RavinderSinghDr6ਅਸੀਂ ਘੁਸਰ ਮੁਸਰ ਕਰਨ ਲੱਗੇ। ਆਖ਼ਿਰ ਮੈਡਮ ਨੂੰ ਉਹਨਾਂ ਅਲਮਾਰੀਆਂ ਕੋਲ ਲੈ ਗਏ। ਉਹ ਆਪ ਹੈਰਾਨ ਹੋਏ ...
(28 ਨਵੰਬਰ 2023)
ਇਸ ਸਮੇਂ ਪਾਠਕ: 72.


ਜਦੋਂ ਦਾ ਮੈਂ ਕਾਂਸਟੀਚੂਐਂਟ ਕਾਲਜ ਵਿੱਚ ਕੰਟਰੈਕਟ ਆਧਾਰ ’ਤੇ ਅਸਿਸਟੈਂਟ ਪ੍ਰੋਫੈਸਰ ਲੱਗਾ ਹਾਂ
, ਮੇਰਾ ਪਿੰਡ ਆਉਣਾ ਜਾਣਾ ਲਗਭਗ ਖ਼ਤਮ ਹੋ ਗਿਆ ਹੈ। ਇਹ ਪ੍ਰੋਫੈਸਰੀ ਭਾਵੇਂ ਘਰ ਦੀ ਰਸੋਈ ਨੂੰ ਵੀ ਦੰਦੀਆਂ ਚਿੜਾਉਂਦੀ ਰਹਿੰਦੀ ਹੈ ਪਰ ਸਮਾਂ ਲੰਘ ਰਿਹਾ ਹੈ। ਇੱਕ ਪਾਸੇ ਘਰ ਦੀਆਂ ਚਿੰਤਾਵਾਂ, ਦੂਜੇ ਪਾਸੇ ਵਿਦਿਆਰਥੀਆਂ ਦੀ ਹਾਲਤ ਦੇਖ ਕੇ ਔਖ ਮਹਿਸੂਸ ਹੁੰਦੀ ਹੈ। ਵਿਦਿਆਰਥੀ ਕੁਝ ਸੁਣਨ ਨੂੰ ਤਿਆਰ ਨਹੀਂ ਤੇ ਰੈਗੂਲਰ ਪ੍ਰਿੰਸੀਪਲ, ਪ੍ਰੋਫੈਸਰ ਤੇ ਹੋਰ ਕਰਮਚਾਰੀ ਆਪਣੀ ਚਮੜੀ ਬਚਾਉਂਦੇ ਹਨ। ਅਧਿਆਪਕ ਦੀ ਕੋਈ ਜੂਨ ਨਹੀਂ ਰਹੀ। ਕਾਲਜਾਂ ਵਾਲਿਆਂ ਦੀ ਤਾਂ ਬਿਲਕੁਲ ਨਹੀਂ ਜਿਹੜੇ ਕੰਟਰੈਕਟ ਜਾਂ ਗੈਸਟ ਫੈਕਲਿਟੀ ’ਤੇ ਹਨ।

ਬਰਜਿੰਦਰਾ ਕਾਲਜ ਫਰੀਦਕੋਟ ਦਾ ਵਿਦਿਆਰਥੀ ਰਿਹਾ ਹਾਂ। ਪਿਛਲੇ ਦਿਨੀਂ ਮੇਰੇ ਅਧਿਆਪਕ ਪ੍ਰੋ. ਸੁਖਜਿੰਦਰ ਸਿੰਘ ਦੀ ਮੌਤ ਹੋ ਗਈ। ਖ਼ਬਰ ਸੁਣੀ ਤਾਂ ਮਨ ਬਹੁਤ ਦੁਖੀ ਹੋਇਆ। ਪੁੱਤ ਵਿਦੇਸ਼ ਵਸਦਾ ਹੋਣ ਕਾਰਨ ਸਸਕਾਰ ਚਾਰ ਦਿਨਾਂ ਬਾਅਦ ਹੋਇਆ। ਉਹਨਾਂ ਮੈਨੂੰ ਐੱਮਏ ਦੇ ਪਹਿਲੇ ਸਾਲ ਵਿੱਚ ਹੀ ਕਲਾਸ ਵਿੱਚ ਗੱਲ ਕਰਨ ਦੀ ਸਜ਼ਾ ਵਜੋਂ ਬਾਹਰ ਕੱਢ ਦਿੱਤਾ ਸੀ। ਮੈਂ ਡਰਦਾ ਮਾਰਿਆ ਪੂਰੀ ਐੱਮਏ ਦੌਰਾਨ ਕਲਾਸ ਵਿੱਚ ਨਾ ਗਿਆ। ਕਾਲਜ ਦੀ ਲਾਇਬ੍ਰੇਰੀ ਦਾ ਪੱਕਾ ਪਾਠਕ ਬਣ ਗਿਆ। ਆਮ ਨਾਲੋਂ ਦੁੱਗਣੀ ਮਿਹਨਤ ਕੀਤੀ।

ਪ੍ਰੋ. ਰੁਪਿੰਦਰ ਮਾਨ ਨੇ ਮੇਰੀ ਹਾਲਤ ਭਾਂਪਦਿਆਂ ਅਗਵਾਈ ਦਿੱਤੀ ਜਿਸ ਸਦਕਾ ਕਾਲਜ ਵਿੱਚੋਂ ਪਹਿਲਾ ਅਤੇ ਯੂਨੀਵਰਸਿਟੀ ਵਿੱਚੋਂ ਅੱਠਵਾਂ ਸਥਾਨ ਹਾਸਿਲ ਕੀਤਾ। ਇਸ ਪ੍ਰਾਪਤੀ ਕਰ ਕੇ ਪ੍ਰੋ. ਸੁਖਜਿੰਦਰ ਸਿੰਘ ਮੈਨੂੰ ਬੇਹੱਦ ਪਿਆਰ ਕਰਨ ਲੱਗੇ। ਇੱਕ ਦਿਨ ਕਹਿਣ ਲੱਗੇ, “ਰਵੀ, ਕਲਾਸ ਵਿੱਚ ਉਦੋਂ ਤੇਰੇ ਨਾਲ ਧੱਕਾ ਹੋ ਗਿਆ। ਤੇਰੇ ’ਤੇ ਗੁੱਸਾ ਈ ਬਾਹਲਾ ਆ ਗਿਆ।” ਮੇਰੇ ਦੂਜੇ ਸਾਥੀ ਦੱਸਦੇ ਕਿ ਉਹ ਕਲਾਸ ਵਿੱਚ ਬਹੁਤ ਵਧੀਆ ਪੜ੍ਹਾਉਂਦੇ ਸਨ। ਮੈਂ ਉਹਨਾਂ ਤੋਂ ਪੜ੍ਹਿਆ ਜ਼ਰੂਰ ਪਰ ਕਲਾਸ ਵਿੱਚ ਨਹੀਂ। ਮੇਰੀ ਇਹ ਘਾਟ ਕਦੇ ਪੂਰੀ ਨਹੀਂ ਹੋਵੇਗੀ। ਇਸੇ ਘਟਨਾ ਕਾਰਨ ਉਹਨਾਂ ਨਾਲ ਮੇਰਾ ਬੜਾ ਪਿਆਰਾ ਰਿਸ਼ਤਾ ਬਣ ਗਿਆ ਸੀ।

ਉਹਨਾਂ ਦੇ ਸਸਕਾਰ ’ਤੇ ਪਟਿਆਲੇ ਤੋਂ ਫਰੀਦਕੋਟ ਗਏ। ਰਿਸ਼ਤੇਦਾਰ, ਵਿਦਿਆਰਥੀ, ਅਧਿਆਪਕ, ਸ਼ਹਿਰ ਨਿਵਾਸੀ ਤੇ ਹੋਰ ਉਹਨਾਂ ਨੂੰ ਅੰਤਮ ਵਿਦਾਇਗੀ ਦੇਣ ਆਏ ਸਨ। ਚਾਨਣ ਮੁਨਾਰੇ ਨੂੰ ਮ੍ਰਿਤਕ ਲੇਟਿਆ ਦੇਖ ਮਨ ਹਟਕੋਰੇ ਭਰ ਰਿਹਾ ਸੀ। ਬਹੁਤ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਰੋਣ ਨਿਕਲ ਗਿਆ; ਨਾਲ ਬੈਠੇ ਸਾਥੀ ਨੇ ਮੇਰੀ ਕੰਡ ’ਤੇ ਪੋਲਾ ਜਿਹਾ ਹੱਥ ਰੱਖੀਆਂ, ਅੱਖਾਂ ਉੱਛਲ ਰਹੀਆਂ ਸਨ।

ਸਸਕਾਰ ਤੋਂ ਬਾਅਦ ਕਾਲਜ ਦੇ ਬੇਲੀ, ਪ੍ਰਿੰਸੀਪਲ ਕੁਮਾਰ ਜਗਦੇਵ ਦੇ ਸਕੂਲ ਜਾ ਬੈਠੇ। ਪ੍ਰੋ. ਸੁਖਜਿੰਦਰ ਸਿੰਘ ਦੀ ਜ਼ਿੰਦਾਦਿਲੀ, ਲਿਆਕਤ, ਜ਼ਿੱਦ ਅਤੇ ਪਿਆਰ ਦੀਆਂ ਗੱਲਾਂ ਕਰਦੇ ਰਹੇ। ਘਰ ਮੁੜਨ ਦੀ ਕਾਹਲੀ ਸੀ ਪਰ ਉੱਠਣ ਨੂੰ ਦਿਲ ਨਹੀਂ ਕਰਦਾ ਸੀ। ਆਖ਼ਿਰ ਵਿਦਾ ਹੋਏ। ਲੰਬੀ, ਬਿੱਟਾ, ਕੁਲਬੀਰ ਤੇ ਮੈਂ ਗੱਡੀ ਵਿੱਚ ਬੈਠ ਕੇ ਤੁਰਨ ਲੱਗੇ ਤਾਂ ਮੇਰੇ ਮੂੰਹੋਂ ਨਿਕਲਿਆ, “ਬਰਜਿੰਦਰਾ ਕਾਲਜ ਇਹਨਾਂ ਪ੍ਰੋਫੈਸਰਾਂ ਨਾਲ ਹੀ ਸੀ। ਇਸ ਕਾਲਜ ਨੇ ਵੱਡੀਆਂ ਹਸਤੀਆਂ ਪੈਦਾ ਕੀਤੀਆਂ।”

ਕਾਲਜ ਜਾਣ ਨੂੰ ਦਿਲ ਕੀਤਾ। ਮੈਂ, ਲੰਬੀ ਤੇ ਕੁਲਬੀਰ ਚੱਲ ਪਏ। ਪੰਜਾਬੀ ਵਿਭਾਗ ਦੀਆਂ ਕਲਾਸਾਂ ਅੰਦਰ ਵੜ ਵੜ ਦੇਖਣ ਲੱਗੇ। ਅਜੀਬ ਤਰ੍ਹਾਂ ਦੀ ਬੇਗਾਨਗੀ ਤੇ ਆਪਣੇਪਣ ਦਾ ਅਹਿਸਾਸ ਹੋ ਰਿਹਾ ਸੀ। ਜਦੋਂ ਕੋਈ ਕੁੜੀ ਆਪਣੇ ਸਹੁਰੇ ਘਰੋਂ ਪੇਕੇ ਆਉਂਦੀ ਹੋਵੇਗੀ, ਉਹਦਾ ਇਹੀ ਅਹਿਸਾਸ ਹੁੰਦਾ ਹੋਵੇਗਾ! ਪੰਜਾਬੀ ਵਿਭਾਗ ਦੇ ਮੁਖੀ ਦੀ ਕੁਰਸੀ ’ਤੇ ਡਾ. ਕੁਲਵਿੰਦਰ ਕੌਰ ਬੈਠੇ ਸਨ। ਉਹ ਬੜੇ ਨਿੱਘ ਨਾਲ ਮਿਲੇ। ਸਾਡੇ ਸਮੇਂ ਇਸ ਕੁਰਸੀ ’ਤੇ ਪ੍ਰੋ. ਸੁਖਜਿੰਦਰ ਸਿੰਘ ਬੈਠਦੇ ਸਨ।

ਵਿਭਾਗ ਵਿੱਚੋਂ ਨਿਕਲ ਪ੍ਰਿੰਸੀਪਲ ਦਫਤਰ ਮੂਹਰੇ ਅੰਬ ਦੇ ਬੂਟੇ ਹੇਠ ਗਏ। ਪੜ੍ਹਦੇ ਸਾਂ ਤਾਂ ਇਸ ਹੇਠ ਲੱਗੇ ਬੈਂਚ ਉੱਤੇ ਅਕਸਰ ਬੈਠਦੇ ਸੀ। ਹੁਣ ਇਸ ਨੂੰ ਹਨੇਰੀਆਂ ਨੇ ਝੰਬ ਦਿੱਤਾ ਹੈ, ਅੱਧਾ ਵੀ ਨਹੀਂ ਰਿਹਾ। ਨੇੜੇ ਹੀ ਬੋਰਡ ਬਣਾ ਦਿੱਤਾ ਹੈ ਜਿਸ ਉੱਪਰ ਅੰਗਰੇਜ਼ੀ ਵਿੱਚ ‘ਆਈ ਲਵ ਬ੍ਰਿਜਿੰਦਰਾ’ ਲਿਖਿਆ ਹੈ। ਅਸੀਂ ਸਭ ਕੁਝ ਭੁੱਲ ਕੇ ਬੋਰਡ ਨਾਲ ਫੋਟੋ ਖਿਚਵਾਉਣ ਲੱਗੇ। ਹੋਸਟਲ ਜਾਣਾ ਚਾਹੁੰਦੇ ਸਾਂ, ਕਾਲਜ ਦਾ ਗੇੜਾ ਲਾਉਣ ਨੂੰ ਦਿਲ ਕਰਦਾ ਸੀ, ਕੰਟੀਨ ਵਿੱਚ ਚਾਹ ਪੀਣ ਦੀ ਇੱਛਾ ਸੀ, ਲਾਇਬ੍ਰੇਰੀ ਜਾਣਾ ਸੀ।

ਕਾਲਜ ’ਤੇ ਨਿਗਾਹ ਮਾਰਦਿਆਂ ਕੁਲਬੀਰ ਕਹਿਣ ਲੱਗਾ, “ਕਾਲਜ ਪਹਿਲਾਂ ਵਰਗਾ ਨੀ ਲਗਦਾ, ਜਨਤਾ ਦਾ ਹਿਸਾਬ ਕਿਤਾਬ ਹੀ ਬਦਲ ਗਿਆ। ਅੱਧੇ ਵਿਦਿਆਰਥੀ ਤਾਂ ਲੋਅਰ, ਟੀ-ਸ਼ਰਟ, ਚੱਪਲਾਂ ਪਾਈ ਫਿਰਦੇ ਦਿਸੇ। ਇਹ ਬਣ ਕੀ ਗਿਆ? ਗੱਲਾਂ ਕਰਦੇ ਅਸੀਂ ਲਾਇਬ੍ਰੇਰੀ ਵੱਲ ਤੁਰ ਗਏ। ਲਾਇਬ੍ਰੇਰੀ ਦੇ ਲਾਅਨ ਵਿੱਚ ਜਿੱਥੇ ਸਾਡੇ ਵੇਲੇ ਦੇ ਲਾਇਬ੍ਰੇਰੀਅਨ ਕੌਸ਼ਲ ਸਾਹਿਬ ਕਿਸੇ ਬੱਚੇ ਨੂੰ ਵਿਹਲਾ ਨਹੀਂ ਬੈਠਣ ਦਿੰਦੇ ਸਨ, ਉੱਥੇ ਜੋੜੀਆਂ ਹੀ ਬੈਠੀਆਂ ਸਨ। ਕਿਸੇ ਦਾ ਵੀ ਆਸੇ ਪਾਸੇ ਕੋਈ ਧਿਆਨ ਨਹੀਂ ਸੀ, ਸਾਰੇ ਮਸਤ। ਕੋਈ ਇੱਕ ਵੀ ਪੜ੍ਹ ਨਹੀਂ ਰਿਹਾ ਸੀ।

ਲਾਇਬ੍ਰੇਰੀ ਵਿੱਚ ਵੜੇ। ਉਹ ਵੀ ਭਰੀ ਪਈ ਸੀ। ਖੁਸ਼ੀ ਹੋਈ ਪਰ ਇਹ ਜਾਣ ਕੇ ਦੁੱਖ ਵੀ ਹੋਇਆ ਕਿ ਉਹਨਾਂ ਵਿੱਚ ਪੜ੍ਹਨ ਵਾਲਾ ਕੋਈ ਨਹੀਂ ਸੀ, ਸਾਰੇ ਗਰਮੀ ਕਾਰਨ ਲਾਇਬ੍ਰੇਰੀ ਦੇ ਪੱਖਿਆਂ ਹੇਠ ਬੈਠੇ ਗੱਲਾਂ ਮਾਰ ਰਹੇ ਸਨ। ਪੁਰਾਣਾ ਸਟਾਫ ਰਿਟਾਇਰ ਹੋ ਚੁੱਕਿਆ ਸੀ। ਇੱਕ ਮੈਡਮ ਸਨ, ਜਿਹੜੇ ਲਾਇਬ੍ਰੇਰੀ ਸੰਭਾਲਦੇ ਸਨ। ਇਹ ਵੀ ਗੈਸਟ ਫੈਕਲਿਟੀ ’ਤੇ ਹਨ। ਲਾਇਬ੍ਰੇਰੀ ਵਿੱਚ ਬਹੁਤ ਪੁਰਾਣੀਆਂ ਤੇ ਅਹਿਮ ਕਿਤਾਬਾਂ ਹਨ। ਕਈ ਕਿਤਾਬਾਂ ਤਾਂ ਕਿਤੇ ਵੀ ਨਹੀਂ ਮਿਲਣਗੀਆਂ। ਅਲਮਾਰੀਆਂ ਵਿੱਚ ਪਈਆਂ ਕੀਮਤੀ ਕਿਤਾਬਾਂ ਖਸਤਾ ਹਾਲ ਸਨ।

ਅਸੀਂ ਘੁਸਰ ਮੁਸਰ ਕਰਨ ਲੱਗੇ। ਆਖ਼ਿਰ ਮੈਡਮ ਨੂੰ ਉਹਨਾਂ ਅਲਮਾਰੀਆਂ ਕੋਲ ਲੈ ਗਏ। ਉਹ ਆਪ ਹੈਰਾਨ ਹੋਏ। ਕਹਿਣ ਲੱਗੇ, “ਮੈਂ ਇੱਥੇ ਇਕੱਲੀ ਹਾਂ, ਕਾਲਜ ਹੋਰ ਕੰਮ ਵੀ ਸੌਂਪ ਦਿੰਦਾ ਹੈ। ਬਹੁਤ ਔਖਾ ਹੈ। ਉੱਪਰੋਂ ਨੌਕਰੀ ਕੱਚੀ ਹੈ, ਕੋਈ ਭਵਿੱਖ ਨਹੀਂ। ਪਲੀਜ਼ ਤੁਸੀਂ ਪ੍ਰਿੰਸੀਪਲ ਸਰ ਨੂੰ ਕਹਿ ਕੇ ਜਾਓ ਕਿ ਲਾਇਬ੍ਰੇਰੀ ਬਾਰੇ ਕੁਝ ਸੋਚੋ।”

ਮੈਡਮ ਇਉਂ ਬੋਲੇ ਜਿਵੇਂ ਵਾਸਤਾ ਪਾ ਰਹੇ ਹੋਣ। ਇਹ ਸੱਚ ਵੀ ਸੀ। ਜਦੋਂ ਅਸੀਂ ਪੜ੍ਹਦੇ ਸਾਂ, ਛੇ ਕਰਮਚਾਰੀ ਹੁੰਦੇ ਸਨ। ਇੱਥੋਂ ਅਸੀਂ ਰੋਣਹਾਕੇ ਹੋ ਕੇ ਨਿਕਲੇ। ਤਬਾਹ ਹੋ ਰਹੇ ਖਜ਼ਾਨੇ ਨੂੰ ਦੇਖ ਕੇ ਗਹਿਰਾ ਦੁੱਖ ਹੋਇਆ।

ਸ਼ਿਕਾਇਤ ਨਾਲ ਭਰੇ ਲਾਇਬ੍ਰੇਰੀ ਤੋਂ ਸਿੱਧੇ ਪ੍ਰਿੰਸੀਪਲ ਦਫਤਰ ਚਲੇ ਗਏ। ਉਹ ਕੈਮਰੇ ਰਾਹੀਂ ਸਭ ਦੇਖ ਰਹੇ ਸਨ। ਸਭ ਕੁਝ ਦੇਖਦੇ ਵੀ ਚੁੱਪ ਬੈਠੇ ਸਨ। ਉਹਨਾਂ ਨੂੰ ਕਾਲਜ ਦਾ ਅੱਖੀਂ ਡਿੱਠਾ ਹਾਲ ਦੱਸਿਆ। ਉਹ ਬੇਵੱਸ ਜਿਹਾ ਹਾਸਾ ਹੱਸੇ। ਸੇਵਾਦਾਰ ਨੂੰ ਸਾਨੂੰ ਪਾਣੀ ਪਿਲਾਉਣ ਨੂੰ ਕਿਹਾ ਤੇ ਬੋਲੇ, “ਕਾਲਜ ਵਿੱਚ ਸਿਰਫ਼ ਅੱਠ ਅਧਿਆਪਕ ਹਨ, ਜਿਹੜੇ ਪਾਰਟ ਟਾਈਮਰ ਹਨ। ਬਾਕੀ ਸਾਰੇ ਗੈਸਟ ਫੈਕਲਿਟੀ। ਹੋਰ ਕੋਈ ਅਮਲਾ ਨਹੀਂ। ਮੁਸ਼ਕਿਲ ਨਾਲ ਸਮਾਂ ਲੰਘਾ ਰਹੇ ਹਾਂ। ਕਾਲਜ ਵਿੱਚ ਕੋਈ ਨਿਯਮ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਵਿਦਿਆਰਥੀ ਯੂਨੀਅਨਾਂ ਆ ਜਾਂਦੀਆਂ ਹਨ। ਅਧਿਆਪਕ ਅਨੁਸ਼ਾਸਨ ਲਈ ਗੇੜਾ ਮਾਰਦੇ ਹਨ ਤਾਂ ਕਲੇਸ਼ ਪੈ ਜਾਂਦਾ ਹੈ। ਕੀ ਕਰੀਏ, ਕੋਈ ਗਤੀਵਿਧੀ ਕਰਦੇ ਹਾਂ ਤਾਂ ਪ੍ਰੋਫੈਸਰਾਂ ਤੇ ਬਾਕੀ ਸਟਾਫ ਦਾ ਸਾਥ ਨਹੀਂ ਮਿਲਦਾ। ਤੁਸੀਂ ਕਾਲਜ ਦੇ ਪੁਰਾਣੇ ਵਿਦਿਆਰਥੀ ਹੋ, ਮੈਂ ਤੁਹਾਡੀ ਪੀੜ ਸਮਝਦਾ ਹਾਂ। ਮੇਰੇ ਵੀ ਚੀਸ ਪੈਂਦੀ ਹੈ ਪਰ ਕੀ ਕਰੀਏ। ਵਿਦਿਆਰਥੀ ਪੜ੍ਹ ਕੇ ਰਾਜ਼ੀ ਨਹੀਂ। ਮਾਪੇ ਪੜ੍ਹਾ ਕੇ ਰਾਜ਼ੀ ਨਹੀਂ। ਕਾਲਜਾਂ ਵਿੱਚ ਰੈਗੂਲਰ ਅਮਲਾ ਨਹੀਂ। ਜਿਹੜੇ ਹੈਗੇ, ਉਹਨਾਂ ਨੂੰ ਕੱਚੇ ਸਮਝ ਕੇ ਕੋਈ ਕੁਝ ਸਮਝਦਾ ਨਹੀਂ। ...” ਪ੍ਰਿੰਸੀਪਲ ਨੇ ਜਿਵੇਂ ਕੋਈ ਗੱਲ ਵਿੱਚ ਪੱਲਾ ਪਾ ਕੇ ਦੋਵੇਂ ਹੱਥ ਜੋੜਦਾ ਹੈ, ਇੰਝ ਦੋਵੇਂ ਹੱਥ ਇਕੱਠੇ ਕਰ ਲਏ।

ਅਸੀਂ ਤਿੰਨੇ ਖ਼ੁਦ ਸਾਰੇ ਹਾਲ ਤੋਂ ਬਾਖ਼ੂਬੀ ਜਾਣੂ ਸਾਂ। ਅਸਿਸਟੈਂਟ ਪ੍ਰੋਫੈਸਰ ਬਣ ਕੇ ਕਾਲਜਾਂ ਨਾਲ ਵਾਬਸਤਾ ਸਾਂ। ਬੱਸ! ਐਵੇਂ ਭਾਵੁਕ ਹੋਏ ਪ੍ਰਿੰਸੀਪਲ ਕੋਲ ਚਲੇ ਗਏ ਸਾਂ! ਰਿਹਾ ਨਹੀਂ ਸੀ ਗਿਆ! ਤਿੰਨੇ ਨਿੰਮੋਝੂਣੇ ਹੋਏ ਇੱਕ ਦੂਜੇ ਦੇ ਪਿੱਛੇ ਪਿੱਛੇ ਬਾਹਰ ਆ ਗਏ।

ਅਸੀਂ ਤਿੰਨੋਂ ਚੁੱਪ ਸਾਂ। ਸਮਝ ਨਹੀਂ ਪੈ ਰਿਹਾ ਸੀ, ਪ੍ਰੋ. ਸੁਖਜਿੰਦਰ ਸਿੰਘ ਦਾ ਚਲੇ ਜਾਣਾ ਜ਼ਿਆਦਾ ਦੁਖਦਾਈ ਸੀ ਜਾਂ ਕਾਲਜ ਦੀ ਇਹ ਹਾਲਤ? ਹੈ। ਉਸ ਫਰੀਦਕੋਟ, ਜਿਸ ਵਿੱਚੋਂ ਅਸੀਂ ਹਮੇਸ਼ਾ ਖ਼ੁਸ਼ ਨਿਕਲਦੇ ਸਾਂ, ਅੱਜ ਨਿਰਾਸ਼ ਪਰਤ ਰਹੇ ਸਾਂ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4509)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਰਵਿੰਦਰ ਸਿੰਘ

ਡਾ. ਰਵਿੰਦਰ ਸਿੰਘ

Phone: (91 - 99887 - 22785)
Email: (ravinder1274@yahoo.com)