JaswinderSRupal7ਇਸ ਵਿੱਚ ਵੀ ਦੋ ਰਾਵਾਂ ਨਹੀਂ ਕਿ ਜਾਣੇ-ਅਣਜਾਣੇ ਇਨ੍ਹਾਂ ਨਾਇਕਾਂ ਦੇ ਮਾਰਗ ਨੂੰ ਵਿਸਾਰ ਦੇਣ ਵਿੱਚ ਸਾਡੀ ਜਨਤਾ ਵੀ ...
(18 ਦਸੰਬਰ 2023)
ਇਸ ਸਮੇਂ ਪਾਠਕ: 490.


JaswinderSRupalBookRasila1ਸਮਾਜ ਨੂੰ ਸੇਧ ਦੇਣ ਲਈ ਵੱਖ ਵੱਖ ਸਮਿਆਂ ’ਤੇ ਵੱਖ ਵੱਖ ਮਹਾਨ ਸ਼ਖ਼ਸੀਅਤਾਂ ਨੇ ਆਪਣੇ ਆਪਣੇ ਅੰਦਾਜ਼ ਵਿੱਚ ਯਤਨ ਕੀਤੇ ਹਨ। ਇਹ ਸ਼ਖ਼ਸੀਅਤਾਂ ਲੋਕਾਂ ਦੇ ਦਿਲਾਂ ’ਤੇ ਰਾਜ ਕਰਦੀਆਂ ਰਹੀਆਂ ਹਨ ਕਿਉਂਕਿ ਉਨ੍ਹਾਂ ਲੋਕ-ਪੀੜਾ ਨੂੰ ਮਹਿਸੂਸਿਆ
, ਬਿਆਨਿਆ ਅਤੇ ਇਸ ਨੂੰ ਦੂਰ ਕਰਨ ਦੇ ਹਰ ਸੰਭਵ ਤਰੀਕੇ ਅਪਣਾਏ। ਉਨ੍ਹਾਂ ਆਪਣੇ ਪਿੰਡੇ ’ਤੇ ਜ਼ੁਲਮ ਝੱਲੇ ਤੇ ਉਹ ਕੁਝ ਹੱਦ ਤੱਕ ਤਬਦੀਲੀ ਲਿਆਉਣ ਵਿੱਚ ਸਫਲ ਵੀ ਹੋਏ। ਭਾਵੇਂ ਇਹ ਸਮੇਂ ਦੀਆਂ ਸਰਕਾਰਾਂ ਅਤੇ ਜਾਬਰ ਤਾਕਤਾਂ ਵੱਲੋਂ ਪੀੜੇ ਤੇ ਨਪੀੜੇ ਵੀ ਗਏ, ਕੁਰਬਾਨ ਵੀ ਹੋਏ, ਪਰ ਇਨ੍ਹਾਂ ਮਹਾਨ ਇਨਸਾਨਾਂ ਨੇ ਲੋਕ ਮਨ ਵਿੱਚ ਆਪਣੀ ਖ਼ਾਸ ਥਾਂ ਬਣਾ ਲਈ। ਜਨਤਾ ਇਨ੍ਹਾਂ ਨੂੰ ਆਪਣੇ ਰਹਿਬਰ, ਆਗੂ, ਨਾਇਕ ਮੰਨਣ ਲੱਗ ਪਈ ਅਤੇ ਇਨ੍ਹਾਂ ਦੁਆਰਾ ਦੱਸੇ ਗਏ ਮਾਰਗ ’ਤੇ ਚੱਲਣ ਵਿੱਚ ਆਪਣਾ ਕਲਿਆਣ ਸਮਝਣ ਲੱਗੀ।

ਲੋਕ ਮਨਾਂ ਵਿੱਚ ਬੀਜੇ ਹੋਏ ਇਹ ਇਨਕਲਾਬ ਦੇ ਬੀਜ ਨਾ ਤਾਂ ਸਮੇਂ ਦੀਆਂ ਸਰਕਾਰਾਂ ਨੂੰ ਭਾਉਂਦੇ ਹਨ, ਨਾ ਉਨ੍ਹਾਂ ਤਾਕਤਾਂ ਨੂੰ ਜਿਨ੍ਹਾਂ ਦੀ ਸਥਾਪਤੀ ਨੂੰ ਇਹ ਤਬਦੀਲੀ ਵੰਗਾਰਦੀ ਹੈ। ਇਹ ਤਾਕਤਾਂ ਅਤੇ ਸਰਕਾਰਾਂ ਸੁਚੇਤ ਰੂਪ ਵਿੱਚ ਲੋਕਾਂ ਦੇ ਮਨਾਂ ’ਚ ਵਸੇ ਇਨ੍ਹਾਂ ਨਾਇਕਾਂ ਨੂੰ ਉਨ੍ਹਾਂ ਤੋਂ ਦੂਰ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਕਰਦੀਆਂ ਰਹਿੰਦੀਆਂ ਹਨ। ਇਹ ਨਾਇਕ ਜਿੰਨੀ ਦੇਰ ਜਿਉਂਦੇ ਹੁੰਦੇ ਹਨ, ਸਥਾਪਤੀ ਦੀਆਂ ਤਾਕਤਾਂ ਦੇ ਜ਼ੁਲਮ ਝੱਲਦੇ ਹਨ। ਬਹੁਤ ਵਾਰੀ ਆਪਣੀ ਕੁਰਬਾਨੀ ਵੀ ਦਿੰਦੇ ਹਨ। ਇਨ੍ਹਾਂ ਦੀ ਸ਼ਹਾਦਤ ਇਨ੍ਹਾਂ ਦੀ ਲੋਕ ਮਨ ’ਤੇ ਪਕੜ ਹੋਰ ਮਜ਼ਬੂਤ ਬਣਾ ਦਿੰਦੀ ਹੈ।

ਸਥਾਪਤ ਨਿਜ਼ਾਮ ਨੂੰ ਲੋਕ ਮਾਨਸਿਕਤਾ ਵਿੱਚ ਪਲ ਰਿਹਾ ਇਨਕਲਾਬ ਦਾ ਇਹ ਬੀਜ ਵਧਦਾ ਕਿਸੇ ਵੀ ਸੂਰਤ ਵਿੱਚ ਨਹੀਂ ਸੁਖਾਉਂਦਾ। ਸਿੱਧਾ ਵਾਰ ਕਰਨਾ ਜਾਂ ਇਨ੍ਹਾਂ ਨਾਇਕਾਂ ਦਾ ਵਿਰੋਧ ਹੁਣ ਸੌਖਾ ਨਹੀਂ ਹੁੰਦਾ। ਤਦ ਇਹ ਲੋਟੂ ਨਿਜ਼ਾਮ ਆਪਣੀ ਲੁੱਟ ਅਤੇ ਸਰਦਾਰੀ ਨੂੰ ਬਚਾਉਣ ਲਈ ਅਸਿੱਧੇ ਤੌਰ ’ਤੇ ਵਾਰ ਕਰਦਾ ਹੈ। ਨਿਜ਼ਾਮ ਇਸ ਗੱਲ ਤੋਂ ਬਾਖੂਬੀ ਵਾਕਿਫ਼ ਹੁੰਦਾ ਏ ਕਿ ਲੋਕ ਮਨਾਂ ਵਿੱਚ ਵਸੇ ਨਾਇਕ ਨੂੰ ਉਨ੍ਹਾਂ ਦੇ ਮਨ ਵਿੱਚੋਂ ਕੱਢਣਾ ਇੰਨਾ ਸੌਖਾ ਨਹੀਂ। ਇਸ ਲਈ ਇਹ ਸਥਾਪਤੀ ਸ਼ਕਤੀਆਂ ਅਤੇ ਅਸਲ ਵਿੱਚ ਵਿਰੋਧੀ ਧਿਰਾਂ ਜ਼ਾਹਰਾ ਤੌਰ ’ਤੇ ਇਨ੍ਹਾਂ ਨਾਇਕਾਂ ਨੂੰ ਮਾਣ ਦਿੰਦੀਆਂ ਦਿਖਾਈ ਦਿੰਦੀਆਂ ਹਨ। ਉਨ੍ਹਾਂ ਦੀ ਯਾਦ ਵਿੱਚ ਸਮਾਗਮ ਹੁੰਦੇ ਹਨ, ਉਨ੍ਹਾਂ ਦੇ ਦਿਨ ਮਨਾਏ ਜਾਂਦੇ ਹਨ, ਸ਼ਰਧਾਂਜਲੀਆਂ ਦਿੱਤੀਆਂ ਜਾਂਦੀਆਂ ਹਨ, ਕਿਤਾਬਾਂ ਲਿਖੀਆਂ ਜਾਂਦੀਆਂ ਹਨ ਅਤੇ ਹੋਰ ਬਹੁਤ ਕੁਝ ਕੀਤਾ ਜਾਂਦਾ ਹੈ, ਜੋ ਕਿ ਅਸਲ ਵਿੱਚ ‘ਡਰਾਮੇਬਾਜ਼ੀ’ ਤੋਂ ਵੱਧ ਕੁਝ ਨਹੀਂ ਹੁੰਦਾ। ਪੂਰਾ ਖਿਆਲ ਰੱਖਿਆ ਜਾਂਦਾ ਹੈ ਕਿ ਸਿਰਫ਼ ਕਿਤਾਬੀ ਗੱਲਾਂ ਤੱਕ ਹੀ ਸੀਮਿਤ ਰਿਹਾ ਜਾਵੇ, ਅਮਲੀ ਤੌਰ ’ਤੇ ਕੁਝ ਨਾ ਹੋਵੇ। ਜਨਤਾ ਦੇ ਮਨ ਵਿੱਚ ਇਹ ਭੁਲੇਖਾ ਬਣਿਆ ਰਹੇ ਕਿ ਉਸ ਨਾਇਕ ਦੀ ਗੱਲ ਹੋ ਰਹੀ ਹੈ ਅਤੇ ਸਭ ਉਸ ਦਾ ਸਤਿਕਾਰ ਕਰ ਰਹੇ ਹਨ। ਇਨ੍ਹਾਂ ਨਾਇਕਾਂ ਦੇ ਦੱਸੇ ਮਾਰਗ ’ਤੇ ਤੁਰਨਾ ਤਾਂ ਦੂਰ, ਤੁਰਨ ਦੀ ਗੱਲ ਵੀ ਚੱਲਣ ਨਹੀਂ ਦਿੱਤੀ ਜਾਂਦੀ।

ਇਸ ਵਿੱਚ ਵੀ ਦੋ ਰਾਵਾਂ ਨਹੀਂ ਕਿ ਜਾਣੇ-ਅਣਜਾਣੇ ਇਨ੍ਹਾਂ ਨਾਇਕਾਂ ਦੇ ਮਾਰਗ ਨੂੰ ਵਿਸਾਰ ਦੇਣ ਵਿੱਚ ਸਾਡੀ ਜਨਤਾ ਵੀ ਕੁਝ ਹੱਦ ਤੱਕ ਜ਼ਿੰਮੇਵਾਰ ਹੁੰਦੀ ਹੈ। ਉਹ ਵਧੇਰੇ ਕੱਟੜਤਾ ’ਚ ਆ ਕੇ, ਸ਼ਰਧਾ ਵਿੱਚ ਆ ਕੇ, ਕਿਸੇ ਖ਼ਾਸ ਧੜੇਬੰਦੀ ਦਾ ਸ਼ਿਕਾਰ ਹੋ ਕੇ ਉਸ ਨਾਇਕ ’ਤੇ ਜੱਫਾ ਮਾਰਨ ਦੀ ਕੋਸ਼ਿਸ਼ ਵਿੱਚ ਦੂਸਰੇ ਅੱਧੇ ਲੋਕਾਂ ਨੂੰ ਤੋੜ ਬਹਿੰਦੇ ਹਨ। ਇਸ ਵਿੱਚ ਵੀ ਸ਼ੱਕ ਨਹੀਂ ਕਿ ਕੁਝ ਗ਼ਲਤ ਪ੍ਰਚਾਰ ਸਾਜ਼ਿਸ਼ ਅਧੀਨ ਵੀ ਕਰਵਾਇਆ ਜਾਂਦਾ ਹੈ। ਉਸ ਖ਼ਾਸ ਸ਼ਖ਼ਸੀਅਤ ਦੇ ਆਚਰਣ ਬਾਰੇ, ਜੀਵਨ ਬਾਰੇ ਬਹੁਤ ਕੁਝ ਸੱਚਾ-ਝੂਠਾ ਲਿਖਵਾ ਕੇ ਸਥਾਪਿਤ ਨਿਜ਼ਾਮ ਜਨਤਾ ਦੇ ਨਜ਼ਰੀਏ ਨੂੰ ਬਦਲਣ ਦੀ ਲਗਾਤਾਰ ਕੋਸ਼ਿਸ਼ ਕਰਦਾ ਰਹਿੰਦਾ ਹੈ ਅਤੇ ਕਿਤੇ ਥੋੜ੍ਹਾ, ਕਿਤੇ ਬਹੁਤਾ ਕਾਮਯਾਬ ਵੀ ਹੋ ਜਾਂਦਾ ਹੈ।

ਕੁਝ ਉਦਾਹਰਨਾਂ ਨਾਲ ਗੱਲ ਸਪਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸ਼ਹੀਦ ਭਗਤ ਸਿੰਘ ਤੋਂ ਗੱਲ ਆਰੰਭ ਕਰਦੇ ਹਾਂ। ਇਸ ਦਾ ਅਪਹਰਣ ਤਿੰਨ ਪਾਸਿਆਂ ਤੋਂ ਹੋਇਆ ਹੈ - ਪਹਿਲਾਂ ਸਰਕਾਰੀ ਨਿਜ਼ਾਮ, ਜਿਸ ਨੇ ਸਾਰੀ ਮਸ਼ੀਨਰੀ ਲਗਾ ਕੇ ਉਸ ਨੂੰ ‘ਅੰਗਰੇਜ਼ਾਂ ਦਾ ਵਿਰੋਧੀ ਅਤੇ ਦੁਸ਼ਮਣ’ ਆਖਿਆ ਅਤੇ ਭਾਰਤ ਦੇਸ਼ ਨੂੰ ਪਿਆਰ ਕਰਨ ਵਾਲਾ ‘ਦੇਸ਼-ਭਗਤ’ ਬਣਾ ਦਿੱਤਾ। ਉਸ ਦੀ ਲੋਕ ਹਿਤ-ਵਿਰੋਧੀ ਵਿਚਾਰਧਾਰਾ ਨੂੰ ਸਮਾਗਮਾਂ, ਸ਼ਰਧਾਂਜਲੀਆਂ, ਸ਼ਤਾਬਦੀਆਂ ਆਦਿ ਵਿੱਚ ਰੋਲ ਕੇ ਰੱਖ ਦਿੱਤਾ। ਦੂਸਰਾ, ਉਸ ਦੀ ਵਿਚਾਰਧਾਰਾ ਦੇ ਕੱਟੜ ਸਮਰਥਕ ਅਤੇ ਪ੍ਰਚਾਰਕ ਕਾਮਰੇਡ ਵੀਰਾਂ ਨੇ ਵੀ ਘੱਟ ਨਹੀਂ ਕੀਤੀ। ਇੱਕ ਧੜੇ ਨਾਲ ਜੁੜ ਕੇ ਉਸ ਦੇ ਧਰਮ ਵਿਰੁੱਧ ਹੋਣ ਨੂੰ ਹੀ ਪ੍ਰਚਾਰ ਦਾ ਮੁੱਖ ਵਿਸ਼ਾ ਬਣਾ ਲਿਆ। ਅੱਜ ਦੇ ਜਵਾਨ ਨੂੰ ਉਸ ਦੇ ‘ਮੈਂ ਨਾਸਤਕ ਕਿਉਂ ਹਾਂ’ ਦਾ ਤਾਂ ਇਲਮ ਹੈ, ਉਸ ਦੇ ਲੈਨਿਨ ਦੀ ਜੀਵਨੀ ਪੜ੍ਹਦੇ ਹੋਣ ਦਾ ਗਿਆਨ ਹੈ, ਪਰ ਉਸ ਨੇ ਕਿਸ ਤਬਦੀਲੀ ਦੀ ਗੱਲ ਕੀਤੀ ਸੀ ਤੇ ਉਹ ਅੱਜ ਦੇ ਪ੍ਰਸੰਗ ਵਿੱਚ ਕਿਵੇਂ ਫਿੱਟ ਬੈਠਦੀ ਹੈ, ਨਹੀਂ ਪਤਾ। ਤੀਸਰਾ, ਕਸੂਰ ਸਾਡੇ ਸਿੱਖ ਵੀਰਾਂ ਦਾ ਵੀ ਹੈ ਜੋ ਭਾਵੇਂ ਦੂਜੀ ਧਿਰ (ਕਾਮਰੇਡ) ਦੇ ਪ੍ਰਚਾਰ ਦੇ ਅਸਰ ਵਜੋਂ ਹੀ ਹੋਵੇ, ਪਰ ਇਹ ਕਹਿਣਾ ਕੋਈ ਗ਼ਲਤ ਨਹੀਂ ਹੋਵੇਗਾ ਕਿ ਸਿੱਖੀ ਨੂੰ ਪਿਆਰ ਕਰਨ ਵਾਲੇ ਅੱਜ ਭਗਤ ਸਿੰਘ ਦੀ ਨਾਸਤਿਕਤਾ ਕਰਕੇ ਉਸ ਤੋਂ ਦੂਰ ਜਾ ਚੁੱਕੇ ਹਨ। ਮੈਨੂੰ ਆਪਣੇ ਬਚਪਨ ਬਾਰੇ ਪੂਰਾ ਯਾਦ ਹੈ ਕਿ ਜਦੋਂ ਮੇਰੇ ਪਿੰਡ ਦੇ ਗੁਰਦੁਆਰੇ ਵਿੱਚ ਢਾਡੀ ਭਗਤ ਸਿੰਘ, ਊਧਮ ਸਿੰਘ ਦੀਆਂ ਵਾਰਾਂ ਗਾਇਆ ਕਰਦੇ ਸਨ। ਅੱਜ ਕਿਉਂ ਭਗਤ ਸਿੰਘ ਗੁਰਦੁਆਰੇ ’ਚੋਂ ਬਾਹਰ ਹੋ ਗਿਆ ਹੈ, ਕਿਉਂਕਿ ਉਸ ਦੇ (ਸੱਚ ਜਾਂ ਝੂਠ) ਨਾਸਤਕ ਹੋਣ ਦਾ ਪ੍ਰਚਾਰ ਲੋੜ ਤੋਂ ਵੱਧ ਹੋਇਆ ਹੈ। ਸਰਕਾਰੀ ਧਿਰ ਦੀ ਗੱਲ ਤਾਂ ਸਮਝ ਆਉਂਦੀ ਹੈ, ਪਰ ਦੂਜੀਆਂ ਧਿਰਾਂ ਕਦੋਂ ਸਵੈ-ਵਿਸ਼ਲੇਸ਼ਣ ਕਰਨਗੀਆਂ? ਕਿਉਂਕਿ ਹੁਣ ਭਗਤ ਸਿੰਘ ਇੱਕ ਖ਼ਾਸ ਧੜੇ ਦਾ ਪ੍ਰਤੀਨਿਧ ਹੈ, ਲੋਕ ਮਨ ਦਾ ਨਹੀਂ।

JaswinderSRupalBookNirala2ਅੱਗੇ ਗੱਲ ਗੁਰੂ ਨਾਨਕ ਦੇਵ ਜੀ ਦੀ ਕਰੀਏ। ਮਨੁੱਖਤਾ ਦੇ ਰਹਿਬਰ, ਚਾਰੇ ਵਰਨਾਂ ਨੂੰ ਇੱਕ ਸਮਝਣ ਵਾਲੇ, ਗ਼ਰੀਬਾਂ ਅਤੇ ਲਤਾੜਿਆਂ ਨੂੰ ਗਲ਼ ਲਗਾਉਣ ਵਾਲੇ, ਹਾਕਮ, ਜਰਵਾਣੇ, ਪਾਖੰਡੀ, ਧਾਰਮਿਕ ਅਤੇ ਰਾਜਨੀਤਿਕ ਨੇਤਾਵਾਂ ਨੂੰ ਖਰੀਆਂ ਸੁਣਾਉਣ ਵਾਲੇ ਅੱਜ ਇੱਕ ਧਿਰ ਦੇ ਰਹਿਬਰ ਬਣ ਕੇ ਰਹਿ ਗਏ ਹਨ। ਵੱਖ ਵੱਖ ਦੇਸ਼ਾਂ ਵਿੱਚ ਦੂਰ ਦੁਰਾਡੇ ਪੈਦਲ ਚੱਲਣ ਵਾਲੇ ਬਾਬਾ ਨਾਨਕ ਦੇ ਪੈਰਾਂ ਦੇ ਛਾਲੇ ਸਾਨੂੰ ਤੁਰਨ ਦੀ ਪ੍ਰੇਰਨਾ ਨਹੀਂ ਦਿੰਦੇ। ਸਾਨੂੰ ਕਿਰਤੀ ਭਾਈ ਲਾਲੋ ਨਜ਼ਰ ਨਹੀਂ ਆਉਂਦਾ ਸਗੋਂ ਵੱਡੇ ਵੱਡੇ ਲੰਗਰ ਲਗਾ ਕੇ, ਵੱਡੇ ਵੱਡੇ ਗੁਰਦੁਆਰੇ ਬਣਾ ਕੇ, ਸੋਨਾ ਚੜ੍ਹਾ ਕੇ, ਉਨ੍ਹਾਂ ਦੀ ਸਰਬ-ਸਾਂਝੀ ਬਾਣੀ ਦੇ ਸੰਦੇਸ਼ ਨੂੰ ਰੁਮਾਲਿਆਂ ਵਿੱਚ ਲਪੇਟ ਕੇ ਪੂਜਾ ਕਰਨੀ ਚੰਗੀ ਲੱਗਣ ਲੱਗ ਪਈ ਹੈ। ਇੱਥੇ ਵੀ ਅਪਹਰਣ ਕਰਨ ਵਾਲਿਆਂ ਨੇ ਬਹੁਤ ਬਾਰੀਕੀ ਅਤੇ ਸੂਖਮਤਾਈ ਨਾਲ ਵਾਰ ਕੀਤਾ ਹੈ। ਜਿਸ ਲੁੱਟ ਤੋਂ ਬਾਬਾ ਨਾਨਕ ਨੇ ਵਰਜਿਆ ਸੀ, ਉਨ੍ਹਾਂ ਦਾ ਨਾਂ ਲੈ ਕੇ ਉਹੀ ਲੁੱਟ ਸਿੱਧੇ-ਅਸਿੱਧੇ ਫਿਰ ਸ਼ੁਰੂ ਹੋ ਚੁੱਕੀ ਹੈ। ਧਾਰਮਿਕ ਪੁਜਾਰੀ, ਕਰਮ ਕਾਂਡੀ, ਸਰਮਾਏਦਾਰ ਜਮਾਤ ਅਤੇ ਇਨ੍ਹਾਂ ਜਮਾਤਾਂ ਦੀ ਪਾਲਕ ਸਰਕਾਰ ਨੇ ਤਾਂ ਇਹ ਸਭ ਕਰਨਾ ਹੀ ਸੀ, ਉਨ੍ਹਾਂ ਦਾ ਸਵਾਰਥ ਅਤੇ ਲੋੜਾਂ ਨੇ ਬਾਬਾ ਨਾਨਕ ਦੀ ਵਿਚਾਰਧਾਰਾ ਨੂੰ ਨਕਾਰਨਾ ਹੀ ਸੀ, ਪਰ ਉਨ੍ਹਾਂ ਦੇ ਪੈਰੋਕਾਰ ਬਣੇ ਸਿੱਖਾਂ ਨੇ ਵੀ ਗੁਰੂ ਨਾਨਕ ਦੇਵ ਜੀ ਨੂੰ ਸਿਰਫ਼ ਪੂਜਾ ਤੱਕ ਹੀ ਸੀਮਿਤ ਕਰ ਕੇ ਰੱਖ ਦਿੱਤਾ ਹੈ। ਅੱਜ ਉਹ ਹਿੰਦੂਆਂ ਦੇ ਗੁਰੂ ਅਤੇ ਮੁਸਲਮਾਨਾਂ ਦੇ ਪੀਰ ਕਿਉਂ ਨਹੀਂ? ਸ਼ਾਤਰ ਹਾਕਮ ਬਾਬਾ ਨਾਨਕ ਦੇ ਦਿਵਸ ਮਨਾਏਗਾ, ਛੁੱਟੀ ਕਰੇਗਾ, ਸਮਾਗਮ ਕਰਵਾਏਗਾ, ਹੋਰ ਸਭ ਕੁਝ ਕਰੇਗਾ, ਪਰ ਜੇ ਕਿਸੇ ਨਾਨਕ-ਨਾਮ ਲੇਵਾ ਨੇ ਹਾਕਮ ਨੂੰ ਜਾਬਰ ਕਹਿ ਦਿੱਤਾ, ਉਹ ਝੱਲ ਨਹੀਂ ਸਕੇਗਾ। ਜੇ ਕੋਈ ਅਜੋਕੇ ਕਰਮ-ਕਾਂਡੀਆਂ ਦੇ ਵਿਰੁੱਧ ਬੋਲਣ ਲੱਗੇ ਤਾਂ ਬਹੁਤ ਧਾਰਾਵਾਂ ਲਗਾਈਆਂ ਜਾ ਸਕਦੀਆਂ ਹਨ। ਬਾਬਾ ਨਾਨਕ ਦੀ ਵਿਚਾਰਧਾਰਾ ਦਾ ਪੂਰੀ ਤਰ੍ਹਾਂ ਅਪਹਰਣ ਹੋ ਚੁੱਕਾ ਹੈ ਅਤੇ ਜੋ ਨਾਨਕ ਅੱਜ ਲੋਕਾਂ ਕੋਲ ਹੈ, ਉਹ ਕਿਸੇ ਸਾਧ-ਬਾਬੇ ਦੇ ਵਿਰੁੱਧ ਨਹੀਂ, ਉਹ ਕਿਸੇ ਬਾਬਰ ਜਾਂ ਮਲਕ ਭਾਗੋ ਦੇ ਵਿਰੁੱਧ ਵੀ ਨਹੀਂ। ਮਾਲਾ ਫੜੀ ਨਾਮ ਜਪਾਉਂਦਾ ਇਹ ਨਾਨਕ ਕਿਸੇ ਲਈ ਕੋਈ ਖ਼ਤਰਾ ਨਹੀਂ। ਬਾਬਾ ਨਾਨਕ ਕਿਰਤੀ ਲੋਕ ਮਨ ’ਚੋਂ ਦੂਰ ਚਲਾ ਗਿਆ ਏ।

ਗੁਰੂ ਗੋਬਿੰਦ ਸਿੰਘ ਜੀ, ਡਾ. ਅੰਬੇਡਕਰ ਅਤੇ ਇਸੇ ਤਰ੍ਹਾਂ ਕੁਝ ਹੋਰ ਅਜਿਹੇ ਨਾਂ ਹਨ ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਹੀ ਨਹੀਂ ਸਗੋਂ ਬਾਅਦ ਵਿੱਚ ਵੀ ਲੰਮਾ ਅਰਸਾ ਲੋਕਾਂ ਦੇ ਹਿਰਦਿਆਂ ’ਤੇ ਰਾਜ ਕੀਤਾ, ਪਰ ਸ਼ਾਤਰ ਸਰਕਾਰਾਂ ਨੇ, ਵਿਰੋਧੀ ਧਿਰਾਂ ਨੇ ਜਾਣਬੁੱਝ ਕੇ ਚਾਲਾਂ ਨਾਲ ਅਤੇ ਉਨ੍ਹਾਂ ਦੇ ਆਪਣਿਆਂ ਨੇ ਜ਼ਿਆਦਾ ਸ਼ਰਧਾ ਵਿੱਚ, ਕੱਟੜਤਾ ਵਿੱਚ ਜਾਂ ਕਿਸੇ ਇੱਕ ਧਿਰ ਨਾਲ ਜੁੜ ਕੇ ਉਨ੍ਹਾਂ ਦੀ ਵਿਸ਼ਾਲ ਇਨਕਲਾਬੀ ਸੋਚ ਨੂੰ ਤਹਿਸ ਨਹਿਸ ਕਰ ਦਿੱਤਾ। ਅੱਜ ਉਨ੍ਹਾਂ ਦਾ ਨਾਮ ਲਿਆ ਜਾਂਦਾ ਹੈ, ਪਰ ਉਨ੍ਹਾਂ ਦੇ ਦੱਸੇ ਹੋਏ ਮਾਰਗ ’ਤੇ ਚੱਲਣ ਦੀ ਗੱਲ ਬਹੁਤ ਦੂਰ ਨਿਕਲ ਗਈ ਹੈ। ਕੁਝ ਮਾਇਆ ਨੇ, ਕੁਝ ਸਵਾਰਥਾਂ ਨੇ, ਕੁਝ ਕੁਰਸੀ ਨੇ, ਕੁਝ ਚੌਧਰ ਨੇ ਅਜਿਹਾ ਵਾਤਾਵਰਨ ਬਣਾ ਦਿੱਤਾ ਹੈ ਕਿ ਅਸੀਂ ਆਪਣੇ ਹੀ ਬਣਾਏ ਚੱਕਰਵਿਊ ਵਿੱਚ ਫਸ ਕੇ ਰਹਿ ਗਏ ਹਾਂ ਅਤੇ ਉਸ ਆਪੂੰ ਬਣਾਏ ਦਾਇਰਿਆਂ ਤੋਂ ਬਾਹਰ ਨਿਕਲਣਾ ਤਾਂ ਦੂਰ, ਸੋਚਣਾ ਵੀ ਚੰਗਾ ਨਹੀਂ ਸਮਝਦੇ।

ਕਦੋਂ ਉਹ ਵੇਲਾ ਆਏਗਾ ਜਦੋਂ ਅਸੀਂ ਆਪਣੇ ਨਾਇਕਾਂ ਨੂੰ ਆਪਣੇ ਹਿਰਦਿਆਂ ਵਿੱਚੋਂ, ਆਪਣੇ ਵਿਚਾਰਾਂ ਵਿੱਚੋਂ ਜਾਣ ਨਹੀਂ ਦੇਵਾਂਗੇ ਅਤੇ ਲੋਟੂ ਤਾਕਤਾਂ ਦੇ ਡਰਾਮੇ ਪਹਿਚਾਣ ਸਕਾਂਗੇ। ਵਿਦਵਾਨਾਂ, ਚਿੰਤਕਾਂ, ਲੇਖਕਾਂ ਤੋਂ ਕੁਝ ਆਸ ਹੈ ਜੇ ਉਹ ਮਾਣ-ਸਨਮਾਨ ਤੋਂ ਉੱਚਾ ਉੱਠ ਸਕਣ ਅਤੇ ਧੜੇਬੰਦੀ ਦੇ ਗ਼ੁਲਾਮ ਨਾ ਬਣਨ। ਸਿਰਫ਼ ਅਤੇ ਸਿਰਫ਼ ਸੱਚ ਲਿਖ ਸਕਣ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4553)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਸਵਿੰਦਰ ਸਿੰਘ ਰੁਪਾਲ

ਜਸਵਿੰਦਰ ਸਿੰਘ ਰੁਪਾਲ

Calgary, Alberta, Canada.
Whatsapp (India: 91 - 98147 - 15796)
Email: (rupaljs@gmail.com)