AmarbirSCheema7ਵੱਡੇ-ਵੱਡੇ ਅਹੁਦਿਆਂ ਉੱਤੇ ਜਿਸ ਤਰ੍ਹਾਂ ਦਿੱਲੀ ਤੋਂ ਗੈਰ ਪੰਜਾਬੀ ਫਿੱਟ ਕੀਤੇ ਜਾ ਰਹੇ ਹਨਇਹ ...
(19 ਦਸੰਬਰ 2025)


ਗੱਲ ਸ਼ੁਰੂ ਤੋਂ ਹੀ ਸ਼ੁਰੂ ਕਰਦ ਹਾਂ ਜਦੋਂ ਸਤੌਜ ਵਾਲੇ ਮਾਸਟਰ ਦੇ ਮੁੰਡੇ ਨੂੰ ਕੋਈ ਨਹੀਂ ਸੀ ਜਾਣਦਾ। ਸੁਰ-ਸੰਗਮ ਵਾਲੇ ਜਰਨੈਲ ਘੁਮਾਣ ਹੁਰਾਂ ਨੇ ‘ਕੁਲਫ਼ੀ ਗਰਮਾ’ ਗਰਮ ਰਾਹੀਂ ਇੱਕ ਕਮੇਡੀਅਨ ਮੁੰਡੇ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਅਤੇ ਸਤੌਜ ਵਾਲੇ ਮਾਸਟਰ ਦਾ ਮੁੰਡਾ ਭਗਵੰਤ ਮਾਨ ਦਿਨਾਂ ਵਿੱਚ ਮਸ਼ਹੂਰ ਹੋ ਗਿਆ। ਫਿਰ ਮਿੱਠੀਆਂ ਮਿਰਚਾਂ ਅਤੇ ਨਾਲੋ ਨਾਲ ਜੁਗਨੂੰ ਮਸਤ ਮਸਤ
, ਜੁਗਨੂੰ ਹਾਜ਼ਰ ਹੈ, ਜੁਗਨੂੰ ਕਹਿੰਦਾ ਹੈ ਤੋਂ ਇਲਾਵਾ ਜਗਤਾਰ ਜੱਗੀ ਅਤੇ ਫਿਰ ਰਾਣਾ ਰਣਬੀਰ ਨਾਲ ਸਟੇਜਾਂ ’ਤੇ ਕੀਤੇ ਕਾਮੇਡੀ ਸ਼ੋਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇੱਕ ਸਮੇਂ ਸਵ. ਜਸਵਿੰਦਰ ਭੱਲਾ ਅਤੇ ਗੁਰਪ੍ਰੀਤ ਘੁੱਗੀ ਹੋਰਾਂ ਨਾਲ ਮੁਕਾਬਲਾ ਚੱਲਦਾ ਰਹਿੰਦਾ ਸੀ। ਫਿਰ ਫਿਲਮਾਂ ਵਿੱਚ ਵੀ ਹੱਥ ਅਜ਼ਮਾਇਆ। ਇਸ ਉਪਰੰਤ ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਆਫ ਪੰਜਾਬ (ਪੀਪੀਪੀ) ਰਾਹੀਂ ਰਾਜਨੀਤੀ ਵਿੱਚ ਪੈਰ ਧਰਾਵਾ ਕੀਤਾ। ਉਪਰੰਤ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਫਿਰ ਦੋ ਵਾਰ ਸੰਗਰੂਰ ਦੇ ਲੋਕਾਂ ਨੇ ਭਗਵੰਤ ਮਾਨ ਹੋਰਾਂ ਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਦਿੱਲੀ ਭੇਜਿਆ।

ਦਿਨੋਂ ਦਿਨ ਲੋਕਪ੍ਰਿਯਤਾ ਵਧਦੀ ਗਈ। ਰਵਾਇਤੀ ਪਾਰਟੀਆਂ ਦੇ ਝੰਬੇ ਸਮੁੱਚੇ ਪੰਜਾਬੀਆਂ ਨੇ 2022 ਵਿੱਚ ਪੰਜਾਬ ਦੀ ਵਾਗਡੋਰ ਆਮ ਆਦਮੀ ਪਾਰਟੀ ਨੂੰ ਸੌਂਪ ਦਿੱਤੀ। ਆਮ ਆਦਮੀ ਪਾਰਟੀ ਨੂੰ 92 ਸੀਟਾਂ ਜਿੱਤ ਕੇ ਸਪਸ਼ਟ ਬਹੁਮਤ ਹਾਸਲ ਹੋਇਆ। ਉਂਝ ਇਹ ਗੱਲ ਵੱਖਰੀ ਹੈ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਉਣ ਦੇ ਨਾਲ-ਨਾਲ ਉੰਨਾ ਹੀ ਗੁੱਸਾ ਦੋਵਾਂ ਰਵਾਇਤੀ ਪਾਰਟੀਆਂ ਨੂੰ ਹਰਾਉਣ ਲਈ ਵੀ ਕੱਢਿਆ ਸੀ।

ਮੁੱਖ ਮੰਤਰੀ ਬਣਦਿਆਂ ਹੀ ਭਗਵੰਤ ਮਾਨ ਨੇ ਪੰਜਾਬ ਪੱਖੀ ਫੈਸਲਿਆਂ ਦੀ ਝੜੀ ਲਾ ਦਿੱਤੀ। ਮੁੱਖ ਮੰਤਰੀ ਸਾਹਿਬ ਸਰਕਾਰ ਬਣਦੇ ਸਾਰ ਕਹਿੰਦੇ ਹੁੰਦੇ ਸੀ ਕਿ ਪੰਜਾਬ ਦੇ ਲੋਕਾਂ ਨੇ ਮੈਨੂੰ ਹਰਾ ਪੈੱਨ ਚਲਾਉਣ ਦੀ ਤਾਕਤ ਦਿੱਤੀ ਹੈ, ਹੁਣ ਮੈਂ ਸਰਕਾਰੀ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਖੋਲ੍ਹ ਦੇਣਾ ਹੈ। ਹਰਮਨ-ਪਿਆਰਤਾ ਹੋਰ ਮਕਬੂਲ ਹੋਣ ਲੱਗੀ। ਪੰਜਾਬ ਨੂੰ ਰੰਗਲਾ ਬਣਾਉਣ ਲਈ ਹਰੇ ਪੈੱਨ ਦੀ ਰੱਜ ਕੇ ਵਰਤੋਂ ਕੀਤੀ। ਹੁਣ ਤਕ ਵਿਰੋਧੀਆਂ ਕੋਲ ਉਨ੍ਹਾਂ ਖ਼ਿਲਾਫ ਬੋਲਣ ਲਈ ਕੁਝ ਵੀ ਨਹੀਂ ਸੀ ਬਚਿਆ, ਉਂਝ ਭਾਵੇਂ ਵਿਰੋਧ ਕਰਨ ਲਈ ਵਿਰੋਧ ਕਰਨਾ ਹੀ ਹੁੰਦਾ ਹੈ।

ਮਈ ਮਹੀਨੇ (2022) ਅਚਾਨਕ ਪੰਜਾਬ ਦੇ ਸਿਰਮੌਰ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋ ਜਾਂਦਾ ਹੈ, ਜਿੱਥੇ ‘ਆਪ’ ਸਰਕਾਰ ਪਹਿਲੀ ਵਾਰ ਜਵਾਬਦੇਹ ਬਣਦੀ ਹੈ। ਸ਼ਾਇਦ ਇਹੀ ਕਾਰਨ ਹੋ ਸਕਦਾ ਹੈ ਜਾਂ ਫਿਰ ਕੁਰਸੀ ਮਿਲਣ ’ਤੇ ਪਾਰਟੀ ਦੇ ਵਰਕਰਾਂ, ਵਲੰਟੀਅਰਾਂ, ਆਗੂਆਂ ਅਤੇ ਮੰਤਰੀਆਂ ਦੇ ਰਵੱਈਏ ਵਿੱਚ ਇੱਕਦਮ ਆਈ ਤਬਦੀਲੀ ਵੀ ਮੁੱਖ ਮੰਤਰੀ ਵੱਲੋਂ ਛੱਡੀ ਸੰਗਰੂਰ ਦੀ ਸੀਟ ਹਾਰਨ ਦਾ ਕਾਰਨ ਹੋ ਸਕਦੀ ਹੈ। ਸੋਚਣ ਵਾਲੀ ਗੱਲ ਹੈ ਕਿ ਤਿੰਨ ਕੁ ਮਹੀਨੇ ਪਹਿਲਾਂ 92 ਸੀਟਾਂ ਜਿੱਤਣ ਵਾਲੀ ਪਾਰਟੀ ਸੰਗਰੂਰ ਲੋਕ ਸਭਾ ਦੀ ਸੀਟ ਨਾ ਬਚਾ ਸਕੀ। ਇਸ ਤੋਂ ਪਹਿਲਾਂ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਭਗਵੰਤ ਮਾਨ ਨੂੰ 533237 ਵੋਟਾਂ ਪਈਆਂ ਸਨ ਅਤੇ ਉਹ ਆਪਣੇ ਵਿਰੋਧੀ ਸਵ. ਸੁਖਦੇਵ ਸਿੰਘ ਢੀਂਡਸਾ ਨੂੰ 211721 ਵੋਟਾਂ ਦੇ ਫਰਕ ਨਾਲ ਹਰਾ ਕੇ ਸੰਗਰੂਰ ਤੋਂ ਸੰਸਦ ਮੈਂਬਰ ਬਣੇ ਸਨ। ਫਿਰ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਗਵੰਤ ਮਾਨ ਨੂੰ 413561 ਵੋਟਾਂ ਪਈਆਂ ਤੇ ਉਹ ਆਪਣੇ ਵਿਰੋਧੀ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ 110211 ਵੋਟਾਂ ਦੇ ਫਰਕ ਨਾਲ ਹਰਾ ਕੇ ਸੰਗਰੂਰ ਤੋਂ ਦੂਜੀ ਵਾਰ ਸੰਸਦ ਮੈਂਬਰ ਬਣੇ ਸਨ।

ਇੱਧਰ ਮੁੱਖ ਮੰਤਰੀ ਦੇ ਹਰੇ ਪੈੱਨ ਨੇ ਫਿਰ ਰਫਤਾਰ ਫੜੀ। ਸਰਕਾਰ ਦੀ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੌਲਰੈਂਸ ਦੀ ਨੀਤੀ ਨੇ ਪੰਜਾਬੀਆਂ ਨੂੰ ਰਾਹਤ ਦਿੱਤੀ। ਅੰਦਰੋ ਅੰਦਰੀ ਭ੍ਰਿਸ਼ਟ ਅਧਿਕਾਰੀ ਪੰਜਾਬ ਸਰਕਾਰ ਤੋਂ ਦੁਖੀ ਹਨ, ਕਿਉਂਕਿ ਉਹਨਾਂ ਦਾ ਤੋਰੀ ਫੁਲਕਾ ਬੰਦ ਜਾਂ ਘੱਟ ਹੋ ਗਿਆ ਹੈ। ਪਰ ਅੰਦਰਖਾਤੇ ਰਿਸ਼ਵਤ ਹਾਲੇ ਵੀ ਚੱਲ ਰਹੀ ਹੈ ਜਾਂ ਕਹਿ ਲਓ ਕਿ ਹੁਣ ਰਿਸ਼ਵਤ ਲੈਣ ਦੇ ਢੰਗ ਤਰੀਕੇ ਬਦਲ ਗਏ ਹਨ। ਇਸ ਤੋਂ ਇਲਾਵਾ ਮੁਫਤ ਬਿਜਲੀ, ਐੱਨ ਆਰ ਆਈਜ਼ ਦੀਆਂ ਜਾਇਦਾਦਾਂ ’ਤੇ ਕੀਤੇ ਨਾਜਾਇਜ਼ ਕਬਜ਼ੇ ਛਡਾਉਣੇ, ਬੇਰੁਜਗਾਰਾਂ ਨੂੰ ਨੌਕਰੀਆਂ ਵਰਗੇ ਫੈਸਲੇ ਸ਼ਲਾਘਾਯੋਗ ਹਨ। ਬਹੁਗਿਣਤੀ ਔਰਤਾਂ ਨੇ ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਣ ਦੀ ਆਸ ਵਿੱਚ ਆਪਣੇ ਘਰ ਵਾਲਿਆਂ ਤੋਂ ਚੋਰੀ ਵੀ ‘ਆਪ’ ਨੂੰ ਵੋਟਾਂ ਪਾਈਆਂ ਸਨ, ਪਰ ਪੌਣੇ ਚਾਰ ਸਾਲ ਬੀਤਣ ’ਤੇ ਵੀ ਇਹ ਵਾਅਦਾ ਪੂਰਾ ਨਹੀਂ ਹੋਇਆ।

ਨਸ਼ਿਆਂ ਨੂੰ ਠੱਲ੍ਹਣਾ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ, ਜਿਸ ਤਹਿਤ ‘ਯੁੱਧ ਨਸ਼ਿਆਂ ਵਿਰੁਧ’ ਇਸ ਸਰਕਾਰ ਦਾ ਬਹੁਤ ਸ਼ਲਾਘਾਯੋਗ ਉਪਰਾਲਾ ਹੈ। ਪੰਜਾਬੀਆਂ ਵੱਲੋਂ ਦਿੱਤੇ ਹਰੇ ਪੈੱਨ ਨਾਲ ਤੁਸੀਂ ਨਸ਼ਾ ਤਸਕਰਾਂ ਵੱਲੋਂ ਬਣਾਈਆਂ ਜਾਇਦਾਦਾਂ ’ਤੇ ਪੀਲਾ ਪੰਜਾ ਚਲਾਉਣ ਦਾ ਹੁਕਮ ਦਿੱਤਾ ਹੈ। ਬਹੁਤ ਚੰਗੀ ਗੱਲ ਹੈ, ਇਹ ਬਹੁਤ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ ਪਰ ਦੇਖਦੇ ਹਾਂ ਕਿ ਇਸ ਮੁਹਿੰਮ ਤਹਿਤ ਛੋਟੇ ਮੋਟੇ ਤਸਕਰਾਂ ਦੇ ਘਰਾਂ ਉੱਤੇ ਹੀ ਇਹ ਪੀਲਾ ਪੰਜਾ ਚੱਲਿਆ ਹੈ। ਉਮੀਦ ਹੈ ਕਿ ਮੁੱਖ ਮੰਤਰੀ ਸਾਹਿਬ ਦਾ ਹਰਾ ਪੈੱਨ ਨਸ਼ੇ ਦੇ ਮੋਟੇ ਅਤੇ ਵੱਡੇ ਤਸਕਰਾਂ ਅਤੇ ਸੌਦਾਗਰਾਂ ਦੀਆਂ ਕੋਠੀਆਂ ’ਤੇ ਵੀ ਚੱਲੇਗਾ।

ਦਿੱਲੀ ਦੀਆਂ ਬਰੂਹਾਂ ਉੱਤੇ ਕਿਸਾਨ ਅੰਦੋਲਨ-1 ਦੌਰਾਨ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਕਿਸਾਨਾਂ ਨੂੰ ਬਿਨਾਂ ਸ਼ਰਤ ਹਿਮਾਇਤ ਹਾਸਲ ਸੀ। ਉਨ੍ਹਾਂ ਕਿਸਾਨਾਂ ਨੇ ਵੀ ਬਿਨਾਂ ਸ਼ਰਤ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ ਸੀ। ਅੰਦੋਲਨ ਵਾਲੀ ਸਟੇਜ ਤੋਂ ਦਿੱਲੀ ਵਾਲੇ ਪਾਸੇ ਉਸ ਸਮੇਂ ਦੀ ਦਿੱਲੀ ਸਰਕਾਰ ਵੱਲੋਂ ਧਰਨੇ ’ਤੇ ਬੈਠੇ ਕਿਸਾਨਾਂ ਲਈ ਮੋਬਾਇਲ ਟਾਇਲਟਾਂ ਦੀ ਸਹੂਲਤ ਵੀ ਦਿੱਤੀ ਹੋਈ ਸੀ। ਪਰ 3 ਸਾਲਾਂ ਬਾਆਦ ਕਿਸਾਨ ਅੰਦੋਲਨ-2 ਦੌਰਾਨ ਅਜਿਹਾ ਕੀ ਹੋ ਗਿਆ ਕਿ ਉਹੀ ਕਿਸਾਨਾਂ ਦੇ ਸ਼ੈੱਡ, ਲੰਗਰ ਅਤੇ ਟੈਂਟ ਆਦਿ ਪੁੱਟਣ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਰਾਤੋ-ਰਾਤ ਪੀਲਾ ਪੰਜਾ ਚਲਾਉਣ ਲਈ ਆਪਣਾ ਹਰਾ ਪੈੱਨ ਵਰਤਣਾ ਪਿਆ? ਕਿਸਾਨ ਅੰਦੋਲਨ-1 ਦੌਰਾਨ ਕਿਸਾਨਾਂ ਦੀਆਂ ਠਾਹਰਾਂ ਬਣੀਆਂ ਟਰਾਲੀਆਂ ਤਕ ਵੀ ਇਸ ਮੌਕੇ ਚੋਰੀ ਹੋਈਆਂ।

ਇਸ ਤੋਂ ਇਲਾਵਾ ਪੰਜਾਬ ਦੇ ਵਸੀਲਿਆਂ ਦੀ ਜੋ ਵਰਤੋਂ ਦਿੱਲੀ ਵਾਲੇ ਕਰ ਰਹੇ ਹਨ, ਇਹ ਵੀ ਸੋਚਣ ਵਾਲੀ ਗੱਲ ਹੈ, ਕਿਉਂਕਿ ਪੰਜਾਬੀਆਂ ਨੇ ਵੋਟਾਂ ਤਾਂ ਭਗਵੰਤ ਮਾਨ ਦੇ ਮੂੰਹ ਨੂੰ ਪਾਈਆਂ ਸਨ। ਵੱਡੇ-ਵੱਡੇ ਅਹੁਦਿਆਂ ਉੱਤੇ ਜਿਸ ਤਰ੍ਹਾਂ ਦਿੱਲੀ ਤੋਂ ਗੈਰ ਪੰਜਾਬੀ ਫਿੱਟ ਕੀਤੇ ਜਾ ਰਹੇ ਹਨ, ਇਹ ਪੰਜਾਬੀਆਂ ਲਈ ਨਿਰਾਸ਼ਾ ਵਾਲੀ ਗੱਲ ਹੋ ਸਕਦੀ ਹੈ। 2022 ਦੀਆਂ ਚੋਣਾਂ ਤੋਂ ਸਾਲ-ਡੇਢ ਕੁ ਸਾਲ ਪਹਿਲਾਂ ਵਾਂਗ ਹੀ ਅੱਜਕੱਲ੍ਹ ਵੀ ਹਰ ਰੋਜ਼ ਵਿਧਾਇਕਾਂ ਦਾ ਘਿਰਾਓ ਅਤੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ, ਜੋ ਕਿ ਚਿੰਤਾਜਨਕ ਹੈ। ਲੋਕਾਂ ਵੱਲੋਂ ਨੇਤਾਵਾਂ ਨੂੰ ਸਵਾਲ ਕਰਨ ਦੀ ਸ਼ੁਰੂਆਤ ਉਦੋਂ ਹੀ ਹੋਈ ਸੀ। ਵਿਰੋਧ ਕਰਨ ਵਾਲੇ ਤਾਂ ਉਹੀ ਲੋਕ, ਉਹੀ ਪੰਜਾਬੀ, ਉਹੀ ਕਿਸਾਨ ਹਨ ਪਰ ਜਿਨ੍ਹਾਂ ਦਾ ਵਿਰੋਧ ਹੋ ਰਿਹਾ ਹੈ, ਉਹ ਜ਼ਰੂਰ ਬਦਲੇ ਹੋਏ ਹਨ। ਇਸ ਵਿਰੋਧ ਨੂੰ ਅੱਖੋਂ ਪਰੋਖੇ ਕਰਨ ਜਾਂ ਦਬਾਉਣ ਨਾਲੋਂ ਪੰਜਾਬ ਸਰਕਾਰ ਇਸ ਪ੍ਰਤੀ ਜ਼ਰੂਰ ਹਾਂ ਪੱਖੀ ਰਵਈਆ ਅਪਣਾਏਗੀ, ਇਸ ਗੱਲ ਦੀ ਹਰ ਪੰਜਾਬੀ ਨੂੰ ਉਮੀਦ ਹੈ।

ਇੱਕ ਗੱਲ ਹੋਰ, ਸਮਾਂ ਰਹਿੰਦਿਆਂ ਸਮਾਂ ਵਾਚਣ ਵਾਲਾ ਹੀ ਮੁੱਢ ਤੋਂ ਸਿਆਣਾ ਮੰਨਿਆ ਜਾਂਦਾ ਹੈ, ਨਹੀਂ ਤਾਂ ਫਿਰ ਉਹੀ ਰਵਾਇਤੀ ਪਾਰਟੀਆਂ ਤਾਂ ਆਪਣਾ ਪੂਰਾ ਤਾਣ ਲਾ ਹੀ ਰਹੀਆਂ ਹਨ। ਅੱਗੇ ਪੰਜਾਬ ਦੇ ਭਾਗ!

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਅਮਰਬੀਰ ਸਿੰਘ ਚੀਮਾ

ਅਮਰਬੀਰ ਸਿੰਘ ਚੀਮਾ

Sarhind, Fatehgarh Sahib, Punjab, India.
Whatsapp: (91 - 98889 - 40211)
Email: (amarbircheema@gmail.com)