“ਕਵੀ ਨੇ ਉਪਮਾ ਅਲੰਕਾਰ, ਰੂਪਕ ਅਲੰਕਾਰ, ਦ੍ਰਿਸ਼ਟਾਂਤ ਅਲੰਕਾਰਾਂ ਦੀ ਵਰਤੋਂ ਬਹੁਤ ਹੀ ...”
(19 ਮਈ 2025)
ਵੀਹਵੀਂ ਸਦੀ ਦੇ ਅਰੰਭ ਵਿੱਚ ਪੰਜਾਬ, ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਨੂੰ ਬਹੁਤ ਹੀ ਖ਼ੂਬਸੂਰਤ, ਵਿਲੱਖਣ ਅਤੇ ਭਾਵਪੂਰਤ ਢੰਗ ਨਾਲ਼ ਪੇਸ਼ ਕਰਨ ਵਾਲ਼ੇ ਲਾਲਾ ਕਿਰਪਾ ਸਾਗਰ ਪੰਜਾਬੀ ਦੇ ਪ੍ਰਸਿੱਧ ਅਤੇ ਮਹਾਨ ਕਵੀ ਹੋਏ ਹਨ। ਉਨ੍ਹਾਂ ਨੇ ਆਪਣੀਆਂ ਰਚਨਾਵਾਂ ਵਿੱਚ ਪੰਜਾਬ ਦੀ ਧਰਤੀ ਉੱਤੇ ਕਲ-ਕਲ ਵਹਿੰਦੇ ਦਰਿਆਵਾਂ ਦੀ ਰਵਾਨੀ ਨੂੰ, ਅਸਮਾਨ ਨੂੰ ਚੁੰਮਦੀਆਂ ਪਹਾੜਾਂ ਦੀਆਂ ਉੱਚੀਆਂ ਸਿਖਰਾਂ ਨੂੰ, ਪਤਾਲ਼ ਨਾਲੋਂ ਵੀ ਵੱਧ ਡੂੰਘੀਆਂ ਘਾਟੀਆਂ ਨੂੰ, ਹਰੇ-ਭਰੇ, ਪੱਧਰੇ ਅਤੇ ਵਿਸ਼ਾਲ ਮੈਦਾਨਾਂ ਨੂੰ, ਪੰਜਾਬੀਆਂ ਦੀ ਰਹਿਣੀ ਬਹਿਣੀ, ਰਸਮਾਂ, ਰੀਤਾਂ-ਰਿਵਾਜ਼ਾਂ ਨੂੰ ਬਹੁਤ ਹੀ ਖ਼ੂਬਸੂਰਤ, ਆਕਰਸ਼ਕ, ਉੱਘੜਵੇਂ ਅਤੇ ਕਲਾਤਮਕ ਢੰਗ ਨਾਲ਼ ਚਿੱਤਰਿਆ ਹੈ।
ਲਾਲਾ ਜੀ ਦਾ ਜਨਮ ਪਿੰਡ ਪਿਪਨਾਖਾ, ਜ਼ਿਲ੍ਹਾ ਗੁਜਰਾਂਵਾਲਾ (ਪਾਕਿਸਤਾਨ) ਵਿੱਚ ਲਾਲਾ ਮਈਆ ਦਾਸ ਦੇ ਘਰ 4 ਮਈ, 1875 ਈਸਵੀ ਵਿੱਚ ਹੋਇਆ। ਘਰ ਵਿੱਚ ਅਤਿ ਦੀ ਗ਼ਰੀਬੀ ਹੋਣ ਕਾਰਨ ਉਹ ਉੱਚ ਵਿੱਦਿਆ ਨਾ ਲੈ ਸਕੇ। ਪ੍ਰੰਤੂ ਫਿਰ ਵੀ ਆਰਥਿਕ ਤੰਗੀਆਂ ਤੁਰਸ਼ੀਆਂ ਨਾਲ ਜੂਝਦਿਆਂ ਆਪਣੇ ਸਿਦਕ, ਸਿਰੜ ਅਤੇ ਲਗਨ ਸਦਕਾ ਉਨ੍ਹਾਂ ਨੇ ਐੱਫ.ਏ. ਦੀ ਡਿਗਰੀ ਹਾਸਲ ਕੀਤੀ। ਉਸ ਉਪਰੰਤ ਜਲਦੀ ਹੀ ਉਨ੍ਹਾਂ ਨੂੰ ਇੱਕ ਸਕੂਲ ਵਿੱਚ ਅਧਿਆਪਕ ਦੇ ਤੌਰ ’ਤੇ ਨਿਯੁਕਤ ਕਰ ਲਿਆ ਗਿਆ। ਪ੍ਰੰਤੂ ਕੁਝ ਸਮੇਂ ਬਾਅਦ ਅਧਿਆਪਕ ਦੀ ਨੌਕਰੀ ਛੱਡ ਕੇ ਉਹ ਪੱਤਰਕਾਰੀ ਦੇ ਪਿੜ ਵਿੱਚ ਆ ਗਏ। ਉਨ੍ਹਾਂ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੁੰਦੇ ਦੋ ਅਖ਼ਬਾਰਾਂ ਲਈ ਸੰਪਾਦਨਾ ਦਾ ਕਾਰਜ ਵੀ ਕੀਤਾ। ਫਿਰ ਉਨ੍ਹਾਂ ਪੰਜਾਬ ਯੂਨੀਵਰਸਿਟੀ ਲਾਹੌਰ ਵਿੱਚ ਕਲਰਕ ਦੀ ਨੌਕਰੀ ਕਰ ਲਈ। ਯੂਨੀਵਰਸਿਟੀ ਵਿੱਚੋਂ ਹੀ ਉਹ ਅਕਾਊਂਟੈਂਟ ਦੇ ਅਹੁਦੇ ਤੋਂ 1934 ਈਸਵੀ ਵਿੱਚ ਸੇਵਾਮੁਕਤ ਹੋਏ।
ਕਵਿਤਾ ਰਚਣ ਦੀ ਲਗਨ ਉਨ੍ਹਾਂ ਨੂੰ ਸਕੂਲ ਪੜ੍ਹਦਿਆਂ ਹੀ ਲੱਗ ਗਈ ਸੀ। ਆਪ ਦੀਆਂ ਰਚੀਆਂ ਮੁਢਲੀਆਂ ਕਵਿਤਾਵਾਂ ਉਸ ਸਮੇਂ ਦੇ ਪ੍ਰਸਿੱਧ ਮਾਸਿਕ ਪੱਤਰ 'ਫੁਲਵਾੜੀ’ ਵਿੱਚ ਛਪਦੀਆਂ ਰਹੀਆਂ ਹਨ। ਇਨ੍ਹਾਂ ਰਚਨਾਵਾਂ ਵਿੱਚ ਪੰਜਾਬ ਦੀ ਧਰਤੀ ਉੱਤੇ ਵਸਦੇ ਮਨੁੱਖਾਂ ਦੀਆਂ ਲੋੜਾਂ, ਥੁੜਾਂ, ਰੀਝਾਂ, ਚਾਵਾਂ, ਮਲ੍ਹਾਰਾਂ ਅਤੇ ਕੁਦਰਤ ਦੀ ਵਿਸ਼ਾਲਤਾ ਨੂੰ ਬਹੁਤ ਹੀ ਭਾਵਪੂਰਤ ਅਤੇ ਸਲਾਹੁਣਯੋਗ ਢੰਗ ਨਾਲ਼ ਪੇਸ਼ ਕੀਤਾ ਗਿਆ ਹੈ। ਕਵੀ ਨੇ ਆਪਣੀ ਕਵਿਤਾ ‘ਮੇਰਾ ਦੇਸ਼ ਪੰਜਾਬ’ ਵਿੱਚ ਪ੍ਰੇਮੀਆਂ ਦੇ ਪਿਆਰ ਦੇ ਗਵਾਹ ਕਲ-ਕਲ ਵਹਿੰਦੇ ਝਨਾਂ ਦਰਿਆ ਦਾ ਖ਼ੂਬਸੂਰਤ ਚਿੱਤਰਣ ਇੰਝ ਖਿੱਚਿਆ ਹੈ-
ਝਨਾਂ ਦਾ ਗੜਗੜ ਦਾ ਰੋੜ੍ਹ ਤਨ ਮਨ ਨੂੰ ਹਰਾ ਕਰਦਾ।
 ਤਰਾਵਤ ਦੇ ਕੇ ਜੀਵਨ ਨੂੰ, ਦਿਲਾਂ ਵਿੱਚ ਹੌਸਲਾ ਭਰਦਾ।
 ਲਗਨ ਵਿੱਚ ਮਗਨ ਪ੍ਰੀਤਮ ਦੀ, ਵਗੀ ਦਿਨ ਰਾਤ ਜਾਂਦਾ ਏ।
 ਚਲੋ ਮਿਲੀਏ! ਚਲੋ ਮਿਲੀਏ! ਸੁਨੇਹਾ ਪਿਆ ਸੁਣਾਂਦਾ ਏ।
ਲਾਲਾ ਕਿਰਪਾ ਸਾਗਰ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਨਾਲ਼ ਸੰਬੰਧਿਤ ਨਾਟਕ ਮਹਾਰਾਜਾ ਰਣਜੀਤ ਸਿੰਘ ਨਾਟਕ (ਭਾਗ ਪਹਿਲਾ) ਅਤੇ ਮਹਾਰਾਜਾ ਰਣਜੀਤ ਸਿੰਘ (ਭਾਗ ਦੂਜਾ) ਲਿਖ ਕੇ ਪੰਜਾਬੀ ਸਾਹਿਤ ਵਿੱਚ ਪਹਿਲੀ ਵਾਰੀ ਇਤਿਹਾਸਕ ਨਾਟਕ ਲਿਖਣ ਦੀ ਪਰੰਪਰਾ ਸ਼ੁਰੂ ਕੀਤੀ। ਇਸ ਉਪਰੰਤ ਉਨ੍ਹਾਂ ਨੇ ਪ੍ਰਸਿੱਧ ਅੰਗਰੇਜ਼ੀ ਲਿਖਾਰੀ ਸਰ ਵਾਲਟਰ ਸਕਾਟ (Sir Walter Scott) ਦੀ ਪ੍ਰਸਿੱਧ ਰਚਨਾ 'ਦੀ ਲੇਡੀ ਆਫ ਦਾ ਲੇਕ’ (The Lady Of The Lake) ਦਾ ਅਨੁਵਾਦ ਲਖ਼ਸ਼ਮੀ ਦੇਵੀ ਮਹਾਂ-ਕਾਵਿ ਦੇ ਰੂਪ ਵਿੱਚ ਕੀਤਾ ਹੈ। ਬੇਸ਼ੱਕ ਇਹ ਇੱਕ ਅਨੁਵਾਦਿਤ ਕ੍ਰਿਤ ਹੈ ਪ੍ਰੰਤੂ ਕਵੀ ਨੇ ਆਪਣੇ ਗਿਆਨ ਦੀ ਵਿਦਵਤਾ, ਸ਼ਬਦ ਚੋਣ ਦੀ ਵਿਸ਼ਾਲਤਾ, ਪ੍ਰਕਿਰਤੀ ਦੇ ਸੁਹਜ, ਸੁਹੱਪਣ, ਸੁੰਦਰਤਾ ਅਤੇ ਯੌਵਨ ਨੂੰ ਇੰਨੇ ਆਕਰਸ਼ਕ ਅਤੇ ਦਿਲ ਟੁੰਬਵੇਂ ਸ਼ਬਦਾਂ ਵਿੱਚ ਬਿਆਨ ਕੀਤਾ ਹੈ ਕਿ ਇਹ ਪੰਜਾਬੀ ਦਾ ਮੌਲਿਕ ਮਹਾਂ-ਕਾਵਿ ਹੀ ਲਗਦਾ ਹੈ। ਉਸ ਸਮੇਂ ਲਖ਼ਸ਼ਮੀ ਦੇਵੀ ਮਹਾਂ-ਕਾਵਿ ਨੂੰ ‘ਪੰਜਾਬ ਟੈਕਸਟ ਬੁੱਕ ਕਮੇਟੀ’ ਵੱਲੋਂ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ਸੀ।
ਲਖ਼ਸ਼ਮੀ ਦੇਵੀ ਪੰਜਾਬੀ ਭਾਸ਼ਾ ਵਿੱਚ ਲਿਖਿਆ ਪਹਿਲਾ ਮਹਾਂ-ਕਾਵਿ ਹੈ ਜੋ ਵਿਸੇ, ਕਲਾ ਅਤੇ ਰੂਪਕ ਪੱਖ ਤੋਂ ਸਫ਼ਲ ਅਤੇ ਉੱਤਮ ਮਹਾਂ-ਕਾਵਿ ਮੰਨਿਆ ਗਿਆ ਹੈ। ਕਵੀ ਨੇ ਆਪਣੀ ਵਿਦਵਤਾ ਅਤੇ ਲਿਆਕਤ ਸਦਕਾ ਵਿਦੇਸ਼ੀ ਕਹਾਣੀ ਦੇ ਚੌਖਟੇ ਨੂੰ ਇਸ ਢੰਗ ਨਾਲ਼ ਢਾਲਿਆ ਹੈ ਕਿ ਪੰਜਾਬੀ ਪਾਠਕਾਂ ਨੂੰ ਇਹ ਕਹਾਣੀ ਪੰਜਾਬ ਦੀ ਧਰਤੀ ਉੱਤੇ ਵਾਪਰੀ ਆਪਣੀ ਕਹਾਣੀ ਜਾਪਦੀ ਹੈ। ਕਵੀ ਮੂਲ ਲੇਖਕ ਦੀ ਰਚਨਾ ਨੂੰ ਵਧੀਆ ਢੰਗ ਨਾਲ਼ ਪੇਸ਼ ਕਰਨ ਵਿੱਚ ਕੇਵਲ ਪੂਰੀ ਤਰ੍ਹਾਂ ਸਫ਼ਲ ਹੀ ਨਹੀਂ ਹੋਇਆ, ਸਗੋਂ ਉਸ ਨੇ ਰਚਨਾ ਵਿੱਚ ਪੰਜਾਬੀਆਂ ਦੇ ਮਨਾਂ ਵਿੱਚ ਠਾਠਾਂ ਮਾਰਦੇ ਦੇਸ਼ ਭਗਤੀ ਦੇ ਭਾਵ ਅਤੇ ਜਜ਼ਬੇ ਨੂੰ ਵੀ ਬਹੁਤ ਹੀ ਮਾਰਮਿਕ ਸ਼ਬਦਾਂ ਵਿੱਚ ਬਿਆਨ ਕੀਤਾ ਗਿਆ ਹੈ। ਸਾਰੇ ਬਿਰਤਾਂਤ ਵਿੱਚ ਕਹਾਣੀ ਨੂੰ ਇੰਝ ਗੁੰਦਿਆ ਅਤੇ ਸਜਾਇਆ ਗਿਆ ਹੈ ਕਿ ਪੰਜਾਬੀਆਂ ਦੀ ਚੜ੍ਹਤ ਥਾਂ-ਪਰ-ਥਾਂ ਦਿਖਾਈ ਦਿੰਦੀ ਹੈ।
ਇਸ ਮਹਾਂ-ਕਾਵਿ ਵਿੱਚ ਕਵੀ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪਹਾੜੀ ਰਾਜਿਆਂ ਨਾਲ਼ ਹੋਈ ਟੱਕਰ ਨੂੰ ਬਹੁਤ ਹੀ ਖ਼ੂਬਸੂਰਤ ਅਤੇ ਜੋਸ਼ੀਲੇ ਢੰਗ ਨਾਲ਼ ਪੇਸ਼ ਕੀਤਾ ਹੈ। ਬਿਰਤਾਂਤ ਸਿਰਜਦੇ ਸਮੇਂ ਸ਼ਿੰਗਾਰ ਰਸ, ਬੀਰ ਰਸ, ਕਰੁਣਾ ਰਸ, ਰੌਦਰ ਰਸ, ਅਦਭੁਤ ਰਸ, ਹਾਸ ਰਸ, ਸ਼ਾਂਤ ਰਸ, ਭਿਆਨਕ ਰਸ ਦੀ ਉਤਪਤੀ ਹੁੰਦੀ ਹੈ। ਕੁਦਰਤ ਦੀ ਵਿਸ਼ਾਲਤਾ, ਸੁੰਦਰਤਾ, ਸੁਹੱਪਣ ਅਤੇ ਸੁਹਜ ਨੂੰ ਚਿੱਤਰਦੇ ਸਮੇਂ ਕਵੀ ਕਮਾਲ ਦੇ ਉੱਚ ਪੱਧਰ ’ਤੇ ਪਹੁੰਚਦਾ ਹੈ। ਉਹ ਪਾਤਰਾਂ ਦੇ ਸੁਭਾਅ ਦਾ ਚਰਿੱਤਰ ਚਿੱਤਰਣ ਕਰਦੇ ਸਮੇਂ ਵੀ ਬੜੇ ਨਿਆਂ-ਯੁਕਤ ਅਤੇ ਤਰਕਸੰਗਤ ਢੰਗ ਦੀ ਵਰਤੋਂ ਕਰਦਾ ਹੈ। ਕਵੀ ਨੇ ਮਹਾਰਾਜਾ ਰਣਜੀਤ ਸਿੰਘ ਅਤੇ ਜੈਮਲ ਸਿੰਘ ਬੰਦਰਾਲ ਦੇ ਕਿਰਦਾਰਾਂ ਨੂੰ ਚਿੱਤਰਦੇ ਸਮੇਂ ਬਹੁਤ ਹੀ ਨਿਆਂ ਪੂਰਨ ਢੰਗ ਦੀ ਵਰਤੋਂ ਕੀਤੀ ਹੈ। ਕਵੀ ਨੇ ਆਪਣੇ ਮਹਾਂ-ਕਾਵਿ ਦਾ ਸਾਰਾ ਬਿਰਤਾਂਤ ਸਿਰਜਣ ਸਮੇਂ ਬੇਸ਼ੱਕ ਦੋਹਿਰੇ ਛੰਦ ਦੀ ਮੁੱਖ ਤੌਰ ’ਤੇ ਵਰਤੋਂ ਕੀਤੀ ਹੈ ਪ੍ਰੰਤੂ ਫਿਰ ਵੀ ਕਈ ਥਾਂਵਾਂ ਉੱਤੇ ਬੈਂਤ ਛੰਦ, ਸਿਰਖੰਡੀ ਛੰਦ, ਕਬਿੱਤ ਛੰਦ, ਕੋਰੜਾ ਛੰਦ ਆਦਿ ਦੀ ਵਰਤੋਂ ਵੀ ਕੀਤੀ ਗਈ ਮਿਲਦੀ ਹੈ। ਬੋਲੀ ਬੜੀ ਠੇਠ, ਸਰਲ ਅਤੇ ਮੁਹਾਵਰੇਦਾਰ ਵਰਤੀ ਗਈ ਹੈ। ਪ੍ਰੰਤੂ ਫਿਰ ਵੀ ਕਾਵਿਕ ਤੁਕਾਂ ਵਿੱਚ ਲੈਅ ਪੈਦਾ ਕਰਨ ਲਈ ਕਵੀ ਨੇ ਆਪਣੀ ਵਿਦਵਤਾ ਅਨੁਸਾਰ ਸ਼ਬਦਾਂ ਦੀ ਭੰਨ-ਤੋੜ ਵੀ ਕਰ ਲਈ ਹੈ। ਇਸ ਪ੍ਰਕਾਰ ਕਵੀ ਨਵੇਂ ਸ਼ਬਦ ਸਿਰਜਣ ਵਿੱਚ ਵੀ ਬੜਾ ਅਹਿਮ ਰੋਲ ਨਿਭਾਉਂਦਾ ਹੈ।
ਲਖ਼ਸ਼ਮੀ ਦੇਵੀ ਮਹਾਂ-ਕਾਵਿ ਵਿੱਚ ਕਵੀ ਦੁਆਰਾ ਸਿਰਜੀ ਨਾਟਕੀ ਵਾਰਤਾਲਾਪ ਰਚਨਾ ਨੂੰ ਸਿਖ਼ਰ ਉੱਤੇ ਪਹੁੰਚਾ ਦਿੰਦੀ ਹੈ। ਖ਼ੂਬਸੂਰਤ ਕੁਦਰਤੀ ਨਜ਼ਾਰਿਆਂ ਨੂੰ ਬਿਆਨ ਕਰਨ ਸਮੇਂ ਕਵਿਤਾ ਆਪਣੇ ਪੂਰੇ ਯੌਵਨ ਅਤੇ ਨਿਖ਼ਾਰ ਵਿੱਚ ਉੱਘੜਦੀ ਹੈ। ਕਵੀ ਦੁਆਰਾ ਚਿੱਤਰੇ ਦ੍ਰਿਸ਼ ਚਿੱਤਰ ਅਤੇ ਨਾਦ ਚਿੱਤਰ ਉਸ ਦੀ ਰਚਨਾ ਨੂੰ ਹੋਰ ਵੀ ਪ੍ਰਭਾਵਸ਼ਾਲੀ ਅਤੇ ਸੁਆਦਲਾ ਬਣਾ ਦਿੰਦੇ ਹਨ। ਉਸ ਨੇ ਅਲੰਕਾਰਾਂ ਦੀ ਵਰਤੋਂ ਇੰਨੇ ਖ਼ੂਬਸੂਰਤ, ਢੁਕਵੇਂ ਅਤੇ ਫੱਬਵੇਂ ਢੰਗ ਨਾਲ਼ ਕੀਤੀ ਹੈ ਕਿ ਉਹ ਸ਼ਬਦਾਂ ਰਾਹੀਂ ਪੂਰੀ ਫ਼ਿਲਮ ਪਾਠਕਾਂ ਦੇ ਸਨਮੁਖ ਸਾਕਾਰ ਕਰ ਦਿੰਦਾ ਹੈ। ਕਵੀ ਨੇ ਉਪਮਾ ਅਲੰਕਾਰ, ਰੂਪਕ ਅਲੰਕਾਰ, ਦ੍ਰਿਸ਼ਟਾਂਤ ਅਲੰਕਾਰਾਂ ਦੀ ਵਰਤੋਂ ਬਹੁਤ ਹੀ ਸਲਾਹੁਣਯੋਗ ਢੰਗ ਨਾਲ਼ ਕੀਤੀ ਹੈ। ਉਸ ਨੇ ਇਸ ਮਹਾਂ-ਕਾਵਿ ਨੂੰ ਚਿੱਤਰਦਿਆਂ ਬਹੁਤ ਸਾਰੇ ਗੀਤ ਪੁਰਾਣੇ ਲੋਕ-ਗੀਤਾਂ ਦੀ ਤਰਜ਼ ਉੱਤੇ ਥਾਂ-ਥਾਂ ’ਤੇ ਇਸ ਢੰਗ ਨਾਲ਼ ਜੜੇ ਹਨ, ਜਿਹੜੇ ਢੁਕਵੇਂ ਵਾਤਾਵਰਣ ਅਤੇ ਵਾਯੂਮੰਡਲ ਕਾਰਨ ਕਵੀ ਦੇ ਹੁਨਰ ਦੀ ਪ੍ਰਬੀਨਤਾ ਦੀ ਗਵਾਹੀ ਦਿੰਦੇ ਹਨ। ਉਸ ਦਾ ਬਿਆਨ ਬੜਾ ਸਾਦਾ ਪ੍ਰੰਤੂ ਬੜਾ ਜ਼ੋਰਦਾਰ ਹੈ। ਕਵੀ ਨੇ ਲਖ਼ਸ਼ਮੀ ਦੇਵੀ - ਮਹਾਂ ਕਾਵਿ ਵਿੱਚ ਬਹੁਤ ਥਾਂਵਾਂ ਉੱਤੇ ਔਰਤ ਦੀ ਸੁੰਦਰਤਾ, ਸੁਹਜ, ਸੁਹੱਪਣ ਅਤੇ ਯੌਵਨ ਦਾ ਵਿਖਿਆਨ ਕੀਤਾ ਹੈ। ਪ੍ਰੰਤੂ ਉਸ ਦੀ ਸਿਰਜਣਾ ਦੀ ਖ਼ੂਬਸੂਰਤੀ ਇਸ ਗੱਲ ਵਿੱਚ ਪਈ ਹੈ ਕਿ ਰੁਮਾਂਸ ਸਿਰਜਣ ਵੇਲੇ ਵੀ ਉਹ ਅਸ਼ਲੀਲਤਾ, ਨੰਗੇਜ਼ਵਾਦ ਤੋਂ ਦੂਰ ਖੜ੍ਹਾ ਰਹਿੰਦਾ ਹੈ। ਮਛੂਏ ਵਿੱਚ ਬੈਠੀ ਲਖ਼ਸ਼ਮੀ ਦੇਵੀ ਦਾ ਚਿੱਤਰਣ ਦੇਖਣਯੋਗ ਹੈ-
ਉੱਡੀ ਚੱਪੇ ਲਾਂਦਿਆਂ, ਚੁੰਨੀ ਸਿਰੋਂ ਅਲੱਗ।
 ਪੂਰਨਿਮਾ ਦਾ ਚੰਨ ਜਿਉਂ ਚੜ੍ਹਿਆ ਵੇਖੇ ਜੱਗ।
 ਰਿਸ਼ਮਾਂ ਨਿਕਲਣ ਚੇਹਰਿਉਂ, ਮਾਤ ਹੋਇਆ ਕੋਹ ਤੂਰ।
 ਚੰਚਲ ਨੈਣ ਕਟਾਰੀਆਂ, ਫ਼ਿਰ ਵੀ ਸ਼ਰਮ ਹਜ਼ੂਰ।
 ਗੱਲ੍ਹਾਂ ਉੱਤੇ ਲਾਲੀਆਂ, ਜੀਕਰ ਏ ਕਸ਼ਮੀਰ।
 ਮੁੱਖੜਾ ਫੁੱਲ ਗੁਲਾਬ ਦਾ, ਕੂਲਾ ਚੁਸਤ ਸਰੀਰ।
 ਜਿਵੇਂ ਨਮੂਨਾ ਸੋਹਜ ਦਾ, ਬਿਧਮਾਤਾ ਨੇ ਆਪ।
 ਦੁਨੀਆਂ ਨੂੰ ਵਡਿਆਣ ਨੂੰ, ਘੜਿਆ ਮਨ ਵਿੱਚ ਥਾਪ।
ਲਾਲਾ ਕਿਰਪਾ ਸਾਗਰ ਨੇ ਲਖ਼ਸ਼ਮੀ ਦੇਵੀ ਮਹਾਂ-ਕਾਵਿ ਵਿੱਚ ਸ਼ਿੰਗਾਰ ਰਸ, ਹਾਸ ਰਸ, ਸ਼ਾਂਤ ਰਸ, ਬੀਰ ਰਸ, ਰੌਦਰ ਰਸ, ਕਰੁਣਾ ਰਸ, ਅਦਭੁਤ ਰਸ, ਭਿਆਨਕ ਰਸ ਆਦਿ ਦੀ ਵਰਤੋਂ ਬੜੀ ਖ਼ੂਬਸੂਰਤੀ ਨਾਲ਼ ਕੀਤੀ ਗਈ ਹੈ। ਹਥਿਆਰ ਘਰ ਦੇ ਭੈਭੀਤ ਕਰਨ ਵਾਲ਼ੇ ਦ੍ਰਿਸ਼ ਵਿੱਚ ਉਹ ਭਿਆਨਕ ਰਸ ਨੂੰ ਕਮਾਲ ਦੀ ਕਲਾਕਾਰੀ ਨਾਲ਼ ਪੇਸ਼ ਕਰਨ ਵਿੱਚ ਸਫ਼ਲ ਰਿਹਾ ਹੈ-
ਕਿੱਧਰੇ ਢਾਲਾਂ ਟੰਗੀਆਂ, ਕਿਧਰੇ ਦੂਜੇ ਸਾਜ਼।
 ਪਈਆਂ ਨੇਜ਼ੇ ਬਰਛੀਆਂ, ਜਿਵੇਂ ਵਿਖਾਲਾ ਦਾਜ।
 ਕਿਧਰੇ ਬਿਗਲਾਂ ਟੰਗੀਆਂ, ਕਿਧਰੇ ਰੱਖੇ ਤੀਰ।
 ਕਿਧਰੇ ਗਈਆਂ ਕੁਹਾੜੀਆਂ, ਟੰਗ ਗਿਆ ਕੋਈ ਬੀਰ।
 ਕਿਧਰੇ ਨਿਕਲੇ ਸੂਰ ਦੇ, ਦੰਦ ਵਿਰਾਛਾਂ ਪਾੜ।
 ਕਿਧਰੇ ਜਾਪੇ ਟੱਡਿਆ, ਵੱਡਾ ਮੂੰਹ ਬਘਿਆੜ।
 ਬਾਘੜਬਿੱਲੇ ਕਿਸੇ ਜਾ, ਦਿੱਤੀ ਖੱਲ ਉਤਾਰ।
 ਕਿਧਰੇ ਚਮੜਾ ਸ਼ੇਰ ਦਾ, ਧਰਿਆ ਬਹੁਤ ਸੁਆਰ।
 ਬਾਰਾਂਸਿੰਗੇ ਇੱਕ ਜਾ, ਦਿੱਤਾ ਸੀਸ ਉਤਾਰ।
 ਚਿੱਤਰੇ ਬਿੱਟ ਬਿੱਟ ਤੱਕਦੇ, ਦਮ ਨਾ ਸਕਣ ਮਾਰ।
ਲਖ਼ਸ਼ਮੀ ਦੇਵੀ ਤੋਂ ਇਲਾਵਾ ਲਾਲਾ ਕਿਰਪਾ ਸਾਗਰ ਜੀ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਦਾ ਇੱਕ ਹੋਰ ਕਾਵਿ-ਸੰਗ੍ਰਹਿ ‘ਮਨ ਤਰੰਗ’ 1927 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਨ੍ਹਾਂ ਕਵਿਤਾਵਾਂ ਵਿੱਚ ਵੀ ਪੰਜਾਬ ਪਿਆਰ, ਕੁਦਰਤ ਪਿਆਰ, ਦੇਸ਼ ਪਿਆਰ ਦਾ ਜਜ਼ਬਾ ਕੁੱਟ ਕੁੱਟ ਕੇ ਭਰਿਆ ਪਿਆ ਹੈ। ਇਨ੍ਹਾਂ ਕਵਿਤਾਵਾਂ ਦੀ ਭਾਸ਼ਾ ਇੰਨੀ ਜ਼ਿਆਦਾ ਸਰਲ ਅਤੇ ਠੇਠ ਸੌਖੀ ਪੰਜਾਬੀ ਹੈ ਕਿ ਪਾਠਕਾਂ ਵਿੱਚ ਬਹੁਤ ਜ਼ਿਆਦਾ ਹਰਮਨ ਪਿਆਰੀਆਂ ਹੋਈਆਂ।
ਸਮੁੱਚੇ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਲਾਲਾ ਕਿਰਪਾ ਸਾਗਰ ਨੇ ਲਖ਼ਸ਼ਮੀ ਦੇਵੀ ਮਹਾਂ-ਕਾਵਿ ਅਤੇ ਹੋਰ ਕਵਿਤਾਵਾਂ ਵਿੱਚ ਕਾਵਿ ਗੁਣਾਂ ਨਾਲ਼ ਭਰਪੂਰ ਅਜਿਹਾ ਸਾਗਰ ਭਰ ਦਿੱਤਾ ਹੈ ਕਿ ਪੰਜਾਬੀ ਸਾਹਿਤ ਪ੍ਰੇਮੀ ਲਾਲਾ ਜੀ ਦੀ ਮਹਾਨ ਦੇਣ ਨੂੰ ਹਮੇਸ਼ਾ ਲਈ ਆਪਣੇ ਚੇਤਿਆਂ ਵਿੱਚ ਵਸਾਈ ਰੱਖਣਗੇ। ਬਿਆਨੀਆ ਕਵਿਤਾ ਦਾ ਇਹ ਮਹਾਨ ਸ਼ਾਇਰ 19 ਮਈ, 1939 ਈਸਵੀ ਨੂੰ ਪੰਜਾਬੀ ਸਾਹਿਤ ਪ੍ਰੇਮੀਆਂ ਨੂੰ ਸਦਾ ਲਈ ਵਿਛੋੜਾ ਦੇ ਗਿਆ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)
				
				
				
				
				
						




 






















 










 















 



















 



























