“ਚੰਨੋ ਭੁੱਬਾਂ ਮਾਰ ਕੇ ਰੋਣ ਲੱਗ ਪਈ ਤੇ ਕਹੇ, ਮੈਂ ਉੱਥੇ ਨਹੀਂ ਜਾਣਾ। ਭਰਾਵਾਂ ਨੇ ਸੋਚਿਆ ...”
(13 ਦਸੰਬਰ 2025)
ਸਾਨੂੰ ਪਿੰਡ ਛੱਡਿਆਂ ਕਈ ਸਾਲ ਹੋ ਗਏ ਸੀ। ਪਿੰਡ ਦੇ ਗੁਆਂਢ ਵਿੱਚੋਂ ਲਗਦੀ ਭੂਆ ਅਕਸਰ ਹੀ ਸਾਡੇ ਘਰ ਸ਼ਹਿਰ ਆਉਂਦੀ ਰਹਿੰਦੀ। ਕਈ ਵਾਰੀ ਦੋ-ਦੋ, ਤਿੰਨ-ਤਿੰਨ ਰਾਤਾਂ ਵੀ ਸਾਡੇ ਘਰ ਕੱਟ ਜਾਂਦੀ। ਜਦੋਂ ਵੀ ਆਉਂਦੀ ਤਾਂ ਘੰਟਿਆਂ ਬੱਧੀ ਭਾਪਾ ਨਾਲ ਗੱਲਾਂ ਕਰਦੀ ਰਹਿੰਦੀ, ਜਿਹੜੀਆਂ ਵਧੇਰੇ ਕਰਕੇ ਘਰੇਲੂ ਸ਼ਿਕਵੇ-ਸ਼ਿਕਾਇਤਾਂ ਵਾਲੀਆਂ ਹੁੰਦੀਆਂ। ਉਸਦੇ ਚਿਹਰੇ ’ਤੇ ਹਮੇਸ਼ਾ ਹੀ ਪਰੇਸ਼ਾਨੀ ਅਤੇ ਉਦਾਸੀ ਰਹਿੰਦੀ। ਇਨ੍ਹਾਂ ਪਰੇਸ਼ਾਨੀਆਂ ਕਰਕੇ ਬਿਆਲੀਆਂ ਸਾਲਾਂ ਦੀ ਭੂਆ ਬਹੱਤਰਾਂ ਦੀ ਲਗਦੀ ਸੀ। ਪਿੰਡ ਵਿੱਚ ਨਿੱਕੇ-ਵੱਡੇ, ਔਰਤ-ਮਰਦ, ਸਾਰੇ ਹੀ ਉਸਨੂੰ ‘ਭੂਆ’ ਕਹਿ ਕੇ ਬੁਲਾਉਂਦੇ ਸਨ। ਇਕ ਤਰ੍ਹਾਂ ‘ਜਗਤ ਭੂਆ’ ਉਸਦੀ ਅੱਲ ਪੈ ਗਈ ਸੀ। ਭਾਪਾ ਹਮੇਸ਼ਾ ਹੀ ਉਸਦਾ ਨਾਂ ‘ਚੰਨੋ ਭੂਆ’ ਲੈ ਕੇ ਬੁਲਾਉਂਦੇ।
ਭੂਆ, ਜਦੋਂ ਵੀ ਸ਼ਹਿਰ ਆਉਂਦੀ ਤਾਂ ਸਾਨੂੰ ਕਹਿੰਦੀ, “ਕੱਲ੍ਹ ਤਰੀਕ ਐ ਮੇਰੀ ਸਮਰਾਲੇ ...” ਸਾਨੂੰ ਕੇਵਲ ਇਹੀ ਪਤਾ ਸੀ ਕਿ ਭੂਆ ਦਾ ਕੋਈ ਮੁਕੱਦਮਾ ਚਲਦਾ ਹੈ, ਪਰ ਪੂਰੀ ਜਾਣਕਾਰੀ ਨਹੀਂ ਸੀ ਤੇ ਨਾ ਹੀ ਕਿਸੇ ਨੇ ਪੁੱਛਣ ਦੀ ਹਿੰਮਤ ਕੀਤੀ। ਇਸ ਵਾਰ ਜਦੋਂ ਭੂਆ ਆਈ ਤਾਂ ਕੁਝ ਵਧੇਰੇ ਹੀ ਉੱਖੜੀ ਹੋਈ ਸੀ ਤੇ ਵਾਰ-ਵਾਰ ਕਹਿੰਦੀ ਸੀ, “ਮੈਂ ਤਾਂ ਬੱਸ ਹੁਣ ਬਿਆਸ ਡੇਰੇ ਚਲੀ ਜਾਣਾ ਹੈ, ਉੱਥੇ ਰਹਿ ਕੇ ਸੇਵਾ ਕਰੂੰ। ਸਾਰੇ ਆਪਣਾ-ਆਪਣਾ ਮਤਲਬ ਪੂਰਦੇ ਨੇ, ਮੇਰਾ ਤਾਂ ਕੋਈ ਰਿਹਾ ਹੀ ਨਾ।”
ਭੂਆ ਭਾਪਾ ਨਾਲ ਦੇਰ ਰਾਤ ਤਕ ਗੱਲ੍ਹਾਂ ਕਰਦੀ ਰਹੀ ਤੇ ਭਾਪਾ, ਭੂਆ ਨੂੰ ਵਾਰ-ਵਾਰ ਸਮਝਾਉਂਦੇ ਰਹੇ। ਅਗਲੀ ਸਵੇਰ ਜਲਦੀ ਭੂਆ ਚਲੀ ਗਈ। ਮੈਂ ਭਾਪਾ ਨੂੰ ਹਿੰਮਤ ਕਰਕੇ ਭੂਆ ਦੇ ਮੁਕੱਦਮੇ ਬਾਰੇ ਪੁੱਛ ਲਿਆ। ਭਾਪਾ ਲੰਮਾ ਹਉਕਾ ਲੈਂਦਿਆਂ ਬੋਲੇ, “ਚੰਨੋਂ ਦੋਂਹ ਭਰਾਵਾਂ ਦੀ ਬਹੁਤ ਲਾਡਲੀ ਭੈਣ ਸੀ। ਉਹਨਾਂ ਨੇ ਚੰਨੋ ਦਾ ਵਿਆਹ ਬੜੀ ਧੂਮ-ਧਾਮ ਨਾਲ ਕੀਤਾ। ਲੈਣ-ਦੇਣ ਵਿੱਚ ਕੋਈ ਵੀ ਕਸਰ ਬਾਕੀ ਨਾ ਛੱਡੀ। ਵਿਆਹ ਤੋਂ ਸਾਲ ਬਾਅਦ ਤੋਂ ਚੰਨੋ ਭੂਆ ਦੇ ਮੁੰਡਾ ਹੋ ਕੇ ਗੁਜ਼ਰ ਗਿਆ ਤੇ ਦੋ ਸਾਲਾਂ ਬਾਅਦ ਦੂਸਰਾ ਮੁੰਡਾ ਹੋਇਆ। ਉਹ ਵੀ ਗੁਜ਼ਰ ਗਿਆ। ਇੰਝ ਉੱਪਰੋਥਲੀ ਦੋ ਮੁੰਡੇ ਹੋ ਕੇ ਗੁਜ਼ਰ ਜਾਣਾ, ਇਹ ਤਾਂ ਮਾਂ ਦਾ ਜਿਗਰਾ ਹੀ ਜਾਣਦੈ ਕਿ ਪਹਾੜ ਜਿੱਡਾ ਦੁੱਖ ਕਿਵੇਂ ਜਰਿਆ ਹੋਊ। ਜਿਵੇਂ ਸਿਆਣੇ ਕਹਿੰਦੇ ਹੁੰਦੇ ਨੇ ਕਿ ਮਰਿਆਂ ਨਾਲ ਮਰਿਆ ਨਹੀਂ ਜਾਂਦਾ। ਇਹ ਦੁੱਖ ਸਹਿਣ ਕਰਨ ਦੀ ਥਾਂ ਚੰਨੋ ਭੂਆ ਨੇ ਗ਼ਮ ਮਨ ਨੂੰ ਲਾ ਲਿਆ। ਪਾਗਲਾਂ ਵਾਂਗ ਰਹਿਣ ਲੱਗੀ ਤੇ ਮਾਨਸਿਕ ਰੋਗੀ ਬਣ ਗਈ। ਭਰਾਵਾਂ ਨੇ ਚੰਨੋ ਨੂੰ ਆਪਣੇ ਕੋਲ ਪਿੰਡ ਲਿਆਂਦਾ ਤੇ ਇਲਾਜ ਕਰਵਾਉਣ ਲੱਗੇ। ਅੱਜ ਕੁਝ ਤੇ ਕੱਲ੍ਹ ਕੁਝ, ਪੂਰੇ ਤਿੰਨ ਮਹੀਨਿਆਂ ਦੇ ਇਲਾਜ ਮਗਰੋਂ ਚੰਨੋ ਬਿਲਕੁਲ ਠੀਕ ਹੋ ਗਈ ਤੇ ਭਰਾ ਉਸਨੂੰ ਸਹੁਰੇ ਘਰ ਛੱਡ ਆਏ।
ਮਹੀਨੇ ਮਗਰੋਂ ਅਚਾਨਕ ਇੱਕ ਦਿਨ ਚੰਨੋ ਤੇ ਉਸਦਾ ਪਤੀ ਪਿੰਡ ਆਏ। ਪ੍ਰਾਹੁਣਾ ਉਸੇ ਸ਼ਾਮ ਵਾਪਸ ਮੁੜ ਗਿਆ ਤੇ ਚੰਨੋ ਨੂੰ ਛੱਡ ਗਿਆ। ਚੰਨੋ ਦੀ ਹਾਲਤ ਫਿਰ ਖਰਾਬ ਹੋਣ ਲੱਗ ਪਈ। ਭਰਾਵਾਂ ਨੇ ਫਿਰ ਇਲਾਜ ਕਰਵਾਇਆ। ਜਦੋਂ ਚੰਨੋ ਪੂਰੀ ਤਰ੍ਹਾਂ ਠੀਕ ਹੋ ਗਈ, ਤਦ ਭਰਾਵਾਂ ਨੇ ਉਸਨੂੰ ਸਹੁਰੇ ਛੱਡਣ ਦੀ ਗੱਲ ਕੀਤੀ ਤਾਂ ਚੰਨੋ ਭੁੱਬਾਂ ਮਾਰ ਕੇ ਰੋਣ ਲੱਗ ਪਈ ਤੇ ਕਹੇ, ਮੈਂ ਉੱਥੇ ਨਹੀਂ ਜਾਣਾ। ਭਰਾਵਾਂ ਨੇ ਸੋਚਿਆ ਕਿ ਦੋਵੇਂ ਮੀਆਂ-ਬੀਬੀ ਲੜ ਪਏ ਹੋਣਗੇ, ਇਹ ਉੱਥੇ ਜਾ ਕੇ ਰਹੇਗੀ ਤਾਂ ਸਭ ਆਪਣੇ-ਆਪ ਠੀਕ ਹੋ ਜਾਵੇਗਾ। ਭਰਾਵਾਂ ਨੇ ਭੈਣ ਨੂੰ ਸਮਝਾਇਆ ਤੇ ਚੰਨੋ ਨੂੰ ਸਹੁਰੇ ਜਾਣ ਲਈ ਰਾਜ਼ੀ ਕਰ ਲਿਆ।
ਵੱਡਾ ਭਰਾ ਚੰਨੋ ਨੂੰ ਸਹੁਰੇ ਛੱਡਣ ਗਿਆ ਤਾਂ ਚੰਨੋ ਦੀ ਸੱਸ ਨੇ ਦੋਵਾਂ ਨੂੰ ਘਰ ਦੀ ਦੇਹਲੀ ਵੀ ਚੜ੍ਹਨ ਨਾ ਦਿੱਤਾ। ਜਿਹੜੇ ਪੈਰੀਂ ਗਏ ਸੀ, ਉਨ੍ਹੀਂ ਪੈਰੀਂ ਮੜ੍ਹ ਆਏ। ਭਰਾਵਾਂ ਨੇ ਸੋਚਿਆ ਕਿ ਦਾਜ ਵਿੱਚ ਤਾਂ ਹਰ ਚੀਜ਼ ਦਿੱਤੀ ਸੀ, ਹੁਣ ਕਿਸ ਚੀਜ਼ ਦੀ ਝਾਕ ਰੱਖਦੇ ਨੇ? ਪਹਿਲਾ ਤਾਂ ਕੁਝ ਬੋਲੇ ਨਹੀਂ ਤੇ ਹੁਣ ਕੁੜੀ ਨੂੰ ਘਰ ਨਹੀਂ ਵਸਾਉਂਦੇ। ਵਿਚੋਲੇ ਨਾਲ ਗੱਲ ਕਰਕੇ ਪਤਾ ਕਰਵਾਇਆ ਕਿ ਦਾਜ-ਦੂਜ ਵਾਲੀ ਤਾਂ ਕੋਈ ਗੱਲ ਨਹੀਂ। ਇਹ ਤਾਂ ਗੱਲ ਹੀ ਕੁਝ ਹੋਰ ਬਣੀ ਹੋਈ ਹੈ। ਸੱਸ ਕਹਿੰਦੀ ਹੈ, “ਡਾਕਟਰ ਕਹਿੰਦਾ ਬਿਮਾਰੀ ਕਾਰਨ ਕੋਈ ਵੱਡਾ ਨੁਕਸ ਪੈ ਗਿਆ ਤੇ ਹੁਣ ਚੰਨੋ ਦੇ ਬੱਚਾ ਨਹੀਂ ਹੋ ਸਕਦਾ। ਜੇ ਇਹ ਮੁੰਡਾ ਨਹੀਂ ਜੰਮ ਸਕਦੀ ਤਾਂ ਮੈਂ ਇਹ ਪੱਥਰ ਰੱਖ ਕੇ ਚੱਟਣੈ! ਆਪਣੀ ਨੂੰ ਆਪਣੇ ਕੋਲ ਰੱਖਣ, ਸੁੱਖ ਨਾਲ ਮੇਰਾ ਤਾਂ ਇੱਕੋ-ਇੱਕ ਮੁੰਡਾ ਐ, ਕੋਈ ਦੋ-ਚਾਰ ਤਾਂ ਹੈ ਨਹੀਂ, ਮੇਰੀ ਤਾਂ ਕੁੱਲ ਦਾ ਦੀਪ ਨਹੀਂ ਜਗਣਾ ਕਦੀ! ਨਾਲੇ ਮੇਰਾ ਮੁੰਡਾ ਕਿਹੜਾ ਬੁੜ੍ਹਾ ਹੋ ਗਿਆ! ਮੈਂ ਤਾਂ ਆਪਣੇ ਮੁੰਡੇ ਦਾ ਹੋਰ ਵਿਆਹ ਕਰਦੂੰ, ਕੋਈ ਘਾਟਾ ਨਹੀਂ ਕੁੜੀਆਂ ਦਾ ...।”
ਇਸ ਘਟਨਾ ਨੇ ਭਰਾਵਾਂ ਅਤੇ ਨਜ਼ਦੀਕੀ ਸਬੰਧੀਆਂ ਨੂੰ ਵੀ ਪਰੇਸ਼ਾਨ ਕਰ ਦਿੱਤਾ। ਦੋਵਾਂ ਧਿਰਾਂ ਦੇ ਕੁਝ ਸਿਆਣੇ ਵਿਅਕਤੀਆਂ ਨੇ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਗੱਲ ਕਿਸੇ ਕਿਨਾਰੇ ਲੱਗਣ ਦੀ ਥਾਂ ਹੋਰ ਵੀ ਵਧ ਗਈ। ਅਚਾਨਕ ਇੱਕ ਦਿਨ ਪਤਾ ਲੱਗਾ ਕਿ ਸੱਸ ਆਪਣੇ ਮੁੰਡੇ ਦਾ ਚੋਰੀ-ਛੱਪੇ ਦੂਸਰਾ ਵਿਆਹ ਕਰਵਾ ਕੇ ਬਾਹਰਲੇ ਮੁਲਕ ਭੇਜਣ ਦੀਆਂ ਤਿਆਰੀਆਂ ਕਰੀ ਬੈਠੀ ਹੈ। ਭਰਾਵਾਂ ਨੂੰ ਜਿਵੇਂ ਭਾਜੜ ਪੈ ਗਈ ਹੋਵੇ। ਜਦੋਂ ਵੀ ਪ੍ਰਾਹੁਣੇ ਦਾ ਪਤਾ ਕਰਨ ਪਿੰਡ ਜਾਂਦੇ ਤਾਂ ਸੱਸ, ਮੁੰਡੇ ਦਾ ਕੋਈ ਥਹੁ-ਪਤਾ ਨਾ ਦੱਸਦੀ ਤੇ ਨਾ ਹੀ ਕਿਸੇ ਹੋਰ ਪਾਸੇ ਤੋਂ ਕੋਈ ਉੱਘ-ਸੁੱਘ ਮਿਲਦੀ। ਹਰ ਪਾਸੇ ਤੋਂ ਬੇਵੱਸ ਅਤੇ ਲਾਚਾਰ ਹੋ ਕੇ ਭਰਾਵਾਂ ਨੇ ਮੁੰਡੇ ਵਾਲਿਆਂ ’ਤੇ ਅਦਾਲਤ ਵਿੱਚ ਦਾਅਵਾ ਕਰ ਦਿੱਤਾ। ਫਿਰ ਤਰੀਕਾਂ ਅਤੇ ਪੇਸ਼ੀਆਂ ਦਾ ਨਾ ਮੁੱਕਣ ਵਾਲਾ ਚੱਕਰ ਸ਼ੁਰੂ ਹੋ ਗਿਆ। ਕਦੇ ਇਹ ਕੇਸ ਲੁਧਿਆਣੇ ਚਲਾ ਜਾਂਦਾ ਤੇ ਕਦੇ ਮੁੜ ਸਮਰਾਲੇ ਆ ਜਾਂਦਾ। ਕੋਈ ਦਸ ਕੁ ਸਾਲ ਹੋ ਗਏ ਇਹ ਕੇਸ ਚਲਦੇ ਨੂੰ, ਹੁਣ ਤਕ ਕੋਈ ਫੈਸਲਾ ਨਹੀਂ ਹੋਇਆ। ਫੈਸਲਾ ਹੋਵੇ ਵੀ ਕਿਵੇਂ? ਕਦੀ ਜੱਜ ਦੀ ਬਦਲੀ ਹੋ ਜਾਣੀ ਤੇ ਕਦੇ ਵਿਰੋਧੀ ਧਿਰ ਵੱਲੋਂ ਪਹਿਲਾਂ ਹੀ ਅਗਲੀ ਤਾਰੀਕ ਪੁਆ ਦੇਣੀ। ਬੱਸ ਇਹੀ ਮੁਕੱਦਮਾ ਚਲਦੈ ਚੰਨੋ ਭੂਆ ਦਾ। ਪਤਾ ਨਹੀਂ, ਗਰੀਬਣੀ ਦਾ ਕਦੋਂ ਫੈਸਲਾ ਹੋਊ।”
ਪਿਛਲੇ ਦਸਾਂ ਸਾਲਾਂ ਦੇ ਲੰਮੇ ਅਰਸੇ ਦੌਰਾਨ ਚੰਨੋ ਭੂਆ ਦੇ ਪਰਿਵਾਰ ਵਿੱਚ ਬਹੁਤ ਕੁਝ ਬਦਲ ਗਿਆ। ਪਿਤਾ ਦੀ ਮੌਤ ਤੋਂ ਬਾਅਦ ਸਾਰਾ ਪਰਿਵਾਰ ਖਿੰਡ-ਪੁੰਡ ਗਿਆ। ਭਰਾ ਵੱਖ ਹੋ ਗਏ ਤੇ ਆਪੋ-ਆਪਣੇ ਪਰਿਵਾਰਾਂ ਵਿੱਚ ਰੁੱਝ ਗਏ। ਇਨ੍ਹਾਂ ਰੁਝੇਵਿਆਂ ਵਿੱਚ ਚੰਨੋ ਭੂਆ ਰੁਲ਼ ਗਈ। ਭਰਾ ਵੀ ਖਰਚਾ ਦੇਣ ਤੋਂ ਕਤਰਾਉਣ ਲੱਗ ਪਏ ਤੇ ਭਰਜਾਈਆਂ ਵੀ ਤਾਹਨੇ-ਮਿਹਣੇ ਮਾਰਨ ਲੱਗ ਪਈਆਂ। ਇਵੇਂ ਰੱਜ ਕੇ ਦੁਖੀ ਹੈ ਚੰਨੋ।
ਸਭ ਪਾਸਿਆਂ ਤੋਂ ਬੇਜ਼ਾਰ ਹੋ ਕੇ ਚੰਨੋ ਨੇ ਜੱਜ ਸਾਹਿਬ ਅੱਗੇ ਆਪਣਾ ਦੁੱਖੜਾ ਰੋਇਆ। ਜੱਜ ਸਾਹਿਬ ਨੇ ਅਗਲੀ ਪੇਸ਼ੀ ’ਤੇ ਫੈਸਲਾ ਕਰਨ ਦਾ ਵਾਅਦਾ ਕੀਤਾ। ਅਗਲੀ ਪੇਸ਼ੀ ’ਤੇ ਸੱਚਮੁੱਚ ਹੀ ਜੱਜ ਸਾਹਿਬ ਨੇ ਫੈਸਲਾ ਸੁਣਾ ਦਿੱਤਾ “ਕੁੜੀ ਦਾ ਸਾਰਾ ਸਮਾਨ ਵਾਪਸ ਕੀਤਾ ਜਾਵੇ ਤੇ ਪੰਜ ਸੌ ਰੁਪਏ ਮਹੀਨਾ ਖਰਚਾ ਦਿੱਤਾ ਜਾਵੇ?”
ਮੁਕਦਮੇ ਦਾ ਫੈਸਲਾ ਹੋਣ ਕਰਕੇ ਸਾਰਾ ਟੱਬਰ ਬਹੁਤ ਹੀ ਖੁਸ਼ ਸੀ ਕਿ ਲੰਮੀ ਬਿਪਤਾ ਤੋਂ ਛੁਟਕਾਰਾ ਮਿਲ ਗਿਆ। ਭਰਾ, ਮੁੰਡੇ ਵਾਲਿਆਂ ਤੋਂ ਸਮਾਨ ਲੈਣ ਗਏ ਤਾਂ ਅੱਗੋਂ ਮੁੰਡੇ ਦੀ ਮਾਂ ਨੇ ਸਮਾਨ ਨੂੰ ਹੱਥ ਨਾ ਲਾਉਣ ਦਿੱਤਾ। ਸੱਸ ਕਹਿੰਦੀ, “ਕੁੜੀ ਆਪਣਾ ਸਾਰਾ ਗਹਿਣਾ-ਗੱਟਾ ਤੇ ਕੱਪੜੇ-ਲੀੜੇ ਆਪਣੇ ਨਾਲ ਲੈ ਗਈ ਤੇ ਘਰ ਦਾ ਸਮਾਨ ਘਰ ਵਿੱਚ ਵਰਤਿਆ ਗਿਆ। ਹੁਣ ਸਾਡੇ ਕੋਲ ਕਾਣੀ ਕੌਡੀ ਨਹੀਂ ਤੇ ਨਾ ਹੀ ਸਾਡਾ ਕੁਝ ਦੇਣਾ ਬਣਦਾ।”
ਭਰਾ ਖਾਲੀ ਹੱਥ ਵਾਪਸ ਮੁੜ ਆਏ। ਭਰਾਵਾਂ ਨੇ ਮੁੜ ਕੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਜੱਜ ਸਾਹਿਬ ਨੇ ਕਿਹਾ ਕਿ ਪੰਚਾਇਤ ਅਤੇ ਪੁਲਿਸ ਸਾਹਮਣੇ ਸਾਰਾ ਸਮਾਨ ਵਾਪਸ ਦਿਵਾਇਆ ਜਾਵੇ। ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਨੇ ਇਹ ਸਲਾਹ ਬਣਾਈ ਕਿ ਸਮਾਨ ਨੂੰ ਛੱਡੋ, ਖਰਚਾ ਤੁਹਾਡੇ ਕੋਲ ਪਹੁੰਚ ਜਾਇਆ ਕਰੇਗਾ - ਇਹ ਪੰਚਾਇਤ ਦੀ ਜ਼ਿੰਮੇਵਾਰੀ ਹੈ।
ਕਾਫੀ ਸੋਚ ਵਿਚਾਰ ਤੋਂ ਬਾਅਦ ਭਰਾ ਇਸ ਗੱਲ ’ਤੇ ਸਹਿਮਤ ਹੋ ਗਏ। ਕੋਈ ਚਾਰ-ਪੰਜ ਵਾਰੀ ਖਰਚੇ ਦਾ ਪੰਜ ਸੌ ਰੁਪਏ ਦਾ ਮਨੀਆਰਡਰ ਆਇਆ। ਫਿਰ ਉਹ ਵੀ ਬੰਦ ਹੋ ਗਿਆ। ਚੰਨੋ ਨੇ ਫਿਰ ਤੋਂ ਅਦਾਲਤ ਦੇ ਚੱਕਰ ਲਾਉਣੇ ਸ਼ੁਰੂ ਕਰ ਦਿੱਤੇ। ਅੱਜ ਅਠਾਰਾਂ ਕੁ ਸਾਲ ਹੋ ਗਏ ਨੇ ਇਸ ਮੁਕੱਦਮੇ ਨੂੰ, ਕੋਈ ਫੈਸਲਾ ਹੋਣ ਵਿੱਚ ਨਹੀਂ ਆਉਂਦਾ। ਚੰਨੋ ਤਾਂ ਹੁਣ ਤਾਰੀਕਾਂ ਹੀ ਭੁਗਤਣ ਜਾਂਦੀ ਹੈ। ਇਸ ਮੁਕੱਦਮੇ ਨੇ ਚੰਨੋ ਭੂਆ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ। ਭਰਾ-ਭਰਜਾਈਆਂ ਅਤੇ ਉਹਨਾਂ ਦੇ ਬੱਚੇ ਭੂਆ ਨੂੰ ਟਿੱਚ ਕਰਕੇ ਵੀ ਨਹੀਂ ਜਾਣਦੇ। ਭਰਾ ਵੀ ਬੱਸ ਲੋਕਾਚਾਰੀ ਕਰਕੇ ਐਵੇਂ ਕੁਝ ਢਾਹ-ਭੰਨ ਕਰਦੇ ਨੇ। ਤਦ ਹੁਣ ਚੰਨੋ ਭੂਆ ਹਰ ਪਾਸੇ ਤੋਂ ‘ਬੇ-ਆਸ’ ਹੋ ਕੇ ਬਿਆਸ ਡੇਰੇ ਜਾਣ ਨੂੰ ਕਹਿੰਦੀ ਹੈ, ਪਤਾ ਨਹੀਂ ਉੱਥੇ ਜਾ ਕੇ ਵੀ ...?
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (