“ਐਮਰਜੈਂਸੀ ਦਾ ਨਾਂ ਸੁਣਦਿਆਂ ਹੀ ਮੇਰੀ ਘਬਰਾਹਟ ਹੋਰ ਵਧ ਗਈ ਕਿਉਂਕਿ ਮੇਰੇ ਦਿਮਾਗ ਵਿੱਚ ...”
(25 ਨਵੰਬਰ 2025)
ਬਹੁਤ ਦੇਰ ਤੋਂ ਅਸੀਂ ਕੁਝ ਲੇਖਕ ਦੋਸਤ ਜਦੋਂ ਵੀ ਮਿਲ-ਬੈਠਦੇ ਤਾਂ ਸ਼ਿਮਲੇ ਜਾਣ ਦਾ ਪ੍ਰੋਗਰਾਮ ਉਲੀਕਦੇ। ਪਰ ਕਿਸੇ ਨਾ ਕਿਸੇ ਕਾਰਨ ਸਾਡਾ ਪ੍ਰੋਗਰਾਮ ਸਿਰੇ ਨਾ ਚੜ੍ਹਦਾ। ਸਾਡਾ ਇੱਕ ਦੋਸਤ ਅਕਸਰ ਕਹਿੰਦਾ ਕਿ ਮੈਂ ਦੁਨੀਆਂ ਭਰ ਦੇ ਵੱਡੇ-ਛੋਟੇ ਸਾਰੇ ਮੁਲਕ ਗਾਹ ਮਾਰੇ ਪਰ ਚੰਡੀਗੜ੍ਹ ਦੇ ਕੱਛ ਵਿੱਚ ਪਿਆ ਆਹ ਸ਼ਿਮਲਾ ਨਹੀਂ ਦੇਖਿਆ। ਸਰਦੀ ਵਧਣ ਦੇ ਖ਼ਤਰੇ ਨੂੰ ਭਾਂਪਦਿਆਂ ਅਸੀਂ ਅਕਤੂਬਰ ਦੇ ਆਖਰੀ ਦਿਨਾਂ ਵਿੱਚ ਸ਼ਿਮਲੇ ਜਾਣ ਦਾ ਪ੍ਰੋਗਰਾਮ ਪੱਕਾ ਕਰ ਲਿਆ। ਅਸੀਂ ਤਿੰਨ ਜਣੇ ਚੰਡੀਗੜ੍ਹ ਤੋਂ ਟੈਕਸੀ ਵਿੱਚ ਸਵਾਰ ਹੋ ਕੇ ਸ਼ਿਮਲੇ ਦੇ ਰਾਹ ਪੈ ਗਏ। ਰਸਤੇ ਵਿੱਚ ਅਸੀਂ ਲੇਖਕਾਂ, ਲੇਖਕ ਸਭਾਵਾਂ ਅਤੇ ਸਾਹਿਤਕ ਵਿਸ਼ਿਆਂ ਉੱਤੇ ਗੁਫਤਗੂ ਕਰਦੇ ਤੁਰਦੇ ਗਏ ਅਤੇ ਜਿੱਥੇ ਕਿੱਤੇ ਰਸਤੇ ਵਿੱਚ ਹਰਿਆਵਲ ਭਰੀਆਂ ਡੂੰਘੀਆਂ ਵਾਦੀਆਂ ਨਜ਼ਰੀਂ ਪੈਂਦੀਆਂ ਉੱਥੇ ਰੁਕ ਕੇ ਤਸਵੀਰਾਂ ਲੈਂਦੇ। ਇੰਝ ਖਾਂਦਿਆਂ ਪੀਂਦਿਆਂ ਅਸੀਂ ਦੁਪਹਿਰ ਦੇ ਦੋ ਵਜੇ ਆਪਣੀ ਮੰਜ਼ਿਲ ’ਤੇ ਪਹੁੰਚ ਗਏ। ਸ਼ਿਮਲੇ ਪਹੁੰਚਦਿਆਂ ਲੰਮ-ਸਲੰਮੀਆਂ ਝੂਲਦੀਆਂ ਚੀਲਾਂ ਵਿੱਚੋਂ ਆਉਂਦੀ ਠੰਢੀ ਹਵਾ ਨੇ ਸਾਡਾ ਸਵਾਗਤ ਕੀਤਾ। ਕੁਛ ਦੇਰ ਆਰਾਮ ਕਰਨ ਤੋਂ ਬਾਅਦ ਅਸੀਂ ਸ਼ਿਮਲੇ ਦੀਆਂ ਦੇਖਣਯੋਗ ਥਾਂਵਾਂ ਦੇਖਣ ਤੁਰ ਪਏ।
ਸ਼ਿਮਲੇ ਦੇ ਲੋਅਰ ਬਾਜ਼ਾਰ, ਲੱਕੜ ਬਜ਼ਾਰ ਅਤੇ ਰਿੱਜ ਦੀ ਚੜ੍ਹਾਈ ਚੜ੍ਹਦਿਆਂ ਸਾਡਾ ਸਾਹ ਫੁੱਲ ਗਿਆ। ਜਦੋਂ ਅਸੀਂ ਵਾਪਸ ਚਾਰ ਪੌੜ੍ਹੀਆਂ ਚੜ੍ਹ ਕੇ ਆਪਣੇ ਹੋਟਲ ਪਹੁੰਚੇ ਤਾਂ ਅਚਾਨਕ ਮੈਨੂੰ ਆਪਣੀ ਛਾਤੀ ਵਿੱਚ ਚੁਬਨ ਜਿਹੀ ਮਹਿਸੂਸ ਹੋਈ। ਮੈਂ ਚੱਲ ਹੋਊ ਕਰਕੇ ਟਾਲ਼ ਦਿੱਤਾ। ਪਰ ਥੋੜ੍ਹੀ ਦੇਰ ਬਾਅਦ ਦਰਦ ਹਨ ਗਿਆ। ਮੈਂ ਦੜ ਵੱਟ ਲਈ। ਸ਼ਾਮ ਨੂੰ ਫਿਰ ਇਹੋ ਕੁਝ ਹੋਇਆ। ਮੈਨੂੰ ਸਰੀਰਕ ਤਕਲੀਫ ਤਾਂ ਭਾਵੇਂ ਘੱਟ ਸੀ ਪਰ ਆਪਣੇ ਘਰੋਂ ਬਾਹਰ ਹੋਣ ਕਰਕੇ ਮੈਂ ਘਬਰਾ ਗਿਆ। ਆਖ਼ਰ ਨੂੰ ਮੈਂ ਸਾਥੀਆਂ ਨੂੰ ਆਪਣੀ ਤਕਲੀਫ ਦੱਸੀ। ਅਸੀਂ ਹੋਟਲ ਦੇ ਕੇਅਰ ਟੇਕਰ ਨੂੰ ਕਿਸੇ ਸਿਆਣੇ ਡਾਕਟਰ ਬਾਰੇ ਪੁੱਛਿਆ। ਉਸਨੇ ਸਾਨੂੰ ਇੰਦਰਾ ਗਾਂਧੀ ਹਸਪਤਾਲ ਦੀ ਐਮਰਜੈਂਸੀ ਵਿੱਚ ਜਾਣ ਦੀ ਸਲਾਹ ਦਿੱਤੀ। ਟੈਕਸੀ ਮੰਗਵਾ ਕੇ ਅਸੀਂ ਹਸਪਤਾਲ ਜਾਣ ਲਈ ਤੁਰ ਪਏ। ਐਮਰਜੈਂਸੀ ਦਾ ਨਾਂ ਸੁਣਦਿਆਂ ਹੀ ਮੇਰੀ ਘਬਰਾਹਟ ਹੋਰ ਵਧ ਗਈ ਕਿਉਂਕਿ ਮੇਰੇ ਦਿਮਾਗ ਵਿੱਚ ਪੀ.ਜੀ.ਆਈ. ਚੰਡੀਗੜ੍ਹ ਦੀ ਮਰੀਜ਼ਾਂ ਨਾਲ ਖਚਾਖਚ ਭਰੀ ਐਮਰਜੈਂਸੀ ਦਾ ਭਿਆਨਕ ਦ੍ਰਿਸ਼ ਉੱਭਰ ਆਇਆ ਸੀ।
ਜਦੋਂ ਅਸੀਂ ਇੰਦਰਾ ਗਾਂਧੀ ਹਸਪਤਾਲ ਪਹੁੰਚੇ ਤਾਂ ਜਾਂਦਿਆਂ ਹੀ ਨਰਸਾਂ ਨੇ ਬੜੇ ਮਿੱਠੇ ਸ਼ਬਦਾਂ ਵਿੱਚ ਪੁੱਛਿਆ, “ਆਉ ਅੰਕਲ ਜੀ, ਕੀ ਤਕਲੀਫ ਹੈ?”
ਉਨ੍ਹਾਂ ਨੇ ਮੇਰਾ ਬਲੱਡ ਪ੍ਰੈੱਸ਼ਰ ਦੇਖਿਆ। ਡਾਕਟਰਾਂ ਨੇ ਬਿਨਾਂ ਕਿਸੇ ਦੇਰੀ ਤੋਂ ਮੇਰਾ ਮੁਆਇਨਾ ਕੀਤਾ ਅਤੇ ਮੇਰੇ ਖੂਨ ਦਾ ਸੈਂਪਲ ਲੈ ਕੇ ਲੈਬਾਰਟੀ ਵਿੱਚ ਭੇਜ ਦਿੱਤਾ। ਉਨ੍ਹਾਂ ਕਿਹਾ ਰਿਪੋਰਟ ਆਉਂਦਿਆਂ ਇੱਕ ਘੰਟਾ ਲਗ ਜਾਵੇਗਾ, ਉਦੋਂ ਤਕ ਤੁਸੀਂ ਸਟੈਚਰ ’ਤੇ ਲੇਟ ਜਾਓ ’ਤੇ ਇੰਤਜ਼ਾਰ ਕਰੋ। ਮੇਰਾ ਸਾਥੀ ਲੈਬਾਟਰੀ ਚਲਾ ਗਿਆ ’ਤੇ ਮੈਂ ਇੱਧਰ-ਉੱਧਰ ਪਏ ਮਰੀਜ਼ਾਂ ਵੱਲ ਦੇਖਣ ਲੱਗ ਪਿਆ। ਮੇਰਾ ਮਨ ਕਈ ਤਰ੍ਹਾਂ ਦੇ ਸੰਸਿਆਂ ਵਿੱਚ ਪੈ ਗਿਆ। ਮੈਨੂੰ ਆਪਣੀ ਰਿਪੋਰਟ ਦਾ ਡਰ ਸਤਾਉਣ ਲੱਗਾ। ਐਨੇ ਨੂੰ ਮੇਰੇ ਲਾਗੇ ਪਏ ਮਰੀਜ਼ ਦਾ ਇੱਕ ਨੌਜਵਾਨ ਅਟੈਂਡੈਂਟ ਮੇਰੇ ਕੋਲ ਆਇਆ ਤੇ ਕਹਿਣ ਲੱਗਾ, “ਉੱਠੋ ਸਰਦਾਰ ਅੰਕਲ, ਚਾਹ ਪੀਓ, ਠੰਢ ਦਾ ਮੌਸਮ ਐ। ਬਿਲਕੁਲ ਚਿੰਤਾ ਨਹੀਂ ਕਰਨੀ, ਵਾਹਿਗੁਰੂ ਸਭ ਠੀਕ ਕਰੇਗਾ।” ਉਸਨੇ ਜਿਸ ਅਪਣੱਤ ਨਾਲ ਕਿਹਾ, ਮੇਰੀ ਅੱਧੀ ਚਿੰਤਾ ਦੂਰ ਗਈ। ਮੈਂ ਉਸਨੂੰ ਬਾਥਰੂਮ ਦਾ ਰਸਤਾ ਪੁੱਛਿਆ। ਉਸਨੇ ਬੜੀ ਤੱਤਪਰਤਾ ਨਾਲ ਕਿਹਾ, “ਤੁਸੀਂ ਸਟੈਚਰ ‘ਤੇ ਪਏ ਰਹੋ, ਬਿਲਕੁਲ ਨਹੀਂ ਹਿੱਲਣਾ, ਮੈਂ ਆਪੇ ਲੈ ਜਾਵਾਂਗਾ ਬਾਥਰੂਮ।”
ਐਨੀ ਦੇਰ ਨੂੰ ਮੇਰਾ ਸਾਥੀ ਰਿਪੋਰਟ ਲੈ ਕੇ ਆ ਗਿਆ। ਡਾਕਟਰ ਨੇ ਰਿਪੋਰਟ ਦੇਖ ਕੇ ਮੁਸਕਰਾਉਂਦਿਆਂ ਮੈਨੂੰ ਕਿਹਾ, “ਅੰਕਲ, ਤੁਹਾਡੀ ਰਿਪੋਰਟ ਨਾਰਮਲ ਹੈ, ਚਿੰਤਾ ਵਾਲੀ ਕੋਈ ਗੱਲ ਨਹੀਂ। ਤੁਸੀਂ ਜਾ ਸਕਦੇ ਹੋ।”
ਉਹ ਨੌਜਵਾਨ ਕਹਿਣ ਲੱਗਾ, “ਦੇਖਿਆ ਅੰਕਲ! ਮੈਂ ਕਿਹਾ ਸੀ ਨਾ ਵਾਹਿਗੁਰੂ ਸਭ ਠੀਕ ਕਰੇਗਾ।”
ਅਸੀਂ ਖੁਸ਼ੀ-ਖੁਸੀ ਹਸਪਤਾਲ ਤੋਂ ਬਾਹਰ ਆ ਗਏ। ਉਹ ਨੌਜਵਾਨ ਵੀ ਸਾਨੂੰ ਬਾਹਰ ਤਕ ਛੱਡਣ ਆਇਆ। ਉਸਦੇ ਮਿੱਠੇ ਸੁਭਾਅ ਅਤੇ ਤਿਮਾਰਦਾਰੀ ਦੀ ਭਾਵਨਾ ਦੇਖ ਕੇ ਮੈਂ ਟੈਕਸੀ ਵਿੱਚ ਬੈਠਣ ਤੋਂ ਪਹਿਲਾਂ ਉਸਦੇ ਮੋਢੇ ’ਤੇ ਹੱਥ ਰੱਖ ਕੇ ਪੁੱਛਿਆ, “ਬਰਖ਼ੁਰਦਾਰ! ਜੇ ਤੂੰ ਬੁਰਾ ਨਾ ਮਨਾਏਂ ਤਾਂ ਕੀ ਮੈਂ ਪੁੱਛ ਸਕਦਾ ਹਾਂ ਕਿ ਤੇਰਾ ਮੇਰੇ ਪ੍ਰਤੀ ਐਨੀ ਅਪਣੱਤ ਅਤੇ ਹਮਦਰਦੀ ਰੱਖਣ ਦੀ ਕੀ ਕੋਈ ਖਾਸ ਵਜਾਹ ਹੈ?”
ਉਸ ਨੌਜਵਾਨ ਨੇ ਜ਼ਰਾ ਕੁ ਰੁਕ ਕੇ ਇੱਕ ਡੂੰਘਾ ਸਾਹ ਲਿਆ ਤੇ ਫਿਰ ਜਜ਼ਬਾਤੀ ਜਿਹਾ ਹੋ ਕੇ ਬੋਲਿਆ, “ਅੰਕਲ! ਅਸਲ ਵਿੱਚ ਮੈਂ ਕਸ਼ਮੀਰ ਤੋਂ ਹਾਂ। ਕਿਸੇ ਵੇਲੇ ਸਾਡਾ ਸ੍ਰੀ ਨਗਰ ਵਿੱਚ ਕੱਪੜੇ ਦਾ ਤਕੜਾ ਬਿਜ਼ਨਿਸ ਸੀ। ਸਾਡੇ ਬਿਜ਼ਨਿਸ ਵਿੱਚ ਅੰਮ੍ਰਿਤਸਰ ਵਾਲੇ ਸੇਠੀ ਸਰਦਾਰਾਂ ਦੀ ਭਾਈਵਾਲੀ ਸੀ। ਸਾਡਾ ਅਤੇ ਸੇਠੀ ਸਰਦਾਰਾਂ ਦਾ ਆਪਸ ਵਿੱਚ ਭਰਾਵਾਂ ਵਰਗਾ ਪਿਆਰ ਸੀ। ਕਸ਼ਮੀਰ ਵਿੱਚ ਕੁਝ ਸਮਾਂ ਪਹਿਲਾਂ ਹਾਲਾਤ ਇਹੋ ਜਿਹੇ ਬਣੇ ਕਿ ਸਾਨੂੰ ਸ੍ਰੀਨਗਰ ਛੱਡਣਾ ਪਿਆ ਅਤੇ ਅਸੀਂ ਸ਼ਿਮਲੇ ਆਪਣੇ ਰਿਸ਼ਤੇਦਾਰਾਂ ਕੋਲ ਆ ਗਏ। ਹੁਣ ਇੱਥੇ ਵੀ ਸਾਡਾ ਕਾਰੋਬਾਰ ਤੁਰ ਪਿਆ ਹੈ। ਉੱਥੋਂ ਆਉਣ ਵੇਲੇ ਸੇਠੀ ਅੰਕਲ ਸਾਡੇ ਗਲ ਲੱਗ ਕੇ ਜ਼ਾਰੋਜਾਰ ਰੋਏ। ਤੁਹਾਨੂੰ ਦੇਖ ਮੈਨੂੰ ਸੇਠੀ ਅੰਕਲ ਯਾਦ ਆ ਗਏ। ਜਿੱਥੇ ਵੀ ਮੈਨੂੰ ਕੋਈ ਸਰਦਾਰ ਅੰਕਲ ਮਿਲ ਜਾਂਦਾ ਹੈ, ਮੈਂਨੂੰ ਸੇਠੀ ਅੰਕਲ ਵਰਗਾ ਹੀ ਲਗਦਾ ਹੈ।”
ਨੌਜਵਾਨ ਦੀ ਗੱਲ ਸੁਣ ਕੇ ਮੇਰੀ ਸੁਰਤ ਚਾਲੀ ਸਾਲ ਪਿੱਛੇ ਪਰਤ ਗਈ ਜਦੋਂ ਦਿੱਲੀ ਵਿੱਚ ਇਹੀ ਪਛਾਣ ਮੇਰੀ ਮੌਤ ਬਣ ਕੇ ਮੈਨੂੰ ਲੱਭਦੀ ਫਿਰਦੀ ਸੀ, ਤੇ ਅੱਜ ...!
ਮੈਂ ਭਿੱਜੀਆਂ ਅੱਖਾਂ ਨਾਲ ਉਸ ਨੌਜਵਾਨ ਦਾ ਮੱਥਾ ਚੁੰਮਿਆ ਤੇ ਟੈਕਸੀ ਵਿੱਚ ਬੈਠ ਗਿਆ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (