AtamjitDr7ਇਸ ਵਾਰਤਕ ਦਾ ਇੱਕ ਮੰਤਵ ਜ਼ਿੰਦਗੀ ਦੇ ਰਹੱਸ ਨੂੰ ਲੋਕ-ਪੱਧਰ ਉੱਤੇ ਸਮਝਣਾ-ਸਮਝਾਉਣਾ ...”DhuggaGurpreetBook 40Days
(31 ਦਸੰਬਰ 2023)
ਇਸ ਸਮੇਂ ਪਾਠਕ: 362.


DhuggaGurpreetBook 40Daysਮੇਰਾ ਵਹਿਮਾਂ-ਭਰਮਾਂ ਵਿੱਚ ਕੋਈ ਵਿਸ਼ਵਾਸ ਨਹੀਂ ਪਰ ਇੰਨਾ ਕੁ ਜ਼ਰੂਰ ਜਾਣਦਾ ਹਾਂ ਕਿ ਵਹਿਮ-ਭਰਮ ਬਣਨ ਤੋਂ ਪਹਿਲਾਂ ਉਨ੍ਹਾਂ ਵਿਚਾਰਾਂ ਦਾ ਸਿੱਧਾ ਜਾਂ ਅਸਿੱਧਾ ਵਿਗਿਆਨਕ ਆਧਾਰ ਜ਼ਰੂਰ ਹੁੰਦਾ ਹੈ
ਅਸੀਂ ਬਹੁਤੀ ਵਾਰ ਆਧਾਰ ਨੂੰ ਪਰ੍ਹਾਂ ਧੱਕ ਕੇ ਉਸ ਦਵਾਲੇ ਅੰਧ-ਵਿਸ਼ਵਾਸ ਦੀਆਂ ਦੀਵਾਰਾਂ ਖੜ੍ਹੀਆਂ ਕਰ ਲੈਂਦੇ ਹਾਂ ਅਤੇ ਆਪ ਘਿਰ ਜਾਂਦੇ ਹਾਂਚਾਲੀ ਦਿਨਾਂ ਦਾ ਇਹ ਖ਼ਿਆਲ ਬਚਪਨ ਤੋਂ ਮੇਰੇ ਅੰਗ-ਸੰਗ ਹੈ ਕਿਉਂਕਿ ਮੈਂ ਅਮ੍ਰਿਤਸਰ ਦੇ ਗੁਰਦਵਾਰਾ ਸ਼ਹੀਦਾਂ ਵਿੱਚ ਸੁੱਖੇ ਜਾਂਦੇ ਚਲੀਏ ਅਤੇ ਉਸ ਨਾਲ ਜੁੜੇ ਭਰਮਾਂ ਤੋਂ ਭਲੀ-ਭਾਂਤ ਜਾਣੂ ਹਾਂ ਫਿਰ ਸਕੂਲ ਤੇ ਕਾਲਿਜ ਨੇ ਚਿਲਾ ਜਾਂ ਛਿਲਾ ਸ਼ਬਦ ਦੀ ਬਹੁਤ ਯਾਤਰਾ ਕਰਵਾਈਡਾਕਟਰ ਧੁੱਗਾ ਨਾਲ ਗੱਲ ਹੋਈ ਤਾਂ ਉਸ ਨੇ ਵੀ ਇਸ ਵਿਚਾਰ ਦੇ ਲਗਭਗ ਸਰਵ-ਵਿਆਪਕ ਹੋਣ ਦਾ ਚਰਚਾ ਕੀਤਾਪਰ ਹੁਣ ਜਦੋਂ ਮੈਂ ‘ਚਾਲੀ ਦਿਨ’ ਦੀ ਮੈਡੀਕਲ ਪਿੱਠਭੂਮੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤਾਂ ਹੋਰ ਵੀ ਮਹੱਤਵਪੂਰਨ ਜਾਣਕਾਰੀ ਮਿਲ ਰਹੀ ਹੈ

ਕਰੋਨਾ ਦੇ ਦਿਨਾਂ ਵਿੱਚ ਪ੍ਰਚਲਿਤ ਹੋਇਆ ਕੁਆਰਨਟਾਈਨ ਅੱਜਕਲ ਸਾਡਾ ਜਾਣਿਆ-ਪਛਾਣਿਆ ਸ਼ਬਦ ਹੈਜਦੋਂ ਮੱਧਕਾਲ ਦੌਰਾਨ ਯੂਰਪ ਵਿੱਚ ਬਿਊਬੌਨਿਕ ਪਲੇਗ ਫੈਲੀ ਤਾਂ ਬਾਹਰੋਂ ਆਉਣ ਵਾਲੇ ਸਮੁੰਦਰੀ ਬੇੜਿਆਂ ਨੂੰ ਬੰਦਰਗਾਹ ਉੱਤੇ ਇੱਕ ਅਲਹਿਦਾ ਜਗ੍ਹਾ ’ਤੇ ਖੜ੍ਹਾ ਕੀਤਾ ਜਾਂਦਾ ਸੀਸ਼ਬਦ ਕੁਆਰਨਟਾਈਨ ਉਸ ਸਮੇਂ ਵੀ ਵਰਤਿਆ ਗਿਆ ਸੀਇਹ ਇਟਲੀ ਦੀ ਇੱਕ ਬੋਲੀ ਦੇ ਦੋ ਸ਼ਬਦਾਂ ‘ਕੁਆਰੰਟਾ ਗਿਓਰਨੀ (quaranta giorni) ਉੱਤੇ ਆਧਾਰਿਤ ਹੈ ਜਿਸਦਾ ਅਰਥ ਹੈ ਚਾਲੀ ਦਿਨਇਵੇਂ ਹੀ ਔਰਤ ਦੇ ਗਰਭ ਦਾ ਸਮਾਂ ਅਸਲ ਵਿੱਚ ਚਾਲੀ ਹਫ਼ਤੇ ਹੈ, ਜਿਸ ਨੂੰ ਅਸੀਂ ਨੌਂ ਮਹੀਨੇ ਕਹਿ ਲੈਂਦੇ ਹਾਂਜਿਹੜੇ ਬੱਚੇ 9 ਮਹੀਨੇ ਜਾਂ ਉਸ ਤੋਂ ਪਹਿਲਾਂ ਪੈਦਾ ਹੁੰਦੇ ਹਨ, ਉਨ੍ਹਾਂ ਨੂੰ ਕਈ ਕਿਸਮ ਦੀਆਂ ਬਿਮਾਰੀਆਂ ਹੁੰਦੀਆਂ ਹਨ ਅਤੇ ਇਸੇ ਕਰਕੇ ‘ਨਿਓ ਨੈਟਲ ਇੰਟੈਂਸਿਵ ਯੂਨਿਟ’ ਵਿੱਚ ਰੱਖਣਾ ਪੈਂਦਾ ਹੈਭਾਰਤ ਸਮੇਤ ਲਗਭਗ ਸਾਰੇ ਪੂਰਬੀ ਸੱਭਿਆਚਾਰਾਂ ਵਿੱਚ ਜਨਮ ਤੋਂ ਬਾਅਦ ਜੱਚਾ-ਬੱਚਾ ਦੋਹਾਂ ਨੂੰ ਲਗਭਗ 40 ਦਿਨ ਲਈ ਵਿਸ਼ੇਸ਼ ਇਹਤਿਆਤ ਵਰਤਣ ਲਈ ਕਿਹਾ ਜਾਂਦਾ ਹੈਪੰਜਾਬ ਦਾ ਸਵਾ ਮਹੀਨਾ ਇਨ੍ਹਾਂ ਚਾਲੀ ਦਿਨਾਂ ਦਾ ਹੀ ਲਖਾਇਕ ਹੈਗੁਆਟੇਮਾਲਾ, ਚੀਨ, ਜਾਰਡਨ, ਲੈਬਨਾਨ, ਮਿਸਰ ਵਰਗੇ ਮੱਧ ਪੂਰਬੀ ਮੁਲਕਾਂ ਅਤੇ ਮੈਕਸੀਕੋ ਦੇ ਕੁਝ ਸੱਭਿਆਚਾਰਾਂ ਵਿੱਚ ਚਾਲੀ ਦਿਨ ਦਾ ਇਹੋ ਮਹੱਤਵ ਹੈਪੱਛਮੀ ਧਰਮਾਂ ਵਿੱਚ ਵੀ ਚਾਲੀ ਦਿਨ ਦਾ ਜ਼ਿਕਰ ਕਿਸੇ ਨਾ ਕਿਸੇ ਤਰ੍ਹਾਂ ਆ ਜਾਂਦਾ ਹੈਯਸੂ ਨੇ ਚਾਲੀ ਦਿਨ ਦਾ ਵਰਤ ਰੱਖਿਆ, ਯਹੂਦੀ ਚਾਲੀ ਦਿਨ ਮਾਰੂਥਲ ਵਿੱਚ ਭਟਕਦੇ ਰਹੇਦਰਅਸਲ 40 ਦਿਨ ਕਿਸੇ ਵਿਸ਼ੇਸ਼ ਪਰਿਵਰਤਨ, ਪਰਿਪੱਕਤਾ ਜਾਂ ਰੂਪਾਂਤਰਣ ਵੱਲ ਇਸ਼ਾਰਾ ਕਰਦੇ ਹਨਇਸੇ ਲਈ ਸਾਡੇ ਲੋਕ-ਮਨ ਵਿੱਚ ਚਾਲੀ ਦਾ ਡੂੰਘਾ ਮਹੱਤਵ ਹੈ

ਮੈਂ ਧੁੱਗਾ ਦੀ ਪੁਸਤਕ ‘ਚਾਲੀ ਦਿਨ’ ਨੂੰ ਇਸੇ ਪਰਿਵਰਤਨ, ਪਰਿਪੱਕਤਾ ਜਾਂ ਰੂਪਾਂਤਰਣ ਦੇ ਅਰਥਾਂ ਵਿੱਚ ਦੇਖਦਾ ਹਾਂਉਸ ਦੁਆਰਾ ਆਪਣੀ ਰਚਨਾ ਨੂੰ ਦੂਸਰਾ ਨਾਂ ਦਿੱਤਾ ਗਿਆ ਹੈ: ‘ਦਸਤਾਵੇਜ਼-ਏ-ਜ਼ਿੰਦਗੀ।’ ਉਸਨੇ ਸਭ ਤੋਂ ਵੱਧ ਇਹ ਗੱਲ ਉਭਾਰੀ ਹੈ ਕਿ ਜਦੋਂ ਬੰਦਾ ਮੁਸੀਬਤ ਵਿੱਚ ਹੋਵੇ ਉਸ ਨੂੰ ਕੁਝ ਵੀ ਹੋਰ ਕਰਨ ਤੋਂ ਪਹਿਲਾਂ ਜਾਗ੍ਰਿਤ ਹੋਣ ਦੀ ਲੋੜ ਹੈਲੇਖਕ ਨੇ ਲੋਕ-ਧਾਰਾ ਵਿੱਚ ਪ੍ਰਚਲਿਤ ਕਥਾ-ਕਹਾਣੀਆਂ ਰਾਹੀਂ ਅਤੇ ਫ਼ਕੀਰ ਤੇ ਕੇਸਰ ਦੇ ਵਾਰਤਾਲਾਪਾਂ ਦੁਆਰਾ ਚਾਲੀ ਦਿਨਾਂ ਦੀ ਯਾਤਰਾ ਦੌਰਾਨ ਆਪਣੇ ਪਾਠਕ ਨੂੰ ਜ਼ਿੰਦਗੀ ਨਾਲ ਜੋੜਿਆ ਹੈ ਅਤੇ ਸਾਰਥਕ ਰੂਪ ਵਿੱਚ ਜਾਗਰਿਤ ਹੋਣ ਦਾ ਸੰਦੇਸ਼ ਬੁਣਿਆ ਹੈਪ੍ਰਕਾਸ਼ਕ ਨੇ ਇਸ ਪੁਸਤਕ ਨੂੰ ਨਾਵਲ ਦੀ ਸ਼੍ਰੇਣੀ ਵਿੱਚ ਰੱਖਿਆ ਹੈ ਜਦੋਂ ਕਿ ਲੇਖਕ ਨੇ ਇਸ ਨੂੰ ਯਾਤਰਾ ਦਾ ਨਾਂ ਦਿੱਤਾ ਹੈਮੇਰੀ ਰਾਏ ਵਿੱਚ ਇਹ ਨਾ ਨਾਵਲ ਹੈ ਤੇ ਨਾ ਹੀ ਯਾਤਰਾ-ਪੁਸਤਕ ਕਿਉਂਕਿ ਇਸ ਵਿੱਚ ਕਥਾਨਕ ਅਤੇ ਪਾਤਰ ਉਸਾਰੀ ਦਾ ਸਿਰਫ਼ ਝਉਲਾ ਹੈ ਤੇ ਪੰਜਾਬ ਤੋਂ ਬੀਕਾਨੇਰ ਤਕ ਪੈਦਲ ਜਾਂਦਿਆਂ ਬਦਲਦੇ ਲੈਂਡਸਕੇਪ ਦਾ ਹਲਕਾ ਜਿਹਾ ਇਸ਼ਾਰਾਦਰਅਸਲ, ਇਹ ਸਿਰਜਣਾਤਮਕ ਵਾਰਤਕ ਦਾ ਉੱਤਮ ਨਮੂਨਾ ਹੈ, ਜਿਹੜਾ ਲਗਭਗ ਹਰ ਵਰਗ ਦੇ ਪਾਠਕ ਨੂੰ ਆਪਣੇ ਨਾਲ ਜੋੜਨ ਦੇ ਸਮਰੱਥ ਹੈ

ਇਸ ਵਾਰਤਕ ਦਾ ਇੱਕ ਮੰਤਵ ਜ਼ਿੰਦਗੀ ਦੇ ਰਹੱਸ ਨੂੰ ਲੋਕ-ਪੱਧਰ ਉੱਤੇ ਸਮਝਣਾ-ਸਮਝਾਉਣਾ ਹੈਜੀਵਨ ਵਿੱਚ ਕੁਝ ਵੀ ਸਰਲ-ਸਪਾਟ ਨਹੀਂ ਹੈਇਸ ਵਿੱਚ ਮੁਸ਼ਕਲਾਂ, ਰੁਕਾਵਟਾਂ, ਦੁੱਖ, ਪਰੇਸ਼ਾਨੀਆਂ, ਸਦਮੇ ਜਾਂ ਵਿਗੋਚੇ ਹਨ ਜਿਨ੍ਹਾਂ ਨਾਲ ਬੰਦੇ ਨੂੰ ਸੰਘਰਸ਼ ਕਰਨਾ ਪੈਂਦਾ ਹੈਇਸ ਪੁਸਤਕ ਦਾ ਨਾਵਲੀ ਅੰਸ਼ ਇਹ ਵੀ ਦੱਸਦਾ ਹੈ ਕਿ ਬੰਦੇ ਨੂੰ ਆਪਣੀਆਂ ਅਧੂਰੀਆਂ ਇੱਛਾਵਾਂ ਨਾਲ ਵੀ ਲੜਨਾ ਪੈਂਦਾ ਹੈਲੇਖਕ ਆਪਣੇ ਅੱਧ-ਚਿਤਰੇ ਪਾਤਰਾਂ ਦੀ ਕਿਸੇ ਅਚੇਤ ਪੱਧਰ ’ਤੇ ਲੁਕਣਮੀਚੀ ਦਿਖਾ ਰਿਹਾ ਹੈਜੀਤੀ ਖ਼ਿਆਲਾਂ ਵਿੱਚ ਸਦਾ ਸਾਹਮਣੇ ਹੈ ਪਰ ਹਕੀਕਤਨ ਨਜ਼ਰਾਂ ਤੋਂ ਉਹਲੇਸਾਰੀ ਪੁਸਤਕ ਵਿੱਚ ਕੇਸਰ ਜੀਤੀ ਨਾਲ ਰੁਮਾਂਸ ਦੀ ਲੁਕਣਮੀਚੀ ਖੇਡਦਾ ਹੈਰੌਲਿਆਂ ਦੌਰਾਨ ਅਸੀਂ ਪੰਜਾਬੀਆਂ ਨੇ ਆਪਣੀਆਂ ਧੀਆਂ-ਭੈਣਾਂ ਜਿਹੀਆਂ ਕੁੜੀਆਂ ਉਧਾਲੀਆਂਕੇਸਰ ਦੀ ਭੈਣ ਤਾਰੋ ਨੂੰ ਵੀ ਕੋਈ ਚੁੱਕ ਕੇ ਲੈ ਗਿਆ ਤੇ ਕਹਿ ਗਿਆ ਸੀ ਕਿ ਜੇ ਵਾਪਸ ਚਾਹੀਦੀ ਏ ਤਾਂ ਉਨ੍ਹਾਂ ਦੀਆਂ ਕੁੜੀਆਂ ਮੋੜ ਦੇਵੋਇਹ ਰਾਜਨੀਤਕ ਤੇ ਧਾਰਮਿਕ ਸੰਕੀਰਨਤਾ ਦੀ ਲੁਕਣਮੀਚੀ ਸੀਕੇਸਰ ਦੀ ਮਾਂ ਵਿੱਚ ਲੁਕਣਮੀਚੀ ਖੇਡਣ ਦੀ ਤਾਕਤ ਨਹੀਂ ਸੀ, ਕੁੜੀ ਦੇ ਗ਼ਮ ਨੇ ਉਹਦੀ ਜਾਨ ਲੈ ਲਈਉਸਦੇ ਬਾਪ ਨੇ ਆਰਥਿਕਤਾ ਦੀ ਲੁਕਣਮੀਚੀ ਖੇਡੀਸਸਤੀ ਜ਼ਮੀਨ ਖ਼ਰੀਦਣ ਲਈ ਬੀਕਾਨੇਰ ਗਿਆ ਸੀ ਪਰ ਪਰਤਿਆ ਨਹੀਂਕੇਸਰ ਨੂੰ ਉਹ ਖ਼ਿਆਲਾਂ ਵਿੱਚ ਬੁਲਾਉਂਦਾ ਹੈ ਅਤੇ ਕੇਸਰ ਬਾਪ ਨੂੰ ਲੱਭਣ ਤੁਰ ਪੈਂਦਾ ਹੈਇਹ ਨਾਤਿਆਂ ਦੀ ਲੁਕਣਮੀਚੀ ਹੈਰਾਸ਼ਟਰਵਾਦ ਦੀ ਭਿਆਨਕ ਲੁਕਣਮੀਚੀ ਦਾ ਵੀ ਜ਼ਿਕਰ ਹੈ ਜਦੋਂ ਇੱਕ ਫ਼ੌਜੀ ਜੰਗ ਵਿੱਚ ਮਰ ਰਹੇ ਮਿੱਤਰ ਫ਼ੌਜੀ ਕੋਲ ਜਾਂਦਾ ਹੈਪਿਤਾ ਨੂੰ ਲੱਭਣ ਤੁਰਿਆ ਕੇਸਰ ਆਪਣੀ ਬੇਬੇ ਨਾਲ ਲੁਕਣਮੀਚੀ ਖੇਲ੍ਹ ਰਿਹਾ ਹੈ ਜਿਸਨੇ ਉਸ ਨੂੰ ਪਾਲਿਆ ਸੀਇਵੇਂ ਹੀ ਕੇਸਰ ਦਾ ਕੁੱਤਾ ਅਤੇ ਫ਼ਕੀਰ ਦਾ ਕੁੱਤਾ ਵੀ ਉਨ੍ਹਾਂ ਕੋਲੋਂ ਵਿੱਛੜ ਜਾਂਦੇ ਹਨਫ਼ਕੀਰ ਖ਼ੁਦ ਵੀ ਕਿਸੇ ਸਟੇਸ਼ਨ ’ਤੇ ਪਾਣੀ ਲੈਣ ਉੱਤਰਿਆ ਸੀ ਤੇ ਫ਼ਸਾਦੀਆਂ ਨੇ ਗੱਡੀ ਸਾੜ ਦਿੱਤੀਉਸਦਾ ਟੱਬਰ ਸਦਾ ਲਈ ਲੁਕ ਗਿਆ ਤੇ ਹੁਣ ਉਹ ਦੁਨੀਆਂ ਨੂੰ ਘੁੰਮ-ਫਿਰ ਕੇ ਲੋਕਾਈ ਨੂੰ ਲੱਭ ਰਿਹਾ ਹੈਇਵੇਂ ਹੀ ਰੱਬ ਵੀ ਬੰਦੇ ਕੋਲੋਂ ਲੁਕਿਆ ਹੋਇਆ ਹੈ ਹਾਲਾਂਕਿ ਉਹ ਉਸਦੇ ਅੰਦਰ ਹੀ ਹੈ

ਕਿਤਾਬ ਪੜ੍ਹਦਿਆਂ ਇਸ ਤਰ੍ਹਾਂ ਲੱਗਣ ਲੱਗ ਪੈਂਦਾ ਹੈ ਕਿ ਇਹ ਲੁਕਣਮੀਚੀ ਹੀ ਜ਼ਿੰਦਗੀ ਦਾ ਅਮਰ ਸੱਚ ਹੈਹਰ ਮੋੜ ’ਤੇ ਕੁਝ ਲੁਕਿਆ ਹੋਇਆ ਹੈ ਜਿਸਨੂੰ ਲੱਭਣ ਦੀ ਤਾਂਘ ਹੈਲੁਕੀ ਵਸਤ ਲੱਭੇ ਨਾ ਲੱਭੇ, ਪਰ ਖੋਜਣ ਦੀ ਤਾਂਘ ਵਿੱਚ ਜੀਵਨ ਦੇ ਅਰਥ ਲੁਕੇ ਹੋਏ ਹਨਪੁਸਤਕ ਦੇ ਆਰੰਭ ਵਿੱਚ ਕਿਸੇ ਕਥਾ ਵਿੱਚ ਸੱਚ ਦੇ ਲੁਕੇ ਹੋਣ ਵਾਲੀ ਗੱਲ ਬਹੁਤ ਮੁੱਲਵਾਨ ਹੈਜਿਵੇਂ ਕਹਾਣੀਆਂ ਕਿਸੇ ਨੰਗੇ ਸੱਚ ਨੂੰ ਆਪਣੇ ਅੰਦਰ ਸਾਂਭ ਕੇ ਬੈਠੀਆਂ ਹੁੰਦੀਆਂ ਹਨ ਉਸੇ ਤਰ੍ਹਾਂ ਜੀਵਨ ਦੇ ਬਾਕੀ ਸੱਚ ਵੀ ਸਾਨੂੰ ਇੱਧਰ-ਓਧਰ ਲੁਕੇ ਹੋਏ ਮਿਲਦੇ ਹਨਜੇਕਰ ਉਪਰੋਕਤ ਲੁਕਣਮੀਚੀ ਵਿੱਚ ਲੱਭਣ ਵਾਲਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਤਾਂ ਇਹ ਪੁਸਤਕ ਬਹੁਤ ਸਾਧਾਰਨ ਪੱਧਰ ਦੀ ਹੁੰਦੀਉਸਦਾ ਮਹੱਤਵ ਇੰਨਾ ਕੁ ਹੋਣਾ ਸੀ ਕਿ ਕੋਸ਼ਿਸ਼ ਕੀਤਿਆਂ ਸਭ ਕੁਝ ਮਿਲ ਜਾਂਦਾ ਹੈ; ਇਹ ਵਿਸ਼ਾ ਤਾਂ ਅਨੇਕਾਂ ਪੁਸਤਕਾਂ ਨੇ ਪਹਿਲਾਂ ਨਜਿੱਠਣ ਦੀ ਕੋਸ਼ਿਸ਼ ਕੀਤੀ ਹੋਈ ਹੈ! ਪਰ ‘ਚਾਲੀ ਦਿਨ’ ਦਾ ਮਹੱਤਵ ਇਸ ਤੋਂ ਡੂੰਘੇਰਾ ਹੈਲੇਖਕ ਸਾਨੂੰ ਇਹ ਸਮਝਾਉਣਾ ਚਾਹੁੰਦਾ ਹੈ ਕਿ ਕਿਸੇ ਵੀ ਟੀਚੇ ਦੀ ਪ੍ਰਾਪਤੀ ਨਾਲੋਂ ਕਿਤੇ ਵੱਧ ਰੌਚਕ ਅਤੇ ਸਿੱਖਿਆਦਾਇਕ ਹਨ ਉਸਦੀ ਪ੍ਰਾਪਤੀ ਵਾਸਤੇ ਕੀਤੇ ਯਤਨਯਤਨਸ਼ੀਲ ਹੋਣਾ ‘ਦਾਸਤਾਨ ਏ ਜ਼ਿੰਦਗੀ’ ਹੈਇਹ ਪ੍ਰੇਰਨਾ ਦੇਣਾ ਧੁੱਗਾ ਦਾ ਅਸਲ ਮਨੋਰਥ ਪ੍ਰਤੀਤ ਹੁੰਦਾ ਹੈਉਹ ਇਹ ਵੀ ਕਹਿੰਦਾ ਹੈ ਕਿ ਕਈ ਵਾਰ ਸਭ ਕੁਝ ਕਰਦਿਆਂ ਵੀ ਸਾਡੇ ਨਜ਼ਰੀਏ ਵਿੱਚ ਕਾਣ ਹੁੰਦੀ ਹੈਸਾਡੇ ਯਤਨਾਂ ਵਿੱਚ ਪਦਾਰਥ ਦੀ ਪ੍ਰਾਪਤੀ ਦਾ ਸੁਪਨਾ ਜ਼ਿਆਦਾ ਭਾਰੂ ਹੈਜਦੋਂ ਪਦਾਰਥ ਅਤੇ ਨਿੱਜੀ ਮੋਹ ਸੁਪਨਿਆਂ ਦੀ ਸੀਮਾ ਬਣ ਜਾਣ ਤਾਂ ਕਿਸੇ ਵੀ ਕਿਸਮ ਦੀ ਪ੍ਰਾਪਤੀ ਉਸ ਪਰਿਵਰਤਨ, ਪਰਿਪੱਕਤਾ ਜਾਂ ਰੂਪਾਂਤਰਣ ਦੀ ਸਿਰਜਣਾ ਨਹੀਂ ਕਰਦੀ ਜਿਸ ਨਾਲ ਰੂਹਾਨੀ ਤ੍ਰਿਪਤੀ ਹੁੰਦੀ ਹੈਇਹ ਰੂਹਾਨੀ ਤ੍ਰਿਪਤੀ ਧਾਰਮਿਕ ਆਨੰਦ ਤੋਂ ਉੱਪਰ ਹੈਇਸੇ ਲਈ ਧੁੱਗਾ ਇਸ ਰਚਨਾ ਵਿੱਚ ਅਨੇਕ ਨਿੱਕੀਆਂ-ਨਿੱਕੀਆਂ ਕਹਾਣੀਆਂ ਗੁੰਦਦਾ ਹੈ ਜਿਹੜੀਆਂ ਕਿ ਵੱਖ-ਵੱਖ ਧਾਰਮਿਕ, ਸਾਹਿਤਕ ਅਤੇ ਸੱਭਿਆਚਾਰਕ ਸ੍ਰੋਤਾਂ ਤੋਂ ਲਈਆਂ ਗਈਆਂ ਹਨਉਹ ਸਾਡੇ ਨਜ਼ਰੀਏ ਵਿੱਚ ਜ਼ਰਾ ਕੁ ਸੋਧ ਮੰਗਦਾ ਹੈਉਸ ਅਨੁਸਾਰ ਜੇ ਪਰਛਾਵੇਂ ਦੇ ਰਹੱਸ ਨੂੰ ਸਮਝਣਾ ਹੈ ਤਾਂ ਸਾਨੂੰ ਆਪਣਾ ਮੂੰਹ ਮੋੜ ਲੈਣ ਦੀ ਜਾਚ ਆਉਣੀ ਚਾਹੀਦੀ ਹੈਅੰਤਿਮ ਸੱਚ ਕੁਝ ਵੀ ਨਹੀਂ ਹੁੰਦਾ; ਜਦੋਂ ਦੁਨੀਆਂ ਦੇ ਕਿਸੇ ਹਿੱਸੇ ਵਿੱਚ ਸੂਰਜ ਡੁੱਬਦਾ ਹੈ ਤਾਂ ਦੂਸਰੇ ਵਿੱਚ ਚੜ੍ਹ ਰਿਹਾ ਹੁੰਦਾ ਹੈਉਸ ਅਨੁਸਾਰ “ਅੱਖਾਂ ਜੰਮਦਿਆਂ ਦੇਖਣ ਲੱਗਦੀਆਂ ਹਨ, ਪਰ ਉਨ੍ਹਾਂ ਨੂੰ ਖੁੱਲ੍ਹਦਿਆਂ ਜਨਮ ਲੱਗ ਜਾਂਦੇ ਹਨ।” ਧੁੱਗਾ ਦੀ ਕੋਸ਼ਿਸ਼ ਹੈ ਕਿ ਉਸਦੇ ਪਾਠਕ ਦੀਆਂ ਅੱਖਾਂ ਪਹਿਲਾਂ ਖੁੱਲ੍ਹ ਜਾਣ

ਜ਼ਿੰਦਗੀ ਨੂੰ ਸਾਰਥਕਤਾ ਨਾਲ ਜੀਣ ਵਾਸਤੇ ਉਹ ਆਪਣੀ ਪੁਸਤਕ ਵਿੱਚ ਫ਼ਕੀਰੀ ਦਾ ਮਾਡਲ ਘੜਦਾ ਹੈਉਹ ਸੂਫ਼ੀ ਦਰਵੇਸ਼ਾਂ ਦੇ ਨ੍ਰਿਤ ਦੀ ਗੱਲ ਕਰਦਿਆਂ ਫ਼ਕੀਰ ਦਾ ਇੱਕ ਹੱਥ ਧਰਤੀ ਵੱਲ ਅਤੇ ਦੂਸਰਾ ਆਕਾਸ਼ ਵੱਲ ਹੋਣ ਦੀ ਮਿਸਾਲ ਦਿੰਦਾ ਹੈਰੱਬ ਦੀ ਸ੍ਰਿਸ਼ਟੀ ਸਰਲ ਸੀ, ਬੰਦੇ ਨੇ ਉਸ ਨੂੰ ਗੁੰਝਲਦਾਰ ਬਣਾ ਦਿੱਤਾ ਹੈ; ਫ਼ਕੀਰ ਗੁੰਝਲਾਂ ਖੋਲ੍ਹਦਾ ਹੈਦੁਨੀਆਂ ਵਿੱਚ ਘਟਨਾਵਾਂ ਅਤੇ ਦੁਰਘਟਨਾਵਾਂ ਵਾਪਰਦੀਆਂ ਰਹਿਣਗੀਆਂ; ਆਮ ਬੰਦਾ ਉਨ੍ਹਾਂ ਉੱਤੇ ਤਿੱਖੀ ਪ੍ਰਤੀਕਿਰਿਆ ਦਿੰਦਾ ਹੈ ਪਰ ਫ਼ਕੀਰ ਸ਼ਾਂਤ ਰਹਿੰਦਾ ਹੈਜ਼ਰੂਰੀ ਨਹੀਂ ਜੇ ਆਮਦਨ ਦੀ ਇਕੱਲੀ ਸ੍ਰੋਤ ਗਾਂ ਚੋਰੀ ਹੋ ਜਾਵੇ ਤਾਂ ਜ਼ਿੰਦਗੀ ਖ਼ਤਮ ਹੋ ਜਾਂਦੀ ਹੈ; ਬਲਕਿ ਤੁਸੀਂ ਯਤਨਸ਼ੀਲ ਵੀ ਬਣ ਸਕਦੇ ਹੋਅਮੀਰ ਰਾਜਾ ਮੁਹਰਾਂ ਵੰਡਦਾ ਹੈ, ਆਮ ਬੰਦਾ ਕਤਾਰ ਵਿੱਚ ਖੜ੍ਹ ਕੇ ਉਤਸੁਕਤਾ ਵਿੱਚ ਚਿੰਤਾ ਕਰਦਾ ਹੈ ਕਿ ਕਿਧਰੇ ਉਸਦੇ ਪਹੁੰਚਣ ਤੋਂ ਪਹਿਲਾਂ ਮੁਹਰਾਂ ਖ਼ਤਮ ਨਾ ਹੋ ਜਾਣਫ਼ਕੀਰ ਵੀ ਕਤਾਰ ਵਿੱਚ ਹੈ ਪਰ ਉਹ ਆਪਣੀ ਵਾਰੀ ਦੂਜਿਆਂ ਨੂੰ ਵੰਡਦਾ ਜਾ ਰਿਹਾ ਹੈਇਸੇ ਕਾਰਨ ਉਹ ਰਾਜੇ ਤੋਂ ਵੱਧ ਅਮੀਰ ਹੈਤੇ ਸਭ ਤੋਂ ਵੱਡੀ ਗੱਲ: ਫ਼ਕੀਰ ਹਮੇਸ਼ਾ ਗਤੀਸ਼ੀਲ ਹੈਉਹ ਪਦਾਰਥ ਦੀ ਨਹੀਂ, ਗਿਆਨ ਦੀ ਖੋਜ ਵਿੱਚ ਹੈਕੀੜੀ ਸਾਰੀ ਉਮਰ ਤੁਰਦੀ ਰਹਿੰਦੀ ਹੈ; ਤੋਰ ਵੀ ਸਹਿਜ ਹੁੰਦੀ ਹੈਪਰ ਚੁਣੌਤੀ ਦੇ ਸਮੇਂ ਅੱਖਾਂ ਬੰਦ ਕਰ ਲੈਣੀਆਂ ਜਾਂ ਭੱਜ ਜਾਣਾ ਫ਼ਕੀਰੀ ਨਹੀਂ ਹੈਲੇਖਕ ਬੋਧੀ ਕਥਾ ਦੇ ਹਵਾਲੇ ਨਾਲ ਦੱਸਦਾ ਹੈ ਕਿ ਤੁਫ਼ਾਨ ਤੋਂ ਬਚਣ ਵਾਸਤੇ ਸਭ ਤੋਂ ਸੁਰੱਖਿਅਤ ਜਗ੍ਹਾ ਤੁਫ਼ਾਨ ਦੀ ਅੱਖ ਹੁੰਦੀ ਹੈਫ਼ਕੀਰੀ ਨਿਰਾਸ਼ਾ ਦਾ ਨਹੀਂ ਆਸ-ਉਮੀਦ ਦਾ ਨਾਂ ਹੈਫ਼ਕੀਰ ਹਉਮੈਂ ਉੱਤੇ ਜ਼ਬਤ ਰੱਖਦਾ ਹੈ: “ਹੰਕਾਰ ਦੇ ਪਰਛਾਵੇਂ ਜਦੋਂ ਕੱਦ ਨਾਲੋਂ ਲੰਮੇ ਹੋ ਜਾਣ ਤਾਂ ਸਮਝ ਲਵੋ ਕਿ ਕਾਮਯਾਬੀ ਦਾ ਸੂਰਜ ਅਸਤ ਹੋਣ ਵਾਲਾ ਹੈ।” ਫ਼ਕੀਰੀ ਦੀ ਅਮੀਰੀ ਦਾ ਕੋਈ ਸਾਨੀ ਨਹੀਂਇਸੇ ਲਈ “ਜਦੋਂ ਮੀਂਹ ਪੈਂਦਾ ਹੈ ਤਾਂ ਸਿੱਕਿਆਂ ਵਾਲੇ ਨੱਚਦੇ ਹਨ, ਨੋਟਾਂ ਵਾਲੇ ਦੌੜਦੇ ਹਨ।” ਫ਼ਕੀਰ ਅਤੇ ਕੇਸਰ ਜਿੱਥੇ ਵੀ ਜਾਂਦੇ ਹਨ, ਨਵੀਆਂ ਤੇ ਸੁਚੱਜੀਆਂ ਗੱਲਾਂ ਪੱਲੇ ਬੰਨ੍ਹਦੇ ਹਨ ਪਰ ਆਪਣੇ ਅੰਦਰਲੇ ਸੰਸਕਾਰਾਂ ਨੂੰ ਫਿਰ ਵੀ ਤਿਆਗਦੇ ਨਹੀਂਜੰਗਲ ਵਿੱਚ ਬੈਠੇ ਹੋਏ ਜ਼ਖ਼ਮੀ ਹਿਰਨ ਲਈ ਹਾਥੀ ਪਾਣੀ ਲੈ ਕੇ ਆਉਂਦਾ ਹੈਸੱਚਾ ਫ਼ਕੀਰ ਹਿਰਨ ਬਣਨ ਦੀ ਬਜਾਇ ਹਾਥੀ ਬਣਨ ਦੀ ਕੋਸ਼ਿਸ਼ ਕਰਦਾ ਹੈ

ਲੇਖਕ ਨੇ ਰੱਬ ਦੇ ਸਵਾਲ ਨੂੰ ਵੀ ਮਜ਼ਬੂਤੀ ਨਾਲ ਨਜਿੱਠਿਆ ਹੈਪਾਣੀ ਵਾਂਗ ਰੱਬ ਹਰ ਥਾਂ ’ਤੇ ਵਿਚਰਦਾ ਹੈਤੇ ਤੁਰਦੇ ਪੈਰਾਂ ਨੂੰ ਕਿਸਮਤ ਹਰ ਮੋੜ ’ਤੇ ਟੱਕਰਦੀ ਹੈ ਭਾਵ ਯਤਨ ਕਿਸਮਤ ਘੜਦੇ ਹਨਰੱਬ ਜਾਂ ਸਦੀਵੀ ਮੁੱਲ ਇੱਕੋ ਜਿਹੇ ਹਨ, ਸਿਰਫ਼ ਉਨ੍ਹਾਂ ਦੇ ਨਾਂ ਜਾਂ ਰੂਪ ਬਦਲ ਜਾਂਦੇ ਹਨਜਿਸ ਗੱਲ ਵਿੱਚ ਤੁਹਾਡਾ ਆਪਣਾ ਵਿਸ਼ਵਾਸ ਹੈ, ਲੋਕ ਵੀ ਜਿਸ ਨੂੰ ਸਵੀਕਾਰ ਕਰਦੇ ਹਨ ਅਤੇ ਜਿਹੜੀ ਗੱਲ ਦੁਨੀਆਂ ਦੇ ਸਦੀਵੀ ਮੁੱਲਾਂ ਵਿੱਚ ਸ਼ੁਮਾਰ ਹੁੰਦੀ ਹੈ, ਉੱਥੇ ਹੀ ਰੱਬ ਹੈਗੱਲ ਤਾਂ ਲੋਕ-ਭਲਾਈ ਦੀ ਹੈ, ਇਸੇ ਵਿੱਚ ਰੂਹਾਨੀ ਤ੍ਰਿਪਤੀ ਹੈ, ਇਹੋ ਸਦੀਵੀ ਮੁੱਲ ਹੈ ਅਤੇ ਇਹ ਹੀ ਧਾਰਮਿਕ ਕਾਰਜ ਹੈਇਸੇ ਲਈ ਉਹ ਹਰ ਧਰਮ ਵਿੱਚ ਦਾਨ ਦੇ ਮਹੱਤਵ ਦੀ ਗੱਲ ਉਘਾੜਦਾ ਹੈਉਹ ਇਹ ਵੀ ਕਹਿੰਦਾ ਹੈ ਕਿ ਇੱਕ ਵਾਰ ਰੱਬ ਨੇ ਨਾਸਤਿਕ ਨੂੰ ਗਲੇ ਨਾਲ ਲਾ ਕੇ ਕਿਹਾ “ਸਵਾਲ ਇਹ ਨਹੀਂ ਕਿ ਸਾਡਾ ਧਰਮ ‘ਕਿਹੜਾ’ ਹੈ, ਸਵਾਲ ਇਹ ਹੈ ਕਿ ਸਾਡਾ ਧਰਮ ਹੈ ਕੀ?”

ਹਰ ਸਾਹਿਤਕ ਕਿਰਤ ਵਿੱਚ ਪਾਠਕ ਨੂੰ ਆਪਣੀ ਸਮਝ ਅਤੇ ਵਿਚਾਰਧਾਰਾ ਅਨੁਸਾਰ ਕੁਝ ਛਿਦਰ ਲੱਭ ਸਕਦੇ ਹਨਮੈਂ ਉਨ੍ਹਾਂ ਦਾ ਜ਼ਿਕਰ ਨਹੀਂ ਕਰਾਂਗਾ ਪਰ ਮੇਰੀ ਨਜ਼ਰ ਵਿੱਚ ਕਿਸੇ ਵੀ ਪੁਸਤਕ ਲਈ ਅਜਿਹੀਆਂ ਗੱਲਾਂ ਤੋਂ ਬਚਣਾ ਬਹੁਤ ਜ਼ਰੂਰੀ ਹੈ ਜਿਹੜੀਆਂ ਸਵੈ-ਵਿਰੋਧੀ ਭਾਸਦੀਆਂ ਹੋਣਇਹ ਪੁਸਤਕ ਜ਼ਿੰਦਗੀ ਨੂੰ ਭਾਵੇਂ ਵਿਗਿਆਨਕ ਅਤੇ ਤਾਰਕਿਕ ਢੰਗ ਨਾਲ ਪੇਸ਼ ਕਰਦੀ ਹੈ ਪਰ ‘ਚਿੱਟੇ ਅਤੇ ਕਾਲੇ ਪੱਥਰ’ ਦਾ ਵਹਿਮ ਭਰਿਆ ਚਿੰਨ੍ਹਵਾਦ ਉਸ ਨੂੰ ਭੰਗ ਕਰਦਾ ਹੈਇਵੇਂ ਲੇਖਕ ਦੱਸਦਾ ਹੈ ਕਿ ਪਾਰਬਤੀ ਭਿਖਾਰੀ ਉੱਤੇ ਤਰਸ ਖਾਂਦੀ ਹੈ, ਜਵਾਬ ਵਿੱਚ ਸ਼ਿਵਜੀ ਉਸ ਅੱਗੇ ਸੋਨੇ ਦੀ ਥੈਲੀ ਸੁੱਟਦੇ ਹਨ ਪਰ ਭਿਖਾਰੀ ਉਸ ਨੂੰ ਹਟਾ ਕੇ ਲੰਘ ਜਾਂਦਾ ਹੈ; ਸ਼ਿਵ ਜੀ ਇਸ ਨੂੰ ਭਿਖਾਰੀ ਦੀ ਕਿਸਮਤ ਦਾ ਦੋਸ਼ ਮੰਨਦੇ ਹਨਇਸ ਨਾਲ ਲੇਖਕ ਦੁਆਰਾ ਸਥਾਪਿਤ ਕੀਤੇ ਫ਼ਕੀਰੀ ਦੇ ਸਾਰੇ ਸਿਧਾਂਤ ਉੱਤੇ ਪ੍ਰਸ਼ਨ-ਚਿੰਨ੍ਹ ਲੱਗ ਜਾਂਦਾ ਹੈਪਰ ਇਹੋ-ਜਿਹੇ ਇੱਕਾ-ਦੁੱਕਾ ਇਤਰਾਜ਼ਾਂ ਦੇ ਬਾਵਜੂਦ ‘ਚਾਲੀ ਦਿਨ’ ਪੰਜਾਬੀ ਵਾਰਤਕ ਦਾ ਉੱਤਮ ਨਮੂਨਾ ਹੈਅਮਰੀਕਾ ਵਸਦੇ ਮੈਡੀਕਲ ਡਾਕਟਰ ਧੁੱਗਾ ਨੇ ਕਿਤਾਬ ਨੂੰ ਇਮਾਨਦਾਰੀ ਅਤੇ ਸੂਝ ਨਾਲ ਲਿਖਿਆ ਹੈ ਜਿਸ ਵਿੱਚੋਂ ਰਸੂਲ ਹਮਜ਼ਾਤੋਵ ਦੀ ਲਿਖਤ ‘ਮੇਰਾ ਦਾਗਿਸਤਾਨ’ ਦਾ ਝਾਉਲਾ ਵੀ ਪੈਂਦਾ ਹੈਇਹ ਪੜ੍ਹਨਯੋਗ ਹੀ ਨਹੀਂ, ਸਾਂਭਣਯੋਗ ਪੁਸਤਕ ਵੀ ਹੈ
*****

 ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4585)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਆਤਮਜੀਤ

ਡਾ. ਆਤਮਜੀਤ

WhattsApp: (For text messages only: 91 - 98760 - 18501)
Email: (atamjitplaywright@gmail.com)