“ਸਮਾਜਿਕ ਪਹਿਲੂ ਤੇ ਮਿੱਥਾਂ: ਹਿੰਦ ਉਪ ਮਹਾਦੀਪ ਅਤੇ ਖਾਸ ਤੌਰ ’ਤੇ ਪੰਜਾਬ ਵਿੱਚ ਇਸ ਵਾਇਰਸ ਨੂੰ ...”
(1 ਦਸੰਬਰ 2025)
ਜ਼ਮੀਨੀ ਹਕੀਕਤ: ਇਸ ਤੋਂ ਪਹਿਲਾਂ ਕੀ ਐੱਚ ਆਈ ਵੀ (ਏਡਜ਼) ਉੱਪਰ ਗੱਲ ਕਰੀਏ, ਪਹਿਲਾਂ ਇਹ ਦੇਖਦੇ ਹਾਂ ਕਿ ਇਸਦੀ ਮੌਜੂਦਾ ਜ਼ਮੀਨੀ ਹਕੀਕਤ ਕੀ ਹੈ। ਵਿਸ਼ਵ ਸਿਹਤ ਸੰਸਥਾ ਦੇ ਮੁਤਾਬਿਕ ਸਾਲ 2024 ਵਿੱਚ ਸੰਸਾਰ ਵਿੱਚ ਲਗਭਗ 40.8 ਮਿਲੀਅਨ ਲੋਕ ਐੱਚ ਆਈ ਵੀ ਪ੍ਰਭਾਵਿਤ ਹਨ। ਇਸੇ ਸਾਲ ਦੌਰਾਨ ਲਗਭਗ ਛੇ ਲੱਖ ਤੀਹ ਹਜ਼ਾਰ ਲੋਕ ਐੱਚ ਆਈ ਵੀ ਏਡਜ਼ ਦੀ ਲਾਗ ਸਬੰਧੀ ਕਾਰਨਾਂ ਕਰਕੇ ਖ਼ਤਮ ਹੋ ਗਏ ਹਨ। ਇਸਦੇ ਨਾਲ ਹੀ ਇਹ ਅੰਦੇਸ਼ਾ ਵੀ ਜ਼ਾਹਰ ਕੀਤਾ ਗਿਆ ਕਿ ਸਾਲ 2024 ਦੌਰਾਨ 1.3 ਮਿਲੀਅਨ ਨਵੇਂ ਲੋਕ ਇਸ ਵਾਇਰਸ ਨਾਲ ਸੰਕਰਮਿਤ ਹੋਣਗੇ। ਇਹ ਲਾਗ ਮਨੁੱਖੀ ਜੀਵਨ ਲਈ ਖਤਰਨਾਕ ਕਿਉਂ ਹੈ? ਇਸਦਾ ਸਪਸ਼ਟ ਉੱਤਰ ਹੈ ਕਿ ਇਸ ਵਾਇਰਸ ਤੋਂ ਪ੍ਰਭਾਵਿਤ ਮਨੁੱਖ ਨੂੰ ਮੁਕਤ ਕਰਨ ਹਿਤ ਅਜੇ ਤਕ ਕੋਈ ਵੀ ਦਵਾਈ ਇਜਾਦ ਨਹੀਂ ਹੋਈ ਹੈ। ਦੂਜਾ ਵੱਡਾ ਕਾਰਨ ਹੈ ਸਮਾਜਿਕ ਭੇਦਭਾਵ। ਹਾਂ, ਇਸਦੇ ਮਾਰੂ ਅਸਰ ਨੂੰ ਘਟਾਉਣ ਲਈ ਮੈਡੀਕਲ ਸਾਇੰਸ ਜ਼ਰੂਰ ਸਫਲ ਹੋਈ ਹੈ।
ਏਡਜ਼ ਕੀ ਹੈ? ਏਡਜ਼ ਨੂੰ ਸਮਝਣ ਤੋਂ ਪਹਿਲਾਂ ਐੱਚ ਆਈ ਵੀ ਨੂੰ ਸਮਝਣ ਦੀ ਲੋੜ ਹੈ। ਐੱਚ ਆਈ ਵੀ, ਜਿਸ ਨੂੰ ਹਿਊਮਨ ਇਮਯੂਨੋ ਡੈਫੀਸੀਐਂਸੀ ਵਾਇਰਸ ਕਿਹਾ ਜਾਂਦਾ ਹੈ, ਇਹ ਏਡਜ਼ ਪ੍ਰਭਾਵਿਤ ਮਨੁੱਖ ਦੀ ਮੁਢਲੀ ਸਟੇਜ ਹੈ। ਜਦੋਂ ਮਨੁੱਖ ਵਿੱਚ ਰੋਗਾਂ ਨਾਲ ਲੜਨ ਵਾਲੀ ਤਾਕਤ ਨੂੰ ਇਹ ਵਾਇਰਸ ਘੱਟ ਕਰ ਦਿੰਦਾ ਹੈ, ਇਸ ਤੋਂ ਬਾਅਦ ਦੂਜੀ ਅਤੇ ਆਖ਼ਰੀ ਸਟੇਜ ਏਡਜ਼ ਦੀ ਹੈ। ਏਡਜ਼ ਉਹ ਸਥਿਤੀ ਹੁੰਦੀ ਹੈ ਜਦੋਂ ਸਰੀਰ ਦੀ ਸਮੁੱਚੀ ਰੱਖਿਆ ਪ੍ਰਣਾਲੀ ਖਤਮ ਹੋ ਜਾਂਦੀ ਹੈ ਅਤੇ ਇਸਦਾ ਲਾਹਾ ਚੁੱਕਦਿਆਂ ਕਈ ਮੌਕਾਪ੍ਰਸਤ ਰੋਗ ਟੀ ਬੀ, ਡਾਇਰੀਆ, ਫਲੂ ਆਦਿ ਅਸਾਨੀ ਨਾਲ ਮਨੁੱਖੀ ਸਰੀਰ ਉੱਪਰ ਕਾਬਜ਼ ਹੋ ਜਾਂਦੇ ਹਨ। ਇਸ ਨੂੰ ਐਕੁਆਇਰਡ ਅਮੀਯੁਨੋ ਡੈਫੀਸ਼ੈਂਸੀ ਸਿੰਡਰੋਮ ਕਿਹਾ ਜਾਂਦਾ ਹੈ। ਸਰਲ ਭਾਸ਼ਾ ਵਿੱਚ ਸਰੀਰ ਬਹੁਤ ਸਾਰੀਆਂ ਬਿਮਾਰੀਆਂ ਦਾ ਜਮਘਟਾ ਬਣ ਜਾਂਦਾ ਹੈ ਤੇ ਇਲਾਜ ਕਰਨ ਉਪਰੰਤ ਵੀ ਜਲਦੀ ਠੀਕ ਨਹੀਂ ਹੁੰਦਾ। ਅਜਿਹਾ ਉਦੋਂ ਹੁੰਦਾ ਹੈ ਜਦੋਂ ਇਸਦਾ ਦਾ ਵਾਇਰਸ ਪੂਰਨ ਤੌਰ ’ਤੇ ਮਨੁੱਖੀ ਸਰੀਰ ਵਿੱਚ ਫੈਲ ਜਾਂਦਾ ਹਨ ਅਤੇ ਸੀ ਡੀ ਫੋਰ ਕੋਸ਼ਿਕਾਵਾਂ ਨੂੰ ਖ਼ਤਮ ਕਰ ਦਿੰਦਾ ਹੈ, ਜਿਸ ਕਾਰਨ ਸਰੀਰ ਦੀ ਬਿਮਾਰੀਆਂ ਨਾਲ ਲੜਨ ਵਾਲੀ ਰੱਖਿਆ ਪ੍ਰਣਾਲੀ ਲਗਭਗ ਖ਼ਤਮ ਹੋ ਜਾਂਦੀ ਹੈ। ਇੱਥੇ ਇਹ ਗੱਲ ਧਿਆਨ ਰੱਖਣਯੋਗ ਹੈ ਕਿ ਇਹ ਵਾਇਰਸ ਆਪਣੇ ਆਪ ਵਿੱਚ ਕੋਈ ਬਿਮਾਰੀ ਨਹੀਂ ਹੈ, ਇਸਦਾ ਕੰਮ ਸਰੀਰ ਦੇ ਬਿਮਾਰੀਆਂ ਨਾਲ ਲੜਨ ਵਾਲੇ ਸੈੱਲਾਂ ਨੂੰ ਖ਼ਤਮ ਕਰਨਾ ਹੈ।
ਏਡਜ਼ ਕਿਵੇਂ ਹੁੰਦਾ ਹੈ: ਐੱਚ ਆਈ ਵੀ ਜਦੋਂ ਮਨੁੱਖੀ ਸਰੀਰ ਵਿੱਚ ਦਾਖਲ ਹੁੰਦਾ ਹੈ ਤਾਂ ਇਸਦੇ ਬਾਹਰੀ ਲੱਛਣ ਦਿਖਾਈ ਨਹੀਂ ਦਿੰਦੇ। ਵਾਇਰਸ ਦੇ ਸਰੀਰ ਵਿੱਚ ਦਾਖਲ ਹੋਣ ਦੇ ਮੁੱਖ ਕਾਰਨ: ਪਹਿਲਾ, ਅਸੁਰੱਖਿਅਤ ਯੌਨ ਸਬੰਧ, ਜਿਸ ਵਿੱਚ ਗੈਰ ਕੁਦਰਤੀ ਯੌਨ ਸੰਬੰਧ ਵੀ ਸ਼ਾਮਲ ਹਨ। ਦੂਜਾ, ਵਾਇਰਸ ਦੇ ਲਾਗ ਵਾਲਾ ਖੂਨ ਜਾਂ ਖੂਨ ਤੋਂ ਬਣੇ ਉਤਪਾਦਾਂ ਦਾ ਬਿਨਾਂ ਜਾਂਚ ਦੇ ਕਿਸੇ ਸਿਹਤਮੰਦ ਮਨੁੱਖ ਨੂੰ ਚੜ੍ਹਾ ਦੇਣਾ। ਤੀਜਾ, ਇੱਕੋ ਹੀ ਸਰਿੰਜ ਦਾ ਬਾਰ ਬਾਰ ਇਸਤੇਮਾਲ ਕਰਨਾ, ਖਾਸ ਤੌਰ ’ਤੇ ਇੱਕ ਤੋਂ ਵੱਧ ਲੋਕਾਂ ਵੱਲੋਂ ਨਸ਼ੇ ਆਦਿ ਲਈ ਇੱਕੋ ਹੀ ਸੂਈ ਵਰਤਣੀ। ਚੌਥਾ ਕਾਰਨ, ਇਸ ਵਾਇਰਸ ਨਾਲ ਸੰਕਰਮਿਤ ਔਰਤ ਵੱਲੋਂ ਜਨਮ ਦਿੱਤੇ ਜਾਣ ਵਾਲੇ ਬੱਚੇ ਵੀ ਇਸ ਲਾਗ ਦਾ ਸ਼ਿਕਾਰ ਹੋ ਸਕਦੇ ਹਨ। ਅਜੇ ਤਕ ਇਹ ਮੁੱਖ ਚਾਰ ਕਾਰਨ ਹੀ ਸਾਹਮਣੇ ਆਏ ਹਨ। ਇੱਥੇ ਇਹ ਵੀ ਜ਼ਿਕਰਯੋਗ ਗੱਲ ਹੈ ਕਿ ਇਸ ਵਾਇਰਸ ਦੇ ਕਿਸੇ ਸਿਹਤਮੰਦ ਸਰੀਰ ਵਿੱਚ ਦਾਖਲ ਹੋਣ ਦੇ ਲਗਭਗ ਤਿੰਨ ਹਫਤਿਆਂ ਤੋਂ ਲੈ ਕੇ ਛੇ ਮਹੀਨੇ ਤਕ ਜਾਂਚ ਕਰਵਾਉਣ ਦੇ ਬਾਵਜੂਦ ਵੀ ਪਤਾ ਨਹੀਂ ਲਗਦਾ ਕਿ ਮਨੁੱਖ ਇਸ ਵਾਇਰਸ ਦਾ ਸ਼ਿਕਾਰ ਹੈ ਜਾਂ ਨਹੀਂ। ਇਸ ਸਮੇਂ ਨੂੰ ਵਿੰਡੋ ਪੀਰੀਅਡ ਕਿਹਾ ਜਾਂਦਾ ਹੈ। ਇਹ ਬਹੁਤ ਹੀ ਜੋਖਮ ਭਰਿਆ ਸਮਾਂ ਹੁੰਦਾ ਹੈ, ਜਦੋਂ ਪ੍ਰਭਾਵਿਤ ਵਿਅਕਤੀ ਅਣਜਾਣਪੁਣੇ ਵਿੱਚ ਹੀ ਸਿਹਤਮੰਦ ਲੋਕਾਂ ਨੂੰ ਇਹ ਲਾਗ ਲਗਾ ਸਕਦਾ ਹੈ।
ਲੱਛਣ: ਕਿਸੇ ਮਨੁੱਖ ਦਾ ਇਸ ਵਾਇਰਸ ਤੋਂ ਪ੍ਰਭਾਵਿਤ ਹੋਣ ਵਾਲੇ ਮੁੱਖ ਲੱਛਣ ਬੁਖਾਰ, ਸਿਰ ਦਰਦ, ਖੰਘ, ਚਮੜੀ ’ਤੇ ਦਾਗ, ਰਾਤ ਨੂੰ ਪਸੀਨਾ ਆਉਣਾ ਖਾਸ ਤੌਰ ’ਤੇ ਅਜਿਹੇ ਮਨੁੱਖ ਨੂੰ ਜਿਹੜਾ ਜ਼ਿਆਦਾਤਰ ਅਸੁਰੱਖਿਅਤ ਯੌਨ ਸਬੰਧਾਂ ਸਬੰਧੀ ਵਿਵਹਾਰ ਕਾਰਨ ਉੱਚ ਜੋਖਮ ਵਾਲੀ ਸਥਿਤੀ ਵਿੱਚ ਵਿਚਰਦਾ ਹੋਵੇ।
ਸਮਾਜਿਕ ਪਹਿਲੂ ਤੇ ਮਿੱਥਾਂ: ਹਿੰਦ ਉਪ ਮਹਾਦੀਪ ਅਤੇ ਖਾਸ ਤੌਰ ’ਤੇ ਪੰਜਾਬ ਵਿੱਚ ਇਸ ਵਾਇਰਸ ਨੂੰ ਜ਼ਿਆਦਾ ਮਾਰੂ ਜਾਂ ਘਾਤਕ ਬਣਾਉਣ ਲਈ ਸਾਡਾ ਸਮਾਜਿਕ ਤਾਣਾਬਾਣਾ ਹੀ ਮੁੱਖ ਕਾਰਕ ਹੈ। ਐੱਚ ਆਈ ਵੀ ਪ੍ਰਭਾਵਿਤ ਵਿਅਕਤੀ ਨਾਲ ਉਸਦੇ ਪਰਿਵਾਰ, ਰਿਸ਼ਤੇਦਾਰ, ਕੰਮ ਵਾਲੇ ਸਥਾਨ ਅਤੇ ਇੱਥੋਂ ਤਕ ਕਿ ਜਿਸ ਹਸਪਤਾਲ ਨੇ ਸਲਾਹ ਦੇਣੀ ਜਾਂ ਇਲਾਜ ਆਦਿਕ ਕਰਨਾ ਹੈ, ਵਿੱਚ ਵੀ ਇਸ ਹੱਦ ਤਕ ਘਿਰਣਾ ਅਤੇ ਭੇਦਭਾਵ ਕੀਤਾ ਜਾਂਦਾ ਹੈ ਕਿ ਪ੍ਰਭਾਵਿਤ ਮਨੁੱਖ ਨਾ ਤਾਂ ਖੁੱਲ੍ਹ ਕੇ ਆਪਣੀ ਗੱਲ ਕਰ ਸਕਦਾ ਹੈ ਅਤੇ ਨਾ ਹੀ ਮੌਜੂਦਾ ਸਮਾਜਿਕ ਵਿਵਸਥਾ ਉਸ ਨੂੰ ਪ੍ਰਵਾਨ ਕਰਦੀ ਹੈ। ਜਿਸ ਕਾਰਨ ਪ੍ਰਭਾਵਿਤ ਮਨੁੱਖ ਨੂੰ ਪੈਰ ਪੈਰ ’ਤੇ ਜ਼ਲੀਲ ਹੋਣਾ ਪੈਂਦਾ ਹੈ। ਉਸ ਵਿੱਚ ਹੀਣਤਾ ਪੈਦਾ ਹੁੰਦੀ ਹੈ। ਅਜਿਹੇ ਜਲਾਲਤ ਭਰਪੂਰ ਜੀਵਨ ਕਾਰਨ ਉਹ ਐੱਚ ਆਈ ਵੀ ਦੇ ਵਾਇਰਸ ਨੂੰ ਲੁਕੋ ਲੈਂਦਾ ਹੈ। ਬੇਸ਼ਕ ਇਸ ਖੇਤਰ ਵਿੱਚ ਕੰਮ ਕਰਨ ਵਾਲੀਆਂ ਸਮਾਜਿਕ ਸੰਸਥਾਵਾਂ ਵੱਲੋਂ ਚਲਾਈਆਂ ਜਾ ਰਹੀਆਂ ਜਾਗਰੂਕਤਾ ਮੁਹਿੰਮਾਂ ਕਾਰਨ ਇਸ ਭੇਦਭਾਵ ਵਿੱਚ ਕਮੀ ਆਈ ਹੈ, ਫਿਰ ਵੀ ਬਹੁਤ ਸਾਰਾ ਕੰਮ ਕਰਨਾ ਲੋੜੀਂਦਾ ਹੈ। ਖਾਸ ਤੌਰ ’ਤੇ ਇਸ ਵਾਇਰਸ ਤੋਂ ਪ੍ਰਭਾਵਿਤ ਔਰਤਾਂ ਅਤੇ ਬੱਚਿਆਂ ਦੇ ਨਾਲ ਹੁੰਦੇ ਵਿਤਕਰੇ ਅਤੇ ਖੋਹੇ ਜਾਂਦੇ ਉਨ੍ਹਾਂ ਦੇ ਮੂਲ ਜਾਂ ਬੁਨਿਆਦੀ ਅਧਿਕਾਰਾਂ ਦੀ ਪੈਰਵਾਈ ਕਰਨ ਹਿਤ ਕਿਉਂਕਿ ਐੱਚ ਆਈ ਵੀ ਪ੍ਰਭਾਵਿਤ ਔਰਤਾਂ ਅਤੇ ਬੱਚਿਆਂ ਉੱਪਰ ਬੇਹੱਦ ਨਕਾਰਾਤਮਕ ਪ੍ਰਭਾਵ ਪੈਂਦਾ ਹੈ. ਜਿਸ ਨਾਲ ਉਹ ਮਾਨਸਿਕ, ਸਮਾਜਿਕ, ਪਰਿਵਾਰਕ ਅਤੇ ਇਲਾਜ ਨਾਲ ਜੁੜੀਆਂ ਅਣਕਿਆਸੀਆਂ ਸਮੱਸਿਆਵਾਂ ਨਾਲ ਜੂਝਦੇ ਰਹਿੰਦੇ ਹਨ। ਹੁਣ ਜਦੋਂ ਇਹ ਪਤਾ ਲੱਗ ਗਿਆ ਹੈ ਕਿ ਏਡਜ਼ ਫੈਲਣ ਦੇ ਮੁੱਖ ਚਾਰ ਕਾਰਨ ਹਨ ਤਾਂ ਫਿਰ ਵੀ ਬਹੁਤ ਸਾਰੀਆਂ ਮਿੱਥਾਂ ਜਾਗਰੂਕਤਾ ਦੀ ਘਾਟ ਕਾਰਨ ਸਮਾਜ ਵਿੱਚ ਫੈਲੀਆਂ ਹੋਈਆਂ ਹਨ। ਜਿਵੇਂ, ਪ੍ਰਭਾਵਿਤ ਵਿਅਕਤੀ ਦੇ ਕੱਪੜੇ ਵਰਤਣ ਨਾਲ, ਇੱਕੋ ਹੀ ਬਰਤਨ ਵਿੱਚ ਭੋਜਨ ਕਰਨ ਨਾਲ, ਹੱਥ ਲਾਉਣ ਨਾਲ, ਇੱਕੋ ਹੀ ਸਾਬਣ ਬਾਥਰੂਮ, ਟੱਬ, ਮੱਗ ਆਦਿ ਵਰਤਣ ਨਾਲ, ਪ੍ਰਭਾਵਿਤ ਮਨੁੱਖ ਨਾਲ ਇੱਕੋ ਹੀ ਘਰ ਕਮਰੇ ਵਿੱਚ ਰਹਿਣ ਨਾਲ, ਖੰਘ, ਛਿੱਕ, ਅੱਖ, ਨੱਕ ਤੋਂ ਨਿਕਲਣ ਵਾਲੇ ਪਾਣੀ ਨਾਲ।
ਇਲਾਜ: ਜਿਵੇਂ ਕਿ ਪਤਾ ਲੱਗ ਗਿਆ ਹੈ ਕਿ ਇਸ ਵਾਇਰਸ ਦਾ ਕੋਈ ਠੋਸ ਇਲਾਜ ਨਹੀਂ ਹੈ ਪਰ ਫਿਰ ਵੀ ਇਸ ਵਾਇਰਸ ਨੂੰ ਸਰੀਰ ਵਿੱਚ ਤੇਜ਼ੀ ਨਾਲ ਫੈਲਣ ਤੋਂ ਰੋਕਣ ਹਿਤ ਏ ਆਰ ਟੀ ਜਿਸ ਨੂੰ ਐਂਟੀ ਰੈਟਰੋਵਾਇਰਲ ਥੈਰੇਪੀ ਕਿਹਾ ਜਾਂਦਾ ਹੈ, ਲਗਭਗ ਸਾਰੇ ਸਰਕਾਰੀ ਅਤੇ ਵੱਡੇ ਪ੍ਰਾਈਵੇਟ ਹਸਪਤਾਲਾਂ ਵਿੱਚ ਏ ਆਰ ਟੀ ਸੈਂਟਰ ਅਤੇ ਸਲਾਹ ਕੇਂਦਰ ਮੌਜੂਦ ਹਨ, ਜਿੱਥੇ ਪ੍ਰਭਾਵਿਤ ਮਨੁੱਖ ਦੀ ਨਿੱਜਤਾ ਦਾ ਪੂਰਾ ਧਿਆਨ ਰੱਖਦਿਆਂ ਸਰੀਰ ਵਿੱਚੋਂ ਵੱਖ ਵੱਖ ਪ੍ਰਕਾਰ ਦੇ ਸੈਂਪਲ ਲਏ ਜਾਂਦੇ ਹਨ। ਜੇ ਕਰ ਕਿਸੇ ਮਨੁੱਖ ਵਿੱਚ ਇਸ ਵਾਇਰਸ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਉਸ ਨੂੰ ਡਾਕਟਰੀ ਭਾਸ਼ਾ ਵਿੱਚ ਐੱਚ ਆਈ ਵੀ ਪੌਜ਼ੇਟਿਵ ਕਿਹਾ ਜਾਂਦਾ ਹੈ। ਬਹੁਤ ਸਾਰੇ ਪੌਜ਼ੇਟਿਵ ਲੋਕ ਅਨੁਸ਼ਾਸਨ ਮਈ ਜੀਵਨ ਸ਼ੈਲੀ ਅਤੇ ਪੌਸ਼ਟਿਕ ਅਹਾਰ ਦੀ ਵਰਤੋਂ ਕਰਕੇ ਇਸ ਵਾਇਰਸ ਨਾਲ ਲੰਮੇ ਸਮੇਂ ਤੀਕਰ ਸਿਹਤਮੰਦ ਜੀਵਨ ਬਤੀਤ ਕਰਦੇ ਹਨ, ਜਿਨ੍ਹਾਂ ਦੇ ਸਮੂਹ ਨੂੰ ਪਲਵਾ ਜਾਂ ਪੀਪੁਲ ਲਿਵਿੰਗ ਵਿੱਦ ਐੱਚ ਆਈ ਵੀ ਏਡਜ਼ ਕਿਹਾ ਜਾਂਦਾ ਹੈ। ਜਾਂਚ ਦੌਰਾਨ ਜੇ ਕਿਸੇ ਪੌਜ਼ੇਟਿਵ ਮਨੁੱਖ ਦਾ ਸੀ ਡੀ ਫੋਰ 250 ਤੋਂ ਘਟ ਜਾਂਦਾ ਹੈ ਤਾਂ ਉਸਦੀ ਏ ਆਰ ਟੀ ਸ਼ੁਰੂ ਕੀਤੀ ਜਾਂਦੀ ਹੈ, ਜੋ ਡਾਕਟਰ ਦੀ ਸਲਾਹ ਅਤੇ ਨਿਯਮਾਂ ਅਨੁਸਾਰ ਲੈਣੀ ਪੈਂਦੀ ਹੈ।
ਜਾਗਰੂਕਤਾ ਹੀ ਹੱਲ: ਹੁਣ ਤਕ ਦੇ ਵਿਸ਼ਲੇਸ਼ਣ ਮੁਤਾਬਿਕ ਐੱਚ ਆਈ ਵੀ ਇੱਕ ਅਜਿਹਾ ਵਾਇਰਸ ਹੈ, ਜਿਹੜਾ ਮਨੁੱਖ ਦੇ ਸਮਾਜਿਕ ਜੀਵਨ ਉੱਪਰ ਗਹਿਰਾ ਪ੍ਰਭਾਵ ਪਾਉਂਦਾ ਹੈ। ਜੇਕਰ ਇਸ ਬਾਬਤ ਗੱਲ ਨਾ ਕੀਤੀ ਜਾਵੇ ਜਾਂ ਇਸਦੀ ਸਹੀ ਜਾਣਕਾਰੀ ਹਾਸਲ ਨਾ ਕੀਤੀ ਜਾਵੇ ਤਾਂ ਇਹ ਮਨੁੱਖੀ ਜੀਵਨ ਦੇ ਹਰ ਇੱਕ ਪਹਿਲੂ ਉੱਪਰ ਆਪਣਾ ਘਾਤਕ ਅਸਰ ਛੱਡਦਾ ਹੈ, ਜਿਸ ਨਾਲ ਦਿਨਾਂ ਵਿੱਚ ਹੀ ਪ੍ਰਭਾਵਿਤ ਮਨੁੱਖ ਮਨੋਵਿਗਿਆਨਕ ਰੂਪ ਵਿੱਚ ਟੁੱਟ ਜਾਂਦਾ ਹੈ ਤੇ ਉਸ ਨੂੰ ਆਪਣਾ ਜੀਵਨ ਗੂੜ੍ਹ ਹਨੇਰ ਲੱਗਣ ਲੱਗ ਜਾਂਦਾ ਹੈ। ਇਸ ਸਭ ਕਾਸੇ ਲਈ ਉਹ ਆਪਣੇ-ਆਪ ਨੂੰ ਹੀ ਦੋਸ਼ੀ ਸਮਝਦਾ ਹੈ, ਜਿਸਦਾ ਅਸਰ ਉਸਦੇ ਸਮੂਹ ਪਰਿਵਾਰ ਉੱਪਰ ਪੈਣਾ ਲਾਜ਼ਮੀ ਹੈ। ਲੋੜ ਹੈ ਐੱਚ ਆਈ ਵੀ (ਏਡਜ਼) ਬਾਬਤ ਖੁੱਲ੍ਹ ਕੇ ਗੱਲ ਕਰਨ ਦੀ, ਖਾਸ ਤੌਰ ’ਤੇ ਵਿੱਦਿਅਕ ਅਦਾਰਿਆਂ ਵਿੱਚ ਅਸਰਦਾਰ ਮੁਹਿੰਮ ਵਿੱਢਣ ਦੀ ਤਾਂ ਜੋ ਮਨੁੱਖ ਦੀਆਂ ਭਵਿੱਖੀ ਨਸਲਾਂ ਜਿੱਥੇ ਸੁਚੇਤ ਅਤੇ ਜਾਗਰੂਕ ਹੋਣਗੀਆਂ, ਉੱਥੇ ਹੀ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਵੀ ਜ਼ਿਕਰਯੋਗ ਅਤੇ ਅਹਿਮ ਯੋਗਦਾਨ ਪਾਇਆ ਜਾ ਸਕੇਗਾ।
(ਲੇਖਕ ਐੱਚ ਆਈ ਵੀ/ਏਡਜ ਖਿਲਾਫ ਵੀਹ ਸਾਲ ਤੋਂ ਜਾਗਰੂਕਤਾ ਮੁਹਿੰਮ ਚਲਾ ਰਿਹਾ ਹੈ)
ਸੰਸਥਾਪਕ: ਪੰਜਾਬ ਨੈੱਟਵਰਕਿੰਗ ਆਫ ਪੌਜ਼ੇਟਿਵ ਪੀਪੁਲ ਸੋਸਾਇਟੀ, ਲੁਧਿਆਣਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (