JaswinderSSahota7ਨੌਜਵਾਨਾਂ ਨੂੰ ਇਸ ਭੈੜੀ ਆਦਤ ਤੋਂ ਬਚਾਉਣ ਲਈ ਸਕੂਲਾਂਕਾਲਜਾਂਯੂਨੀਵਰਸਿਟੀਆਂ ਅਤੇ ਹੋਰ ਵਿੱਦਿਅਕ ਸੰਸਥਾਵਾਂ ਵਿੱਚ ...
(1 ਜੂਨ 2017)

 

31 ਮਈ ਕੌਮਾਂਤਰੀ ਤੰਬਾਕੂ ਮੁਕਤ ਦਿਹਾੜਾ ਹੈ

31 May, WHO (World Health Organization) and partners mark World No Tobacco Day!

ਤੰਬਾਕੂ ਦੇ ਸੇਵਨ ਕਾਰਨ ਦੁਨੀਆਂ ਭਰ ਵਿੱਚ ਹਰੇਕ ਸਾਲ 60 ਲੱਖ ਲੋਕ ਮੌਤ ਦੇ ਮੂੰਹ ਵਿੱਚ ਡਿੱਗ ਪੈਂਦੇ ਹਨ, ਜਿਹਨਾਂ ਵਿੱਚੋਂ 6 ਲੱਖ ਅਜਿਹੇ ਲੋਕ ਵੀ ਸ਼ਾਮਿਲ ਹਨ ਜਿਹਨਾਂ ਨੇ ਕਦੇ ਤੰਬਾਕੂ ਦਾ ਸੇਵਨ ਨਹੀਂ ਕੀਤਾ ਹੁੰਦਾ, ਸਗੋਂ ਸਿਗਰਟਾਂ/ਬੀੜੀਆਂ ਪੀਣ ਵਾਲੇ ਵਿਅਕਤੀਆਂ ਦੇ ਧੂੰਏ ਕਾਰਨ ਹੀ ਅਜਾਈਂ ਜਾਨ ਗੁਆ ਬੈਠਦੇ ਹਨ। ਇਹਨਾਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। 10 ਵਿਅਕਤੀਆਂ ਦੀ ਮੌਤਾਂ ਵਿੱਚੋਂ ਇੱਕ ਵਿਅਕਤੀ ਦੀ ਮੌਤ ਤੰਬਾਕੂ ਕਾਰਨ ਹੁੰਦੀ ਹੈ। ਸੰਸਾਰ ਭਰ ਵਿੱਚ ਤੰਬਾਕੂ ਕਾਰਨ ਹੋਣ ਵਾਲੀਆਂ ਮੌਤਾਂ ਵਿੱਚੋਂ 80 ਫੀਸਦੀ ਮੌਤਾਂ ਘੱਟ ਜਾਂ ਦਰਮਿਆਨੀ ਆਮਦਨ ਵਾਲੇ ਦੇਸ਼ਾਂ ਵਿੱਚ ਹੁੰਦੀਆਂ ਹਨ। ਇੱਕ ਸਿਗਰਟ ਪੀਣ ਨਾਲ ਵਿਅਕਤੀ ਦੀ ਉਮਰ 5 ਮਿੰਟ ਘਟ ਜਾਂਦੀ ਹੈ।

ਵਿਸ਼ਵ ਸਿਹਤ ਸੰਗਠਨ, ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਅਤੇ ਤੰਬਾਕੂ ਇੰਸਟੀਚਿਊਟ ਆਫ ਇੰਡੀਆ ਦੇ ਅਨੁਸਾਰ ਭਾਰਤ ਵਿੱਚ ਹਰੇਕ 8 ਸੈਕਿੰਡ ਬਾਅਦ ਇੱਕ ਮੌਤ ਤੰਬਾਕੂ ਦੇ ਸੇਵਨ ਕਾਰਨ ਹੁੰਦੀ ਹੈ। ਇੱਕ ਰਿਪੋਰਟ ਅਨੁਸਾਰ ਭਾਰਤ ਵਿੱਚ 25 ਕਰੋੜ ਲੋਕ ਤੰਬਾਕੂ ਦਾ ਸੇਵਨ ਕਰਦੇ ਹਨ, ਜਿਹਨਾਂ ਵਿੱਚ 57 ਫੀਸਦੀ ਨੌਜਵਾਨ ਅਤੇ 3 ਫੀਸਦੀ ਮੁਟਿਆਰਾਂ ਸ਼ਾਮਿਲ ਹਨ। ਲਗਭਗ 17 ਫੀਸਦੀ ਗੱਭਰੂ ਅਤੇ 9 ਫੀਸਦੀ ਤੰਬਾਕੂ ਪੀਣ ਵਾਲੀਆਂ ਮੁਟਿਆਰਾਂ 13-17 ਸਾਲ ਦੀ ਉਮਰ ਦੀਆਂ ਹਨ। ਬੀੜੀ ਪੀਣ ਵਾਲੇ 50 ਫੀਸਦੀ ਅਤੇ ਤੰਬਾਕੂ ਖਾਣ ਵਾਲੇ 36 ਫੀਸਦੀ ਵਿਅਕਤੀ 15 ਸਾਲ ਦੀ ਉਮਰ ਵਿੱਚ ਹੀ ਤੰਬਾਕੂ ਦਾ ਸੇਵਨ ਸ਼ੁਰੂ ਕਰ ਦਿੰਦੇ ਹਨ। ਇਹ ਇੱਕ ਗੰਭੀਰ ਵਿਚਾਰਨਯੋਗ ਮਸਲਾ ਹੈ।

ਤੰਬਾਕੂ ਨਾਲ ਸਬੰਧਤ ਕੰਪਨੀਆਂ ਆਪਣਾ ਤੰਬਾਕੂ ਦਾ ਸਟਾਕ (ਭੰਡਾਰ) ਭਾਰਤ, ਚੀਨ ਅਤੇ ਇੰਡੋਨੇਸੀਆ ਵਰਗੇ ਦੇਸ਼ਾਂ ਵਿੱਚ ਰੱਖ ਰਹੀਆਂ ਹਨ। ਵਰਲਡ ਸਟਡੀ ਬੈਂਕ ਅਨੁਸਾਰ ਇਹ ਅਜਿਹੇ ਦੇਸ਼ ਹਨ, ਜਿਹਨਾਂ ਵਿੱਚ ਤੰਬਾਕੂ ਦਾ ਸੇਵਨ ਵਧਿਆ ਹੈ। ਤੰਬਾਕੂ ਕੰਪਨੀਆਂ ਨੌਜਾਵਾਨਾਂ ਨੂੰ ਆਪਣਾ ਸ਼ਿਕਾਰ ਬਣਾਉਂਦੀਆਂ ਹਨ। ਸਾਡੇ ਦੇਸ਼ ਵਿੱਚ ਹਰ ਦਿਨ 5500 ਬੱਚੇ ਤੰਬਾਕੂ ਦਾ ਸੇਵਨ ਸ਼ੁਰੂ ਕਰ ਦਿੰਦੇ ਹਨ। ਦੇਸ਼ ਵਿੱਚ 15 ਸਾਲ ਤੋਂ ਘੱਟ ਉਮਰ ਦੇ ਤੰਬਾਕੂ ਪੀਣ ਵਾਲੇ ਬੱਚਿਆਂ ਦੀ ਸੰਖਿਆ ਲਗਭਗ 40 ਲੱਖ ਹੈ। ਚੀਨ ਵਿੱਚ ਲਗਭਗ 50 ਫੀਸਦੀ ਲੋਕ ਤੰਬਾਕੂ ਦਾ ਸੇਵਨ ਕਰਦੇ ਹਨ।

ਭਾਰਤ ਵਿੱਚ ਤੰਬਾਕੂ ਸਿਗਰਟ, ਬੀੜੀ, ਜਰਦਾ, ਪਾਨ, ਹੁੱਕਾ-ਚਿਲਮ ਆਦਿ ਰਾਹੀਂ ਨਸ਼ੇ ਲਈ ਵਰਤਿਆ ਜਾਂਦਾ ਹੈ। ਦੁਨੀਆਂ ਭਰ ਵਿੱਚ 45 ਫੀਸਦੀ ਮਰਦ ਤੰਬਾਕੂ ਦਾ ਸੇਵਨ ਕਰਦੇ ਹਨ। ਔਰਤਾਂ ਵੀ ਤੰਬਾਕੂ ਦਾ ਸੇਵਨ ਕਰਨ ਵਿੱਚ ਪਿੱਛੇ ਨਹੀਂ ਹਨ। ਇੱਕ ਸਰਵੇ ਅਨੁਸਾਰ ਸੰਸਾਰ ਵਿੱਚ 600 ਅਰਬ ਕਰੋੜ ਬੀੜੀਆਂ-ਸਿਗਰਟਾਂ ਪੀਤੀਆਂ ਜਾਂਦੀਆਂ ਹਨ। ਭਾਰਤ ਵਿੱਚ 1951 ਵਿੱਚ 23 ਕਰੋੜ ਕਿਲੋਗ੍ਰਾਮ ਤੰਬਾਕੂ ਵਰਤਿਆ ਜਾਂਦਾ ਸੀ, ਪਰ 1991 ਵਿੱਚ ਇਸ ਦੀ ਖਪਤ ਵਧ ਕੇ 40 ਕਰੋੜ ਕਿਲੋਗ੍ਰਾਮ ਹੋ ਗਈ ਸੀ। ਤੰਬਾਕੂ ਦੀ ਵਰਤੋਂ ਤੇ ਵਿਕਰੀ ਸੰਬੰਧੀ ਪ੍ਰਾਪਤ ਵੇਰਵਿਆਂ ਅਨੁਸਾਰ ਪਿਛਲੇ ਕੁਝ ਕੁ ਸਾਲਾਂ ਵਿੱਚ ਤੰਬਾਕੂ ਨਾਲ ਜੁੜੀਆਂ ਬਹੁਤ ਸਾਰੀਆਂ ਕੰਪਨੀਆਂ ਵੱਲੋਂ ਨਵੇਂ-ਨਵੇਂ ਢੰਗਾਂ ਨਾਲ ਗਾਹਕਾਂ ਨੂੰ ਆਪਣੇ ਵੱਲ ਖਿੱਚਣ ਲਈ ਗੁਟਕੇ ਆਦਿ ਦੇ ਪੈਕਟਾਂ ਨੂੰ ਸੁੰਦਰ ਅਤੇ ਦਿਲ ਖਿੱਚਵੀਆਂ ਤਸਵੀਰਾਂ ਛਾਪ ਕੇ ਬਜ਼ਾਰ ਵਿੱਚ ਵੇਚਿਆ ਜਾ ਰਿਹਾ ਹੈ।

ਪੰਜ ਦਰਿਆਵਾਂ ਦੀ ਧਰਤੀ ਪੰਜਾਬ ਵਿੱਚ ਨਸ਼ਿਆਂ ਦਾ ਵਹਿ ਰਿਹਾ ਛੇਵਾਂ ਦਰਿਆ ਹੁਣ ਉੱਛਲ ਰਿਹਾ ਹੈ, ਜਿਹੜਾ ਕਿ ਸਾਡੇ ਨੌਜਵਾਨਾਂ ਨੂੰ ਰੋੜ੍ਹ ਕੇ ਮੌਤ ਦੇ ਮੂੰਹ ਵੱਲ ਲਿਜਾ ਰਿਹਾ ਹੈ। ਪੰਜਾਬ ਵਰਗੇ ਸੂਬੇ ਵਿੱਚ ਤੰਬਾਕੂ ਦੀ ਖਪਤ ਕਾਫੀ ਵਧੀ ਹੈ, ਜਿਹੜੀ ਕਿ ਗੰਭੀਰਤਾ ਨਾਲ ਵਿਚਾਰਨਯੋਗ ਗੱਲ ਹੈ। ਹਰ ਸਾਲ ਅਰਬਾਂ ਹੀ ਰੁਪਏ ਧੂੰਏਂ ਦੇ ਰੂਪ ਵਿੱਚ ਫੂਕ ਦਿੱਤੇ ਜਾਂਦੇ ਹਨ। ਸੰਸਾਰ ਭਰ ਵਿੱਚ 2 ਅਰਬ ਡਾਲਰ ਕੀਮਤ ਦੀਆਂ ਸਿਗਰਟਾਂ ਪੀਤੀਆਂ ਜਾਂਦੀਆਂ ਹਨ। ਇੰਨੀ ਰਾਸ਼ੀ ਨਾਲ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਹਨ। ਪੇਂਡੂ ਖੇਤਰ ਵਿੱਚ ਤੰਬਾਕੂ ਦੀ ਵਰਤੋਂ ਵਧੇਰੇ ਹੁੰਦੀ ਹੈ।

ਤੰਬਾਕੂ ਦੀ ਵਰਤੋਂ ਨਾਲ ਜਿੱਥੇ ਆਰਥਿਕ ਤੌਰ ’ਤੇ ਨੁਕਸਾਨ ਹੋ ਰਿਹਾ ਹੈ, ਉੱਥੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਲਈ ਵੀ ਤੰਬਾਕੂ ਜ਼ਿੰਮੇਵਾਰ ਹਨ। ਤੰਬਾਕੂ ਵਿੱਚ ਵਿੱਚ ਨਿਕੋਟੀਨ, ਮਾਰਸ਼, ਅਮੋਨੀਆ ਜਿਹੇ ਬਹੁਤ ਸਾਰੇ ਰਸਾਇਣਕ ਪਦਾਰਥ ਹੁੰਦੇ ਹਨ ਜੋ ਸਾਡੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹਨ। ਤੰਬਾਕੂ ਦੇ ਸੇਵਨ ਨਾਲ ਫੇਫੜੇ, ਮੂੰਹ, ਗਲੇ, ਮਸਾਨੇ ਅਤੇ ਖੁਰਾਕ ਦੀ ਨਾਲੀ ਦਾ ਕੈਂਸਰ ਹੋ ਸਕਦਾ ਹੈ। ਦਿਲ ਦਾ ਦੌਰਾ, ਖੂਨ ਦਾ ਦਬਾਅ (ਬਲੈਡ ਪ੍ਰੈਸ਼ਰ), ਲੱਤਾਂ ਵਿੱਚ ਦਬਾਅ, ਪੈਰਾਂ ਦੀਆਂ ਉਂਗਲੀਆਂ ਦਾ ਗਲਣਾ, ਖੂਨ ਦੀਆਂ ਨਾੜੀਆਂ ਦਾ ਸੁੰਗੜਨਾ ਤੇ ਸਖਤ ਹੋਣਾ, ਸਾਹ ਚੜਨਾ, ਤਾਪਦਿਕ, ਖੰਘ, ਗਰਭ ਗਿਰਨਾ, ਮਿਹਦੇ ਦਾ ਅਲਸਰ, ਕਬਜ਼, ਦੰਦਾਂ ਦਾ ਕੀੜਾ, ਨਜ਼ਰ ਦਾ ਘਟਣਾ, ਯਾਦ ਸ਼ਕਤੀ ਦੀ ਕੰਮਜ਼ੋਰੀ ਆਦਿ ਬਿਮਾਰੀਆਂ ਹੋ ਸਕਦੀਆਂ ਹਨ। ਤੰਬਾਕੂ ਦਾ ਮਾੜਾ ਪ੍ਰਭਾਵ ਮਾਂ ਦੇ ਦੁੱਧ ਰਾਹੀਂ ਬੱਚੇ ਦੀ ਸਿਹਤ ਨੂੰ ਵੀ ਵਿਗਾੜ ਸਕਦਾ ਹੈ।

ਵਿਸ਼ਵ ਸਿਹਤ ਸੰਗਠਨ ਅਨੁਸਾਰ ਫੇਫੜੇ ਦਾ ਕੈਂਸਰ ਦੇ 90 ਫੀਸਦੀ ਮਰੀਜ਼ ਤੰਬਾਕੂ ਦਾ ਸੇਵਨ ਕਰਨ ਦੇ ਆਦੀ ਹੁੰਦੇ ਹਨ। ਪਿਛਲੇ ਦੋ ਕੁ ਦਹਾਕਿਆਂ ਵਿੱਚ ਫੇਫੜੇ ਦੇ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਤੰਬਾਕੂ ਪੀਣ ਵਾਲੇ ਵਿਅਕਤੀ ਨੂੰ 70 ਫੀਸਦੀ ਦਿਲ ਦਾ ਦੌਰਾ ਪੈਣ ਦਾ ਵਧੇਰੇ ਖਤਰਾ ਹੁੰਦਾ ਹੈ। ਦਿਲ ਦੀਆਂ ਬਿਮਾਰੀਆਂ ਨਾਲ ਸਬੰਧਤ ਹਰ ਸੱਤਵਾਂ ਮਰੀਜ਼ ਤੰਬਾਕੂ ਦੀ ਵਰਤੋਂ ਕਰਨ ਵਾਲਾ ਹੂੰਦਾ ਹੈ। ਜੇ ਇਸ ਤਰ੍ਹਾਂ ਹੀ ਤੰਬਾਕੂ ਦੀ ਵਰਤੋਂ ਵਧਦੀ ਰਹੀ ਤਾਂ ਭਵਿੱਖ ਵਿੱਚ ਏਡਜ਼, ਤਾਪਦਿਕ ਅਤੇ ਜਣੇਪੇ ਕਰਕੇ ਹੋਣ ਵਾਲੀਆਂ ਕੁੱਲ ਮੌਤਾਂ ਨਾਲੋਂ ਤੰਬਾਕੂ ਦੀ ਵਰਤੋਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧ ਜਾਵੇਗੀ। ਇਹ ਵੀ ਇੱਕ ਚਿੰਤਾ ਵਾਲੀ ਗੱਲ ਹੈ ਕਿ ਸਿਗਰਟ ਅਤੇ ਬੀੜੀ ਦਾ ਇਸਤੇਮਾਲ ਕਰਨ ਵਾਲੇ ਵਿਅਕਤੀ ਦੇ ਨਾਲ-ਨਾਲ ਨੇੜੇ ਖੜ੍ਹੇ ਜਾਂ ਬੈਠੇ ਸਿਗਰਟ/ ਬੀੜੀ ਨਾ ਪੀਣ ਵਾਲੇ ਆਦਮੀ ਨੂੰ ਵੀ ਸਿਗਰਟ/ ਬੀੜੀ ਦੇ ਧੂੰਏ ਕਾਰਨ ਬੁਰੇ ਪ੍ਰਭਾਵਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ।

ਤੰਬਾਕੂ ਦਾ ਕਿਸੇ ਵੀ ਰੂਪ ਵਿੱਚ ਇਸਤੇਮਾਲ ਕਰਨਾ ਸਿਹਤ ਲਈ ਹਾਨੀਕਾਰਕ ਹੈ। ਤੰਬਾਕੂ ਦਾ ਧੂੰਆਂ ਦਿਲ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ। ਤੰਬਾਕੂ ਦੇ ਧੂੰਏ ਵਿੱਚ ਕਾਰਬਨ ਮੋਨੋਅਕਸਾਈਡ ਦੀ ਵਧੇਰੇ ਮਾਤਰਾ ਵੱਖ-ਵੱਖ ਅੰਗਾਂ ਤੱਕ ਆਕਸੀਜਨ ਪਹੁੰਚਾਉਣ ਦੇ ਸਿਸਟਮ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਕਾਰਨ ਦਿਲ ਦੇ ਨਾਲ-ਨਾਲ ਫੇਫੜੇ ਅਤੇ ਦਿਮਾਗ ਵੀ ਪ੍ਰਭਾਵਿਤ ਹੁੰਦੇ ਹਨ। ਤੰਬਾਕੂ ਦੇ ਧੂੰਏਂ ਵਿੱਚ ਮੌਜੂਦ ਨਿਕੋਟੀਨ ਨਾਮੀ ਰਸਾਇਣ ਦਿਲ ਦੀ ਧੜਕਣ ਅਤੇ ਬਲੱਡ ਪ੍ਰੈਸ਼ਰ ਵਧਾ ਦਿੰਦਾ ਹੈ। ਇਸੇ ਕਾਰਨ ਤੰਬਾਕੂ ਪੀਣ ਵਾਲੇ ਲੋਕਾਂ ਨੂੰ ਦਿਲ ਦੇ ਦੌਰੇ, ਹਾਈ ਬਲੱਡ ਪ੍ਰੈਸ਼ਰ, ਬਲੱਡ ਕਲੌਟਸ ਅਤੇ ਸਟਰੋਕ ਆਦਿ ਬਿਮਾਰੀਆਂ ਵਧੇਰੇ ਹੁੰਦੀਆਂ ਹਨ। ਤੰਬਾਕੂ ਪੀਣ ਨਾਲ ਦਿਲ ਦਾ ਦੌਰਾ ਪੈਣ ਦਾ ਖਤਰਾ ਤਿੰਨ ਗੁਣਾ ਵਧ ਜਾਂਦਾ ਹੈ। ਸਿਗਰਟ ਪੀਣ ਨਾਲ ਦਿਲ ਦਾ ਦੌਰਾ ਪੈਣ ਦਾ ਖਤਰਾ ਵਧ ਜਾਂਦਾ ਹੈ। ਇਹ ਬਿਮਾਰੀਆਂ ਕੇਵਲ ਸਿਗਰਟ ਪੀਣ ਵਾਲੇ ਨੂੰ ਹੀ ਨਹੀਂ ਹੁੰਦੀਆਂ, ਸਗੋਂ ਸਿਗਰਟ ਨਾ ਪੀਣ ਵਾਲਾ ਵਿਅਕਤੀ ਜਿਹੜਾ ਇਸ ਧੂੰਏਂ ਨਾਲ ਪ੍ਰਭਾਵਿਤ ਹੁੰਦਾ ਹੈ, ਲਈ ਵੀ ਸਿਗਰਟ ਦਾ ਧੂੰਆਂ ਉੰਨਾ ਹੀ ਨੁਕਸਾਨ ਦੇਹ ਹੈ, ਜਿੰਨਾ ਕਿ ਸਿਗਰਟ ਪੀਣ ਵਾਲੇ ਲਈ। ਤੰਬਾਕੂ ਪੀਣਾ ਛੱਡਣ ਨਾਲ ਜਲਦੀ ਹੀ ਸਿਹਤ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਜਾਂਦਾ ਹੈ।

ਬੜੇ ਹੀ ਦੁੱਖ ਦੀ ਗੱਲ ਹੈ ਕਿ ਪੰਜਾਬ ਵਿੱਚ ਵੀ ਦੂਜੇ ਪ੍ਰਾਂਤਾਂ ਵਾਂਗ ਵੱਡੀ ਪੱਧਰ ’ਤੇ ਤੰਬਾਕੂ ਦੀ ਵਰਤੋਂ ਹੋ ਰਹੀ ਹੈ। ਜਨਤਕ ਥਾਵਾਂ ’ਤੇ ਮਨਾਹੀ ਦੇ ਬਾਵਜੂਦ ਸਿਗਰਟ, ਬੀੜੀਆਂ ਅਤੇ ਚੱਬਣ ਵਾਲੇ ਤੰਬਾਕੂ ਦੀ ਵਰਤੋਂ ਸ਼ਰੇਆਮ ਹੋ ਰਹੀ ਹੈ। ਪੰਜਾਬ ਵਿੱਚ ਪਰਵਾਸੀ ਮਜ਼ਦੂਰਾਂ ਦੀ ਆਮਦ ਕਾਰਨ ਵੀ ਤੰਬਾਕੂ ਦਾ ਸੇਵਨ ਵਧਿਆ ਹੈ। ਪੰਜਾਬੀ ਵੀ ਪਰਵਾਸੀ ਮਜ਼ਦੂਰਾਂ ਵਾਂਗ ਹੀ ਤੰਬਾਕੂ ਦਾ ਇਸਤੇਮਾਲ ਕਰਨ ਲੱਗ ਪਏ ਹਨ ਜੋ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਵੱਡੇ-ਵੱਡੇ ਸ਼ਹਿਰਾਂ ਤੋਂ ਲੈ ਕੇ ਛੋਟੇ-ਛੋਟੇ ਪਿੰਡਾਂ ਵਿੱਚ ਤੰਬਾਕੂ ਵੇਚਣ ਵਾਲੇ ਖੋਖੇ ਆਮ ਹੀ ਦੇਖਣ ਨੂੰ ਮਿਲ ਜਾਂਦੇ ਹਨ। ਤੰਬਾਕੂ ਦਾ ਦਿਲ ਲੁਭਾਉਣਾ ਪ੍ਰਚਾਰ ਕਰਨ ਦੀ ਸਖ਼ਤ ਮਨਾਹੀ ਹੈ। ਭਾਰਤ ਸਰਕਾਰ ਵੱਲੋਂ ਖੁੱਲ੍ਹੀ (ਲੂਜ਼) ਸਿਗਰਟ ਵੇਚਣ ਤੇ ਲਗਾਈ ਪਾਬੰਦੀ ਇੱਕ ਸ਼ਲਾਘਾ ਯੋਗ ਕਦਮ ਹੈ। ਸਰਕਾਰੀ ਤੌਰ ’ਤੇ ਤੰਬਾਕੂ ਦੇ ਉਤਪਾਦਾਂ ਦੀ ਹਰ ਡੱਬੀ ’ਤੇ 75 ਫੀਸਦੀ ਹਿੱਸੇ ਤੇ ‘ਸਿਗਰਟ ਪੀਣਾ ਸਿਹਤ ਲਈ ਹਾਨੀਕਾਰਕ ਹੈ’ ਚਿਤਾਵਨੀ ਲਿਖਣਾ ਜ਼ਰੂਰੀ ਹੈ। 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਤੰਬਾਕੂ ਵੇਚਣਾ ਕਾਨੂੰਨੀ ਅਪਰਾਧ ਹੈ। ਵਿੱਦਿਅਕ ਅਦਾਰਿਆਂ ਦੇ 100 ਗਜ਼ ਦੇ ਦਾਇਰੇ ਵਿੱਚ ਤੰਬਾਕੂ ਉਪਾਦ ਵੇਚਣਾ ਸਜ਼ਾ ਯੋਗ ਜੁਰਮ ਹੈ। ਉਲੰਘਣਾ ਕਰਨ ਤੇ ਕੋਟਪਾ (ਕੰਟਰੋਲ ਆਫ ਤੰਬਾਕੂ ਪ੍ਰੋਡੱਕਟਸ ਐਕਟ) ਅਧੀਨ 5 ਸਾਲ ਦੀ ਜੇਲ੍ਹ ਅਤੇ 10 ਹਜਾਰ ਰੁਪਏ ਤੱਕ ਜੁਰਮਾਨਾ ਕਰਨ ਦਾ ਪ੍ਰਬੰਧ ਹੈ। ਫਿਲਮੀ ਐਕਟਰਾਂ ਨੂੰ ਸਿਗਰਟ ਪੀਂਦੇ ਦੇਖ ਕੇ ਨੌਜਵਾਨ ਪੀੜ੍ਹੀ ਇਸ ਮਾੜੀ ਆਦਤ ਦਾ ਸਹਿਜੇ ਹੀ ਸ਼ਿਕਾਰ ਹੋ ਰਹੀ ਹੈ। ਤੰਬਾਕੂ ਦੀ ਵਰਤੋਂ ਨੂੰ ਖਤਮ ਕਰਨ ਲਈ ਕੀਤੇ ਉਪਰਾਲਿਆਂ, ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਜ਼ਾ ਦੇਣ ਲਈ ਕੀਤੇ ਉਪਰਲਿਆਂ ਅਤੇ ਲੋਕਾਂ ਨੂੰ ਲਗਾਤਾਰ ਜਾਗਰੂਕ ਕਰਨ ਲਈ ਵਿਸ਼ਵ ਸਿਹਤ ਸੰਸਥਾ ਵੱਲੋਂ ਸਾਲ 2015 ਲਈ ਪੰਜਾਬ ਸਰਕਾਰ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਕੱਲ੍ਹ (31 ਮਈ) ਸੰਸਾਰ ਭਰ ਵਿੱਚੋਂ ਤੰਬਾਕੂ ਦੀ ਖਪਤ ਨੂੰ ਖਤਮ ਕਰਨ ਲਈ ਕੌਮਾਂਤਰੀ ਤੰਬਾਕੂ ਮੁਕਤ ਦਿਹਾੜਾ ‘ਤੰਬਾਕੂ- ਵਿਕਾਸ ਲਈ ਚਣੌਤੀ’ (Tobacco - a threat to development) ਥੀਮ ਅਧੀਨ ਮਨਾਇਆ ਗਿਆ। ਤੰਬਾਕੂ ਦੇ ਸੇਵਨ ਦੇ ਬੁਰੇ ਪ੍ਰਭਾਵਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਇਹ ਦਿਹਾੜਾ ਸੰਨ 1989 ਤੋਂ ਹਰ ਸਾਲ ਕੌਮਾਂਤਰੀ ਪੱਧਰ ’ਤੇ ‘ਤੰਬਾਕੂ ਮੁਕਤ ਦਿਹਾੜਾ’ ਵਜੋਂ ਮਨਾਇਆ ਜਾਂਦਾ ਹੈ। ਤੰਬਾਕੂ ਦਾ ਸੇਵਨ ਕਰਨ ਦੇ ਆਦੀ ਲੋਕਾਂ ਨੂੰ ਤੰਬਾਕੂ ਦੀ ਇਸ ਮਾੜੀ ਆਦਤ ਤੋਂ ਛੁਟਕਾਰਾ ਪਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਤੰਬਾਕੂ ਦੇ ਸੇਵਨ ਵਿਰੁੱਧ ਲੋਕ ਲਹਿਰ ਲਾਮਬੰਦ ਕਰਨੀ ਸਮੇਂ ਦੀ ਪ੍ਰਮੁੱਖ ਲੋੜ ਹੈ। ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਪਿੰਡ/ਸ਼ਹਿਰ ਦੀ ਹਰ ਗਲ਼ੀ ਵਿੱਚ ਤੰਬਾਕੂ ਦੇ ਮਾੜੇ ਪ੍ਰਭਾਵਾਂ ਨੂੰ ਦਰਸਾਉਂਦੀਆਂ ਹੋਈਆਂ ਇਕੱਤਰਤਾਵਾਂ ਚਾਹੀਦੀਆਂ ਹੈ। ਸੈਮੀਨਾਰ ਹੋਣੇ ਚਾਹੀਦੇ ਹਨ। ਨੌਜਵਾਨਾਂ ਨੂੰ ਇਸ ਭੈੜੀ ਆਦਤ ਤੋਂ ਬਚਾਉਣ ਲਈ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਹੋਰ ਵਿੱਦਿਅਕ ਸੰਸਥਾਵਾਂ ਵਿੱਚ ਭਾਸ਼ਣ, ਪੇਂਟਿੰਗ ਅਤੇ ਕਵਿਤਾ ਮੁਕਾਬਲੇ ਹੋਣੇ ਚਾਹੀਦੇ ਹਨ। ਡਾਕਟਰਾਂ, ਅਧਿਆਪਕਾਂ, ਸਮਾਜ ਸੇਵਕਾਂ ਅਤੇ ਮੀਡੀਏ ਦੇ ਨਾਲ-ਨਾਲ ਧਾਰਮਿਕ ਆਗੂ ਵੀ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਵਿਸ਼ੇਸ਼ ਯੋਗਦਾਨ ਪਾਉਣ, ਤਾਂ ਜੋ ਲੋਕਾਂ ਨੂੰ ਤੰਬਾਕੂ ਦੇ ਸੇਵਨ ਦੀ ਕੋਹੜ ਵਰਗੀ ਬਿਮਾਰੀ ਤੋਂ ਬਚਾਇਆ ਜਾ ਸਕੇ।

ਆਓ, ਇਸ ਅੰਤਰ-ਰਾਸ਼ਟਰੀ ਤੰਬਾਕੂ ਸੇਵਨ ਵਿਰੋਧੀ ਦਿਵਸ ਮੌਕੇ ਤੰਬਾਕੂ ਦੇ ਬੁਰੇ ਪ੍ਰਭਾਵਾਂ ਨੂੰ ਦੇਖਦੇ ਹੋਏ ਤੰਬਾਕੂ ਦਾ ਸੇਵਨ ਨਾ ਕਰਨ ਦਾ ਪ੍ਰਣ ਕਰਕੇ ਸਿਹਤਮੰਦ ਜੀਵਨ ਦੀ ਸ਼ੁਰੂਆਤ ਕਰੀਏ।

*****

(719)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਜਸਵਿੰਦਰ ਸਿੰਘ ਸਹੋਤਾ

ਜਸਵਿੰਦਰ ਸਿੰਘ ਸਹੋਤਾ

Hoshiarpur, Punjab, India.
Phone: (91 - 94631 - 62825)
Email: (jassahota04@yahoo.com)