HarbhajanSGuraya7ਅਜਿਹੀ ਅਸਮਾਨਤਾ ਵਾਲੀ ਨੀਤੀ ਉੱਪਰ ਚਲਦਿਆਂ ਦੇਸ਼ ਵਿੱਚ ਟਿਕਾਊ ਵਿਕਾਸ ਕਾਇਮ ਨਹੀਂ ਰਹਿ ਸਕਦਾ,ਟਿਕਾਊ ਵਿਕਾਸ ...
(28 ਜਨਵਰੀ 2024)
ਇਸ ਸਮੇਂ ਪਾਠਕ: 535.

 

ਸਾਲ 2023-24 ਵਿੱਚ ਭਾਰਤੀ ਅਰਥਵਿਵਸਥਾ ਦੀ ਵਿਕਾਸ ਦਰ 7.3 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਲਾਇਆ ਗਿਆ ਹੈਸਾਲ 2024 ਦੀਆਂ ਨੇੜੇ ਆ ਰਹੀਆਂ ਚੋਣਾਂ ਵਿੱਚ ਇਸ ਵਿਕਾਸ ਦਰ ਨੂੰ ਸਰਕਾਰ ਬੇਮਿਸਾਲ ਵਾਧੇ ਵਜੋਂ ਦਰਸਾ ਰਹੀ ਹੈਸਰਕਾਰ ਆਪਣੀ ਪਿੱਠ ਆਪ ਹੀ ਪਿੱਠ ਥਪਥਪਾ ਰਹੀ ਹੈ ਅਤੇ ਸ਼ੇਖੀ ਮਾਰ ਰਹੀ ਹੈ ਕਿ ਭਾਰਤ ਦੀ ਅਰਥਵਿਵਸਥਾ ਸਾਲ 2028 ਦੇ ਅੰਤ ਤਕ 5 ਟ੍ਰਿਲੀਅਨ ਡਾਲਰ ਦੀ ਹੋ ਜਾਵੇਗੀ ਅਤੇ ਸਾਲ 2030 ਤਕ ਜਰਮਨੀ ਅਤੇ ਜਪਾਨ ਨੂੰ ਪਛਾੜ ਕੇ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗੀ2047 ਵਿੱਚ ਭਾਰਤ 30 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਨਾਲ ਵਿਕਾਸਸ਼ੀਲ ਦੇਸ਼ ਤੋਂ ਵਿਕਸਿਤ ਦੇਸ਼ ਬਣ ਜਾਵੇਗਾਮੋਦੀ ਸਰਕਾਰ ਵੱਲੋਂ ਦੇਸ਼ ਭਰ ਵਿੱਚ ‘ਵਿਕਸਤ ਭਾਰਤ ਸੰਕਲਪ ਯਤਰਾ’ ਵੀ ਸ਼ੁਰੂ ਕੀਤੀ ਹੋਈ ਹੈ

ਭਾਰਤ ਇੱਕ ਵਿਕਾਸਸ਼ੀਲ ਦੇਸ਼ ਹੈ ਅਤੇ ਮੋਦੀ ਸਰਕਾਰ ਦੇ ਸੱਤਾ ਵਿੱਚ ਆਉਣ ਦੇ ਸਾਲ 2014 ਵਿੱਚ ਭਾਰਤ ਪਹਿਲਾਂ ਹੀ ਦੁਨੀਆਂ ਦੀ ਪੰਜਵੀਂ ਅਰਥਵਿਵਸਥਾ ਸੀ ਅਤੇ ਅੱਜ ਵੀ ਪੰਜਵੀਂ ਅਰਥਵਿਵਸਥਾ ਹੀ ਹੈਮੋਦੀ ਸਰਕਾਰ ਅਧੀਨ ਵੀ ਭਾਰਤ ਨੇ ਵਿਕਾਸਸ਼ੀਲ ਦੇਸ਼ ਵਜੋਂ ਵਿਕਾਸ ਜ਼ਰੂਰ ਕੀਤਾ ਹੈ, ਪਰ ਬੇਮਿਸਾਲ ਵਿਕਾਸ ਨਹੀਂ ਕੀਤਾਸਾਲ 2005-06 ਵਿੱਚ ਭਾਰਤ ਦੀ ਵਿਕਾਸ ਦਰ 9.5 ਪ੍ਰਤੀਸ਼ਤ, ਸਾਲ 2006-07 ਵਿੱਚ 9.6 ਪ੍ਰਤੀਸ਼ਤ, ਸਾਲ 2007-08 ਵਿੱਚ 9.3 ਪ੍ਰਤੀਸ਼ਤ ਰਹੀ ਹੈਯੂ.ਪੀ.ਏ. ਸਰਕਾਰ ਅਧੀਨ 2004 ਤੋਂ 2013-14 ਤਕ ਦੇਸ਼ ਦੀ ਵਿਕਾਸ ਦਰ ਔਸਤਨ 6.8 ਪ੍ਰਤੀਸ਼ਤ ਰਹੀ ਹੈਭਾਜਪਾ ਸਰਕਾਰ ਦੇ ਸਾਲ 2023-24 ਦੇ ਅੰਦਾਜ਼ਨ ਵਿਕਾਸ ਦਰ 7.3 ਪ੍ਰਤੀਸ਼ਤ ਨੂੰ ਮੰਨ ਕੇ ਵੀ ਸਾਲ 2014-15 ਤੋਂ 2023-24 ਤਕ ਔਸਤਨ ਵਿਕਾਸ ਦਰ 5.8 ਪ੍ਰਤੀਸ਼ਤ ਹੀ ਰਹੇਗੀ, ਜੋ ਕਿ ਯੂ.ਪੀ.ਏ. ਸਰਕਾਰ ਦੀ ਵਿਕਾਸ ਦਰ 6.8 ਪ੍ਰਤੀਸ਼ਤ ਤੋਂ ਘੱਟ ਬਣਦੀ ਹੈ

ਜਿੱਥੋਂ ਤਕ ਸਾਲ 2028 ਦੇ ਅੰਤ ਤਕ 5 ਟ੍ਰਿਲੀਅਨ ਅਰਥਵਿਵਸਥਾ ਹੋਣ ਦਾ ਸਵਾਲ ਹੈ, ਜਾਂ 2030 ਤਕ ਦੁਨੀਆਂ ਦੀ ਤੀਜੀ ਅਰਥਵਿਵਸਥਾ ਹੋਣ ਦਾ ਸਵਾਲ ਹੈ, ਇਨ੍ਹਾਂ ਦਾਅਵਿਆਂ ਨੂੰ ਮਾਅਰਕੇ ਵਜੋਂ ਮਹਾਨ ਪ੍ਰਾਪਤੀ ਜਾਂ ਸ਼ੇਖੀ ਵਜੋਂ ਪੇਸ਼ ਕਰਨਾ ਉਚਿਤ ਨਹੀਂ ਹੈਭਾਰਤ ਇੱਕ ਵੱਡਾ ਦੇਸ਼ ਹੈ, ਵਿਸ਼ਵ ਵਿੱਚ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਵੀ ਹੈਇਹ ਵਿਕਾਸ ਦੇ ਵਿਕਾਸਸ਼ੀਲ ਪੜਾਅ ’ਤੇ ਹੈ ਅਤੇ ਇਸਦਾ ਲਗਾਤਾਰ ਵਿਕਾਸ ਕਰਨ ਦਾ ਇਤਿਹਾਸ ਵੀ ਹੈਇਸ ਸੰਦਰਭ ਵਿੱਚ ਭਾਰਤ ਦੀ ਅਰਥਵਿਵਸਥਾ ਦਾ ਉਸ ਤੋਂ ਛੋਟੇ ਦੇਸ਼ਾਂ ਦੀ ਅਰਥਵਿਵਸਥਾ ਤੋਂ ਵੱਡੀ ਹੋਣ ਦੀ ਸੰਭਾਵਨਾ ਹੈਆਰਥਿਕਤਾ ਦੇ ਵਿਕਾਸ ਵਿੱਚ ਇਹ ਵੀ ਇੱਕ ਮਹੱਤਵਪੂਰਨ ਪਹਿਲੂ ਹੁੰਦਾ ਹੈ ਕਿ ਜਦੋਂ ਦੁਨੀਆਂ ਦੀਆਂ ਵਿਕਸਿਤ ਅਰਥਵਿਵਸਥਾਵਾਂ ਵਿਕਾਸ ਦੇ ਪਰਿਪੱਕ ਪੜਾਅ (Mature Stage) ’ਤੇ ਪਹੁੰਚ ਜਾਂਦੀਆਂ ਹਨ ਤਾਂ ਉਸ ਪੜਾਅ ’ਤੇ ਉਨ੍ਹਾਂ ਦੀ ਵਿਕਾਸ ਦਰ ਮੁਕਾਬਲਤਨ ਘੱਟ ਹੁੰਦੀ ਹੈ ਕਿਉਂਕਿ ਉਤਪਾਦ ਦੀ ਵਿਕਰੀ ਆਪਣੀ ਸਿਖਰ ’ਤੇ ਪਹੁੰਚ ਜਾਂਦੀ ਹੈ ਅਤੇ ਵਿਕਰੀ ਮਾਤਰਾ ਵਿੱਚ ਵਾਧਾ ਰੁਕ ਜਾਂਦਾ ਹੈਇੱਕ ਵੱਡੀ ਅਰਥਵਿਵਸਥਾ ਹੋਣ ਦੇ ਨਾਤੇ ਜੇਕਰ ਭਾਰਤ ਤੇਜ਼ੀ ਨਾਲ ਵਿਕਾਸ ਕਰਦਾ ਹੈ ਤਾਂ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਕਿ ਘੱਟੋ ਘੱਟ ਜੀ.ਡੀ.ਪੀ. ਦੇ ਅੰਕੜਿਆਂ ਦੇ ਮਾਮਲੇ ਵਿੱਚ ਉਹ ਬਹੁਤ ਸਾਰੇ ਵਿਕਸਿਤ ਦੇਸ਼ਾਂ ਦੇ ਜੀ.ਡੀ.ਪੀ. ਦੇ ਅੰਕੜਿਆਂ ਤੋਂ ਅੱਗੇ ਨਿਕਲ ਜਾਵੇਜੇ 7, 8 ਸਾਲ ਦੇਸ਼ ਦੀ ਇਹੀ ਵਿਕਾਸ ਦਰ ਜਾਰੀ ਰਹਿੰਦੀ ਹੈ ਤਾਂ ਭਾਰਤ ਜਰਮਨੀ ਅਤੇ ਜਾਪਾਨ ਨੂੰ ਪਛਾੜ ਕੇ ਦੁਨੀਆਂ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਸਕਦਾ ਹੈਉਂਜ ਇਹ ਟੀਚਾ ਧਾਰਨਾਵਾਂ ਅਤੇ ਪੂਰਵ ਅਨੁਮਾਨਾਂ ਉੱਪਰ ਅਧਾਰਿਤ ਹੈ ਜੋ ਆਉਣ ਵਾਲੇ ਸਾਲਾਂ ਵਿੱਚ ਦੇਸ਼ ਨੇ ਪੂਰੇ ਕਰਨੇ ਹਨਇਨ੍ਹਾਂ ਦੇ ਪੂਰੇ ਹੋਣ ਬਾਰੇ ਵੀ ਬਹੁਤ ਸਾਰੇ ਸੰਦੇਹ ਹਨ, ਕਿਉਂਕਿ ਭਾਰਤ ਵਿੱਚ ਨਿੱਜੀ ਨਿਵੇਸ਼ ਵਿਕਾਸ ਦੀ ਉਮੀਦ ਅਨੁਸਾਰ ਨਹੀਂ ਵਧ ਰਿਹਾਉੱਚ ਆਰਥਿਕ ਅਸਮਾਨਤਾ ਦੇ ਕਾਰਣ ਖਪਤ ਖਰਚਿਆਂ ਵਿੱਚ ਵਾਧਾ ਗਤੀ ਵੀ ਘੱਟ ਹੈ

ਸਾਲ 2028 ਤਕ ਭਾਰਤ ਦੀ ਅਰਥਵਿਵਸਥਾ ਨੂੰ 5 ਟ੍ਰਿਲੀਅਨ ਡਾਲਰ ਹੋਣ ਦੀ ਮਹਾਨ ਪ੍ਰਾਪਤੀ ਵਜੋਂ ਪੇਸ਼ ਕਰਨਾ ਲੋਕਾਂ ਨੂੰ ਬਹੁਤ ਹੀ ਗੈਰ ਜਾਣਕਾਰ ਸਮਝਦੇ ਹੋਏ ਉਨ੍ਹਾਂ ਨੂੰ ਗੁਮਰਾਹ ਕਰਨਾ ਹੈਉਂਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2018 ਵਿੱਚ ਵੀ ਸਾਲ 2025 ਤਕ ਦੇਸ਼ ਦੀ ਅਰਥਵਿਵਸਥਾ 5 ਟ੍ਰਿਲੀਅਨ ਡਾਲਰ ਬਣਨ ਦਾ ਦਾਅਵਾ ਕੀਤਾ ਸੀ, ਪਰ ਕਿਉਂ ਨਹੀਂ ਬਣ ਸਕੀ, ਉਸ ਲਈ ਸਰਕਾਰ ਦੀਆਂ ਨੀਤੀਆਂ ਹੀ ਜ਼ਿੰਮੇਵਾਰ ਹਨਜੇ ਮੋਦੀ ਸਰਕਾਰ ਦੇ ਸੱਤਾ ਵਿੱਚ ਆਉਣ ਦੇ ਸਾਲ 2014 ਤੋਂ ਪਹਿਲਾਂ ਦੀ ਗਤੀ ਅਨੁਸਾਰ ਆਰਥਿਕ ਵਿਕਾਸ ਜਾਰੀ ਰਹਿੰਦਾ ਤਾਂ 5 ਟ੍ਰਿਲੀਅਨ ਦੀ ਅਰਥਵਿਵਸਥਾ 2024 ਤਕ ਬਣੀ ਹੋਣੀ ਚਾਹੀਦੀ ਸੀਇਸ ਨੂੰ ਸੌਖਿਆ ਹੀ ਜੀ.ਡੀ.ਪੀ. (ਕੁੱਲ ਘਰੇਲੂ ਪੈਦਾਵਾਰ) ਦੇ ਅੰਕੜਿਆਂ ਰਾਹੀਂ ਸਮਝਿਆ ਜਾ ਸਕਦਾ ਹੈ2004 ਵਿੱਚ ਭਾਰਤ ਦੀ ਅਰਥਵਿਵਸਥਾ 0.70 ਟ੍ਰਿਲੀਅਨ ਡਾਲਰ ਦੀ ਸੀ ਅਤੇ 2009 ਵਿੱਚ ਇਹ ਵਧਕੇ 1.34 ਟ੍ਰਿਲੀਅਨ ਡਾਲਰ ਦੀ ਹੋ ਗਈ ਸੀਭਾਵ ਪੰਜਾਂ ਸਾਲਾਂ ਬਾਅਦ ਅਰਥਵਿਵਸਥਾ ਵਿੱਚ ਲਗਭਗ ਦੁੱਗਣਾ ਵਾਧਾ ਹੋ ਗਿਆਸਾਲ 2007 ਵਿੱਚ ਭਾਰਤ ਦੀ ਅਰਥਵਿਵਸਥਾ 1 ਟ੍ਰਿਲੀਅਨ ਦੀ ਸੀ ਅਤੇ 7 ਸਾਲ ਬਾਅਦ ਸਾਲ 2014 ਵਿੱਚ ਇਹ ਵਧਕੇ 2.039 ਟ੍ਰਿਲੀਅਨ ਡਾਲਰ ਦੀ ਹੋ ਗਈਜੇਕਰ ਅਸੀਂ 5 ਸਾਲ ਅਤੇ 7 ਸਾਲ ਦੀ ਥਾਂ 8 ਸਾਲ ਨੂੰ ਹੀ ਵਾਧੇ ਦਾ ਆਧਾਰ ਮੰਨ ਲਈਏ ਤਾਂ ਭਾਰਤ ਦੀ ਅਰਥਵਿਵਸਥਾ 2022 ਵਿੱਚ 4.08 ਟ੍ਰਿਲੀਅਨ ਡਾਲਰ ਦੀ ਹੋਣੀ ਚਾਹੀਦੀ ਸੀ ਜੋ ਕਿ 3.385 ਟ੍ਰਿਲੀਅਨ ਡਾਲਰ ਦੀ ਰਹੀ ਹੈ2028 ਵਿੱਚ 7 ਟ੍ਰਿਲੀਅਨ ਡਾਲਰ ਤੋਂ ਉੱਪਰ ਦੀ ਅਰਥਵਿਵਸਥਾ ਹੋਣੀ ਚਾਹੀਦੀ ਹੈ, ਜਿਸ ਨੂੰ 2028 ਤਕ 5 ਟ੍ਰਿਲੀਅਨ ਡਾਲਰ ਦੀ ਬਣਾਉਣ ਬਾਰੇ ਅਜੇ ਦਾਅਵੇ ਠੋਕੇ ਜਾ ਰਹੇ ਹਨ, ਜੋ ਬਹੁਤ ਹੀ ਸੌਖਾ ਟੀਚਾ ਹੈਇਸੇ ਤਰ੍ਹਾਂ ਹੀ 2047 ਤਕ 30 ਟ੍ਰਿਲੀਅਨ ਦਾ ਟੀਚਾ ਸੌਖਿਆਂ ਹੀ ਪ੍ਰਾਪਤ ਕਰਨ ਯੋਗ ਹੈਇਸ ਉੱਪਰ ਸ਼ੇਖੀ ਮਾਰਨੀ ਢੁਕਵੀਂ ਨਹੀਂ ਹੈਚੀਨ ਅਤੇ ਭਾਰਤ ਲਗਭਗ ਇੱਕੋ ਜਿਹੇ ਦੇਸ਼ ਹਨ ਲਗਭਗ ਇੱਕੋ ਸਮੇਂ ਆਜ਼ਾਦ ਹੋਏ ਸਨਦੋਵੇਂ ਦੇਸ਼ ਆਬਾਦੀ ਦੇ ਪੱਖ ਤੋਂ ਵੀ ਸਮਾਨ ਹਨਦੋਵੇਂ ਦੇਸ਼ ਵਿਕਾਸਸ਼ੀਲ ਦੇਸ਼ ਦੀ ਸ਼੍ਰੇਣੀ ਵਿੱਚ ਆਉਂਦੇ ਹਨ1987 ਵਿੱਚ ਦੋਵੇਂ ਦੇਸ਼ਾਂ ਦੀ ਜੀ.ਡੀ.ਪੀ. ਸਮਾਨ ਸੀ2022 ਵਿੱਚ ਚੀਨ ਦੀ ਜੀ.ਡੀ.ਪੀ. 18.46 ਟ੍ਰਿਲੀਅਨ ਡਾਲਰ ਸੀ2023 ਵਿੱਚ 19.56 ਟ੍ਰਿਲੀਅਨ ਡਾਲਰ ਹੋਣ ਦਾ ਅਨੁਮਾਨ ਹੈਇਸ ਤਰ੍ਹਾਂ ਚੀਨ ਦੀ ਆਰਥਿਕਤਾ ਭਾਰਤ ਨਾਲੋਂ 5.5 ਗੁਣਾ ਵੱਧ ਹੈ

ਮੋਦੀ ਸਰਕਾਰ ਆਪਣੀ ਕਾਰਗੁਜ਼ਾਰੀ ਨੂੰ ਆਰਥਿਕ ਵਿਕਾਸ ਦੇ ਇੱਕੋ ਇੱਕ ਜੀ.ਡੀ.ਪੀ. ਦੇ ਮਾਪਦੰਡ ਵਜੋਂ ਦਿਖਾਉਣਾ ਚਾਹੁੰਦੀ ਹੈਆਰਥਿਕ ਵਿਕਾਸ ਸੰਬੰਧੀ ਜੀ.ਡੀ.ਪੀ. ਵਿੱਚ ਭਵਿੱਖੀ ਦਾਅਵੇ ਦਿਖਾਕੇ ਆਰਥਿਕ ਵਿਕਾਸ ਦੇ ਹੋਰ ਮਾਪਦੰਡਾਂ ਅਤੇ ਸਰਕਾਰ ਦੀ ਨਿਰਾਸ਼ਾਜਨਕ ਕਾਰਗੁਜ਼ਾਰੀ ਉੱਪਰ ਪਰਦਾ ਪਾਉਣਾ ਚਾਹੁੰਦੀ ਹੈਸਰਕਾਰ ਵੱਲੋਂ ਜੋ ਇੱਕੋ ਇੱਕ ਮਾਪਦੰਡ ਵਿਖਾਇਆ ਜਾ ਰਿਹਾ ਹੈ, ਉਹ ਮਾਪਦੰਡ ਵੀ ਨਾਮੀਨਲ ਜੀ.ਡੀ.ਪੀ. ਦੇ ਅਧਾਰ ’ਤੇ ਹੈ ਨਾ ਕਿ ਅਸਲ ਜੀ.ਡੀ.ਪੀ. ਦੇ ਅਧਾਰ ’ਤੇ ਹੈਭਾਵ ਮੌਜੂਦਾ ਕੀਮਤਾਂ ਦੇ ਅਧਾਰ ’ਤੇ ਹੈਜੇਕਰ ਮਹਿੰਗਾਈ ਨੂੰ ਅਡਜੈਸਟ ਕਰਕੇ ਅਸਲ ਜੀ.ਡੀ.ਪੀ. ਨੂੰ ਵੇਖਿਆ ਜਾਵੇ ਤਾਂ ਮੋਦੀ ਸਰਕਾਰ ਵੱਲੋਂ ਵਿਖਾਇਆ ਵਿਕਾਸ ਬਹੁਤ ਹੀ ਘਟ ਜਾਵੇਗਾ

ਦੇਸ਼ ਦੇ ਵਿਕਾਸ ਨੂੰ ਮਾਪਣ ਲਈ ਪ੍ਰਤੀ ਵਿਅਕਤੀ ਆਮਦਨ ਵੀ ਇੱਕ ਹੋਰ ਮਾਪਦੰਡ ਹੈ ਜੋ ਦੇਸ਼ ਦੀ ਕੁੱਲ ਘਰੇਲੂ ਪੈਦਾਵਾਰ (ਜੀ.ਡੀ.ਪੀ.) ਨੂੰ ਕੁੱਲ ਆਬਾਦੀ ਨਾਲ ਵੰਡਣ ਰਾਹੀਂ ਹਾਸਲ ਹੁੰਦੀ ਹੈਇੱਕ ਸਾਲ ਵਿੱਚ ਪ੍ਰਤੀ ਵਿਅਕਤੀ ਆਮਦਨ ਦੇਸ਼ ਦੀ ਔਸਤ ਆਮਦਨ ਨੂੰ ਦਰਸਾਉਂਦੀ ਹੈ2023 ਵਿੱਚ ਭਾਰਤ ਦੀ ਪ੍ਰਤੀ ਵਿਅਕਤੀ ਆਮਦਨ 2612 ਡਾਲਰ ਹੈਵਿਸ਼ਵ ਦੇ 195 ਦੇਸ਼ਾਂ ਦੀ ਸੂਚੀ ਵਿੱਚੋਂ ਭਾਰਤ ਦਾ ਸਥਾਨ 143 ਵਾਂ ਹੈਅਮਰੀਕਾ ਦੀ ਪ੍ਰਤੀ ਵਿਅਕਤੀ ਆਮਦਨ ਭਾਰਤ ਨਾਲੋਂ 30 ਗੁਣਾ ਵੱਧ ਹੈ, ਜਾਪਾਨ ਦੀ 17 ਗੁਣਾ, ਜਰਮਨੀ ਦੀ 21 ਗੁਣਾ, ਚੀਨ ਦੀ 5.5 ਗੁਣਾ ਵੱਧ ਹੈਏਸ਼ੀਆ ਦੇ ਦੇਸਾਂ ਵਿੱਚੋਂ ਵੀ ਭਾਰਤ ਦਾ ਸਥਾਨ 33ਵਾਂ ਹੈਸਿੰਗਾਪੁਰ ਵਰਗੇ ਛੋਟੇ ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ ਭਾਰਤ ਦੇ ਮੁਕਾਬਲੇ 32 ਗੁਣਾ ਵੱਧ ਹੈਇੰਡੋਨੇਸ਼ੀਆ, ਜੋ ਭਾਰਤ ਵਾਂਗ ਜ਼ਿਆਦਾ ਆਬਾਦੀ ਵਾਲਾ ਦੇਸ਼ ਹੈ, ਉਸ ਦੀ ਪ੍ਰਤੀ ਵਿਅਕਤੀ ਆਮਦਨ ਭਾਰਤ ਤੋਂ ਉੱਪਰ 3800 ਡਾਲਰ ਹੈ

ਇਹ ਤੱਥ ਦੱਸਦੇ ਹਨ ਕਿ ਔਸਤ ਆਮਦਨ ਦੇ ਹਿਸਾਬ ਨਾਲ ਦੁਨੀਆਂ ਦੇ ਬਹੁਤੇ ਦੇਸ਼ ਭਾਰਤ ਨਾਲੋਂ ਬਿਹਤਰ ਸਥਿਤੀ ਵਿੱਚ ਹਨਇਸ ਤੱਥ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਾਰਤ ਸਮੇਤ ਇਨ੍ਹਾਂ ਦੇਸ਼ਾਂ ਦੀ ਵੱਡੀ ਗਿਣਤੀ, ਖਾਸ ਕਰਕੇ ਗਰੀਬ ਲੋਕ ਔਸਤ ਆਮਦਨ ਨਾਲੋਂ ਵੀ ਘੱਟ ਕਮਾਈ ਕਰ ਰਹੇ ਹਨਇਸ ਪੱਖ ਤੋਂ ਭਾਰਤ ਦੀ ਦਸ਼ਾ ਬਹੁਤ ਖਰਾਬ ਹੈਭਾਰਤ ਦੇ 60 ਪ੍ਰਤੀਸ਼ਤ ਲੋਕਾਂ ਦੀ ਆਮਦਨ ਭਾਰਤ ਦੀ ਔਸਤ ਆਮਦਨ ਤੋਂ ਘੱਟ ਹੈਇਸ ਵਿੱਚ 22 ਕਰੋੜ ਉਹ ਲੋਕ ਹਨ, ਜੋ ਗਰੀਬੀ ਦੇ ਪੱਧਰ ਤੋਂ ਹੇਠਾਂ ਰਹਿ ਰਹੇ ਹਨਭਾਰਤ ਇੱਕ ਅਸਮਾਨ ਦੇਸ਼ ਭਾਵ ਆਮਦਨ ਅਤੇ ਦੌਲਤ ਵਿੱਚ ਵੱਡੇ ਪਾੜੇ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ, ਜਿਸਦੇ ਇੱਕ ਪ੍ਰਤੀਸ਼ਤ ਅਮੀਰਾਂ ਕੋਲ ਸਾਡੇ ਦੇਸ਼ ਦੀ ਆਮਦਨ ਦਾ 22 ਪ੍ਰਤੀਸ਼ਤ ਹਿੱਸਾ ਜਾਂਦਾ ਹੈ ਅਤੇ ਉਹ ਦੇਸ਼ ਦੀ 41 ਪ੍ਰਤੀਸ਼ਤ ਦੌਲਤ ਦੇ ਮਾਲਕ ਹਨ, ਜਦੋਂ ਕਿ ਹੇਠਲੇ 50 ਪ੍ਰਤੀਸ਼ਤ ਕੋਲ ਰਾਸ਼ਟਰੀ ਆਮਦਨ ਦਾ ਸਿਰਫ 13 ਪ੍ਰਤੀਸ਼ਤ ਹਿੱਸਾ ਜਾਂਦਾ ਹੈ ਅਤੇ ਉਹ ਦੇਸ਼ ਦੀ 3 ਪ੍ਰਤੀਸ਼ਤ ਦੌਲਤ ਦੇ ਹੀ ਮਾਲਕ ਹਨਇਸ ਤਰ੍ਹਾਂ ਉੱਪਰਲਾ ਅਮੀਰ ਹਿੱਸਾ, ਜਿਸ ਨੂੰ ਅਮੀਰ ਭਾਰਤ ਕਿਹਾ ਜਾਂਦਾ ਹੈ, ਦੀ ਤਰੱਕੀ ਨਾਲ ਹੀ ਦੇਸ਼ ਦੀ ਤਰੱਕੀ ਨੂੰ ਮਾਪਿਆ ਜਾ ਰਿਹਾ ਹੈ ਅਤੇ ਇਸ ਤਬਕੇ ਦੇ ਬਲਬੂਤੇ ਹੀ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦੇ ਸੁਪਨੇ ਲਏ ਜਾ ਰਹੇ ਹਨਇਸ ਅਵਸਥਾ ਦੇ ਚਲਦਿਆਂ ਭਾਰਤ ਭਾਵੇਂ ਜਲਦੀ ਹੀ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣ ਜਾਵੇ, ਦੁਨੀਆਂ ਦੀ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਬਣ ਜਾਵੇ, ਆਬਾਦੀ ਦੇ ਵੱਡੇ ਹਿੱਸੇ ਦੇ ਅਸਲ ਜੀਵਨ ਵਿੱਚ ਕੋਈ ਫਰਕ ਨਹੀਂ ਪਵੇਗਾ80 ਕਰੋੜ ਭਾਰਤੀ ਅਜੇ ਵੀ ਭੁੱਖਮਰੀ ਨੂੰ ਦੂਰ ਕਰਨ ਲਈ ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ ਦੇ ਤਹਿਤ ਅਨਾਜ ਪ੍ਰਾਪਤ ਕਰ ਰਹੇ ਹਨਭਾਰਤ ਦਾ 2023 ਦੇ ਵਿਸ਼ਵ ਭੁੱਖਮਰੀ ਅੰਕੜੇ ਵਿੱਚ 125 ਦੇਸ਼ਾਂ ਵਿੱਚੋਂ 111 ਸਥਾਨ ਹੈ ਜਦੋਂ ਕਿ ਸਾਲ 2022 ਵਿੱਚ 107ਵਾਂ ਸਥਾਨ ਸੀਇਹ ਦੇਸ਼ ਦੇ ਉੱਚ ਵਿਕਾਸ ਦੇ ਬਾਵਜੂਦ ਦੇਸ਼ ਦੀ ਮਾੜੀ ਸਥਿਤੀ ਨੂੰ ਦਰਾਸਾਉਦਾ ਹੈ, ਵਿਕਾਸ ਦਾ ਲਾਭ ਆਬਾਦੀ ਦੇ ਵੱਡੇ ਹਿੱਸੇ ਤਕ ਪਹੁੰਚਣ ਦੀ ਬਜਾਏ ਆਬਾਦੀ ਦੇ ਉੱਪਰਲੇ ਹਿੱਸੇ ਵੱਲ ਹੀ ਜਾ ਰਿਹਾ ਹੈ

ਦੇਸ਼ ਦੀ ਪ੍ਰਗਤੀ ਨੂੰ ਬੇਰੁਜ਼ਗਾਰੀ ਦੇ ਪੱਧਰ ਨਾਲ ਵੀ ਮਾਪਿਆ ਜਾਂਦਾ ਹੈਦੇਸ਼ ਵਿੱਚ ਇਸ ਵੇਲੇ ਬੇਰੁਜ਼ਗਾਰੀ ਦੀ ਦਰ 10 ਪ੍ਰਤੀਸ਼ਤ ਹੈ ਅਤੇ 25 ਸਾਲ ਦੇ ਗ੍ਰੈਜੂਏਟ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦੀ ਦਰ 42 ਪ੍ਰਤੀਸ਼ਤ ਹੈਭਾਰਤ ਵਿੱਚ ਮੁਸ਼ਕਲ ਨਾਲ 7 ਪ੍ਰਤੀਸ਼ਤ ਕਾਮੇ ਸੰਗਠਿਤ ਖੇਤਰ ਵਿੱਚ ਕੰਮ ਕਰਦੇ ਹਨ ਅਤੇ 93 ਪ੍ਰਤੀਸ਼ਤ ਅਸੰਗਠਿਤ ਖੇਤਰ ਵਿੱਚ ਕੰਮ ਕਰਦੇ ਹਨ ਜੋ ਹਮੇਸ਼ਾ ਨੌਕਰੀ ਖੁਸਣ ਦੇ ਮਾਹੌਲ ਵਿੱਚ ਬਹੁਤ ਹੀ ਘੱਟ ਤਨਖਾਹਾਂ ਉੱਪਰ ਕੰਮ ਕਰਨ ਲਈ ਮਜਬੂਰ ਹਨਇਸ ਵੇਲੇ ਭਾਰਤ ਕੋਲ ਸਭ ਤੋਂ ਜ਼ਿਆਦਾ ਗਿਣਤੀ ਅਤੇ ਪ੍ਰਤੀਸ਼ਤ ਵਿੱਚ ਨੌਜਵਾਨ ਜਨ ਸੰਖਿਆ ਹੈ ਅਤੇ 2050 ਤਕ ਭਾਰਤ ਦੀ ਔਸਤ ਉਮਰ 38 ਸਾਲ ਤਕ ਰਹੇਗੀਇਸ ਸੁਨਹਿਰੀ ਅਵਸਰ ਦਾ ਲਾਭ ਜੇ ਕਾਰਪੋਰੇਟ ਘਰਾਣਿਆਂ ਸਮੇਤ ਉੱਪਰਲੇ 10 ਪ੍ਰਤੀਸ਼ਤ, ਖਾਸ ਤੌਰ ’ਤੇ 1 ਪ੍ਰਤੀਸ਼ਤ ਨੂੰ ਹੀ ਦੇਣ ਦੀ ਸੇਧ ’ਤੇ ਚੱਲਿਆ ਜਾਂਦਾ ਹੈ ਤਾਂ ਇਹ ਭਾਰਤ ਦੀ ਵੱਡੀ ਗਿਣਤੀ ਨਾਲ ਬੇਇਨਸਾਫੀ ਹੋਵੇਗੀਉਂਜ ਅਜਿਹੀ ਅਸਮਾਨਤਾ ਵਾਲੀ ਨੀਤੀ ਉੱਪਰ ਚਲਦਿਆਂ ਦੇਸ਼ ਵਿੱਚ ਟਿਕਾਊ ਵਿਕਾਸ ਕਾਇਮ ਨਹੀਂ ਰਹਿ ਸਕਦਾ, ਟਿਕਾਊ ਵਿਕਾਸ ਲਈ ਸਮਾਜ ਦੇ ਸਾਰੇ ਹਿੱਸਿਆਂ ਨੂੰ ਸ਼ਾਮਲ ਕਰਨ ਦੀ ਵੀ ਲੋੜ ਹੁੰਦੀ ਹੈ, ਉਨ੍ਹਾਂ ਤਕ ਮਨੁੱਖੀ ਵਿਕਾਸ ਦੇ ਉੱਚੇ ਮਿਆਰਾਂ ਵਾਲੇ ਲਾਭ ਵੀ ਪੁੱਜਦੇ ਕਰਨੇ ਹੁੰਦੇ ਹਨਦੇਸ ਦੇ ਵਿਕਾਸ ਰਾਹੀਂ ਹਾਸਲ ਹੋਇਆ ਆਮਦਨ ਦਾ ਪੱਧਰ ਸਮਾਜੀ ਕਲਿਆਣ ਦੇ ਪੱਧਰ ਨੂੰ ਉੱਚਾ ਕਰਨ ਵਾਲਾ ਹੋਣਾ ਚਾਹੀਦਾ ਹੈਭਾਵ ਸਿੱਖਿਆ, ਸਿਹਤ, ਪੋਸਣ ਵਿੱਚ ਸੁਧਾਰ ਨੂੰ ਦਰਸਾਉਣ ਵਾਲਾ ਹੋਣਾ ਚਾਹੀਦਾ ਹੈਇਸ ਪ੍ਰਗਤੀ ਨੂੰ ਅਸੀਂ ਮਨੁੱਖੀ ਵਿਕਾਸ ਸੂਚਿਕ ਅੰਕ (49) ਰਾਹੀਂ ਪਗਟ ਕਰਦੇ ਹਾਂਮਨੁੱਖੀ ਵਿਕਾਸ ਅੰਕ ਦੇ ਮਾਮਲੇ ਵਿੱਚ ਵੀ ਦੁਨੀਆਂ ਦੇ 191 ਦੇਸ਼ਾਂ ਵਿੱਚੋਂ ਭਾਰਤ .633 ਦੇ ਅੰਕਾਂ ਨਾਲ 132ਵੇਂ ਸਥਾਨ ਉੱਪਰ ਹੈਜਪਾਨ ਅਤੇ ਜਰਮਨੀ, ਜਿਨ੍ਹਾਂ ਨੂੰ ਆਰਥਿਕ ਵਿਕਾਸ ਦੇ ਪੱਖ ਤੋਂ ਭਾਰਤ ਪਿਛਾੜਨਾ ਚਾਹੁੰਦਾ ਹੈ, ਉਨ੍ਹਾਂ ਦੇ ਕ੍ਰਮਵਾਰ ਅੰਕ .925 ਅਤੇ .942 ਹਨਉਹ ਇਸ ਪੱਖ ਤੋਂ ਭਾਰਤ ਨਾਲੋਂ ਬਹੁਤ ਅੱਗੇ ਹਨ

ਮੁੱਕਦੀ ਗੱਲ ਇਹ ਹੈ ਕਿ ਉੱਚ ਪ੍ਰਤੀ ਵਿਅਕਤੀ ਆਮਦਨ, ਉੱਚ ਮਨੁੱਖੀ ਵਿਕਾਸ ਅੰਕ, ਚੰਗਾ ਅਤੇ ਪੂਰਾ ਰੁਜ਼ਗਾਰ, ਆਰਥਿਕ ਅਸਮਾਨਤਾ ਵਿੱਚ ਕਮੀ, ਜ਼ਿਆਦਾਤਰ ਆਬਾਦੀ ਨੂੰ ਸਿੱਖਿਆ, ਸਿਹਤ ਸੰਭਾਲ, ਅਤੇ ਉੱਚ ਪੱਧਰ ਦਾ ਜੀਵਨ ਪ੍ਰਦਾਨ ਕਰਨ ਤੋਂ ਬਿਨਾਂ ਦੇਸ਼ ਦੀ ਆਬਾਦੀ ਦੇ ਵੱਡੇ ਹਿੱਸੇ ਲਈ ਵਿਕਾਸ ਦਾ ਕੋਈ ਅਰਥ ਨਹੀਂ ਹੁੰਦਾਅਜਿਹੇ ਲਾਭ ਪ੍ਰਦਾਨ ਕਰਨ ਤੋਂ ਬਿਨਾਂ ਨਾ ਦੇਸ਼ ਦਾ ਵਿਕਾਸ ਟਿਕ ਸਕੇਗਾ ਅਤੇ ਨਾ ਹੀ ਦੇਸ਼ ਵਿਕਸਿਤ ਭਾਰਤ ਦੀ ਸ਼੍ਰੇਣੀ ਵਿੱਚ ਸ਼ਾਮਲ ਹੋ ਸਕੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4676)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਹਰਭਜਨ ਸਿੰਘ ਗੁਰਾਇਆ

ਹਰਭਜਨ ਸਿੰਘ ਗੁਰਾਇਆ

WhatsApp: (91 - 96460 - 01023)
Email: (harbhajanguraya@gmail.com)