ParamjitKSirhind7ਸਰਕਾਰਾਂ ਇਹਨਾਂ ਬਾਬੇ ਬਿੱਲਿਆਂ ਨੂੰ ਦੇਖ ਕੇ ਕਬੂਤਰ ਵਾਂਗ ਅੱਖਾਂ ਬੰਦ ਕਰਦੀਆਂ ...
(25 ਨਵੰਬਰ 2017)

 

ਕਿਹਾ ਜਾਂਦਾ ਹੈ, “ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ।” ਫਰਕ ਹੁਣ ਇੰਨਾ ਹੈ ਕਿ ਮੁਹਿੰਮਾਂ ਰੂਪ ਬਦਲ-ਬਦਲ ਕੇ ਦਰਪੇਸ਼ ਰਹਿੰਦੀਆਂ ਹਨ। ਕਦੇ ਮੁਗਲ ਹਕੂਮਤਾਂ, ਕਦੇ ਬਰਤਾਨਵੀ ਸਰਕਾਰਾਂ, ਇਨ੍ਹਾਂ ਨੂੰ ਲੁੱਟਦੀਆਂ-ਕੁੱਟਦੀਆਂ ਰਹੀਆਂ। ਫਿਰ 1947 ਦੀ ਖੂਨੀ ਵੰਡ ਵੇਲੇ ਵੱਢ-ਟੁੱਕ ਹੋਈ, ਭਰਾ-ਭਰਾ ਵੈਰੀ ਬਣੇ, ਅਸਮਤਾਂ ਰੁਲੀਆਂ ਤੇ ਜਿੰਦ ਕੱਢ ਲੈਣ ਵਾਲੇ ਵਿਛੋੜੇ ਪਏ। ਜਿਨ੍ਹਾਂ ਮੰਦਭਾਗਿਆਂ ਨੇ ਇਹ ਦੁੱਖ ਜਰੇ, ਉਨ੍ਹਾਂ ਨੂੰ ਇਹ ਯਾਦਾਂ ਅੱਜ ਵੀ ਖੂਨ ਦੇ ਅੱਥਰੂ ਰੁਆਉਂਦੀਆਂ ਹਨ। ਮੁੜ ਅਜ਼ਾਦ ਭਾਰਤ ਵਿੱਚ ਆਪਣੇ ਦੇਸ਼ ਵਿੱਚ 1984 ਵਿੱਚ ਆਪਣੇ ਆਖੇ ਜਾਣ ਵਾਲੇ ਹਾਕਮਾਂ ਦੇ ਹੱਥੋਂ ਅਜਿਹੀ ਮਾਰ ਪਈ, ਜਿਸ ਨੇ ਬਾਬਰ ਵੇਲੇ ਦੀ ਮਾਰ ਯਾਦ ਕਰਵਾ ਦਿੱਤੀ। ਉਸ ਵੇਲੇ ਮਨੁੱਖਤਾ ਦਾ ਹੁੰਦਾ ਘਾਣ ਦੇਖ ਕੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਬ ਨਾਲ ਵੀ ਨਹੋਰਾ ਕੀਤਾ ਕਿ “ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥” ਪਰ ਸਾਡੇ ਸਿਦਕੀ ਸੂਰਮੇ ਸਦਾ ਜ਼ੁਲਮ-ਜਬਰ ਦੇ ਖਿਲਾਫ ਲੜਦੇ ਰਹੇ, ਕਦੇ ਹਾਰੇ ਨਹੀਂ।

ਅਜੋਕੇ ਸਮੇਂ ਵੀ ਬਹੁਤ ਸਾਰੀਆਂ ਮੁਹਿੰਮਾਂ ਸਾਨੂੰ ਦਰਪੇਸ਼ ਹਨ ਜਿਵੇਂ ਬੇਰੋਜ਼ਜਗਾਰੀ, ਮੁੱਕਦੇ-ਸੁੱਕਦੇ ਜਾਂਦੇ ਪਾਣੀ ਤੇ ਰੁੱਖ, ਕੁੜੀਆਂ-ਚਿੜੀਆਂ ਦੀ ਘਟ ਰਹੀ ਗਿਣਤੀ। ਇਸ ਤੋਂ ਇਲਾਵਾ ਨਸ਼ੇ ਦੀ ਮਾਰ, ਕਾਲਾ ਬਾਜ਼ਾਰ, ਦੂਸ਼ਿਤ ਹੋ ਰਿਹਾ ਵਾਤਾਵਰਣ, ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਅਤੇ ਇਨ੍ਹਾਂ ਅੰਦਰਲੇ ਸੰਕਟਾਂ ਦੇ ਨਾਲ ਹਰ ਦੂਜੇ-ਚੌਥੇ ਸਰਹੱਦਾਂ ਉੱਤੇ ਹੁੰਦੀ ਗੋਲੀਬਾਰੀ। ਇਹਨਾਂ ਸਾਰੀਆਂ ਮੁਸ਼ਕਿਲਾਂ ਨਾਲ ਤਾਂ ਅਸੀਂ ਲੋਕ ਜੂਝ ਹੀ ਰਹੇ ਹਾਂ ਪਰ ਇੱਕ ਬਹੁਤ ਅਹਿਮ ਤੇ ਖਤਰਨਾਕ ਮੁਸੀਬਤ ਸਾਡੇ ਗਲ ਪਈ ਹੋਈ ਹੈ, ਉਹ ਹੈ ਪਖੰਡੀ ਬਾਬੇ ਤੇ ਝੂਠਾ ਡੇਰਾਵਾਦ। ਇਸ ਨੇ ਪੂਰੇ ਸੰਸਾਰ ਵਿੱਚ ਸਾਡਾ ਸਿਰ ਨੀਵਾਂ ਕੀਤਾ ਹੈ। ਇੱਕ ਬਾਬੇ ਦੇ ਕਾਲੇ ਕਾਰਨਾਮੇ ਅਜੇ ਅਖਬਾਰਾਂ ਅਤੇ ਟੀ.ਵੀ.ਚੈਨਲਾਂ ਤੋਂ ਮੁੱਕੇ ਨਹੀਂ ਹੁੰਦੇ, ਦੂਜੇ ਦੇ ਸ਼ੁਰੂ ਹੋ ਜਾਂਦੇ ਹਨ। ਪੰਜਾਬ ਹਰਿਆਣਾ, ਹਿਮਾਚਲ ਤੇ ਰਾਜਸਥਾਨ ਭਾਵੇਂ ਵੱਖ-ਵੱਖ ਸੂਬੇ ਹਨ ਪਰ ਇਹ ਇੱਕ ਪੇੜ ਦੀਆਂ ਸ਼ਾਖਾਵਾਂ ਹਨ ਜਦੋਂ ਕਿਸੇ ਸੂਬੇ ਵਿੱਚ ਕੋਈ ਹੋਰ ਜਾਂ ਫਿਰ ਬਾਬਾਵਾਦ ਦੀ ਹਨ੍ਹੇਰੀ ਝੁੱਲਦੀ ਹੈ ਤਾਂ ਇਹ ਸੂਬੇ ਪ੍ਰਭਾਵਿਤ ਹੁੰਦੇ ਹਨ ਜਾਂ ਕਹਿ ਲਓ ਲਹੂ-ਲੁਹਾਣ ਤੇ ਸ਼ਰਮਸਾਰ ਵੀ ਹੁੰਦੇ ਹਨ। ਹੁਣੇ ਜਿਹੇ ਸਿਰਸਾ ਵਿੱਚ ਝੁੱਲੇ ਝੱਖੜ ਨੇ ਦੱਬੇ ਮੁਰਦੇ ਉਖਾੜ ਕੇ ਉਨ੍ਹਾਂ ਦੇ ਪਿੰਜਰ ਜਨਤਾ ਦੇ ਸਾਹਮਣੇ ਲਿਆ ਰੱਖੇ ਹਨ। ਪਖੰਡੀ ਸਾਧਾਂ ਨੇ ਗੁਰਬਾਣੀ ਜਾਂ ਸੱਚ-ਧਰਮ ਦਾ ਪ੍ਰਚਾਰ ਕਰਨ ਵਾਲੇ ਕੁਝ ਦਰਵੇਸ਼ ਲੋਕਾਂ ਨੂੰ ਵੀ ਸ਼ਰਮਿੰਦੇ ਕੀਤਾ ਹੈ।

ਸੋਚਣ ਵਾਲੀ ਗੱਲ ਹੈ ਕਿ ਇਸ ਸੱਭ ਕੁਝ ਲਈ ਅਸੀਂ ਵੀ ਕਿਤੇ ਨਾ ਕਿਤੇ ਦੋਸ਼ੀ ਹਾਂ। ਅੱਜ 21 ਵੀਂ ਸਦੀ ਅਤੇ ਵਿਗਿਆਨ ਦੇ ਯੁੱਗ ਵਿੱਚ ਨਾ ਜਨਤਾ ਅਨਪੜ੍ਹ ਹੈ ਨਾ ਹੀ ਭੋਲ਼ੀ-ਭਾਲ਼ੀ। ਉਹ ਜ਼ਮਾਨੇ ਬੀਤ ਗਏ ਜਦੋਂ ਕਿਸੇ ਨੂੰ ਬੁਖਾਰ ਹੋ ਜਾਣ ਦੀ ਹਾਲਤ ਵਿੱਚ ਜਾਦੂ-ਟੂਣੇ ਕਰਕੇ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਅੱਜ ਮਨੁੱਖ ਚੰਦ ਤੱਕ ਪਹੁੰਚ ਗਿਆ ਹੈ ਪਰ ਕੁਝ ਲੋਕ ਅਜੇ ਵੀ ਬਾਬਾਵਾਦ ਜਾਂ ਡੇਰਾਵਾਦ ਦੀ ਡੂੰਘੀ ਦਲਦਲ ਵਿੱਚ ਧਸੇ ਹੋਏ ਹਨ। ਕਿਹਾ ਜਾਂਦਾ ਹੈ ਮਾਂ, ਬੱਚੇ ਦਾ ਪਹਿਲਾ ਗੁਰੂ ਹੁੰਦੀ ਹੈ ਤੇ ਅਧਿਆਪਕ ਦੂਜਾ। ਕੀ ਮਾਂ ਤੇ ਅਧਿਆਪਕ ਬੱਚਿਆਂ ਨੂੰ ਸਹੀ ਸੇਧ ਨਹੀਂ ਦੇ ਰਹੇ? ਜਾਂ ਬੱਚੇ ਐਡੇ ਕਮਅਕਲ ਤੇ ਬੇਪ੍ਰਵਾਹ ਹਨ ਕਿ ਕੋਈ ਗੱਲ ਉਹਨਾਂ ਨੂੰ ਪੋਂਹਦੀ ਹੀ ਨਹੀਂ। ਪਿਛਲੇ ਦਿਨੀਂ ਡੇਰੇ ਵਿੱਚ ਲੜਕੀਆਂ ਕਹਿ ਰਹੀਆਂ ਸਨ ਕਿ ਅਸੀਂ ਮਾਪਿਆਂ ਨੂੰ ਡੇਰੇ ਵਿੱਚ ਹੁੰਦੇ ਕੁਕਰਮਾਂ ਬਾਰੇ ਜਾਣੂ ਕਰਵਾਉਂਦੀਆਂ ਤੇ ਉੱਥੇ ਵਾਪਸ ਨਹੀਂ ਸਾਂ ਜਾਣਾ ਚਾਹੁੰਦੀਆਂ ਪਰ ਮਾਪੇ ਅੰਨ੍ਹੀ ਸ਼ਰਧਾ ਵਿੱਚ ਡੁੱਬੇ ਸਾਡੀ ਇੱਕ ਨਹੀਂ ਸੁਣਦੇ ਸਨ ਤੇ ਵਾਪਸ ਭੇਜ ਦਿੰਦੇ ਸਨ।

ਕੁਝ ਪੜ੍ਹੇ-ਲਿਖੇ ਮਰਦ-ਮੁੰਡਿਆਂ ਨੇ ਵੀ ਅਜਿਹੇ ਹੀ ਬਿਆਨ ਜਨਤਾ ਨਾਲ ਸਾਂਝੇ ਕੀਤੇ ਹਨ ਕਿ ਸਾਡੇ ਮਾਪੇ ਡੇਰੇ ਵਿੱਚ ਜਾਂਦੇ ਜਾਂ ਰਹਿੰਦੇ ਸਨ, ਉਨ੍ਹਾਂ ਨਾਲ ਅਸੀਂ ਵੀ ਜਾਣ ਲੱਗੇ। ਨਾ ਹੀ ਇਹ ਮੁੰਡੇ ਅਨਪੜ੍ਹ-ਉਜੱਡ ਸਨ ਅਤੇ ਨਾ ਹੀ ਛੋਟੇ ਬੱਚੇ ਜਿਨ੍ਹਾਂ ਨੂੰ ਚੰਗੇ-ਮਾੜੇ ਦੀ ਸੋਝੀ ਨਹੀਂ ਸੀ। ਇੱਕ ਪਾਸੇ ਤਾਂ ਇਹੋ ਭਰਾ ਜਾਂ ਮਾਪੇ ਆਪਣੀ ਕਿਸੇ ਧੀ-ਭੈਣ ਦੇ ਆਪ ਵਰ ਚੁਣ ਲੈਣ ਕਾਰਨ ਦੋਵਾਂ ਨੂੰ ਜਾਂ ਆਪਣੀ ਧੀ-ਭੈਣ ਨੂੰ ਮਾਰ ਮੁਕਾਉਂਦੇ ਹਨ ਅਤੇ ਅਖਬਾਰਾਂ ਵਿੱਚ “ਅਣਖ ਲਈ ਕਤਲ” ਦੀਆਂ ਸੁਰਖੀਆਂ ਲੱਗਦੀਆਂ ਹਨ, ਦੂਜੇ ਪਾਸੇ ਇਹ ਅਣਖੀਲੇ ਲੋਕ ਆਪ ਧੀਆਂ-ਭੈਣਾਂ ਭਾਵ ਔਰਤਾਂ ਨੂੰ ਡੇਰਿਆਂ ਵਿੱਚ ਭੇਜਦੇ ਜਾਂ ਛੱਡ ਰੱਖਦੇ ਹਨ। ਹਰ ਦੂਜੇ-ਚੌਥੇ ਦਿਨ ਮੀਡੀਆ ਭੇਖੀ ਸਾਧਾਂ ਅਤੇ ਡੇਰਿਆਂ ਦੇ ਕੱਚੇ ਚਿੱਠੇ ਸਾਨੂੰ ਸੁਣਾਉਂਦਾ ਤੇ ਦਿਖਾਉਂਦਾ ਹੈ।

ਬਹੁਤ ਬਾਰ ਖਬਰ ਹੁੰਦੀ ਹੈ ਕਿ ਕੋਈ ਅੱਲ੍ਹੜ ਕੁੜੀ ਪਿੰਡ ਵਿੱਚ ਰਹਿੰਦੇ ਬਾਬੇ ਨਾਲ ਭੱਜ ਗਈ ਜਾਂ ਬਾਬਾ ਭਜਾ ਕੇ ਲੈ ਗਿਆ। ਕਦੇ ਸੁਣਦੇ ਹਾਂ ਕਿ ਕਿਸੇ ਤਾਂਤਰਿਕ ਬਾਬੇ ਨੇ ਕਿਸੇ ਕੁੜੀ-ਮੁੰਡੇ ਜਾਂ ਮਰਦ-ਔਰਤ ਨੂੰ ਚਿਮਟਿਆਂ ਜਾਂ ਸੰਗਲਾਂ ਨਾਲ ਕੁੱਟਿਆਂ ਤੇ ਉਹ ਦਮ ਤੋੜ ਗਿਆਬਾਬੇ ਦਾ ਦਾਅਵਾ ਸੀ ਕਿ ਉਹ ਕੁੱਟ-ਕੁੱਟ ਕੇ ਸਬੰਧਤ ਵਿਅਕਤੀ ਵਿੱਚ ਵੜੇ ਭੂਤ-ਪ੍ਰੇਤ ਨੂੰ ਕੱਢ ਦੇਵੇਗਾ। ਪਰ ਅਫਸੋਸ ਕਿ ਬਾਬਾ ਭੂਤ-ਪ੍ਰੇਤ ਤਾਂ ਨਾ ਕੱਢ ਸਕਿਆ, ਪੀੜਤ ਦੀ ਜਾਨ ਜ਼ਰੂਰ ਕੱਢ ਦਿੱਤੀ। ਸਾਡੀ ਮੂੜ੍ਹ-ਮੱਤ ਵਾਲ਼ੀ ਜਨਤਾ ਇਨ੍ਹਾਂ ਗੱਲਾਂ ਤੋਂ ਵੀ ਸਬਕ ਨਹੀਂ ਲੈਂਦੀ। ਅਜੋਕੇ ਦਿਖਾਵੇ ਅਤੇ ਇੱਕ-ਦੂਜੇ ਤੋਂ ਅੱਗੇ ਵਧਣ ਦੀ ਦੌੜ ਵਿੱਚ ਲੱਗੇ ਲੋਕ ਵੱਡੀਆਂ-ਵੱਡੀਆਂ ਕਾਰਾਂ-ਕੋਠੀਆਂ ਭਾਲ਼ਦੇ ਦਿਮਾਗੀ ਤਣਾਉ ਸਹੇੜ ਲੈਂਦੇ ਹਨ। ਖਾਸਕਰ ਔਰਤਾਂ ਅਜਿਹੇ ਹਾਲਾਤ ਵਿੱਚ ਬਾਬਿਆਂ ਦੇ ਚੁੰਗਲ ਵਿੱਚ ਫਸ ਜਾਂਦੀਆਂ ਹਨ ਤੇ ਨਾਲ ਬਾਕੀ ਪਰਿਵਾਰ ਵੀ। ਔਰਤ ਕੁਦਰਤੀ ਸੰਵੇਦਨਸ਼ੀਲ ਹੁੰਦੀ ਹੈ। ਉਹ ਕਿਸੇ ਵੀ ਗੱਲ ਦਾ ਪ੍ਰਭਾਵ ਗਹਿਰਾਈ ਨਾਲ ਲੈ ਲੈਂਦੀ ਹੈ ਤੇ ਕਈ ਵਾਰ ਉਸ ਦੀ ਭਾਵੁਕਤਾ ਉਸ ਲਈ ਨੁਕਸਾਨਦੇਹ ਸਾਬਤ ਹੁੰਦੀ ਹੈ।

ਇਸ ਗੱਲੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਔਰਤ ਦੇ ਅੰਦਰ ਅਥਾਹ ਸ਼ਕਤੀ ਵੀ ਛੁਪੀ ਹੁੰਦੀ ਹੈ। ਉਹ ਮਾਈ ਭਾਗੋ ਵੀ ਬਣ ਜਾਂਦੀ ਹੈ ਤੇ ਰਾਣੀ ਝਾਂਸੀ ਵੀ। ਅਜਿਹੇ ਉਲਝੇ ਹੋਏ ਮਸਲਿਆਂ ਵਿੱਚ ਔਰਤ ਬਹੁਤ ਉਸਾਰੂ ਭੂਮਿਕਾ ਵੀ ਨਿਭਾਅ ਸਕਦੀ ਹੈ। ਉਹ ਆਪ ਅਜਿਹੇ ਪਖੰਡਬਾਦ ਤੋਂ ਚੌਕੰਨੀ ਰਹੇ, ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਵਹਿਮਾਂ-ਭਰਮਾਂ ਤੇ ਭੇਖੀ ਸਾਧਾਂ ਤੋਂ ਦੂਰ ਰੱਖੇ। ਉਨ੍ਹਾਂ ਨੂੰ ਡੇਰਾਬਾਦ ਤੋਂ ਸਾਵਧਾਨ ਰੱਖੇ। ਦਲੇਰ ਤੇ ਸੂਝਵਾਨ ਬਣਾਵੇ। ਪਿਛਲੇ ਦਿਨੀਂ ‘ਸ਼ਾਹੀ ਡੇਰੇ’ ਅਤੇ ਡੇਰੇ ਦੇ ‘ਸ਼ਹਿਨਸ਼ਾਹ’ ਦੇ ਕਾਲੇ ਕਾਰਨਾਮਿਆਂ ਦਾ ਭਾਂਡਾ ਜੇ ਦਲੇਰ ਕੁੜੀਆਂ ਆਪਣੀ ਜਾਨ ਤਲ਼ੀ ਉੱਤੇ ਧਰ ਕੇ ਸਮਾਜ ਅਤੇ ਸਰਕਾਰ ਦੇ ਚੌਰਾਹੇ ਵਿੱਚ ਨਾ ਭੰਨਦੀਆਂ ਅਤੇ ਸੂਝਵਾਨ-ਨਿਡਰ ਜੱਜ ਇਨਸਾਫ ਨਾ ਕਰਦਾ ਹੋਇਆ ਸਹੀ ਫੈਸਲਾ ਨਾ ਦਿੰਦਾ ਤਾਂ ਅਜੇ ਪਤਾ ਨਹੀਂ ਕਿੰਨੀਆਂ ਬੇਦੋਸ਼ੀਆਂ ਆਪਣੀਆਂ ਪੱਤ ਗਵਾ ਕੇ ਉੱਥੇ ਨਰਕ ਦੀ ਸਜ਼ਾ ਭੁਗਤਦੀਆਂ ਅਤੇ ਸਰਕਾਰਾਂ ਇਹਨਾਂ ਬਾਬੇ ਬਿੱਲਿਆਂ ਨੂੰ ਦੇਖ ਕੇ ਕਬੂਤਰ ਵਾਂਗ ਅੱਖਾਂ ਬੰਦ ਕਰਦੀਆਂ ਪਾਸਾ ਵੱਟੀ ਰੱਖਦੀਆਂ। ਇਹ ਫੈਸਲਾ ਬਹੁਤ ਦਰੁਸਤ ਤਾਂ ਹੋਇਆ ਪਰ ਦੇਰ ਨਾਲ ਹੋਇਆ।

 ਜੋ ਕੁਝ ਵੀ ਹੋਇਆ ਜਾਂ ਹੋ ਰਿਹਾ ਹੈ ਇਸ ਦੀ ਚਿੰਤਾ ਵੀ ਕਰਨੀ ਬਣਦੀ ਹੈ ਤੇ ਚਿੰਤਨ ਵੀ। ਵਿਚਾਰਨਯੋਗ ਮੁੱਦਾ ਹੈ ਕਿ ਕੀ ਸਾਡੇ ਕੋਲ ਸਰਕਾਰੀ ਜਾਂ ਗੈਰ ਸਰਕਾਰੀ ਸਕੂਲਾਂ-ਕਾਲਜਾਂ ਦੀ ਘਾਟ ਹੈ? ਸਰਕਾਰਾਂ ਕੁੜੀਆਂ ਨੂੰ ਪੜ੍ਹਨ ਲਈ ਵਿਸ਼ੇਸ਼ ਸਹੂਲਤਾਂ ਵੀ ਦਿੰਦੀਆਂ ਹਨ ਪਰ ਲੋਕ ਕੁੜੀਆਂ ਨੂੰ ਡੇਰੇ ਦੇ ਸਕੂਲ ਵਿੱਚ ਪੜ੍ਹਨ ਲਈ ਭੇਜਦੇ ਹਨ, ਜਿੱਥੇ ਕੁੜੀਆਂ ਪੜ੍ਹ ਕੇ ਤਰੱਕੀ ਦੀਆਂ ਬੁਲੰਦੀਆਂ ਨਹੀਂ ਛੂੰਹਦੀਆਂ ਬਲਕਿ ਹਨ੍ਹੇਰੀ ਗੁਫਾ ਵਿੱਚ ਗਰਕ ਹੋ ਕੇ ਰਹਿ ਜਾਂਦੀਆਂ ਹਨ। ਸਾਡੇ ਸਮਾਜ ਦੀ, ਸਰਕਾਰ ਦੀ ਅਤੇ ਧਾਰਮਕ ਜਥੇਬੰਦੀਆਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਕਿ ਅਜਿਹੇ ਕੂੜ-ਪਾਪ ਦੇ ਡੇਰਿਆਂ ਨੂੰ ਜੜ੍ਹੋਂ ਉਖੇੜਿਆ ਜਾਵੇ।

ਸਰਬੰਸਦਾਨੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਹਧਾਰੀ ਗੁਰੂ ਦੀ ਪ੍ਰਥਾ ਨੂੰ ਛੱਡ ਕੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ। ਗੁਰਬਾਣੀ ਸਾਰੇ ਭਰਮ-ਭੁਲੇਖੇ ਦੂਰ ਕਰਦੀ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਅਸੀਂ ਉਨ੍ਹਾਂ ਦੀਆਂ ਕੀਤੀਆਂ ਕੁਰਬਾਨੀਆਂ ਅਤੇ ਦਿੱਤੀਆਂ ਸਿੱਖਿਆਵਾਂ ਨੂੰ ਭੁੱਲ ਕੇ ਦੇਹਧਾਰੀ ਪਖੰਡੀਆਂ ਨੂੰ ਪੂਜਦੇ ਹਾਂ ਅਤੇ ਜੋ ਨਤੀਜੇ ਭੁਗਤਦੇ ਹਾਂ ਉਹ ਜੱਗ ਜ਼ਾਹਿਰ ਹਨ।

*****

(907)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਪਰਮਜੀਤ ਕੌਰ ਸਰਹਿੰਦ

ਪਰਮਜੀਤ ਕੌਰ ਸਰਹਿੰਦ

Sirhind, Fatehgarh Sahib, Punjab, India.
Phone: (91 - 98148 - 98599)