SanjamPreetS7ਇਸ ਮਹਿਫ਼ਿਲ ਵਿੱਚ ਸ਼ਿਰਕਤ ਕਰਦਿਆਂ ਦਿਲ ਵਿੱਚ ਆਉਂਦਾ ਹੈ ਕਿ ਇਹ ...
(15 ਮਾਰਚ 2017)

 

Sanjam5
 ਇਸ ਸਾਲ ‘ਧੁੱਪ ਦੀ ਮਹਿਫ਼ਿਲ’ ਵੱਲੋਂ ਕਿਰਪਾਲ ਕਜ਼ਾਕ ਅਤੇ ਨਿੰਦਰ ਘੁਗਿਆਣਵੀ ਸਨਮਾਨਤ ਕੀਤੇ ਗਏ।

ਸਦੀ 20ਵੀਂ ਸੀ ਅਤੇ ਦਹਾਕਾ 40ਵਿਆਂ ਵਾਲਾ। ਪੰਜਾਬੀ ਪ੍ਰਕਾਸ਼ਨ ਨਾਲ ਜੁੜੀ ਇਕ ਘਟਨਾ ਅਣਗੌਲੀ ਰਹਿ ਗਈ। ਪਹਿਲੀ ਵਾਰ 10 ਪੋਥੀਆਂ ਦਾ ਸੈੱਟ ਛਪਿਆ ਸੀ। ਇਨ੍ਹਾਂ ਪੋਥੀਆਂ ਦੀ ਲੜੀ ਵਿੱਚ ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਦੇ ਲੇਖ ਪਰੋਏ ਹੋਏ ਸਨ, ਤੇ ਦਸ ਪੋਥੀਆਂ ਇੱਕੋ ਹੱਲੇ ਤਿਆਰ ਕਰਨ ਵਾਲੀ ਖ਼ਿਆਲ-ਉਡਾਰੀ ਭਾਪਾ ਪ੍ਰੀਤਮ ਸਿੰਘ ਦੀ ਸੀ!

ਕਿਤਾਬ ਪ੍ਰਕਾਸ਼ਨਾ ਦੀ ਦੁਨੀਆ ਦਾ ਇਹ ਸੁਪਨਸਾਜ਼ ਜੋ ਆਪਣੇ ਨੇੜਲਿਆਂ ਲਈ ਭਾਪਾ ਜੀ ਸੀ, ਹਲਵਾਈ ਦਾ ਪੁੱਤਰ ਸੀ। ਜਨਮ ਸਿਆਲਕੋਟ (ਹੁਣ ਪਾਕਿਸਤਾਨ ਵਿੱਚ) ਵਿੱਚ ਹੋਇਆ। ਬਾਪ ਕੋਲ ਆਪਣੇ ਇਸ ਪੁੱਤਰ ਨੂੰ ਪੜ੍ਹਾਉਣ ਦੀ ਪੁੱਜਤ ਨਹੀਂ ਸੀ, ਸੋ ਉਹਨੇ ਉਸ ਨੂੰ ਗ੍ਰੰਥੀ ਬਣਾ ਦਿੱਤਾ ... ਇਉਂ ਘੱਟੋ ਘੱਟ ਕੁੱਲੀ, ਗੁੱਲੀ ਤੇ ਜੁੱਲੀ ਦਾ ਬੰਨ੍ਹ-ਸੁਬ ਤਾਂ ਹੋ ਜਾਣਾ ਸੀ!

ਪਰ ਪ੍ਰੀਤਮ ਸਿੰਘ ਨੂੰ ਪੋਥੀਆਂ ਨਾਲ ਪਿਆਰ ਬੜਾ ਸੀ। ਕੋਈ ਵੀ ਅੜਿੱਕੇ ਜਾਂ ਔਕੜਾਂ ਇਸ ਪਿਆਰ-ਮੁਹੱਬਤ ਦੇ ਰਾਹ ਵਿੱਚ ਨਾ ਆ ਸਕੇ। ਇਸ ਗ੍ਰੰਥੀ ਨੇ ਤਾਂ ਪਿੰਡ ਦੇ ਗੁਰਦੁਆਰੇ ਅੰਦਰ ਬਾਬੇ ਵਾਰਿਸ ਸ਼ਾਹ ਦੀ ਹੀਰ ਵੀ ਗਾ ਛੱਡੀ। ਪੋਥੀਆਂ ਵਾਲੇ ਪਿਆਰ ਲਈ ਬਾਪੂ ਨੇ ਉਸ ਦੀ ਬਥੇਰੀ ਝਾੜ-ਝੰਬ ਕੀਤੀ, ਪਰ ਉਹਦਾ ਇਹ ਇਸ਼ਕ ਤੇ ਮੁਹੱਬਤ, ਅਮੋੜ ਤੇ ਅਮੁੱਕ ਸੀ। ਗੱਲ ਇੱਥੋਂ ਤੱਕ ਪੁੱਜੀ ਕਿ 1932 ਵਿੱਚ ਉਹ ਘਰੋਂ ਭੱਜ ਨਿਕਲਿਆ ਅਤੇ ਅੰਮ੍ਰਿਤਸਰ ਜਾ ਡੇਰੇ ਲਾਏ। ਅੱਠ ਰੁਪਏ ਮਾਹ ਦੇ ਹਿਸਾਬ ਕਿਸੇ ਪੰਜਾਬੀ ਛਾਪੇਖਾਨੇ ਅੰਦਰ ਬਤੌਰ ਕੰਪੋਜ਼ੀਟਰ ਜੁਗਾੜ ਬਣ ਗਿਆ। ਫਿਰ ਛਾਪੇਖਾਨੇ ਦਾ ਇਹ ਸਫ਼ਰ ਸਦਾ ਉਸ ਦੇ ਨਾਲ ਨਾਲ ਚੱਲਿਆ - ਅੰਮ੍ਰਿਤਸਰ ਤੋਂ ਲਾਹੌਰ, ਲਾਹੌਰ ਤੋਂ ਪ੍ਰੀਤ ਨਗਰ ਅਤੇ ਅਖ਼ੀਰ ਵਿੱਚ ਦਿੱਲੀ। ਉੱਥੇ ਉਹਦੇ ਇਕ ਅਫਸਰ ਮਿੱਤਰ ਨੇ ਸੰਤਾਲੀ ਵੇਲੇ ਉੱਜੜੇ ਕਿਸੇ ਮੁਸਲਮਾਨ ਦਾ ਘਰ ਅਲਾਟ ਕਰਵਾ ਦਿੱਤਾ ਅਤੇ ਚਾਂਦਨੀ ਚੌਕ ਵਿੱਚ ਦੋ ਦੁਕਾਨਾਂ ਦਿਵਾ ਦਿੱਤੀਆਂ। ਫਿਰ ਭਾਪਾ ਜੀ ਨੇ ਦਿੱਲੀ ਵਿੱਚ ਨਵਯੁੱਗ ਪ੍ਰੈੱਸ ਦਾ ਝੰਡਾ ਗੱਡ ਲਿਆਮਾਹਵਾਰ ਪੰਜਾਬੀ ਪਰਚਾ ‘ਆਰਸੀ’ ਆਰੰਭਿਆ ਅਤੇ ਫਿਰ ਪੋਥੀਆਂ ਛਾਪਣ ਦੀ ਲੜੀ ਤੁਰ ਪਈ।

ਭਾਪਾ ਜੀ ਬਾਰੇ ਰੇਖਾ-ਚਿੱਤਰ ‘ਤਕੀਏ ਦਾ ਪੀਰ’ ਵਿੱਚ ਉੱਘੀ ਕਹਾਣੀਕਾਰ ਅਜੀਤ ਕੌਰ ਨੇ ਲਿਖਿਆ ਹੈ- “ਭਾਪਾ ਪ੍ਰੀਤਮ ਸਿੰਘ ਮਹਿਜ਼ ਪਬਲਿਸ਼ਰ ਨਹੀਂ; ਤੁਰਦਾ ਫਿਰਦਾ, ਸਾਹ ਲੈਂਦਾ ਇਤਿਹਾਸ ਹੈ ... ਉਹ ਮਹਿਜ਼ ਕੋਈ ਬੰਦਾ ਨਹੀਂ, ਪੂਰੀ ਸੰਸਥਾ ਹੈ ਜਿਸ ਦਾ ਨਾਂ ਲੈਣ ਤੋਂ ਬਿਨਾਂ ਪੰਜਾਬੀ ਸਾਹਿਤ ਦਾ ਕੋਈ ਵਜੂਦ ਇਤਿਹਾਸ ਦੇ ਪੰਨਿਆਂ ਵਿੱਚੋਂ ਨਹੀਂ ਲੱਭਿਆ ਜਾ ਸਕੇਗਾ।”

ਲਿਖਾਰੀ ਅਤੇ ਪ੍ਰਕਾਸ਼ਕ ਭਾਪਾ ਜੀ ਦਾ ਨਾਂ ਬੜੇ ਮਾਣ ਨਾਲ ਲੈਂਦੇ ਹਨ। ਉਨ੍ਹਾਂ ਵੱਲੋਂ ਆਰੰਭੀ ਨਵਯੁੱਗ ਪ੍ਰੈੱਸ ਪੰਜਾਬੀ ਛਾਪੇਖਾਨੇ ਦਾ ਯੁੱਗ ਹੋ ਨਿੱਬੜੀ ਹੈ। ਮਸ਼ਹੂਰ ਲਿਖਾਰੀ ਅਤੇ ਕਾਲਮਨਵੀਸ ਖ਼ੁਸ਼ਵੰਤ ਸਿੰਘ ਨੇ ਆਪਣੇ ਕਾਲਮ ਵਿੱਚ ਉਨ੍ਹਾਂ ਦਾ ਜ਼ਿਕਰ ਇਉਂ ਕੀਤਾ- “ਉਹਦੀ ਅੱਖ ਅੰਦਰ ਸੁਹੱਪਣ ਖਿੜਿਆ ਹੋਇਐ, ਉਹਨੇ ਸੋਹਣੀ ਪੋਥੀ ਛਾਪਣ ਦਾ ਕੌਮੀ ਪੱਧਰ ਦਾ ਇਨਾਮ ਉਨ੍ਹਾਂ ਜੱਜਾਂ ਕੋਲੋਂ ਹਾਸਲ ਕੀਤਾ ਜਿਹੜੇ ਗੁਰਮੁਖੀ ਦਾ ਅੱਖਰ ਤੱਕ ਨਹੀਂ ਸਨ ਜਾਣਦੇ, ਤੇ ਇਹ ਕ੍ਰਿਸ਼ਮਾ 21 ਵਾਰ ਹੋਇਆ!”

1980ਵਿਆਂ ਅਤੇ 90ਵਿਆਂ ਦੌਰਾਨ ਉਹ ਦਿੱਲੀ ਵਿੱਚ ਸਾਹਿਤਕ ਸਰਗਰਮੀਆਂ ਦਾ ਧੁਰਾ ਸਨ। ਜਸਵੰਤ ਸਿੰਘ ਕੰਵਲ, ਬਲਵੰਤ ਗਾਰਗੀ, ਦਵੇਂਦਰ ਸਤਿਆਰਥੀ, ਕੁਲਵੰਤ ਸਿੰਘ ਵਿਰਕ, ਸੰਤ ਸਿੰਘ ਸੇਖੋਂ ਅਤੇ ਹੋਰ ਕਹਿੰਦੇ-ਕਹਾਉਂਦੇ ਲਿਖਾਰੀ ਚਾਂਦਨੀ ਚੌਕ ਵਿੱਚ ਨਵਯੁੱਗ ਪਬਲਿਸ਼ਰਜ਼ ਅਤੇ ‘ਆਰਸੀ’ ਦੇ ਦਫ਼ਤਰ ਜ਼ਿਆਰਤ ਕਰਦੇ। ਅਜੀਤ ਕੌਰ ਦੀ ਪੁੱਛਣਾ ਸੀ ਕਿ ਇਨ੍ਹਾਂ ਸਾਰਿਆਂ ਨਾਲ ਆਖ਼ਰ  ਗੱਲਾਂ ਕੀ ਕਰਦੇ ਰਹਿੰਦੇ ਹੋ? ਜਵਾਬ ਮਿਲਿਆ- “ਬੱਸ, ਕੁਝ ਸਾਹਿਤ ਦੀਆਂ ਗੱਲਾਂ, ਤੇ ਬਾਕੀ ਸਿਆਸੀ ਤੇ ਸਾਹਿਤਕ ਚੁਟਕਲੇ। ਕੁਝ ਲੋਕ ਆਪਣੀਆਂ ਲਿਖਤਾਂ ਛਪਵਾਉਣ ਲਈ ਤਰਲੇ ਕਰਦੇ ਨੇ, ਤੇ ਮੈਂ ਨਹੀਂ ਛਾਪਦਾ। ਕੁਝ ਲੋਕਾਂ ਦੇ ਮੈਂ ਤਰਲੇ ਕਰਦਾ ਹਾਂ, ਕਿ ਲਿਖੋ ਤੇ ਮੈਂ ਛਾਪਾਂਗਾ।”

ਚਾਂਦਨੀ ਚੌਕ ਦੇ ਦਫ਼ਤਰ ਵਾਲੀ ਇਹ ਮਹਿਫ਼ਿਲ 1990 ਵਿੱਚ ਮਹਿਰੌਲੀ ਵਾਲੇ ਨਵਯੁੱਗ ਫਾਰਮਜ਼ ’ਤੇ ਚਲੀ ਗਈ। ਇਹੀ ਉਹ ਵਕਤ ਸੀ ਜਦੋਂ ‘ਧੁੱਪ ਦੀ ਮਹਿਫ਼ਿਲ’ ਖਿੜਨੀ ਸ਼ੁਰੂ ਹੋਈ। ਉਦੋਂ ਤੋਂ ਹੀ ਸਾਲਾਨਾ ਉਤਸਵ ਚੱਲ ਰਿਹਾ ਹੈ - ਨਿਰਵਿਘਨ। ਇਸ ਸਾਲ ਇਹ ਮਹਿਫ਼ਿਲ 29 ਜਨਵਰੀ ਨੂੰ ਜੁੜੀ ਸੀ। ਦਲਿਤਾਂ ਦੇ ਜੀਵਨ ਬਾਰੇ ‘ਛਾਂਗਿਆ ਰੁੱਖ’ ਵਰਗੀ ਰਚਨਾ ਕਰਨ ਵਾਲਾ ਲਿਖਾਰੀ ਬਲਬੀਰ ਮਾਧੋਪੁਰੀ ਯਾਦਾਂ ਦੀ ਚੂੰਡੀ ਇਉਂ ਭਰਦਾ ਹੈ - “ਇਸ ਮਹਿਫ਼ਿਲ ਲਈ ਭਾਪਾ ਜੀ ਬਹੁਤ ਉਤਸ਼ਾਹ ਵਿੱਚ ਰਹਿੰਦੇ ਸਨ। ਉਹ ਚਾਹੁੰਦੇ ਸਨ ਕਿ ਨਵਯੁੱਗ ਫਾਰਮਜ਼ ਲਿਖਾਰੀਆਂ ਦਾ ਸਮਾਨ-ਅਰਥਕ ਬਣ ਜਾਵੇ। ਹਰ ਸਾਲ ਜੁੜਦੀ ਮਹਿਫ਼ਿਲ ਹੁਣ ਇਹੀ ਕੁਝ ਆਖਦੀ ਹੈ।”

ਕਲਮਕਾਰ ਗੁਰਬਚਨ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਦਿੱਲੀ ਵੱਸਦੇ ਲਿਖਾਰੀਆਂ ਦੇ ਬਸੇਰੇ ਬੜੀ ਦੂਰ ਦੂਰ ਹਨ, ‘ਧੁੱਪ ਦੀ ਮਹਿਫ਼ਿਲ’ ਇਨ੍ਹਾਂ ਦੀ ਭਰਪੂਰ ਮਿਲਣੀ ਦਾ ਸਬੱਬ ਬਣਾਉਂਦੀ ਹੈ। ਹਰ ਸਾਲ ਸਾਰੇ ਲਿਖਾਰੀ ਇਸ ਦਿਵਸ ਦੀ ਉਡੀਕ ਕਰਦੇ ਹਨ।

ਧੁੱਪ ਦੀ ਮਹਿਫ਼ਿਲ’ ਦਾ ਖਰਚਾ-ਪਾਣੀ 1995 ਤੱਕ ਭਾਪਾ ਜੀ ਨੇ ਚਲਾਇਆ, ਹੁਣ ਇਹ ਕਾਰਜ ਨਵੀਂ ਦਿੱਲੀ ਦੀ ਪੰਜਾਬੀ ਸਾਹਿਤ ਸਭਾ ਨੇ ਓਟਿਆ ਹੋਇਆ ਹੈ। ਪਿਛਲੇ ਸਾਲਾਂ ਦੌਰਾਨ ਇਸ ਮਹਿਫ਼ਿਲ ਵਿੱਚ ਦਵੇਂਦਰ ਸਤਿਆਰਥੀ, ਡਾਕਟਰ ਕਰਮਜੀਤ ਸਿੰਘ, ਗੁਰਬਚਨ ਸਿੰਘ ਭੁੱਲਰ, ਜਸਵੰਤ ਸਿੰਘ ਕੰਵਲ, ਦਲੀਪ ਕੌਰ ਟਿਵਾਣਾ, ਸੁਰਜੀਤ ਪਾਤਰ, ਇਮਰੋਜ਼ ਅਤੇ ਹੋਰ ਬਹੁਤ ਸਾਰੇ ਲਿਖਾਰੀਆਂ ਦਾ ਮਾਣ-ਤਾਣ ਕੀਤਾ ਜਾ ਚੁੱਕਾ ਹੈ। ਐਤਕੀਂ ਵਾਲੀ ਮਹਿਫ਼ਿਲ ਵਿੱਚ ਇਹ ਮਾਣ-ਤਾਣ ਹਾਸਲ ਕਰਨ ਦੀ ਵਾਰੀ ਕਿਰਪਾਲ ਕਜ਼ਾਕ ਅਤੇ ਨਿੰਦਰ ਘੁਗਿਆਣਵੀ ਦੀ ਸੀ।

ਸੁਰਜੀਤ ਪਾਤਰ ਪੰਜਾਬੀ ਸਾਹਿਤ ਸਭਾ ਵੱਲੋਂ ਲਾਈ ਜਾਂਦੀ ਇਸ ਮਹਿਫ਼ਿਲ ਦੀਆਂ ਸਿਫਤਾਂ ਕਰਦੇ ਹਨ ਅਤੇ ਕਹਿੰਦੇ ਹਨ ਕਿ ਇਹ ਮਹਿਫ਼ਿਲ ਉਨ੍ਹਾਂ ਵਕਤਾਂ ਅੰਦਰ ਲਾਈ ਜਾ ਰਹੀ ਹੈ ਜਦੋਂ ਲੋਕ ਆਪੋ-ਆਪਣੇ ਖੋਲਾਂ ਅੰਦਰ ਦੁਬਕੀ ਬੈਠੇ ਹਨ। ਭਾਪਾ ਜੀ ਦੀ ਧੀ ਰੇਣੂਕਾ ਸਿੰਘ ਜੋ ਜੇਐੱਨਯੂ ਵਿੱਚ ਸੋਸ਼ਿਆਲੌਜੀ ਦੀ ਪ੍ਰੋਫੈਸਰ ਹੈ, ਦਾ ਦਾਅਵਾ ਹੈ ਕਿ ਲੋਕਪ੍ਰਿਯਤਾ ਪੱਖੋਂ ਇਹ ਮਹਿਫ਼ਿਲ ਬਹੁਤ ਮੌਲ਼ੀ ਹੈ, ਹਰ ਸਾਲ ਇਸ ਵਿੱਚ ਸ਼ਿਰਕਤ ਕਰਨ ਦੀ ਤਾਦਾਦ ਵਧ ਰਹੀ ਹੈ। ਇਸ ਵਾਰ ਇਸ ਮਹਿਫ਼ਿਲ ਵਿੱਚ ਕੋਈ 300 ਜਿਊੜੇ ਜੁੜੇ।

ਬਿਨਾਂ ਸ਼ੱਕ ਢਾਈ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਜੁੜ ਰਹੀ ਇਸ ਮਹਿਫ਼ਿਲ ਦੀ ਤਾਰੀਫ਼ ਕਰਨੀ ਤਾਂ ਬਣਦੀ ਹੀ ਹੈ, ਪਰ ਇਸ ਮਹਿਫ਼ਿਲ ਵਿੱਚ ਸ਼ਿਰਕਤ ਕਰਦਿਆਂ ਦਿਲ ਵਿੱਚ ਆਉਂਦਾ ਹੈ ਕਿ ਇਹ ਲਿਖਾਰੀਆਂ ਦਾ ਮੇਲਾ ਤਾਂ ਜ਼ਰੂਰ ਹੈ, ਪਰ ਸਾਹਿਤ ਨਾਲ ਸਾਂਝ ਤੇ ਸਰੋਕਾਰ ਇਸ ਵਿੱਚੋਂ ਨਦਾਰਦ ਜਾਪਦੇ ਹਨ। ਦਿੱਲੀ ਵੱਸਦੇ ਪ੍ਰੋਫੈਸਰ ਇੰਦੇ ਮੁਤਾਬਕ- ਪਹਿਲਾਂ-ਪਹਿਲ ਲਿਖਾਰੀਆਂ ਦਾ ਸਨਮਾਨ ਨਹੀਂ ਸੀ ਕੀਤਾ ਜਾਂਦਾ, ਸਾਰਾ ਧਿਆਨ ਬਹਿਸ ਅਤੇ ਵਿਚਾਰ-ਵਟਾਂਦਰੇ ਵੱਲ ਰਹਿੰਦਾ ਸੀ। ਹੁਣ ਵਕਤ ਦਾ ਪਹੀਆ ਸ਼ਾਇਦ ਗਿੜ ਗਿਆ ਹੈ। ਹੁਣ ਠਾਠ-ਬਾਠ ਸਜ-ਧਜ ਤਾਂ ਬਥੇਰੀ ਹੈ, ਪਰ ਸਾਹਿਤਕ-ਸੰਤੋਖ ਵਾਲਾ ਪਾਸਾ ਡਿਗਦਾ ਭਾਸਦਾ ਹੈ।

ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਗੁਲਜ਼ਾਰ ਸਿੰਘ ਸੰਧੂ ਇਸ ਬਾਰੇ ਐਨ ਸਪਸ਼ਟ ਹਨ - ‘ਧੁੱਪ ਦੀ ਮਹਿਫ਼ਿਲ’ ਲਿਖਾਰੀਆਂ ਦਾ ਮੇਲਾ ਹੈ ਅਤੇ ਮਿਲਣ ਦਾ ਸਬੱਬ ਹੈ। ਇਹ ਕੋਈ ਸਾਹਿਤਕ ਸਮਾਗਮ ਨਹੀਂ ਹੁੰਦਾ।

ਲਿਖਾਰੀਆਂ ਦੇ ਇਸ ਮੇਲੇ ਦੀ ਅਗਲੀ ਉਡਾਣ ਭਲਾ ਕੀ ਹੋਵੇਗੀ? ਕੀ ਕੋਈ ਸੋਚ ਸਕਦਾ ਹੈ ਕਿ ਅਜਿਹੀ ਕੋਈ ਪੰਜਾਬੀ ਮਹਿਫ਼ਿਲ, ਜੈਪੁਰ ਸਾਹਿਤ ਮੇਲੇ ਵਾਲੀ ਉਡਾਣ ਭਰੇ? ‘ਧੁੱਪ ਦੀ ਮਹਿਫ਼ਿਲ’ ਵਾਲਿਆਂ ਲਈ ਇਹ ਸਵਾਲ ਖ਼ਬਰੇ ਕੋਈ ਸੰਕੇਤ ਬਣ ਸਕਦਾ ਹੋਵੇ!

 

ਕੈਪਸ਼ਨਾਂ:

ਭਾਪਾ ਪ੍ਰੀਤਮ ਸਿੰਘ

ਇਸ ਸਾਲ ਜੁੜੀ ‘ਧੁੱਪ ਦੀ ਮਹਿਫ਼ਿਲ’ ਵਿੱਚ ਕਿਰਪਾਲ ਕਜ਼ਾਕ ਨੂੰ ਸਨਮਾਨਤ ਕਰਨ ਦੀ ਝਲਕ। -ਫੋਟੋ: ਮਾਨਸ ਰੰਜਨ ਭੂਈ

*****

(635)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸੰਜਮ ਪ੍ਰੀਤ ਸਿੰਘ

ਸੰਜਮ ਪ੍ਰੀਤ ਸਿੰਘ

Senior Sub-editor, The Tribune, Chandigarh, India.

Phone: (91 - 98720 - 21979)
Email: (sanjam.preet@gmail.com)