TarsemSJandiala7ਮਾਮਾ ਜੀਤੁਹਾਨੂੰ ਨਹੀਂ ਪਤਾ ਕਾਲਾ ਕਿੰਨਾ ਗੰਦਾ ਆ। ਜਦੋਂ ਉਹ ਭੱਠੀ ਵਿੱਚ ਫੂਕਾਂ ...
(2 ਨਵੰਬਰ 2025)

 

ਗੱਲ ਸੰਨ 1961 ਦੀ ਹੈ। ਉਦੋਂ ਮੇਰੀ ਅਤੇ ਮੇਰੀ ਭੈਣ ਦੀ ਉਮਰ ਪੰਜ ਸਾਲ ਸੀ ਜਦੋਂ ਮਾਂ ਨੇ ਸਾਨੂੰ ਛੇ ਸਾਲ ਦੇ ਲਿਖਾ ਕੇ ਪਹਿਲੀ ਜਮਾਤ ਵਿੱਚ ਦਾਖਲ ਕਰਵਾ ਦਿੱਤਾ। ਗਲ ਵਿੱਚ ਲਟਕਾਉਣ ਵਾਲੇ ਖੱਦਰ ਦੇ ਛੋਟੇ-ਛੋਟੇ ਝੋਲੇ ਸਾਡੇ ਗਲਾਂ ਵਿੱਚ ਪਾ ਕੇ ਮਾਂ ਸਾਨੂੰ ਸਕੂਲ ਛੱਡ ਆਈ। ਸਾਨੂੰ ਸਕੂਲ ਜਾਣ ਦਾ ਬੜਾ ਚਾਅ ਸੀ।

ਦੋ ਤਿੰਨ ਵਾਰੀ ਤਾਂ ਬਾਪੂ ਨੇ ਸਾਨੂੰ ਦੋਹਾਂ ਜੌੜੇ ਭੈਣ-ਭਰਾਵਾਂ ਨੂੰ ਨਾਲ ਲਿਜਾ ਕੇ ਦੁਕਾਨ ਦਾ ਰਸਤਾ ਦਿਖਾ ਦਿੱਤਾ ਅਤੇ ਸਲੇਟੀਆਂ, ਪੈਨਸਲਾਂ, ਗਾਚਣੀ, ਦਵਾਤਾਂ ਆਦਿ ਲੈ ਦਿੱਤੀਆਂ ਪਰ ਅੱਗੋਂ ਤੋਂ ਸਾਨੂੰ ਦੋਵਾਂ ਨੂੰ ਆਪ ਜਾ ਕੇ ਲਿਆਉਣ ਲਈ ਹਦਾਇਤ ਕਰ ਦਿੱਤੀ। ਮਾਂ ਰੁਮਾਲ ਵਿੱਚ ਪੈਸੇ ਬੰਨ੍ਹ ਕੇ ਛੋਟੇ ਜਿਹੇ ਝੋਲੇ ਵਿੱਚ ਪਾ ਕੇ ਮੇਰੇ ਗਲ਼ ਵਿੱਚ ਲਟਕਾ ਦਿੰਦੀ। ਅਸੀਂ ਜੋਟੀ ਪਾ ਕੇ ਬਜ਼ਾਰ ਵਿੱਚ ਜਾਂਦੇ ਅਤੇ ਚਰਨ ਬਾਬੇ ਤੋਂ ਸਕੂਲ ਦਾ ਸਮਾਨ ਲੈ ਆਉਂਦੇ।

ਬਜ਼ਾਰ ਵਿੱਚੋਂ ਲੰਘਦਿਆਂ ਅਸੀਂ ਆਸ-ਪਾਸ ਦੀਆਂ ਦੁਕਾਨਾਂ ਵਲ ਨਜ਼ਰ ਘੁਮਾਉਂਦੇ ਰਹਿਣਾ। ਇੱਕ ਹਲਵਾਈ ਦੀ ਦੁਕਾਨ ਦੇ ਅੱਗਿਉਂ ਲੰਘਣ ਲੱਗਿਆਂ ਸੜਦੇ ਤੇਲ ਦੀ ਮਹਿਕ ਨੇ ਨੱਕ ਵਿੱਚ ਜਲੂਣ ਛੇੜ ਦੇਣੀ। ਰੁਕ ਕੇ ਦੇਖਣਾ, ਗੋਰੇ ਰੰਗ ਦਾ ਬਾਬਾ ਪੈਰਾਂ ਭਾਰ ਬੈਠਾ ਪਕੌੜੇ ਤਲ਼ ਰਿਹਾ ਹੁੰਦਾ। ਇੱਕ ਪਾਸੇ ਛੋਟੇ ਕੰਢਿਆਂ ਵਾਲੇ ਵੱਡੇ ਥਾਲ ਵਿੱਚ ਥੋੜ੍ਹੇ ਜਿਹੇ ਛੋਟੇ-ਛੋਟੇ ਪਕੌੜੇ ਪਏ ਹੁੰਦੇ ਅਤੇ ਦੂਸਰੇ ਸਿਰੇ ਟਿੱਕੀਆਂ ਟਿਕਾ ਕੇ ਰੱਖੀਆਂ ਹੁੰਦੀਆਂ। ਸਾਡਾ ਉੱਥੋਂ ਲੰਘਣਾ ਮੁਸ਼ਕਿਲ ਹੋ ਜਾਂਦਾ ਪਰ ਪਿੱਛੇ ਨੂੰ ਦੇਖਦੇ-ਦੇਖਦੇ ਪੈਰ ਘਸੀਟਦੇ ਅੱਗੇ ਤੁਰ ਜਾਂਦੇ।

ਇੱਕ ਦਿਨ ਮੇਰੀ ਭੈਣ ਨੇ ਘਰ ਆ ਕੇ ਮਾਂ ਨੂੰ ਪਕੌੜਿਆਂ ਦੀ ਮਹਿਕ ਬਾਰੇ ਦੱਸਿਆ। ਬੇਸ਼ਕ ਮਾਂ ਥੋੜ੍ਹੇ-ਥੋੜ੍ਹੇ ਦਿਨਾਂ ਬਾਅਦ ਘਰ ਪਕੌੜੇ, ਮੱਠੀਆਂ, ਮਟਰੀ ਬਣਾ ਕੇ ਖੁਆਉਂਦੀ ਰਹਿੰਦੀ ਪਰ ਉਸ ਨੂੰ ਲੱਗਾ ਕਿ ਸਾਡੀ ਬਜ਼ਾਰ ਦੇ ਪਕੌੜੇ ਖਾਣ ਦੀ ਇੱਛਾ ਹੈ। ਅਗਲੀ ਵਾਰ ਜਦੋਂ ਅਸੀਂ ਸਕੂਲ ਦਾ ਸਮਾਨ ਲੈਣ ਗਏ ਤਾਂ ਮਾਂ ਨੇ ਰੁਮਾਲ ਵਿੱਚ ਇੱਕ ਚੁਆਨੀ ਵਾਧੂ ਬੰਨ੍ਹ ਦਿੱਤੀ ਅਤੇ ਕਿਹਾ ਕਿ ਅਸੀਂ ਬਾਬੇ ਦੀ ਦੁਕਾਨ ਤੋਂ ਉਸ ਚੁਆਨੀ ਦੇ ਪਕੌੜੇ ਲੈ ਲਈਏ। ਅਸੀਂ ਕਾਹਲੀ-ਕਾਹਲੀ ਜਾ ਕੇ ਸਕੂਲ ਦਾ ਸਮਾਨ ਲੈ ਕੇ ਮੁੜੇ ਅਤੇ ਪਕੌੜਿਆਂ ਵਾਲੀ ਦੁਕਾਨ ਅੱਗੇ ਜਾ ਕੇ ਖੜ੍ਹ ਗਏ। ਦੋ ਸਿਧ-ਪੱਧਰੇ ਜਿਹੇ ਆਦਮੀਆਂ ਨੇ ਦੁਕਾਨਦਾਰ ਨੂੰ ਕਿਹਾ “ਲਾਲਾ ਜੀ, ਦਿਉ ਤਾਂ ਦੋ-ਦੋ ਟਿੱਕੀਆਂ, ਜ਼ਰਾ ਕੰਡੇ ਵਿੱਚ ਹੋਈਏ।”

ਪੱਤਲਾਂ ਉੱਪਰ ਟਿੱਕੀਆਂ ਰਖਵਾ ਕੇ ਉਹ ਸਾਹਮਣੇ ਡੱਠੇ ਬੈਂਚ ’ਤੇ ਬੈਠ ਕੇ ਖਾਣ ਲੱਗ ਪਏ। ਲਾਲ ਬਾਬੇ ਦੀ ਨਜ਼ਰ ਸਾਡੇ ’ਤੇ ਪਈ ਤਾਂ ਉਸਨੇ ਪੁੱਛਿਆ, “ਬੱਚਿਉ, ਕੀ ਲੈਣਾ?”

ਮੈਂ ਪਕੌੜਿਆਂ ਵਲ ਇਸ਼ਾਰਾ ਕੀਤਾ। ਲਾਲ ਬਾਬੇ ਨੇ ਪੁੱਛਿਆ, “ਤੁਸੀਂ ਕੀਹਦੇ ਬੱਚੇ ਓਂ।”

ਮੈਂ ਦੱਸਿਆ, “ਜੀ ਮਹੰਤਾਂ ਦੇ ਸੇਵਾ ਸਿੰਘ ਦੇ।”

ਅਸੀਂ ਚੁਆਨੀ ਅਤੇ ਖੱਦਰ ਦਾ ਪੋਣਾ ਫੜਾ ਦਿੱਤਾਬਾਬੇ ਨੇ ਡੂੰਨੇ ਵਿੱਚ ਪਕੌੜੇ ਪਾ ਕੇ ਉੱਪਰ ਇੱਕ ਹੋਰ ਡੂੰਨਾ ਲਾ ਕੇ ਪੋਣੇ ਵਿੱਚ ਬੰਨ੍ਹ ਕੇ ਪਕੌੜੇ ਸਾਨੂੰ ਫੜਾ ਦਿੱਤੇ ਅਤੇ ਬਰਫੀ ਦਾ ਅੱਧਾ-ਅੱਧਾ ਟੁਕੜਾ ਸਾਨੂੰ ਦੇ ਕੇ ਕਹਿਣ ਲੱਗਾ, “ਤੁਸੀਂ ਮੇਰੇ ਮਿੱਤਰ ਦੇ ਬੱਚੇ ਓਂ, ਮੂੰਹ ਮਿੱਠਾ ਕਰਦੇ ਜਾਓ।”

ਘਰ ਪਹੁੰਚ ਕੇ ਅਸੀਂ ਮਾਂ ਅਤੇ ਬਾਪੂ ਨਾਲ ਵੰਡ ਕੇ ਮੂੰਹ ਸਲੂਣਾ ਕੀਤਾ।

ਅਗਲੀ ਵਾਰ ਗਏ ਤਾਂ ਮਾਂ ਨੇ ਫਿਰ ਪਕੌੜਿਆਂ ਲਈ ਚੁਆਨੀ ਵਾਧੂ ਦੇ ਦਿੱਤੀ। ਇਸ ਵਾਰ ਮੁੜਦੇ ਹੋਏ ਅਸੀਂ ਲਾਲ ਬਾਬੇ ਨੂੰ ਚੁਆਨੀ ਦੇ ਕੇ ਟਿੱਕੀਆਂ ਦੇਣ ਲਈ ਕਿਹਾ ਤਾਂ ਬਾਬਾ ਕਹਿੰਦਾ, “ਪੁੱਤਰ ਜੀ ਇਹਦੇ ਵਿੱਚ ਮਿਰਚਾਂ ਬਹੁਤ ਹਨ, ਤੁਹਾਥੋਂ ਖਾਧੀਆਂ ਨਹੀਂ ਜਾਣੀਆਂ ਮੂੰਹ ਸੜ ਜਾਊ ਤੁਹਾਨੂੰ ਇਹ ਨਹੀਂ ਦੇਣੀਆਂ।”

ਲਾਲ ਬਾਬੇ ਨੇ ਪਕੌੜੇ ਬੰਨ੍ਹ ਦਿੱਤੇ ਅਤੇ ਅਸੀਂ ਜੋਟੀ ਪਾ ਕੇ ਘਰ ਨੂੰ ਚੱਲ ਪਏ। ਘਰ ਆ ਕੇ ਬਾਪੂ ਨੂੰ ਅਸੀਂ ਦੱਸਿਆ ਕਿ ਸਾਡਾ ਮਨ ਟਿੱਕੀਆਂ ਖਾਣ ਨੂੰ ਕਰਦਾ ਸੀ ਪਰ ਲਾਲ ਬਾਬੇ ਨੇ ਸਾਨੂੰ ਟਿੱਕੀਆਂ ਨਹੀਂ ਦਿੱਤੀਆਂ। ਜਦੋਂ ਬਾਪੂ ਨੇ ਦੱਸਿਆ ਕਿ ਉਹ ਟਿੱਕੀਆਂ ਭੰਗ ਦੀਆਂ ਬਣੀਆਂ ਹੁੰਦੀਆਂ ਹਨ, ਬੱਚੇ ਨਹੀਂ ਖਾਂਦੇ ਤਾਂ ਮੇਰੇ ਮੂੰਹੋਂ ਨਿਕਲਿਆ “ਲਾਲ ਬਾਬਾ ਚੰਗਾ!”

ਸਮਾਂ ਬੀਤਿਆ, ਅਸੀਂ ਵੱਡੇ ਹੋਏ। ਭੈਣ ਵਿਆਹੀ ਗਈ। ਦੋ ਸਾਲ ਬਾਦ ਮੇਰਾ ਵੀ ਵਿਆਹ ਹੋ ਗਿਆ। ਬੱਚਿਆਂ ਵਾਲੇ ਹੋ ਗਏ। ਬੱਚਿਆਂ ਨੂੰ ਛੁੱਟੀਆਂ ਹੋਣ ਤੋਂ ਪਹਿਲਾਂ ਭੈਣ ਦਾ ਖਤ ਆ ਜਾਣਾ ਕਿ ਉਹ ਬੱਚਿਆਂ ਸਮੇਤ ਛੁੱਟੀਆਂ ਕੱਟਣ ਆ ਰਹੀ ਹੈ। ਮਿਥੇ ਦਿਨ ਮੈਂ ਸਾਈਕਲ ਲੈ ਕੇ ਉਨ੍ਹਾਂ ਦਾ ਬੈਗ ਚੁੱਕਣ ਲਈ ਬੱਸ ਅੱਡੇ ਜਾ ਬਹਿਣਾ। ਉਨ੍ਹਾਂ ਨੂੰ ਘਰ ਪਹੁੰਚਾ ਕੇ ਕਾਲੇ ਹਲਵਾਈ ਦੀਆਂ ਗਰਮ-ਗਰਮ ਟਿੱਕੀਆਂ ਲਿਜਾ ਕੇ ਖਵਾਉਣੀਆਂ।

ਲਾਲ ਬਾਬਾ ਨਹੀਂ ਰਿਹਾ ਸੀ। ਉਸ ਤੋਂ ਬਾਅਦ ਕਾਲੇ ਹਲਵਾਈ ਦੀਆਂ ਟਿੱਕੀਆਂ ਬਹੁਤ ਮਸ਼ਹੂਰ ਹੋ ਗਈਆਂ ਸਨ। ਕਾਲਾ ਦਿੱਖ ਵਜੋਂ ਹਲਵਾਈ ਨਹੀਂ, ਕਸਾਈ ਲਗਦਾ ਸੀ। ਭਾਰਾ-ਮਧਰਾ ਸਰੀਰ, ਕਾਲਾ ਰੰਗ, ਕਲੀਨ-ਸ਼ੇਵਡ ਪਰ ਵੱਡੀਆਂ ਮੁੱਛਾਂ, ਖਰ੍ਹਵੀ ਅਵਾਜ਼। ਉਹ ਦੁਕਾਨ ਦੇ ਬਾਹਰ ਬੈਠ ਆਲੂਆਂ ਨੂੰ ਬਰੀਕ-ਬਰੀਕ ਕੁਤਰਦਾ, ਵੇਸਣ ਵਿੱਚ ਰਲਾ ਕੇ ਅਤੇ ਮਸਾਲੇ ਪਾ ਕੇ ਮਿੱਟੀ ਦੀ ਪਰਾਤੜੀ ਵਿੱਚ ਭਿਉਂ ਕੇ ਰੱਖ ਦਿੰਦਾ। ਦੁਪਹਿਰ ਨੂੰ ਉਸਦੇ ਗੋਲੇ ਬਣਾ ਕੇ ਅੱਧ-ਕੱਚੇ ਤਲ਼ ਕੇ ਲੱਕੜ ਦੇ ਗੁੱਲੇ ਨਾਲ ਫੇਹ ਕੇ ਅੱਧ-ਕੱਚੀਆਂ ਟਿੱਕੀਆਂ ਬਣਾ ਕੇ ਰੱਖ ਲੈਂਦਾ। ਜਦੋਂ ਕੋਈ ਗਾਹਕ ਆਉਂਦਾ ਤਾਂ ਰਾੜ੍ਹ ਕੇ ਦੇ ਦਿੰਦਾ। ਨਾਲ ਕੋਈ ਖਾਸ ਚੀਜ਼ ਪਾ ਕੇ ਇਮਲੀ ਦੀ ਚਟਣੀ ਬਣਾਉਂਦਾ, ਜਿਸ ਕਰਕੇ ਖਾਣ ਵਾਲਾ ਉਂਗਲੀਆਂ ਚੱਟਦਾ ਰਹਿ ਜਾਂਦਾ।

ਭੈਣ ਦੀ ਹਦਾਇਤ ਸੀ ਕਿ ਉਨ੍ਹਾਂ ਦੇ ਆਉਣ ’ਤੇ ਕਾਲੇ ਦੇ ਪਕੌੜੇ ਜ਼ਰੂਰ ਮੰਗਵਾਈਏ। ਮੇਰੀ ਭਾਣਜੀ ਅੱਠ ਅਤੇ ਭਾਣਜਾ ਛੇਆਂ ਕੁ ਸਾਲਾਂ ਦਾ ਸੀ। ਇਸ ਵਾਰ ਜਦੋਂ ਮੈਂ ਉਨ੍ਹਾਂ ਨੂੰ ਬੱਸ ਅੱਡੇ ਤੋਂ ਲੈ ਕੇ ਤੁਰਿਆ ਤਾਂ ਅਸੀਂ ਕਾਲੇ ਪਕੌੜਿਆਂ ਵਾਲੇ ਦੀ ਦੁਕਾਨ ਅੱਗੇ ਰੁਕ ਗਏ। ਸਾਡਾ ਘਰ ਉੱਥੋਂ ਨੇੜੇ ਹੀ ਸੀ ਬੱਚਿਆਂ ਨੂੰ ਰਸਤੇ ਦਾ ਪਤਾ ਸੀ। ਮੈਂ ਕਾਲੇ ਨੂੰ ਟਿੱਕੀਆਂ ਗਰਮ ਕਰਨ ਲਈ ਕਿਹਾ ਅਤੇ ਅਸੀਂ, ਮੈਂ ਅਤੇ ਮੇਰੀ ਭੈਣ, ਬੈਂਚ ਉੱਪਰ ਬੈਠ ਗਏ। ਕਾਲੇ ਦੀ ਭੱਠੀ ਦਾ ਸੇਕ ਮੱਠਾ ਸੀ, ਇਸ ਲਈ ਉਸ ਨੇ ਤੇਲ ਵਾਲੀ ਕੜਾਹੀ ਚੁੱਕ ਕੇ ਲੱਕੜ ਦੇ ਦੋ-ਤਿੰਨ ਗੁੱਲੇ ਹੋਰ ਸੁੱਟ ਦਿੱਤੇ। ਉਹ ਹੇਠੋਂ ਦੀ ਫੂਕਾਂ ਮਾਰਨ ਲੱਗ ਪਿਆ। ਅੱਗ ਤਾਂ ਨਾ ਮਚੀ ਪਰ ਧੂੰਆਂ ਹੋ ਗਿਆ। ਔਖੇ-ਸੌਖੇ ਫੂਕਾਂ ਮਾਰ-ਮਾਰ ਕੇ ਕਾਲੇ ਨੇ ਭਾਂਬੜ ਬਾਲ ਲਿਆ। ਮੈਂ ਅਤੇ ਭੈਣ ਗੱਲੀਂ ਰੁੱਝੇ ਹੋਏ ਸਾਂ ਅਸੀਂ ਕਾਲੇ ਵਲ ਬਹੁਤਾ ਧਿਆਨ ਨਾ ਦਿੱਤਾ। ਧੂੰਆਂ ਹਟਿਆ ਤਾਂ ਅਸੀਂ ਕਾਲੇ ਨੂੰ ਪਕੌੜੇ ਤਲਦੇ ਦੇਖਿਆ। ਬੱਚਿਆਂ ਨੂੰ ਦੇਖਿਆ ਤਾਂ ਉਹ ਉੱਥੇ ਨਹੀਂ ਸਨ। ਨਿਗਾਹ ਘੁਮਾਈ ਤਾਂ ਦੇਖਿਆ ਬੱਚੇ ਤੇਜ਼ ਕਦਮੀਂ ਘਰ ਵਲ ਨੂੰ ਜਾ ਰਹੇ ਸਨ। ਉਹ ਘਰ ਵਲ ਨੂੰ ਮੁੜਦੀ ਗਲੀ ਮੁੜ ਗਏ ਤਾਂ ਸਾਡਾ ਫਿਕਰ ਮੁੱਕ ਗਿਆ। ਕਾਲੇ ਨੇ ਟਿੱਕੀਆਂ ਤਿਆਰ ਕਰਕੇ ਲਿਫਾਫੇ ਵਿੱਚ ਪਾ ਕੇ ਦੇ ਦਿੱਤੀਆਂ ਤਾਂ ਅਸੀਂ ਘਰ ਚਲੇ ਗਏ।

ਘਰ ਪਹੁੰਚ ਕੇ ਭੈਣ ਨੇ ਬੱਚਿਆਂ ਨੂੰ ਟਿੱਕੀਆਂ ਪਲੇਟ ਵਿੱਚ ਰੱਖ ਕੇ ਦਿੱਤੀਆਂ ਤਾਂ ਉਹ ਪਲੇਟ ਵਲ ਨੂੰ ਮੂੰਹ ਵੀ ਨਾ ਕਰਨ। ਪੁੱਛਿਆ ਤਾਂ ਮੇਰੀ ਭਾਣਜੀ ਕਹਿੰਦੀ, “ਮੈਂ ਨਹੀਂ ਖਾਣੇ ਕਾਲੇ ਦੇ ਗੰਦੇ ਪਕੌੜੇ।”

ਮੈਂ ਪਿਆਰ ਨਾਲ ਪੁਚਕਾਰ ਕੇ ਕਿਹਾ, “ਬੇਟੇ ਇਹ ਗੰਦੇ ਨਹੀਂ, ਦੇਖੋ ਤਾਂ ਸਹੀ ਖਾ ਕੇ, ਕਿੰਨੇ ਸੁਆਦ ਆ।”

ਭਾਣਜੀ ਮੇਰੇ ਨੇੜੇ ਆ ਕੇ ਬੈਠ ਗਈ ਅਤੇ ਦੱਸਣ ਲੱਗੀ, “ਮਾਮਾ ਜੀ, ਤੁਹਾਨੂੰ ਨਹੀਂ ਪਤਾ ਕਾਲਾ ਕਿੰਨਾ ਗੰਦਾ ਆ। ਜਦੋਂ ਉਹ ਭੱਠੀ ਵਿੱਚ ਫੂਕਾਂ ਮਾਰਦਾ ਸੀ, ਧੂੰਏਂ ਨਾਲ ਉਹਦਾ ਨੱਕ ਵਗਣ ਲੱਗ ਪਿਆ ਸੀ। ਉਹਨੇ ਸੱਜੇ ਹੱਥ ਨਾਲ ਨੱਕ ਸੁਣਕਿਆ, ਹੱਥ ਆਪਣੇ ਕੱਛੇ ਨਾਲ ਪੂੰਝਿਆ ਅਤੇ ਬਿਨਾਂ ਹੱਥ ਧੋਤਿਆਂ ਪਕੌੜੇ ਬਣਾਉਣ ਲੱਗ ਪਿਆ। ਅਸੀਂ ਦੋਵੇਂ ਦੇਖ ਕੇ ਤੁਹਾਨੂੰ ਬਿਨਾਂ ਦੱਸਿਆਂ ਘਰ ਨੂੰ ਦੌੜ ਆਏ। ਅਸੀਂ ਨਹੀਂ ਖਾਣੇ ਗੰਦੇ ਕਾਲੇ ਦੇ ਇਹ ਗੰਦੇ ਪਕੌੜੇ।”

**

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਤਰਸੇਮ ਸਿੰਘ ਜੰਡਿਆਲਾ

ਤਰਸੇਮ ਸਿੰਘ ਜੰਡਿਆਲਾ

Jandiala, Jalandhar, Punjab, India.
Whatsapp: (91 -  98728 30235)
Email: (amritco@hotmail.com)