਂਦੇ

ਉਸ ਦਿਨ ਯੂਨੀਵਰਸਿਟੀ ਦੇ ਤੀਜੇ ਸਾਲ ਵਿੱਚ ਪੜ੍ਹਦਾ ਮੁੰਡਾ ਸਾਡੇ ਨਾਲ ਆ ਕੇ ਨੱਚਣ ਲੱਗ ਪਿਆਉਹ ਲੀਜ਼ਾ ਦੇ ਕੰਨ ਵਿੱਚ ਕੁਝ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਉਹ ਸਿਰ ਮਾਰ ਰਹੀ ਸੀ ਜਿਵੇਂ ਉਸ ਨੂੰ ਕੁਝ ਸੁਣਾਈ ਨਾ ਦੇ ਰਿਹਾ ਹੋਵੇਫਿਰ ਉਸਨੇ ਉਸ ਨੂੰ ਬਾਹਰ ਜਾਣ ਦਾ ਇਸ਼ਾਰਾ ਕੀਤਾ ਤਾਂ ਉਹ ਮੇਰੇ ਵੱਲ ਆਉਂਦੀ ਆਉਂਦੀ ਪਿੱਛੇ ਮੁੜ ਗਈ ਜਿਵੇਂ ਉਸਨੇ ਰੋਕ ਲਿਆ ਹੋਵੇ ਕਿ ਆਪਾਂ ਹੁਣੇ ਮੁੜ ਆਉਣੈ ਤੇ ਉਹ ਚਲੀ ਗਈਬਾਕੀ ਸਾਰੇ ਅਸੀਂ ਨੱਚਣ ਵਿੱਚ ਰੁੱਝੇ ਹੋਏ ਸੀ15 ਕੁ ਮਿੰਟਾਂ ਬਾਅਦ ਮੈਨੂੰ ਲੀਜ਼ਾ ਦਾ ਖਿਆਲ ਆਇਆ ਤਾਂ ਮੈਂ ਇੱਧਰ ਉੱਧਰ ਦੇਖਿਆ ਜਦੋਂ ਅੰਦਰ ਨਾ ਦਿਸੀ ਤਾਂ ਸੋਚਿਆ ਬਾਹਰਲੇ ਪਾਸੇ ਬਣੇ ਵਾਸ਼ਰੂਮਾਂ ਵਿੱਚ ਚਲੀ ਗਈ ਹੋਵੇਗੀਜਦੋਂ ਅੱਧਾ ਘੰਟਾ ਲੰਘ ਗਿਆ, ਉਹ ਵਾਪਸ ਨਾ ਆਈ ਤਾਂ ਮੈਂ ਭੱਜ ਕੇ ਵਾਸ਼ਰੂਮਾਂ ਦੇ ਬਾਹਰ ਜਾ ਕੇ ਹਾਕਾਂ ਮਾਰਨ ਲੱਗੀ, ਉਹ ਉੱਥੇ ਵੀ ਨਹੀਂ ਸੀ, ਬਾਹਰ ਵੀ ਸਾਰੇ ਕਿਤੇ ਦੇਖਿਆ, ਉਹ ਕਿਤੇ ਵੀ ਨਜ਼ਰੀਂ ਨਾ ਪਈਮੈਂ ਅੰਦਰ ਜਾ ਕੇ ਬਾਕੀ ਸਹੇਲੀਆਂ ਨੂੰ ਵੀ ਬੁਲਾ ਲਿਆਈਉਹ ਵੀ ਆਸੇ ਪਾਸੇ ਦੇਖਣ ਲੱਗੀਆਂ ਪਰ ਲੀਜ਼ਾ ਕਿਤੇ ਨਾ ਮਿਲੀਜਦੋਂ ਉਸ ਨੂੰ ਫ਼ੋਨ ਕਰਦੇ ਤਾਂ ਉਹਦਾ ਫ਼ੋਨ ਕੱਟ ਹੋ ਜਾਂਦਾਅਸੀਂ ਉਹਨੂੰ ਇੱਧਰ ਉੱਧਰ ਲੱਭਦੀਆਂ ਰਹੀਆਂਅਸੀਂ ਪੁਲਿਸ ਨੂੰ ਵੀ ਫ਼ੋਨ ਕੀਤਾ, ਉਹ ਕਹਿੰਦੇ ਮਰਜ਼ੀ ਨਾਲ ਗਈ ਹੋਣੀ ਐ, ਅਸੀਂ ਕੁਝ ਨਹੀਂ ਕਰ ਸਕਦੇਥੋੜ੍ਹੀ ਦੇਰ ਬਾਅਦ ਦੋ ਕੁ ਗਲ਼ੀਆਂ ਦੇ ਪਿਛਲੇ ਪਾਸਿਓਂ ਐਮਲੀ ਤੇ ਗਰੇਸ ਉਸ ਨੂੰ ਫੜੀ ਆ ਰਹੀਆਂ ਸਨਉਹ ਮੁੰਡਾ ਭੱਜ ਗਿਆ ਸੀਲੀਜ਼ਾ ਦੀ ਹਾਲਤ ਦੇਖੀ ਨਹੀਂ ਸੀ ਜਾ ਰਹੀਉਹ ਸਰੀਰਕ ਤੌਰ ’ਤੇ ਹੀ ਨਹੀਂ, ਉਹ ਮਾਨਸਿਕ ਤੌਰ ਵੀ ਟੁੱਟ ਚੁੱਕੀ ਸੀ ਮੈਨੂੰ ਸਮਝ ਨਹੀਂ ਸੀ ਲੱਗ ਰਿਹਾ ਕਿ ਕੁਝ ਘੰਟੇ ਪਹਿਲਾਂ ਸਾਡੀ ਹੱਸਦੀ ਰਸਦੀ ਜ਼ਿੰਦਗੀ ਨੂੰ ਕੀ ਹੋ ਗਿਆ ਸੀਬਾਕੀ ਦੋਸਤਾਂ ਨੂੰ ਘਰ ਲਾਹ ਕੇ ਮੈਂ ਉਹਨੂੰ ਘਰ ਤਾਂ ਲੈ ਗਈ ਪਰ ਅਸੀਂ ਸਾਰੀ ਰਾਤ ਸੌਂ ਨਾ ਸਕੀਆਂ, ਲੀਜ਼ਾ ਦਾ ਰੋਣਾ ਥੰਮ੍ਹਿਆ ਥੰਮ੍ਹ ਨਹੀਂ ਸੀ ਰਿਹਾਜਦੋਂ ਉਹ ਥੱਕ ਗਈ ਤਾਂ ਸੌਂ ਗਈ, ਮੈਨੂੰ ਸਵੇਰੇ ਜਲਦੀ ਜਾਗ ਆ ਗਈ, ਮੈਂ ਉਸ ਨੂੰ ਉਠਾਇਆ ਨਹੀਂ, ਸਵੇਰੇ ਦਸ ਕੁ ਵਜੇ ਉਹ ਉੱਠੀ ਤੇ ਮੈਂ ਉਸ ਨੂੰ ਹਸਪਤਾਲ ਲੈ ਕੇ ਪਹੁੰਚੀਲੀਜ਼ਾ ਅੱਜ ਬਿਲਕੁਲ ਚੁੱਪ ਸੀ, ਉਹ ਮੇਰੇ ਨਾਲ ਵੀ ਗੱਲ ਨਹੀਂ ਸੀ ਕਰ ਰਹੀਜਦੋਂ ਮੈਂ ਗੱਲ ਕਰਨ ਲਗਦੀ ਤਾਂ ਉਹ ਫਿਰ ਰੋਣ ਲੱਗ ਜਾਂਦੀਉੱਥੇ ਮੈਂ ਡਾਕਟਰ ਨੂੰ ਸਾਰੇ ਹਾਲਾਤ ਬਾਰੇ ਦੱਸਿਆ ਤਾਂ ਉਹਨਾਂ ਨੇ ਸਾਰੇ ਟੈਸਟ ਕੀਤੇ ਤੇ ਦਵਾਈਆਂ ਦੇ ਦਿੱਤੀਆਂ ਤੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਤੁਸੀਂ ਪੁਲਿਸ ਕੋਲ ਸ਼ਿਕਾਇਤ ਵੀ ਕਰ ਸਕਦੇ ਹੋ? ਜੇ ਕੇਸ ਬਗੈਰਾ ਕਰਨਾ ਹੋਇਆ ਤਾਂ ਇਹਦੇ ਲਈ ਸਬੂਤਾਂ ਦੀ ਵੀ ਲੋੜ ਹੋਵੇਗੀ

ਮੈਂ ਡਾਕਟਰ ਨੂੰ ਪੁੱਛਿਆ, “ਕੀ ਇਹ ਸਬੂਤ ਨਹੀਂ?”

“ਨਹੀਂ, ਇਹ ਕਾਫ਼ੀ ਨਹੀਂਉੱਥੇ ਵਕੀਲ ਬਹੁਤ ਉਲਝਾ ਲੈਂਦੇ ਨੇ।” ਉਸਨੇ ਠਰ੍ਹੰਮੇ ਨਾਲ ਕਿਹਾ

ਅਸੀਂ ਚੁੱਪ ਸਾਂ

ਉਹ ਫਿਰ ਬੋਲਿਆ, “ਤੁਹਾਨੂੰ ਆਪਣਾ ਵਕੀਲ ਵੀ ਕਰਨਾ ਪਵੇਗਾ, ਖੈਰ ਤੁਹਾਡੇ ਕੋਲ ਤਿੰਨ ਮਹੀਨੇ ਦਾ ਵਕਤ ਐ, ਤੁਸੀਂ ਸਲਾਹ ਕਰ ਲਓ ਕਿ ਕੀ ਕਰਨੈ? ਇਸਦੇ ਵਿੱਚ ਵਿੱਚ, ਤੁਸੀਂ ਬਲਾਤਕਾਰ ਦਾ ਕੇਸ ਕਰ ਸਕਦੇ ਹੋ ਉਸ ਲੜਕੇ ਤੇ”

“ਉਹ ਦੋਸ਼ੀ ਹੈ, ਉਹਨੂੰ ਸਜ਼ਾ ਤਾਂ ਮਿਲਣੀ ਚਾਹੀਦੀ ਐ।” ਮੈਂ ਗੁੱਸੇ ਵਿੱਚ ਕਿਹਾ

“ਹੂੰਅ --- - ਥੋੜ੍ਹੀ ਬਹੁਤ ਸਜ਼ਾ ਵੀ ਮਿਲ ਸਕਦੀ ਐ ਤੇ ਕੁਝ ਕੁ ਜੁਰਮਾਨਾ ਵੀ ਹੋ ਸਕਦਾ ਹੈ, ਜੇ ਸਬੂਤ ਪੱਕੇ ਹੋਣ।” ਉਸਨੇ ਸੁਭਾਵਕ ਹੀ ਕਿਹਾ

“ਸ … .ਬੂ … .ਤ!” ਮੈਂ ਹੈਰਾਨ ਹੋ ਗਈ

ਲੀਜ਼ਾ ਨੇ ਆਪਣੇ ਹੱਥਾਂ ਵਿੱਚ ਮੇਰਾ ਹੱਥ ਘੁੱਟ ਲਿਆ ਤੇ ਮੈਨੂੰ ਚੁੱਪ ਕਰਵਾ ਦਿੱਤਾਅਸੀਂ ਘਰ ਆਈਆਂ ਤਾਂ ਉਸਨੇ ਕਿਹਾ, “ਦੀਪੀ, ਮੈਂ ਇਸ ਭਿਆਨਕ ਹਾਦਸੇ ਨੂੰ ਭੁੱਲ ਜਾਣਾ ਚਾਹੁੰਦੀ ਹਾਂ।”

“ਕਿਉਂ? ਇਹ ਤੇਰੇ ਲਈ ਸੌਖਾ ਹੋਵੇਗਾ, ਕੀ ਤੂੰ ਇਸ ਨੂੰ ਭੁੱਲ ਸਕਦੀ ਐਂ? ”

“ਨਹੀਂ, ਮੈਂ ਕਦੇ ਨਹੀਂ ਭੁੱਲ ਸਕਦੀ ਪਰ --- - ”

“ਪਰ ਕੀ?” ਮੈਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਉਹ ਮੈਨੂੰ ਕੀ ਕਹਿਣਾ ਚਾਹੁੰਦੀ ਸੀ

“ਦੀਪੀ, ਜੇ ਮੇਰੇ ਮਾਪਿਆਂ ਨੂੰ ਪਤਾ ਲੱਗ ਗਿਆ, ਉਹ ਮੈਨੂੰ ਹਟਾ ਕੇ ਘਰ ਲੈ ਜਾਣਗੇ, ਮੇਰੇ ਨਾਲ ਜੋ ਹੋ ਗਿਆ, ਬਦਲ ਤਾਂ ਸਕਦਾ ਨਹੀਂ, ਸਗੋਂ ਬਦਨਾਮੀ ਵਾਧੂ ਹੋਵੇਗੀਜਿਸਨੂੰ ਨਹੀਂ ਪਤਾ, ਉਹਨੂੰ ਵੀ ਪਤਾ ਲੱਗੇਗਾ।” ਉਹ ਕਹਿ ਕੇ ਚੁੱਪ ਕਰ ਗਈ

ਉਸ ਸਮੇਂ ਮੈਂ ਉਸ ਨੂੰ ਕੁਝ ਨਾ ਕਿਹਾ ਪਰ ਮੈਨੂੰ ਹਮੇਸ਼ਾ ਲੱਗਣਾ ਕਿ ਲੀਜ਼ਾ ਨੂੰ ਆਪਣੀ ਲੜਾਈ ਲੜਨੀ ਚਾਹੀਦੀ ਹੈਹੁਣ ਉਹ ਬਹੁਤ ਚੁੱਪ ਰਹਿੰਦੀ ਸੀ, ਉਹ ਆਪਣੇ ਘਰ ਦੇ ਹਾਲਾਤ ਨੂੰ ਮੇਰੇ ਨਾਲੋਂ ਬਿਹਤਰ ਜਾਣਦੀ ਸੀ

ਮੈਂ ਬਾਅਦ ਵਿੱਚ ਵੀ ਕਈ ਵਾਰ ਉਹਨੂੰ ਕਹਿਣ ਦੀ ਕੋਸ਼ਿਸ਼ ਕੀਤੀ, “ਲੀਜ਼ਾ ਤੂੰ ਪੱਕਾ ਸੋਚਦੀ ਐਂ ਕਿ ਤੈਨੂੰ ਤੇਰੇ ਹਿੱਸੇ ਦੀ ਲੜਾਈ ਨਹੀਂ ਲੜਨੀ ਚਾਹੀਦੀ।”

“ਇਸਨੂੰ ਇੱਥੇ ਹੀ ਛੱਡ ਦੇਹ, ਮੈਂ ਇਸ ਹਾਦਸੇ ਨੂੰ ਭੁੱਲਣਾ ਚਾਹੁੰਦੀ ਹਾਂ ਤੇ ਜ਼ਿੰਦਗੀ ਵਿੱਚ ਅੱਗੇ ਵਧਣਾ।” ਉਸਨੇ ਬੇਪ੍ਰਵਾਹੀ ਨਾਲ ਕਿਹਾ

ਮੁੜ ਕੇ ਮੈਂ ਉਸ ਨਾਲ ਇਹ ਗੱਲ ਕਦੇ ਨਾ ਕੀਤੀ ਪਰ ਮੈਨੂੰ ਉਸ ਦਿਨ ਦੇ ਮੇਰੀ ਬੁੱਕਲ ਵਿੱਚ ਪਰਲ ਪਰਲ ਸੁੱਟੇ ਹੰਝੂ ਕਦੇ ਵੀ ਨਹੀਂ ਭੁੱਲੇਸਮਾਂ ਲੰਘਦਾ ਗਿਆ ਤੇ ਜ਼ਿੰਦਗੀ ਆਮ ਵਾਂਗ ਹੋ ਗਈ ਸੀਸਾਡੇ ਪੇਪਰ ਹੋ ਗਏ, ਵਧੀਆ ਨੰਬਰਾਂ ਵਿੱਚ ਪਾਸ ਹੋ ਗਈਆਂ ਸਾਂਸਾਨੂੰ ਲੱਗਦਾ ਸੀ ਕਿ ਅਸੀਂ ਅਣਜਾਣ ਸਾਂ ਇਸ ਕਰਕੇ ਇਹ ਹਾਦਸਾ ਵਾਪਰਿਆ ਸੀ, ਕਿਉਂਕਿ ਯੂਨੀਵਰਸਿਟੀ ਦਾ ਦੂਜਾ ਸਾਲ ਹੀ ਤਾਂ ਸੀ

ਇਵੇਂ ਹੀ ਗਰਮੀਆਂ ਦੇ ਦਿਨ ਸਨਮੈਂ ਆਪਣੇ ਰੂਮ ਵਿੱਚ ਬੈਠੀ ਪੜ੍ਹ ਰਹੀ ਸੀਸਾਡਾ ਯੂਨੀਵਰਸਿਟੀ ਦਾ ਅਖੀਰਲਾ ਸਾਲ ਸੀਸੋਫੀਆ ਆਪਣੇ ਥੀਸਿਸ ਦੀ ਪ੍ਰੀਜੈਂਟੇਸ਼ਨ (ਪੇਸ਼ਕਾਰੀ) ਕਰਕੇ ਆਈ ਸੀ, ਉਹ ਖੁਸ਼ ਹੋਣ ਦੀ ਬਜਾਇ ਆ ਕੇ ਮੇਰੇ ਗਲ਼ ਲੱਗ ਕੇ ਰੋਣ ਲੱਗ ਪਈ ਮੈਨੂੰ ਸਮਝ ਨਾ ਲੱਗੇ, ਉਸ ਤੋਂ ਗੱਲ ਨਹੀਂ ਸੀ ਹੋ ਰਹੀ

“ਸੋਫੀਆ, ਕੀ ਹੋਇਆ? ਪ੍ਰੀਜੈਂਟੇਸ਼ਨ ਠੀਕ ਨਹੀਂ ਹੋਈ?” ਮੈਂ ਘਬਰਾ ਕੇ ਪੁੱਛਿਆ

“ --- --- --- ” ਉਹ ਕੁਝ ਨਾ ਬੋਲੀ, ਲਗਾਤਾਰ ਰੋਈ ਜਾ ਰਹੀ ਸੀ

“ਕੋਈ ਗੱਲ ਨਹੀਂ, ਫੇਰ ਕੀ ਹੋਇਆ ਜੇ ਇਸ ਵਾਰ ਠੀਕ ਨਹੀਂ ਹੋਈ, ਅਗਲੀ ਵਾਰ ਹੋ ਜਾਵੇਗੀ, ਇਹੋ ਜਿਹੇ ਇਮਤਿਹਾਨ ਤਾਂ ਜ਼ਿੰਦਗੀ ਵਿੱਚ ਆਉਂਦੇ ਹੀ ਰਹਿੰਦੇ ਨੇ, ਕਿਉਂ ਘਬਰਾਉਂਦੀ ਐ?” ਮੈਂ ਦਿਲਾਸਾ ਦਿੰਦੇ ਹੋਏ ਕਿਹਾ

“ਹਾਂਹਾਂਮੈਂ ਜ਼ਿੰਦਗੀ ਦਾ ਇਮਤਿਹਾਨ ਫੇਲ ਹੋ ਗਈ ਹਾਂ।” ਤੇ ਕਹਿ ਕੇ ਰੋਣ ਲੱਗ ਪਈ

“ਸੌਰੀ ਸੋਫੀਆ, ਮੈਂ ਤੈਨੂੰ ਇਵੇਂ ਨੀ ਕਿਹਾ, ਤੂੰ ਦੱਸ ਤਾਂ ਸਹੀ ਤੇਰੇ ਨਾਲ ਕੀ ਹੋਇਆ?” ਮੈਂ ਠਰ੍ਹੰਮੇ ਨਾਲ ਕਿਹਾ ਤੇ ਉੱਠ ਕੇ ਉਸ ਲਈ ਪਾਣੀ ਲੈਣ ਚਲੀ ਗਈਮੈਂ ਵੀ ਅੰਦਰੋਂ ਡਰ ਗਈ ਸੀ

ਉਸ ਨੂੰ ਪਾਣੀ ਪੀਣ ਲਈ ਦਿੱਤਾ ਤਾਂ ਉਹ ਥੋੜ੍ਹਾ ਆਪਣੇ ਆਪ ਵਿੱਚ ਆ ਗਈਮੈਂ ਉਸਦੇ ਦੋਨੋਂ ਹੱਥ ਆਪਣੇ ਹੱਥਾਂ ਵਿੱਚ ਫੜ ਕੇ ਹੌਸਲਾ ਦਿੰਦੇ ਹੋਏ ਕਿਹਾ, “ਤੂੰ ਦੱਸ ਤਾਂ ਸਹੀ ਤੇਰੇ ਨਾਲ ਕੀ ਹੋਇਆ, ਅਗਰ ਮੈਂ ਮਦਦ ਕਰ ਸਕਦੀ ਹੋਈ ਤਾਂ ਜ਼ਰੂਰ ਕਰਾਂਗੀ”

“ਮੈਨੂੰ ਮਦਦ ਕਰਨ ਵਾਲਿਆਂ ਤੋਂ ਨਫ਼ਰਤ ਹੋ ਗਈ ਐ, ਦੀਪੀ।” ਉਸਨੇ ਰੋਣਹਾਕੀ ਅਵਾਜ਼ ਵਿੱਚ ਕਿਹਾ

“ਫਿਰ ਵੀ --- ” ਮੈਂ ਅੱਗੇ ਕੁਝ ਕਹਿ ਨਾ ਸਕੀ ਤੇ ਉਹ ਜਿਵੇਂ ਉੱਧੜ ਗਈ ਹੋਵੇ

“ਉਹ ਬੁੱਢਾ ਪ੍ਰੋਫੈਸਰ ਬਰਨੀ, ਮੇਰਾ ਜੀਅ ਕਰਦਾ ਹੈ ਉਹਦੇ ਸੀਨੇ ਵਿੱਚ ਦੀ ਗੋਲ਼ੀ ਕੱਢ ਦਿਆਂ, “ ਉਸਨੇ ਰੋਹ ਨਾਲ ਦਗਦੀਆਂ ਲਾਲ ਅੱਖਾਂ ਨੂੰ ਚੌੜੀਆਂ ਕਰਕੇ ਦੰਦ ਕਰੀਚ ਕੇ ਕਿਹਾ

“ਸੋਫੀਆ ਪਲੀਜ਼, ਸ਼ਾਂਤ ਹੋ ਕੇ ਗੱਲ ਕਰ, ਦੱਸ ਮੈਨੂੰ, ਕੀ ਹੋਇਆ?, “ ਹੁਣ ਮੈਨੂੰ ਗੱਲ ਦੀ ਥੋੜ੍ਹੀ ਥੋੜ੍ਹੀ ਸਮਝ ਆ ਰਹੀ ਸੀ ਕਿ ਹੋ ਸਕਦਾ ਹੈ ਉਸਨੇ ਇਹਨੂੰ ਕੋਈ ਮੰਦਾ ਚੰਗਾ ਸ਼ਬਦ ਬੋਲ ਦਿੱਤਾ ਹੋਵੇਗਾਛੋਟੀਆਂ ਮੋਟੀਆਂ ਗੱਲਾਂ ਹੋਣਾ ਤਾਂ ਹਰ ਕੁੜੀ ਦੇ ਹਿੱਸੇ ਆਇਆ ਹੈ, ਚਾਹੇ ਕਿਹੋ ਜਿਹਾ ਵੀ ਸਮਾਜ ਹੋਵੇ

“ਦੀਪੀ, ਇਹ ਬੁੱਢਾ ਪ੍ਰੋਫੈਸਰ ਬਹੁਤ ਮੀਸਣੈ, ਮਿੱਠਾ ਮਿੱਠਾ ਬੋਲਦਾ ਹੈ ਤਾਂ ਕਿ ਇਹਦੇ ਕੋਲ ਕੁੜੀਆਂ ਫਸ ਜਾਣ, ਬਾਅਦ ਵਿੱਚ ਨਜਾਇਜ਼ ਫਾਇਦਾ ਉਠਾਉਂਦੈ।” ਉਸਨੇ ਆਪਣੇ ਗੁੱਸੇ ’ਤੇ ਕਾਬੂ ਪਾਉਂਦਿਆਂ ਦੱਸਿਆ

“ਅੱਗੇ ਤਾਂ ਤੂੰ ਉਹਦੇ ਬਾਰੇ ਕਦੇ ਗੱਲ ਨਹੀਂ ਕੀਤੀ, “ ਮੈਂ ਹੈਰਾਨ ਹੁੰਦਿਆਂ ਕਿਹਾ

“ਮੈਨੂੰ ਲੱਗਦਾ ਸੀ ਕਿ ਆਪਣੇ ਬੱਚਿਆਂ ਵਾਂਗ ਪਿਆਰ ਕਰਦਾ ਹੈ, ਕਦੇ ਹੱਥ ਘੁੱਟ ਦੇਣਾ, ਕਦੇ ਨਾਲ ਨੂੰ ਲਾ ਕੇ ਕੱਛ ਵਿੱਚ ਲੈ ਕੇ ਪਿਆਰ ਕਰਨਾ, ਐਧਰਲੀਆਂ ਉੱਧਰਲੀਆਂ ਗੱਲਾਂ ਕਰਦੇ ਰਹਿਣਾ, ਮੈਂ ਕਦੇ ਗੌਲ਼ਿਆਂ ਨਹੀਂ ਸੀ, ਇਸ ਵਿੱਚੋਂ ਮੈਂ ਆਪਣੇ ਡੈਡੀ ਵਰਗਾ ਪਿਆਰ ਦੇਖਦੀ ਸੀ, ਬਹੁਤ ਇੱਜ਼ਤ ਕਰਦੀ ਸੀਜਦੋਂ ਵੀ ਮੈਨੂੰ ਪੜ੍ਹਨ ਵਿੱਚ ਮੁਸ਼ਕਲ ਆਉਂਦੀ, ਇਸਨੇ ਬੇਝਿਜਕ ਮੇਰੀ ਮਦਦ ਕਰਨੀਮੈਂ ਅੱਜ ਸਾਰਿਆਂ ਦੇ ਸਾਹਮਣੇ ਆਪਣਾ ਪੇਪਰ ਪੇਸ਼ ਕਰਨਾ ਸੀ, ਉਸਨੇ ਇਸਦੀ ਤਿਆਰੀ ਕਰਵਾਉਣ ਲਈ ਬਹੁਤ ਜ਼ੋਰ ਲਾਇਆ ਸੀ, ਇਹ ਸਾਰਾ ਕੁਝ ਕਿਉਂ? ਇਹ ਮੈਂ ਨਹੀਂ ਸੀ ਜਾਣਦੀ।” ਉਸ ਨੇ ਬਹੁਤ ਨਿਮੋਝੂਣੀ ਹੋ ਕੇ ਕਿਹਾ

“ਫੇਰ ਕੀ ਹੋਇਆ?, “ ਮੈਂ ਹੱਕੀ ਬੱਕੀ ਉਸ ਵੱਲ ਦੇਖ ਰਹੀ ਸੀ

“ਪ੍ਰੋਗਰਾਮ ਤੋਂ ਬਾਅਦ ਪਤਾ ਨਹੀਂ ਉਹ ਕਿੱਥੇ ਗਾਇਬ ਹੋ ਗਿਆ, ਮੈਂ ਉਸਦਾ ਧੰਨਵਾਦ ਕਰਨਾ ਚਾਹੁੰਦੀ ਸੀ, ਜਦੋਂ ਕਿਤੇ ਵੀ ਮੈਨੂੰ ਨਾ ਦਿਸਿਆ ਤਾਂ ਮੈਂ ਫ਼ੋਨ ਕੀਤਾਉਸਨੇ ਫ਼ੋਨ ਚੁੱਕਿਆ ਨਹੀਂ ਸਗੋਂ ਫ਼ੋਨ ਤੇ ਸੁਨੇਹਾ ਭੇਜ ਦਿੱਤਾ, “ ਡੈਲਟਾ ਹੋਟਲ ਦੇ ਵਿੱਚ ਮੈਨੂੰ ਕੰਮ ਸੀ, ਮੈਨੂੰ ਛੇਤੀ ਜਾਣਾ ਪੈ ਗਿਆ, ਤੂੰ ਉੱਥੇ ਆ ਕੇ ਮਿਲ।” ਮੇਰੇ ਤਾਂ ਕੁਝ ਯਾਦ ਚੇਤੇ ਵੀ ਨਹੀਂ ਸੀ ਮੈਨੂੰ ਤਾਂ ਖੁਸ਼ੀ ਹੀ ਬਹੁਤ ਸੀ ਕਿ ਮੇਰੇ ਪੇਪਰ ਦੀ ਪੇਸ਼ਕਾਰੀ ਸਾਰਿਆਂ ਨਾਲੋਂ ਵਧੀਆ ਸੀਮੈਂ ਸਿੱਧੀ ਹੋਟਲ ਚਲੀ ਗਈਦਸ ਕੁ ਮਿੰਟ ਅਸੀਂ ਬੈਠਕ ਵਿੱਚ ਬੈਠੇ, ਉਦੋਂ ਉਹ ਫ਼ੋਨ ਤੇ ਸੀ, ਮੈਂ ਉਡੀਕਦੀ ਰਹੀ ਕਿ ਆ ਕੇ ਗੱਲ ਕਰੂਗਾਆ ਕੇ ਕਹਿੰਦਾ, “ਐਥੇ ਲੋਕਾਂ ਦੀ ਆਵਾਜਾਈ ਬਹੁਤ ਐ, ਆਪਾਂ ਕਮਰੇ ਵਿੱਚ ਬੈਠ ਕੇ ਗੱਲ ਕਰਦੇ ਹਾਂ, “ ਉਸਨੇ ਕਮਰਾ ਪਹਿਲਾਂ ਹੀ ਰਾਖਵਾਂ ਕੀਤਾ ਹੋਇਆ ਸੀ

ਅੰਦਰ ਗਏ ਤਾਂ ਉਹ ਬਿਸਤਰੇ ’ਤੇ ਬੈਠ ਗਿਆ ਤੇ ਮੈਂ ਕੁਰਸੀ ’ਤੇ।” ਉਸਨੇ ਕਹਿਣਾ ਸ਼ੁਰੂ ਕੀਤਾ

“ਸੋਫੀਆ, ਅੱਜ ਤੇਰੀ ਹੀ ਕਾਮਯਾਬੀ ਨਹੀਂ ਮੇਰੀ ਵੀ ਕਾਮਯਾਬੀ ਹੈ, “ ਉਸਨੇ ਗੰਭੀਰਤਾ ਨਾਲ ਕਿਹਾ

“ਹਾਂ, ਮਿਸਟਰ ਬਰਨੀਇਹ ਤਾਂ ਸੱਚ ਹੈ, ਇਹ ਸਾਰਾ ਕੁਝ ਤੁਹਾਡੀ ਬਦੌਲਤ ਹੀ ਤਾਂ ਹੈ, “ ਮੈਂ ਬਹੁਤ ਹੀ ਖੁਸ਼ੀ ਵਿੱਚ ਬੇਬਾਕੀ ਨਾਲ ਕਿਹਾ

“ਮੈਂ ਇਸ ਕਾਮਯਾਬੀ ਦਾ ਜਸ਼ਨ ਤੇਰੇ ਨਾਲ ਮਨਾਉਣਾ ਚਾਹੁੰਨੈਂ।” ਉਸਨੇ ਬੇਝਿਜਕ ਹੋ ਕੇ ਕਿਹਾ

“ਜੀ --- ।” ਮੈਨੂੰ ਸਮਝ ਨਾ ਲੱਗੀ

“ਮੈਂ ਗੱਲ ਹੇਰ ਫੇਰ ਪਾ ਕੇ ਨਹੀਂ ਕਰਾਂਗਾ, ਜਦੋਂ ਤੋਂ ਮੈਂ ਤੈਨੂੰ ਆਪਣਾ ਵਿਦਿਆਰਥੀ ਲਿਐ, ਇਹ ਇੱਛਾ ਉਦੋਂ ਤੋਂ ਮੇਰੇ ਮਨ ਵਿੱਚ ਸੀ, ਇਸ ਕਰਕੇ ਮੈਂ ਕੜੀ ਮਿਹਨਤ ਕੀਤੀ ਐ ਪੂਰਾ ਸਾਲ, ਸਿਰਫ਼ ਇਸ ਦਿਨ ਲਈ ਕਿ ਅੱਜ ਦੀ ਰਾਤ ਮੈਂ ਤੇਰੇ ਨਾਲ ਸੌਣੈ।” ਉਸਨੇ ਪੂਰੀ ਨਿਧੜਕਤਾ ਨਾਲ ਕਿਹਾ

ਮੈਂ ਇੱਕ ਦਮ ਉੱਠ ਕੇ ਖੜ੍ਹੀ ਹੋ ਗਈ, ਮੇਰੀਆਂ ਲੱਤਾਂ ਕੰਬ ਰਹੀਆਂ ਸਨ

“ਮਿਸਟਰ ਬਰਨੀ --- --- ਤੁਸੀਂ ਇਹ ਕੀ ਕਹਿ ਰਹੇ ਹੋ? ਮੈਂ --- ਮੈਂ --- ਤੁਹਾਡੇ ਬੱਚਿਆਂ ਵਰਗੀ --- ”

“ਬੱਚਿਆਂ ਵਰਗੀ ਪਰ ਮੇਰੀ ਬੱਚੀ ਤਾਂ ਨਹੀਂ”, ਉਸਨੇ ਬੇਝਿਜਕ ਕਿਹਾ

“ਵਾਸਤਾ ਈ ਰੱਬ ਦਾ ਸਰ, ਤੁਸੀਂ ਇਹ ਕੀ ਕਹਿ ਰਹੇ ਹੋਮੈਂ --- - ”

ਉਸਨੇ ਮੇਰੀ ਗੱਲ ਨੂੰ ਵਿੱਚੋਂ ਟੋਕ ਕੇ ਕਿਹਾ, “ਹਾਂ, ਇਹ ਸੱਚ ਐਜੇ ਤੂੰ ਆਪਣਾ ਖੋਜ ਪੇਪਰ ਭੇਜਣਾ ਚਾਹੁੰਦੀ ਹੈ ਤਾਂ ਆਪਣਾ ਆਪ ਮੇਰੇ ਹਵਾਲੇ ਕਰਦੇ ਨਹੀਂ ਤਾਂ --- - ”

“ਦੀਪੀ, ਮੈਂ ਬਹੁਤ ਰੋਈ, ਕੁਰਲਾਈ, ਮਿੰਨਤਾਂ ਕੀਤੀਆਂ ਪਰ ਉਸਨੇ ਇੱਕ ਨਾ ਸੁਣੀਉਸ ਦਰਿੰਦੇ ਨੇ ਮੇਰੀ ਐਨੇ ਸਾਲਾਂ ਦੀ ਮਿਹਨਤ ਮਿੱਟੀ ਵਿੱਚ ਰੋਲ਼ ਦੇਣੀ ਸੀ ਜੇ ਮੈਂ ਚੁੱਪ ਚਾਪ --- --- -- ” ਉਹ ਫੁੱਟ ਫੁੱਟ ਕੇ ਰੋ ਪਈ

ਅੱਜ ਵੀ ਦੋ ਸਾਲਾਂ ਬਾਅਦ ਮੇਰੀ ਬੁੱਕਲ ਵਿੱਚ ਪਰਲ ਪਰਲ ਹੰਝੂ ਸਨ ਸਿਰਫ਼ ਨਾਂ ਬਦਲਿਆ ਸੀ ਲੀਜ਼ਾ ਦੀ ਥਾਂ ’ਤੇ ਸੋਫੀਆ ਸੀਮੈਂ ਕਿੰਨਾ ਹੀ ਚਿਰ ਉਸ ਨੂੰ ਚੁੱਪ ਕਰਾਉਂਦੀ ਰਹੀ ਤੇ ਸੋਚਦੀ ਰਹੀ ਕਿ ਪੜ੍ਹਿਆ ਸੀ ਕਿ ਅਣਵਿਕਸਤ ਦੇਸ਼ਾਂ ਵਿੱਚ ਅਜਿਹੀਆਂ ਘਟਨਾਵਾਂ ਹੁੰਦੀਆਂ ਨੇ, ਪਰ ਇਹ ਸੱਭਿਅਕ ਦੇਸ਼ਾਂ ਵਿੱਚ ਵੀ ਔਰਤ ਦੋਮ ਦਰਜ਼ੇ ’ਤੇ ਹੀ ਹੈਕਿੰਨੀਆਂ ਸੋਫੀਆ ਤੇ ਲੀਜ਼ਾ ਹਰ ਰੋਜ਼ ਕਿਸੇ ਨਾ ਕਿਸੇ ਤਰੀਕੇ ਜ਼ਲੀਲ ਹੁੰਦੀਆਂ ਹੋਣਗੀਆਂਆਖਰ ਲੀਜ਼ਾ ਵਾਂਗ ਸੋਫੀਆ ਵੀ ਜ਼ਿੰਦਗੀ ਦੇ ਇਸ ਭਿਆਨਕ ਦਰਦ ਨੂੰ ਆਂਦਰਾਂ ਵਿੱਚ ਸਮੇਟ ਕੇ ਅੱਗੇ ਵਧ ਗਈ

ਪਿੱਛੇ ਜਿਹੇ ਜਦੋਂ ਮੀ ਟੂ ਦੀ ਮੁਹਿੰਮ ਚੱਲੀ, ਮੇਰਾ ਕਈ ਵਾਰ ਜੀਅ ਕੀਤਾ ਕਿ ਲੀਜ਼ਾ ਤੇ ਸੋਫੀਆ ਨੂੰ ਕਹਾਂ ਕਿ ਤੁਸੀਂ ਵੀ ਅੱਗੇ ਆਓ ਤੇ ਆਪਣੀ ਤੇ ਔਰਤ ਜਾਤ ਦੇ ਇਨਸਾਫ਼ ਦੀ ਲੜਾਈ ਲੜੋਹੁਣ ਵੇਲਾ ਆ ਗਿਆ ਹੈ, ਬਹੁਤ ਸਾਰੀਆਂ ਕਹਿੰਦੀਆਂ ਕਹਾ ਓਂਦੀਆਂ ਹਸਤੀਆਂ ਵਿੱਚੋਂ ਔਰਤਾਂ ਨੇ ਆਪਣੇ ਨਾਲ ਹੁੰਦੇ ਧੱਕੇ ਬਾਰੇ ਦੱਸਿਆ ਹੈਮੈਂ ਝਕਦੀ ਝਕਾਉਂਦੀ ਨੇ ਲੀਜ਼ਾ ਤੇ ਸੋਫੀਆ ਨੂੰ ਮਿਲਣ ਲਈ ਫ਼ੋਨ ਕਰ ਲਿਆ ਪਰ ਮਨ ਵਿੱਚ ਧੁਖਧੁਖੀ ਸੀ ਕਿ ਉਹ ਇਸ ਬਾਰੇ ਗੱਲ ਕਰਨਾ ਚਾਹੁਣਗੀਆਂ ਵੀ ਕਿ ਨਹੀਂਕਈ ਵਾਰ ਬੰਦਾ ਇਹੋ ਜਿਹੀਆਂ ਡਰਾਉਣੀਆਂ ਯਾਦਾਂ ਨੂੰ ਮੁੜਕੇ ਯਾਦ ਨਹੀਂ ਕਰਨਾ ਚਾਹੁੰਦਾ, ਕਿਤੇ ਉਹ ਇਤਰਾਜ਼ ਹੀ ਨਾ ਕਰਨ

ਅਸੀਂ ਉਸ ਦਿਨ ਵੀਰਵਾਰ ਦਾ ਦਿਨ ਮਿੱਥ ਲਿਆ ਕਿ ਅਸੀਂ ਮੇਰੇ ਘਰ ਵਿੱਚ ਮਿਲਣਾ ਹੈ ਤੇ ਨਾਲੇ ਰੱਜ ਕੇ ਗੱਲਾਂ ਕਰਨੀਆਂ ਹਨਯੂਨੀਵਰਸਿਟੀ ਦੇ ਦਿਨ ਜ਼ਿੰਦਗੀ ਦੀ ਅਭੁੱਲ ਯਾਦ ਹੀ ਤਾਂ ਹੁੰਦੇ ਹਨਉਂਜ ਤਾਂ ਅਸੀਂ ਸਾਰੀਆਂ ਵੈਨਕੂਵਰ ਦੇ ਆਸ ਪਾਸ ਹੀ ਰਹਿੰਦੀਆਂ ਹਾਂ, ਪਰ ਕਦੇ ਮਿਲਣ ਦਾ ਮੌਕਾ ਹੀ ਨਹੀਂ ਲੱਗਦਾਦਿਲ ਦੇ ਵਿੱਚ ਖ਼ਾਹਿਸ਼ ਹਮੇਸ਼ਾ ਬਣੀ ਰਹਿੰਦੀ ਹੈ ਕਿ ਕੋਈ ਮਿਲਣ ਦਾ ਬਹਾਨਾ ਲੱਭੇਉਹਨਾਂ ਦੀ ਅੱਜ ਛੁੱਟੀ ਸੀ, ਇਸ ਕਰਕੇ ਮੈਂ ਵੀ ਬਿਮਾਰ ਦਾ ਬਹਾਨਾ ਕਰਕੇ ਛੁੱਟੀ ਲੈ ਲਈ ਹੈਮੈਂ ਸਵੇਰ ਤੋਂ ਤਿਆਰੀ ਕਰ ਰਹੀ ਹਾਂਉਹ ਮੇਰੀਆਂ ਪੱਕੀਆਂ ਦੋਸਤ ਹਨ, ਉਹਨਾਂ ਨੂੰ ਕੀ ਖੁਆਉਣਾ ਹੈ, ਕੀ ਦੱਸਣਾ ਹੈ, ਕੀ ਪੁੱਛਣਾ ਹੈ? ਮੈਂ ਬਹੁਤ ਖੁਸ਼ ਹਾਂਜਲਦੀ ਜਲਦੀ ਕੰਮ ਮੁਕਾ ਕੇ ਬੈਠਣ ਵਾਲੇ ਕਮਰੇ ਦੀਆਂ ਚੀਜ਼ਾਂ ਥਾਂ ਟਿਕਾਣੇ ਰੱਖਦੀ ਨੇ ਜਦੋਂ ਟੀ. ਵੀ. ਲਾਇਆ ਤਾਂ ਸਾਡੇ ਗੁਆਂਢੀ ਦੇਸ਼ ਅਮਰੀਕਾ ਤੋਂ ਖ਼ਬਰਾਂ ਆ ਰਹੀਆਂ ਹਨ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੁਪਰੀਮ ਕੋਰਟ ਲਈ ਇੱਕ ਜੱਜ ਬਰੈਟ ਕਾਵਨਾਹ ਨੂੰ ਰੱਖਣ ਦਾ ਸੁਝਾਅ ਦਿੱਤਾ ਹੈ ਤਾਂ ਡਾ. ਕ੍ਰਿਸਟੀਨ ਬਲੇਜ਼ੀ ਜਿਸ ਨਾਲ ਉਸਨੇ 16 ਸਾਲ ਦੀ ਉਮਰ ਵਿੱਚ ਬਲਾਤਕਾਰ ਕੀਤਾ ਸੀ, ਉਹ ਅੱਗੇ ਆਈ ਹੈ ਕਿ ਇਹ ਬਲਾਤਕਾਰੀ ਜੱਜ ਸੁਪਰੀਮ ਕੋਰਟ ਦਾ ਜੱਜ ਬਣਨ ਦੇ ਕਾਬਲ ਨਹੀਂ ਹੈਉਹ ਮਨੋਵਿਗਿਆਨ ਦੀ ਡਾਕਟਰ ਹੈ ਜਦੋਂ ਉਸਨੇ ਆਪਣੇ ਨਾਲ ਹੋਈ ਬੀਤੀ ਦੱਸੀ ਤਾਂ ਗੱਲ ਸੈਨੇਟ ਤਕ ਪਹੁੰਚ ਗਈਉੱਥੇ ਜੱਜ ਕਾਵਨਾਹ ਨੂੰ ਨਹੀਂ ਸਗੋਂ ਡਾ. ਬਲੇਜ਼ੀ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਲਿਆ ਗਿਆ ਹੈ

ਬਾਹਰ ਬੈੱਲ ਹੋਈ ਤਾਂ ਮੈਂ ਉੱਠ ਕੇ ਲੀਜ਼ਾ ਤੇ ਸੋਫੀਆ ਨੂੰ ਡੋਰ ਖੋਲ੍ਹਿਆ ਤੇ ਉਹ ਮੈਂਨੂੰ ਘੁੱਟ ਕੇ ਮਿਲੀਆਂ, ਅਸੀਂ ਸਾਰੀਆਂ ਬਹੁਤ ਖੁਸ਼ ਹਾਂਮੈਂ ਉਹਨਾਂ ਨੂੰ ਬਿਠਾ ਕੇ ਪੀਣ ਲਈ ਰਸੋਈ ਵਿੱਚੋਂ ਜੂਸ ਲੈਣ ਚਲੀ ਗਈਟੀ. ਵੀ. ਤੇ ਡਾ. ਬਲੇਜ਼ੀ ਕਟਹਿਰੇ ਵਿੱਚ ਵਕੀਲ ਦੇ ਸਵਾਲਾਂ ਦੇ ਜਵਾਬ ਦੇ ਰਹੀ ਸੀਸਾਡਾ ਸਾਰੀਆਂ ਦਾ ਧਿਆਨ ਉਹਦੇ ਵੱਲ ਚਲਾ ਗਿਆਸੈਨੇਟ ਵਿੱਚ ਉਸ ਨਾਲ ਜੱਜ ਕਾਵਨਾਹ ਦਾ ਵਕੀਲ ਜਵਾਬ ਤਲਬੀ ਕਰ ਰਿਹਾ ਹੈ, ਕਿ ਉਹ ਦੱਸੇ, ਕਿ ਉਸਨੇ ਉਸ ਨੂੰ ਧੱਕਾ ਰੂਮ ਵਿੱਚ ਦਿੱਤਾ ਸੀ ਕਿ ਵਾਸ਼ਰੂਮ ਵਿੱਚ?, ਕਿਹੜਾ ਘਰ ਸੀ?, ਉਹਦਾ ਦਰਵਾਜ਼ਾ ਚੜ੍ਹਦੇ ਵੱਲ ਸੀ ਜਾਂ ਛਿਪਦੇ ਵੱਲ?, ਕਿਹੜੀ ਸਟਰੀਟ ਉੱਤੇ?, ਸਬੂਤ ਇਕੱਠੇ ਕਰਨ ਲਈ ਉਹ ਘਰ ਦੇਖਿਆ ਜਾ ਸਕਦਾ ਹੈ ਅਜੇ?, ਕਿਹੜਾ ਦਿਨ ਸੀ?, ਉਹ ਭੱਜ ਕੇ ਬਾਹਰ ਕਿਵੇਂ ਆਈ?, ਉਹਦੇ ਨਾਲ ਉਸ ਦਿਨ ਹੋਰ ਕੌਣ ਕੌਣ ਸੀ? ਕਿੰਨੇ ਹੀ ਤਰ੍ਹਾਂ ਤਰ੍ਹਾਂ ਦੇ ਸਵਾਲਾਂ ਨਾਲ ਉਸ ਨੂੰ ਉਲਝਾਇਆ ਜਾ ਰਿਹਾ ਸੀਜੇ ਉਹ ਮਨੋਵਿਗਿਆਨ ਦੀ ਡਾਕਟਰ ਹੋ ਕੇ ਆਪਣੇ ਸਬੂਤ ਨਹੀਂ ਦੇ ਸਕੀ ਤਾਂ ਲੀਜ਼ਾ ਤੇ ਸੋਫੀਆ ਨਾਲ ਕੀ ਹੋ ਸਕਦਾ ਸੀ, ਸੋਫੀਆ ਘਬਰਾ ਕੇ ਉੱਠ ਖੜ੍ਹਦੀ ਹੈ ਤੇ ਟੀ. ਵੀ. ਬੰਦ ਕਰ ਦਿੰਦੀ ਹੈਅਸੀਂ ਤਿੰਨੋ ਇੱਕ ਦੂਜੇ ਦੇ ਮੂੰਹ ਵੱਲ ਦੇਖ ਰਹੀਆਂ ਹਾਂ, ਚੁਫੇਰੇ ਚੁੱਪ ਛਾ ਗਈ ਹੈ, ਜੋ ਗੱਲ ਮੈਂ ਉਹਨਾਂ ਨਾਲ ਕਰਨੀ ਚਾਹੁੰਦੀ ਸੀ, ਉਸ ਨੂੰ ਕਰਨ ਦੀ ਹਿੰਮਤ ਹੀ ਖ਼ਤਮ ਹੋ ਚੁੱਕੀ ਹੈਚੁੱਪ ਨੂੰ ਤੋੜਦੇ ਹੋਏ ਲੀਜ਼ਾ ਨੇ ਕਿਹਾ, ਮੈਨੂੰ ਤਾਂ ਬਹੁਤ ਭੁੱਖ ਲੱਗੀ ਐ, ਕੀ ਬਣਾਇਐ? ਮੈਂ ਚੁੱਪ ਚਾਪ ਰਸੋਈ ਵਿੱਚ ਜਾਂਦੀ ਹਾਂ ਤੇ ਖਾਣਾ ਪਰੋਸਣ ਲਗਦੀ ਹਾਂਮੇਰੀ ਖੁਸ਼ੀ ਖੰਭ ਲਾ ਕੇ ਉਡ ਚੁੱਕੀ ਹੈ, ਮੇਰੇ ਕੋਲ ਕਹਿਣ ਲਈ ਕੁਝ ਵੀ ਤਾਂ ਨਹੀਂ

ਮੇਰੇ ਮਨ ਵਿੱਚ ਵਿਚਾਰਾਂ ਦੀ ਤਰਥੱਲੀ ਮਚੀ ਪਈ ਹੈ, ਸੋਚ ਰਹੀ ਹਾਂ ਕਿ ਲੀਜ਼ਾ ਨਾਲ ਬਲਾਤਕਾਰ ਇਸ ਲਈ ਹੋ ਗਿਆ ਕਿ ਉਹ ਮੁੰਡਾ ਅੱਲੜ੍ਹ ਉਮਰ ਸੀ, ਉਹ ਫਾਇਦਾ ਲੈ ਗਿਆ, ਸੋਫੀਆ ਨੂੰ ਮਜਬੂਰ ਕਰਕੇ ਮਿਸਟਰ ਬਰਨੀ ਨੇ ਉਸ ਨਾਲ ਧੱਕਾ ਕੀਤਾ ਤੇ ਜੱਜ ਕਾਵਨਾਹ ਟਰੰਪ ਦੀ ਤਾਕਤ ਨਾਲ ਡਾ. ਬਲੇਜ਼ੀ ਨੂੰ ਝੂਠੀ ਕਰ ਗਿਆਮੀ ਟੂ ਦੀ ਮੁਹਿੰਮ ਕਰਕੇ ਡਾ. ਬਲੇਜ਼ੀ ਨੇ ਹਿੰਮਤ ਕੀਤੀ ਸੀ ਸਮਾਜ ਨਾਲ ਟੱਕਰ ਲੈਣ ਦੀ, ਜੁਰਅਤ ਕੀਤੀ ਸੀ ਆਪਣੇ ਅੰਦਰ ਦੀ ਨਮੋਸ਼ੀ ਨੂੰ ਜੱਗ ਜ਼ਾਹਰ ਕਰਨ ਦੀਕਚਹਿਰੀ ਵਿੱਚ ਉਲਟੇ ਸਿੱਧੇ ਸਵਾਲਾਂ ਨਾਲ ਉਹਦਾ ਵਾਰ ਵਾਰ ਬਲਾਤਕਾਰ ਕੀਤਾ ਗਿਆ, ਉਸਦੀ ਵਲੂੰਧਰੀ ਰੂਹ ਨੂੰ ਵਾਰ ਵਾਰ ਨੰਗਾ ਕੀਤਾ ਗਿਆ, ਉਸਦੇ ਅਹਿਸਾਸਾਂ ਦੀ ਬਲੀ ਸ਼ਰੇ-ਬਜ਼ਾਰ ਦਿੱਤੀ ਜਾ ਰਹੀ ਸੀਉਹ ਇਨਸਾਫ਼ ਦੀ ਲੜਾਈ ਨਹੀਂ ਸਗੋਂ ਸਵਾਲਾਂ ਦੇ ਜਵਾਬ ਦਿੰਦੀ ਦਿੰਦੀ ਕਿਸੇ ਹਨ੍ਹੇਰੇ ਕੋਨੇ ਦੇ ਗਲ਼ ਲੱਗ ਕੇ ਰੋ ਰਹੀ ਸੀਬਹੁਤ ਸਾਲਾਂ ਬਾਅਦ ਉਹ ਮੇਰੀ ਹੀ ਬੁੱਕਲ ਸੀ, ਇੱਕ ਔਰਤ ਦੀ ਬੁੱਕਲ ਜਿਸਨੇ ਹੰਝੂਆਂ ਦਾ ਦਰਿਆ ਸਦੀਆਂ ਤੋਂ ਇੱਥੇ ਹੀ ਸਾਂਭਿਆ ਹੈਇਹ ਵਿਚਾਰ ਆਉਂਦੇ ਹੀ ਮੈਨੂੰ ਕੁੜੀ ਹੋਣ ਦੇ ਅਹਿਸਾਸ ਬਾਰੇ ਖਲਬਲ਼ੀ ਮੱਚ ਜਾਂਦੀ ਹੈ ਤੇ ਵਿਦਰੋਹ ਦੀ ਅੱਗ ਭੜਕ ਜਾਂਦੀ ਪਰ ਮੈਂ ਤਾਂ ਬਹੁਤ ਵਾਰ ਲੀਜ਼ਾ ਤੇ ਸੋਫੀਆ ਨਾਲ ਗੱਲ ਕਰਨਾ ਚਾਹੁੰਦੀ ਸੀ ਪਰ ਉਹਨਾਂ ਵਿੱਚ ਹੌਸਲਾ ਪੈਦਾ ਕਰਨ ਲਈ ਮੇਰੇ ਕੋਲ ਕੁਝ ਨਹੀਂ ਸੀ ਹੁੰਦਾ ਕਿਉਂਕਿ ਸਮਾਜ ਨੇ ਔਰਤ ਦੀ ਦਸ਼ਾ ਨੂੰ ਵਸਤੂ ਤੋਂ ਵੱਧ ਅਹਿਮੀਅਤ ਦੇਣ ਦੀ ਕੋਸ਼ਿਸ਼ ਹੀ ਨਹੀਂ ਕੀਤੀਜੇ ਇੱਕ ਗੱਲ ਕਦੇ ਹਾਂ ਪੱਖੀ ਹੈ ਤਾਂ ਬਦਲੇ ਵਿੱਚ ਚਾਰ ਨਾਂਹ ਪੱਖੀ ਗੱਲਾਂ ਸਾਹਮਣੇ ਆਉਂਦੀਆਂ ਹਨਮੇਰੇ ਵਿਚਾਰਾਂ ਦੀ ਲੜੀ ਉਦੋਂ ਟੁੱਟੀ ਜਦੋਂ ਸੋਫੀਆ ਨੇ ਕੌਫੀ ਵਾਲੀ ਕੇਤਲੀ ਨੇੜੇ ਕਰਨ ਲਈ ਕਿਹਾ

ਮੈਂ ਜਿਵੇਂ ਸੁਪਨੇ ਵਿੱਚੋਂ ਜਾਗੀ ਹੋਵਾਂਮੈਂ ਘਬਰਾ ਕੇ ਕਿਹਾ, ਤੁਹਾਨੂੰ ਕੁਝ ਹੋਰ ਤਾਂ ਨਹੀਂ ਚਾਹੀਦਾ?

“ਨਹੀਂ ਨਹੀਂ, ਕੁਝ ਨਹੀਂ” ਸੋਫੀਆ ਨੇ ਕਿਹਾ,

“ਦੀਪੀ ਸਾਨੂੰ ਪਤਾ ਹੈ ਕਿ ਜੋ ਸਾਡੇ ਅਤੀਤ ਵਿੱਚ ਹੋਇਆ ਹੈ, ਤੂੰ ਵੀ ਉਸ ਵਿੱਚ ਹਿੱਸੇਦਾਰ ਰਹੀ ਹੈ, ਉਹ ਗੱਲਾਂ ਤੇਰੀ ਸੰਵੇਦਨਸ਼ੀਲਤਾ ਕਰਕੇ ਤੰਗ ਕਰਦੀਆਂ ਨੇ ਤੈਨੂੰ, ਤੂੰ ਅੱਜ ਦੇਖ ਹੀ ਲਿਆ ਟੀ. ਵੀ. ਤੇ, ਕੀ ਹੋਇਆ ਡਾ. ਬਲੇਜ਼ੀ ਨਾਲ, ਇਸੇ ਕਰਕੇ ਹੀ ਅਸੀਂ ਚੁੱਪ ਹੋ ਗਈਆਂ ਸੀ ਤੇ ਅੱਜ ਤਕ ਚੁੱਪ ਹਾਂ।” ਲੀਜ਼ਾ ਨੇ ਮੇਰੀ ਹਾਲਤ ਦੇਖ ਕੇ ਕਿਹਾ

“ਹਾਂ ਚੁੱਪ, ਉਹੀ ਚੁੱਪ ਹੀ ਤਾਂ ਤੋੜੀ ਹੈ ਡਾ. ਬਲੇਜ਼ੀ ਨੇ, ਉਹੀ ਤਾਂ ਮੈਂ ਚਾਹੁੰਦੀ ਹਾਂ ਕਿ ਤੁਸੀਂ ਵੀ ਚੁੱਪ ਤੋੜੋਹੋਰ ਔਰਤਾਂ ਜਿਨ੍ਹਾਂ ਨਾਲ ਇਹ ਕੁਝ ਵਾਪਰਿਆ ਉਹ ਵੀ ਚੁੱਪ ਤੋੜਨਇਕੱਠੀਆਂ ਹੋ ਕੇ ਆਪਣੇ ਲਈ ਨਹੀਂ, ਆਉਣ ਵਾਲੀਆਂ ਪੀੜ੍ਹੀਆਂ ਲਈ, ਆਉਣ ਵਾਲੀਆਂ ਬੱਚੀਆਂ ਲਈ ਚੁੱਪ ਤੋੜਨਔਰਤ ਦੀ ਅਜ਼ਾਦੀ ਲਈ, ਉਸਦੀ ਮਨੁੱਖੀ ਹੋਂਦ ਲਈ, ਉਸਦੀ ਆਪਣੀ ਮਰਜ਼ੀ ਲਈ।” ਮੈਂ ਗੁੱਸੇ ਵਿੱਚ ਉਤੇਜ਼ਤ ਹੋ ਕੇ ਕਿਹਾ

ਲੀਜ਼ਾ ਤੇ ਸੋਫੀਆ ਜੋ ਹੁਣ ਤਕ ਮੈਂਨੂੰ ਧਿਆਨ ਨਾਲ ਸੁਣ ਰਹੀਆਂ ਸਨਉਹਨਾਂ ਨੇ ਆਪਸ ਵਿੱਚ ਨਜ਼ਰਾਂ ਮਿਲਾਈਆਂ ਤੇ ਕੌਫੀ ਦੇ ਕੱਪ ਰੱਖ ਦਿੱਤੇ, ਜਿਵੇਂ ਉਹ ਕਦੇ ਅਤੀਤ ਬਾਰੇ ਅਤੇ ਕਦੇ ਭਵਿੱਖ ਬਾਰੇ ਸੋਚ ਰਹੀਆਂ ਹੋਣਮੈਂ ਉਹਨਾਂ ਦੀ ਦੁਬਿਧਾ ਨੂੰ ਤੋੜਨ ਲਈ ਆਪਣਾ ਹੱਥ ਟੇਬਲ ਤੇ ਰੱਖ ਦਿੱਤਾ ਅਤੇ ਉਹਨਾਂ ਨੂੰ ਇੱਕਜੁਟਤਾ ਦਾ ਇਸ਼ਾਰਾ ਕੀਤਾਮੇਰੀ ਆਸ ਨੂੰ ਦੇਖ ਕੇ ਉਹਨਾਂ ਨੇ ਵੀ ਮੇਰੇ ਹੱਥ ’ਤੇ ਹੱਥ ਧਰ ਦਿੱਤੇ ਤੇ ਮੈਂ ਸੱਜਾ ਅੰਗੂਠਾ ਖੜ੍ਹਾ ਕਰਕੇ ਜੇਤੂ ਲਹਿਜ਼ੇ ਵਿੱਚ ਕਿਹਾ, “ਡੰਨ।”

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3845)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਪਰਮਿੰਦਰ ਕੌਰ ਸਵੈਚ

ਪਰਮਿੰਦਰ ਕੌਰ ਸਵੈਚ

Vancouver, British Columbia, Canada.
Phone: (604 760 4794)
Email: (pswaich@hotmail.com)