DanSidhu7“ਕੁਝ ਲੋਕ ਪੰਜਾਬ ਜਾਂ ਭਾਰਤ ਬੇਸ਼ਕ ਛੱਡ ਆਏ ਹਨ ਪਰ ਉਹ ਲੁੱਟ-ਘਸੁੱਟ ਦੀਆਂ ਆਦਤਾਂ ਵੀ ਨਾਲ ਲੈ ਕੇ ਆਏ ਹਨ ...”
(27 ਜੁਲਾਈ 2017)

 

ਅਸੀਂ ਹੁਣੇ-ਹੁਣੇ ਪਹਿਲੀ ਜੁਲਾਈ ਨੂੰ ਕੈਨੇਡਾ ਦਾ 150ਵਾਂ ਜਨਮ ਦਿਨ ਮਨਾਇਆ ਹੈ। ਕੈਨੇਡਾ ਦੇ ਕੋਨੇ-ਕੋਨੇ ਵਿਚ ਵਸਦੇ ਦੁਨੀਆਂ ਭਰ ਵਿੱਚੋਂ ਆਏ ਲੋਕਾਂ ਨੇ ਇਨ੍ਹਾਂ ਜਸ਼ਨਾਂ ਵਿਚ ਹਿੱਸਾ ਲਿਆ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਅਸੀਂ ਦੁਨੀਆਂ ਦੇ ਬੇਹਤਰੀਨ ਦੇਸ਼ ਵਿਚ ਰਹਿ ਰਹੇ ਹਾਂ ਜਾਂ ਫਿਰ ਇਉਂ ਕਹਿ ਲਓ ਕਿ ਕੈਨੇਡਾ ਹੀ ਦੁਨੀਆਂ ਹੈ ਕਿਉਂਕਿ ਕੈਨੇਡਾ ਵਿਚ ਕੋਈ ਕਿਸੇ ਵੀ ਦੇਸ਼ ਵਿੱਚੋਂ ਆਵੇ ਤਾਂ ਕੈਨੇਡਾ ਬਿਨਾਂ ਕਿਸੇ ਭੇਦ-ਭਾਵ ਦੇ ਹਰ ਇਕ ਨੂੰ ਆਪਣੇ ਕਲਾਵੇ ਵਿਚ ਲੈ ਲੈਂਦਾ ਹੈ।

ਪਰ ਸਵਾਲ ਇਹ ਹੈ ਕਿ ਦੁਨੀਆਂ ਭਰ ਦੇ ਲੋਕ ਕੈਨੇਡਾ ਕਿਉਂ ਆਉਂਦੇ ਹਨ? ਕਿਉਂਕਿ ਇੱਥੋਂ ਦੀਆਂ ਸਮਾਜਿਕ ਕਦਰਾਂ ਕੀਮਤਾਂ ਵਧੀਆ ਹਨ। ਹੁਣ ਦੂਸਰਾ ਸਵਾਲ ਇਹ ਖੜ੍ਹਾ ਹੁੰਦਾ ਕਿ ਇਹ ਸਮਾਜਿਕ ਕਦਰਾਂ ਕੀਮਤਾਂ ਬਣਾਉਂਦਾ ਕੌਣ ਹੈ। ਅਸੀਂ ਜੇ ਆਪਣੀ ਗੱਲ ਕਰੀਏ ਕਿ ਅਸੀਂ ਭਾਰਤ ਜਾਂ ਪੰਜਾਬ ਛੱਡ ਕੇ ਇੱਥੇ ਕਿਉਂ ਆਏ। ਸ਼ੁਰੂਆਤੀ ਦੌਰ ਵਿਚ ਭਾਰਤੀ ਜਾਂ ਪੰਜਾਬੀ ਕੈਨੇਡਾ ਇਸ ਸੋਚ ਨਾਲ ਆਏ ਸਨ ਕਿ ਇੱਥੇ ਕੰਮ ਕਰ ਕੇ, ਪੈਸੇ ਕਮਾ ਕੇ ਵਾਪਸ ਚਲੇ ਜਾਣਗੇ ਅਤੇ ਬਹੁਤ ਲੋਕਾਂ ਨੇ ਪਿੱਛੇ ਪੰਜਾਬ ਵਿਚ ਆਪਣੇ ਘਰ-ਬਾਰ, ਜ਼ਮੀਨ ਜਾਇਦਾਦ ਬਣਾਈ ਵੀ। ਕਿਉਂਕਿ ਹਾਲਾਤ ਵਧੀਆ ਸਨ, ਲੋਕ ਇਕ ਦੂਸਰੇ ਦੀ ਇੱਜ਼ਤ ਕਰਦੇ ਸਨ।

ਪਿਛਲੇ ਤਿੰਨ ਦਹਾਕਿਆਂ ਵਿਚ ਪੰਜਾਬ ਦੇ ਹਾਲਾਤ ਵਿਗੜੇ ਅਤੇ ਖਾਸ ਕਰਕੇ ਪਿਛਲੇ ਦੋ ਦਹਾਕਿਆਂ ਤੋਂ ਸਮਾਜਿਕ ਕਦਰਾਂ ਕੀਮਤਾਂ ਵਿਚ ਨਿਘਾਰ ਆਇਆ। ਪਿਆਰ ਘਟ ਗਿਆ, ਰਿਸ਼ਵਤ, ਲੁੱਟਾਂ-ਖੋਹਾਂ ਦਾ ਬੋਲਬਾਲਾ ਹੋ ਗਿਆ। ਪਿਆਰ ਮੁਹੱਬਤ ਦੀ ਜਗਾਹ ਪੈਸਾ ਲੈ ਗਿਆ। ਰਾਜਨੀਤਿਕ ਗੁੰਡਾਗਰਦੀ ਅਤੇ ਬੁਰਛਾਗਰਦੀ ਵਧ ਗਈ ਜਾਂ ਫਿਰ ਇਹ ਕਹਿ ਲਓ ਗੁੰਡਾਗਰਦੀ ਲੁੱਟਾਂ-ਖੋਹਾਂ, ਡਰੱਗ ਦਾ ਧੰਦਾ ਸਰਕਾਰੀ ਛੱਤਰ ਛਾਇਆ ਥੱਲੇ ਹੋਣ ਲੱਗਾ। ਆਪਸੀ ਰਿਸ਼ਤੇ ਤਾਰ-ਤਾਰ ਹੋ ਗਏ। ਮਿਹਨਤਕਸ਼ ਅਤੇ ਇਮਾਨਦਾਰ ਲੋਕਾਂ ਦਾ ਜੀਣਾ ਦੁੱਭਰ ਹੋ ਗਿਆ। ਹੌਲੀ-ਹੌਲੀ ਲੋਕ ਬਾਹਰ ਕੈਨੇਡਾ, ਆਸਟਰੇਲੀਆ ਤੇ ਹੋਰ ਮੁਲਕਾਂ ਵੱਲ ਖਿਸਕਣ ਲੱਗੇ। ਇੱਥੋਂ ਤੱਕ ਕਿ ਰਾਜਨੀਤਿਕ ਨੇਤਾ, ਧਾਰਮਿਕ ਚੌਧਰੀ ਅਤੇ ਕਾਨੂੰਨ ਦੇ ਰਖਵਾਲੇ ਵੀ ਆਪਣੇ ਬੱਚਿਆਂ ਨੂੰ ਬਾਹਰ ਕੱਢਣ ਲਈ ਹਰ ਢੰਗ ਤਰੀਕਾ ਵਰਤਣ ਲੱਗੇ ਅਤੇ ਦੋ ਨੰਬਰ ਦੀ ਕਮਾਈ ਵੀ ਦੇਸ਼ਾਂ-ਵਿਦੇਸ਼ਾਂ ਵਿਚ ਕਰਨ ਲੱਗੇ।

ਪਰ ਹੁਣ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਇਹ ਸਮਾਜਿਕ ਕਦਰਾਂ ਕੀਮਤਾਂ ਬਣਾਉਂਦਾ ਕੌਣ ਹੈ? ਅਸੀਂ ਲੋਕ ਹੀ ਤਾਂ ਹਾਂ ਜੋ ਇਸ ਸਮਾਜ ਦੀ ਸਿਰਜਣਾ ਕਰਦੇ ਹਾਂ। ਇਸਦਾ ਮਤਲਬ ਇਹ ਹੈ ਕਿ ਚੰਗਾ ਜਾਂ ਮਾੜਾ ਸਮਾਜ ਬਣਾਉਣ ਵਿਚ ਸਾਡਾ ਸਾਰਿਆਂ ਦਾ ਹਿੱਸਾ ਹੈ। ਜੇ ਅੱਜ ਪੰਜਾਬ ਜਾਂ ਭਾਰਤ ਵਿਚ ਚੋਰ ਬਾਜ਼ਾਰੀ, ਗੁੰਡਾਗਰਦੀ, ਲੁੱਟ-ਖਸੁੱਟ ਅਤੇ ਰਿਸ਼ਵਤ ਦਾ ਬੋਲਬਾਲਾ ਹੈ ਤਾਂ ਉਸ ਵਿਚ ਸਾਡਾ ਅਤੇ ਉੱਥੇ ਰਹਿਣ ਵਾਲੇ ਲੋਕਾਂ ਦਾ ਵੀ ਹਿੱਸਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਸ ਸਮਾਜ ਵਿਚ ਇਮਾਨਦਾਰ ਲੋਕਾਂ ਦੀ ਕਮੀ ਹੈ। ਭਾਰਤ ਅਤੇ ਪੰਜਾਬ ਵਿਚ ਜ਼ਿਆਦਾਤਰ ਲੋਕ ਮਿਹਨਤਕਸ਼ ਹਨ। ਇਮਾਨਦਾਰੀ ਨਾਲ ਆਪਣੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ। ਇੱਥੋਂ ਤੱਕ ਕਿ ਰਾਜਨੀਤੀ ਜਾਂ ਕਾਨੂੰਨ ਦੇ ਰਖਵਾਲਿਆਂ ਵਿਚ ਵੀ ਜ਼ਿਆਦਾਤਰ ਲੋਕ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਹਨ ਪਰ ਉਨਾਂ ਨੂੰ ਉਹ ਮਾਹੌਲ ਨਹੀਂ ਮਿਲਦਾ ਜਿਸ ਵਿਚ ਉਹ ਇਮਾਨਦਾਰੀ ਨਾਲ ਕੰਮ ਕਰ ਸਕਣ ਕਿਉਕਿ ਗਿਣਤੀ ਦੇ ਭ੍ਰਿਸ਼ਟ ਨੇਤਾ ਲੋਕਾਂ ਨੇ ਉਨ੍ਹਾਂ ਦਾ ਜੀਉਣਾ ਦੁੱਭਰ ਕੀਤਾ ਹੋਇਆ ਅਤੇ ਆਮ ਸਾਧਾਰਣ ਇਨਸਾਫ ਪਸੰਦ ਆਦਮੀ ਡਰ ਦਾ ਮਾਰਾ ਇਮਾਨਦਾਰ ਲੋਕਾਂ ਦਾ ਸਾਥ ਦੇਣ ਦੀ ਬਜਾਏ ਇਨਾਂ ਭ੍ਰਿਸ਼ਟ ਲੀਡਰਾਂ ਦੇ ਧੱਕੇ ਚੜ੍ਹ ਜਾਂਦਾ ਹੈ ਅਤੇ ਕਿਤੇ ਨਾ ਕਿਤੇ ਉਸ ਵਿਚ ਸਾਡਾ ਆਪਣਾ ਸਵਾਰਥ ਵੀ ਛੁਪਿਆ ਹੁੰਦਾ ਹੈ। ਇਹੀ ਵਜਾਹ ਹੈ ਕਿ ਇਹ ਕਹਾਣੀ ਇੰਨੀ ਵਿਗੜ ਗਈ ਹੈ ਕਿ ਅੱਜ ਪੰਜਾਬ ਦਾ ਹਰ ਪਰਿਵਾਰ ਜਾਂ ਨੌਜਵਾਨ ਹਰ ਜਾਇਜ਼ ਜਾਂ ਨਾਜਾਇਜ਼ ਤਰੀਕੇ ਨਾਲ ਬਾਹਰ ਭੱਜਣ ਦੀ ਤਿਆਰੀ ਵਿਚ ਹੈ ਅਤੇ ਕੈਨੇਡਾ ਸਭ ਤੋਂ ਵੱਧ ਪਸੰਦੀਦਾ ਦੇਸ਼ ਹੈ ਕਿਉਂਕਿ ਇੱਥੇ ਹਾਲੇ ਤੱਕ ਸਮਾਜਿਕ ਕਦਰਾਂ ਕੀਮਤਾਂ ਦੀ ਕਦਰ ਹੈ ਅਤੇ ਇੱਥੋਂ ਦਾ ਹਰ ਇਨਸਾਨ ਦੂਸਰੇ ਦੀ ਬਰਾਬਰ ਇੱਜ਼ਤ ਕਰਦਾ ਹੈ।

ਪਰ ਹੁਣ ਸਭ ਤੋਂ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਅਸੀਂ ਪੰਜਾਬ ਅਤੇ ਭਾਰਤ ਤੋਂ ਤੰਗ ਹੋ ਕੇ ਇੱਥੇ ਆਏ ਹਾਂ ਪਰ ਕੀ ਅਸੀਂ ਇਸ ਵਧੀਆ ਨੂੰ ਹੋਰ ਵਧੀਆ ਬਣਾਉਣ ਵਿਚ ਆਪਣਾ ਹਿੱਸਾ ਪਾ ਰਹੇ ਹਾਂ ਜਾਂ ਫਿਰ ਇਸ ਨੂੰ ਨਿਘਾਰ ਵੱਲ ਲਿਜਾ ਰਹੇ ਹਾਂ ਹੈ?

ਇੱਥੇ ਵੀ ਪੰਜਾਬ ਜਾਂ ਭਾਰਤ ਵਾਂਗ ਜ਼ਿਆਦਾਤਰ ਲੋਕ ਇੱਥੋਂ ਦੇ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਕੰਮ ਕਰ ਰਹੇ ਹਨ। ਆਪਣੇ ਬਿਜ਼ਨਸ ਚਲਾ ਰਹੇ ਹਨ ਅਤੇ ਇੱਥੋਂ ਦੀਆਂ ਸਮਾਜਿਕ ਕਦਰਾਂ-ਕੀਮਤਾਂ ਦੀ ਇੱਜ਼ਤ ਕਰਦੇ ਹਨ, ਕਿਉਂਕਿ ਕੈਨੇਡਾ ਨੇ ਇੱਥੋਂ ਦੇ ਵਸਨੀਕਾਂ ਨੂੰ ਹਰ ਧਾਰਮਿਕ, ਸਮਾਜਿਕ ਅਤੇ ਆਰਥਿਕ ਆਜ਼ਾਦੀ ਦਿੱਤੀ ਹੋਈ ਹੈ। ਹਰ ਇਨਸਾਨ ਆਪਣੇ ਢੰਗ ਨਾਲ ਆਪਣੀ ਜ਼ਿੰਦਗੀ ਜਿਉਂ ਸਕਦਾ ਹੈ, ਜਦੋਂ ਤੱਕ ਕਿ ਉਹ ਕਿਸੇ ਹੋਰ ਦੀ ਜ਼ਿੰਦਗੀ ਵਿਚ ਦਖਲਅੰਦਾਜ਼ੀ ਨਹੀਂ ਕਰਦਾ। ਜੇ ਅੱਜ ਅਸੀਂ ਇਸ ਦੇਸ਼ ਵਿਚ ਇਸ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਤਾਂ ਉਸ ਵਿਚ ਅੱਜ ਤੋਂ 100 ਸਾਲ ਪਹਿਲਾਂ ਆਏ ਗਦਰੀ ਬਾਬਿਆਂ ਦੀ ਕੁਰਬਾਨੀ ਦਾ ਵੱਡਾ ਹਿੱਸਾ ਹੈ ਜਿਨ੍ਹਾਂ ਨੂੰ ਅੱਜ ਅਸੀਂ ਭੁੱਲ ਚੁੱਕੇ ਹਾਂ। ਗਦਰੀ ਬਾਬਿਆਂ ਦੀ ਕੁਰਬਾਨੀ ਸਦਕਾ ਹੀ ਅਸੀਂ ਹਰ ਸਾਲ ਹਰ ਸ਼ਹਿਰ ਖਾਲਸੇ ਦੇ ਸਾਜਨਾ ਦਿਵਸ ’ਤੇ ਲੱਖਾਂ ਦੇ ਇਕੱਠ ਕਰਕੇ ਹਰ ਸ਼ਹਿਰ ਵਿਚ ਨਗਰ ਕੀਰਤਨ ਕੱਢਦੇ ਹਾਂ। ਇਹ ਗਦਰੀਆਂ ਦੀ ਕੁਰਬਾਨੀ ਸਦਕਾ ਹੀ ਹੈ ਕਿ ਕਦੇ ਸਾਡੇ ਉੱਪਰ ਜਿਸ ਦੇਸ਼ ਵਿਚ ਵੜਨ ਤੇ ਬਹੁਤ ਪਾਬੰਦੀਆਂ ਸਨ, ਵੋਟ ਦਾ ਅਧਿਕਾਰ ਵੀ ਨਹੀਂ ਸੀ ਅਤੇ ਅੱਜ ਹਰ ਸੂਬੇ ਅਤੇ ਕੈਨੇਡਾ ਦੀ ਸਰਕਾਰ ਵਿਚ ਪੰਜਾਬੀ ਅਤੇ ਭਾਰਤੀ ਮੂਲ ਦੇ ਲੋਕ ਚੁਣੇ ਜਾਂਦੇ ਹਨ। ਇੱਥੋਂ ਤੱਕ ਕਿ ਕੈਨੇਡਾ ਦੇ ਰੱਖਿਆ ਮੰਤਰੀ ਇਕ ਸਰਦਾਰ ਹਨ। ਇਹ ਸਾਰਾ ਕੁਝ ਸਾਨੂੰ ਸੌਖਾ ਨਹੀਂ ਮਿਲਿਆ, ਪੂਰੇ 100 ਸਾਲ ਦੀ ਜੱਦੋਜਹਿਦ ਉਪਰੰਤ ਸੰਭਵ ਹੋਇਆ ਹੈ। ਇਸ ਦੇਸ਼ ਦੇ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਢਾਂਚੇ ਵਿਚ ਸਾਡਾ ਕਾਫੀ ਹਿੱਸਾ ਹੈ। ਇਹੀ ਕਾਰਨ ਹੈ ਕਿ 2015 ਦੀ ਲਿਬਰਲ ਸਰਕਾਰ ਦੇ ਨੇਤਾ ਜਸਟਿਸ ਟਰੂਡੋ ਨੇ ਸਾਨੂੰ ਲੋੜ ਤੋਂ ਵੀ ਵੱਧ ਮਾਣ ਦਿੱਤਾ। ਭਾਵੇਂ ਇਸ ਦੀ ਸ਼ੁਰੂਆਤ 1968 ਵਿਚ ਜਸਟਿਨ ਟਰੂਡੋ ਦੇ ਪਿਤਾ ਜੀ ਪੀਅਰ ਇਲੀਅਟ ਟਰੂਡੋ ਨੇ ਕੈਨੇਡਾ ਦੇ 15ਵੇਂ ਪ੍ਰਧਾਨ ਮੰਤਰੀ ਬਣਨ ਵੇਲੇ ਕੀਤੀ ਸੀ ਕਿਉਂਕਿ ਉਸ ਤੋਂ ਪਹਿਲਾਂ ਕੰਜ਼ਰਵੇਟਿਵ ਸਰਕਾਰ ਨੇ 1967 ਤੱਕ ਭਾਰਤ ਤੋਂ ਆਉਣ ਵਾਲੇ ਲੋਕਾਂ ਤੇ ਬਹੁਤ ਪਾਬੰਦੀਆਂ ਲਾਈਆਂ ਹੋਈਆਂ ਸਨ ਅਤੇ 1968 ਵਿਚ ਪੀਅਰ ਇਲੀਅਟ ਟਰੂਡੋ ਨੇ ਭਾਰਤੀਆਂ ਲਈ ਕੈਨੇਡਾ ਦੇ ਦਰਵਾਜ਼ੇ ਖੋਲ੍ਹੇ ਜਿਸ ਕਾਰਨ ਵੱਡੀ ਤਾਦਾਦ ਵਿਚ ਭਾਰਤੀ ਖਾਸ ਕਰਕੇ ਪੰਜਾਬੀ (ਸਿੱਖ) ਕੈਨੇਡਾ ਆਏ ਤੇ ਇਹ ਨਵੀਂ ਸ਼ੁਰੂਆਤ ਹੋਈ। ਪਰ ਜਿੱਥੇ ਜ਼ਿਆਦਾ ਭਾਰਤੀ ਜਾਂ ਪੰਜਾਬੀ ਮਿਹਨਤ ਇਮਾਨਦਾਰੀ ਨਾਲ ਆਪਣੀ ਜ਼ਿੰਦਗੀ ਬਸਰ ਕਰ ਰਹੇ ਹਨ ਉੱਥੇ ਕੁਝ ਲੋਟੂ ਟੋਲਾ ਵੀ ਇੱਥੇ ਪਹੁੰਚਿਆ ਹੋਇਆ ਹੈ ਅਤੇ ਉਹ ਆਪਣੀਆਂ ਉਨ੍ਹਾਂ ਆਦਤਾਂ ਤੋਂ ਮਜਬੂਰ ਹੋਣ ਕਾਰਨ ਕੈਨੇਡਾ ਦੇ ਇਸ ਵਧੀਆ ਸਮਾਜਿਕ ਕਦਰਾਂ ਕੀਮਤਾਂ ਵਾਲੇ ਸਮਾਜ ਵਿਚ ਜ਼ਹਿਰ ਘੋਲਣ ਲਈ ਪੱਬਾਂ ਭਾਰ ਹੈ।

ਹਰ ਇਨਸਾਨ ਇੱਥੇ ਆਪਣੀ ਮਿਹਨਤ ਨਾਲ ਇੱਥੋਂ ਦੇ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਆਪਣੀ ਵਧੀਆ ਜ਼ਿੰਦਗੀ ਜਿਉਂ ਸਕਦਾ ਹੈ, ਕਿਉਕਿ ਇੱਥੋਂ ਦਾ ਸਿਸਟਮ ਤੁਹਾਡੀ ਹਰ ਕੰਮ ਵਿਚ ਮਦਦ ਕਰਦਾ ਹੈ ਪਰ ਫਿਰ ਵੀ ਕੁਝ ਲੋਕ ਪੰਜਾਬ ਜਾਂ ਭਾਰਤ ਬੇਸ਼ਕ ਛੱਡ ਆਏ ਹਨ ਪਰ ਉਹ ਲੁੱਟ-ਘਸੁੱਟ ਦੀਆਂ ਆਦਤਾਂ ਵੀ ਨਾਲ ਲੈ ਕੇ ਆਏ ਹਨ। ਅਸੀਂ ਹਰ ਰੋਜ਼ ਖਬਰਾਂ ਪੜ੍ਹਦੇ ਹਾਂ ਕਿ ਹਰ ਬਿਜ਼ਨਸ ਵਿਚ ਅਜਿਹੇ ਲੋਕ ਹਨ ਜੋ ਬਦਨਾਮੀ ਦਾ ਕਾਰਨ ਬਣਦੇ ਹਨ। ਬੇਸ਼ੱਕ ਇਹ ਕਹਾਣੀ ਇਕੱਲੇ ਪੰਜਾਬੀਆਂ ਜਾਂ ਭਾਰਤੀਆਂ ਦੀ ਹੀ ਨਹੀਂ ਬਾਕੀ ਭਾਈਚਾਰੇ ਦੇ ਲੋਕਾਂ ਵਿਚ ਵੀ ਅਜਿਹੇ ਲੋਕ ਹਨ। ਪਰ ਕਿਉਕਿ ਅਸੀਂ ਤਾਂ ਆਪਣੇ ਭਾਈਚਾਰੇ ਦੀ ਹੀ ਗੱਲ ਕਰਨੀ ਹੈ। ਅਸੀਂ ਹਰ ਰੋਜ਼ ਖਬਰਾਂ ਪੜ੍ਹਦੇ ਹਾਂ ਅਤੇ ਟੀਵੀ ਉੱਤੇ ਦੇਖਦੇ ਹਾਂ ਕਿ ਕਿਵੇਂ ਆਪਣੇ ਹੀ ਲੋਕ ਹਰ ਬਿਜ਼ਨਸ ਵਿਚ, ਫੈਕਟਰੀਆਂ ਵਿਚ ਆਪਣੇ ਹੀ ਲੋਕਾਂ ਦੀ ਲੁੱਟ-ਖਸੁੱਟ ਕਰ ਰਹੇ ਹਨ। ਬੇਵੱਸ ਅਤੇ ਕਾਨੂੰਨਾਂ ਤੋਂ ਨਾਵਾਕਿਫ ਲੋਕਾਂ ਦੀ ਮਿਹਨਤ ਦਾ ਪੈਸਾ ਮਾਰਦੇ ਹਨ ਜਾਂ ਘੱਟ ਪੈਸਿਆਂ ਤੇ ਕੰਮ ਕਰਨ ਲਈ ਮਜਬੂਰ ਕਰਦੇ ਹਨ। ਇਹ ਲੋਕ ਕੋਈ ਬਾਹਰੋਂ ਨਹੀਂ ਸਾਡੇ ਵਿੱਚੋਂ ਹੀ ਨੇ ਤੇ ਸਾਡੇ ਆਲੇ-ਦੁਆਲੇ ਹੀ ਰਹਿੰਦੇ ਹਨ। ਅਸੀਂ ਸਭ ਕੁਝ ਦੇਖਦੇ ਅਤੇ ਜਾਣਦੇ ਹੋਏ ਵੀ ਅੱਖਾਂ ਬੰਦ ਕਰ ਲੈਂਦੇ ਹਾਂ, ਜਿਸ ਕਾਰਨ ਲੋਟੂ ਟੋਲੇ ਨੂੰ ਹੋਰ ਹੌਸਲਾ ਮਿਲਦਾ ਹੈ। ਅਸੀਂ ਇਹ ਸਮਝਦੇ ਹਾਂ ਕਿ ਇਹ ਕਿਹੜਾ ਸਾਡੀ ਗੱਲ ਹੈ ਜਦੋਂ ਤੱਕ ਸਾਡੇ ਆਪਣੇ ’ਤੇ ਨਹੀਂ ਪੈਂਦੀ ਉਦੋਂ ਤੱਕ ਚੁੱਪ ਰਹਿੰਦੇ ਹਾਂ। ਪਰ ਗੱਲ ਇਹ ਹੈ ਕਿ ਪੰਜਾਬ ਜਾਂ ਭਾਰਤ ਵਿਚ ਕਿਹੜਾ ਸਾਰੇ ਹੀ ਚੋਰ ਹਨ। ਕਿਉਂਕਿ ਉੱਥੇ ਇਮਾਨਦਾਰ ਲੋਕ “ਮੈਨੂੰ ਕੀ” ਦੀ ਬਿਰਤੀ ਲੈ ਕੇ ਚਲਦੇ ਰਹੇ ਅਤੇ ਕਹਾਣੀ ਇੰਨੀ ਵਿਗੜਦੀ ਗਈ ਕਿ ਅੱਜ ਹਰ ਪੰਜਾਬੀ ਉੱਥੋਂ ਭੱਜਣਾ ਚਾਹੁੰਦਾ ਹੈ। ਇਸੇ ਤਰ੍ਹਾਂ ਕੈਨੇਡਾ ਵਿਚ ਜ਼ਿਆਦਾਤਰ ਲੋਕ ਇਮਾਨਦਾਰ, ਮਿਹਨਤਕਸ਼ ਅਤੇ ਇੱਥੋਂ ਦੀਆਂ ਸਮਾਜਿਕ ਕਦਰਾਂ-ਕੀਮਤਾਂ ਦੀ ਕਦਰ ਕਰਦੇ ਹਨ ਪਰ ਅੱਜ ਜੇ ਇੱਥੇ ਸਾਡੇ ਲੋਕਾਂ ਨੇ ਇਸ ਬਹੁਤ ਥੋੜ੍ਹੀ ਗਿਣਤੀ ਦੇ ਲੋਟੂ ਟੋਲੇ ਤੇ ਨੱਥ ਨਾ ਪਾਈ ਤਾਂ ਇਉ ਲੱਗਦਾ ਹੈ ਕਿ ਪੰਜਾਬ ਵਾਗੂੰ ਕਿਤੇ ਇੱਥੇ ਇੰਨਾ ਨਿਘਾਰ ਨਾ ਆ ਜਾਵੇ ਕਿ ਜਿੱਥੇ ਅੱਜ ਅਸੀਂ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਦੇ ਗੁਣ ਗਾਉਂਦੇ ਹਾਂ ਕਿਤੇ ਸਾਡੀ ਆਉਣ ਵਾਲੇ ਪੀੜ੍ਹੀ ਸਾਨੂੰ ਲਾਹਨਤਾਂ ਨਾ ਪਾਵੇ।

ਇਸ ਕਰਕੇ ਕੈਨੇਡਾ ਦੇ 150 ਜਨਮ ਦਿਨ ਤੇ ਜੇ ਅਸੀਂ ਸੱਚਮੁੱਚ ਕੋਈ ਹਿੱਸਾ ਪਾਉਣਾ ਚਾਹੁੰਦੇ ਹੋ ਤਾਂ ਆਓ ਸਾਰੇ ਰੱਲ ਕੇ ਇਸ ਸਵਰਗ ਵਰਗੀ ਧਰਤੀ, ਜਿਸ ਨੇ ਸਾਨੂੰ ਅਤੇ ਸਾਡੇ ਬੱਚਿਆਂ ਨੂੰ ਹਰ ਆਜ਼ਾਦੀ ਦਿੱਤੀ ਹੈ ਅਤੇ ਸਾਨੂੰ ਆਪਣੇ ਕਲਾਵੇ ਵਿਚ ਲੈ ਕੇ ਨਿੱਘ ਦਿੱਤਾ ਹੈ, ਜਿਸ ਦਾ ਆਨੰਦ ਅਸੀਂ ਮਾਣ ਰਹੇ ਹਾਂ, ਇਸ ਨੂੰ ਹੋਰ ਵਧੀਆ ਬਣਾਈਏ। ਕਿਉਂਕਿ ਸਮਾਜ ਲੋਕ ਹੀ ਤਾਂ ਸਿਰਜਦੇ ਹਨ। ਅਸੀਂ ਇਹ ਸਮਾਜ ਆਪਣੇ ਬੱਚਿਆਂ ਲਈ ਕਿਹੋ ਜਿਹਾ ਛੱਡ ਕੇ ਜਾਣਾ ਹੈ, ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।

*****

(778)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡੈਨ ਸਿੱਧੂ

ਡੈਨ ਸਿੱਧੂ

Calgary, Alberta, Canada.
Phone: (403 - 560 6300)

Email: (dansidhu@gmail.com)