“ਇਹ ਡੋਰ ਕਈ ਵਾਰ ਬਿਜਲੀ ਦੇ ਖੰਭਿਆਂ, ਦਰਖਤਾਂ ਅਤੇ ਘਰਾਂ ਦੀਆਂ ...”
(13 ਜਨਵਰੀ 2025)
ਅੱਜ ਲੋਹੜੀ ਹੈ ਅਤੇ ਜਲਦੀ ਹੀ ਬਸੰਤ ਪੰਚਮੀ ਦਾ ਤਿਉਹਾਰ ਆਉਣ ਵਾਲਾ ਹੈ। ਬੱਚਿਆਂ ਨੇ ਪਤੰਗ ਉਡਾਉਣੇ ਸ਼ੁਰੂ ਕਰ ਦਿੱਤੇ ਹਨ। ਸਾਡੇ ਪੰਜਾਬ ਵਿੱਚ ਵੱਡੇ ਪੱਧਰ ’ਤੇ ਪਤੰਗਬਾਜ਼ੀ ਹੁੰਦੀ ਹੈ, ਜਿਸਦੇ ਤਹਿਤ ਨੌਜਵਾਨਾਂ ਤੇ ਬੱਚਿਆਂ ਵੱਲੋਂ ਘਰਾਂ ਦੇ ਕੋਠਿਆਂ ਉੱਤੇ ਚੜ੍ਹ ਕੇ ਪਤੰਗ ਉਡਾਏ ਜਾਂਦੇ ਹਨ। ਇਸ ਰੁੱਤ ਵਿੱਚ ਪਤੰਗ ਉਡਾਉਣ ਵਾਲਿਆਂ ਨੂੰ ਦੁਕਾਨਦਾਰਾਂ ਵੱਲੋਂ ਕਈ ਤਰ੍ਹਾਂ ਦੀਆਂ ਡੋਰਾਂ ਵੇਚੀਆਂ ਜਾਂਦੀਆਂ ਹਨ। ਪੁਰਾਣੇ ਸਮਿਆਂ ਵਿੱਚ ਕੱਚੇ ਧਾਗੇ ਦੀ ਡੋਰ ਨੂੰ ਮਜ਼ਬੂਤ ਕਰਨ ਲਈ ਸੂਤਿਆ ਜਾਂਦਾ ਸੀ ਅਤੇ ਫਿਰ ਇਸ ਡੋਰ ਨਾਲ ਪਤੰਗ ਉਡਾਏ ਜਾਂਦੇ ਸਨ ਰ ਅੱਜਕੱਲ੍ਹ ਨੌਜਵਾਨ ਧਾਗੇ ਦੀ ਦੇਸੀ ਡੋਰ ਨਾਲ ਪਤੰਗ ਉਡਾਉਣ ਦੀ ਬਜਾਏ ਪਲਾਸਟਿਕ ਡੋਰ ਨੂੰ ਤਰਜੀਹ ਦਿੰਦੇ ਹਨ। ਕੁਝ ਸਾਲਾਂ ਤੋਂ ਲੋਕ ਚਾਈਨਾ ਡੋਰ ਦੀ ਵਰਤੋਂ ਕਰ ਰਹੇ ਹਨ ਜੋ ਕਿ ਬਹੁਤ ਹੀ ਖਤਰਨਾਕ ਸਾਬਤ ਹੁੰਦੀ ਹੈ। ਅਕਸਰ ਹੀ ਬਸੰਤ ਪੰਚਮੀ ਦੇ ਤਿਉਹਾਰ ਸਮੇਂ ਚਾਈਨਾ ਡੋਰ ਨਾਲ ਸੰਬੰਧਿਤ ਕਈ ਮਸਲੇ ਸਾਹਮਣੇ ਆਉਂਦੇ ਹਨ, ਜਿਸ ਕਾਰਨ ਕਈ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਹਨ। ਹਰ ਸਾਲ ਬਹੁਤ ਲੋਕ ਚਾਈਨਾ ਡੋਰ ਦੀ ਲਪੇਟ ਵਿੱਚ ਆ ਜਾਂਦੇ ਹਨ। ਇਹ ਡੋਰ ਕਈ ਵਾਰ ਬਿਜਲੀ ਦੇ ਖੰਭਿਆਂ, ਦਰਖਤਾਂ ਅਤੇ ਘਰਾਂ ਦੀਆਂ ਦੀਵਾਰਾਂ ਨਾਲ ਅੜ ਕੇ ਲਮਕਣ ਲੱਗ ਜਾਂਦੀ ਹੈ ਅਤੇ ਉੱਥੋਂ ਲੰਘਣ ਵਾਲੇ ਰਾਹਗੀਰਾਂ ਦੇ ਗੱਲਾਂ ਵਿੱਚ ਪੈ ਜਾਂਦੀ ਹੈ, ਜਿਸ ਕਾਰਨ ਕਈ ਜਣਿਆਂ ਦੇ ਜ਼ਖ਼ਮੀ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਅਸੀਂ ਆਪਣੇ ਮਨੋਰੰਜਨ ਦੀ ਖਾਤਰ ਲਾਪ੍ਰਵਾਹ ਹੋ ਕੇ ਦੂਸਰਿਆਂ ਦਾ ਨੁਕਸਾਨ ਕਰ ਦਿੰਦੇ ਹਾਂ। ਸੜਕਾਂ ’ਤੇ ਜਾ ਰਹੇ ਰਾਹਗੀਰ ਡੋਰ ਵਿੱਚ ਉਲਝੇ ਦਿਖਾਈ ਦਿੰਦੇ ਹਨ। ਸ਼ਹਿਰਾਂ ਵਿੱਚ ਬਿਜਲੀ ਦੀਆਂ ਤਾਰਾਂ ਪਲਾਸਟਿਕ ਡੋਰ ਦੇ ਨਾਲ ਭਰੀਆਂ ਦੇਖੀਆਂ ਗਈਆਂ ਹਨ। ਇਸ ਖੂਨੀ ਚਾਈਨਾ ਡੋਰ ਦੇ ਬਿਜਲੀ ਦੇ ਸੰਪਰਕ ਵਿੱਚ ਆਉਣ ਕਾਰਨ ਕਰੰਟ ਆ ਜਾਂਦਾ ਹੈ ’ਤੇ ਕਈ ਬੱਚੇ ਬਿਜਲੀ ਦਾ ਕਰੰਟ ਲੱਗਣ ਕਾਰਨ ਝੁਲਸ ਜਾਂਦੇ ਹਨ। ਇਸ ਨਾਲ ਕਈ ਬੱਚਿਆਂ ਦੀ ਮੌਤ ਹੋ ਚੁੱਕੀ ਹੈ।
ਚਾਈਨਾ ਡੋਰ ਬਹੁਤ ਪੱਕੀ ਹੁੰਦੀ ਹੈ। ਇਹ ਨਾ ਟੁੱਟਦੀ ਹੈ ਅਤੇ ਨਾ ਹੀ ਥੱਲੇ ਡਿਗਦੀ ਹੈ। ਇਸ ਖੂਨੀ ਡੋਰ ਕਾਰਨ ਕਈ ਪੈਦਲ, ਸਾਈਕਲ ਸਵਾਰ ਅਤੇ ਮੋਟਰਸਾਈਕਲ ਸਵਾਰ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਕਈ ਵਾਰ ਇਸਦੇ ਸੰਪਰਕ ਵਿੱਚ ਆ ਕੇ ਵਾਹਨ ਚਾਲਕਾਂ ਦੇ ਸਰੀਰ ਦੇ ਅੰਗ ਕੱਟੇ ਵੀ ਜਾਂਦੇ ਹਨ। ਇਸ ਚਾਈਨਾ ਡੋਰ ਵਿੱਚ ਪੰਛੀਆਂ ਦੇ ਫਸਣ ਕਾਰਨ ਉਹਨਾਂ ਦੀ ਮੌਤ ਹੋ ਜਾਂਦੀ ਹੈ। ਇਸ ਤਰ੍ਹਾਂ ਪਲਾਸਟਿਕ ਦੀ ਬਣੀ ਇਹ ਡੋਰ ਜਦੋਂ ਪਤੰਗ ਉਡਾਉਣ ਲਈ ਵਰਤੀ ਜਾਂਦੀ ਹੈ, ਇਹ ਮਨੁੱਖੀ ਜਾਨਾਂ ਅਤੇ ਪੰਛੀਆਂ ਲਈ ਘਾਤਕ ਸਿੱਧ ਹੁੰਦੀ ਹੈ। ਪਲਾਸਟਿਕ ਦੀ ਇਸ ਡੋਰ, ਜਿਸ ਨੂੰ ਚਾਈਨਾ ਡੋਰ ਕਿਹਾ ਜਾਂਦਾ ਹੈ, ਦੀ ਵਰਤੋਂ ਕਰਕੇ ਪਤੰਗ ਨਹੀਂ ਉਡਾਉਣੇ ਚਾਹੀਦੇ।
ਇਸ ਚਾਈਨਾ ਡੋਰ ਨੂੰ ਸਰਕਾਰ ਵੱਲੋਂ ਬੇਸ਼ਕ ਬੈਨ ਕੀਤਾ ਹੋਇਆ ਹੈ ਪ੍ਰੰਤੂ ਕੁਝ ਦੁਕਾਨਦਾਰ ਆਪਣੇ ਨਿੱਜੀ ਮੁਨਾਫੇ ਨੂੰ ਮੁੱਖ ਰੱਖ ਕੇ ਇਸ ਪਾਬੰਦੀਸ਼ੁਦਾ ਡੋਰ ਦੀ ਵਿਕਰੀ ਕਰਦੇ ਹਨ ਤਾਂ ਜੋ ਵੱਧ ਤੋਂ ਵੱਧ ਪੈਸਾ ਕਮਾਇਆ ਜਾ ਸਕੇ। ਪਰ ਉਹ ਚੰਦ ਪੈਸਿਆਂ ਦੀ ਖਾਤਰ ਦੂਜਿਆਂ ਦੀ ਜਾਨ ਨੂੰ ਖਤਰੇ ਵਿੱਚ ਪਾ ਦਿੰਦੇ ਹਨ। ਸਰਕਾਰ ਵੱਲੋਂ ਇਸ ਨੂੰ ਰੋਕਣ ਲਈ ਕਈ ਸਖਤ ਕਾਨੂੰਨ ਬਣਾਏ ਗਏ ਹਨ ਪਰ ਫਿਰ ਵੀ ਇਹ ਚਾਈਨਾ ਡੋਰ ਬਾਜ਼ਾਰਾਂ ਵਿੱਚ ਚੋਰੀ-ਛੁਪੇ ਵਿਕ ਰਹੀ ਹੈ। ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮਾਂ ਤਹਿਤ ਚਾਈਨਾ ਡੋਰ, ਕੱਚ ਜਾਂ ਕਿਸੇ ਹੋਰ ਧਾਤੂ ਦੇ ਪਾਊਡਰ ਨਾਲ ਬਣੀ ਡੋਰ ਉੱਪਰ ਪੂਰਨ ਪਾਬੰਦੀ ਲਗਾਉਂਦੇ ਹੋਏ ਸਿਰਫ ਸੂਤੀ ਧਾਗੇ ਨਾਲ ਪਤੰਗ ਉਡਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਚਾਈਨਾ ਡੋਰ ਦੀ ਪੂਰਨ ਪਾਬੰਦੀ ਸੰਬੰਧੀ ਇਨਵਾਰਨਮੈਂਟ ਪ੍ਰੋਟੈਕਸ਼ਨ ਐਕਟ 1986 ਦੀ ਧਾਰਾ 5 ਅਧੀਨ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਉਲੰਘਣਾ ਕਰਨ ’ਤੇ 5 ਸਾਲ ਤਕ ਦੀ ਸਜ਼ਾ ਅਤੇ ਇੱਕ ਲੱਖ ਰੁਪਏ ਤਕ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਸਾਨੂੰ ਆਪਣੇ ਬੱਚਿਆਂ ਨੂੰ ਅਤੇ ਆਸ-ਪਾਸ ਦੇ ਲੋਕਾਂ ਨੂੰ ਇਸ ਡੋਰ ਨੂੰ ਵਰਤਣ ਤੋਂ ਰੋਕਣਾ ਚਾਹੀਦਾ ਹੈ ਅਤੇ ਇਸਦੀ ਵਰਤੋਂ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ।
ਪਿਛਲੇ ਕਈ ਸਾਲਾਂ ਤੋਂ ਇਹ ਚਾਈਨਾ ਡੋਰ ਲਗਾਤਾਰ ਬਜ਼ਾਰਾਂ ਵਿੱਚ ਵਿਕ ਰਹੀ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲਿਆਂ ਤੇ ਇਹ ਡੋਰ ਵੇਚਣ ਵਾਲਿਆਂ ’ਤੇ ਸਖਤ ਕਾਰਵਾਈ ਕਰੇ ਤਾਂ ਜੋ ਲੋਕਾਂ ਦੀਆਂ ਜਾਨਾਂ ਅਤੇ ਭੋਲੇ-ਭਾਲੇ ਪੰਛੀਆਂ ਦੀਆਂ ਜਾਨਾਂ ਨਾਲ ਖਿਲਵਾੜ ਨਾ ਹੋ ਸਕੇ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5613)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)