“ਭਾਵੇਂ ਉਹ ਅੱਜ ਸਰੀਰਕ ਤੌਰ ’ਤੇ ਸਾਡੇ ਵਿਚਕਾਰ ਨਹੀਂ ਹਨ ਪਰ ਉਨ੍ਹਾਂ ਦੀਆਂ ਲਿਖਤਾਂ ...”
(4 ਨਵੰਬਰ 2025)
ਮਿਹਨਤ ਬਿਨਾਂ ਕਦੇ ਵੀ ਬੇੜਾ ਪਾਰ ਨਹੀਂ ਹੁੰਦਾ। ਮਿਹਨਤ ਹੌਸਲੇ ਨੂੰ ਜਨਮ ਦਿੰਦੀ ਹੈ। ਹੌਂਸਲਾ ਮੰਜ਼ਿਲ ਨੂੰ ਨੇੜੇ ਕਰਦਾ ਹੈ। ਮੰਜ਼ਿਲ ਪਾਉਣ ਵਾਲਿਆਂ ਦੀ ਕਤਾਰ ਵਿੱਚ ਇੱਕ ਨਾਂ ਆਉਂਦਾ ਹੈ ਜਿਸ ਨੇ ਮਿਹਨਤ ਸਦਕਾ ਮੰਜ਼ਿਲ ਪਾਈ ਹੈ; ਉਹ ਨਾਂ ਹੈ, ਮਾਂ ਬੋਲੀ ਦਾ ਲਾਲ ਪ੍ਰੋ. ਪ੍ਰੀਤਮ ਸਿੰਘ। ਪ੍ਰੋ. ਪ੍ਰੀਤਮ ਸਿੰਘ ਦਾ ਜਨਮ 11 ਜਨਵਰੀ, 1918 ਈ. ਨੂੰ ਮਾਤਾ ਜਸਵੰਤ ਕੌਰ ਦੇ ਪੇਟੋਂ, ਪਿਤਾ ਚੰਨਣ ਸਿੰਘ ਦੇ ਘਰ ਸ਼ਹਿਰ ਪਟਿਆਲਾ ਵਿਖੇ ਹੋਇਆ। ਉਨ੍ਹਾਂ ਦਾ ਵਿਆਹ ਸ੍ਰੀ ਮਤੀ ਨਰਿੰਦਰ ਕੌਰ ਨਾਲ ਹੋਇਆ। ਉਹਨਾਂ ਦੇ ਘਰ ਚਾਰ ਧੀਆਂ ਪੁਸ਼ਪਿੰਦਰ ਕੌਰ, ਡਾ. ਰੁਪਿੰਦਰ ਕੌਰ, ਸ਼ੁਭਚਿੰਤ ਕੌਰ, ਡਾ. ਹਰਸ਼ਿੰਦਰ ਕੌਰ ਅਤੇ ਇੱਕ ਪੁੱਤਰ ਡਾ. ਜੈ ਰੂਪ ਸਿੰਘ ਨੇ ਜਨਮ ਲਿਆ। ਪੰਜੇ ਬੱਚੇ ਹੀ ਸਾਹਿਤਕ ਪ੍ਰੇਮੀ ਹਨ। ਵੱਡੀ ਲੜਕੀ ਪੁਸ਼ਪਿੰਦਰ ਕੌਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਜੂਔਲੋਜੀ ਵਿਭਾਗ ਵਿੱਚ ਪ੍ਰੋਫੈਸਰ ਹੈ। ਡਾ. ਜੈ ਰੂਪ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਪ੍ਰੋਫੈਸਰ ਅਤੇ ਯੂਨੀਵਰਸਿਟੀ ਦੇ ਅਕਾਦਮਿਕ ਮਾਮਲਿਆਂ ਦਾ ਡੀਨ ਹੈ। ਡਾ. ਰੁਪਿੰਦਰ ਕੌਰ, ਰਾਮਗੜੀਆ ਕਾਲਜ ਲੁਧਿਆਣੇ ਵਿੱਚ ਸੀਨੀਅਰ ਲਾਇਬਰੇਰੀਅਨ ਹੈ। ਸੁਭਚਿੰਤ ਕੌਰ ਬੀ. ਐੱਲ. ਐੱਮ, ਕਾਲਜ, ਨਵਾਂ ਸ਼ਹਿਰ ਵਿਖੇ ਵਿੱਚ ਸੀਨੀਅਰ ਲਾਇਬ੍ਰੇਰੀਅਨ ਹੈ। ਡਾ. ਹਰਸ਼ਿੰਦਰ ਕੌਰ ਬੱਚਿਆਂ ਦੇ ਰੋਗਾਂ ਦੀ ਸਪੈਸ਼ਲਿਸਟ ਹਨ ਅਤੇ ਪਟਿਆਲੇ ਦੇ ਰਾਜਿੰਦਰ ਹਸਪਤਾਲ ਵਿੱਚ ਸੇਵਾ ਕਰ ਰਹੇ ਹਨ।
ਪ੍ਰੋ. ਪ੍ਰੀਤਮ ਸਿੰਘ ਦੇ ਪੰਜੇ ਬੱਚਿਆਂ ਨੇ ਹੀ ਮਾਂ ਬੋਲੀ ਪੰਜਾਬੀ ਲਈ ਕੁਝ ਨਾ ਕੁਝ ਕੀਤਾ ਅਤੇ ਲਿਖਿਆ ਹੈ। ਪ੍ਰੋ. ਪ੍ਰੀਤਮ ਸਿੰਘ ਨੇ ਬਚਪਨ ਵਿੱਚ ਅੰਤਾਂ ਦੀ ਗਰੀਬੀ ਵੇਖੀ। ਉਨ੍ਹਾਂ ਨੇ ਆਪਣੇ ਛੋਟੇ ਭੈਣ-ਭਰਾਵਾਂ ਨੂੰ ਪੜ੍ਹਇਆ, ਪੈਰਾਂ ’ਤੇ ਖੜ੍ਹਾ ਕੀਤਾ। ਆਪ ਬਚਪਨ ਵਿੱਚ ਉਨ੍ਹਾਂ ਦਿਨਾਂ ਵਿੱਚ 4 ਆਨੇ ਦੀ ਨੌਕਰੀ ’ਤੇ ਇੱਕ ਕਿਤਾਬਾਂ ਦੀ ਦੁਕਾਨ ’ਤੇ ਨੌਕਰੀ ਕਰਨ ਲੱਗੇ। ਜਿੱਥੇ ਨੌਕਰੀ ਨਾਲ ਘਰ ਦਾ ਤੋਰੀ ਫੁਲਕਾ ਤੋਰਨਾ ਸੌਖਾ ਹੋ ਗਿਆ, ਉੱਥੇ ਕਿਤਾਬਾਂ ਵਾਲੀ ਦੁਕਾਨ ’ਤੇ ਨੌਕਰੀ ਕਰਦਿਆਂ ਹੀ ਉਹਨਾਂ ਨੂੰ ਪੜ੍ਹਨ ਦੀ ਚੇਟਕ ਲੱਗ ਗਈ। ਜਦ ਕੋਈ ਗਾਹਕ ਦੁਕਾਨ ’ਤੇ ਨਾ ਹੁੰਦਾ ਤਾਂ ਉਹ ਦੁਕਾਨ ਵਿੱਚੋਂ ਚੁੱਲੈ ਕੇ ਕਿਤਾਬਾਂ ਪੜ੍ਹਦੇ ਰਹਿੰਦੇ। ਇਵੇਂ ਹੀ ਉਨ੍ਹਾਂ ਦੀ ਦਿਲਚਸਪੀ ਲਿਖਣ ਵਿੱਚ ਵਧਦੀ ਗਈ।
ਪ੍ਰੋ.ਪ੍ਰੀਤਮ ਸਿੰਘ ਪੰਜਾਬੀ, ਉਰਦੂ, ਫਾਰਸੀ ਅਤੇ ਅੰਗਰੇਜ਼ੀ ਦੇ ਵਿਦਵਾਨ ਸਨ। ਉਹ ਸਾਹਿਤ ਖੋਜੀ ਅਤੇ ਸਾਹਿਤ ਚਿੰਤਕ ਸਨ। ਉਨ੍ਹਾਂ ਨੇ ਪ੍ਰਤਿਬੱਧਤਾ, ਦ੍ਰਿੜ੍ਹਤਾ, ਲਗਨ ਅਤੇ ਨਿਰੰਤਰ ਮਿਹਨਤ ਸਦਕਾ ਆਪਣੇ ਜੱਸ ਨੂੰ ਸੰਸਾਰ ਪੱਧਰ ’ਤੇ ਫੈਲਾਇਆ। ਉਨ੍ਹਾਂ ਭਾਸ਼ਾ ਮਾਹਰ, ਖੋਜੀ, ਆਲੋਚਕ, ਸੰਪਾਦਕ ਅਤੇ ਅਨੁਵਾਦਕ ਵਜੋਂ ਅਮਿੱਟ ਪੈੜਾਂ ਪਾਈਆਂ। ਪ੍ਰੋ . ਪ੍ਰੀਤਮ ਸਿੰਘ ਕਹਿਣੀ ਅਤੇ ਕਰਨੀ ਦੇ ਪੱਕੇ ਸਨ। ਸਹਿਜ ਨਾਲ ਬੋਲਣਾ, ਠਰੰਮੇ ਨਾਲ ਲਿਖਣਾ ਉਨ੍ਹਾਂ ਦਾ ਸੁਭਾਓ ਸੀ। ਆਪ ਸੁਣਦੇ ਵੱਧ ਅਤੇ ਬੋਲਦੇ ਘੱਟ ਸਨ। ਆਪ ਬੋਲਣ ਵੇਲੇ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੰਦੇ ਸਨ। ਸੁਣਨ ਵਾਲਾ ਕੀਲਿਆ ਜਾਂਦਾ, ਸੋਚਣ ਲਈ ਮਜਬੂਰ ਹੋ ਜਾਂਦਾ। ਉਹ ਸ਼ਰਾਬ, ਆਂਡੇ ਅਤੇ ਮੀਟ ਦੇ ਨੇੜੇ ਵੀ ਨਹੀਂ ਜਾਂਦੇ ਸਨ। ਚਾਹ ਦਾ ਸੇਵਨ ਵੀ ਨਹੀਂ ਸਨ ਕਰਦੇ ਸਨ। ਉਨ੍ਹਾਂ ਨੂੰ ਕਿਤਾਬਾਂ ਨਾਲ ਬਹੁਤ ਨੇੜਤਾ ਸੀ। ਇਸ ਕਰਕੇ ਉਨ੍ਹਾਂ ਕੋਲ ਗਿਆਨ ਦਾ ਭੰਡਾਰ ਸੀ।
ਪ੍ਰੋ. ਪ੍ਰੀਤਮ ਸਿੰਘ ਵਿਸ਼ਾਲ ਹਿਰਦੇ ਵਾਲੇ ਧਾਰਮਿਕ ਵਿਅਕਤੀ ਸਨ। ਉਹ ਹਮੇਸ਼ਾ ਵਿਦਿਆਰਥੀਆਂ ਨੂੰ ਪੰਜਾਬੀ ਮਾਂ-ਬੋਲੀ ਨਾਲ ਜੋੜਦੇ ਸਨ। ਪ੍ਰੋਫੈਸਰ ਸਾਹਿਬ ਦਾ ਘਰ ਲੇਖਕਾ ਦਾ ਮੱਕਾ ਸੀ, ਜਿੱਥੇ ਦੋ ਲੇਖਕ ਆ ਜਾਂਦੇ, ਦੋ ਚਲੇ ਜਾਂਦੇ। 12 ਮਹੀਨੇ, 30 ਦਿਨ ਇਹ ਸਿਲਸਲਾ ਚਲਦਾ ਰਹਿੰਦਾ। ਪ੍ਰੋ. ਸਾਹਿਬ ਦੇ ਘਰ ਮੇਲਾ ਲੱਗਿਆ ਰਹਿੰਦਾ। ਸਭ ਤੋਂ ਵੱਡੀ ਗੱਲ ਇਹ ਵੀ ਸੀ ਕਿ ਉਹ ਹਰ ਵੇਲੇ ਮਾਂ-ਬੋਲੀ ਦੀ ਚਿੰਤਾ ਕਰਦੇ ਰਹਿੰਦੇ। ਪੰਜਾਬੀ ਮਾਂ-ਬੋਲੀ ਦੇ ਵਿਸਤਾਰ ਲਈ ਕੋਈ ਨਾ ਕੋਈ ਨਵੀਂ ਰੂਪ-ਰੇਖਾ ਤਿਆਰ ਕਰਦੇ ਰਹਿੰਦੇ ਸਨ। ਪ੍ਰੋ. ਸਾਹਿਬ ਦਾ ਇਕ ਵੱਡਾ ਸੁਪਨਾ ਇਹ ਵੀ ਸੀ ਕਿ ਕੋਈ ਅਜਿਹਾ ਅਜਾਇਬ ਘਰ ਬਣੇ, ਜਿੱਥੇ ਪੰਜਾਬੀ ਦੇ ਪ੍ਰਸਿੱਧ ਲੇਖਕਾਂ ਦੀਆਂ ਪੁਸਤਕਾਂ ਦੇ ਮੂਲ ਖਰੜੇ ਸੰਭਾਲ ਕੇ ਰੱਖੇ ਜਾਇਆ ਕਰਨ।
ਪ੍ਰੋ. ਪ੍ਰੀਤਮ ਸਿੰਘ ਦੀਆਂ ਪੁਸਤਕਾਂ ਦੀ ਲੜੀ ਬਹੁਤ ਲੰਬੀ ਹੈ। ਉਨ੍ਹਾਂ ਦੀ ਪਹਿਲੀ ਰਚਨਾ 1945 ਵਿੱਚ ਛਪੀ। ਉਸ ਤੋਂ ਬਾਅਦ ਤਾਂ ਚੱਲ ਸੋ ਚੱਲ। ਉਹ ਲਿਖਦੇ ਗਏ, ਕਿਤਾਬਾਂ ਛਪਦੀਆਂ ਗਈਆਂ। ਪ੍ਰੋ. ਪ੍ਰੀਤਮ ਸਿੰਘ ਦੀਆਂ ਪੰਜਾਬੀ ਵਿੱਚ 16 ਮੌਲਿਕ ਪੁਸਤਕ, 21 ਪੁਸਤਕਾਂ ਦਾ ਸੰਕਲਨ/ਸੰਪਾਦਕ, 19 ਪੁਸਤਕਾਂ ਦਾ ਫਾਰਸੀ, ਹਿੰਦੀ, ਉਰਦੂ ਤੋਂ ਪੰਜਾਬੀ ਵਿੱਚ ਅਨੁਵਾਦ ਹੋਈਆਂ। ਉਨ੍ਹਾਂ 11 ਬਾਲ ਪੁਸਤਕਾਂ ਅਤੇ ਤਿੰਨ ਪੁਸਤਕਾਂ ਅੰਗਰੇਜ਼ੀ ਵਿੱਚ ਲਿਖੀਆਂ। ‘ਮੂਰਤਾਂ ਅਤੇ ਮੁਹਾਂਦਰੇ’ ਰੇਖਾ-ਚਿੱਤਰਾਂ ਦੀ ਕਿਤਾਬ ਹੈ, ਜਿਸ ਵਿੱਚ ਉਨ੍ਹਾਂ ਸਮਕਾਲੀ ਲੇਖਕ, ਚਿੰਤਕ, ਇਤਿਹਾਸਕਾਰ, ਸੰਗੀਤਕਾਰ, ਸਿੱਖਿਆ ਸ਼ਾਸਤਰੀ ਆਦਿ ਨਾਮਣਾ ਖੱਟਣ ਵਾਲੇ ਉਲੀਕੇ ਸਨ। ‘ਕੱਚੀਆਂ-ਪੱਕੀਆਂ ਦੇ ਭਾਅ’ ਦੋ ਜਿਲਦਾਂ ਵਿੱਚ ਛਪੀ ਉਨ੍ਹਾਂ ਦੀ ਸਵੈਜੀਵਨੀ ਹੈ।
ਪ੍ਰੋ. ਪ੍ਰੀਤਮ ਸਿੰਘ ਦਾ ਨੌਕਰੀ ਦੌਰਾਨ ਹਰ ਖੇਤਰ ਦੇ ਵਿਅਕਤੀਆਂ ਨਾਲ ਵਾਹ ਪਿਆ। ਉਨ੍ਹਾਂ ਨੇ ਦੁਆਬਾ ਕਾਲਜ, ਜਲੰਧਰ ਸਿੱਖ ਨੈਸ਼ਨਲ ਕਾਲਜ, ਲਾਹੌਰ ਵਿਖੇ ਵੀ ਕੰਮ ਕੀਤਾ। ਰਾਮਜਸ ਕਾਲਜ, ਦਿੱਲੀ ਅਤੇ ਪੰਜਾਬੀ ਯੂਨੀਵਰਸਿਟੀ ਸ਼ਿਮਲੇ ਵੀ ਰਹੇ। ਲੁਧਿਆਣਾ, ਪਟਿਆਲਾ, ਫਰੀਦਕੋਟ ਅਤੇ ਮੁਕਤਸਰ ਦੇ ਸਰਕਾਰੀ ਕਾਲਜਾਂ ਵਿੱਚ ਵੀ ਸੇਵਾ ਨਿਭਾਉਂਦੇ ਰਹੇ। ਗੁਰੂ ਨਾਨਕ ਦੇਵ ਵਿਸ਼ਵ ਵਿਦਿਆਲਾ ਵਿਖੇ ਵੀ ਸੇਵਾ ਦਿੱਤੀ ਅਤੇ ਉੱਥੋਂ ਹੀ ਰਿਟਾਇਰ ਹੋਏ। ਪ੍ਰੋ. ਪ੍ਰੀਤਮ ਸਿੰਘ ਬਹੁਤ ਸਾਰੇ ਦੇਸ਼ ਜਿਵੇਂ ਕਨੇਡਾ, ਥਾਈਲੈਂਡ, ਸਿੰਘਾਪੁਰ, ਪੱਛਮੀ ਜਰਮਨੀ, ਮਾਸਕੋ, ਬੈਲਜੀਅਮ, ਸੰਯੁਕਤ ਰਾਜ ਅਮਰੀਕਾ ਆਦਿ ਦੇਸ਼ਾਂ ਵਿੱਚ ਕਾਨਫਰੰਸਾਂ ਵਿੱਚ ਸ਼ਮੂਲੀਅਤ ਕੀਤੀ।
ਪ੍ਰੋ. ਪ੍ਰੀਤਮ ਸਿੰਘ ਕੇਂਦਰੀ ਪੰਜਾਬੀ ਲੇਖ ਸਭਾ (ਰਜਿ.) ਜਲੰਧਰ ਦੇ 4 ਵਾਰ ਪ੍ਰਧਾਨ ਰਹੇ ਅਤੇ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਵੀ ਪ੍ਰਧਾਨ ਰਹੇ। ਪੰਜਾਬ ਦੇ ਸਕੂਲਾਂ, ਕਾਲਜਾਂ ਵਿੱਚ ਪੰਜਾਬੀ ਦੀ ਪੜ੍ਹਾਈ ਅਰੰਭੀ ਹੋਈ ਸੀ। ਸ਼ਾਇਦ ਕੋਈ ਵੀ ਅਜਿਹੀ ਮਹੱਤਵਪੂਰਨ ਕਮੇਟੀ ਨਹੀਂ ਹੋਣੀ, ਜਿਸਦੇ ਮੈਂਬਰ ਜਾਂ ਪ੍ਰਧਾਨ ਵਜੋਂ ਪ੍ਰੋ. ਪ੍ਰੀਤਮ ਸਿੰਘ ਨੂੰ ਸ਼ਾਮਲ ਨਾ ਕੀਤਾ ਗਿਆ ਹੋਵੇ। ਸੰਨ 1971 ਤੋਂ 72 ਵਿੱਚ ਉਨ੍ਹਾਂ ਨੇ ਪੰਜਾਬੀ ਸਕੂਲ ਸਿੱਖਿਆ ਬੋਰਡ ਸਥਾਪਤ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ।
ਪ੍ਰੋ. ਪ੍ਰੀਤਮ ਸਿੰਘ ਨਾ ਅੱਕਦੇ ਸਨ, ਨਾ ਥੱਕਦੇ ਸਨ, ਨਾ ਯਕਦੇ ਸਨ। ਉਨ੍ਹਾਂ ਦਾ ਹਰ ਵੇਲੇ ਆਪਣੇ ਕੰਮ ਵੱਲ ਧਿਆਨ ਹੁੰਦਾ ਸੀ। ਉਨ੍ਹਾਂ ਦੀਆਂ ਪ੍ਰਾਪਤੀਆਂ ’ਤੇ ਉਨ੍ਹਾਂ ਦਾ ਮਾਣ-ਸਨਮਾਨ ਵੀ ਬਹੁਤ ਹੋਇਆ। ਫਾਰਸੀ ਜ਼ੁਬਾਨ ਦੇ ਵਿਦਵਾਨ ਕਰਕੇ ਰਾਸ਼ਟਰਪਤੀ ਅਵਾਰਡ ਉਨ੍ਹਾਂ ਦੀ ਝੋਲੀ ਪਿਆ। ਆਪ ਨੂੰ 1980 ਵਿੱਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਫੈਲੋਸ਼ਿੱਪ ਦਿੱਤੀ ਗਈ। ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਸੰਨ 1998 ਵਿੱਚ ਅਤੇ ਹਿਊਮਨ ਰਿਸੋਰਸਜ਼ ਮਤਰਾਲਾ, ਨਵੀਂ ਦਿੱਲੀ ਵੱਲੋਂ ਲਈਫ ਟਾਈਮ ਫੈਲੋਸ਼ਿੱਪ ਦਿੱਤੀ ਗਈ। ਡੀ. ਲਿਟ ਦੀ ਡਿਗਰੀ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਦਿੱਤੀ ਗਈ। ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਸਾਹਿਤ ਸ਼੍ਰੋਮਣੀ ਅਵਾਰਡ, ਦੂਰਦਰਸ਼ਨ ਜਲੰਧਰ ਵੱਲੋਂ ਪੰਜ ਪਾਣੀ ਅਵਾਰਡ। ਇਵੇਂ ਹੀ ‘ਖੋਜ ਪੱਤ੍ਰਿਕਾ’ ਮੈਗਜ਼ੀਨ ਦਾ ਵਿਸ਼ੇਸ਼ ਅੰਕ ਪ੍ਰੋਫੈਸਰ ਪ੍ਰੀਤਮ ਸਿੰਘ ਕੱਢਿਆ ਗਿਆ। ਸੰਨ 1994 ਵਿੱਚ ਉਨ੍ਹਾਂ ਦੇ ਪੁਰਾਣੇ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਇੱਕ ਲੱਖ ਦੀ ਥੈਲੀ ਭੇਟ ਕੀਤੀ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਉਨ੍ਹਾਂ ਦੇ 75ਵੇਂ ਜਨਮ ਦਿਨ ’ਤੇ ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ, ਕਲੱਬਾਂ, ਸਾਹਿਤ ਸਭਾਵਾਂ ਵੱਲੋਂ ਪ੍ਰੋ. ਪ੍ਰੀਤਮ ਸਿੰਘ ਜੀ ਨੂੰ ਸਮੇਂ-ਸਮੇਂ ’ਤੇ ਸਨਮਾਨਿਆ ਗਿਆ।
ਪ੍ਰੋ. ਪ੍ਰੀਤਮ ਸਿੰਘ ਦੀ ਮਹਾਰਾਜਾ ਰਣਜੀਤ ਸਿੰਘ ਬਾਲ ਸਾਹਿਤ ਦੀ ਪੁਸਤਕ ਹੈ ਜਿਹੜੀ ਕਿ ਹਿੰਦੀ ਵਿੱਚ 9 ਵਾਰ, ਬੰਗਾਲੀ ਵਿੱਚ 6 ਵਾਰ, ਮਲਿਆਲਮ ਵਿੱਚ 2 ਵਾਰ, ਮਰਾਠੀ ਵਿੱਚ 6 ਵਾਰ, ਅੰਗਰੇਜ਼ੀ ਵਿੱਚ 8 ਵਾਰ ਅਤੇ ਹੋਰ ਭਾਰਤੀ ਭਾਸ਼ਾਵਾਂ ਵਿੱਚ ਵੀ ਅਨੁਵਾਦ ਹੋ ਚੁੱਕੀ ਹੈ। ਪ੍ਰੋ. ਸਾਹਿਬ ਨੇ ਇੱਕ ਹਜ਼ਾਰ ਲੇਖਕਾਂ-ਸਾਹਿਤਕਾਰਾਂ ਦੀ ਸੂਚੀ ਛਾਪੀ ਜੋ ਇੱਕ ਦਸਤਾਵੇਜ਼ ਬਣ ਗਈ। ਇਸ ਕੰਮ ’ਤੇ ਉਨ੍ਹਾਂ ਨੂੰ 10 ਸਾਲ ਮਿਹਨਤ ਕਰਨੀ ਪਈ। ਪੰਜਾਬੀ ਲੇਖਕਾਂ ਦੇ ਵੇਰਵੇ ਵੀ 632 ਵੱਡੇ ਆਕਾਰ ਦੇ ਸਫਿਆਂ ਵਿੱਚ ਸਮੇਟੇ ਹੋਏ ਹਨ।
ਪ੍ਰੋ. ਪ੍ਰੀਤਮ ਸਿੰਘ 25 ਅਕਤੂਬਰ 2008 ਨੂੰ ਇਹ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ। ਭਾਵੇਂ ਉਹ ਅੱਜ ਸਰੀਰਕ ਤੌਰ ’ਤੇ ਸਾਡੇ ਵਿਚਕਾਰ ਨਹੀਂ ਹਨ ਪਰ ਉਨ੍ਹਾਂ ਦੀਆਂ ਲਿਖਤਾਂ ਉਨ੍ਹਾਂ ਨੂੰ ਸਦਾ ਅਮਰ ਰੱਖਣਗੀਆਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (