“ਭਾਵੇਂ ਤੁਸੀਂ ਹੱਥੀਂ ਕਿਰਤ ਕਰਦੇ ਹੋ ਜਾਂ ਕਿਧਰੇ ਤੁਸੀਂ ਕੋਈ ਦਫਤਰੀ ਕੰਮ, ਆਪਣੇ ਕਿੱਤੇ ਪ੍ਰਤੀ ਹਮੇਸ਼ਾ ...”
(6 ਦਸੰਬਰ 2025)
ਕਿਰਤ ਸ਼ਬਦ ਸਿੱਖ ਭਾਈਚਾਰੇ ਨਾਲ ਅਟੁੱਟ ਰਿਸ਼ਤਾ ਹੈ। ਸਾਡੇ ਗੁਰੂ ਗੁਰੂ ਨਾਨਕ ਦੇਵ ਜੀ ਨੇ ਜੋ ਤਿੰਨ ਮੁਢਲੇ ਸਿਧਾਂਤ ਸਾਰੇ ਸੰਸਾਰ ਨੂੰ ਬਖਸ਼ੇ ਹਨ, ਉਹਨਾਂ ਦੇ ਵਿੱਚ ਪਹਿਲਾ ਸਿਧਾਂਤ ਕਿਰਤ ਕਰਨ ਦਾ ਹੈ। ਕਿਰਤ ਪੰਜਾਬੀ ਜਨ ਜੀਵਨ ਦਾ ਅਨਿੱਖੜਵਾਂ ਅੰਗ ਹੈ। ਸਾਡੇ ਵੱਡੇ ਵਡੇਰਿਆਂ ਨੇ ਇਸ ਸਿਧਾਂਤ ਨੂੰ ਸਿਰਫ ਪੜ੍ਹਿਆ ਹੀ ਨਹੀਂ ਬਲਕਿ ਆਪਣੇ ਜੀਵਨ ਵਿੱਚ ਲਾਗੂ ਵੀ ਕੀਤਾ। ਪੰਜਾਬੀ ਕੌਮ ਮੁੱਢ ਤੋਂ ਕਿਰਤੀ ਰਹੀ ਹੈ। ਇਸੇ ਕਿਰਤ ਨੂੰ ਦਰਸਾਉਂਦੀ ਸਾਖੀ ਮਲਕ ਭਾਗੋ ਅਤੇ ਭਾਈ ਲਾਲੋ ਦੀ ਹੈ, ਜਿਸ ਵਿੱਚ ਕਿਰਤ ਨੂੰ ਉੱਚਾ ਸੁੱਚਾ ਦੱਸਿਆ ਗਿਆ ਹੈ। ਬਾਬੇ ਨਾਨਕ ਨੇ ਆਪਣੀ ਵਡੇਰੀ ਉਮਰ ਵਿੱਚ ਖੇਤੀ ਕਰਕੇ ਕਿਰਤ ਦਾ ਨਵਾਂ ਸੰਕਲਪ ਖੜ੍ਹਾ ਕੀਤਾ। ਜਦੋਂ ਤੋਂ ਮਨੁੱਖ ਨੇ ਹੱਥੀਂ ਕਿਰਤ ਕਰਨ ਨੂੰ ਆਪਣੀ ਨਮੋਸ਼ੀ ਸਮਝਿਆ, ਉਸੇ ਸਮੇਂ ਤੋਂ ਮਨੁੱਖ ਦਾ ਰਹਿਣ ਸਹਿਣ ਦਾ ਪੱਧਰ ਹੇਠ ਹੇਠਾਂ ਵੱਲ ਗਿਆ। ਹੱਥੀਂ ਕੰਮ ਕਰਨਾ ਇਕੱਲਾ ਕੰਮ ਹੀ ਨਹੀਂ ਸਗੋਂ ਸਹਿਜ, ਸਿਰੜ ਅਤੇ ਹੋਰ ਕਦਰਾਂ ਕੀਮਤਾਂ ਦਾ ਵੱਡਾ ਭੰਡਾਰ ਹੈ। ਜਦੋਂ ਤੁਸੀਂ ਆਪਣੇ ਕਿੱਤੇ ਨੂੰ ਸਮਰਪਿਤ ਹੋ ਜਾਂਦੇ ਹੋ ਤਾਂ ਸਹਿਜ ਆਪਣੇ ਆਪ ਆ ਜਾਂਦਾ ਹੈ। ਪਿਛਲੇ ਦਿਨੀਂ ਕਿਸੇ ਜਾਣਕਾਰ ਦੇ ਘਰ ਜਾਣ ਦਾ ਮੌਕਾ ਮਿਲਿਆ ਤਾਂ ਦੇਖਿਆ ਉਹਨਾਂ ਦੇ ਡਰਾਇੰਗ ਰੂਮ ਵਿੱਚ ਇੱਕ ਕਾਂਡੀ ਅਤੇ ਇੱਕ ਗਰਮਾਲਾ, ਜੋ ਕਿ ਮਕਾਨ ਉਸਾਰੀ ਲਈ ਵਰਤੇ ਜਾਣ ਵਾਲੇ ਸੰਦ ਹਨ, ਸੁਨਹਿਰੀ ਫਰੇਮ ਵਿੱਚ ਜੜ ਕੇ ਡਰਾਇੰਗ ਰੂਮ ਵਿੱਚ ਲਾਏ ਹੋਏ ਸਨ। ਪੁੱਛਣ ’ਤੇ ਘਰ ਦੇ ਮਾਲਕ ਨੇ ਦੱਸਿਆ ਕਿ ਇਹ ਉਸਦਾ ਕਿਰਤ ਨੂੰ ਸਨਮਾਨ ਹੈ। ਉਹ ਚਾਹੁੰਦਾ ਹੈ ਕਿ ਉਸਦੇ ਪਰਿਵਾਰ ਦੇ ਮਨ ਵਿੱਚ ਇਹ ਗੱਲ ਹਮੇਸ਼ਾ ਘਰ ਕਰੀ ਰੱਖੇ ਕਿ ਅੱਜ ਉਹ ਜੋ ਸੁਖ ਸਹੂਲਤਾਂ ਮਾਣ ਰਹੇ ਹਨ, ਉਹ ਸਭ ਇਸੇ ਕਿਰਤ-ਸੰਦਾਂ ਦੀ ਹੀ ਦੇਣ ਹਨ। ਜਿਵੇਂ ਜਿਵੇਂ ਪੰਜਾਬ ਵਿੱਚ ਪਰਵਾਸ ਦਾ ਰੁਝਾਨ ਵਧਿਆ ਤਾਂ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਪ੍ਰਦੇਸ ਵਿੱਚ ਵੀ ਕਿਰਤ ਹੀ ਕਰਨੀ ਪੈਣੀ ਹੈ।
ਕਿਰਤ ਤੋਂ ਬਿਨਾਂ ਕਿਧਰੇ ਵੀ ਗੁਜ਼ਾਰਾ ਨਹੀਂ ਹੈ। ਕਿਰਤ ਵਿਹੂਣਾ ਆਦਮੀ ਕਦੇ ਵੀ ਖੁਸ਼ ਨਹੀਂ ਰਹਿ ਸਕਦਾ। ਕਿਰਤ ਜਿੱਥੇ ਸਾਨੂੰ ਸਹਿਜ ਬਖਸ਼ਦੀ ਹੈ, ਉੱਥੇ ਇੱਕ ਖੇੜਾ ਵੀ ਬਖਸ਼ਦੀ ਹੈ। ਕਿਰਤੀ ਇਨਸਾਨ ਆਪਣੇ ਕੰਮ ਵਿੱਚ ਮਗਨ ਦੁਨੀਆਂ ਦੇ ਬਹੁਤਿਆਂ ਝਮੇਲਿਆਂ ਤੋਂ ਬਚਿਆ ਰਹਿੰਦਾ ਹੈ। ਕੁਦਰਤ ਵੱਲੋਂ ਮਿਲੇ ਕਿੱਤਿਆਂ ਨੂੰ ਇਮਾਨਦਾਰੀ ਨਾਲ ਨਾ ਕਰਨ ਵਾਲੇ ਲੋਕ ਮੈਂ ਹਮੇਸ਼ਾ ਦੁਖੀ ਅਤੇ ਬਹਾਨੇਬਾਜ਼ ਹੀ ਵੇਖੇ ਹਨ।
ਕਿਰਤੀ ਲੋਕ ਉਤਸ਼ਾਹੀ ਹੁੰਦੇ ਹਨ। ਭਾਵੇਂ ਤੁਸੀਂ ਹੱਥੀਂ ਕਿਰਤ ਕਰਦੇ ਹੋ ਜਾਂ ਕਿਧਰੇ ਤੁਸੀਂ ਕੋਈ ਦਫਤਰੀ ਕੰਮ, ਆਪਣੇ ਕਿੱਤੇ ਪ੍ਰਤੀ ਹਮੇਸ਼ਾ ਇਮਾਨਦਾਰ ਰਹੋ। ਇਸ ਨਾਲ ਤੁਹਾਡੇ ਅੰਦਰ ਇੱਕ ਅਲੱਗ ਕਿਸਮ ਦਾ ਸਕੂਨ ਪੈਦਾ ਹੋਵੇਗਾ, ਜਿਸਦਾ ਅਨੰਦ ਤੁਸੀਂ ਹਮੇਸ਼ਾ ਮਾਣ ਸਕੋਗੇ।
* * *
ਅੱਗ ਅਤੇ ਧੂੰਆਂ
ਜਾਗਰ ਅਤੇ ਉਹਦਾ ਪਿਓ ਜਗਤਾਰਾ ਮੇਲਿਆਂ ਵਿੱਚ ਜਾ ਕੇ ਮੂੰਹ ਵਿੱਚੋਂ ਅੱਗ ਕੱਢਣ ਦੇ ਕਰਤਵ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਸਨ। ਇਹ ਉਹਨਾਂ ਦਾ ਪਿਤਾ ਪੁਰਖੀ ਕਿੱਤਾ ਸੀ। ਭਲੇ ਵੇਲਿਆਂ ਵਿੱਚ ਜਦੋਂ ਉਹ ਭਰੇ ਮੇਲਿਆਂ ਵਿੱਚ ਇੰਜ ਕਰਦੇ ਤਾਂ ਲੋਕ ਉਹਨਾਂ ਦੀ ਬਹੁਤ ਵਾਹ ਵਾਹ ਕਰਦੇ। ਸਮਾਂ ਬਦਲਣ ਨਾਲ ਜਦੋਂ ਇਨ੍ਹਾਂ ਮਨੋਰੰਜਨ ਦੇ ਸਾਧਨਾਂ ਵਿੱਚ ਲੋਕਾਂ ਦੀ ਦਿਲਚਸਪੀ ਨਾ ਰਹੀ ਤਾਂ ਉਹਨਾਂ ਦਾ ਕੰਮ ਬਹੁਤ ਘੱਟ ਗਿਆ। ਜਾਗਰ ਅਤੇ ਜਗਤਾਰੇ ਦੀ ਆਪਸ ਵਿੱਚ ਭਾਵੇਂ ਘੱਟ ਬਣਦੀ ਸੀ। ਪਰ ਅੱਗ ਕੱਢਣ ਦੀ ਖੇਡ ਵਿੱਚ ਦੋਵੇਂ ਇੱਕ ਦੂਜੇ ਦੇ ਉਸਤਾਦ ਸਨ। ਜਾਗਰ ਦੇ ਚਾਰ ਪੁੱਤਰ ਹੀ ਸਨ, ਧੀ ਕੋਈ ਨਹੀਂ ਸੀ। ਨਿੱਕੇ ਜਿਹੇ ਘਰ ਵਿੱਚ ਜਦੋਂ ਜਾਗਰ ਅਤੇ ਜਗਤਾਰਾ ਮੂੰਹ ਵਿੱਚੋਂ ਅੱਗ ਕੱਢਣ ਦਾ ਅਭਿਆਸ ਕਰਦੇ ਤਾਂ ਨਿੱਕੇ ਨਿਆਣੇ ਬੜਾ ਡਰਦੇ। ਜਾਗਰ ਦੀ ਮਾਂ ਰੱਜੋ ਬੜੀ ਨੇਕ ਔਰਤ ਸੀ। ਉਹ ਪਿਓ ਪੁੱਤਾਂ ਨੂੰ ਅਕਸਰ ਟੋਕਦੀ ਰਹਿੰਦੀ ਕਿ ਇਹ ਅੱਗ ਕੱਢਣ ਵਾਲਾ ਕੰਮ ਨਾ ਕਰੋ। ਬੱਚੇ ਵੀ ਡਰਦੇ ਹਨ, ਅੱਗ ਤੋਂ ਪਹਿਲਾਂ ਹੋਣ ਵਾਲੇ ਧੂੰਏਂ ਨਾਲ ਨੂੰਹ ਦਾ ਵੀ ਦਮ ਘੁਟਦਾ ਹੈ। ਪਰ ਉਹਨਾਂ ਦੋਵਾਂ ’ਤੇ ਕੋਈ ਅਸਰ ਨਾ ਹੁੰਦਾ। ਦੋਵੇਂ ਅੱਡੋ ਅੱਡ ਧਾਰਮਿਕ ਸਥਾਨਾਂ ’ਤੇ ਹੋਣ ਵਾਲੇ ਮੇਲਿਆਂ ਵਿੱਚ ਜਾਂਦੇ ਤੇ ਆਪਣੇ ਕਰਤਬ ਵਿਖਾਉਂਦੇ, ਲੋਕਾਂ ਦੀ ਵਾਹ ਵਾਹ ਖੱਟਦੇ। ਇਸ ਵਾਹ ਵਾਹ ਨਾਲ ਉਹਨਾਂ ਨੂੰ ਆਪਣਾ ਕੱਦ ਗਿੱਠ ਗਿੱਠ ਉੱਚਾ ਹੋਇਆ ਜਾਪਦਾ।
ਸਮਾਂ ਬੀਤਣ ਨਾਲ ਰੱਜੋ ਰੱਬ ਨੂੰ ਪਿਆਰੀ ਹੋ ਗਈ। ਕੁਝ ਸਾਲ ਬੀਤਣ ਬਾਅਦ ਜਗਤਾਰਾ ਵੀ ਚੱਲ ਵਸਿਆ। ਹੁਣ ਤਕ ਜਾਗਰ ਦੀ ਪਤਨੀ ਬੀਰੋ ਦਮੇ ਦੀ ਮਰੀਜ਼ ਬਣ ਚੁੱਕੀ ਸੀ। ਜਦੋਂ ਕਿਤੇ ਉਸ ਨੂੰ ਆਪਣਾ ਬਹੁਤਾ ਸਾਹ ਘੁੱਟਦਾ ਜਾਪਦਾ ਤਾਂ ਕੁਝ ਦਿਨ ਲਈ ਆਪਣੇ ਪੇਕੇ ਚਲੀ ਜਾਂਦੀ। ਜਾਗਰ ਉਸਦੇ ਇਲਾਜ ਵਿੱਚ ਕੋਈ ਕਸਰ ਬਾਕੀ ਨਾ ਛੱਡਦਾ। ਉਸ ਨੂੰ ਲੈ ਕਦੇ ਕਿਸੇ ਡਾਕਟਰ ਕੋਲ ਜਾਂਦਾ, ਕਦੇ ਕਿਸੇ ਕੋਲ। ਉਹ ਦੋ ਚਾਰ ਦਿਨ ਠੀਕ ਰਹਿੰਦੀ ਤੇ ਫਿਰ ਮੰਜਾ ਮੱਲ ਲੈਂਦੀ। ਜਾਗਰ ਆਪਣੇ ਅਭਿਆਸ ਵਿੱਚ ਕਦੀ ਵੀ ਨਾ ਖੁੰਝਦਾ। ਆਪਣੇ ਮੂੰਹੋਂ ਅੱਗ ਅਤੇ ਧੂੰਆਂ ਕੱਢਣਾ ਉਸ ਨੂੰ ਬਹੁਤ ਪ੍ਰਸੰਨਤਾ ਦਿੰਦਾ। ਚਾਰੇ ਮੁੰਡੇ ਵੀ ਹੁਣ ਵੱਡੇ ਹੋ ਗਏ ਸਨ। ਵਿਆਹੇ ਵੀ ਗਏ ਸਨ। ਉਹਨਾਂ ਨੇ ਵੀ ਆਪਣੇ ਪਿਓ ਵਾਲਾ ਕਿੱਤਾ ਸੰਭਾਲ ਲਿਆ ਸੀ। ਬੇਸ਼ਕ ਇਹ ਕਿੱਤਾ ਹੁਣ ਬਹੁਤਾ ਮੁਨਾਫੇਦਾਰ ਨਹੀਂ ਰਿਹਾ ਸੀ ਫਿਰ ਵੀ ਉਨ੍ਹਾਂ ਨੂੰ ਜਦੋਂ ਵੀ ਮੌਕਾ ਮਿਲਦਾ, ਉਹ ਅੱਗ ਨਾਲ ਖੂਬ ਤਮਾਸ਼ੇ ਕਰਦੇ। ਜਾਗਰ ਦੀ ਪਤਨੀ ਬਥੇਰਾ ਰੌਲਾ ਪਾਉਂਦੀ, “ਇਹ ਕੰਮ ਬਾਹਰ ਮੇਲਿਆਂ ’ਤੇ ਕਰਿਆ ਕਰੋ। ਕਿਸੇ ਦਿਨ ਸਾਰਾ ਘਰ ਸਾੜ ਲਵੋਂਗੇ।””
ਖੰਘ ਖੰਘ ਕੇ ਬੀਰੋ ਦਾ ਸਾਹ ਉੱਖੜ ਜਾਂਦਾ ਪਰ ਜਾਗਰ ਅਤੇ ਉਸ ਦੇ ਮੁੰਡਿਆਂ ਦੇ ਕੰਨਾਂ ਉੱਤੇ ਜੂੰ ਨਾ ਸਰਕਦੀ। ਸਾਰਾ ਘਰ ਧੂੰਏਂ ਨਾਲ ਭਰ ਜਾਂਦਾ। ਅਖੀਰ ਇੱਕ ਦਿਨ ਬੀਰੋ ਵੀ ਦਮੇ ਦੇ ਦੌਰੇ ਨਾਲ ਇਸ ਜਹਾਨੋਂ ਤੁਰ ਗਈ। ਹੁਣ ਰੋਕਣ ਟੋਕਣ ਵਾਲਾ ਕੋਈ ਨਹੀਂ ਸੀ ਰਿਹਾ। ਸਾਰਾ ਦਿਨ ਚਾਰੇ ਮੁੰਡੇ ਅਤੇ ਜਾਗਰ ਅੱਗ ਨਾਲ ਵੰਨ ਸੁਵੰਨੇ ਕਰਤਬ ਦਿਖਾਉਂਦੇ ਹੋਏ ਇੱਕ ਦੂਜੇ ਤੋਂ ਅੱਗੇ ਵਧਣ ਦੀ ਮੁਕਾਬਲੇ ਬਾਜ਼ੀ ਵਿੱਚ ਲੱਗੇ ਰਹਿੰਦੇ। ਜਾਗਰ ਦੀ ਵੱਡੀ ਨੂੰਹ ਕੁਝ ਸਿਆਣੀ ਸੀ। ਉਸਨੇ ਆਪਣੀ ਸਮੱਸਿਆ ਦਾ ਹੱਲ ਲੱਭ ਲਿਆ। ਹੁਣ ਜਦੋਂ ਵੀ ਉਸ ਨੂੰ ਆਪਣਾ ਸਾਹ ਜ਼ਿਆਦਾ ਘੁਟਦਾ ਮਹਿਸੂਸ ਹੁੰਦਾ ਤਾਂ ਉਹ ਸੇਵਾ ਕਰਨ ਦੇ ਬਹਾਨੇ ਬਾਬੇ ਦੇ ਡੇਰੇ ’ਤੇ ਪਹੁੰਚ ਜਾਂਦੀ। ਇਸ ਤਰ੍ਹਾਂ ਕੁਝ ਚਿਰ ਉਸਦਾ ਸਾਹ ਸੌਖਾ ਹੋ ਜਾਂਦਾ। ਛੋਟੀਆਂ ਨੂੰਹਾਂ ਵਿਚਾਰੀਆਂ ਘਰ ਕੰਮਕਾਰ ਕਰਦੀਆਂ ਰਹਿੰਦੀਆਂ ਤੇ ਖੰਘਦੀਆਂ ਰਹਿੰਦੀਆਂ।
ਹੌਲੀ ਹੌਲੀ ਤਿੰਨੇ ਨੂੰਹਾਂ ਵੀ ਦਮੇ ਦੇ ਮਰੀਜ਼ ਬਣ ਗਈਆਂ। ਮੁੰਡੇ ਉਹਨਾਂ ਨੂੰ ਨਿੱਤ ਨਵੇਂ ਡਾਕਟਰਾਂ ਕੋਲ ਲੈ ਕੇ ਜਾਂਦੇ ਤੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ। ਜਦੋਂ ਕਿਧਰੇ ਧੂੰਏਂ ਵਿੱਚ ਉਹਨਾਂ ਦਾ ਸਾਹ ਜ਼ਿਆਦਾ ਘੁਟਦਾ ਤਾਂ ਉਹ ਆਪਣੇ ਪਤੀਆਂ ਨੂੰ ਕਹਿੰਦੀਆਂ, “ਤੁਸੀਂ ਇਹ ਅੱਗ ਕੱਢਣ ਵਾਲਾ ਕੰਮ ਛੱਡ ਕਿਉਂ ਨਹੀਂ ਦਿੰਦੇ?”
ਮੁੰਡੇ ਆਖਦੇ, “ਤੁਸੀਂ ਫਿਕਰ ਨਾ ਕਰੋ, ਸਾਨੂੰ ਸਾਡਾ ਕੰਮ ਕਰਨ ਦਿਓ। ਜੇ ਤੁਹਾਨੂੰ ਅੱਗ ਜਾਂ ਧੂੰਏਂ ਤੋਂ ਡਰ ਲਗਦਾ ਹੈ ਤਾਂ ਤੁਸੀਂ ਮੂੰਹ ਪਾਸੇ ਕਰ ਲਿਆ ਕਰੋ। ਅਸੀਂ ਕਿਹੜਾ ਤੁਹਾਨੂੰ ਕੁਝ ਕਹਿੰਦੇ ਹਾਂ। ਸਭ ਕੁਝ ਤਾਂ ਮਿਲਦਾ ਹੈ ਤੁਹਾਨੂੰ ਖਾਣ ਪੀਣ, ਪਹਿਨਣ ਲਈ। ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ। ਬੱਸ ਤੁਸੀਂ ਫਿਕਰਾਂ ਵਿੱਚ ਨਾ ਪਿਆ ਕਰੋ।”
ਉਹ ਤਿੰਨੋਂ ਇਹ ਗੱਲਾਂ ਸੁਣ ਕੇ ਚੁੱਪ ਕਰ ਰਹਿੰਦੀਆਂ ਤੇ ਆਪਣੇ ਧੁਆਂਖੇ ਮੂੰਹ ਲੈ ਕੇ ਦਮੇ ਅਤੇ ਦਿਮਾਗ ਦੇ ਡਾਕਟਰਾਂ ਦੇ ਚੱਕਰ ਕੱਟਦੀਆਂ ਉਮਰਾਂ ਤੋਂ ਪਹਿਲਾਂ ਹੀ ਬੁੱਢੀਆਂ ਹੋ ਗਈਆਂ। ਉਨ੍ਹਾਂ ਦੇ ਚਿਹਰੇ ਵੀ ਧੁਆਂਖੇ ਗਏ ਸਨ। ਜਾਗਰ ਨੂੰ ਆਪਣੇ ਘਰ ਰੌਲਾ ਰੱਪਾ ਬਿਲਕੁਲ ਵੀ ਪਸੰਦ ਨਹੀਂ ਸੀ। ਕਈ ਵਾਰ ਤਾਂ ਘਰ ਦੀ ਘੜੀ ਦੀ ਟਿਕ ਟਿਕ ਦਿਨੇ ਹੀ ਬਹੁਤ ਸਾਫ ਸੁਣਦੀ। ਕੋਈ ਉੱਚਾ ਨਾ ਬੋਲਦਾ। ਸੰਗਮਰਮਰੀ ਕੰਧਾਂ ਨਾਲ ਲੱਗੀਆਂ ਰੱਜੋ ਅਤੇ ਬੀਰੋ ਦੀਆਂ ਫੋਟੋਆਂ ਵੀ ਨਿਮਾਣੇ ਜਿਹੇ ਮੂੰਹ ਬਣਾ ਕੇ ਦੇਖਦੀਆਂ ਰਹਿੰਦੀਆਂ।
ਰਾਤ ਨੂੰ ਦੂਰ ਕਿਸੇ ਘਰੋਂ ਜਾਗੋ ਦੀਆਂ ਬੋਲੀਆਂ ਅਤੇ ਹਾਸੇ ਦੇ ਛਣਕਾਟੇ ਸੁਣਾਈ ਦੇ ਰਹੇ ਸਨ। ਛੋਟੀ ਨੂੰਹ ਦਾ ਕੱਲ੍ਹ ਨੂੰ ਨਵੇਂ ਨਿਊਰੋ ਵਾਲੇ ਡਾਕਟਰ ਕੋਲ ਚੈੱਕਅਪ ਕਰਾਉਣ ਜਾਣਾ ਸੀ, ਜੋ ਕਿਸੇ ਦੂਜੇ ਜ਼ਿਲ੍ਹੇ ਵਿੱਚ ਸੀ। ਜਾਗਰ ਸਾਰੇ ਪਰਿਵਾਰ ਨੂੰ ਜਲਦੀ ਸੌਣ ਲਈ ਕਹਿ ਰਿਹਾ ਸੀ। ਜਾਗੋ ਦੀਆਂ ਬੋਲੀਆਂ ਅਤੇ ਹਾਸੇ ਅਜੇ ਵੀ ਸੁਣਾਈ ਦੇ ਰਹੇ ਸਨ ...।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (