“ਅਗਲੇ ਹੀ ਦਿਨ ਲੋਕ ਰੋਹ ਲਾਮਬੰਦ ਕਰਨ ਲਈ ਕੱਚਾ ਕਿਲਾ ਗੁਰਦੁਆਰੇ ਵਿੱਚ ਸ਼ਹਿਰ ਦੇ ਲੋਕਾਂ ਦਾ ਇਕੱਠ ...”
(27 ਦਸੰਬਰ 2023)
ਇਸ ਸਮੇਂ ਪਾਠਕ: 214.
ਗੱਲ ਚਾਰ ਕੁ ਵਰ੍ਹੇ ਪਹਿਲਾਂ ਦੀ ਹੈ। ਵਿਦੇਸ਼ੋਂ ਪਰਤਿਆ ਪ੍ਰਵਾਸੀ ਮਿੱਤਰ ਮੈਨੂੰ ਘਰੇ ਮਿਲਣ ਆਇਆ। ਚਾਹ ਪੀਂਦਿਆਂ ਗੱਲਾਂਬਾਤਾਂ ਕਰਦਿਆਂ ਉਹ ਪੁੱਛਣ ਲੱਗਾ, “ਕਿੱਥੇ ਕੁ ਖੜ੍ਹੈ ਥੋਡਾ ਇਨਕਲਾਬ? ... ਛੱਡ ਯਾਰ, ਕੁਝ ਨੀ ਬਣਨਾ ਥੋਡਾ, ਹੁਣ ਤੂੰ ਬੁੱਢਾ ਹੋ ਚਲਿਐਂ! ਬੱਸ ਕਰ, ਬਹੁਤ ਹੋ ਗਿਆ। ਪੂਰੀ ਜ਼ਿੰਦਗੀ ਲਾ ਲੀ ਪਰ ਗੱਲ ਤਾਂ ਅੱਗੇ ਭੋਰਾ ਵੀ ਨੀ ਤੁਰੀ। ਛੱਡ ਪਰੇ ਆਰਾਮ ਕਰ ਹੁਣ।”
ਮੈਂ ਕਿਹਾ, “ਚੱਲ ਠੀਕ ਐ, ਪੰਜ ਵਰ੍ਹੇ ਪਹਿਲਾਂ ਦੀ ਆਹ ਇੱਕ ਘਟਨਾ ਸੁਣ ਲੈ ਤੇ ਫੇਰ ਦੱਸੀਂ ਕਿ ਘਰੇ ਬਹਿ ਜਾਈਏ ਕਿ ...”
ਉਸਦੇ ਹਾਂ ਕਰਨ ’ਤੇ ਮੈਂ ਸੁਣਾਉਣ ਲੱਗਾ:
ਤੂੰ ਜਾਣਦਾ ਹੀ ਹੈਂ ਮੇਰੇ ਜਗਰਾਓ ਸ਼ਹਿਰ ਦਾ ਅਨਾਰਕਲੀ ਬਜ਼ਾਰ, ‘ਮੇਲਾ ਰੋਸ਼ਨੀਆਂ ਦਾ’ ਸ਼ਹਿਰ, ਜਿੱਥੇ ਮੇਲਾ ਰੋਸ਼ਨੀ ਲਗਦਾ ਹੈ, ਉਹ ਖਾਨਗਾਹ ਚੌਂਕ (ਹੁਣ ਕਮਲ ਚੌਂਕ), ਸਦਨ ਮਾਰਕੀਟ ਅਤੇ ਕਮੇਟੀ ਪਾਰਕ ਇੱਕੋ ਲਾਈਨ ਵਿੱਚ ਹੀ ਹਨ। ਅਨੇਕਾਂ ਸ਼ਹਿਰ ਵਾਸੀ ਰਾਤ ਸਮੇਂ ਰੋਟੀ ਖਾ ਕੇ ਅਕਸਰ ਹੀ ਰੋਟੀ ਹਜ਼ਮ ਕਰਨ ਲਈ ਟਹਿਲਣ ਨਿਕਲਦੇ ਹਨ। ਕਮੇਟੀ ਪਾਰਕ ਤਕ ਤਫ਼ਰੀਹ ਕਰਦੇ ਹਨ ਤੇ ਆਪਣੇ ਘਰਾਂ ਨੂੰ ਮੁੜ ਜਾਂਦੇ ਹਨ।
“ਓਏ, ਜਿਹੜਾ ਸਭ ਤੋਂ ਪਹਿਲਾਂ ਉਸ ਤੁਰੀ ਆਉਂਦੀ ਜਨਾਨੀ ਦੀ ਸਲੈਕਸ ਲਾਹੇਗਾ, ਦਾਰੂ ਦੀ ਬੋਤਲ ਇਨਾਮ।” ਬੰਦ ਹੋਈਆਂ ਦੁਕਾਨਾਂ ਦੇ ਫੱਟਿਆਂ ਤੇ ਬੈਠੀ ਮੰਡੀਹਰ, 6-7 ਜਣਿਆ ਵਿੱਚ ਸ਼ਰਤ ਲੱਗ ਗਈ। ਉਹ ਔਰਤ ਆਪਣੇ ਘਰ ਵਾਲੇ ਅਤੇ ਉਂਗਲ ਲੱਗੇ ਬੱਚੇ ਨਾਲ ਸੜਕ ’ਤੇ ਟਹਿਲਣ ਆਈ ਸੀ। ਕਮਲ ਚੌਂਕ ਵਿੱਚ ਅਜੇ ਰੇਹੜੀਆਂ ਵਾਲੇ, ਕੁਲਫੀਆਂ, ਆਈਸਕਰੀਮ, ਗੋਲਗੱਪੇ ਵੇਚਣ ਵਾਲੇ ਖੜ੍ਹੇ ਗਾਹਕਾਂ ਨੂੰ ਨਿਪਟਾਉਣ ਵਿੱਚ ਮਸਰੂਫ਼ ਸਨ। ਰਾਤ ਦੇ ਨੌਂ ਕੁ ਵੱਜ ਗਏ ਸਨ। ਉਸ ਜੋੜੇ ਨਾਲ ਆਇਆ ਬੱਚਾ ਆਈਸਕਰੀਮ ਦੀ ਮੰਗ ਕਰਨ ਲੱਗਾ ਤਾਂ ਉਸ ਦਾ ਪਾਪਾ ਉਸ ਨੂੰ ਆਈਸਕਰੀਮ ਵਾਲੀ ਰੇਹੜੀ ’ਤੇ ਲੈ ਕੇ ਗਿਆ। ਸੜਕ ਦੇ ਦੂਜੇ ਕੰਡੇ ਔਰਤ ਖੜ੍ਹੀ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ। ਐਨੇ ਨੂੰ ਮੰਢੀਹਰ ਵਿੱਚੋਂ ਇੱਕ “ਸੂਰਮਾ” ਭੱਜ ਕੇ ਗਿਆ ਤੇ ਖੜ੍ਹੀ ਨੌਜਵਾਨ ਔਰਤ ਦੀ ਸਲੈਕਸ ਖਿੱਚ ਕੇ ਲਾਹ ਦਿੱਤੀ। ਦੂਰ ਚੌਂਕ ਵਿੱਚ ਬੈਠੀ ਬਾਕੀ ਮੰਡੀਹਰ ਨੇ ਉੱਚੀ ਉੱਚੀ ਹਾਸੜ ਪਾ ਕਿਲਕਾਰੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਰੌਲਾ ਪੈ ਗਿਆ। ਝੱਟ ਹੀ ਇਕੱਠ ਹੋ ਗਿਆ ਤੇ ਮੰਡੀਹਰ ਇੱਕ ਦਮ ਵਿੱਚ ਛੂਹਮੰਤਰ। ਮੌਕੇ ’ਤੇ ਕਿਸੇ ਵੱਲੋਂ ਫੋਨ ਕਰਕੇ ਪੁਲਿਸ ਸੱਦੀ ਗਈ। ਮੌਕਾ ਵੇਖਿਆ, ਗੱਲਬਾਤ ਕੀਤੀ ਤੇ ਪਰਿਵਾਰ ਨੂੰ ਸਵੇਰੇ ਸਾਝਰੇ ਥਾਣੇ ਆਉਣ ਲਈ ਕਹਿ ਕੇ ਪੁਲਿਸ ਖਾਨਾਪੂਰਤੀ ਕਰਕੇ ਔਹ ਗਈ, ਔਹ ਗਈ, ਜਿਵੇਂ ਕੋਈ ਸਧਾਰਣ ਘਟਨਾ ਵਾਪਰੀ ਹੋਵੇ।
ਇਹ ਘਟਨਾ ਰਾਤੋ ਰਾਤ ਵਾਇਰਲ ਹੋ ਗਈ। ਮੈਨੂੰ ਬਰਨਾਲੇ ਤੋਂ ਸਾਥੀ ਨਰੈਣ ਦੱਤ ਦਾ ਫੋਨ ਆਇਆ, “ਖੰਨਾ, ਤੈਨੂੰ ਨੀ ਪਤਾ ਲੱਗਿਆ, ਤੇਰੇ ਸ਼ਹਿਰ ਵਿੱਚ ਕਾਫੀ ਸੰਗੀਨ ਹਾਦਸਾ ਵਾਪਰਿਐ। ਆਪਾਂ ਨੂੰ ਨੋਟਿਸ ਲੈਣਾ ਚਾਹੀਦਾ ਹੈ।”
ਉਸੇ ਸਮੇਂ ਸਵੇਰੇ ਫੋਨ ਕਰਕੇ ਸਾਥੀ ਵਰਕਰ ਇਕੱਠੇ ਕੀਤੇ। ਸ਼ਹਿਰ ਦੇ ਅਨਾਰਕਲੀ ਬਜ਼ਾਰ ਦੇ ਇੱਕ ਘੁੱਗ ਵਸਦੇ ਪੁਰਾਣੇ ਮਹੱਲੇ ਵਿੱਚ ਉਸ ਪਰਿਵਾਰ ਦੇ ਘਰੇ ਗਏ, ਪੁੱਛ ਗਿੱਛ ਕੀਤੀ। ਹਮਦਰਦੀ ਜ਼ਾਹਰ ਕਰਦਿਆਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਪੀੜਿਤਾ ਨੂੰ ਨਾਲ ਲੈ ਕੇ ਥਾਣੇ ਗਏ, ਬਿਆਨ ਦਰਜ ਹੋਏ। ਪੀੜਿਤਾ ਨੇ ਦੱਸਿਆ ਕਿ ਉਹ ਦੋਸ਼ੀਆਂ ਨੂੰ ਪਛਾਣਦੀ ਹੈ। ਪੁਲਿਸ ਅਧਿਕਾਰੀਆਂ ਨੂੰ ਉਸੇ ਵਕਤ ਜਨਤਕ ਜਥੇਬੰਦੀਆਂ ਦੇ ਵਫਦ ਨੇ ਮਿਲ ਕੇ ਤੁਰੰਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਅਗਲੇ ਹੀ ਦਿਨ ਲੋਕ ਰੋਹ ਲਾਮਬੰਦ ਕਰਨ ਲਈ ਕੱਚਾ ਕਿਲਾ ਗੁਰਦੁਆਰੇ ਵਿੱਚ ਸ਼ਹਿਰ ਦੇ ਲੋਕਾਂ ਦਾ ਇਕੱਠ ਹੋਇਆ। ਲੰਬੀ ਵਿਚਾਰ ਚਰਚਾ ਤੋਂ ਬਾਅਦ ਕੇਸ ਦੀ ਪੈਰਵਾਈ ਲਈ ਸਾਂਝੀ ਕਮੇਟੀ ਬਣਾਈ ਗਈ। ਸ਼ਹਿਰ ਵਿੱਚ ਜ਼ੋਰਦਾਰ, ਰੋਹਭਰਪੂਰ ਮਾਰਚ ਕਰਕੇ ਔਰਤਾਂ ਪ੍ਰਤੀ ਸਮਾਜ ਦੇ ਇਸ ਮਰਦ ਪ੍ਰਧਾਨ ਨਜਰੀਏ ਖਿਲਾਫ, ਔਰਤਾਂ ’ਤੇ ਹੁੰਦੇ ਜਬਰ, ਗੁੰਡਾਗਰਦੀ ਦੇ ਖਿਲਾਫ ਲੋਕਾਂ ਨੂੰ ਸੁਚੇਤ ਕੀਤਾ ਗਿਆ। ਘਟਨਾ ਨੇ ਪੂਰੇ ਸ਼ਹਿਰ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਹਰ ਘਰ, ਹਰ ਦੇਹਲੀ ’ਤੇ ਚਰਚਾ ਚੱਲ ਰਹੀ ਸੀ, ਸ਼ਹਿਰ ਵਿੱਚ ਧੀ ਭੈਣ ਹੁਣ ਚਲਦੀ ਸੜਕ ’ਤੇ ਅਜਿਹੀ ਗੁੰਡਾਗਰਦੀ ਦਾ ਸ਼ਿਕਾਰ ਹੋਵੇਗੀ ਤਾਂ ਸਮਾਜ ਦਾ ਕੀ ਬਣੂ?”
ਜ਼ੋਰਦਾਰ ਪੈਰਵਾਈ ਦਾ ਸਿੱਟਾ ਨਿਕਲਿਆ ਕਿ ਸਾਰੇ ਦੋਸ਼ੀ ਇੱਕ ਇੱਕ ਕਰਕੇ ਫੜੇ ਗਏ। ਕਮੇਟੀ ਵੱਲੋਂ ਇਸ ਘਟਨਾ ਨੂੰ ਲੈ ਕੇ ਸ਼ਹਿਰ ਵਿੱਚ ਮਹੱਲਾ ਮੀਟਿੰਗਾਂ ਕੀਤੀਆਂ ਗਈਆਂ। ਪੁਲਿਸ ਵੱਲੋਂ ਚਲਾਨ ਪੇਸ਼ ਹੋਣ ’ਤੇ ਪੀੜਿਤਾ ਨੇ ਅਦਾਲਤ ਵਿੱਚ ਠੋਕ ਕੇ ਬਿਆਨ ਦਿੱਤੇ। ਸਮਝੌਤੇ ਲਈ ਵੀ ਕਈ ਚੋਧਰੀਆਂ ਨੇ ਕੋਸ਼ਿਸ਼ ਕੀਤੀ, ਕਿਉਂਕਿ ਦੋਸ਼ੀਆਂ ਵਿੱਚੋਂ ਇੱਕ ਨੌਜਵਾਨ ਸਾਬਕਾ ਨਗਰ ਕੌਂਸਲਰ ਦਾ ਭਤੀਜਾ ਸੀ। ਕੇਸ ਚੱਲਿਆ, ਸਾਰੇ ਛੇਆਂ ਦੋਸ਼ੀਆਂ ਨੂੰ ਤਿੰਨ ਤਿੰਨ ਸਾਲ ਦੀ ਸਜ਼ਾ ਹੋਈ।
ਮੌਜੂਦਾ ਦੌਰ ਵਿੱਚ ਔਰਤ ਪ੍ਰਤੀ ਅਤਿਅੰਤ ਖਤਰਨਾਕ ਵਤੀਰੇ ਦੀ ਇਹ ਇੱਕ ਦਿਲ ਕੰਬਾਊ ਘਟਨਾ ਸੀ ਜਿਸ ਨੇ ਆਮ ਲੋਕਾਂ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ। ਔਰਤਾਂ ਨੂੰ ਦੂਜੇ ਦਰਜੇ ਦਾ ਸ਼ਹਿਰੀ ਮੰਨਣ, ਪੈਰ ਦੀ ਜੁੱਤੀ ਸਮਝਣ, ਸਿਰਫ ਭੋਗਣ ਦੀ ਵਸਤ ਸਮਝਣ ਵਾਲੇ ਇਸ ਮਰਦ ਪ੍ਰਧਾਨ ਸੋਚ ਨੇ ਸ਼ਾਮ ਨੂੰ ਹਨੇਰਾ ਹੋਣ ਤੋਂ ਬਾਅਦ ਔਰਤਾਂ ਦਾ ਘਰੋਂ ਬਾਹਰ ਨਿਕਲਣਾ ਵਰਜਿਤ ਕੀਤਾ ਹੋਇਆ ਹੈ। ਜਿਸ ਸਮਾਜ ਵਿੱਚ ਔਰਤਾਂ ਦਿਨ ਸਮੇਂ ਵੀ ਸੁਰੱਖਿਅਤ ਨਾ ਹੋਣ, ਇੱਥੋਂ ਤਕ ਕਿ ਘਰਾਂ ਵਿੱਚ ਵੀ ਸੁਰੱਖਿਅਤ ਨਾ ਹੋਣ, ਜਿੱਥੇ ਛੇੜਛਾੜ, ਬਲਾਤਕਾਰ, ਤਲਾਕ, ਔਰਤ ਤੇ ਘਰੇਲੂ ਹਿੰਸਾ ਇੱਕ ਆਮ ਵਰਤਾਰਾ ਹੋਵੇ, ਸਮਝਿਆ ਜਾ ਸਕਦਾ ਹੈ ਕਿ ਲੋਕਪੱਖੀ ਸ਼ਕਤੀਆਂ ਸਾਹਮਣੇ ਕਿੱਡਾ ਪਹਾੜ ਜਿੱਡਾ ਕਾਰਜ ਹੈ।
ਮੈਂ ਆਪਣੇ ਪ੍ਰਦੇਸੀ ਮਿੱਤਰ ਨੂੰ ਇਹ ਘਟਨਾ ਸੁਣਾ ਕੇ ਘੜੀ ਦੀ ਘੜੀ ਚੁੱਪ ਕਰ ਗਿਆ। ਉਹ ਸਾਰਾ ਸਮਾਂ ਸਾਰੀ ਗੱਲ ਨੂੰ ਬੜੇ ਧਿਆਨ ਨਾਲ ਸੁਣਦਾ ਅਚਾਨਕ ਇੱਕ ਦਮ ਭਾਵੁਕ ਹੋ ਕੇ ਮੈਨੂੰ ਚਿੰਬੜ ਗਿਆ ਤੇ ਬੋਲਿਆ, “ਸੌਰੀ ਵੀਰੇ, ਸੌਰੀ, ਤੁਸੀਂ ਤਾਂ ਸੱਚਮੁੱਚ ਧਰਤੀ ਹੇਠਲੇ ਬੌਲਦ ਹੋ।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4574)
(ਸਰੋਕਾਰ ਨਾਲ ਸੰਪਰਕ ਲਈ: (