DalbirSangione7ਮਨੁੱਖ ਦੀ ਸਮਾਜਿਕ ਵੰਡ ਜਿਹੜੀ ਕਿ ਧਰਮਜਾਤਖੇਤਰੀਵਾਦ ਅਤੇ ਰਾਸ਼ਟਰਵਾਦ ਦੇ ਨਾਂ ਤੇ ਅਕਸਰ ਹੁੰਦੀ ਹੈ ...
(10 ਫਰਵਰੀ 2017)

 

ਕੇਸਰ ਸਿੰਘ ਨੀਰ (ਕੈਲਗਰੀ)

KesarSNeer3ਜਨਮ: ਲਿਖਤੀ: 13 ਮਈ, 1935 (ਸਹੀ) 14 ਜਨਵਰੀ, 1933
ਸਥਾਨ-ਸਥਾਨ: ਬੁਟਾਹਰੀ, (ਨਾਨਕਾ ਪਿੰਡ) ਜ਼ਿਲ੍ਹਾ ਲੁਧਿਆਣਾ ਪੰਜਾਬ
ਜੱਦੀ ਪਿੰਡ: ਛੱਜਾਵਾਲ, ਜ਼ਿਲ੍ਹਾ, ਲਧਿਆਣਾ
ਮਾਪੇ: ਸ਼੍ਰੀਮਤੀ ਧਨ ਕੌਰ ਅਤੇ ਸ੍ਰ. ਟਹਿਲ ਸਿੰਘ ਗੁਰਦੀਪ
ਪਰਿਵਾਰ: ਕੁਲਦੀਪ ਕੌਰ (ਪਤਨੀ), ਕਿਰਨਜੋਤ ਕੌਰ, ਜਸਜੀਤ ਕੌਰ, ਰੂਪਦੀਪ ਕੌਰ, ਹਿਰਦੇਜੀਤ ਕੌਰ (ਧੀਆਂ), ਆਦਰਸ਼ਪਾਲ ਸਿੰਘ ਘਟੌੜਾ, ਅਰਸ਼ਦੀਪ ਸਿੰਘ ਘਟੌੜਾ (ਪੁੱਤਰ)
ਵਿੱਦਿਆ: ਐੱਮ. ਏ. (ਪੰਜਾਬੀ) ਬੀ. ਐੱਡ.
ਕਿੱਤਾ: ਅਧਿਆਪਨ (ਰਿਟਾਇਰਡ)

ਪੁਸਤਕਾਂ: ਕਸਕਾਂ (ਕਾਵਿ-ਸੰਗ੍ਰਹਿ) 1960, ਗ਼ਮ ਨਹੀਂ (ਕਾਵਿ-ਸੰਗ੍ਰਹਿ) 1981, (ਕਿਰਨਾਂ ਦੇ ਬੋਲ (ਗ਼ਜ਼ਲ-ਸੰਗ੍ਰਹਿ) 1989, ਅਣਵਗੇ ਅੱਥਰੂ (ਗ਼ਜ਼ਲ-ਸੰਗ੍ਰਹਿ) 1996, ਨੈਣਾਂ ਦੇ ਮੋਤੀ (ਕਾਵਿ-ਸੰਗ੍ਰਹਿ) 2006, ਆਰ ਦੀਆਂ ਤੇ ਪਾਰ ਦੀਆਂ (ਕਾਵਿ-ਸੰਗ੍ਰਹਿ) 2010
ਗਾਉਂਦੇ ਬਾਲ’ 1960, ‘ਝਿਲਮਿਲ ਝਿਲਮਿਲ ਤਾਰੇ’1994, ‘ਫ਼ੁੱਲ ਰੰਗ ਬਰੰਗੇ’1998, ‘ਮਿੱਠੀਆਂ ਮੁਸਕਾਨਾਂ’ 2002, ਬੱਈਆ ਤੇ ਬਾਂਦਰ 2015 (ਬਾਲ ਸਾਹਿਤ)

ਕੈਲਗਰੀ ਨਿਵਾਸੀ, ਪਿੰਡ ਛੱਜਾਵਾਲ (ਜਗਰਾਉਂ) ਦਾ ਜੰਮਪਲ ਕੇਸਰ ਸਿੰਘ ਨੀਰ ਸਾਹਿਤਕ ਹਲਕਿਆਂ ਵਿਚ ਜਾਣਿਆ ਪਹਿਚਾਣਿਆ ਨਾਂ ਹੈਗ਼ਜ਼ਲ ਦੇ ਪਿੜ ਵਿੱਚ ਉਸਦੀ ਪੇਸ਼ਕਾਰੀ, ਰੌਚਿਕ ਤੇ ਜ਼ਿੰਦਗੀ ਦੇ ਅਹਿਸਾਸ ਨਾਲ ਭਿੱਜੀਆਂ ਛਮਕਾਂ ਵਾਲੀ ਹੈਜ਼ਿੰਦਗੀ ਦਾ ਅਨੁਭਵ ਮਨਮੋਹਕ ਦ੍ਰਿਸ਼ਾਂ ਰਾਹੀਂ ਮਨੁੱਖ ਦੇ ਅਵਚੇਤਨ ਮਨ ਨੂੰ ਚੇਤਨ ਅਵਸਥਾ ਵਿਚ ਲਿਆਉਣਾ ਉਸ ਦੀ ਗ਼ਜ਼ਲ ਦੀ ਵਿਲੱਖਣਤਾ ਹੈਆਪਣੇ ਚੌਗਿਰਦੇ ਵਿਚਲੇ ਬਿੰਬ ਤੇ ਸ਼ਬਦਾਵਲੀ ਉਨ੍ਹਾਂ ਦੀਆਂ ਗ਼ਜ਼ਲਾਂ ਦੀ ਰੂਹ ਨੇਜ਼ਿੰਦਗੀ ਦਾ ਹੰਢਾਇਆ ਤਜ਼ਰਬਾ ਯਥਾਰਤਿਕ ਤੇ ਪ੍ਰਗਤੀਸ਼ੀਲ ਹੈਮਨੁੱਖੀ ਮਨ ਦੀ ਅਵੱਸਥਾ ਦਾ ਪੈਂਡੂਲਮ ਕਿਸ ਕੋਣ ਤੇ ਗਤੀ ਨਾਲ ਗੁਜ਼ਰ ਰਿਹਾ ਹੈ ਉਸ ਦੀ ਕਵਿਤਾ ਦੀ ਮਨੋਵਿਗਿਆਨਿਕ ਦਸ਼ਾ ਹੈਇਸ ਦਸ਼ਾ ਸਦਕਾ ਹੀ ਉਨ੍ਹਾਂ ਦੀ ਕਹੀ ਗ਼ਜ਼ਲ ਸਾਹਿਤਕ ਗੋਸ਼ਟੀਆਂ ਵਿਚ ਹਲਚਲ ਪੈਦਾ ਕਰਦੀ ਹੈ ਤੇ ਸਲਾਹੀ ਜਾਂਦੀ ਹੈਸਰੋਤਿਆਂ ਨੂੰ ਕੀਲਦੀ ਹੈ ਤੇ ਮਨ ਨੂੰ ਆਪਣੇ ਤੇ ਦੂਜਿਆਂ ਪ੍ਰਤੀ ਸੁਚੇਤ ਕਰਦੀ ਹੈਆਪਣੇ ਅੰਦਰ ਤੋਂ ਸ਼ੁਰੂ ਹੋ ਕੇ ਲੋਕਾਂ ਦੇ ਦੁੱਖ ਨੂੰ ਆਪਣਾ ਦੁੱਖ ਤੇ ਮਾਨਵਤਾ ਦੇ ਸੁਪਨਿਆਂ ਨੂੰ ਸਕਾਰਨ ਦਾ ਸੁਪਨਾ ਲੈ ਕੇ ਵਿਆਪਕ ਹੋ ਜਾਂਦਾ ਹੈਆਦਮੀ ਦੇ ਗ਼ਲਤ ਰਸਤਿਆਂ ਦੀ ਤਰਾਸਗੀ ਨੂੰ ਬਾਖੂਬੀ ਨਾਲ ਪੇਸ਼ ਕਰਦਾ ਹੈ - “ਆਦਮੀ ਬਾਰੂਦ ਖਾ ਕੇ ਜੀ ਰਿਹਾ, ਮਾਤ ਪਾਇਆ ਏਸ ਨੇ ਸੁਕਰਾਤ ਦੇਖ

ਗ਼ਜ਼ਲ ਵਿਚ ਨੀਰ ਸਾਹਿਬ ਅਕਸਰ ਮਾਨਸਿਕ ਚਿੰਤਨ ਨੂੰ ਛੇੜ ਕੇ ਉਸ ਦਾ ਸਮਾਨੰਤਰ ਵਿਖਿਆਨ ਵਿਰੋਧਭਾਸ ਵਿਚ ਆਸ਼ਾਵਾਦੀ ਚਿੰਤਨ ਨਾਲ ਕਰਦੇ ਹਨ- “ਸਦਾ ਨਾ ਐਸਾ ਮੌਸਮ ਰਹਿਣਾ, ਸਦਾ ਨਾ ਤੱਤੀ ਪੌਣ, ਆਖਰ ਇਕ ਦਿਨ ਛਟ ਜਾਵੇਗੀ ਮੌਸਮ ਦੀ ਇਹ ਗਹਿਰ

ਕੇਸਰ ਸਿੰਘ ਨੀਰ ਕਾਫੀ ਲੰਮੇ ਅਰਸੇ ਤੋਂ ਸਾਹਿਤ ਦੀ ਸਿਰਜਣਾ ਕਰ ਰਿਹਾ ਹੈਕੇਸਰ ਸਿੰਘ ਨੀਰ ਅਧਿਆਪਨ ਕਾਰਜ ਦੌਰਾਨ ਪ੍ਰੌਗਰੈੱਸਿਵ ਵਿਚਾਰਧਾਰਾ ਅਤੇ ਕਿਰਤ ਕਰਨ ਦਾ ਸੁਨੇਹਾ ਦਿੰਦੇ ਰਹੇ ਨੇਨੀਰ ਸਾਹਿਬ ਜਿੱਥੇ ਟੀਚਰ ਯੂਨੀਅਨ ਵਿਚ ਸਰਗਰਮ ਹਿੱਸਾ ਪਾਉਂਦੇ ਰਹੇ ਨੇ ਉੱਥੇ ਮਿਆਰੀ ਸਾਹਿਤ ਰਚਨਾ ਕਰਕੇ ਆਪਣੇ ਵਲਵਲਿਆਂ ਰਾਹੀਂ ਆਦਰਸ਼ ਸਮਾਜ ਦੀ ਸਿਰਜਣਾ ਦੇ ਮੁਦਈ ਰਹੇ ਨੇਅਜੋਕੇ ਸਮਾਜ ਵਿਚ ਆਈ ਗਿਰਾਵਟ ਨੂੰ ਪਹਿਚਾਣਦੇ ਹੋਏ ਨੀਰ ਜੀ ਕਵਿਤਾ ਰਾਹੀਂ ਇਸ ਸਮਾਜ ਨੂੰ ਬਦਲਣ ਦੀ ਗੱਲ ਕਰਦੇ ਨੇਉਹ ਮਨੁੱਖੀ ਪਿਆਰ ਨੂੰ ਸਿਰਫ ਹਿਰਸ ਤੱਕ ਰਹਿਣ ਲਈ ਸੀਮਤ ਨਹੀਂ ਕਰਦੇ ਬਲਕੇ ਮਨੁੱਖ ਦੇ ਵਿਰਲਾਪ ਕਰਦੇ ਚਿਹਰੇ ਨਾਲ ਪਿਆਰ ਕਰਨ ਦੀ ਸਮਰੱਥਾ ਨੂੰ ਪੇਸ਼ ਕਰਦੇ ਹਨਜਿਵੇਂ ਕਿ ਉਨਾਂ “ਸੰਗਰਾਮਾਂ ਦੀਆਂ ਗੱਲਾਂ” ਲੰਬੀ ਕਵਿਤਾ ਵਿਚ ਕਿਹਾ ਹੈ:

ਸਮਾਂ ਉਹ ਬੀਤਿਆ, ਜ਼ੁਲਫਾਂ ਦੀ ਛਾਂ ਹੀ ਮਨ ਲੁਭਾਂਦੀ ਸੀ
ਸਮਾਂ ਉਹ ਬੀਤਿਆ, ਜਦ ਪਿਆਰ ਦੀ ਹੀ ਗੱਲ ਭਾਂਦੀ ਸੀ

ਸਮਾਂ ਇਹ ਆਖਦਾ ਏ, ਭੁੱਲ ਕੇ ਸਭ ਪਿਆਰ ਦੇ ਕਿੱਸੇ
ਕਰੋ ਹੁਣ ਰੋਂਦਿਆਂ ਮੂੰਹਾਂ ’ਤੇ ਮੁਸਕਾਨਾਂ ਦੀਆਂ ਗੱਲਾਂ

ਮਨੁੱਖ ਦੀ ਸਮਾਜਿਕ ਵੰਡ ਜਿਹੜੀ ਕਿ ਧਰਮ, ਜਾਤ, ਖੇਤਰੀਵਾਦ ਅਤੇ ਰਾਸ਼ਟਰਵਾਦ ਦੇ ਨਾਂ ਤੇ ਅਕਸਰ ਹੁੰਦੀ ਹੈ, ਇਸ ਵੰਡ ਦੇ ਵਿਰੋਧ ਵਿਚ ਉਹ ਨਫਰਤ ਨੂੰ ਪਿਆਰ, ਸਦਭਾਵਨਾ ਅਤੇ ਮਨੁੱਖਤਾ ਨੂੰ ਜੋੜਨ ਦਾ ਉਪਰਾਲਾ ਕਰਦੇ ਹਨਠੱਗੀ-ਠੋਰੀ, ਲੁੱਟ-ਖਸੁੱਟ, ਸਮਾਜਿਕ, ਸਿਆਸੀ ਅਤੇ ਆਰਥਿਕ ਨਿਆਂ ਦੀ ਗੱਲ, ਲੋਕ ਹਿਤਾਂ ਦੀ ਗੱਲ, ਅਕਸਰ ਹੀ ਨੀਰ ਦੀਆਂ ਕਵਿਤਾਵਾਂ/ਗਜ਼ਲਾਂ ਦੇ ਥੀਮ ਹਨਨੀਰ ਦੀ ਕਵਿਤਾ ਵਿਗਿਆਨਿਕ ਨਜ਼ਰੀਏ ਰਾਂਹੀ ਗਲੇ-ਸੜੇ ਪ੍ਰਚੱਲਿਤ ਢਾਂਚੇ ਨੂੰ ਉਸਾਰੂ ਕਦਰਾਂ ਕੀਮਤਾਂ ਅਧਾਰਿਤ ਮਨੁੱਖ ਸਿਰਜਣਾ ਚਾਹੁੰਦੀ ਹੈ

ਭਾਸ਼ਾ ਵਿਭਾਗ ਪੰਜਾਬ ਨੇ ਆਪ ਜੀ ਨੂੰ ਸਾਲ 2016 ਵਿਚ ਸਨਮਾਨਿਤ ਕੀਤਾ ਹੈ

                 4 ਗ਼ਜ਼ਲਾਂ

                        1.

ਮੇਰਿਆ ਨੈਣਾਂ ’ਚੋਂ ਭਾਵੇਂ ਡਿੱਗਿਆ ਅੱਥਰ ਨਹੀਂ
ਦੋਸਤਾ! ਸੀਨੇ ’ਚ ਮੇਰੇ ਦਿਲ ਹੀ ਹੈ, ਪੱਥਰ ਨਹੀਂ

ਡੋਲ੍ਹਿਆ ਨਾ ਇਕ ਵੀ, ਹੰਝੂ ਮੈਂ ਸਾਰੇ ਪੀ ਲਏ,
ਹੌਸਲਾ ਤਾਂ ਦੇਖ, ਭਾਵੇਂ ਮੈਂ ਕੋਈ ਸਾਗਰ ਨਹੀਂ

ਜਾਪਦਾ ਇਹ ਸ਼ਹਿਰ ਤੇਰਾ ਪੱਥਰਾਂ ਦਾ ਢੇਰ ਹੀ,
ਏਸ ਦੇ ਲੋਕਾਂ ’ਚ ਕਿਧਰੇ ਮੋਹ ਨਹੀਂ, ਆਦਰ ਨਹੀਂ

ਆ ਦਿਖਾਵਾਂ ਦਿਲ ਦੇ ਵਿਹੜੇ ਕਿੰਜ ਪੈਲਾਂ ਪਾ ਰਹੀ,
ਯਾਦ ਹੈ ਤੇਰੀ ਹੀ ਭਾਵੇਂ, ਫੇਰ ਵੀ ਬੇਘਰ ਨਹੀਂ

ਆਦਮੀ ਦੀ ਅਕਲ ਦੇ ਹੀ ਇਹ ਕ੍ਰਿਸ਼ਮੇਂ ਨੇ ਅਜੀਬ,
ਆਦਮੀ ਨੇ ਧਰਤ ਗਾਹ ਕੇ, ਛਾਣਿਆਂ ਅੰਬਰ ਨਹੀਂ?

ਪ੍ਰੀਤ ਮੇਰੀ ਵੇਲ ਹੈ, ਜੋ ਵਧਦੀ ਰਹਿੰਦੀ ਹੈ ਸਦਾ,
ਪ੍ਰੀਤ ਮੇਰੀ ਏਕਮੀ ਦੇ ਚੰਦ ਦੀ ਕਾਤਰ ਨਹੀਂ

ਉਂਜ ਤਾਂ ਇਹ ਧਰਤ ਵੀ, ਜ਼ਰਖੇਜ਼ ਦਿਸਦੀ ਹੈ ਬੜੀ
ਹੈ ਅਜੇਹੀ ਦਿਲ ਦੀ ਧਰਤੀ, ਜੋ ਕਦੇ ਬੰਜਰ ਨਹੀਂ

                      **

              2.

ਬੀਤਦੀ ਕਿੱਦਾਂ ਹੈ ਤੇਰੀ ਯਾਰ? ਲਿਖ
ਜ਼ਿੰਦਗੀ ਦੀ ਜਿੱਤ, ਕੋਈ ਹਾਰ ਲਿਖ

ਨੱਚ ਉੱਠੇ ਦਿਲ ਇਹ ਪੜ੍ਹਦੇ ਸਾਰ ਹੀ,
ਬਾਤ ਕੋਈ ਐਸੀ ਤੂੰ ਦਿਲਦਾਰ ਲਿਖ

ਜ਼ਿੰਦਗੀ ਦੇ ਬਾਗ ’ਚੋਂ ਤੈਨੂੰ ਮਿਲੇ,
ਫੁੱਲ ਬਹੁਤੇ ਜਾਂ ਕਿ ਬਹੁਤੇ ਖ਼ਾਰ ਲਿਖ

ਜ਼ਿੰਦਗੀ ਤਾਂ ਹਰ ਕੋਈ ਹੈ ਜੀ ਰਿਹਾ,
ਜ਼ਿੰਦਗੀ ਕੀ ਜਾਪਦੀ ਏ ਭਾਰ, ਲਿਖ

ਬੀਤਦਾ ਏ ਕਿੰਜ ਤੇਰਾ ਰਾਤ ਦਿਨ?
ਹਾਲ ਸਾਰਾ ਖੋਲ੍ਹਕੇ ਵਿਸਥਾਰ ਲਿਖ

ਹੈ ਕਦੇ ਹੁਣ ਪਿੰਡ ਗੇੜਾ ਮਾਰਿਆ,
ਹੈ ਕਿਹੋ ਜਿਹੀ ਪਿੰਡ ਦੀ ਰਫ਼ਤਾਰ ਲਿਖ

ਸਾਲ ਤੋਂ ਨਾ ਖ਼ਤ ਤੇਰਾ ਆਇਆ ਕਦੇ,
ਚੁੱਪ ਕੇਹੀ ਯਾਰ, ਅੱਖਰ ਚਾਰ ਲਿਖ

                 **

                     3.

ਦੋਸਤਾਂ ਦੇ ਨਾਮ ਉੱਤੇ, ਮੈਂ ਲੰਬੇਰੇ ਖ਼ਤ ਲਿਖੇ
ਬਹੁੜਿਆ ਵਤਨੋਂ ਨ ਉੱਤਰ, ਮੈਂ ਬਥੇਰੇ ਖ਼ਤ ਲਿਖੇ

ਯਾਦ ਕਰ ਕੇ ਦੇਸ ਦੇ ਸਰਘੀ, ਸਵੇਰੇ ਖ਼ਤ ਲਿਖੇ
ਯਾਦ ਕਰ ਕੇ ਆਪਣੇ ਕੋਠੇ, ਬਨੇਰੇ ਖ਼ਤ ਲਿਖੇ

ਦੇਸ ਦੀ ਮਿੱਟੀ ਜਦੋਂ ਵੀ ਯਾਦ ਆਈ ਹੈ ਕਦੇ,
ਓਸ ਵੇਲੇ ਦੇਸ ਮੇਰੇ, ਨਾਮ ਤੇਰੇ ਖ਼ਤ ਲਿਖੇ

ਪੌਣ ਦੇ ਨਾਂ, ਮਹਿਕ ਦੇ ਨਾਂ, ਰੁੱਤ ਦੇ ਨਾਂ ਹਰ ਸਮੇਂ,
ਯਾਦ ਕਰਕੇ ਦੇਸ ਦੀ ਹਰ ਸ਼ੈ ਬਥੇਰੇ ਖ਼ਤ ਲਿਖੇ

ਖਾਬ ਅੰਦਰ ਜਦ ਕਦੇ ਵੀ ਪਹੁੰਚਿਆਂ ਹਾਂ ਦੇਸ ਮੈਂ,
ਖ਼ਾਬ ਦੇ ਨਾਂ ਓਸ ਦਿਨ, ਉੱਠ ਕੇ ਮੁਨ੍ਹੇਰੇ ਖ਼ਤ ਲਿਖੇ

ਸ਼ਹਿਰ ਦੇ ਨਾਂ, ਪਿੰਡ ਦੇ ਨਾਂ, ਬੋੜ੍ਹ ਦੇ ਨਾਂ, ਦੇਖ ਲੈ-
ਦੇਸ ਮੇਰੇ ਨਾਮ ਤੇਰੇ, ਮੈਂ ਚੁਫੇਰੇ ਖ਼ਤ ਲਿਖੇ

                       **

                 4.

ਸ਼ੂਕਦੀ ਏ ਕਿੰਜ ਕਾਲੀ ਰਾਤ ਦੇਖ
ਕੰਬਦੀ ਹੈ ਕਿੰਜ ਆਦਮ ਜਾਤ ਦੇਖ

ਨ੍ਹੇਰਿਆਂ ਥਾਂ,ਥਾਂ ਲਗਾਈ ਘਾਤ ਦੇਖ
ਰਹਿਬਰਾਂ ਨੂੰ ਹੋ ਰਹੀ ਏ ਮਾਤ ਦੇਖ

ਜਾਬਰਾਂ ਅੱਗੇ ਝੁਕੀ ਨਾ ਜ਼ਿੰਦਗੀ
ਜ਼ਿੰਦਗੀ ਏ ਹੋ ਗਈ ਅਸਪਾਤ ਦੇਖ

ਆਦਮੀ ਬਾਰੂਦ ਖਾ ਕੇ ਜੀ ਰਿਹਾ
ਮਾਤ ਪਾਇਆ ਏਸ ਨੇ ਸੁਕਰਾਤ ਦੇਖ

ਫੁੱਲ ਬਦਲੇ ਘੱਲਿਆ ਸੂਹਾ ਅੰਗਾਰ
ਦੋਸਤਾਂ ਦੇ ਪਿਆਰ ਦੀ ਸੌਗਾਤ ਦੇਖ

ਕੰਨ ਲਾ ਕੇ ਆ ਰਹੀ ਆਵਾਜ਼ ਸੁਣ
ਨੀਝ ਲਾ ਕੇ ਆ ਰਹੀ ਪ੍ਰਭਾਤ ਦੇਖ

ਜ਼ਿੰਦਗੀ ਨੂੰ ਮਾਣ ਲੈ ਤੂੰ ਦੋਸਤਾ
ਜ਼ਿੰਦਗਾਨੀ ਹੈ ਅਮੁੱਲੀ ਦਾਤ ਦੇਖ

                 **

                ਗੀਤ

ਮਿੱਠੀ, ਮਿੱਠੀ ਪੀੜ ਕਿਹੀ ਦਿੱਤੀ ਏ ਵੇ ਮਹਿਰਮਾ!
ਮਿੱਠੀ, ਮਿੱਠੀ ਗਈ ਹੈ ਜ਼ਿੰਦ ਹੋ

ਨਿੱਕੀ, ਨਿੱਕੀ ਨੀਝ ਤੇਰਾ ਮੁੱਖੜਾ ਨਿਹਾਰਿਆ,
ਸੁੱਚੀ, ਸੁੱਚੀ ਜਗੀ ਨੈਣੀਂ ਲੋਅ

ਭਿੰਨੀ, ਭਿੰਨੀ ਉੱਠੀ ਮੇਰੇ ਲੂੰਆਂ ’ਚੋਂ ਸੁਗੰਧੜੀ,
ਨਿੱਕੀ, ਨਿੱਕੀ ਦਿੱਤੀ ਕਿਹੀ ਛੋਹ

ਭੋਰ, ਭੋਰ ਜ਼ਿੰਦ ਅਸਾਂ ਮੁੱਲ ’ਚ ਚੁਕਾਈ ਵੇ!
ਲੀਤਾ ਹੀ ਵਿਹਾਜ ਤੇਰਾ ਮੋਹ

ਕੂਲਾ, ਕੂਲਾ ਬੂਟਾ ਤੇਰੀ ਯਾਦ ਦਾ ਵੇ ਪਾਲਿਆ,
ਕੂਲਾ, ਕੂਲਾ ਨੀਰ ਨੈਣੋਂ ਚੋਅ

ਖੀਵੀ ਖੀਵੀ ਹੋਵੇ ਪਈ ਰੂਹ ਦੀ ਮੁਟਿਆਰ ਵੇ,
ਆਵੇ ਜਦੋਂ ਤੇਰੀ ਤੇਰੀ ਕਣਸੋਅ

ਦੇਵੀਂ, ਦੇਵੀਂ ਇੱਕੋ ਹੀ ਸੁਆਂਤ ਬੂੰਦ ਦੀਦ ਦੀ,
ਸਿੱਕਦੇ ਪਪੀਹੇ ਨੈਣ ਦੋ

ਨੇੜੇ, ਨੇੜੇ ਜਿੰਦੜੀ ਦੇ ਰਹੇਂ ਵੇ ਤੂੰ ਹਾਣੀਆ!
ਸਾਹਵਾਂ ਵਿਚ ਲਵਾਂ ਮੈਂ ਪਰੋ

ਤਿੱਖੀ, ਤਿੱਖੀ ਨਿਗ੍ਹਾ ਏਸ ਜੱਗ ਦੀ ਵੇ ਵੈਰੀਆ!
ਭੈੜੇ, ਭੈੜੇ ਏਸ ਦੇ ਧਰੋਹ

ਸੌੜਾ, ਸੌੜਾ ਸਾਡਾ ਏਹੇ ਸੜਨਾ ਸਮਾਜ ਵੇ!
ਦਿੰਦਾ ਈ ਪ੍ਰੀਤੀਆਂ ਨੂੰ ਕੋਹ

ਪੱਕੀ, ਪੱਕੀ ਸਾਡੀ ਤਾਂ ਪਿਆਰ ਵਾਲੀ ਤੰਦ ਵੇ!
ਤੋੜ ਨਾ ਸਕੇਗਾ ਇਹਨੂੰ ਕੋ

              **

          ਸੰਗ੍ਰਾਮਾਂ ਦੀਆਂ ਗੱਲਾਂ

ਖਲੋਤੇ ਪਾਣੀਆਂ ਦੀ ਗੱਲ ਵੀ ਕੁਈ ਗੱਲ ਹੈ ਯਾਰਾ!
ਕਰੋ ਜੇ ਕਰਨੀਆਂ ਨੇ ਹੁਣ ਤਾਂ ਤੂਫਾਨਾਂ ਦੀਆਂ ਗੱਲਾਂ

ਜਿਨ੍ਹਾਂ ਨੂੰ ਸੁਣਕੇ ਦਿਲ ਅੰਦਰ ਅਣੋਖਾ ਜੋਸ਼ ਅੰਗੜਾਵੇ,
ਕਰੋ ਤਬਦੀਲੀ, ਯੁਗਗਰਦੀ ਤੇ ਸੰਗ੍ਰਾਮਾਂ ਦੀਆਂ ਗੱਲਾਂ

ਸਮਾਂ ਉਹ ਬੀਤਿਆ, ਜ਼ੁਲਫਾਂ ਦੀ ਛਾਂ ਹੀ ਮਨ ਲੁਭਾਂਦੀ ਸੀ,
ਸਮਾਂ ਉਹ ਬੀਤਿਆ, ਜਦ ਪਿਆਰ ਦੀ ਹੀ ਗੱਲ ਭਾਂਦੀ ਸੀ

ਸਮਾਂ ਇਹ ਆਖਦਾ ਏ, ਭੁੱਲ ਕੇ ਸਭ ਪਿਆਰ ਦੇ ਕਿੱਸੇ,
ਕਰੋ ਹੁਣ ਰੋਂਦਿਆਂ ਮੂੰਹਾਂ ’ਤੇ ਮੁਸਕਾਨਾਂ ਦੀਆਂ ਗੱਲਾਂ

ਮਜ਼੍ਹਬ ਦੀ ਗੱਲ, ਰੱਬ ਦੀ ਗੱਲ ਅਤੇ ਗੱਲ ਕਿਸਮਤਾਂ ਵਾਲੀ,
ਬੜਾ ਚਿਰ ਤੀਕ ਲੋਕਾਂ ਤਾਈਂ ਸਾਹਸ-ਹੀਣ ਕਰਦੀ ਰਹੀ।

ਜਦੋਂ ਦੀ ਸੂਝ ਜਾਗ ਉੱਠੀ ਜਗਤ ਦੇ ਭੁੱਖੇ ਲੋਕਾਂ ਦੀ,
ਉਨ੍ਹਾਂ ਥਾਂ ਰੱਬ ਦੀ ਛੁਹੀਆਂ ਨੇ ਇਨਸਾਨਾਂ ਦੀਆਂ ਗੱਲਾਂ

ਖੁਸ਼ੀ ਦੀ ਗੱਲ, ਨਸ਼ੇ ਦੀ ਗੱਲ ਅਤੇ ਗੱਲ ਐਸ਼-ਇਸ਼ਰਤ ਦੀ,
ਉਨ੍ਹਾਂ ਦੇ ਮਨ ਨੂੰ ਮੋਂਹਦੀ ਏ ਜਿਨ੍ਹਾਂ ਦੇ ਪੇਟ ਨਹੀਂ ਖ਼ਾਲੀ

ਭਲਾ ਕਿੰਜ ਨਿਰਧਨਾਂ ਦੇ ਮਨ ਖਿੜਾਵਣ ਦਾ ਬਣਨ ਸਾਧਨ?
ਮਨਾਂ ਨੂੰ ਮੁਹਣੀਆਂ ਮਿੱਠੀਆਂ ਇਹ ਧਨਵਾਨਾਂ ਦੀਆਂ ਗੱਲਾਂ

ਨਿਆਂ ਦੀ ਗੱਲ, ਅਮਨ ਦੀ ਗੱਲ ਅਤੇ ਗੱਲ ਲੋਕ-ਹਿੱਤਾਂ ਦੀ,
ਸਦਾ ਹੀ ਜ਼ਿੰਦਗੀ ਦੇ ਆਸ਼ਕਾਂ ਛੋਹੀ ਏ ਦੁਨੀਆਂ ’ਤੇ

ਬੇਈਮਾਨੀ, ਮੱਕਾਰੀ, ਧੋਖਾ, ਠੱਗੀ, ਲੁੱਟ, ਹੱਕ-ਤਲਫੀ,
ਸਦਾ ਹੀ ਜੱਗ ਤੇ ਰਹੀਆਂ, ਇਹ ਸ਼ੈਤਾਨਾਂ ਦੀਆਂ ਗੱਲਾਂ

ਭਲਾ ਉਹ ਗੱਲ ਵੀ ਕੋਈ ਗੱਲ ਹੈ ਜੋ ਨਫਰਤਾਂ ਬੀਜੇ,
ਭਲਾ ਉਹ ਬਾਤ ਵੀ ਕੋਈ ਬਾਤ ਹੈ ਜੋ ਵੈਰ ਉਪਜਾਵੇ,

ਤੁਸੀਂ ਇਨਸਾਨ ਹੋ, ਇਨਸਾਨੀਅਤ ਦੀ ਗੱਲ ਕਰੋ ਕੋਈ,
ਨਾ ਛੇੜੋ ਹਿੰਦੂਆਂ, ਸਿੱਖਾਂ, ਮੁਸਲਮਾਨਾਂ ਦੀਆਂ ਗੱਲਾਂ

ਸਦਾ ਮੰਜ਼ਿਲ ਦੇ ਰਾਹ ਆਈ ਮੁਸੀਬਤ ਜਰਨੀ ਪੈਂਦੀ ਏ,
ਸਦਾ ਕੋਸ਼ਿਸ਼-ਕਿਆਰੀ ਵਿਚ ਹੀ ਰੀਝਾਂ ਦੇ ਫੁੱਲ ਖਿੜਦੇ,

ਭਲਾ ਕਿੰਜ ਪੂਰੀਆਂ ਹੋ ਸਕਦੀਆਂ ਕੁਰਬਾਨੀਆਂ ਬਾਝੋਂ,
ਅਸਾਡੇ ਦਿਲ ’ਚ ਦੱਬੇ ਹੋਏ ਅਰਮਾਨਾਂ ਦੀਆਂ ਗੱਲਾਂ

                        *****

(595)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਦਲਬੀਰ ਸਾਂਗਿਆਣ

ਦਲਬੀਰ ਸਾਂਗਿਆਣ

Edmonton, Alberta, Canada.
Phone: (780 - 995 - 5475)
Email: (dssangione@yahoo.ca)