“ਅੱਜ ਦੇਸ਼ ਨੂੰ ਜ਼ਰੂਰਤ ਹੈ ਕਿ ਆਉਣ ਵਾਲੇ ਭਵਿੱਖ ਲਈ ਅੰਧਵਿਸ਼ਵਾਸੀ ਅਤੇ ਰੂੜ੍ਹੀਵਾਦੀ ਸੋਚ ਤੋਂ ਬਾਹਰ ਨਿਕਲ ਕੇ ...”
(29 ਫਰਵਰੀ 2024)
ਇਸ ਸਮੇਂ ਪਾਠਕ: 720.
ਇਹ ਬੋਲ ਸਾਨੂੰ ਉਦੋਂ ਸੁਣਨ ਨੂੰ ਮਿਲੇ ਜਦੋਂ ਸੁਨੇਹੇ ਭੇਜਣ ਦੇ ਚਿੱਠੀਆਂ ਦੇ ਦੌਰ ਤੋਂ ਬਾਅਦ ਪੰਜਾਬ ਦੇ ਘਰਾਂ ਵਿੱਚ ਡਾਇਲ ਕਰਨ ਵਾਲੇ ਟੈਲੀਫੋਨ ਨੇ ਦਸਤਕ ਦਿੱਤੀ। ਚਿੱਠੀਆਂ ਦੇ ਦੌਰ ਤੋਂ ਪਹਿਲਾਂ ਰਾਜੇ ਮਹਾਰਾਜੇ ਢੋਲ ਨਗਾਰਿਆਂ ਨੂੰ ਸੰਚਾਰ ਸਾਧਨ ਵਜੋਂ ਵਰਤਦੇ ਸਨ ਜਾਂ ਫਿਰ ਕਬੂਤਰਾਂ ਅਤੇ ਇਨਸਾਨਾਂ ਰਾਹੀਂ ਸੁਨੇਹੇ ਭੇਜੇ ਜਾਂਦੇ ਸਨ। ਹੌਲੀ ਹੌਲੀ ਸਮੇਂ ਨੇ ਕਰਵਟ ਲਈ ਅਤੇ ਮਨੁੱਖੀ ਦਿਮਾਗ ਵਿਗਿਆਨ ਬਾਰੇ ਸੋਚਣ ਲੱਗਿਆ। ਬੇਸ਼ਕ ਇਸ ਲਈ ਸੁਕਰਾਤ, ਪਲੈਟੋ, ਗੈਲੀਲੀਓ, ਅਰਸਤੂ ਵਰਗਿਆਂ ਨੂੰ ਧਾਰਮਿਕ ਕੱਟੜਤਾ ਦਾ ਵਿਰੋਧ ਵੀ ਸਹਿਣਾ ਪਿਆ ਪਰ ਵਿਗਿਆਨਕ ਕ੍ਰਾਂਤੀ ਅੱਗੇ ਵਧਦੀ ਗਈ। ਇਸ ਵਿੱਚੋਂ ਹੀ ਸੰਚਾਰ ਕ੍ਰਾਂਤੀ ਦਾ ਜਨਮ ਹੋਇਆ, ਜਿਸਦਾ ਸਿਹਰਾ ਸੰਚਾਰ ਕ੍ਰਾਂਤੀ ਦੇ ਮੋਢੀ ਅਲੈਗਜ਼ੈਂਡਰ ਗ੍ਰਹਾਮ ਬੈੱਲ ਨੂੰ ਜਾਂਦਾ ਹੈ। ਅਗਰ ਅਸੀਂ ਤਕਨੀਕੀ ਤੌਰ ’ਤੇ ਟੈਲੀਫੋਨ ਨੂੰ ਦੇਖੀਏ ਤਾਂ ਇਸ ਵਿੱਚ ਇੱਕ ਟਰਾਂਸਮਿਟਰ ਅਤੇ ਇੱਕ ਰਿਸੀਵਰ ਲੱਗਿਆ ਹੁੰਦਾ ਹੈ। ਟਰਾਂਸਮਿਟਰ ਸਾਡੀ ਅਵਾਜ਼ ਨੂੰ ਬਿਜਲਈ ਤਰੰਗਾਂ ਵਿੱਚ ਬਦਲ ਕੇ ਤਾਰ ਰਾਹੀਂ ਦੂਜੇ ਪਾਸੇ ਰਿਸੀਵਰ ਵਿੱਚ ਭੇਜਦਾ ਹੈ, ਜੋ ਫਿਰ ਤੋਂ ਬਿਜਲੀ ਤਰੰਗਾਂ ਨੂੰ ਅਵਾਜ਼ ਤਰੰਗਾਂ ਵਿੱਚ ਬਦਲਦਾ ਹੈ। ਅੱਜ ਦੁਨੀਆਂ ਇਸ ਡਾਇਲ ਵਾਲੇ ਟੈਲੀਫੋਨ ਤੋਂ ਵੀ ਕਾਫੀ ਅੱਗੇ ਨਿਕਲ ਚੁੱਕੀ ਹੈ।
ਦੁਨੀਆਂ ਦੇ ਮਹਾਨ ਖੋਜਕਾਰ ਵਿਗਿਆਨੀ ਦੁਨੀਆਂ ਲਈ ਉਹ ਕੁਝ ਕਰ ਗਏ ਹਨ, ਜਿਨ੍ਹਾਂ ਦੀ ਬਦੌਲਤ ਅੱਜ ਸਾਰਾ ਸੰਸਾਰ ਉਨ੍ਹਾਂ ਵੱਲੋਂ ਕੱਢੀਆਂ ਕਾਢਾਂ ਕਾਰਕੇ ਆਰਾਮ ਭਰੀ ਜ਼ਿੰਦਗੀ ਬਿਤਾ ਰਿਹਾ ਹੈ। ਸਾਇਕਲ ਤੋਂ ਲੈਕੇ ਸਮੁੰਦਰੀ ਅਤੇ ਹਵਾਈ ਜਹਾਜ਼ ਵਰਗੀਆਂ ਚੀਜ਼ਾਂ ਬਣਾਉਣ ਵਾਲੇ ਖੋਜੀਆਂ ਨੂੰ ਬਹੁਤ ਘੱਟ ਲੋਕ ਜਾਣਦੇ ਹਨ ਪਰ ਸੱਚਮੁੱਚ ਅਜਿਹੇ ਮਹਾਨ ਖੋਜਕਾਰ ਪੂਜਣਯੋਗ ਹਨ, ਜਿਨ੍ਹਾਂ ਦੀ ਬਦੌਲਤ ਅੱਜ ਦੁਨੀਆਂ ਸੁਖ ਸਹੂਲਤਾਂ ਦਾ ਅਨੰਦ ਮਾਣ ਰਹੀ ਹੈ। ਪਰ ਅਫਸੋਸ ਕਿ ਭਾਰਤ ਵਿੱਚ ਅਜਿਹੇ ਮਹਾਨ ਖੋਜਕਾਰਾਂ ਅਤੇ ਵਿਗਿਆਨੀਆ ਦੀ ਸੋਚ ਨੂੰ ਪ੍ਰਫੁੱਲਤ ਕਰਨ ਦੀ ਬਜਾਏ ਅੰਧਵਿਸ਼ਵਾਸ, ਰੂੜ੍ਹੀਵਾਦੀ ਸੋਚ ਅਤੇ ਅਖੌਤੀ ਬਾਬਿਆਂ ਨੂੰ ਪ੍ਰਫੁੱਲਤ ਕੀਤਾ ਜਾ ਰਿਹਾ ਹੈ।
ਅੱਜ ਤੋਂ ਕਈ ਸਾਲ ਪਹਿਲਾਂ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਅਸੀਂ ਘਰ ਬੈਠੇ ਦੁਨੀਆ ਦੇ ਹਰ ਕੋਨੇ ਵਿੱਚ ਆਪਣੇ ਚਹੇਤਿਆਂ ਨਾਲ ਗੱਲਬਾਤ ਕਰ ਸਕਾਂਗੇ। ਟੈਲੀਫੋਨ ਦੀ ਘੰਟੀ ਐਵੇਂ ਨਹੀਂ ਵੱਜਣ ਲੱਗੀ ਸੀ। ਇਸ ਪਿੱਛੇ ਵਿਗਿਆਨੀ ਅਲੈਗਜ਼ੈਂਡਰ ਗ੍ਰਾਹਮ ਬੈੱਲ ਦੀ ਸਖ਼ਤ ਮਿਹਨਤ ਅਤੇ ਵਿਗਿਆਨਕ ਸੋਚ ਲੱਗੀ ਹੋਈ ਹੈ ਜਿਸਦੀ ਬਦੌਲਤ ਅੱਜ ਦੁਨੀਆਂ ਦਾ ਹਰ ਵਿਅਕਤੀ ਦੁਨੀਆਂ ਨੂੰ ਆਪਣੀ ਮੁੱਠੀ ਵਿੱਚ ਵਿੱਚ ਲੈ ਕੇ ਘੁੰਮ ਰਿਹਾ ਹੈ। ਭਾਵ ਕਿ ਹਰ ਕਿਸੇ ਕੋਲ ਮੋਬਾਇਲ ਹੈ। ਬੇਸ਼ਕ ਕੁਝ ਲੋਕ ਇਸ ਨੂੰ ਚੰਗਾ ਨਹੀਂ ਸਮਝਦੇ ਪਰ ਸੱਚ ਇਹ ਹੈ ਕਿ ਮੋਬਾਇਲ ਤੋਂ ਬਿਨਾਂ ਜ਼ਿੰਦਗੀ ਰੁਕ ਜਾਂਦੀ ਹੈ। ਅੱਜ ਇਨਸਾਨ ਰੋਟੀ ਤੋਂ ਬਿਨਾਂ ਸਮਾਂ ਕੱਢ ਸਕਦਾ ਹੈ ਪਰ ਮੋਬਾਇਲ ਤੋਂ ਬਿਨਾਂ ਗੁਜ਼ਾਰਾ ਨਹੀਂ ਕਰ ਸਕਦਾ ਕਿਉਂਕਿ ਅੱਜ ਸਾਰਾ ਬਿਜ਼ਨਸ, ਬੈਂਕਾਂ ਦੇ ਕੰਮ, ਦਫਤਰਾਂ ਦੇ ਕੰਮ, ਆਨਲਾਈਨ ਸ਼ਾਪਿੰਗ, ਬਿੱਲ ਪੇਮੈਂਟ ਆਦਿ ਬਹੁਤ ਸਾਰੇ ਕੰਮ ਮੋਬਾਇਲ ’ਤੇ ਹੀ ਹੋਣ ਲੱਗ ਪਏ ਹਨ ਅਤੇ ਇਸ ਨੇ ਦੁਨੀਆ ਵਿੱਚ ਵਿਕਾਸ ਦੀ ਰਫਤਾਰ ਨੂੰ ਬਹੁਤ ਤੇਜ਼ ਕੀਤਾ ਹੈ।
ਟੈਲੀਫੋਨ ਦੀ ਬੈੱਲ ਬਜਾਉਣ ਵਾਲੇ ਅਲੈਗਜ਼ੈਂਡਰ ਗ੍ਰਾਹਮ ਬੈੱਲ ਦਾ ਜਨਮ ਸਟਾਕਲੈਂਡ ਦੇ ਸ਼ਹਿਰ ਐਡਨਬਰਗ ਵਿੱਚ 3 ਮਾਰਚ 1847 ਨੂੰ ਹੋਇਆ। ਇਸ ਤੋਂ ਪਹਿਲਾਂ ਕਿਸੇ ਦੇ ਵੀ ਘਰ ਟੈਲੀਫੋਨ ਦੀ ਘੰਟੀ ਨਹੀਂ ਸੀ ਵੱਜਦੀ। ਬੈੱਲ ਨੂੰ ਵਿਗਿਆਨੀ, ਖੋਜਕਾਰ, ਇੰਜਨੀਅਰ ਅਤੇ ਅਧਿਆਪਕ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਉਹ ਪਹਿਲਾ ਵਿਗਿਆਨੀ ਅਤੇ ਖੋਜੀ ਹੈ ਜਿਸ ਨੇ 14 ਫਰਵਰੀ 1876 ਨੂੰ ਟੈਲੀਫੋਨ ਦੇ ਅਮਲੀ ਰੂਪ ਵਿੱਚ ਕੰਮ ਕਰਨ ਦੀ ਕਾਢ ਕੱਢੀ ਅਤੇ ਉਸ ਦੇ ਨਾਂ ਉੱਤੇ ਪੇਟੈਂਟ ਹੈ। ਭਾਵ ਸਰਕਾਰੀ ਮੋਹਰ 7 ਮਾਰਚ 1876 ਨੂੰ ਲੱਗ ਗਈ ਸੀ।
ਬੈੱਲ ਉਮਰ ਦੇ ਮੁਢਲੇ ਸਾਲਾਂ ਵਿੱਚ ਹੀ ਸੰਵੇਦਨਸ਼ੀਲ, ਕੁਦਰਤ ਨੂੰ ਪਿਆਰ ਕਰਨ ਵਾਲਾ ਅਤੇ ਕਲਾ ਦੀ ਕਦਰ ਕਰਨ ਵਾਲਾ ਵਿਅਕਤੀ ਸੀ। ਉਹ ਕਵਿਤਾਵਾਂ ਤੇ ਸੰਗੀਤ ਨਾਲ ਵੀ ਲਗਾਵ ਰੱਖਦਾ ਸੀ। ਇਸ ਕਲਾ ਨੂੰ ਨਿਖਾਰਨ ਲਈ ਉਸ ਦੀ ਮਾਤਾ ਨੇ ਉਸ ਨੂੰ ਉਤਸ਼ਾਹਿਤ ਕੀਤਾ ਅਤੇ ਪਿਆਨੋ ਵਜਾਉਣਾ ਸਿਖਾਇਆ। ਉਹ ਆਪਣੀ ਅਵਾਜ਼ ਦੀ ਕਲਾ ਦਾ ਇਜ਼ਹਾਰ ਕਰਦਾ ਹੋਇਆ ਪਰਿਵਾਰ ਅਤੇ ਲੋਕਾਂ ਦਾ ਮਨੋਰੰਜਨ ਕਰਦਾ ਸੀ। ਬੈੱਲ ਨੂੰ ਉਸ ਦੀ ਮਾਤਾ ਦੇ ਬੋਲ਼ੇ ਹੋਣ ਨੇ ਕਾਫੀ ਪ੍ਰਭਾਵਿਤ ਕੀਤਾ ਸੀ। ਜਦੋਂ ਬੈੱਲ ਕੇਵਲ 12 ਸਾਲਾਂ ਦਾ ਸੀ, ਉਦੋਂ ਉਸ ਦੀ ਮਾਤਾ ਦੀ ਸੁਣਨ ਦੀ ਸ਼ਕਤੀ ਚਲੀ ਗਈ। ਇਸ ਲਈ ਉਸ ਨੂੰ ਇਸ਼ਾਰਿਆਂ ਦੀ ਭਾਸ਼ਾ ਸਿੱਖਣੀ ਪਈ। ਬੈੱਲ ਨੇ ਸਿੱਧੇ ਤੌਰ ਉੱਤੇ ਇੱਕ ਤਕਨੀਕ ਤਿਆਰ ਕੀਤੀ ਜਿਸ ਨਾਲ ਉਸ ਦੀ ਮਾਤਾ ਵਿੱਚ ਸਭ ਸਮਝਣ ਅਤੇ ਸੁਣਨ ਵਰਗੀ ਸ਼ਕਤੀ ਪੈਦਾ ਹੋਈ। ਮਾਤਾ ਦੇ ਬੋਲ਼ੇਪਨ ਕਾਰਨ ਬੈੱਲ ਅੰਦਰ ਤਰੰਗਾਂ ਤੋਂ ਸੁਣਨ ਦੀ ਭਾਸ਼ਾ ਦੇ ਗਿਆਨ ਵਿੱਚ ਵਾਧਾ ਹੋਇਆ। ਉਹ ਸਕੂਲ ਦੀ ਪੜ੍ਹਾਈ ਛੱਡ ਕੇ ਆਪਣੇ ਦਾਦੇ ਨਾਲ ਲੰਡਨ ਚਲਾ ਗਿਆ। ਉੱਥੇ ਰਹਿੰਦੇ ਹੋਏ ਉਨ੍ਹਾਂ ਨੂੰ ਕਾਫੀ ਕੁਝ ਨਵਾਂ ਸਿੱਖਣ ਲਈ ਮਾਹੌਲ ਅਤੇ ਲੰਬਾ ਸਮਾਂ ਗੰਭੀਰ ਮਸਲਿਆਂ ਉੱਤੇ ਤਰਕ-ਵਿਚਾਰ ਕਰਨ ਦਾ ਮੌਕਾ ਮਿਲਿਆ। ਜਿੱਥੇ ਉਨ੍ਹਾਂ ਨੇ ਲਤੀਨੀ, ਸੰਸਕ੍ਰਿਤ ਅਤੇ ਯੂਨਾਨੀ ਭਾਸ਼ਾ ਦਾ ਗਿਆਨ ਵੀ ਪ੍ਰਾਪਤ ਕੀਤਾ, ਉੱਥੇ ਉਸ ਨੇ ਅਵਾਜ਼ ਪ੍ਰਤੀ ਬਿਜਲੀ ਦੇ ਸੰਬੰਧ ਵਿੱਚ ਪ੍ਰਯੋਗ ਕੀਤੇ।
ਗ੍ਰਾਹਮ ਬੈੱਲ ਬੋਲ਼ਿਆਂ ਦੇ ਸਕੂਲ ਵਿੱਚ ਅਵਾਜ਼ ਅਤੇ ਫਿੰਗਰ ਭਾਸ਼ਾ ਉੱਤੇ ਕੀਤੇ ਕੰਮ ਦੇ ਆਧਾਰ ’ਤੇ ਸਕੂਲ ਵਿੱਚ ਸਿੱਖਿਆ ਦੇਣ ਵਾਲੇ ਇੰਸਟਰਕਟਰਾਂ ਨੂੰ ਟਰੇਨਿੰਗ ਦੇਣ ਵਿੱਚ ਵੀ ਕਾਮਯਾਬ ਰਿਹਾ। ਉਸ ਨੇ ਬੋਲ਼ੇ ਵਿਦਿਆਰਥੀਆਂ ਨੂੰ ਪੜ੍ਹਾਉਣਾ ਵੀ ਸ਼ੁਰੂ ਕੀਤਾ। ਉਹ ਪਹਿਲਾ ਵਿਗਿਆਨੀ ਅਤੇ ਖੋਜੀ ਹੈ ਜਿਸ ਨੇ 14 ਫਰਵਰੀ 1876 ਨੂੰ ਟੈਲੀਫੋਨ ਦੇ ਅਮਲੀ ਰੂਪ ਵਿੱਚ ਕੰਮ ਕਰਨ ਦੀ ਕਾਢ ਕੱਢੀ। ਇਸ ਤੋਂ ਬਾਅਦ 1888 ਵਿੱਚ ਅਲਮੋਨ ਸਟਰੌਜਰ ਵੱਲੋਂ ਪਹਿਲੀ ਮੈਨੁਅਲ ਟੈਲੀਫੋਨ ਐਕਸਚੇਂਜ ਲਗਾਈ ਗਈ। ਬੇਸ਼ਕ ਇਹ ਮਹਾਨ ਸੰਚਾਰ ਵਿਗਿਆਨੀ ਅਤੇ ਖੋਜੀ 2 ਅਗਸਤ 1922 ਨੂੰ ਇਸ ਦੁਨੀਆਂ ਤੋਂ ਹਮੇਸ਼ਾ ਲਈ ਰੁਖਸਤ ਹੋ ਗਿਆ ਪਰ ਉਨ੍ਹਾਂ ਵੱਲੋਂ ਸ਼ੁਰੂ ਕੀਤੀ ਇਸ ਸੰਚਾਰ ਕ੍ਰਾਂਤੀ ਨੂੰ ਸਮੇਂ ਸਮੇਂ ’ਤੇ ਅਪਗ੍ਰੇਡ ਕੀਤਾ ਗਿਆ, ਜਿਸਦੇ ਚਲਦਿਆਂ 1970 ਤੋਂ 1980 ਦੇ ਵਿਚਾਲੇ ਡਿਜਿਟਲ ਐਕਸਚੇਂਜਾਂ ਦਾ ਦੌਰ ਸ਼ੁਰੂ ਹੋਇਆ ਜਿਨ੍ਹਾਂ ਵਿੱਚ ਕਰੌਸ ਵਾਰ, ਅਤੇ ਈ.ਐੱਸ.ਐੱਸ ਐਕਸਚੇਂਜਾਂ ਮੁੱਖ ਸਨ। ਇਸ ਤੋਂ ਬਾਅਦ ਨਵੀਂ ਤਕਨਾਲੋਜੀ ਵਾਲੀਆਂ ਬਹੁਤ ਸਾਰੀਆਂ ਐਕਸਚੇਂਜਾਂ ਇਜਾਦ ਹੋਈਆਂ ਜਿਨ੍ਹਾਂ ਵਿੱਚ E10 B, C DOT, 5 ESS ਅਦਿ ਮੁੱਖ ਸਨ।
ਇਸ ਤੋਂ ਬਾਅਦ 3 ਅਪਰੈਲ 1973 ਨੂੰ ਦੁਨੀਆਂ ਦਾ ਪਹਿਲਾ ਮੋਬਾਇਲ ਫੋਨ ਇਜਾਦ ਹੋਇਆ ਜਿਸਦਾ ਵਜ਼ਨ ਕਰੀਬ 2 ਕਿਲੋ ਸੀ। ਭਾਰਤ ਵਿੱਚ ਪਹਿਲਾਂ ਮੋਬਾਇਲ ਫੋਨ 21 ਜੁਲਾਈ 1995 ਨੂੰ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਜਿਉਤੀ ਬਾਸੂ ਜੀ ਵੱਲੋਂ ਲਾਂਚ ਕੀਤਾ ਗਿਆ। ਭਾਰਤ ਅਜੇ ਵੀ ਵਿਗਿਆਨ, ਤਕਨਾਲੋਜੀ, ਅਤੇ ਖੋਜਕਾਰੀ ਵਿੱਚ ਵਿਕਾਸਸ਼ੀਲ ਦੇਸ਼ਾਂ ਤੋਂ ਕਾਫੀ ਫਾਡੀ ਰਹਿ ਗਿਆ ਹੈ। ਅੱਜ ਦੇਸ਼ ਨੂੰ ਜ਼ਰੂਰਤ ਹੈ ਕਿ ਆਉਣ ਵਾਲੇ ਭਵਿੱਖ ਲਈ ਅੰਧਵਿਸ਼ਵਾਸੀ ਅਤੇ ਰੂੜ੍ਹੀਵਾਦੀ ਸੋਚ ਤੋਂ ਬਾਹਰ ਨਿਕਲ ਕੇ ਵਿਗਿਆਨਕ, ਨਵੀਂ ਤਕਨਾਲੋਜੀ ਅਤੇ ਖੋਜਕਾਰੀ ਦੇ ਨਵੇਂ ਰਸਤੇ ਖੋਜੇ ਜਾਣ। ਅੱਜ ਦੇਸ਼ ਨੂੰ ਅੰਧਵਿਸ਼ਵਾਸੀ ਸੋਚ ਦੀ ਨਹੀਂ ਬਲਕਿ ਵਿਗਿਆਨਕ ਸੋਚ ਦੀ ਲੋੜ ਹੈ। ਦੇਸ਼ ਦੇ ਆਉਣ ਵਾਲੇ ਭਵਿੱਖ ਨੂੰ ਵਿਗਿਆਨਕ ਅਤੇ ਨਵੀਂ ਤਕਨਾਲੋਜੀ ਦੇ ਰਾਹ ਤੋਰਨਾ ਅਤੇ ਵਿਦਿਆਰਥੀਆਂ ਨੂੰ ਅਜਿਹੇ ਵਿਗਿਆਨੀਆਂ, ਖੋਜਕਾਰਾਂ ਅਤੇ ਵਿਗਿਆਨ ਬਾਰੇ ਜਾਣਕਾਰੀ ਦੇਣ ਵਾਲੇ ਵਿਸ਼ਿਆਂ ਨੂੰ ਪਾਠਕ੍ਰਮਾਂ ਵਿੱਚ ਸ਼ਾਮਿਲ ਕਰਨਾ ਸਮੇਂ ਦੀ ਲੋੜ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4764)
(ਸਰੋਕਾਰ ਨਾਲ ਸੰਪਰਕ ਲਈ: (