Ashutosh7ਕਿਸੇ ਵੀ ਧਰਮਧਾਰਮਿਕ ਗ੍ਰੰਥਕਿਸੇ ਪੰਡਿਤਪੁਜਾਰੀਮੌਲਾਨਾ ਜਾਂ ਪਾਦਰੀ ਨੂੰ ਇਹ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿ ...
(ਅਕਤੂਬਰ 15, 2015)

 

ਉਸ ਬੁੱਢੀ ਮਾਂ ਦਾ ਹੱਥ ਮੇਰੇ ਹੱਥ ਵਿਚ ਸੀ। ਉਸ ਦੇ ਹੱਥ ਕੰਬ ਰਹੇ ਸਨ। ਉਸ ਦੀਆਂ ਅੱਖਾਂ ਵਿਚ ਹੰਝੂ ਸਨ। ਸੱਜੀ ਅੱਖ ਸੁੱਜੀ ਹੋਈ ਸੀ ਤੇ ਕਾਲੀ ਪੈ ਚੁੱਕੀ ਸੀ। ਉਹ ਵਾਰ-ਵਾਰ ਕਹਿ ਰਹੀ ਸੀ ਕਿ ਉਹ ਹੁਣ ਇੱਥੇ ਨਹੀਂ ਰਹਿਣਾ ਚਾਹੁੰਦੀ।

ਉਹ ਅਖਲਾਕ ਦੀ ਮਾਂ ਸੀ। ਉਮਰ 82 ਸਾਲ। ਉਸ ਦੇ ਤਿੰਨ ਹੋਰ ਪੁੱਤਰ ਅਤੇ ਇਕ ਧੀ ਸਾਡੇ ਨਾਲ ਗੱਲ ਕਰ ਰਹੇ ਸਨ। ਬੋਲਦੇ-ਬੋਲਦੇ ਉਹ ਸ਼ਾਂਤ ਹੋ ਜਾਂਦੀ ਅਤੇ ਫਿਰ ਅਸਮਾਨ ਵੱਲ ਦੇਖਦੀ। ਆਲੇ-ਦੁਆਲੇ ਦਾ ਰੌਲ਼ਾ ਉਸ ਨੂੰ ਬਿਲਕੁਲ ਵੀ ਮਹਿਸੂਸ ਨਹੀਂ ਹੁੰਦਾ। ਫਿਰ ਉਸ ਦੇ ਠੰਢੇ ਹੱਥਾਂ ਵਿਚ ਗਰਮੀ ਆਈ ਅਤੇ ਉਹ ਬੋਲ ਪਈ, ਮੇਰਾ ਪੁੱਤਰ ਵਾਪਿਸ ਲਿਆ ਦਿਓ।”

ਮੇਰੇ ਕੋਲ ਉਸ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਸੀ ਕਿਉਂਕਿ ਮੈਂ ਖ਼ੁਦ ਵੀ ਸਵਾਲਾਂ ਨਾਲ ਜੂਝ ਰਿਹਾ ਸੀ।

ਅਖਲਾਕ ਦਾ ਪਰਿਵਾਰ 200 ਸਾਲਾਂ ਤੋਂ ਉਸੇ ਪਿੰਡ ਵਿਚ ਰਹਿ ਰਿਹਾ ਸੀ। ਅਖਲਾਕ ਦੇ ਭਰਾ ਨੇ ਦੱਸਿਆ ਕਿ ਉਸ ਦੇ ਪੜਦਾਦੇ ਨੇ ਕਿਹਾ ਸੀ ਕਿ ਉਨ੍ਹਾਂ ਦੇ ਪਿਤਾ ਜੀ ਵੀ ਬਿਸਾਹੜਾ ਪਿੰਡ ਵਿਚ ਹੀ ਪੈਦਾ ਹੋਏ ਸਨ। ਦੋ ਮੁਸਲਿਮ ਪਰਿਵਾਰ ਉੱਥੇ ਰਹਿੰਦੇ ਸਨ ਅਤੇ ਚਾਰੇ ਪਾਸੇ ਸੈਂਕੜੇ ਹਿੰਦੂ ਪਰਿਵਾਰ। ਉਨ੍ਹਾਂ ਨੂੰ ਕਦੇ ਵੀ ਡਰ ਨਹੀਂ ਲੱਗਾ। ਰੋਜ਼ਗਾਰ ਦੀ ਭਾਲ ਵਿਚ ਜਦੋਂ ਉਹ ਪਿੰਡੋਂ ਬਾਹਰ ਜਾਂਦੇ ਤਾਂ ਪਿੱਛੇ ਪਿੰਡ ਵਿਚ ਔਰਤਾਂ ਇਕੱਲੀਆਂ ਰਹਿੰਦੀਆਂ ਸਨ, ਬਿਨਾਂ ਤਕਲੀਫ ਦੇ, ਬਿਨਾਂ ਕਿਸੇ ਡਰ ਦੇ।

ਇਹ ਗੱਲ ਅਖਲਾਕ ਦੇ ਛੋਟੇ ਭਰਾ ਨੇ ਹੀ ਦੱਸੀ ਸੀ। ਉਨ੍ਹਾਂ ਦਾ ਇਕ ਹੋਰ ਭਰਾ ਵੀ ਹੈ, ਜੋ ਨਲਕੇ ਠੀਕ ਕਰਦਾ ਹੈ। ਉਸ ਨੇ ਕਿਹਾ ਕਿ ਸ਼ਾਇਦ ਹੀ ਕੋਈ ਘਰ ਹੋਵੇ, ਜਿਸ ਦਾ ਨਲਕਾ ਉਸ ਨੇ ਠੀਕ ਨਾ ਕੀਤਾ ਹੋਵੇ। ਉਹ ਸਾਰਿਆਂ ਨੂੰ ਪਛਾਣਦਾ ਹੈ ਅਤੇ ਸਾਰੇ ਉਸ ਨੂੰ ਪਛਾਣਦੇ ਹਨ। ਫਿਰ ਇਹ ਹਾਦਸਾ ਕਿਵੇਂ ਹੋ ਗਿਆ। ਅਖਲਾਕ ਦੀ ਵੀ ਪਿੰਡ ਵਿਚ ਇੱਜ਼ਤ ਸੀ। ਕੋਈ ਉਸ ਨਾਲ ਉੱਚੀ ਆਵਾਜ਼ ਵਿਚ ਨਹੀਂ ਬੋਲਦਾ ਸੀ। ਅਜਿਹੀ ਸਥਿਤੀ ਵਿਚ ਅਖਲਾਕ ਨੂੰ ਮਾਰ ਦੇਣ ਦਾ ਕੋਈ ਤਾਂ ਕਾਰਨ ਹੋਣਾ ਚਾਹੀਦਾ ਹੈ, ਉਹ ਬੁੱਢੀ ਮਾਂ ਮੈਨੂੰ ਪੁੱਛਦੀ ਹੈ। ਮੈਂ ਫਿਰ ਚੁੱਪ ਹੋ ਜਾਂਦਾ ਹਾਂ।

ਹਾਲਾਤ ਨੇ ਮੇਰੀ ਜ਼ੁਬਾਨ ਤੇ ਜਿੰਦਰਾ ਲਗਾ ਦਿੱਤਾ। ਮੈਂ ਕੀ ਜਵਾਬ ਦਿੰਦਾ? ਕੀ ਕਹਿੰਦਾ ਉਸ ਬੁੱਢੀ ਮਾਂ ਨੂੰ? ਕੀ ਇਹ ਕਹਿੰਦਾ ਕਿ ਇਹ ਮਾਮਲਾ ਬੀਫ ਪਰੋਸਣ ਅਤੇ ਖਾਣ ਦਾ ਹੈ ਹੀ ਨਹੀਂ? ਇਹ ਮਾਮਲਾ ਕਿਸੇ ਅਖਲਾਕ ਨੂੰ ਮਾਰਨ ਦਾ ਵੀ ਨਹੀਂ ਹੈ ਕਿਉਂਕਿ ਦਾਦਰੀ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਕਰਨਾਟਕ ਅਤੇ ਮਹਾਰਾਸ਼ਟਰ ਵਿਚ ਇਕ ਕਾਲਬੁਰਗੀ ਤੇ ਇਕ ਗੋਵਿੰਦ ਪੰਸਾਰੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਤੋਂ ਪਹਿਲਾਂ ਦਾਭੋਲਕਰ ਨੂੰ ਵੀ ਹਮੇਸ਼ਾ ਲਈ ਸੁਲਾ ਦਿੱਤਾ ਗਿਆ ਸੀ। ਮੇਰੇ ਦੋਸਤ ਨਿਖਿਲ ਵਾਗਲੇ ਅਤੇ ਇਕ ਹੋਰ ਸਾਹਿਤਕਾਰ ਸ਼੍ਰੀ ਭਗਵਾਨ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਚੁੱਕੀਆਂ ਹਨ।

ਇਨ੍ਹਾਂ ਦਾ ਕਸੂਰ ਇੰਨਾ ਹੈ ਕਿ ਇਨ੍ਹਾਂ ਨੇ ਕੁਝ ਅਜਿਹੀਆਂ ਗੱਲਾਂ ਕਹੀਆਂ, ਜੋ ਕੁਝ ਦੂਜੇ ਲੋਕਾਂ ਨੂੰ ਪਸੰਦ ਨਹੀਂ ਆਈਆਂ। ਬਜਾਏ ਇਨ੍ਹਾਂ ਨਾਲ ਬਹਿਸ ਕਰਨ, ਭਾਰਤੀ ਰਵਾਇਤ ਅਨੁਸਾਰ ਚਰਚਾ ਕਰਨ ਦੇ ਉਨ੍ਹਾਂ ਨੂੰ ਮਾਰ ਦਿੱਤਾ ਗਿਆ, ਸਵਾਲ ਇਹ ਹੈ ਕਿ ਕੀ ਹਿੰਦੋਸਤਾਨ ਵਿਚ ਹੁਣ ਕਿਸੇ ਨੂੰ ਇਹ ਹੱਕ ਨਹੀਂ ਹੈ ਕਿ ਉਹ ਕੀ ਖਾਏਗਾ ਤੇ ਕੀ ਬੋਲੇਗਾ? ਤੇ ਜੇਕਰ ਕਿਸੇ ਨੂੰ ਮੇਰੇ ਵਿਚਾਰ ਠੀਕ ਨਾ ਲੱਗਣ ਜਾਂ ਕਿਸੇ ਨੂੰ ਮੇਰਾ ਖਾਣਾ ਪਸੰਦ ਨਾ ਆਇਆ ਤਾਂ ਮੈਨੂੰ ਗੋਲੀ ਮਾਰ ਦਿੱਤੀ ਜਾਵੇਗੀ ਜਾਂ ਫਿਰ ਭੀੜ ਆ ਕੇ ਮੇਰਾ ਕਤਲ ਕਰ ਦੇਵੇਗੀ?

ਹਰੇਕ ਸਮਾਜ ਵਿਚ ਇਸ ਤਰ੍ਹਾਂ ਦੇ ਲੋਕ ਹੁੰਦੇ ਹਨ। ਮੈਨੂੰ ਹੈਰਾਨੀ ਨਹੀਂ ਹੁੰਦੀ, ਜਦੋਂ ਕੋਈ ਕੈਬਨਿਟ ਮੰਤਰੀ ਖੁੱਲ੍ਹੇਆਮ ਅਜਿਹੀਆਂ ਹੱਤਿਆਵਾਂ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰਦਾ ਹੈ ਜਾਂ ਇਹ ਕਿਹਾ ਜਾਵੇ ਕਿ ਜਿਹੜੇ ਲੋਕਾਂ ਨੇ ਬੀਫ (ਗਾਂ ਦਾ ਮਾਸ) ਖਾਧਾ ਹੈ, ਉਨ੍ਹਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ, ਉਨ੍ਹਾਂ ਵਿਰੁੱਧ ਕਾਰਵਾਈ ਹੋਵੇ। ਸ਼੍ਰੀਰਾਮ ਸੇਨਾ ਤੋਂ ਲੈ ਕੇ ਬਜਰੰਗ ਦਲ, ਵਿਸ਼ਵ ਹਿੰਦੂ ਪ੍ਰੀਸ਼ਦ, ਸਨਾਤਨ ਸੰਸਥਾ ਦੇ ਲੋਕ ਅਜਿਹੀਆਂ ਗੱਲਾਂ ਕਰਦੇ ਹਨ। ਹੈਰਾਨੀ ਉਦੋਂ ਹੁੰਦੀ ਹੈ, ਜਦੋਂ ਇਕ ਹਫਤੇ ਬਾਅਦ ਵੀ ਦੇਸ਼ ਦੇ ਪ੍ਰਧਾਨ ਮੰਤਰੀ ਇੰਨੇ ਸੰਵੇਦਨਸ਼ੀਲ ਮਾਮਲੇ ’ਤੇ ਚੁੱਪ ਵੱਟੀ ਰੱਖਦੇ ਹਨ।

ਜੰਤਰ-ਮੰਤਰ 'ਤੇ ਇਕ ਕਿਸਾਨ ਦੀ ਖ਼ੁਦਕੁਸ਼ੀ ਦੇ 15 ਮਿੰਟਾਂ ਅੰਦਰ ਹੀ ਟਵਿਟਰ ’ਤੇ ਆਪਣੀ ਰਾਏ ਰੱਖਣ ਵਾਲੇ ਪ੍ਰਧਾਨ ਮੰਤਰੀ ਇਸ ਮਾਮਲੇ ਵਿਚ ਅਜੇ ਤਕ ਕੁਝ ਨਹੀਂ ਬੋਲੇ ਹਨ। ਮੇਰੇ ਲਈ ਇਹ ਸਵਾਲ ਅਹਿਮ ਹੈ। ਕੀ ਕੋਈ ਇਸ ਗੱਲ ਦੀ ਗਾਰੰਟੀ ਦੇਵੇਗਾ ਕਿ ਅਗਾਂਹ ਕਿਸੇ ਦੀ ਖਾਣ-ਪੀਣ ਦੀ ਵਜ੍ਹਾ ਕਰਕੇ ਹੱਤਿਆ ਨਹੀਂ ਹੋਵੇਗੀ। ਇਹ ਸਵਾਲ ਸਿਰਫ ਅਖਲਾਕ ਦੇ ਪਰਿਵਾਰ ਵਾਲਿਆਂ ਦੇ ਹੰਝੂ ਪੂੰਝਣ ਦਾ ਨਹੀਂ ਹੈ, ਇਹ ਸਵਾਲ ਭਾਰਤ ਦੇ ਸਰਵ-ਧਰਮ ਸਮਭਾਵ ਦੀ ਰਵਾਇਤ ਵਿਚ ਯਕੀਨ ਰੱਖਣ ਵਾਲੇ ਕਰੋੜਾਂ ਹਿੰਦੋਸਤਾਨੀਆਂ ਦੇ ਉਸ ਖ਼ਦਸ਼ੇ ਨੂੰ ਦੂਰ ਕਰਨ ਦਾ ਹੈ, ਜੋ ਆਸਵੰਦ ਹੋਣਾ ਚਾਹੁੰਦੇ ਹਨ ਕਿ ਅਜੇ ਵੀ ਦੇਸ਼ ਵਿਚ ਲੋਕਤੰਤਰ ਹੈ, ਬਹੁਲਤਾਵਾਦ ਹੈ, ਸਾਰੇ ਧਰਮਾਂ ਦਾ ਸਨਮਾਨ ਕਰਨ ਦੀ ਮਾਨਸਿਕਤਾ ਕਾਇਮ ਹੈ, ਅਪਰਾਧੀਆਂ ਨੂੰ ਖੁੱਲ੍ਹੀ ਛੋਟ ਨਹੀਂ ਮਿਲੀ ਹੋਈ ਅਤੇ ਕਾਨੂੰਨ ਦਾ ਰਾਜ ਹੈ।

ਮੈਂ ਇੱਥੇ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਰਿਹਾ ਪਰ ਇੰਨਾ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਪਿਛਲੇ ਕੁਝ ਸਾਲਾਂ ਤੋਂ ਇਸ ਦੇਸ਼ ਨੂੰ ਪਾਕਿਸਤਾਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਿਆਸਤ ਤੇ ਧਰਮ ਨੂੰ ਆਪਸ ਵਿਚ ਮਿਲਾਇਆ ਜਾ ਰਿਹਾ ਹੈ, ਹਰੇਕ ਛੋਟੀ-ਛੋਟੀ ਗੱਲ ’ਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਲੱਗਣ ਲੱਗੀ ਹੈ। ਹਿੰਦੂ ਤੇ ਮੁਸਲਮਾਨ ਦੋਵੇਂ ਪਾਸਿਓਂ ਕੁਝ ਲੋਕ ਧਰਮ ਦੇ ਨਾਂ ਹੇਠ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦੇ ਹਨ। ਉਹ ਇਹ ਨਹੀਂ ਜਾਣਦੇ ਕਿ ਆਪਣੀ ਸੱਤਾ ਬਣਾਈ ਰੱਖਣ ਲਈ ਜ਼ਿਆ-ਉਲ-ਹੱਕ ਨੇ ਸਿਆਸਤ ਵਿਚ ਧਰਮ ਨੂੰ ਮਿਲਾ ਦਿੱਤਾ ਸੀ, ਸੱਤਾ ਅਤੇ ਫੌਜ ਦਾ ਇਸਲਾਮੀਕਰਨ ਕੀਤਾ ਗਿਆ। ਫਿਰ ਕੁਝ ਸਾਲਾਂ ਬਾਅਦ ਹੋਇਆ ਕੀ? ਇਕ ਤਾਲਿਬਾਨ ਪਾਕਿਸਤਾਨ ਵਿਚ ਤਾਂ ਇਕ ਤਾਲਿਬਾਨ ਅਫਗਾਨਿਸਤਾਨ ਵਿਚ ਪੈਦਾ ਹੋ ਗਿਆ। ਫਿਰ ਦੋਵੇਂ ਮੁਲਕ ਤਬਾਹ ਹੋ ਗਏ। ਹੁਣ ਦੋਹਾਂ ਦੀ ਹੋਂਦ ਖ਼ਤਰੇ ਵਿਚ ਹੈ, ਦੋਹਾਂ ਦੇ ਟੁਕੜੇ ਹੋਣ ਵਾਲੇ ਹਨ।

ਭਲਾ ਕਿਸ ਦਾ ਹੋਇਆ? ਚੰਦ ਲੋਕਾਂ ਦਾ ਪਰ ਸਜ਼ਾ ਭੁਗਤੀ ਮੁਲਕ ਦੇ ਲੋਕਾਂ ਨੇ। ਹੁਣ ਹਿੰਦੋਸਤਾਨ ਨੂੰ ਪਾਕਿਸਤਾਨ ਬਣਾਉਣ ਦੀ ਖੇਡ ਬੰਦ ਹੋਣੀ ਚਾਹੀਦੀ ਹੈ। ਪਾਕਿਸਤਾਨ ਇਸਲਾਮ ਦੇ ਨਾਂ 'ਤੇ ਬਣਿਆ ਸੀ ਪਰ ਹਿੰਦੋਸਤਾਨ ਹਿੰਦੂਵਾਦ ਦੇ ਨਾਂ 'ਤੇ ਨਹੀਂ ਬਣਿਆ ਸੀ। ਇਹ ਸਰਵ-ਧਰਮ ਸਮਭਾਵ ਦੇ ਨਾਂ 'ਤੇ ਬਣਿਆ ਸੀ। ਗਾਂਧੀ ਜੀ ਦੀ ਸਭਾ ਵਿਚ ਰੋਜ਼ਾਨਾ 'ਰਘੁਪਤੀ ਰਾਘਵ ਰਾਜਾ ਰਾਮ' ਦੀ ਧੁਨ ਵੱਜਦੀ ਸੀ, ਨਫਰਤ ਨਹੀਂ ਸਗੋਂ ਪਿਆਰ ਦਾ ਸੰਦੇਸ਼ ਦਿੱਤਾ ਜਾਂਦਾ ਸੀ, ਸਾਰੇ ਧਰਮਾਂ ਦੇ ਲੋਕਾਂ ਨੂੰ ਆਪਸ ਵਿਚ ਜੋੜਨ ਦੀ ਗੱਲ ਹੁੰਦੀ ਸੀ, ਧਰਮ ਵਿਸ਼ੇਸ਼ ਦੇ ਨਾਂ ’ਤੇ ਲੋਕਾਂ ਨੂੰ ਉਕਸਾਉਣ ਅਤੇ ਨਫਰਤ ਵੰਡਣ ਦਾ ਕਾਰੋਬਾਰ ਨਹੀਂ ਹੁੰਦਾ ਸੀ। ਇਸ ਲਈ ਆਜ਼ਾਦੀ ਤੋਂ ਬਾਅਦ ਦੋ ਮੁਲਕ ਬਣੇ। ਇਕ ਅੱਜ ਤਕ ਖੜ੍ਹਾ ਨਹੀਂ ਹੋ ਸਕਿਆ ਤੇ ਦੂਜੇ ਪਾਸੇ ਭਾਰਤ ਹੈ, ਜੋ ਦੁਨੀਆ ਦੇ ਮੋਹਰੀ ਦੇਸ਼ਾਂ ਵਿਚ ਗਿਣਿਆ ਜਾਂਦਾ ਹੈ।

ਹਿੰਦੋਸਤਾਨ ਵਿਚ ਰਹਿੰਦੇ ਮੁਸਲਮਾਨਾਂ ਕੋਲ ਪਾਕਿਸਤਾਨ ਜਾਣ ਦਾ ਬਦਲ ਸੀ ਪਰ ਉਨ੍ਹਾਂ ਨੇ ਹਿੰਦੋਸਤਾਨ ਵਿਚ ਹੀ ਰਹਿਣ ਦਾ ਫੈਸਲਾ ਕੀਤਾ ਕਿਉਂਕਿ ਉਨ੍ਹਾਂ ਨੂੰ ਇਸ ਮੁਲਕ ਨਾਲ ਪਿਆਰ ਸੀ। ਕੁਝ ਲੋਕ ਅੱਜ ਵੀ ਉਨ੍ਹਾਂ ਦੀ ਦੇਸ਼ਭਗਤੀ ਦਾ ਇਮਤਿਹਾਨ ਲੈਣਾ ਚਾਹੁੰਦੇ ਹਨ। ਇਹ ਸਿਲਸਿਲਾ ਬੰਦ ਹੋਣਾ ਚਾਹੀਦਾ ਹੈ।

ਭਾਰਤ ਸੰਵਿਧਾਨ ਨਾਲ ਚੱਲੇਗਾ ਕਿਉਂਕਿ ਸੰਵਿਧਾਨ ਭਾਰਤ ਦੇ ‘ਯਕੀਨ’ ਦਾ ਨਾਂ ਹੈ। ਕਿਸੇ ਵੀ ਧਰਮ, ਧਾਰਮਿਕ ਗ੍ਰੰਥ, ਕਿਸੇ ਪੰਡਿਤ, ਪੁਜਾਰੀ, ਮੌਲਾਨਾ ਜਾਂ ਪਾਦਰੀ ਨੂੰ ਇਹ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿ ਉਹ ਦੇਸ਼ ਦੇ ਸੰਵਿਧਾਨ ਨਾਲ ਛੇੜਖਾਨੀ ਕਰੇ। ਜੇ ਅਜਿਹਾ ਕਰਨ ਦਿੱਤਾ ਗਿਆ ਤਾਂ ਇਹ ਦੇਸ਼ ਟੁੱਟੇਗਾ ਹੀ। ਫਿਰ ਉਹ ਭਰੋਸਾ ਵੀ ਟੁੱਟੇਗਾ, ਜਿਸ ਦੇ ਤਹਿਤ ਇਕ ਫਿਰਕੇ ਨੇ ਭਾਰਤ ਦੀ ਵੰਡ ਸਮੇਂ ਇੱਥੇ ਹੀ ਰਹਿਣ ਦਾ ਫੈਸਲਾ ਕੀਤਾ ਸੀ, ਨਾ ਕਿ ਪਾਕਿਸਤਾਨ ਜਾਣ ਦਾ। ਉਨ੍ਹਾਂ ਨੂੰ ਇਸ ਦੇਸ਼ ਵਿਚ ਖੁੱਲ੍ਹ ਕੇ ਬੋਲਣ ਦੀ ਆਜ਼ਾਦੀ ਹੈ, ਇੱਥੇ ਲੋਕਤੰਤਰ ਹੈ। ਅਜਿਹੀ ਸਥਿਤੀ ਵਿਚ ਉਸ ਅਖਲਾਕ ਦੇ ਭਰਾ ਨੂੰ ਜਵਾਬ ਦੇਣਾ ਪਵੇਗਾ, ਜਿਹੜਾ ਮੇਰੀਆਂ ਅੱਖਾਂ ਵਿਚ ਝਾਕ ਕੇ ਕਹਿੰਦਾ ਹੈ¸ “ਮੇਰੇ ਭਰਾ ਦਾ ਨਹੀਂ, ਸਗੋਂ ਇਕ ‘ਭਰੋਸੇ’ਦਾ ਕਤਲ ਹੋਇਆ ਹੈ।” ਤੇ ਮੈਂ ਉਸ ਦੀਆਂ ਅੱਖਾਂ ਵਿਚ ਦੇਖਦਾ ਰਹਿ ਗਿਆ।

*****

(ਧੰਨਵਾਦ ਸਹਿਤ ‘ਜੱਗ ਬਾਣੀ’ ਵਿੱਚੋਂ)

(81)

ਵਿਚਾਰ ਭੇਜਣ ਲਈ:   (This email address is being protected from spambots. You need JavaScript enabled to view it.)