“ਨਸ਼ਾ ਸਿਹਤ ਦਾ ਵੱਡਾ ਦੁਸ਼ਮਣ ਹੈ। ਇਸ ਤੋਂ ਬੱਚਣਾ ਵੀ ਜ਼ਰੂਰੀ ਹੋ ਗਿਆ ਹੈ। ਅੱਜ ਸਿਹਤ ...”
(18 ਦਸੰਬਰ 2025)
ਅੱਜ ਦੀ ਜੀਵਨਸ਼ੈਲੀ ਵਿੱਚ ਕਸਰਤ, ਸੈਰ ਅਤੇ ਯੋਗਾ ਸਿਹਤ ਦੀ ਬੁਨਿਆਦ ਹੈ। ਇਹ ਤਿੰਨੋਂ ਅਲੱਗ ਅਲੱਗ ਵਿਸ਼ੇ ਹਨ। ਹਰ ਵੰਨਗੀ ਰੋਜ਼ਾਨਾ ਜੀਵਨ ਵਿੱਚ ਤੀਹ ਮਿੰਟ ਤਕ ਕਰੋ, ਸਿਹਤਮੰਦ ਰਹਿ ਸਕਦੇ ਹੋ। ਅੱਜ ਦੇ ਜ਼ਮਾਨੇ ਵਿੱਚ ਜਿਸ ਤਰ੍ਹਾਂ ਸਿਹਤ ਮਨੁੱਖਤਾ ਲਈ ਵੰਗਾਰ ਬਣ ਕੇ ਖੜ੍ਹੀ ਹੈ, ਉਸ ਤੋਂ ਪ੍ਰਤੀਤ ਹੁੰਦਾ ਹੈ ਕਿ ਪਹਿਲੇ ਬਜ਼ੁਰਗ ਸਿਆਣੇ ਸਿਹਤ ਦਾ ਪੂਰਾ ਖਿਆਲ ਰੱਖਦੇ ਸਨ। ਦੁਨੀਆਂ ਦੀਆਂ ਸਾਰੀਆਂ ਨਿਆਮਤਾਂ ਵਿੱਚ ਸਿਹਤ ਪਹਿਲੀ ਨਿਆਮਤ ਹੈ। ਜਾਨ ਨਾਲ ਹੀ ਜਹਾਨ ਸੋਹਣਾ ਲਗਦਾ ਹੈ। ਬਜ਼ੁਰਗ ਇੱਕ ਨੁਕਤਾ ਦੱਸਦੇ ਹੁੰਦੇ ਸੀ ਕਿ ਰੱਜਣ ਤੋਂ ਪਹਿਲਾਂ ਥਾਲੀ ਅੱਗਿਓਂ ਚੱਕ ਦਿਓ। ਅੱਜ ਵੀ 80 ਪ੍ਰਤੀਸ਼ਤ ਪੇਟ ਭਰਨ ਦੀ ਮੈਡੀਕਲ ਸਲਾਹ ਦਿੰਦੇ ਹਨ ਜਦੋਂ ਕਿ 20 ਪ੍ਰਤੀਸ਼ਤ ਪੇਟ ਨੂੰ ਊਣਾ ਰੱਖਣਾ ਚਾਹੀਦਾ ਹੈ। ਅੱਜ ਤਾਂ ਖਾਣਾ ਖਾਣ ਲੱਗੇ ਇਹ ਵੀ ਸੋਚਣਾ ਪੈਂਦਾ ਹੈ ਕਿ ਇਸ ਵਿੱਚ ਮਿਲਾਵਟ ਤਾਂ ਨਹੀਂ? ਮਿਲਾਵਟ ਬਾਰੇ ਸਾਡੇ ਕਾਨੂੰਨ ਕਾਇਦੇ ਵਿੱਚ ਠੋਸ ਪਹਿਰਾ ਨਹੀਂ ਦਿੱਤਾ ਜਾਂਦਾ। ਸਿਹਤਮੰਦ ਵਿਅਕਤੀ ਊਰਜਾ ਨਾਲ ਭਰਿਆ ਹੁੰਦਾ ਹੈ ਜੋ ਕਿ ਵਿਕਾਸ ਦਾ ਕਾਰਨ ਬਣਦਾ ਹੈ। ਸਿਹਤ ਦੇ ਵਿੱਚ ਬੰਦੇ ਦੇ ਹਰ ਤਰ੍ਹਾਂ ਦੇ ਚਾਅ ਮਲਾਰ ਅਤੇ ਤਰੱਕੀਆਂ ਵਸਦੀਆਂ ਹਨ।
ਅੱਜ ਹਾਲਾਤ ਇਹ ਹਨ ਅਸੀਂ ਜੀਭ ਦੇ ਸਵਾਦ ਪਿੱਛੇ ਲੱਗ ਕੇ ਆਪਣੀ ਕਬਰ ਪੁੱਟਣ ਵੱਲ ਤੁਰੇ ਹੋਏ ਹਾਂ। ਇੱਕ ਮੋਟੇ ਅੰਦਾਜ਼ੇ ਮੁਤਾਬਿਕ ਭਾਰਤ ਵਿੱਚ ਮਨੁੱਖ ਲਈ 1500 ਕੈਲੋਰੀ ਦੀ ਜ਼ਰੂਰਤ ਕਾਫੀ ਹੁੰਦੀ ਹੈ ਪਰ ਅਸੀਂ 2500 ਕੈਲੋਰੀ ਦੇ ਨੇੜੇ-ਤੇੜੇ ਦਿਨ ਵਿੱਚ ਢਕਾਰ ਜਾਂਦੇ ਹਾਂ। ਮਸ਼ੀਨੀ ਯੁਗ ਦੀ ਸ਼ੁਰੂਆਤ ਕਾਰਨ ਸਾਨੂੰ ਹੱਥੀਂ ਕੰਮ ਕਰਨ ਦੀ ਆਦਤ ਨਹੀਂ ਰਹੀ, ਜਿਸ ਕਰਕੇ ਖਾਧਾ-ਪੀਤਾ ਹਜ਼ਮ ਨਹੀਂ ਹੁੰਦਾ। ਅੱਗੇ ਜਾਕੇ ਇਹ ਵਾਧੂ ਖਾਧਾ ਪੀਤਾ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਸਵੇਰ ਦੀ ਸੈਰ ਅਤੇ ਕਸਰਤ ਅੱਜ ਮਨੁੱਖ ਦੇ ਜੀਵਨ ਦਾ ਇੱਕ ਅੰਗ ਹੋਣੇ ਚਾਹੀਦੀਆਂ ਹਨ। ਇਹ ਦੋਵੇਨ ਕਈ ਅਲਾਮਤਾਂ ਲਈ ਰਾਮ-ਬਾਣ ਦਾ ਕੰਮ ਕਰਦੀਆਂ ਹਨ।
ਨਸ਼ਾ ਸਿਹਤ ਦਾ ਵੱਡਾ ਦੁਸ਼ਮਣ ਹੈ। ਇਸ ਤੋਂ ਬੱਚਣਾ ਵੀ ਜ਼ਰੂਰੀ ਹੋ ਗਿਆ ਹੈ। ਅੱਜ ਸਿਹਤ ਪ੍ਰਤੀ ਖਿਲਵਾੜ ਦੀ ਜ਼ੀਰੋ ਪ੍ਰਤੀਸ਼ਤ ਸਹਿਣ ਸ਼ਕਤੀ ਵੀ ਨਹੀਂ ਚਾਹੀਦੀ।
ਅੱਜ ਸਿਹਤ ਲਈ ਕਸਰਤ ਦੇ ਵੱਖ-ਵੱਖ ਸਾਧਨ ਅਤੇ ਯੋਗਾ ਚੱਲ ਰਿਹਾ ਹੈ। ਮਾਹਰ ਦੱਸਦੇ ਹਨ ਕਿ ਰੋਜ਼ਾਨਾ 45 ਮਿੰਟ ਤਕ ਸੈਰ ਕਾਰਗਰ ਸਿੱਧ ਹੁੰਦੀ ਹੈ। ਅਮਰੀਕਾ ਦੀ ਸਿਹਤ ਸਬੰਧੀ ਰਿਪੋਰਟ ਮੁਤਾਬਿਕ ਮਨੁੱਖ ਨੂੰ 10 ਹਜ਼ਾਰ ਕਦਮ ਰੋਜ਼ਾਨਾ ਸੈਰ ਕਰਨੀ ਚਾਹੀਦੀ ਹੈ। ਇਸ ਨਾਲ ਬਿਮਾਰੀਆਂ ਦਾ ਅਗਾਊਂ ਹੱਲ ਕੀਤਾ ਜਾ ਸਕਦਾ ਹੈ। ਅੱਜ ਦੇ ਸਮੇਂ ਮੋਬਾਇਲ, ਟੀ.ਵੀ., ਕੰਪਿਊਟਰ ਵੀ ਸਿਹਤ ਨੂੰ ਨੁਕਸਾਨ ਪਹੁੰਚਾ ਰਹੇ ਹਨ। ਇਨ੍ਹਾਂ ਦੀ ਵਰਤੋਂ ਸਹੀ ਅਤੇ ਸਾਰਥਿਕ ਤਰੀਕੇ ਨਾਲ ਇੱਕ ਸੀਮਾ ਵਿੱਚ ਕਰਨੀ ਚਾਹੀਦੀ ਹੈ। ਬੱਚਿਆਂ ਦੇ ਹੱਥ ਮੋਬਾਇਲ ਫੜਾਉਣਾ ਸਿਹਤ ਨਾਲ ਵੱਡਾ ਧੋਖਾ ਹੈ। ਹਰ ਘਰ ਵਿੱਚ ਆਪੇ ਬਣੇ ਡਾਕਟਰ ਵੀ ਹੁੰਦੇ ਹਨ, ਇਨ੍ਹਾਂ ਨੂੰ ਛੱਡਕੇ ਮਾਹਰ ਡਾਕਟਰ ਤੋਂ ਦਵਾ ਅਤੇ ਸਲਾਹ ਲੈਣੀ ਚਾਹੀਦੀ ਹੈ। ਸਿਹਤ ਦਾ ਨਿਯਮਤ ਜਾਂਚ ਮੁਲਾਂਕਣ ਕਰਵਾਉਂਦੇ ਰਹਿਣਾ ਚਾਹੀਦਾ ਹੈ।
ਅੱਜ ਵੱਡੀ ਚੁਣੌਤੀ ਇਹ ਹੋ ਚੁੱਕੀ ਹੈ ਕਿ ਤਨ ਦੇ ਨਾਲ ਮਨ ਵੀ ਰੋਗੀ ਹੋ ਚੁੱਕਿਆ ਹੈ। ਇਸ ਨਾਲ ਕਈ ਕਿਸਮ ਦੀ ਖੜੋਤ ਅਤੇ ਝਮੇਲੇ ਪੈਦਾ ਹੋ ਗਏ ਹਨ। ਸੰਸਾਰ ਸਿਹਤ ਸੰਸਥਾ ਇਹ ਵੀ ਦੱਸਦੀ ਹੈ ਕਿ ਜੋ ਅੱਜ ਬੱਚੇ ਜੰਮਦੇ ਹਨ, ਉਹਨਾਂ ਵਿੱਚ ਵੀ ਮਾਨਸਿਕ ਤਣਾਉ ਗ੍ਰਸਤ ਬੱਚੇ ਮਿਲਦੇ ਹਨ। ਬਹੁਤੀਆਂ ਤਨ ਦੀਆਂ ਬਿਮਾਰੀਆਂ ਦਾ ਕਾਰਨ ਮਨ ਦੀਆਂ ਬਿਮਾਰੀਆਂ ਹੁੰਦਾ ਹੈ। ਸਾਡੀ ਪਵਿੱਤਰ ਗੁਰਬਾਣੀ ਵਿੱਚ ਮਨ ਨੂੰ ਜਿੱਤਣਾ ਜੱਗ ਨੂੰ ਜਿੱਤਣ ਦੇ ਬਰਾਬਰ ਦੱਸਿਆ ਗਿਆ ਹੈ। ਸਿਹਤ ਪ੍ਰਤੀ ਜਾਗਰੂਕ ਹੋਣਾ ਅੱਜ ਸਭ ਤੋਂ ਵੱਡਾ ਗੁਣ ਹੈ। ਜੀਵਨ ਸ਼ੈਲੀ ਵਿੱਚ ਸੁਧਾਰ ਕਰਕੇ ਅਤੇ ਸਿਹਤ ਲਈ ਲੋੜੀਂਦੀਆਂ ਕਸਰਤਾਂ ਕਰਨਾ ਇੱਕ ਸ਼ੌਕ ਹੋਣਾ ਚਾਹੀਦਾ ਹੈ। ਪੁਰਾਣੇ ਸਿਆਣੇ ਸਾਦੀ ਖੁਰਾਕ ਅਤੇ ਸਾਦੀ ਪੁਸ਼ਾਕ ਦਾ ਹੋਕਾ ਦਿੰਦੇ ਸਨ। ਇਸੇ ਲਈ ਦਾਦੀ ਦੇ ਨੁਖਸੇ ਸਿਹਤ ਦਾ ਰਾਜ ਹੁੰਦੇ ਸਨ। ਖਾਣਾ-ਪੀਣਾ ਅਜਿਹਾ ਸ਼ੁੱਧ ਹੋਣਾ ਚਾਹੀਦਾ ਹੈ, ਜਿਸ ਨਾਲ ਤਨ ਅਤੇ ਮਨ ਵਿੱਚ ਵਿਕਾਰ ਪੈਦਾ ਨਾ ਹੋਣ। ਇਸ ਸਬੰਧੀ ਗੁਰਬਾਣੀ ਦਾ ਪਵਿੱਤਰ ਫਰਮਾਣ ਹਿਰਦੇ ਵਿੱਚ ਵਸਾਉਣਾ ਚਾਹੀਦਾ ਹੈ:
“ਬਾਬਾ ਹੋਰੁ ਖਾਣਾ ਖੁਸੀ ਖੁਆਰੁ, ਜਿਤੁ ਖਾਧੈ ਤਨੁ ਪੀੜੀਐ, ਮਨ ਮਹਿ ਚਲਹਿ ਵਿਕਾਰ।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (