SatnamSmalsar7ਇੰਨੇ ਨੂੰ ਅੱਗ ਸੜਕ ਅਤੇ ਨਹਿਰ ਦੇ ਨਾਲ ਲੱਗੇ ਦਰਖ਼ਤਾਂ ਕੋਲ ਜਾ ਪਹੁੰਚੀ ਜਿਸਦੀ ਲਪੇਟ ਵਿੱਚ ਆਏ ਕਿੰਨੇ ਹੀ ...
(18 ਮਈ 2022)
ਮਹਿਮਾਨ: 135.


“ਉਏ ਆ ਜਾ ਹੁਣ
, ਇੱਥੇ ਬੈਠਾ ਕੀ ਧੂਫ ਪਾ ਕੇ ਖੁਵਾਜਾ ਮਨੌਣ ਲੱਗਾ ਏਂ? ਪਹਿਲਾਂ ਤੇ ਸਵੇਰੇ ਸਾਝਰੇ ਘਰੋਂ ਨੀ ਨਿਕਲਣਾ, ਨਾਲੇ ਰਾਤ ਕਹਿ ਕੇ ਘੱਲਿਆ ਬਈ ਸਵੇਰੇ ਆਪਾਂ ਨਿਆਈਂ ਆਲੇ ਖੇਤ ਟਾਂਗਰ ਨੂੰ ਅੱਗ ਲਾ ਕੇ ਝੋਨੇ ਦੀ ਪਨੀਰੀ ਬੀਜਣੀ ਐ, ਫੇਰ ਵੀ ਪਤਾ ਨੀ ਕਿਉਂ ਲੌਢਾ ਵੇਲਾ ਕਰ ਆਇਆ” ਮਿੰਦੇ ਨੰਬਰਦਾਰ ਨੇ ਪਸ਼ੂਆਂ ਆਲੇ ਵਰਾਂਡੇ ਕੋਲ ਬੈਠ ਕੇ ਚਾਹ ਪੀ ਰਹੇ ਆਪਣੇ ਸੀਰੀ ਜੰਟੇ ਨੂੰ ਉੱਚੀ ਦੇਣੇ ਅਵਾਜ਼ ਦੇ ਕੇ ਕਿਹਾ

ਮਿੰਦੇ ਦੀ ਅਵਾਜ਼ ਸੁਣਦਿਆਂ ਜੰਟੇ ਨੇ ਕੌਲੇ ਵਿੱਚ ਪਾਈ ਤੱਤੀ ਚਾਹ ਸੜ੍ਹਾਕੇ ਮਾਰਦਿਆਂ ਖਿੱਚ ਲਈਆਪਣਾ ਕੌਲਾ ਪਸ਼ੂਆਂ ਵਾਲੀ ਡਿੱਗੀ ਵਿੱਚ ਹੰਘਾਲਦਿਆਂ ਜੰਟੇ ਨੇ ਕਿਹਾ, ਔਨਾ ਬਾਈ, ਕੀ ਕਰਾਂ, ਆਉਣਾ ਤਾਂ ਸਾਝਰੇ ਹੀ ਸੀ ਪਰ ਤੜਕੇ ਜਵਾਕ ਢਿੱਲਾ ਹੋ ਗਿਆ ਚੱਕ ਕੇ ਡਾਕਟਰ ਰਾਜਦੁਲਾਰ ਦੇ ਲਿਜਾਣਾ ਪਿਆਹਾਲੇ ਤਾਂ ਡਾਕਟਰ ਚੰਗਾ ਘਰੇ ਹੀ ਦਵਾਈ ਦੇ ਦਿੱਤੀ, ਨਾਲੇ ਕੋਈ ਪੈਸਾ ਨੀ ਲਿਆ, ਨਈ ਤਾਂ ਅੱਡਾ ਖੁੱਲ੍ਹਣ ਤਕ ਉਡੀਕਣਾ ਪੈਣਾ ਸੀਰੱਬ ਭਲਾ ਕਰੇ ਉਹਦਾ” ਤੰਗਲੀਆਂ, ਦਾਤੀਆਂ ਅਤੇ ਕਹੀ ਜੀਪ ਵਿੱਚ ਰੱਖਦਿਆਂ ਜੰਟੇ ਨੇ ਦੱਸਿਆ।

ਮਿੰਦਾ ਪਹਿਲਾਂ ਹੀ ਜੀਪ ਵਿੱਚ ਬੈਠਾ ਰੇਸਾਂ ਮਾਰੀ ਜਾਂਦਾ ਸੀਉਹਨੇ ਜੰਟੇ ਦੋ ਮੂਹੋਂ ਜਵਾਕ ਦੇ ਬਿਮਾਰ ਹੋਣ ਵਾਲੀ ਗੱਲ ਸੁਣਦਿਆਂ ਖਿਝ ਕੇ ਕਿਹਾ, “ਹੁਣ ਅਸੀਂ ਜਵਾਕਾਂ ਨੂੰ ਕੀ ਕਰੀਏ, ਉਦੋਂ ਜੰਮ ਜੰਮ ਢੇਰ ਲਾ ਦਿੰਦੇ ਓਂ

ਜੰਟਾ ਮਿੰਦੇ ਦੇ ਕਹੇ ਇਹ ਹੋਏ ਬੋਲ ਪਾਣੀ ਵਾਂਗ ਪੀ ਗਿਆ ਅਤੇ ਮਨ ਵਿੱਚ ਸੋਚ ਰਿਹਾ ਸੀ ਜੇ ਕਿਤੇ ਉਹਨੇ ਵੱਡੀ ਕੁੜੀ ਦੇ ਵਿਆਹ ਵੇਲੇ ਉਹਤੋਂ ਪਹਿਲਾਂ ਪੈਸੇ ਨਾ ਫੜੇ ਹੁੰਦੇ ਤਾਂ ਅੱਜ ਝੱਟ ਕਹਿ ਦਿੰਦਾ, “ਆਹ ਚੱਕ ਆਪਣੀ ਸੱਗੀ ਤੇ ਆਹ ਚੱਕ ਆਪਣਾ ਪਰਾਂਦਾ ... ਕਰ ਦੇ ਮੇਰਾ ਸਾਭ। ਜਵਾਕ ਤੇਰੇ ਘਰੋਂ ਖਾਂਦੇ ਐ? ਸਾਰਾ ਦਿਨ ਆਪਦਾ ਚੰਮ ਤੜਾਈਦਾ

ਜੰਟਾ ਤਾਂ ਮਿੰਦੇ ਦੇ ਪਿਉ ਗੁਰਨਾਮ ਦੇ ਮੂੰਹ ਨੂੰ ਹਾਲੇ ਤਕ ਟਿਕਿਆ ਆ ਰਿਹਾ ਸੀ ਜਿਹੜਾ ਬਾਹਲਾ ਦਰਵੇਸ਼ ਬੰਦਾ ਸੀ ਕਦੇ ਪਾਂਜਾ ਦਾਸਾ ਨਹੀਂ ਸੀ ਗਿਣਦਾ ਗੁਰਨਾਮ ਦੀ ਪਿਛਲੇ ਸਾਲ ਮੌਤ ਹੋ ਗਈ ਸੀ

ਖੇਤ ਪਹੁੰਚ ਕੇ ਜੰਟੇ ਨੇ ਜੀਪ ਵਿੱਚੋਂ ਸਾਰਾ ਸਮਾਨ ਲਾਹ ਕੇ ਕੋਠੜੀ ਅੱਗੇ ਇੱਕ ਖਣ ਬਾਲਿਆਂ ਦੇ ਨਾਲ ਛੱਤੇ ਹੋਏ ਵਾਧਰੇ ਹੇਠ ਰੱਖ ਕੇ ਮੋਟਰ ਦੇ ਬੈਂਡ ਦੇ ਨਾਲ ਡਲੇ ਹੇਠ ਪਈ ਚਾਬੀ ਨਾਲ ਕੋਠੜੀ ਦਾ ਬਾਰ ਖੋਲ੍ਹ ਕੇ ਪਾਣੀ ਵਾਲੀ ਕੈਨੀ ਅੰਦਰ ਰੱਖ ਦਿੱਤੀਮਿੰਦਾ ਵੱਡੀ ਟਾਹਲੀ ਹੇਠ ਲਾਂਗੇ ਦਾ ਇੱਕ ਰੁੱਗ ਭਰਕੇ ਮਰੋੜ ਕੇ ਇਉਂ ਦੇਖ ਰਿਹਾ ਸੀ ਜਿਵੇਂ ਟਾਂਗਰ ਦੇ ਸਲ੍ਹਾਬੇ ਹੋਣ ਦਾ ਜਾਇਜ਼ਾ ਲੈ ਰਿਹਾ ਹੋਵੇਹੱਥ ਵਿੱਚ ਤੰਗਲੀ ਅਤੇ ਮੋਢੇ ’ਤੇ ਕਹੀ ਧਰੀ ਆਉਂਦੇ ਜੰਟੇ ਨੂੰ ਮਿੰਦੇ ਦੀ ਇਹ ਹਰਕਤ ਬਿਲਕੁਲ ਹਾਸੋਹੀਣੀ ਲੱਗੀ, ਕਿਉਂਕਿ ਐਨੀ ਗਰਮ ਲੂਅ ਵਿੱਚ ਤਾਂ ਬੰਦੇ ਸੁੱਕੀ ਜਾਂਦੇ ਐ ਤਾਂ ਫਿਰ ਇਹ ਲਾਂਗਾ ਏਨਹਿਰ ਵਾਲੀ ਪਟੜੀ ਅਤੇ ਓਧਰ ਮੱਲਕਿਆਂ ਵਾਲੇ ਪਾਸੇ ਸੜਕ ਦੇ ਨਾਲ ਨਾਲ ਲੱਗੇ ਛਾਂਦਾਰ ਸੰਘਣੇ ਦਰਖ਼ਤ ਅਤੇ ਹੇਠਾਂ ਆੜਾਂ ਵਿੱਚ ਵਗਦਾ ਪਾਣੀ ਵੇਖ ਉਹਨੂੰ ਪੁਰਾਣੇ ਸਮੇਂ ਵੇਖਿਆ ਨੱਥੂ ਕਾ ਤੂਤਾਂ ਵਾਲਾ ਖੂਹ ਯਾਦ ਆ ਗਿਆ ਉਹਨੇ ਤੰਗਲੀ ਹੇਠਾਂ ਰੱਖ ਕੇ ਉਸ ਕੁਦਰਤ ਦਾ ਧੰਨਵਾਦ ਕੀਤਾ ਜੀਹਨੇ ਬੰਦੇ ਲਈ ਐਨਾ ਬੰਦੋਬਸਤ ਕਰ ਕੇ ਰੱਖਿਆ ਹੈਖੜ੍ਹੇ ਤੂਤ ਅਤੇ ਟਾਹਲੀਆਂ ਦੇ ਦਰਖਤ ਤਪਦੀ ਧੁੱਪ ਵਿੱਚ ਆਪਣੀ ਹਰਿਆਲੀ ਦਾ ਝੱਲ ਖਿਲਾਰ ਕੇ ਧਰਤੀ ਮਾਂ ਦਾ ਸੀਨਾ ਢਕੀ ਬੈਠੇ ਸਨ ਜਿਨ੍ਹਾਂ ਦੀ ਛਾਵੇਂ ਜੰਟਾ ਖਾਲਾਂ ਵੱਟਾਂ ਘੜਦਾ ਅਰਾਮ ਕਰਨ ਲਈ ਬੈਠ ਜਾਂਦਾ ਸੀ ਅਤੇ ਕਈ ਵਾਰ ਉਹਨੂੰ ਤੂਤਾਂ ਹੇਠ ਪਏ ਪਏ ਨੂੰ ਨੀਂਦ ਵੀ ਆ ਜਾਂਦੀ ਸੀ

ਅਚਾਨਕ ਹਵਾ ਦੀ ਇੱਕ ਗੰਢ ਜਿਹੀ ਉੱਠੀ ਤੇ ਤੂੜੀ ਬਣਾਉਣ ਤੋਂ ਬਾਅਦ ਬਚਿਆ ਕਿੰਨਾ ਸਾਰਾ ਟਾਂਗਰ ਉਡਾ ਕੇ ਲੈ ਗਈਜੰਟਾ ਕਿੰਨਾ ਚਿਰ ਅਸਮਾਨ ਵਿੱਚ ਉਸ ਟਾਂਗਰ ਵੱਲ ਵੇਖਦਾ ਰਿਹਾ ਇੰਨੇ ਨੂੰ ਮਿੰਦੇ ਨੇ ਅਵਾਜ਼ ਦੇ ਕੇ ਕਿਹਾ, “ਉਏ ਲਾ ਦੇ ਸੀਖ ਮਸਾਂ ਰੱਬ ਨੇ ਹਵਾ ਦਾ ਭੋਰਾ ਬੁੱਲਾ ਛੱਡਿਆ ਏ, ਆਹ ਦਰਖ਼ਤਾਂ ਦਾ ਵੀ ਅੱਜ ਨਾਲ ਹੀ ਕੰਡਾ ਕੱਢਿਆ ਜਾਊ। ਐਵੇਂ ਫ਼ਸਲ ਦਾ ਨੁਕਸਾਨ ਕਰਦੇ ਐ

“ਨਾ ਬਾਈ, ਇਹ ਪਾਪ ਮੈਥੋਂ ਨੀ ਹੌਣਾਦਰਖ਼ਤਾਂ ਦਾ ਤਾਂ ਗਊ ਮਾਰਨ ਜਿੰਨਾ ਪਾਪ ਲਗਦਾ ਹੈ ਹਵਾ ਰੁਕੀ ਤੋਂ ਅੱਗ ਲਾ ਦੇਵਾਂਗੇ ਇਨ੍ਹਾਂ ਵਿਚਾਰੇ ਬੇਜੁਬਾਨਾਂ ਦਾ ਕੀ ਦੋਸ਼? ਮੈਂ ਤਾਂ ਇਨ੍ਹਾਂ ਨੂੰ ਪੀਪੀਆਂ ਭਰ ਭਰ ਪਾਣੀ ਪਾਉਂਦਾ ਰਿਹਾਂ ਤੇ ਅੱਜ ਆਪਣੇ ਹੱਥੀਂ …? ਇਹ ਤਾਂ ਸਾਡੀ ਕੁਜਰਤ ਨੇ ਬਣਾਏ ਸਾਧਨ ਐ, ਜਿਹੜੇ ਸਾਨੂੰ ਧਰਤੀ ’ਤੇ ਜਿਉਂਦੇ ਰੱਖਦੇ ਐ, ਨਾਲੇ ਟੀਵੀ ਵਿੱਚ ਤਾਂ ਨਿੱਤ ਦੱਸਦੇ ਐ ਬਈ ਦਰਖ਼ਤਾਂ ਦੀ ਸੰਭਾਲ ਕਰੋ, ਵੱਧ ਤੋਂ ਦਰਖ਼ਤ ਲਾਓ ਤੇ ਫਿਰ ਤੂੰ, ਇਉਂ ..?” ਇਹ ਸ਼ਬਦ ਹਾਲੇ ਜੰਟੇ ਦੇ ਮੂੰਹ ਵਿੱਚ ਹੀ ਸੀ ਮਿੰਦੇ ਨੇ ਜੰਟੇ ਹੱਥੋਂ ਸੀਖਾਂ ਵਾਲੀ ਡੱਬੀ ਫੜਦਿਆਂ ਕਿਹਾ ਲਿਆ, “ਉਰੇ ਫੜਾ ਡੱਬੀ, ਵੱਡਾ ਵਿਗਿਆਨੀ? ਹੁਣ ਵੇਖੀਂ ਕਿਵੇਂ ਨਾਲੇ ਸੱਪ ਵੀ ਮਰ ਜਾਣਾ ਤੇ ਲਾਠੀ ਵੀ ਬਚ ਜਾਣੀ ਐ

ਡੱਬੀ ਦੀ ਸੀਖ ਲਾਉਂਦਿਆਂ ਹੀ ਅੱਗ ਟਾਂਗਰ ਨੂੰ ਭੜਕ ਕੇ ਪੈ ਗਈ ਜਿਵੇਂ ਤੇਲ ਦੇ ਡਿਪੂ ਨੂੰ ਅੱਗ ਲੱਗੀ ਹੋਵੇ ਵੇਖਦਿਆਂ ਵੇਖਦਿਆਂ ਅੱਗ ਸਾਰੇ ਖਾਲਾਂ ਬੰਨੇ ਟੱਪ ਗਈਅਸਮਾਨ ਵਿੱਚ ਧੂੰਏਂ ਦਾ ਐਨਾ ਉੱਚਾ ਗੰਭਾਰ ਚੜ੍ਹਿਆ ਕਿ ਪਟੜੀ ਕੋਲ ਨਰੇਗਾ ਦਾ ਕੰਮ ਕਰਦੇ ਬੰਦੇ ਬੁੜੀਆਂ ਦੇਖਦੇ ਰਹਿ ਗਏਧੂੰਏਂ ਨਾਲ ਜੰਟੇ ਦੀਆਂ ਅੱਖਾਂ ਮੱਚਣ ਲੱਗ ਪਈਆਂ ਅਤੇ ਸਾਹ ਰੁਕਦਾ ਮਹਿਸੂਸ ਹੋਇਆਉਹਦੇ ਹੱਥ ਪੈਰ ਮੱਚਣ ਲੱਗੇ ਜਿਵੇਂ ਕਿਸੇ ਨੇ ਭੁੱਬਲ ਦਾ ਬੱਠਲ ਭਰ ਕੇ ਉਹਦੇ ਸਿਰ ਵਿੱਚ ਪਾ ਦਿੱਤਾ ਹੋਵੇਵਗਦੇ ਖਾਲ਼ ਵਿੱਚੋਂ ਪਾਣੀ ਦੇ ਦੋ ਬੁੱਕ ਭਰ ਕੇ ਪੀਣ ਤੋਂ ਬਾਅਦ ਉਹਨੇ ਦੋ ਬੁੱਕ ਭਰ ਕੇ ਮੂੰਹ ’ਤੇ ਵੀ ਮਾਰੇਫੇਰ ਉਹਨੂੰ ਮਾੜੀ ਜਿਹੀ ਸੁਰਤ ਆਈ ਇੰਨੇ ਨੂੰ ਅੱਗ ਸੜਕ ਅਤੇ ਨਹਿਰ ਦੇ ਨਾਲ ਨਾਲ ਲੱਗੇ ਦਰਖ਼ਤਾਂ ਕੋਲ ਜਾ ਪਹੁੰਚ ਗਈ ਜਿਸਦੀ ਲਪੇਟ ਵਿੱਚ ਆਏ ਕਿੰਨੇ ਹੀ ਬੇਵੱਸ ਜਾਨਵਰਾਂ ਦੋ ਬੂ ਦੁਹਾਈ ਜੰਟੇ ਨੂੰ ਬੇਚੈਨ ਕਰਨ ਲੱਗੀਉਹਨੇ ਆਪਣੇ ਦੋਵੇਂ ਹੱਥ ਕੰਨਾਂ ’ਤੇ ਰੱਖ ਲਏ ਜਿਵੇਂ ਜਾਨਵਰਾਂ ਦੀਆਂ ਅਵਾਜ਼ਾਂ ਤੋਂ ਉਹਨੂੰ ਡਰ ਲੱਗਦਾ ਹੋਵੇਆਪਣੇ ਮੂੰਹ ਵਿੱਚ ਹੀ ਜੰਟੇ ਨੇ ਕਿਹਾ, “ਭਲੀ ਕਰੀਂ?”

ਮਿੰਦਾ ਤੰਗਲੀ ਨਾਲ ਅੱਗ ਦੀਆਂ ਚੁਆਤੀਆਂ ਬਚੇ ਹੋਏ ਟਾਂਗਰ ਨੂੰ ਲਾਉਂਦਾ ਜੰਟੇ ਨੂੰ ਰਾਕਸ਼ ਲੱਗ ਰਿਹਾ ਸੀ, ਜਿਹੜਾ ਕੁਦਰਤ ਨਾਲ ਧੱਕੇਸ਼ਾਹੀ ਕਰ ਰਿਹਾ ਸੀਫਿਰ ਪਤਾ ਨਹੀਂ ਕਿਵੇਂ ਉਹਦੇ ਮਨ ਵਿੱਚ ਆਪਣੇ ਘਰ ਸਾਹ ਦੀ ਬਿਮਾਰੀ ਨਾਲ ਮੰਜੇ ’ਤੇ ਪਈ ਘਰਵਾਲੀ ਅਤੇ ਆਪਣੇ ਛੋਟੇ ਮੁੰਡੇ ਗੱਗੂ ਦਾ ਚੇਤਾ ਆ ਗਿਆ ਜਿਹੜਾ ਇੱਕ ਦਿਨ ਉਹਨੂੰ ਕਹਿੰਦਾ ਸੀ, “ਭਾਪਾ, ਸਾਡਾ ਮਾਸਟਰ ਕਹਿੰਦਾ ਸੀ ਬਈ ਪੰਜਾਬ ਕੋਲ ਪੀਣ ਵਾਲਾ ਪਾਣੀ ਬੱਸ ਦਸ ਕੁ ਸਾਲਾਂ ਦਾ ਹੀ ਰਹਿ ਗਿਆਕਿਸਾਨ ਖੇਤਾਂ ਵਿੱਚ ਝੋਨਾ ਲਾ ਕੇ ਪਾਣੀ ਦੀ ਬਰਬਾਦੀ ਕਰੀ ਜਾਂਦੇ ਐਜੇ ਬੰਦੇ ਨੇ ਵੱਧ ਤੋਂ ਵੱਧ ਦਰਖਤ ਨਾ ਲਾਏ, ਵਾਤਾਵਰਨ ਨੂੰ ਸ਼ੁੱਧ ਨਾ ਰੱਖਿਆ ਅਤੇ ਪਾਣੀ ਦੀ ਵਰਤੋਂ ਸੰਜਮ ਨਾਲ ਨਾ ਕੀਤੀ ਤਾਂ ਇੱਥੇ ਟਿੱਬੇ ਬਣ ਜਾਣੇ ਆ ਤੇ ਅੱਕ ਵੀ ਨੀ ਉੱਗਣੇ ਦੇਖ ਲਾ ਭਾਪਾ ਆਪਣੇ ਤਾਂ ਕੋਈ ਖੇਤ ਵੀ ਨੀ, ਨਾ ਆਪਣੇ ਘਰ ਵਿੱਚ ਪਾਣੀ ਵਾਲੀ ਮੋਟਰ ਲੱਗੀ ਐ, ਆਪਾਂ ਤਾਂ ਪਾਣੀ ਵੀ ਤਾਏ ਹਾਕੂ ਕਿਉਂ ਭਰ ਕੇ ਲਿਆਉਨੇ ਆਂ, ਫਿਰ ਆਪਣੇ ਹਿੱਸੇ ਦਾ ਪਾਣੀ ਵੀ ਨੀ ਰਹਿਣਾ

ਮੁੰਡੇ ਦੀ ਇਸ ਗੱਲ ਦਾ ਜੰਟੇ ਕੋਲ ਉੱਕਾ ਹੀ ਜਵਾਬ ਨਹੀਂ ਸੀਇਸ ਗੱਲ ਨੇ ਸੱਚੀ ਜੰਟੇ ਨੂੰ ਚਿੰਤਾ ਵਿੱਚ ਪਾ ਦਿੱਤਾ ਕਿ ਜਿਹੜਾ ਪਾਣੀ ਦੀ ਵਰਤੋਂ ਬਹੁਤ ਘੱਟ ਕਰਦਾ, ਉਹਦੇ ਹਿੱਸੇ ਦਾ ਪਾਣੀ ਵੀ ਮੁੱਕ ਜਾਣਾ ਹੈਜਦੋਂ ਜੰਟੇ ਦੀ ਇਨ੍ਹਾਂ ਸੋਚਾਂ ਦੀ ਲੜੀ ਟੁੱਟੀ ਤਾਂ ਅਸਮਾਨ ਵਿੱਚ ਧੂੰਆਂ ਹੀ ਧੂੰਆਂ, ਅੱਗ ਦੇ ਸੇਕ ਨਾਲ ਲੂਸੇ ਦਰਖ਼ਤਾਂ ਦੇ ਪੱਤੇ ਹਵਾ ਦੇ ਇੱਕ ਬੁੱਲੇ ਨਾ ਥੱਲ ਡਿਗ ਪਏ। ਚੱਲਦੀਆਂ ਪੰਜਾਂ ਮੋਟਰਾਂ ਦਾ ਦਰਿਆ ਜਿੰਨਾ ਪਾਣੀ ਵੇਖ ਕੇ ਜੰਟਾ ਸੱਚੀ ਅੰਦਰੋਂ ਬਾਹਰੋਂ ਡਰ ਗਿਆਉਹਨੂੰ ਆਪਣੇ ਮਾਸੂਮ ਮੁੰਡੇ ਦੀ ਕਹੀ ਹੋਈ ਗੱਲ, “ਫਿਰ ਤਾਂ ਆਪਣੇ ਹਿੱਸੇ ਦਾ ਪਾਣੀ ਵੀ ਨੀ ਰਹਿਣਾ”, ਸੱਚ ਹੁੰਦੀ ਲੱਗ ਰਹੀ ਸੀ

***

(ਟਾਂਗਰ = ਕੱਖ-ਕੰਡਾ, ਕੱਖ-ਕਾਨ, ਕੱਖ-ਪੱਠਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3572)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਸਤਨਾਮ ਸਮਾਲਸਰ

ਸਤਨਾਮ ਸਮਾਲਸਰ

Tel: (91 - 99142 - 98580)
Email: (satnamsmalsar@gmail.com)