KirpalSYogi7ਕੋਠੜੀ ਦਾ ਬੂਹਾ ਖੋਲ੍ਹ ਕੇ ਜਿਉਂ ਹੀ ਅੰਦਰ ਝਾਤੀ ਮਾਰੀ, ਰੋਟੀ ਉਂਝ ਦੀ ਉਂਝ ਪਈ ਸੀਪਰ ਪਾਣੀ ਵਾਲੀ ਗੜਵੀ ਖਾਲੀ ਸੀ ...
(15 ਅਗਸਤ 2017)

 

India19472ਜੁਲਾਈ 1947 ਦਾ ਆਖਰੀ ਹਫਤਾ ਸਵੇਰੇ ਅੱਠ ਵਜੇ ਕਰਫਿਊ ਖੁੱਲ੍ਹਦਿਆਂ ਹੀ ਸਾਡੇ ਨਗਰ ਦੀਆਂ ਗਲੀਆਂ ਦੇ ਸਲਾਖਾਂ ਵਾਲੇ ਦਰਵਾਜੇ ਵੀ ਖੁੱਲ੍ਹ ਗਏ। ਨਾਗਰਿਕਾਂ ਨੇ ਇਹ ਦਰਵਾਜੇ ਆਪਣੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਪਿਛਲੇ ਮਹੀਨੇ ਹੀ ਲਗਵਾਏ ਸਨ। ਬਜਾਰਾਂ ਵਿੱਚ ਚਹਿਲ-ਪਹਿਲ ਸ਼ੁਰੂ ਹੋ ਗਈ। ਹੌਲੀ-ਹੌਲੀ ਦੁਕਾਨਾਂ ਵੀ ਖੁੱਲ੍ਹਣ ਲੱਗੀਆਂਲੋਕ ਨਿੱਤ ਵਰਤੋਂ ਦੀਆਂ ਜਰੂਰੀ ਵਸਤਾਂ ਖਰੀਦਣ ਵਾਸਤੇ ਘਰਾਂ ਤੋਂ ਬਾਹਰ ਨਿਕਲਣ ਲੱਗੇ। ਬੁਲਾਕਾ ਸਿੰਘ ਦੀ ਗਲੀ ਵਿੱਚ ਸਾਡਾ ਘਰ ਸੀ। ਸਾਥੀ ਮੁੰਡਿਆਂ ਨਾਲ ਮੈਂ ਵੀ ਬਾਹਰ ਨਿਕਲਿਆ।

ਨੇੜੇ ਹੀ ਚੌਂਕ ਬਾਬਾ ਭਾਨ ਸਿੰਘ ਵਿੱਚ ਇਕੱਠੀ ਹੋਈ ਭੀੜ ਨੂੰ ਵੇਖ ਕੇ ਅਸੀਂ ਉੱਧਰ ਨੂੰ ਹੋ ਤੁਰੇ। ਇਕ ਬੰਦ ਦੁਕਾਨ ਦੇ ਥੜ੍ਹੇ ਉੱਤੇ ਭਾਈ ਮੋਹਨ ਸਿੰਘ ਵੈਦ ਦੇ ਸਪੁੱਤਰ ਭਾਈ ਤਿਰਲੋਕ ਸਿੰਘ ਵੈਦ ਆਪਣੇ ਇੱਕ ਸਾਥੀ ਨਾਲ ਖੜ੍ਹੇ ਭੀੜ ਨੂੰ ਸੰਬੋਧਨ ਕਰ ਰਹੇ ਸਨ। ਚਿੰਤਾ ਦੀਆਂ ਰੇਖਾਵਾਂ ਉਨ੍ਹਾਂ ਦੇ ਚਿਹਰੇ ’ਤੇ ਸਾਫ ਦਿਸ ਰਹੀਆਂ ਸਨ। ਉਨ੍ਹਾਂ ਦੇ ਸੰਬੋਧਨ ਦੇ ਕੁੱਝ ਅੰਸ਼ ਇਸ ਤਰ੍ਹਾਂ ਸਨ - ਵੱਖੋ ਬਈ ਭਰਾਵੋ ਇਸ ਨਾਜ਼ੁਕ ਦੌਰ ਵਿੱਚ ਸਾਨੂੰ ਬੜੀ ਸੂਝਬੂਝ ਤੇ ਦੂਰ ਅੰਦੇਸ਼ੀ ਤੋਂ ਕੰਮ ਲੈਣਾ ਚਾਹੀਦਾ ਹੈ। ਹਾਲਾਤ ਨੂੰ ਹੋਰ ਵਿਗੜਨ ਤੋਂ ਰੋਕਣਾ ਚਾਹੀਦਾ ਹੈ। ਸਾਰੇ ਜਬਤ ਤੋਂ ਕੰਮ ਲੈਣ ...

ਭਾਈ ਤਿਰਲੋਕ ਸਿੰਘ ਇਸ ਗੱਲ ’ਤੇ ਵਿਸ਼ੇਸ਼ ਜੋਰ ਦੇ ਰਹੇ ਸਨ ਕਿ ਰਾਤ ਦੇ ਸਮੇਂ ਗੁਆਂਢੀ ਮੁਸਲਮਾਨਾਂ ਦੇ ਘਰਾਂ ਉੱਤੇ ਦਸਤੀ ਬੰਬ ਨਾ ਸੁੱਟੇ ਜਾਣ, ਕਿਸੇ ਵੀ ਨਿਰਦੋਸ਼ ਮੁਸਲਮਾਨ ਦੀ ਹੱਤਿਆ ਨਾ ਕੀਤੀ ਜਾਵੇਹਿਜਰਤ ਕਰਕੇ ਪਾਕਿਸਤਾਨ ਵੱਲ ਜਾ ਰਹੇ ਮੁਸਲਮਾਨਾਂ ਦੀ ਕੁੱਟਮਾਰ ਨਾ ਕੀਤੀ ਜਾਵੇ ਅਤੇ ਉਨ੍ਹਾਂ ਦੇ ਲਾਵਾਰਸ ਮਕਾਨਾਂ ਨੂੰ ਅੱਗ ਵੀ ਨਾ ਲਾਈ ਜਾਵੇ। ਉੱਧਰੋਂ ਉੱਜੜ ਕੇ ਆ ਰਹੇ ਸਾਡੇ ਰਫਿਊਜੀ ਭਰਾਵਾਂ ਦੇ ਪਰਿਵਾਰ ਫਿਲਹਾਲ ਇਨ੍ਹਾਂ ਮਕਾਨਾਂ ਵਿੱਚ ਪਨਾਹ ਲੈ ਸਕਣਗੇ, ਤੇ ਇਹ ਸਾਮਾਨ ਵੀ ਉਨ੍ਹਾਂ ਦੇ ਕੰਮ ਆਵੇਗਾ।

ਵੈਦ ਜੀ ਦਾ ਸਾਥੀ ਆਖ ਰਿਹਾ ਸੀ - ਵੇਖੋ ਬਈ ਮੇਰੇ ਅਜੀਜੋ, ਇਹ ਤਾਂ ਹੁਣ ਫੈਸਲਾ ਹੋ ਚੁੱਕਾ ਹੈ ਕਿ 15 ਅਗਸਤ ਨੂੰ ਮੁਲਕ ਦੀ ਵੰਡ ਹੋ ਜਾਣੀ ਐ ਤੇ ਸਾਡਾ ਨਗਰ ਤਰਨ ਤਾਰਨ ਇੱਧਰ ਹਿੰਦੋਸਤਾਨ ਵਿੱਚ ਹੀ ਰਹੇਗਾਬਹੁਤ ਸਾਰੇ ਮੁਸਲਮਾਨ ਭਰਾ ਹੁਣ ਤਰਨ ਤਾਰਨੋ ਜਾ ਚੁੱਕੇ ਨੇ ਤੇ ਜਿਹੜੇ ਥੋੜ੍ਹੇ ਬਹੁਤ ਰਹਿ ਗਏ ਨੇ, ਉਹ ਵੀ ਜਾਣ ਦੀ ਤਿਆਰੀ ਕਰ ਰਹੇ ਨੇ। ਮੇਰੀ ਤੁਹਾਨੂੰ ਸਭਨਾਂ ਨੂੰ ਬੇਨਤੀ ਐ ਕਿ ਉਨ੍ਹਾਂ ਨੂੰ ਸੁੱਖੀਂ ਸਾਂਦੀ ਪਾਕਿਸਤਾਨ ਜਾਣ ਦਿਉ। ਤੁਹਾਨੂੰ ਅਸੀਸਾਂ ਦੇਣਗੇ। ਇਹ ਠੀਕ ਐ ਕਿ ਸਾਡੇ ਹਿੰਦੂ-ਸਿੱਖ ਭਰਾ ਉੱਧਰੋਂ ਬਹੁਤ ਸਾਰਾ ਜਾਨੀ ਤੇ ਮਾਲੀ ਨੁਕਸਾਨ ਕਰਵਾ ਕੇ ਇੱਧਰ ਆ ਰਹੇ ਨੇ, ਪਰ ਰੱਬ ਦੇ ਵਾਸਤੇ ਬਦਲੇ ਦੀ ਭਾਵਨਾ ਤੋਂ ਗੁਰੇਜ ਕਰੋ...

ਇਹ ਸਿੱਖਿਆਦਾਇਕ ਗੱਲਾਂ ਕਰਕੇ ਉਹ ਦੋਵੇਂ ਚਲੇ ਗਏ ਅਤੇ ਭੀੜ ਵੀ ਖਿੰਡ ਗਈ। ਭਾਈ ਤਿਰਲੋਕ ਸਿੰਘ ਦਾ ਘਰ ਚੌਂਕ ਬਾਬਾ ਭਾਨ ਸਿੰਘ ਦੇ ਨੇੜੇ ਹੀ ਸੀ। ਫਿਰਦੇ ਫਿਰਾਉਂਦੇ ਅਸੀਂ ਉੱਧਰ ਜਾ ਨਿੱਕਲੇ, ਜਿੱਥੇ ਪਿਛਲੀ ਰਾਤ ਕੁਝ ਸਿਰ-ਫਿਰਿਆਂ ਨੇ ਪਾਕਿਸਾਨ ਜਾ ਚੁੱਕੇ ਇੱਕ ਮੁਸਲਮਾਨ ਪਰਿਵਾਰ ਦੇ ਮਕਾਨ ਨੂੰ ਅੱਗ ਲਾਈ ਸੀ। ਅੱਗ ਅਜੇ ਵੀ ਧੁਖ ਰਹੀ ਸੀ। ਕੁਝ ਲੋਕ ਮਲਬੇ ਵਿੱਚੋਂ ਅੱਧ ਸੜਿਆ ਅਤੇ ਬਚਿਆ-ਖੁਚਿਆ ਸਾਮਾਨ ਲੱਭ ਰਹੇ ਸਨ।

ਨੇੜੇ ਹੀ ਇੱਕ ਹੋਰ ਦ੍ਰਿਸ਼ ਵੇਖਣ ਨੂੰ ਮਿਲਿਆ। ਇੱਕ ਮੁਸਲਮਾਨ ਦਰਜੀ ਦੀ ਦੁਕਾਨ ਦਾ ਜੰਦਰਾ ਤੋੜ ਕੇ ਕੁਝ ਸ਼ਰਾਰਤੀ ਨੌਜਵਾਨ ਅੰਦਰੋਂ ਸੀਤੇ ਹੋਏ ਅਤੇ ਅਣਸੀਤੇ ਕੱਪੜੇ ਲੈ ਕੇ ਦੌੜੇ ਜਾ ਰਹੇ ਸਨ। ਮਜ਼ੇ ਦੀ ਗੱਲ ਇਹ ਸੀ ਕਿ ਇਹ ਕੱਪੜੇ ਹਿੰਦੂ-ਸਿੱਖਾਂ ਨੇ ਹੀ ਉਸ ਮੁਸਲਮਾਨ ਦਰਜੀ ਨੂੰ ਸਿਉਣ ਵਾਸਤੇ ਦਿੱਤੇ ਹੋਏ ਸਨ। ਇਕ ਭਲਾ ਮਾਣਸ ਸਿਲਾਈ ਮਸ਼ੀਨ ਆਪਣੇ ਸਾਈਕਲ ਦੇ ਕੈਰੀਅਰ ਤੇ ਰੱਖ ਕੇ ਰਫੂ-ਚੱਕਰ ਹੋ ਰਿਹਾ ਸੀ।

ਦੁਪਹਿਰ ਨੂੰ ਜਦੋਂ ਮੈਂ ਘਰ ਪਰਤਿਆਂ ਤਾਂ ਗਲੀ ਦੇ ਕੁਝ ਨੌਜਵਾਨ ਆਪਸ ਵਿੱਚ ਕਾਨਾਫੂਸੀ ਕਰਦੇ ਵੇਖੇ। ਸ਼ੱਕੀ ਹਾਲਤ ਵਿੱਚ ਉਹ ਇੱਧਰ-ਉੱਧਰ ਘੁੰਮ ਰਹੇ ਸਨ। ਜਲਦੀ ਹੀ ਮੈਨੂੰ ਅਸਲੀਅਤ ਦਾ ਗਿਆਨ ਹੋ ਗਿਆ। ਜਿਸ ਮਕਾਨ ਦੀ ਪਹਿਲੀ ਮੰਜਿਲ ’ਤੇ ਅਸੀਂ ਕਿਰਾਏ ’ਤੇ ਰਹਿੰਦੇ ਸਾਂ, ਉਸਦੀ ਹੇਠਲੀ ਮੰਜਿਲ ’ਤੇ ਸਾਡੀ ਵਿਧਵਾ ਮਾਲਕ ਮਕਾਨ ਆਪਣੇ ਧੀ ਜੁਆਈ ਨਾਲ ਰਹਿੰਦੀ ਸੀ। ਬੜੀ ਜਬ੍ਹੇ ਵਾਲੀ ਔਰਤ ਸੀ ਉਹ। ਸਾਰੇ ਉਸ ਨੂੰ ਸ਼ਾਹਣੀ ਆਖਕੇ ਸੰਬੋਧਨ ਕਰਦੇ ਸਨ। ਨੇੜਲੇ ਪਿੰਡ ਪਲਾਸੌਰ ਵਿੱਚ ਉਸਦੇ ਪੇਕੇ ਸਨ। ਪਲਾਸੌਰ ਦਾ ਹੀ ਇੱਕ ਬਜ਼ੁਰਗ ਧੋਬੀ ਦੀਨ ਮੁਹੰਮਦ ਸਾਡੀ ਗਲੀ ਵਿਚਲੇ ਘਰਾਂ ਦੇ ਕੱਪੜੇ ਧੋਣ ਵਾਸਤੇ ਲਿਜਾਂਦਾ ਸੀ। ਉਸ ਦਿਨ ਉਹ ਸਭ ਘਰਾਂ ਦੇ ਧੋਤੇ ਹੋਏ ਕੱਪੜੇ ਦੇਣ ਅਤੇ ਪੈਸਿਆਂ ਦਾ ਹਿਸਾਬ ਕਿਤਾਬ ਕਰਨ ਵਾਸਤੇ ਆਇਆ ਹੋਇਆ ਸੀ। ਅਗਲੇ ਦਿਨ ਉਸਦਾ ਪਰਿਵਾਰ ਕਿਸੇ ਕਾਫਲੇ ਨਾਲ ਪਾਕਿਸਤਾਨ ਜਾ ਰਿਹਾ ਸੀ। ਗਲੀ ਵਿੱਚ ਘੁੰਮ ਰਹੇ ਭੂਤਰੇ ਹੋਏ ਨੌਜਵਾਨਾਂ ਦੀ ਨੀਯਤ ਬਦ ਹੋ ਚੁੱਕੀ ਸੀ। ਉਹ ਇਸ ਗੱਲੋਂ ਖੁਸ਼ ਸਨ ਕਿ ਸ਼ਿਕਾਰ ਆਪਣੇ ਆਪ ਉਨ੍ਹਾਂ ਦੇ ਜਾਲ ਵਿੱਚ ਫਸ ਗਿਆ ਸੀ। ਸ਼ਾਹਣੀ ਨੂੰ ਜਦੋਂ ਇਸ ਮਨਸੂਬੇ ਦੀ ਭਿਣਕ ਪਈ ਤਾਂ ਉਹ ਯਕਦਮ ਸ਼ਾਹਣੀ ਤੋਂ ਸ਼ੀਹਣੀ ਬਣਕੇ ਗਰਜ ਪਈ, “ਖਬਰਦਾਰ, ਜੇ ਕਿਸੇ ਨੇ ਮੇਰੇ ਭਰਾ ਨੂੰ ਹੱਥ ਵੀ ਲਾਇਆ ਤਾਂ ਮੈਂ ਸੀਰਮੇ ਪੀ ਜਾਊਗੀ ... ਰੁੜ੍ਹ ਜਾਣਿਓਂ ਦੀਨ ਮੁਹੰਮਦ ਮੇਰੇ ਪੇਕੇ ਪਿੰਡ ਦਾ ਰਹਿਣ ਵਾਲਾ ਐ। ਇਸ ਨਾਤੇ ਉਹ ਮੇਰਾ ਭਰਾ ਲਗਦਾ ਦਫਾ ਹੋ ਜਾਉ ਸਾਰੇ ਏਥੋਂ ...” ਸ਼ਾਹਣੀ ਦੇ ਤੇਵਰ ਵੇਖ ਕੇ ਸਭ ਮੁਸ਼ਟੰਡੇ ਤਿਤਰ-ਬਿਤਰ ਹੋ ਗਏ। ਉਸਦਾ ਆਪਣਾ ਜਵਾਈ ਦੇਵੀ ਦਾਸ ਵੀ ਕਾਤਲ ਟੋਲੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਸੀ, ਪਰ ਸੱਸ ਦੇ ਚੰਡਿਕਾ ਰੂਪ ਤੋਂ ਡਰਦਾ ਉਭਾਸਰਦਾ ਨਹੀਂ ਸੀ।

ਉੱਧਰ ਦੀਨ ਮੁਹੰਦਮ ਸਾਰੀ ਸਾਜਿਸ਼ ਤੋਂ ਬੇ-ਖਬਰ ਸ਼ਾਹਣੀ ਦੇ ਵਿਹੜੇ ਵਿੱਚ ਅਲਾਣੀ ਮੰਜੀ ’ਤੇ ਬੈਠਾ ਸੱਤੂ ਪੀ ਰਿਹਾ ਸੀ। ਸਭਨਾਂ ਘਰਾਂ ਦੇ ਧੋਤੇ ਹੋਏ ਕੱਪੜੇ ਦੇ ਕੇ ਉਹ ਪੈਸੇ ਲੈ ਚੁੱਕਾ ਸੀ। ਹੁਣ ਉਹ ਜਾਣ ਦੀ ਤਿਆਰੀ ਵਿੱਚ ਸੀ ਤੇ ਸ਼ਾਹਣੀ ਨੇ ਆਪ ਉਸ ਨੂੰ ਸੁਰੱਖਿਅਤ ਗਲੀ ਦੇ ਬਾਹਰ ਤੱਕ ਛੱਡ ਕੇ ਆਉਣਾ ਸੀ। ਇੰਨੇ ਨੂੰ ‘ਕਰਫਿਊ ਲੱਗ ਗਿਆ, ਕਰਫਿਊ ਲੱਗ ਗਿਆ’ ਦਾ ਰੌਲਾ ਪੈ ਗਿਆ। ਪਤਾ ਲੱਗਾ ਕਿ ਵੱਡੀ ਮਸੀਤ ਵਿੱਚ ਮੀਟਿੰਗ ਕਰ ਰਹੇ ਕੁਝ ਮੁਸਲਮਾਨਾਂ ਉੱਤੇ ਭੂਤਰੇ ਹੋਏ ਜਨੂੰਨੀਆਂ ਨੇ ਤਿੰਨ-ਚਾਰ ਦਸਤੀ ਬੰਬ ਸੁੱਟ ਦਿੱਤੇ ਸਨ। ਕਿਸੇ ਦੀ ਮੌਤ ਤਾਂ ਨਹੀਂ ਸੀ ਹੋਈ, ਪਰ ਇੱਕ ਬਜ਼ੁਰਗ ਸਹਿਤ ਪੰਜ-ਚਾਰ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਅਸਲ ਵਿੱਚ ਇਹ ਲੋਕ ਅਗਲੇ ਦਿਨ ਕਿਸੇ ਕਾਫਲੇ ਵਿੱਚ ਸ਼ਾਮਲ ਹੋ ਕੇ ਪਾਕਿਸਤਾਨ ਵੱਲ ਜਾਣ ਬਾਰੇ ਸਲਾਹ ਮਸ਼ਵਰਾ ਕਰ ਰਹੇ ਸਨ ਤੇ ਸਾਡੇ ਸੂਰਮਿਆਂ ਨੇ ਆਪੇ ਹੀ ਅੰਦਾਜ਼ਾ ਲਾ ਲਿਆ ਕਿ ਸਾਡੇ ਖਿਲਾਫ ਕੋਈ ਸਜ਼ਿਸ਼ ਘੜੀ ਜਾ ਰਹੀ ਹੈ। ਸਾਰੇ ਸ਼ਹਿਰ ਵਿੱਚ ਰੌਲਾ ਪੈ ਗਿਆ। ਹਾਲਾਤ ਨੂੰ ਕਾਬੂ ਵਿੱਚ ਰੱਖਣ ਲਈ ਪ੍ਰਸ਼ਾਸਨ ਨੂੰ ਕਰਫਿਊ ਲਾਉਣਾ ਪਿਆ। ਗਲੀ ਦਾ ਦਰਵਾਜਾ ਬੰਦ ਹੋ ਗਿਆ, ਪਰ ਗਲੀ ਦੇ ਅੰਦਰ ਸਾਡੇ ਨੌਜਵਾਨਾਂ ਦੀਆਂ ਗਤੀਵਿਧੀਆਂ ਮੁੜ ਤੇਜ਼ ਹੋ ਗਈਆਂ। ਹੁਣ ਉਹ ਹਰ ਹੀਲੇ ਦੀਨ ਮੁਹੰਮਦ ਦੇ ਖੂਨ ਨਾਲ ਆਪਣੇ ਹੱਥ ਰੰਗਣੇ ਚਾਹੁੰਦੇ ਸਨ।

ਸਾਹਣੀ ਨੇ ਦੀਨ ਮੁਹੰਮਦ ਨੂੰ ਸਾਰੀ ਸਥਿਤੀ ਤੋਂ ਜਾਣੂੰ ਕਰਵਾ ਦਿੱਤਾ। ਉਹ ਘਬਰਾਇਆ ਤਾਂ ਬਹੁਤ ਪਰ ਸਾਹਣੀ ਨੇ ਉਸਦੇ ਮੋਢੇ ’ਤੇ ਹੱਥ ਰੱਖ ਕੇ ਉਸ ਨੂੰ   ਧੀਰਜ ਦਿੱਤੀ, “ਵੇਖ ਭਰਾ ਦੀਨ ਮੁਹੰਮਦਾ, ਜਦੋਂ ਤਾਈਂ ਮੈਂ ਜਿਊਂਦੀ ਆਂ, ਕਿਸੇ ਦੀ ਮਜਾਲ ਨਹੀਂ ਕਿ ਤੇਰੀ ਵਾਅ ਵੱਲ ਵੀ ਵੇਖ ਜਾਏ। ਤੂੰ ਬਿਲਕੁਲ ਫਿਕਰ ਨਾ ਕਰ। ਹੁਣ ਤੇਰੀ ਹਿਫਾਜ਼ਤ ਕਰਨੀ ਮੇਰੇ ਜਿੰਮੇ ਐ।...”

ਵਿਹੜੇ ਵਿੱਚ ਇਸ ਵੇਲੇ ਸ਼ਾਹਣੀ, ਦੀਨ ਮੁਹੰਮਦ, ਸ਼ਾਹਣੀ ਦੀ ਧੀ ਲਾਜਵੰਤੀ ਅਤੇ ਮੇਰੇ ਸਿਵਾ ਹੋਰ ਕੋਈ ਨਹੀਂ ਸੀ। ਮੇਰੇ ਨਾਲ ਸ਼ਾਹਣੀ ਦਾ ਵਿਸ਼ੇਸ਼ ਸਨੇਹ ਸੀ ਕਿਉਂਕਿ ਮੈਂ ਉਸਦਾ ਵਿਸ਼ਵਾਸ ਪਾਤਰ ਸਾਂ। ਮੇਰੀ ਉਮਰ ਉਦੋਂ ਪੰਦਰਾਂ ਸਾਲ ਸੀ ਤੇ ਮੇਰੇ ਪਾਸੋਂ ਉਹ ਆਪਣੇ ਰਿਸ਼ਤੇਦਾਰਾਂ ਤੇ ਸਾਮੀਆਂ ਨੂੰ ਅਕਸਰ ਧੀ-ਜੁਆਈ ਤੋਂ ਚੋਰੀ ਖਤ ਲਿਖਵਾਇਆ ਕਰਦੀ ਸੀ। ਕਦੇ ਕਦੇ ਰੁਪਈਆ ਧੇਲੀ ਖਰਚਣ ਨੂੰ ਵੀ ਦੇ ਛੱਡਦੀ ਸੀ।

ਕੁਝ ਚਿਰ ਗੰਭੀਰਤਾ ਨਾਲ ਸੋਚਣ ਉਪਰੰਤ ਸ਼ਾਹਣੀ ਮੈਨੂੰ ਬਾਹੋਂ ਫੜ ਕੇ ਅੰਦਰ ਵੱਲ ਲੈ ਤੁਰੀ। ਪਿਛਲੀ ਨੁੱਕਰ ਵਾਲੀ ਕੋਠੜੀ ਦਾ ਦਰਵਾਜਾ ਖੋਲ੍ਹ ਕੇ ਅੰਦਰ ਝਾਤੀ ਮਾਰੀ। ਕਣਕ ਦੀਆਂ ਦੋ ਬੋਰੀਆਂ, ਚੌਲਾਂ ਦਾ ਭਰਿਆ ਡਰੰਮ ਤੇ ਹੋਰ ਨਿਕਸੁਕ ਉੱਥੇ ਪਿਆ ਸੀ। ਸ਼ਾਹਣੀ ਨੂੰ ਬੜੀ ਫੁਰਤੀ ਨਾਲ ਛਿੱਕੂ ਵਿੱਚੋ ਤਿੰਨ-ਚਾਰ ਰੋਟੀਆਂ, ਸਬਜ਼ੀ ਤੇ ਪਾਣੀ ਦੀ ਗੜਵੀ ਭਰ ਕੇ ਅੰਦਰ ਰੱਖੀ ਤੇ ਕੋਲ ਪਏ ਮੂੜ੍ਹੇ ’ਤੇ ਬਿਠਾ ਕੇ ਦੀਨ ਮੁਹੰਮਦ ਨੂੰ ਸਭ ਕੁੱਝ ਸਮਝਾ ਦਿੱਤਾ। ਹੁੰਮਸ ਬਹੁਤ ਸੀ। ਇਕ ਖਜੂਰ ਦੀ ਪੱਖੀ ਵੀ ਉਸਦੇ ਹੱਥ ਫੜਾ ਦਿੱਤੀ। ਜਲਦੀ ਨਾਲ ਬੂਹਾ ਬੰਦ ਕੀਤਾ ਅਤੇ ਅਲੀਗੜ੍ਹ ਦਾ ਪੁਰਾਣਾ ਜੰਦਰਾ ਮਾਰ ਕੇ ਚਾਬੀ ਮੇਰੀ ਕਮੀਜ ਦੀ ਵੱਖੀ ਵਾਲੀ ਜੇਬ ਵਿੱਚ ਪਾ ਦਿੱਤੀ।

ਹਾਲਾਤ ਅਜੇ ਹੋਰ ਵਿਗੜ ਰਹੇ ਸਨ। ਉੱਡਦੀ ਉੱਡਦੀ ਇਹ ਖਬਰ ਵੀ ਆਈ ਕਿ ਵੱਡੀ ਮਸੀਤ ਵਾਲੀ ਘਟਨਾ ਵਿੱਚ ਜ਼ਖਮੀ ਹੋਏ ਬਜ਼ੁਰਗ ਫਜਰ ਦੀਨ ਦੇ ਜੁਆਨ ਪੁੱਤਰ ਨੇ ਦਸਤੀ ਬੰਬ ਸੁੱਟਣ ਵਾਲੇ ਟੋਲੇ ਵਿੱਚੋਂ ਇੱਕ ਸਿੱਖ ਮੁੰਡੇ ਨੂੰ ਛੁਰਾ ਘੋਂਪ ਦਿੱਤਾ ਹੈ। ਕਰਫਿਊ ਖੁੱਲ੍ਹਣ ਦੀ ਅਜੇ ਕੋਈ ਸੰਭਾਵਨਾ ਨਹੀਂ ਸੀ ਦਿੱਸ ਰਹੀ। ਸ਼ਾਹਣੀ ਡਾਢੀ ਫਿਕਰਮੰਦ ਸੀ। ਕੁਝ ਸੋਚ ਕੇ ਤੇ ਇਸ਼ਾਰੇ ਨਾਲ ਮੈਨੂੰ ਆਪਣੇ ਪਿੱਛੇ ਆਉਣ ਲਈ ਆਖ ਕੇ ਉਹ ਗਲੀ ਦੇ ਬਾਹਰਲੇ ਸਲਾਖਾਂ ਵਾਲੇ ਦਰਵਾਜੇ ਕੋਲ ਖਲੋ ਗਈ। ਅਸੀਂ ਦੋਵੇਂ ਦਰਵਾਜੇ ਦੇ ਅੰਦਰਵਾਰ ਖਲੋਤੇ ਬਾਹਰ ਦਾ ਦ੍ਰਿਸ਼ ਵੇਖ ਰਹੇ ਸਾਂ। ਬਾਹਰ ਕੋਈ-ਕੋਈ ਪ੍ਰਸ਼ਾਸਨਿਕ ਅਧਿਕਾਰੀ ਤੇ ਬਾਕੀ ਪੁਲਿਸ ਵਾਲੇ ਗਸ਼ਤ ਕਰ ਰਹੇ ਸਨ। ਸ਼ਾਹਣੀ ਨੇ ਅਚਾਨਕ ਇੱਕ ਤੁਰ੍ਹਲੇ ਵਾਲੇ ਪੁਲਿਸ ਅਧਿਕਾਰੀ ਨੂੰ ਆਵਾਜ ਮਾਰੀ, “ਵੇ ਪੁੱਤ ਠਾਣੇਦਾਰਾਂ, ਵੇ ਜਰਾ ਮੇਰੀ ਗੱਲ ਸੁਣ ਜਾਈਂ ਬੀਬਾ ਪੁੱਤ।”

ਥਾਣੇਦਾਰ ਨੇੜੇ ਆ ਕੇ ਬੋਲਿਆ, “ਦੱਸ ਮਾਈ ਕੀ ਗੱਲ ਐ।”

ਸ਼ਾਹਣੀ ਝੱਟ ਬੋਲੀ, “ਵੇ ਪੁੱਤ ਇਕ ਮੁਸਲਮਾਨ ਧੋਬੀ ਦੀ ਜਾਨ ਖਤਰੇ ਵਿੱਚ ਐ। ਉਹਨੂੰ ਕਿਸੇ ਤਰ੍ਹਾਂ ਸਹੀ ਸਲਾਮਤ ਪਲਾਸੌਰ ਪੁਚਾ ਦੇ, ਰੱਬ ਤੇਰਾ ਭਲਾ ਕਰੂ।”

ਸਬੱਬ ਨਾਲ ਉਹ ਥਾਣੇਦਾਰ ਵੀ ਮੁਸਲਮਾਨ ਸੀ, ਇਸ ਲਈ ਦੀਨ ਮੁਹੰਮਦ ਵਾਸਤੇ ਉਸਦੇ ਮਨ ਵਿੱਚ ਹਮਦਰਦੀ ਦੀ ਭਾਵਨਾ ਦਾ ਪੈਦਾ ਹੋਣਾ ਸੁਭਾਵਿਕ ਸੀ। ਉਹ ਫੌਰਨ ਐਕਸ਼ਨ ਵਾਸਤੇ ਤਿਆਰ ਹੋ ਗਿਆ। ਇੱਕ ਸਿੱਖ ਹਵਾਲਦਾਰ ਤੇ ਇੱਕ ਹਿੰਦੂ ਸਿਪਾਹੀ ਉਸਦੇ ਨਾਲ ਸਨ। ਦਰਵਾਜਾ ਖੋਲ੍ਹਿਆ ਗਿਆ। ਉਹ ਤਿੰਨੇ ਸ਼ਾਹਣੀ ਦੇ ਪਿੱਛੇ-ਪਿੱਛੇ ਸ਼ਾਹਣੀ ਦੇ ਘਰ ਪਹੁੰਚ ਗਏ। ਮੈਂ ਸਾਰਿਆ ਤੋਂ ਪਿੱਛੇ ਜਾ ਰਿਹਾ ਸਾਂ। ਰਾਹ ਵਿੱਚ ਸ਼ਾਹਣੀ ਨੇ ਥਾਣੇਦਾਰ ਨੂੰ ਸਾਰੀ ਕਹਾਣੀ ਸੰਖੇਪ ਵਿੱਚ ਸਮਝਾ ਦਿੱਤੀ। ਗਲੀ ਵਿੱਚ ਫਿਰਦਾ ਸ਼ਰਾਰਤੀ ਟੋਲਾ ਪੁਲਿਸ ਨੂੰ ਵੇਖਦਿਆਂ ਹੀ ਤਿਤਰ-ਬਿਤਰ ਹੋ ਗਿਆ।

ਕੋਠੜੀ ਦਾ ਬੂਹਾ ਖੋਲ੍ਹ ਕੇ ਜਿਉਂ ਹੀ ਅੰਦਰ ਝਾਤੀ ਮਾਰੀ, ਰੋਟੀ ਉਂਝ ਦੀ ਉਂਝ ਪਈ ਸੀ, ਪਰ ਪਾਣੀ ਵਾਲੀ ਗੜਵੀ ਖਾਲੀ ਸੀ। ਸਾਰੇ ਹੈਰਾਨ ਰਹਿ ਗਏ। ਦੀਨ ਮੁਹੰਮਦ ਮੂਧੇ ਮੂੰਹ ਫਰਸ਼ ’ਤੇ ਡਿੱਗਾ ਪਿਆ ਸੀ। ਅੱਤ ਦੀ ਗਰਮੀ ਤੇ ਹੁੰਮਸ ਕਾਰਣ ਉਹ ਬਹੁਤ ਨਿਢਾਲ ਹੋ ਚੁੱਕਾ ਸੀ। ਹਵਾਲਦਾਰ ਤੇ ਸਿਪਾਹੀ ਨੇ ਬੜੀ ਹੁਸ਼ਿਆਰੀ ਨਾਲ ਚੁੱਕ ਕੇ ਬਾਹਰ ਵਿਹੜੇ ਵਿੱਚ ਡੱਠੀ ਮੰਜੀ ’ਤੇ ਲਿਟਾਇਆ। ਪੀਲੇ ਭੂਕ ਚਿਹਰੇ ’ਤੇ ਪਾਣੀ ਦੇ ਛਿੱਟੇ ਮਾਰੇ। ਪੱਖੀ ਦੀ ਝੱਲ ਵੀ ਮਾਰੀ। ਠੰਢਾ ਪਾਣੀ ਸ਼ੱਕਰ ਘੋਲ ਕੇ ਪਿਲਾਇਆ। ਹੌਲੀ-ਹੌਲੀ ਦੀਨ ਮੁਹੰਮਦ ਨੂੰ ਹੋਸ਼ ਤਾਂ ਆ ਗਈ, ਪਰ ਪੁਲਿਸ ਨੂੰ ਵੇਖ ਕੇ ਉਹ ਕੁਝ ਸਹਿਮ ਗਿਆ। ਸ਼ਾਹਣੀ ਨੇ ਜਦੋਂ ਆਪਣੀ ਸਾਰੀ ਯੋਜਨਾ ਦਾ ਖੁਲਾਸਾ ਕੀਤਾ ਤਾਂ ਉਹ ਕਾਫੀ ਹੱਦ ਤੱਕ ਆਸਮੰਦ ਹੋ ਗਿਆ।

ਥਾਣੇਦਾਰ ਦੇ ਆਦੇਸ਼ ਅਨੁਸਾਰ ਹਵਾਲਦਾਰ ਸ਼ਾਹਣੀ ਦੇ ਜੁਆਈ ਦਾ ਸਾਈਕਲ ਲੈ ਕੇ ਦਸਾਂ ਮਿੰਟਾਂ ਵਿੱਚ ਨੂਰਦੀ ਦੇ ਅੱਡੇ ਤੋਂ ਟਾਂਗਾ ਲੈ ਆਇਆ। ਦੀਨ ਮੁਹੰਮਦ ਦੇ ਨਾਲ ਉਸਦੀ ਹਿਫਾਜਤ ਵਾਸਤੇ ਹਵਾਲਦਾਰ ਅਤੇ ਸਿਪਾਹੀ ਨੂੰ ਵੀ ਟਾਂਗੇ ਉੱਤੇ ਬਿਠਾ ਦਿੱਤਾ ਗਿਆ ਤੇ ਟਾਂਗਾ ਪਲਾਸੌਰ ਨੂੰ ਰਵਾਨਾ ਹੋ ਗਿਆ। ਸ਼ਾਹਣੀ ਦੀ ਇੱਛਾ ਅਨੁਸਾਰ ਕਰੀਬ ਇੱਕ ਘੰਟੇ ਬਾਅਦ ਉਹੀ ਹਵਾਲਦਾਰ ਦੀਨ ਮੁਹੰਮਦ ਦੇ ਸੁੱਖੀਂ ਸਾਂਦੀਂ ਘਰ ਪਹੁੰਚਣ ਦੀ ਸੂਚਨਾ ਦੇ ਗਿਆ।

*****

(798)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)