JaiRupSinghDr7ਜਦੋਂ ਕੋਈ ਬਾਹਰਲਾ ਤੱਤਬੈਕਟੀਰੀਆ ਜਾਂ ਵਾਇਰਸ ਆਦਿ ਸਰੀਰ ਅੰਦਰ ਦਾਖ਼ਲ ਹੋਵੇ ਤਾਂ ...
(21 ਨਵੰਬਰ 2024)

 

ਗੁਆਦਾ ਦੀ ਅਸਲੀਅਤ:

ਫਰਾਂਸ ਤੋਂ ਤਕਰੀਬਨ 6700 ਕਿਲੋਮੀਟਰ ਦੂਰ ਕੈਰੀਬੀਅਨ ਸਮੁੰਦਰ ਅਤੇ ਉੱਤਰੀ ਅਟਲਾਂਟਿਕ ਮਹਾਂਸਾਗਰ ਦੇ ਵਿਚਕਾਰ ਤਿਤਲੀ ਦੀ ਸ਼ਕਲ ਵਾਲਾ ਇੱਕ ਟਾਪੂ ਹੈ, ਜਿਸ ਨੂੰ ਇੱਥੋਂ ਦੇ ਅਸਲ ‘ਆਰਾਤਾਕ’ (Aratak) ਨਾਮੀ ਨਿਵਾਸੀ ‘ਕਾਰੂਕੇਰਾ’ ਆਖਦੇ ਹਨ। ਇਸਦਾ ਮਤਲਬ ਹੈ ‘ਸੋਹਣੇ ਪਾਣੀਆਂ ਵਾਲਾ ਟਾਪੂ।’ ਹੁਣ ਇਸ ਨੂੰ ‘ਗੁਵਾਦੂਹਲੂਪ’ ਆਖਦੇ ਹਨ ਤੇ ਆਮ ਲੋਕ ਬੋਲੀ ਵਿੱਚ ਇੱਥੋਂ ਦੇ ਨਿਵਾਸੀਆਂ ਨੂੰ ‘ਗਵਾਦਾ’ ਕਹਿੰਦੇ ਹਨ। ਸੰਨ 1635 ਵਿੱਚ ਫਰਾਂਸ ਨੇ ਇੱਥੇ ਕਬਜ਼ਾ ਕਰ ਕੇ ਇਸ ਨੂੰ ਆਪਣੀ ਬਸਤੀ ਵਿੱਚ ਤਬਦੀਲ ਕਰ ਲਿਆ ਸੀ। ਫ਼ਰਾਸੀਸੀਆਂ ਨੇ ਇੱਥੋਂ ਦੇ ਮੂਲ (ਅਸਲ) ਨਿਵਾਸੀਆਂ ਨੂੰ ਖ਼ਤਮ ਕਰ ਕੇ ਇੱਥੇ ਅਫ਼ਰੀਕਾ ਤੋਂ ਗ਼ੁਲਾਮਾਂ ਨੂੰ ਲਿਆ ਕੇ ਵਸਾਇਆ। ਸੰਨ 1700 ਤੋਂ 1800 ਦੌਰਾਨ ‘ਗੁਵਾਦੂਹਲੂਪ’ ਅਤੇ ਇਹਦੇ ਨਾਲ ਲਗਦੇ ਛੋਟੇ-ਛੋਟੇ ਟਾਪੂਆਂ ਉੱਪਰ ਅੰਗਰੇਜ਼ਾਂ ਅਤੇ ਸਵੀਡਨ ਵਾਲਿਆਂ ਨੇ ਰਾਜ ਕੀਤਾ ਪਰ 1816 ਵਿੱਚ ਇਹ ਮੁੜ ਫਰਾਂਸ ਦੇ ਕਬਜ਼ੇ ਹੇਠ ਆ ਗਿਆ। ਸਾਲ 1946 ਵਿੱਚ ਇਸ 1628 ਵਰਗ ਕਿਲੋਮੀਟਰ ਵਾਲਾ ਟਾਪੂ, ਜਿਸ ਵਿੱਚ ਤਕਰੀਬਨ 4 ਲੱਖ ਨਿਵਾਸੀ ਸਨ, ਨੂੰ ਫਰਾਂਸ ਦੇ ਹੀ ਇੱਕ ਅਨਿੱਖੜਵੇਂ ਹਿੱਸੇ ਵਾਂਗ, “ਵਿਦੇਸ਼ੀ ਵਿਭਾਗ’ ਦਾ ਦਰਜਾ ਦੇ ਦਿੱਤਾ ਗਿਆ, ਜੋ ਹੁਣ ਤਕ ਕਾਇਮ ਹੈ।

ਇਹ ਛੋਟਾ ਜਿਹਾ ਭੁੱਲਿਆ ਹੋਇਆ ਟਾਪੂ ਜੂਨ 2025 ਨੂੰ ਸਾਇੰਸ ਦੀ ਦੁਨੀਆ ਵਿੱਚ ਇਕਦਮ ਛਾ ਗਿਆ। ਇਹ ਇੱਥੋਂ ਦੀ ਇੱਕ ਔਰਤ ਸਦਕਾ ਹੋਇਆ, ਜੋ ਪੈਰਿਸ ਵਿੱਚ ਰਹਿੰਦੀ ਸੀ। ਸੰਨ 2011 ਵਿੱਚ ਜਦੋਂ ਇਹ ਔਰਤ 54 ਸਾਲ ਦੀ ਸੀ ਤਾਂ ਉਹ ਕਿਸੇ ਬਿਮਾਰੀ ਕਾਰਨ ਅਪਰੇਸ਼ਨ ਕਰਵਾਉਣ ਲਈ ਹਸਪਤਾਲ ਵਿੱਚ ਦਾਖ਼ਲ ਹੋਈ। ਅਪਰੇਸ਼ਨ ਤੋਂ ਪਹਿਲਾਂ ਜਿਵੇਂ ਹਰ ਮਰੀਜ਼ ਨਾਲ ਹੁੰਦਾ ਹੈ, ਉਸਦੇ ਵੀ ਖ਼ੂਨ ਦੇ ਟੈੱਸਟ ਕਰਵਾਏ ਗਏ ਤਾਂ ਜੋ ਲੋੜ ਪੈਣ ’ਤੇ ਉਸ ਨੂੰ ਉਸਦੇ ਖ਼ੂਨ ਨਾਲ ਮਿਲਦਾ ਖ਼ੂਨ ਦਿੱਤਾ ਜਾ ਸਕੇ। ਹਸਪਤਾਲ ਨੂੰ ਪੂਰੀ ਖੋਜ ਦੇ ਬਾਵਜੂਦ ਉਸਦੇ ਨਾਲ ਦਾ ਖ਼ੂਨ ਨਾ ਮਿਲਿਆ। ਹਸਪਤਾਲ ਵਾਲਿਆਂ ਨੇ ਉਸਦਾ ਖ਼ੂਨ ਸੰਭਾਲ ਰੱਖਿਆ। 2019 ਵਿੱਚ ਜਦੋਂ ਜਾਂਚ ਦੀਆਂ ਨਵੀਂਆਂ ਤਕਨੀਕਾਂ ਆ ਗਈਆਂ ਤਾਂ ਉਸ ਔਰਤ ਦੇ ਸਾਂਭੇ ਹੋਏ ਖ਼ੂਨ ਉੱਪਰ ਦੁਬਾਰਾ ਖੋਜਾਂ ਸ਼ੁਰੂ ਹੋ ਗਈਆਂ। ਇਨ੍ਹਾਂ ਖੋਜਾਂ ਦੇ ਨਤੀਜੇ ਇਟਲੀ ਦੇ ਸ਼ਹਿਰ ਦੇ ਮਿਲਾਨ ਅੰਦਰ 31 ਮਈ ਤੋਂ 4 ਜੂਨ, 2025 ਨੂੰ ਹੋਈ ਇੱਕ ਅੰਤਰਰਾਸ਼ਟਰੀ ਕਾਂਗਰਸ ਵਿੱਚ ਫਰਾਂਸ ਦੇ ਸਾਇੰਸਦਾਨ ਥੀਰੀ ਪੇਅਰਾਰਦ ਵੱਲੋਂ ਪੇਸ਼ ਕੀਤੇ ਗਏ। ਇਸ ਸਾਇੰਸਦਾਨਾਂ ਦੀ ਢਾਣੀ ਨੇ ਇਹ ਸਾਬਤ ਕੀਤਾ ਕਿ ਇਹ ‘ਗੁਵਾਦੂਹਲੂਪ’ ਵਾਲੀ ਔਰਤ ਜੋ ਹੁਣ 68 ਵਰ੍ਹਿਆਂ ਦੀ ਹੋ ਚੁੱਕੀ ਸੀ, ਦਾ ਖ਼ੂਨ ਅਨੋਖੀ ਨਵੇਕਲੀ ਕਿਸਮ ਦਾ ਹੈ। ਉਨ੍ਹਾਂ ਨੇ ਇਹ ਵੀ ਸਾਬਤ ਕੀਤਾ ਕਿ ਇਸਦੇ ਨਿਵੇਕਲੇਪਣ ਦਾ ਕਾਰਨ ਇਸ ਔਰਤ ਦੇ ਦੋਨੋਂ ਮਾਪਿਆਂ ਦੇ ਜੀਨਾਂ ਅੰਦਰ ਆਈ ਇੱਕ ਜੈਨੇਟਿਕ (ਜਿਣਸੀ) ਤਬਦੀਲੀ ਕਰਕੇ ਹੈ। ਜਿਸ ਜੀਨ ਵਿੱਚ ਇਹ ਤਬਦੀਲੀ ਆਈ ਹੈ, ਉਸ ਜੀਨ ਨੂੰ PIGZ ਦਾ ਨਾਂ ਦਿੱਤਾ ਗਿਆ ਹੈ। ਇਹ ਇੱਕ ਅਜਿਹੀ ਅਨੋਖੀ ਤਬਦੀਲੀ ਹੈ ਕਿ ਸਾਰੀ ਦੁਨੀਆ ਵਿੱਚ ਇਸ ਔਰਤ ਦੇ ਖ਼ੂਨ ਦੀ ਕਿਸਮ ਵਾਲਾ ਕੋਈ ਹੋਰ ਇਨਸਾਨ ਨਹੀਂ ਹੈ। ਇਸੇ ਕਰਕੇ ਇਸ ਔਰਤ ਨੂੰ ਲੋੜ ਪੈਣ ’ਤੇ ਸਿਵਾਏ ਇਸਦੇ ਆਪਣੇ ਖ਼ੂਨ ਤੋਂ ਕਿਸੇ ਵੀ ਹੋਰ ਖ਼ੂਨਦਾਨੀ ਦਾ ਖ਼ੂਨ ਨਹੀਂ ਦਿੱਤਾ ਜਾ ਸਕਦਾ।

4 ਜੂਨ 2025 ਨੂੰ ਖ਼ਤਮ ਹੋਈ ਇਸ ਕਾਂਗਰਸ ਵਿੱਚ ਇਹ ਰਸਮੀ ਤੌਰ ’ਤੇ ਐਲਾਨਿਆ ਗਿਆ ਕਿ ਹੁਣ ਤਕ ਜਿੰਨੀਆਂ ਵੀ ਇਨਸਾਨੀ ਖ਼ੂਨ ਦੀਆਂ ਕਿਸਮਾਂ ਬਾਰੇ ਪਤਾ ਹੈ, ਇਹ ਉਨ੍ਹਾਂ ਸਾਰੀਆਂ ਤੋਂ ਅਲੱਗ ਹੈ। ਇਸ ਨਵੇਂ ਖ਼ੂਨ ਦੀ ਕਿਸਮ ਦਾ ਨਾਂ ਇਸ ਔਰਤ ਦੇ ਅਸਲੀ ਵਤਨ ਨੂੰ ਅਹਿਮੀਅਤ ਦਿੰਦਿਆਂ ‘ਗੁਵਾਦੂਹਲੂਪ’ ਦੀ ਲੋਕ-ਬੋਲੀ ਵਾਲਾ ਨਾਂ ‘ਗੁਵਾਦਾ’ ਰੱਖ ਦਿੱਤਾ ਗਿਆ ਤੇ ਇਸ ਔਰਤ ਦੇ ਖ਼ੂਨ ਨੂੰ ‘ਗੁਆਦਾ-ਮਨਫ਼ੀ’ ਦਾ ਦਰਜਾ ਦਿੱਤਾ ਗਿਆ।

ਲਹੂ ਦੀ ਬਣਤਰ

ਲਹੂ ਤਾਂ ਹਰੇਕ ਨੇ ਹੀ ਦੇਖਿਆ ਹੈ ਕਿ ਲਾਲ ਰੰਗ ਦਾ ਹੁੰਦਾ ਹੈ ਪਰ ਇਹ ਕਿਨ੍ਹਾਂ ਅੰਸ਼ਾਂ ਦਾ ਬਣਿਆ ਹੁੰਦਾ ਹੈ? ਸਰੀਰ ’ਤੇ ਕਿਤੇ ਵੀ ਕੋਈ ਸੱਟ ਲੱਗੇ ਤਾਂ ਲਾਲ ਰੰਗਾਂ ਖ਼ੂਨ ਵਗਣਾ ਸ਼ੁਰੂ ਹੋ ਜਾਂਦਾ ਹੈਭਾਵੇਂ ਇਹ ਕੱਟ ਬਾਰੀਕ ਜਿਹਾ ਹੀ ਹੋਵੇ ਤੇ ਇਹ ਥੋੜ੍ਹੀ ਦੇਰ  ਬਾਅਦ ਆਪਣੇ ਆਪ ਹੀ ਵਗਣਾ ਬੰਦ ਹੋ ਜਾਂਦਾ ਹੈ। ਆਮ ਦੇਖਣ ਵਿੱਚ ਸਾਰਿਆਂ ਦਾ ਖ਼ੂਨ ਇੱਕੋ ਜਿਹਾ ਹੀ ਦਿਸਦਾ ਹੈ। ਜੇ ਅਸੀਂ ਇਸ ਨੂੰ ਖੁਰਦਬੀਨ ਹੇਠਾਂ ਵੇਖੀਏ ਤਾਂ ਵੀ ਇਹ ਸਾਰਿਆਂ ਵਿੱਚ ਇੱਕੋ ਜਿਹਾ ਦਿਸਦਾ ਹੈ। ਖੁਰਦਬੀਨ ਥੱਲੇ ਇਸ ਵਿੱਚ ਮੋਟੇ ਤੌਰ ’ਤੇ ਤਿੰਨ ਤਰ੍ਹਾਂ ਦੇ ਸੈੱਲ ਜ਼ਰੂਰ ਨਜ਼ਰ ਆਉਂਦੇ ਹਨ। ਪੇੜੇ ਜਾਂ ਬਾਲੂਸ਼ਾਹੀ ਦੀ ਸ਼ਕਲ ਵਰਗੇ ਥੋੜ੍ਹੇ ਜਿਹੇ ਚਪਟੇ ਪਰ ਦੋਨੋਂ ਪਾਸਿਆਂ ਵੱਲੋਂ, ਵਿਚਕਾਰੋਂ, ਕੁਝ ਡੂੰਘੇ ਲਾਲ ਰੰਗ ਦੇ ਸੈੱਲ; ਚਿੱਟ-ਰੰਗੇ ਕਈ ਤਰ੍ਹਾਂ ਦੇ ਗੋਲ-ਮਟੋਲ ਚਿੱਟੇ ਖ਼ੂਨ ਦੇ ਸੈੱਲ; ਅਤੇ ਚਿਪਟੇ ਆਲੂਆਂ ਦੇ ਚਿਪਸਾਂ ਵਰਗੇ ਪਲੇਟ ਦੀ ਸ਼ਕਲ ਵਾਲੇ ਸੈੱਲ, ਜਿਨ੍ਹਾਂ ਨੂੰ ‘ਪਲੇਟਲੈੱਟ’ ਆਖਦੇ ਹਨ। ਇਹ ਤਿੰਨੋਂ ਤਰ੍ਹਾਂ ਦੇ ਸੈੱਲ ਇੱਕ ਪਿਲੱਤਣ ਰੰਗੇ, ਪਾਣੀ ਨਾਲੋਂ ਗਾੜ੍ਹੇ ਤਰਲ ਵਿੱਚ ਤਰ ਰਹੇ ਹੁੰਦੇ ਹਨ। ਇਸ ਸੰਘਣੇ ਤਰਲ ਨੂੰ ‘ਪਲਾਜ਼ਮਾ’ ਆਖਦੇ ਹਨ। ਇਨ੍ਹਾਂ ਤੋਂ ਇਲਾਵਾ ਕਈ ਤਰ੍ਹਾਂ ਦੇ ਪ੍ਰੋਟੀਨ ਅਤੇ ਅਨੇਕਾਂ ਕਿਸਮ ਦੇ ਛੋਟੇ-ਛੋਟੇ ਸੈੱਲਾਂ ਵਰਗੇ ਅੰਸ਼ ਵੀ ਹੁੰਦੇ ਹਨ ਪਰ ਸਭ ਤੋਂ ਜ਼ਰੂਰੀ ਹਨ ਉੱਪਰ ਦਰਸਾਏ ਤਿੰਨੋਂ ਤਰ੍ਹਾਂ ਦੇ ਸੈੱਲ। ਖ਼ੂਨ ਦੇ ਇੱਕ ਬਹੁਤ ਮਹੀਨ ਤੁਪਕੇ (ਇੱਕ ਘਣ ਮਿਲੀਮੀਟਰ, 1 cu mm) ਵਿੱਚ ਤਕਰੀਬਨ 50 ਲੱਖ ਲਾਲ ਸੈੱਲ, 7 ਹਜ਼ਾਰ ਚਿੱਟੇ ਸੈੱਲ ਤੇ ਢਾਈ ਲੱਖ ਪਲੇਟਲੈੱਟਸ ਹੁੰਦੇ ਹਨ।

ਲਾਲ ਰੰਗੇ ਸੈੱਲ

ਲਹੂ ਦਾ ਲਾਲ ਰੰਗ, ਲਾਲ ਰੰਗੇ ਖ਼ੂਨ ਦੇ ਸੈੱਲਾਂ ਬਦੌਲਤ ਹੁੰਦਾ ਹੈ। ਇਹ ਸੈੱਲ ਬਿਨਾਂ ਧੁਰੇ ਦੇ ਹੁੰਦੇ ਹਨ ਪਰ ਇਨ੍ਹਾਂ ਅੰਦਰ ਲਾਲ ਲੋਹੇ ਰੰਗਾਂ ਇੱਕ ਖ਼ਾਸ ਕਿਸਮ ਦਾ ਪ੍ਰੋਟੀਨ ਭਰਿਆ ਹੁੰਦਾ ਹੈ। ਉਸ ਪ੍ਰੋਟੀਨ ਨੂੰ ਹੀਮੋਗਲੋਬੀਅਨ ਆਖਦੇ ਹਨ, ਜੋ ਚਾਰ ਇਕਾਈਆਂ ਦਾ ਬਣਿਆ ਹੁੰਦਾ ਹੈ। ਇਸਦੀ ਹਰ ਇਕਾਈ ਵਿੱਚ ਇੱਕ ਲੋਹੇ ਦਾ ਅਣੂ (ਐਟਮ, Atom) ਹੁੰਦਾ ਹੈ, ਜਿਸ ਨੂੰ ਆਕਸੀਜਨ ਚਿਪਕੀ ਹੁੰਦੀ ਹੈ। ਇਸ ਲਾਲ ਰੰਗੇ ਸੈੱਲ ਦਾ ਬੁਨਿਆਦੀ ਕਾਰਜ ਇਹ ਹੈ ਕਿ ਇਸਨੇ ਸਰੀਰ ਦੇ ਹਰ ਅੰਗ ਵਿੱਚ ਆਕਸੀਜਨ ਨੂੰ ਪਹੁੰਚਾਉਣਾ ਹੈ ਤੇ ਉੱਥੋਂ ਦੀ ਕਾਰਬਨ ਡਾਈਆਕਸਾਈਡ ਗੈਸ ਨੂੰ ਫੇਫੜਿਆਂ ਤਕ ਲਿਆਉਣਾ ਹੈ। ਇਨ੍ਹਾਂ ਸੈੱਲਾਂ ਦੀ ਸਤਹ ਉੱਪਰ ਬਰੀਕ-ਬਰੀਕ ਸੁਰਾਖ਼ ਹੁੰਦੇ ਹਨ, ਜਿਨ੍ਹਾਂ ਰਾਹੀਂ ਆਕਸੀਜਨ ਅਤੇ ਹੋਰ ਗੈਸਾਂ ਦਾ ਵਟਾਂਦਰਾ ਹੁੰਦਾ ਹੈ।

ਚਿੱਟ-ਰੰਗ ਦੇ ਸੈੱਲ

ਇਹ ਧੁਰੇ ਵਾਲੇ ਸੈੱਲ ਹੁੰਦੇ ਹਨ ਤੇ ਧੁਰੇ ਅੰਦਰ ਹੀ ਸਾਰੇ ਜੈਨੇਟਿਕ ਜਾਣਕਾਰੀ ਪਈ ਹੁੰਦੀ ਹੈ। ਖ਼ੂਨ ਦੇ ਚਿੱਟ-ਰੰਗੇ ਸੈੱਲ ਸਰੀਰ ਦੇ ਅੰਦਰ ਵੜਨ ਵਾਲੀਆਂ ਜਾਂ ਹਮਲਾ ਕਰਨ ਵਾਲੀਆਂ ਬਿਮਾਰੀਆਂ ਅਤੇ ਲਾਗ ਦੇ ਰੋਗਾਂ ਦੇ ਕੀਟਾਣੂਆਂ ਨਾਲ ਲੜਦੇ ਹਨ ਤੇ ਹਰ ਕਿਸਮ ਵਾਲੇ ਚਿੱਟ-ਰੰਗੇ ਸੈੱਲ ਦੀ ਆਪਣੀ ਭੂਮਿਕਾ ਨਿਰਧਾਰਤ ਹੁੰਦੀ ਹੈ। ਜਿਵੇਂ ਇੱਕ ਕਿਸਮ ਵਾਲੇ ਧਾੜਵੀ ਬੈਕਟੀਰੀਆ ਅਤੇ ਉੱਲੀ ਨਾਲ ਲੜਾਈ ਕਰਦੇ ਹਨ, ਦੂਸਰੀ ਕਿਸਮ ਵਾਲੇ ਪਰਜੀਵੀ ਬਿਮਾਰੀਆਂ ਦੇ ਬਾਸ਼ਿੰਦਿਆਂ ਵਾਂਗ ਜੰਗ ਕਰਦੇ ਹਨਕਈ ਸੋਜਸ਼ ਨੂੰ ਦੂਰ ਕਰਨ ਵਿੱਚ ਸਹਾਈ ਹੁੰਦੇ ਹਨ; ਆਦਿ।

ਪਲੇਟਲੈੱਟ ਸੈੱਲ

ਇਹ ਸੈੱਲ ਵੀ ਲਾਲ ਰੰਗੇ ਸੈੱਲਾਂ ਵਾਂਗ ਬਿਨਾਂ ਧੁਰੇ ਤੋਂ ਹੁੰਦੇ ਹਨ। ਇਨ੍ਹਾਂ ਦਾ ਮੁਢਲਾ ਕਰੱਤਵ ਇਹ ਹੈ ਕਿ ਇਹ ਸਰੀਰ ਅੰਦਰ ਕਿਤੇ ਵੀ, ਕਿਸੇ ਥਾਂ ਉੱਪਰ ਜੇ ਖ਼ੂਨ ਸਰੀਰ ਦੀਆਂ ਨਾੜੀਆਂ ਤੋਂ ਬਾਹਰ ਨੂੰ ਵਗਦਾ ਹੈ, ਕਿਸੇ ਕੱਟ ਕਰਕੇ ਜਾਂ ਕਿਸੇ ਹੋਰ ਕਾਰਨ ਤਾਂ ਇਹ ਭੱਜ ਕੇ ਉਸ ਥਾਂ ਉੱਪਰ ਪਹੁੰਚ ਜਾਂਦੇ ਹਨ ਤੇ ਆਪਸ ਵਿੱਚ ਇਕੱਠੇ ਜੁੜ ਕੇ ਇੱਕ ਢਾਲ ਜਿਹੀ ਬਣਾ ਕੇ ਖ਼ੂਨ ਵਗਣ ਵਾਲੀ ਥਾਂ ਉੱਪਰ ਬੰਨ੍ਹ ਲਾ ਦਿੰਦੇ ਹਨ ਤੇ ਖ਼ੂਨ ਦੇ ਵਹਾਓ ਉੱਪਰ ਰੋਕ ਲਾ ਕੇ ਖਰੀਂਡ ਬਣਨ ਵਿੱਚ ਸਹਾਈ ਹੁੰਦੇ ਹਨ। ਕਈ ਵਾਰੀ ਕਈ ਬਿਮਾਰੀਆਂ ਵਿੱਚ ਇਨ੍ਹਾਂ ਦੇ ਆਪਸ ਵਿੱਚ ਜ਼ਿਆਦਾ ਜੁੜ ਜਾਣ ਕਾਰਨ ਸਰੀਰ ਅੰਦਰਲੀਆਂ ਨਾੜਾਂ ਅੰਦਰ ਖ਼ੂਨ ਦਾ ਵਹਾਓ ਬੰਦ ਵੀ ਹੋ ਜਾਂਦਾ ਹੈ; ਜਿਵੇਂ ਦਿਲ ਦੀਆਂ ਨਾੜੀਆਂ ਦਾ ਬੰਦ ਹੋਣਾ।

ਖ਼ੂਨ ਅੰਦਰਲੀ ਸਰੀਰ ਦੀ ਸੁਰੱਖਿਆ ਪ੍ਰਣਾਲੀ

ਜਦੋਂ ਕੋਈ ਬਾਹਰਲਾ ਤੱਤ, ਬੈਕਟੀਰੀਆ ਜਾਂ ਵਾਇਰਸ ਆਦਿ ਸਰੀਰ ਅੰਦਰ ਦਾਖ਼ਲ ਹੋਵੇ ਤਾਂ ਸਰੀਰ ਆਪਣੇ ਆਪ ਇਨ੍ਹਾਂ ਬੇਗ਼ਾਨੇ ਅੰਸ਼ਾਂ ਦੇ ਮਾੜੇ ਅਸਰਾਂ ਤੋਂ ਸੁਰੱਖਿਅਤ ਰਹਿਣ ਲਈ ਇੱਕ ਬਚਾਓ ਕਿਰਿਆ ਸ਼ੁਰੂ ਕਰ ਦਿੰਦਾ ਹੈ। ਇਸ ਨੂੰ ਇਮਿਊਨ ਪ੍ਰਤੀਰੱਖਿਆ ਆਖਦੇ ਹਨ। ਸਾਇੰਸ ਦੀ ਜ਼ੁਬਾਨ ਵਿੱਚ ਇਨ੍ਹਾਂ ਬਾਹਰੋਂ ਦਾਖ਼ਲ ਹੋਣ ਵਾਲੇ ਬੇਗ਼ਾਨੇ ਧਾੜਵੀ ਤੱਤਾਂ ਨੂੰ ‘ਰੋਗ ਉਤਪਾਦਕ ਅੰਸ਼’ ਜਾਂ ਐਂਟੀਜਨ ਆਖਦੇ ਹਨ। ਇਨ੍ਹਾਂ ਨਾਲ ਟਾਕਰਾ ਕਰਨ ਲਈ ਸਰੀਰ ਵੱਲੋਂ ਜਿਹੜੇ ਆਪਣੇ ਲੜਾਕੂ ਸਿਪਾਹੀ ਅੰਸ਼ ਭੇਜੇ ਜਾਂਦੇ ਹਨ, ਉਨ੍ਹਾਂ ਨੂੰ ਰੋਗ ਨਾਸ਼ਕ ਅੰਸ਼ ਜਾਂ ਐਂਟੀਬਾਡੀ ਆਖਦੇ ਹਨ। ਇਹ ਐਂਟੀਬਾਡੀਜ਼ ਇੱਕ Y ਦੀ ਸ਼ਕਲ ਵਾਲੇ ਖ਼ਸੂਸੀ ਪ੍ਰੋਟੀਨ ਹੁੰਦੇ ਹਨ। ਇਨ੍ਹਾਂ ਨੂੰ ਖ਼ੂਨ ਦੇ ਚਿੱਟ-ਰੰਗੇ ਸੈੱਲਾਂ ਦੀ ਇੱਕ ਖ਼ਾਸ ਕਿਸਮ ਬਣਾਉਂਦੀ ਹੈ। ਇਹ ਐਂਟੀਜਨ ਤੇ ਐਂਟੀਬਾਡੀਜ਼ ਦੀ ਆਪਸੀ ਲੜਾਈ ਇੱਕ ਅਜੀਬ ਕਿਸਮ ਦਾ ਜੋੜੀ-ਦੰਗਲ ਹੁੰਦਾ ਹੈ। ਬਾਹਰਲੇ ਹਰ ਇੱਕ ਇਕੱਲੇ-ਇਕੱਲੇ ਧਾੜਵੀ ਅੰਸ਼ (ਐਂਟੀਜਨ) ਨੂੰ ਕਾਬੂ ਕਰਨ ਲਈ ਸਰੀਰ ਇੱਕ ਨਵੇਕਲੀ ਕਿਸਮ ਦੇ ਅਲੱਗ-ਅਲੱਗ ਲੜਾਕੂ ਸਿਪਾਹੀਆਂ ਅੰਸ਼ (ਐਂਟੀਬਾਡੀ) ਭੇਜਦਾ ਹੈ। ਇਸ ਇੱਕ ਨੇ ਇੱਕ ਨਾਲ ਵਾਲੇ ਮੁਕਾਬਲੇ ਵਿੱਚ ਹਰ ਇਕੱਲੀ ਐਂਟੀਬਾਡੀ, ਹਰ ਇਕੱਲੇ ਐਂਟੀਜਨ ਨਾਲ ਇੱਕ ਪੱਕਾ ਹੱਥਕੜੀ ਵਾਂਗ ਬੰਧਨ ਬਣਾ ਲੈਂਦੀ ਹੈ। ਇਹ ਸਿਪਾਹੀ ਆਪਣੇ ਕੈਦੀਆਂ (ਐਂਟੀਜਨਾਂ) ਨੂੰ ਫੜ ਕੇ ਇਕੱਠੇ ਹੋ ਜਾਂਦੇ ਹਨ ਤੇ ਇਨ੍ਹਾਂ ਨੂੰ ਸਰੀਰ ਦੇ ਹੋਰ ਪਹਿਰੇਦਾਰ ਅੰਸ਼ਾਂ ਦੇ ਹਵਾਲੇ ਕਰ ਦਿੰਦੇ ਹਨ, ਜੋ ਉਨ੍ਹਾਂ ਬੇਗ਼ਾਨੇ ਤੱਤਾਂ ਤੋਂ ਸਰੀਰ ਨੂੰ ਮੁਕਤੀ ਦਿਵਾਉਂਦੇ ਹਨ। ਜੇ ਧਾੜਵੀ ਅੰਸ਼ਾਂ (ਐਂਟੀਜਨਾਂ) ਦਾ ਨੰਬਰ ਲੜਾਕੂ ਅੰਸ਼ਾਂ (ਐਂਟੀਬਾਡੀਜ਼) ਦੇ ਨੰਬਰਾਂ ਤੋਂ ਬਹੁਤ ਜ਼ਿਆਦਾ ਹੋ ਜਾਵੇ ਤਾਂ ਸਰੀਰ ਉਨ੍ਹਾਂ ਧਾੜਵੀਆਂ ਤੋਂ ਹੋਣ ਵਾਲੀਆਂ ਬਿਮਾਰੀਆਂ ਨਾਲ ਜਕੜਿਆ ਜਾਂਦਾ ਹੈ।

ਸਿਵਾਏ ਕੁਝ ਖ਼ਾਸ ਅੰਸ਼ਾਂ ਦੇ, ਇਹ ਲੜਾਕੂ ਅੰਸ਼ (ਐਂਟੀਬਾਡੀਜ਼) ਆਮ ਤੌਰ ’ਤੇ ਹਰ ਵੇਲੇ ਸਾਡੇ ਖ਼ੂਨ ਵਿੱਚ ਨਹੀਂ ਹੁੰਦੇ ਸਗੋਂ ਜਿਸ ਤਰ੍ਹਾਂ ਦਾ ਕੋਈ ਧਾੜਵੀ ਅੰਸ਼ (ਐਂਟੀਜਨ) ਹਮਲਾ ਕਰਦਾ ਹੈ ਤਾਂ ਉਸਦੇ ਹਮਲੇ ਦਾ ਟਾਕਰਾ ਕਰਨ ਲਈ ਖ਼ਾਸ ਤੌਰ ਉੱਪਰ ਇਹ ਲੜਾਕੂ ਅੰਸ਼ ਬਣਦੇ ਹਨ ਪਰ ਜੇ ਇਹ ਇੱਕ ਵਾਰੀ ਬਣ ਜਾਣ ਤਾਂ ਫਿਰ ਖ਼ੂਨ ਵਿੱਚ ਮੌਜੂਦ ਰਹਿੰਦੇ ਹਨ ਤੇ ਜੇ ਦੁਬਾਰਾ ਉਹ ਪਹਿਲੇ ਵਾਲਾ ਧਾੜਵੀ ਅੰਸ਼ ਸਰੀਰ ਅੰਦਰ ਆਉਣ ਦੀ ਕੋਸ਼ਿਸ਼ ਕਰੇ ਤਾਂ ਇਹ ਲੜਾਕੂ ਅੰਸ਼ ਉਨ੍ਹਾਂ ਧਾੜਵੀਆਂ ਨੂੰ ਪਛਾੜਨ ਲਈ ਪਹਿਲਾਂ ਹੀ ਤਿਆਰ ਬੈਠੇ ਹੁੰਦੇ ਹਨ।

ਏਬੀਓ ਖ਼ੂਨ ਪ੍ਰਣਾਲੀ ਦੀ ਖੋਜ

ਸੰਨ 1900 ਵਿੱਚ ਆਸਟਰੀਆ ਦੇ ਇੱਕ ਡਾਕਟਰ ਕਾਰਲ ਲੈਂਡਸ਼ਟਾਈਨਰ, ਜੋ ਵਿਆਨਾ ਯੂਨੀਵਰਸਿਟੀ ਵਿੱਚ ਕੰਮ ਕਰਦਾ ਸੀ, ਨੇ ਦੇਖਿਆ ਕਿ ਜਦੋਂ ਉਹ ਟੈੱਸਟ ਟਿਊਬਾਂ ਅੰਦਰ ਵੱਖ-ਵੱਖ ਲੋਕਾਂ ਦੇ ਖ਼ੂਨ ਨੂੰ ਰਲਾਉਂਦਾ ਸੀ ਤਾਂ ਕਈਆਂ ਦੇ ਖ਼ੂਨ ਆਪਸ ਵਿੱਚ ਇਕੱਠੇ ਹੋ ਕੇ ਦਹੀਂ ਵਾਂਗ ਜੰਮ ਜਿਹੇ ਜਾਂਦੇ ਸਨ ਪਰ ਕਈਆਂ ਦੇ ਖ਼ੂਨ ਆਪਸ ਵਿੱਚ ਰਲ ਕੇ ਵੀ ਆਪਣੀ ਤਰਲ ਅਵਸਥਾ ਨੂੰ ਕਾਇਮ ਰੱਖਦੇ ਸਨ। ਉਸਨੇ ਇਸ ਬਾਰੇ ਖੋਜ ਕਰ ਕੇ ਇਹ ਦੱਸਿਆ ਕਿ ਇਨਸਾਨਾਂ ਦਾ ਖ਼ੂਨ ਤਿੰਨ ਕਿਸਮਾਂ ਦਾ ਹੈ। ਇਨ੍ਹਾਂ ਨੂੰ ਉਸਨੇ ਏ, ਬੀ ਅਤੇ ਸੀ ਨਾਂ ਦਿੱਤੇ। ਉਸਨੇ ਕਿਹਾ ਕਿ ‘ਏ’ ਕਿਸਮ ਵਾਲਾ ਖ਼ੂਨ ‘ਏ’ ਵਾਲੇ ਖ਼ੂਨ ਨਾਲ ਰਲਾਉਣ ਉੱਤੇ ਜੰਮਦਾ ਨਹੀਂ। ਪਰ ‘ਬੀ’ ਵਾਲੇ ਨਾਲ ਜੰਮ ਜਾਂਦਾ ਹੈ। ਇਸੇ ਤਰ੍ਹਾਂ ‘ਬੀ’ ਕਿਸਮ ਦਾ ਖ਼ੂਨ ‘ਬੀ’ ਕਿਸਮ ਦੇ ਖ਼ੂਨ ਨਾਲ ਰਲਾਉਣ ’ਤੇ ਨਹੀਂ ਜੰਮਦਾ। ‘ਸੀ’ ਗਰੁੱਪ ਵਾਲਾ ਖ਼ੂਨ ਅਲੱਗ ਸੀ, ਜੋ ਏ ਅਤੇ ਬੀ ਦੋਵੇਂ ਕਿਸਮਾਂ ਦੇ ਖ਼ੂਨ ਨਾਲ ਰਲਾਉਣ ਉੱਤੇ ਜੰਮ ਜਾਂਦਾ ਸੀ ਪਰ ‘ਸੀ’ ਵਾਲੇ ਨਾਲ ਨਹੀਂ। ਬਾਅਦ ਵਿੱਚ ਹੋਰ ਸਾਇੰਸਦਾਨਾਂ ਦੀਆਂ ਖੋਜਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਕਿਸਮਾਂ ਦੀ ਖ਼ੂਨ ਪ੍ਰਣਾਲੀ ਨੂੰ ‘ਏਬੀਓ” ਸਿਸਟਮ ਦਾ ਨਾਂ ਦੇ ਦਿੱਤਾ ਗਿਆ, ਜਿਸ ਵਿੱਚ ਮੋਟੇ ਤੌਰ ’ਤੇ ਏ, ਬੀ, ਏਬੀ ਅਤੇ ਓ ਦੇ ਚਾਰ ਕਿਸਮਾਂ ਦੇ ਖ਼ੂਨ ਆਉਂਦੇ ਹਨ। ਡਾ. ਲੈਂਡਸ਼ਟਾਈਨਰ ਨੂੰ ਉਸਦੀ ਖੋਜ ਉੱਪਰ 1930 ਵਿੱਚ ਨੌਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਲਹੂ ਦਾ ਆਦਾਨ-ਪ੍ਰਦਾਨ ਤੇ ਜੈਨੇਟਿਕ ਬਣਤਰ:

ਭਾਵੇਂ ਦੇਖਣ ਨੂੰ ਹਰੇਕ ਦਾ ਖ਼ੂਨ ਇੱਕੋ ਜਿਹਾ ਲਗਦਾ ਹੈ ਪਰ ਸਾਇੰਸਦਾਨਾਂ ਨੇ ਸਾਬਤ ਕੀਤਾ ਕਿ ਅਸਲ ਵਿੱਚ ਲੋਕ ਚਾਰ ਤਰ੍ਹਾਂ ਦੇ ਖ਼ੂਨ (ਏ, ਬੀ, ਏਬੀ, ਓ) ਵਾਲੇ ਹਨ। ਇਨ੍ਹਾਂ ਕਿਸਮਾਂ ਨੂੰ ਸਾਡੀ ਜੈਨੇਟਿਕ ਬਣਤਰ ਨਿਸ਼ਚਿਤ ਕਰਦੀ ਹੈ। ਸਾਡੇ ਜੀਨ ਇਹ ਨਿਰਧਾਰਤ ਕਰਦੇ ਹਨ ਕਿ ਸਾਡੇ ਖ਼ੂਨ ਵਿਚਲੇ ਲਾਲ ਸੈੱਲਾਂ ਦੀ ਸਤਹ ਉੱਪਰ ਚਿਪਕੇ ਖ਼ਾਸ ਤਰ੍ਹਾਂ ਦੇ ਪ੍ਰੋਟੀਨ ਅੰਸ਼ (ਐਂਟੀਜਨ) ਇਸ ਕਿਸਮ ਦੇ ਹੋਣਗੇ। ਇਨ੍ਹਾਂ ਐਂਟੀਜਨਾਂ ਦੀ ਕਿਸਮ ਹੀ ਖ਼ੂਨ ਦੀ ਕਿਸਮ ਨੂੰ ਨਿਰਧਾਰਤ ਕਰਦੀ ਹੈ। ਜਿਸ ਵਿਅਕਤੀ ਦੇ ਲਾਲ ਸੈੱਲਾਂ ਉੱਪਰ ਏ ਕਿਸਮ ਦੇ ਐਂਟੀਜਨ ਹੁੰਦੇ ਹਨ, ਉਸ ਨੂੰ ‘ਏ’ ਕਿਸਮ ਵਾਲਾ ਖ਼ੂਨ ਕਹਿੰਦੇ ਹਨ। ‘ਬੀ’ ਕਿਸਮ ਦੇ ਖ਼ੂਨ ਵਾਲੇ ਦੇ ਲਾਲ ਸੈੱਲਾਂ ਉੱਪਰ ਬੀ ਐਂਟੀਜਨ ਹੁੰਦੇ ਹਨ। ‘ਏਬੀ’ ਕਿਸਮ ਦੇ ਖ਼ੂਨ ਵਾਲਿਆਂ ਦੇ ਲਾਲ ਸੈੱਲਾਂ ਉੱਪਰ ਏ ਅਤੇ ਬੀ ਦੋਵੇਂ ਤਰ੍ਹਾਂ ਦੇ ਐਂਟੀਜਨ ਹੁੰਦੇ ਹਨ। ‘ਓ’ ਕਿਸਮ ਵਾਲਿਆਂ ਦੇ ਲਾਲ ਸੈੱਲਾਂ ਉੱਪਰ ਕੋਈ ਵੀ ਐਂਟੀਜਨ ਨਹੀਂ ਹੁੰਦਾ। ਇਹ ਐਂਟੀਜਨ ਜਿਨ੍ਹਾਂ ਤਿੰਨ ਜੀਨਾਂ ਸਦਕਾ ਬਣਦੇ ਹਨ, ਉਨ੍ਹਾਂ ਨੂੰ ਏ, ਬੀ ਤੇ ਓ ਨਾਂ ਦਿੱਤੇ ਗਏ ਹਨ। ‘ਏ’ ਜੀਨ ‘ਏ’ ਐਂਟੀਜਨ ਬਣਾਉਂਦਾ ਹੈ, “ਬੀ’ ਜੀਨ ‘ਬੀ’ ਐਂਟੀਜਨ ਤੇ ‘ਓ’ ਜੀਨ ਕੋਈ ਵੀ ਐਂਟੀਜਨ ਨਹੀਂ ਬਣਾਉਂਦਾ। ਇਹ ਜੀਨ ਜੋੜਿਆਂ ਵਿੱਚ ਹੁੰਦੇ ਹਨ। ਇੱਕ ਮਾਂ ਵੱਲੋਂ ਆਇਆ ਹੁੰਦਾ ਹੈ ਤੇ ਇੱਕ ਪਿਓ ਵੱਲੋਂ। ਸੋ ਇਸ ਕਰਕੇ ‘ਏ’ ਕਿਸਮ ਦੇ ਖ਼ੂਨ ਵਾਲੇ ਸ਼ਖਸ ਦੀ ਜਿਣਸੀ (ਜੈਨੇਟਿਕ) ਬਣਤਰ ਏ+ਏ ਜਾਂ ਏ+ਓ ਹੋ ਸਕਦੀ ਹੈ। ਬੀ ਕਿਸਮ ਵਾਲੇ ਦੀ ਜੈਨੇਟਿਕ ਬਣਤਰ ਬੀ+ਬੀ ਜਾਂ ਬੀ+ਓ, ਏਬੀ ਕਿਸਮ ਵਾਲੇ ਦੀ ਏ+ਬੀ ਅਤੇ ਓ ਕਿਸਮ ਵਾਲੇ ਦੀ ਸਿਰਫ਼ ਓ+ਓ ਹੀ ਹੋ ਸਕਦੀ ਹੈ।

ਜਦੋਂ ਖ਼ੂਨ ਚੜ੍ਹਾਇਆ ਜਾਂਦਾ ਹੈ ਤਾਂ ਖ਼ੂਨਦਾਨੀ ਤੇ ਖ਼ੂਨ ਲੈਣ ਵਾਲੇ ਦੋਵਾਂ ਦੇ ਲਹੂ ਦੀਆਂ ਕਿਸਮਾਂ ਇੱਕੋ ਜਿਹੀਆਂ ਹੋਣੀਆਂ ਚਾਹੀਦੀਆਂ ਹਨ। ਜੇ ਸਰੀਰ ਅੰਦਰ ਅਲੱਗ ਕਿਸਮ ਦਾ ਖ਼ੂਨ ਚੜ੍ਹਾਇਆ ਜਾਵੇ ਤਾਂ ਸਰੀਰ ਉਸਦੇ ਲਾਲ ਸੈੱਲਾਂ ਉੱਪਰ ਲੱਗੇ ਐਂਟੀਜਨਾਂ ਨੂੰ ਧਾੜਵੀ ਅੰਸ਼ ਸਮਝ ਕੇ ਆਪਣੇ ਬਚਾਓ ਲਈ ਉਨ੍ਹਾਂ ਐਂਟੀਜਨਾਂ ਦੇ ਉਲਟ ਆਪਣੇ ਲੜਾਰੂ ਅੰਸ਼ (ਐਂਟੀਬਾਡੀਜ਼) ਭੇਜ ਦਿੰਦਾ ਹੈ, ਜਿਸਦੇ ਗੰਭੀਰ ਸਿੱਟੇ ਨਿਕਲਦੇ ਹਨ।

ਸਿਰਫ਼ ਗਿਣਤੀ ਦੀਆਂ ਹੀ ਕੁਝ ਤਰ੍ਹਾਂ ਦੀਆਂ ਐਂਟੀਬਾਡੀਜ਼ ਸਾਡੇ ਸਰੀਰ ਅੰਦਰ ਜਨਮ ਤੋਂ ਹੁੰਦੀਆਂ ਹਨ। ਇਹ ਏਬੀਓ ਖ਼ੂਨ ਪ੍ਰਣਾਲੀ ਉਨ੍ਹਾਂ ਅੰਦਰ ਆਉਂਦੀ ਹੈ, ਜਿਸ ਕਰਕੇ ‘ਏ’ ਖ਼ੂਨ ਵਾਲਿਆਂ ਅੰਦਰ ‘ਬੀ’ ਵਿਰੋਧੀ ਐਂਟੀਬਾਡੀਜ਼, “ਬੀ’ ਖ਼ੂਨ ਵਾਲਿਆਂ ਅੰਦਰ ਏ-ਵਿਰੋਧੀ ਐਂਟੀਬਾਡੀਜ਼, ਏਬੀ ਖ਼ੂਨ ਵਾਲਿਆਂ ਅੰਦਰ ਨਾ ਏ-ਵਿਰੋਧੀ ਤੇ ਨਾ ਹੀ ਬੀ-ਵਿਰੋਧੀ ਪਰ ਓ ਖ਼ੂਨ ਵਾਲਿਆਂ ਅੰਦਰ ਦੋਨੋਂ ਏ-ਵਿਰੋਧੀ ਤੇ ਬੀ-ਵਿਰੋਧੀ ਐਂਟੀਬਾਡੀਜ਼ ਹੁੰਦੀਆਂ ਹਨ। ਇਸ ਕਰਕੇ ਜਨਮ ਤੋਂ ਹੀ ਲੋੜ ਪੈਣ ’ਤੇ ਸਿਰਫ਼ ਮੇਲ ਖਾਂਦਾ ਖ਼ੂਨ ਹੀ ਚੜ੍ਹਾਇਆ ਜਾ ਸਕਦਾ ਹੈ।

ਆਰਐੱਚ ਖ਼ੂਨ ਪ੍ਰਣਾਲੀ

ਆਮ ਤੌਰ ’ਤੇ ਜਦੋਂ ਖ਼ੂਨ ਦੀ ਕਿਸਮ ਬਾਰੇ ਗੱਲ ਹੁੰਦੀ ਹੈ ਤਾਂ ਸਿਰਫ਼ ਚਾਰ ਤਰ੍ਹਾਂ ਦੇ ਲਹੂਆਂ ਦੇ ਨਾਂ ਲਏ ਜਾਂਦੇ ਹਨ, , ਬੀ, ਏਬੀ ਤੇ ਓ। ਇਨ੍ਹਾਂ ਨਾਲ ਕਈ ਵਾਰ ਜਮ੍ਹਾਂ (+) ਜਾਂ ਮਨਫ਼ੀ (-) ਦੇ ਨਿਸ਼ਾਨ ਲਾ ਦਿੱਤੇ ਜਾਂਦੇ ਹਨ। ਇਹ + ਅਤੇ - ਅਸਲ ਵਿੱਚ ਇੱਕ ਹੋਰ ਖ਼ੂਨ ਪ੍ਰਣਾਲੀ ਨੂੰ ਦਰਸਾਉਂਦੇ ਹਨ, ਜਿਸ ਨੂੰ ਆਰ-ਐੱਚ ਸਿਸਟਮ ਆਖਦੇ ਹਨ, ਜਦੋਂਕਿ ਏਬੀਓ ਪ੍ਰਣਾਲੀ ਹੇਠ ਲੋਕਾਂ ਨੂੰ ਚਾਰ ਤਰ੍ਹਾਂ ਦੇ ਖ਼ੂਨ ਦੀਆਂ ਕਿਸਮਾਂ ਵਿੱਚ ਵੰਡਿਆ ਜਾਂਦਾ ਹੈ। ਇਸ ਐੱਚਆਰ ਪ੍ਰਣਾਲੀ ਹੇਠਾਂ ਲੋਕਾਂ ਨੂੰ ਦੋ ਤਰ੍ਹਾਂ ਦੇ ਖ਼ੂਨ ਦੀਆਂ ਕਿਸਮਾਂ ਵਿੱਚ ਵੰਡਿਆ ਜਾਂਦਾ ਹੈ, ਜਿਨ੍ਹਾਂ ਅੰਦਰ ਆਰਐੱਚ ਅੰਸ਼ (ਫੈਕਟਰ) ਹੁੰਦਾ ਹੈ, ਉਨ੍ਹਾਂ ਨੂੰ ਆਰਐੱਚ ਵਾਲੇ (ਆਰਐੱਚ+, Rh+) ਤੇ ਜਿਨ੍ਹਾਂ ਲੋਕਾਂ ਅੰਦਰ ਇਹ ਅੰਸ਼ ਨਹੀਂ ਹੁੰਦਾ, ਉਨ੍ਹਾਂ ਨੂੰ ਆਰਐੱਚ (ਆਰਐੱਚ-, Rh-)ਜਿਸ ਵਿਅਕਤੀ ਵਿੱਚ ਇਹ ਆਰਐੱਚ (ਫੈਕਟਰ) ਨਹੀਂ ਹੁੰਦਾ, ਉਸ ਨੂੰ ਆਰਐੱਚ+ ਵਾਲਾ ਖ਼ੂਨ ਨਹੀਂ ਦਿੱਤਾ ਜਾ ਸਕਦਾ ਪਰ ‘ਆਰਐੱਚ-’ ਵਾਲਾ ਵਿਅਕਤੀ ਆਰਐੱਚ+ ਵਾਲੇ ਖ਼ੂਨ ਨੂੰ ਦੇ ਸਕਦਾ ਹੈ।

ਏਬੀਓ ਖ਼ੂਨ ਪ੍ਰਣਾਲੀ ਵਾਂਗ ਆਰਐੱਚ ਖ਼ੂਨ ਪ੍ਰਣਾਲੀ ਨੂੰ ਵੀ ਸਾਡੇ ਜੀਨ ਨਿਰਧਾਰਤ ਕਰਦੇ ਹਨ। ਸੋ ਇਹ ਵੀ ਜਨਮ ਤੋਂ ਮਰਨ ਤਾਈਂ ਨਹੀਂ ਬਦਲਦੀ ਤੇ ਨਾ ਹੀ ਇਸ ਉੱਪਰ ਕਿਸੇ ਵਾਤਾਵਰਣ ਦਾ ਅਸਰ ਹੁੰਦਾ ਹੈ। ਆਰਐੱਚ ਖ਼ੂਨ ਪ੍ਰਣਾਲੀ ਦੀ ਖੋਜ ਡਾ. ਲੈਂਡਸ਼ਟਾਈਨਰ ਨੇ ਹੀ ਕੀਤੀ ਸੀ। ਇਸ ਖ਼ੂਨ ਪ੍ਰਣਾਲੀ ਅੰਦਰ 50 ਤੋਂ ਵੱਧ ਕਿਸਮਾਂ ਦੇ ਆਰਐੱਚ ਐਂਟੀਜਨ (ਆਰਐੱਚ ਖ਼ੂਨ ਦੀਆਂ ਵੱਖ-ਵੱਖ ਕਿਸਮਾਂ) ਲੱਭੇ ਜਾ ਚੁੱਕੇ ਹਨ ਪਰ ਇਨ੍ਹਾਂ ਵਿੱਚੋਂ ਸਭ ਤੋਂ ਅਹਿਮ ਐਂਟੀਜਨ ਡੀ (D) ਹੈ। ਜੇ ਇਹ ਅੰਸ਼ ਖ਼ੂਨ ਵਿੱਚ ਹੋਵੇ ਤਾਂ ਖ਼ੂਨ ਨੂੰ ਆਰਐੱਚ+ ਦਾ ਦਰਜਾ ਦਿੱਤਾ ਜਾਂਦਾ ਹੈ, ਨਹੀਂ ਤਾਂ ‘ਆਰਐੱਚ-’ ਦਾ। ਇਸ ਡੀ ਐਂਟੀਜਨ ਨੂੰ ਆਰਐੱਚਡੀ (RHD) ਨਾਮੀ ਜੀਨ ਬਣਾਉਂਦਾ ਹੈ ਤੇ ਇਹ ਡੀ- ਐਂਟੀਜਨ ਲਾਲ ਖ਼ੂਨ ਵਾਲੇ ਸੈੱਲਾਂ ਦੀ ਸਤਹ ਉੱਪਰ ਚਿਪਕਿਆ ਹੁੰਦਾ ਹੈ। ਜਿਹੜੇ ਲੋਕ ਆਰਐੱਚ ਰਹਿਤ ਹੁੰਦੇ ਹਨ, ਉਨ੍ਹਾਂ ਦੇ ਲਾਲ ਸੈੱਲਾਂ ਉੱਪਰ ਇਹ ਐਂਟੀਜਨ ਨਹੀਂ ਹੁੰਦਾ।

48 ਤਰ੍ਹਾਂ ਦੀਆਂ ਖ਼ੂਨ ਪ੍ਰਣਾਲੀਆਂ:

ਇਸ ਵੇਲੇ ਭਾਵੇਂ 48 ਤਰ੍ਹਾਂ ਦੀਆਂ ਵੱਖਰੀਆਂ ਖ਼ੂਨ ਪ੍ਰਣਾਲੀਆਂ (ਬਲੱਡ ਗਰੁੱਪ ਸਿਸਟਮ) ਪਛਾਣੀਆਂ ਜਾ ਚੁੱਕੀਆਂ ਹਨ ਪਰ ਖ਼ੂਨ ਚੜ੍ਹਾਉਣ ਲਈ ਸਭ ਤੋਂ ਅਹਿਮ ਦੋ ਪ੍ਰਣਾਲੀਆਂ ਹੀ ਮੰਨੀਆਂ ਜਾਂਦੀਆਂ ਹਨ। ਇੱਕ ਏਬੀਓ ਸਿਸਟਮ ਵਾਲੀ ਤੇ ਦੂਸਰੀ ਆਰਐੱਚ ਸਿਸਟਮ ਵਾਲੀ।

ਸਰਬ ਵਿਆਪਕ ਖ਼ੂਨਦਾਨੀ ਤੇ ਖ਼ੂਨ-ਪ੍ਰਵਾਨੀ:

ਕੌਣ ਕਿਸ ਨੂੰ ਖ਼ੂਨ ਦੇ ਸਕਦਾ ਹੈ ਜਾਂ ਲੋੜ ਪੈਣ ’ਤੇ ਲੈ ਸਕਦਾ ਹੈ, ਇਹ ਉਸਦੇ ਏਬੀਓ ਅਤੇ ਆਰਐੱਚ ਖ਼ੂਨ ਪ੍ਰਣਾਲੀਆਂ ਦੀ ਕਿਸਮ ਅਤੇ ਉਸ ਅੰਦਰ ਐਂਟੀਜਨ ਤੇ ਐਂਟੀਬਾਡੀਜ਼ ਦੀ ਬਣਤਰ ’ਤੇ ਹੀ ਨਿਰਭਰ ਕਰਦਾ ਹੈ। ਜਿਸ ਵਿਅਕਤੀ ਦਾ ਖ਼ੂਨ ‘ਓ’ ਕਿਸਮ ਦਾ ਅਤੇ ਨਾਲ ਹੀ ਆਰਐੱਚ ਰਹਿਤ (ਆਰਐੱਚ-) ਹੁੰਦਾ ਹੈ, ਉਹ ਕਿਸੇ ਵੀ ਵਿਅਕਤੀ ਨੂੰ ਬਿਨਾਂ ਕਿਸੇ ਮਾੜੇ ਅਸਰ ਤੋਂ ਖ਼ੂਨਦਾਨ ਦੇ ਸਕਦਾ ਹੈ। ਅਜਿਹੇ ਮਨੁੱਖ ਨੂੰ ਸਰਬ ਵਿਆਪਕ ਖ਼ੂਨਦਾਨੀ ਕਹਿੰਦੇ ਹਨ। ਇਸੇ ਤਰ੍ਹਾਂ ਜਿਸ ਵਿਅਕਤੀ ਦਾ ਖ਼ੂਨ ‘ਏਬੀ’ ਕਿਸਮ ਤੇ ਨਾਲ ਹੀ ਆਰਐੱਚ ਫੈਕਟਰ (Rh+) ਦੀ ਹੋਂਦ ਵਾਲਾ ਹੋਵੇ, ਉਹ ਹਰੇਕ ਖ਼ੂਨਦਾਨੀ ਤੋਂ ਬਿਨਾਂ ਝਿਜਕ, ਬਿਨਾਂ ਕਿਸੇ ਮਾੜੇ ਅਸਰ ਤੋਂ ਖ਼ੂਨ ਲੈ ਸਕਦਾ ਹੈ। ਅਜਿਹੇ ਸ਼ਖ਼ਸ ਨੂੰ ਸਰਬ ਵਿਆਪਕ ਖ਼ੂਨ-ਪ੍ਰਵਾਨੀ ਆਖਦੇ ਹਨ।

ਖ਼ੂਨ ਦੀ ਜਾਂਚ ਰਾਹੀਂ ਬੱਚੇ ਦੀ ਪਛਾਣ:

ਡੀਐੱਨਏ ਦੀ ਜਾਂਚ ਪ੍ਰਣਾਲੀ ਆਉਣ ਤੋਂ ਪਹਿਲਾਂ ਜੇ ਕਿਸੇ ਬੱਚੇ ਦੇ ਮਾਪਿਆਂ ਦੀ ਅਸਲੀਅਤ ਬਾਰੇ ਸ਼ੱਕ ਹੁੰਦਾ ਸੀ ਜਾਂ ਹਸਪਤਾਲ ਅੰਦਰ ਬੱਚੇ ਅਦਲਾ-ਬਦਲੀ ਹੋ ਜਾਂਦੇ ਸਨ ਤਾਂ ਕਈ ਵਾਰੀ ਸਿਰਫ਼ ਉਨ੍ਹਾਂ ਦੇ ਖ਼ੂਨ ਦੀ ਜਾਂਚ ਕਰ ਕੇ ਇਸ ਬਾਰੇ ਨਿਪਟਾਰਾ ਕਰ ਲਿਆ ਜਾਂਦਾ ਸੀ। ਇਹ ਖ਼ੂਨ ਦੀ ਜਾਂਚ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਖ਼ੂਨ ਦੀਆਂ ਕਿਸਮਾਂ ਦੀ ਪਛਾਣ ਕਰ ਕੇ ਹੁੰਦੀ ਸੀ। ਇਸ ਲਈ ਏਬੀਓ ਤੇ ਆਰਐੱਚ ਖ਼ੂਨ ਪ੍ਰਣਾਲੀਆਂ ਦੀ ਵਰਤੋਂ ਹੁੰਦੀ ਸੀ ਕਿਉਂਕਿ ਇਹ ਸਭ ਤੋਂ ਪੁਰਾਣੇ, ਸੌਖੇ ਅਤੇ ਮਹੱਤਵਪੂਰਨ ਗਰੁੱਪ ਹਨ, ਜਿਨ੍ਹਾਂ ਨੂੰ ਮਾਪਿਆਂ ਦੀ ਜੈਨੇਟਿਕ ਬਣਤਰ ਹੀ ਨਿਰਧਾਰਤ ਕਰਦੀ ਹੈ।

ਖ਼ੂਨ ਦੀ ਕਿਸਮ, ਐਂਟੀਜਨ ਤੇ ਐਂਟੀਬਾਡੀਜ਼ ਦਾ ਆਪਸੀ ਰਿਸ਼ਤਾ, ਖ਼ੂਨ ਦੀ ਕਿਸਮ ਲਾਲ ਸੈੱਲਾਂ ਉੱਪਰਲੇ ਐਂਟੀਜਨ ਖ਼ੂਨ ਅੰਦਰ ਮੌਜੂਦ ਐਂਟੀਬਾਡੀਜ਼:

ਏਏ ਬੀ-ਵਿਰੋਧੀ

ਬੀਬੀ ਏ-ਵਿਰੋਧੀ

ਏਬੀਏ ਤੇ ਬੀ ਕੋਈ ਨਹੀਂ

ਓ ਕੋਈ ਨਹੀਂ ਏ-ਵਿਰੋਧੀ ਤੇ ਬੀ-ਵਿਰੋਧੀ

ਆਰਐੱਚ ‘+’- ਆਰਐੱਚ ਕੋਈ ਨਹੀਂ

ਆਰਐੱਚ ‘-’ -ਕੋਈ ਨਹੀਂ ਆਰਐੱਚ-ਵਿਰੋਧੀ

**

ਖ਼ੂਨ ਦੀ ਕਿਸਮ। ਕੌਣ ਕਿਸ ਤੋਂ ਖ਼ੂਨ ਲੈ ਸਕਦਾ ਹੈ-ਕਿਸ ਨੂੰ ਖ਼ੂਨ ਦੇ ਸਕਦਾ ਹੈ

ਏ-ਏ, ਓ-ਏ, ਏਬੀ

ਬੀ-ਬੀ, ਓ-ਬੀ, ਏਬੀ

ਏਬੀ-ਏ, ਬੀ, ਏਬੀ, ਓ-ਏਬੀ

ਓ-ਓ-ਓ, , ਬੀ, ਏਬੀ

ਆਰਐੱਚ ‘+’ ‘+’; ‘-’ ‘+’

ਆਰਐੱਚ ‘-’ ‘-’ ‘+’; ‘-

ਮਾਪਿਆਂ ਦੇ ਜੀਨਾਂ ਦੇ ਮਿਲਾਪ ਰਾਹੀਂ ਬਣੀ ਬੱਚੇ ਦੇ ਖ਼ੂਨ ਦੀ ਕਿਸਮ

ਪਿਓ ਵੱਲੋਂ ਆਏ ਜੀਨ - ਮਾਂ ਵੱਲੋਂ ਆਏ ਜੀਨ

ਏ-ਬੀ-ਓ

ਏ-ਏ+ਏ-ਏ+ਬੀ-ਏ+ਓ

ਬੀ-ਬੀ+ਏ-ਬੀ+ਬੀ-ਬੀ+ਓ

ਓ-ਓ+ਏ-ਓ+ਬੀ-ਓ+ਓ

ਬੱਚੇ ਵਿਚਲੇ ਜੀਨ - ਬੱਚੇ ਦੇ ਖ਼ੂਨ ਦੀ ਕਿਸਮ:

ਏ+ਏ= ਏ

ਏ+ਬੀ = ਏਬੀ

ਏ+ਓ = ਏ

ਬੀ+ਬੀ = ਬੀ

ਬੀ+ਓ = ਬੀ

ਓ+ਓ = ਓ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)।

About the Author

ਡਾ. ਜੈ ਰੂਪ ਸਿੰਘ

ਡਾ. ਜੈ ਰੂਪ ਸਿੰਘ

Ex Vice Chancellor Guru Nanak Dev University And Cental University Of Punjab. India.
Phone: (91 - 98769 - 55155)
Email: (jairup@gmail.com)