SukhchainSBalialDr7ਸਭ ਤੋਂ ਵੱਧ ਜ਼ਿੰਮੇਵਾਰੀ ਮਾਪਿਆਂ ਦੀ ਹੋਵੇ ਕਿ ਉਹ ਆਪਣੇ ਬੱਚੇ ਦੀ ਅੱਲੜ੍ਹ ਉਮਰੇ ਸਾਧਾਰਣ ਸੁਭਾਅ ਵਿੱਚ ਆ ਰਹੇ ...
(4 ਨਵੰਬਰ 2023)


ਪਿਛਲੇ ਦਿਨੀਂ ਪੰਜਾਬ ਪੁਲਿਸ ਦੇ ਇੱਕ ਰਿਟਾਇਰਡ ਅਧਿਕਾਰੀ ਵੱਲੋਂ ਨਸ਼ੇ ਨਾਲ ਮਰੇ ਆਪਣੇ ਪੁੱਤਰ ਦੇ ਨਾਂ ਲਿਖੀ ਗਈ ਚਿੱਠੀ ਨੇ ਝੰਜੋੜ ਕੇ ਰੱਖ ਦਿੱਤਾ। ਇਹ ਸੋਚਣ ਲਈ ਹਰ ਬੰਦਾ ਮਜਬੂਰ ਹੋ ਗਿਆ ਕਿ ਆਖਿਰ ਪੰਜਾਬ ਵਿੱਚ ਹੋ ਕੀ ਰਿਹਾ ਹੈ। ਪੰਜਾਬ ਕੀ ਸੀ ਤੇ ਕੀ ਦਾ ਕੀ ਬਣ ਚੁੱਕਿਆ ਹੈ। ਕਦੇ ਪੰਜਾਬ ਦੇ ਚੰਗੀਆਂ ਖੁਰਾਕਾਂ ਖਾਂਦੇ ਡੀਲ
-ਡੌਲ ਵਾਲੇ ਗੱਭਰੂਆਂ ਦੀ ਚੜ੍ਹਤ ਦੀ ਗੱਲ ਚਾਰੇ ਪਾਸੇ ਹੁੰਦੀ ਸੀ। ਇਹ ਉਹੀ ਪੰਜਾਬੀ ਹਨ ਜਿਹਨਾਂ ਨੇ ਮੱਧ ਏਸ਼ੀਆ ਤੋਂ ਹਨੇਰੀਆਂ ਵਾਂਗ ਆਉਂਦੇ ਰਹੇ ਹਮਲਾਵਰਾਂ ਦਾ ਡਟ ਕੇ ਮੁਕਾਬਲਾ ਕੀਤਾ। ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ ਅਤੇ ਮੁਗਲਾਂ ਨਾਲ ਟੱਕਰ ਲਈ। ਇਹ ਉਹੀ ਪੰਜਾਬ ਹੈ ਜਿਸ ਨੂੰ ਕਦੇ ਰਣਜੀਤ ਸਿੰਘ ਦੇ ਸੂਬਾ--ਲਾਹੌਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਹ ਉਹੀ ਪੰਜਾਬੀ ਹਨ ਜਿਨ੍ਹਾਂ ਵਿੱਚ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਵਰਗੇ ਦੇਸ਼ ਭਗਤ ਵੀ ਹੋਏ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਦੇਸ਼ ਦੀ ਆਜ਼ਾਦੀ ਵਿੱਚ ਯੋਗਦਾਨ ਪਾਇਆ। ਫਿਰ ਅੱਜ ਇਹੋ ਜਿਹਾ ਕੀ ਹੈ ਸਰਾਪ ਲੱਗ ਗਿਆ ਕਿ ਨੌਜਵਾਨੀ ਕੁਰਾਹੇ ਪੈ ਚੁੱਕੀ ਹੈ। ਉਸ ਰਾਹ ਤੇ ਤੁਰ ਪਈ ਏ ਨੌਜਵਾਨੀ ਕਿ ਸਾਡਾ ਸੁਨਹਿਰੀ ਇਤਿਹਾਸ ਸ਼ਰਮਸਾਰ ਹੋ ਚੁੱਕਿਆ ਹੈਸਾਡੀ ਆਬੋ-ਹਵਾ, ਸਾਡੇ ਪਾਣੀ, ਸਾਡੇ ਜੰਗਲ ਤੇ ਆਖਿਰ ਸਾਡਾ ਖੂਨ ਵੀ ਜ਼ਹਿਰੀਲਾ ਹੋ ਚੁੱਕਿਆ ਹੈ। ਨਸ਼ਾਖੋਰੀ ਇੱਕ ਗੰਭੀਰ ਮਾਨਸਿਕ ਬਿਮਾਰੀ ਹੈਇਹ ਨਸ਼ਾ ਕਰਨ ਵਾਲੇ ਵਿਅਕਤੀ ਦੀ ਮਾਨਸਿਕ ਅਤੇ ਸਰੀਰਕ ਉੱਤੇ ਮਾਰੂ ਅਸਰ ਪਾਉਣ ਦੇ ਨਾਲ ਨਾਲ ਆਰਥਿਕਤਾ ਵੀ ਤਬਾਹ ਕਰ ਦਿੰਦੀ ਹੈ।

ਪੰਜਾਬ ਵਿੱਚ ਵਗ ਰਿਹਾ ਨਸ਼ਿਆਂ ਦਾ ਦਰਿਆ ਹੁਣ ਹੜ੍ਹ ਦਾ ਰੂਪ ਧਾਰਣ ਕਰ ਚੁੱਕਾ ਹੈ। ਇੱਕ ਅਜਿਹਾ ਹੜ੍ਹ, ਜਿਹੜਾ ਹੁਣ ਬੰਨ੍ਹ ਲਗਾਇਆਂ ਵੀ ਰੁਕ ਨਹੀਂ ਰਿਹਾ। ਆਖਿਰ ਐਨਾ ਨਸ਼ਾ ਪੰਜਾਬ ਵਿੱਚ ਆ ਕਿੱਥੋਂ ਰਿਹਾ ਹੈ? ਆਖਿਰ ਕੌਣ ਜ਼ਿੰਮੇਵਾਰ ਹੈ ਪੰਜਾਬ ਦੀ ਇਸ ਸਥਿਤੀ ਦਾ? ਨਸ਼ੇ ਦੇ ਖਤਰੇ ਦਾ ਪ੍ਰਚਲਨ ਅਤੇ ਫੈਲਣਾ ਇੱਕ ਵਿਸ਼ਵਵਿਆਪੀ ਵਰਤਾਰਾ ਹੈ ਅਤੇ ਇਹ ਸਮਾਜਿਕ-ਸੱਭਿਆਚਾਰਕ ਅਤੇ ਰਾਜਨੀਤਿਕ-ਆਰਥਿਕ ਪ੍ਰਣਾਲੀਆਂ ਵਿੱਚ ਸ਼ਾਮਲ ਹੈ। ਸੋ ਇਹ ਇੱਕ ਪ੍ਰਣਾਲੀਗਤ ਸਮੱਸਿਆ ਹੈ। ਦੁਨੀਆਂ ਵਿੱਚ ਹੈਰੋਇਨ ਅਤੇ ਕੋਕੀਨ ਦੇ ਤਿੰਨ ਮੁੱਖ ਗਲੋਬਲ ਕੇਂਦਰ ਹਨ - ਸੁਨਹਿਰੀ ਤਿਕੋਣ (ਮਿਆਂਮਾਰ, ਥਾਈਲੈਂਡ, ਲਾਉਸ), ਗੋਲਡਨ ਕ੍ਰੈਸੇਂਟ (ਅਫਗਾਨਿਸਤਾਨ, ਪਾਕਿਸਤਾਨ ਅਤੇ ਇਰਾਨ), ਅਤੇ ਦੱਖਣੀ ਅਮਰੀਕਾਪੰਜਾਬ ਇੱਕ ਸਰਹੱਦੀ ਖੇਤਰ ਹੋਣ ਦੇ ਨਾਤੇ ਇਹਨਾਂ ਤਿੰਨਾਂ ਹੀ ਉਤਪਾਦਕਾਂ ਲਈ ਖੁੱਲ੍ਹੀ ਮੰਡੀ ਬਣ ਚੁੱਕਾ ਹੈ। ਇਸ ਨੇ ਨਾਰਕੋ ਅੱਤਵਾਦ ਨੂੰ ਵਿੱਤੀ ਸਹਾਇਤਾ ਅਤੇ ਉਤਸ਼ਾਹਿਤ ਕਰਨ ਦੀ ਅਗਵਾਈ ਕੀਤੀ ਜੋ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਲਈ ਗੰਭੀਰ ਖਤਰਾ ਹੈ।

ਪਹਿਲਾਂ ਤਾਂ ਪੰਜਾਬ ਵਿੱਚ ਡੋਡੇ ਅਤੇ ਅਫੀਮ ਲਾਗਲੇ ਰਾਜਾਂ ਜਾਂ ਦੇਸ਼ਾਂ ਵਿੱਚੋਂ ਆਉਂਦੇ ਰਹੇ ਹਨ। ਪਰ ਜਦੋਂ ਦਾ ਨਸ਼ੇ ਦੇ ਸੌਦਾਗਰਾਂ ਹੱਥ ਹੈਰੋਇਨ ਅਤੇ ਕੋਕੀਨ ਵਰਗਾਂ ਨਾਮੁਰਾਦ ਨਸ਼ਾ ਲੱਗਿਆ ਹੈ, ਇਸ ਵਿੱਚ ਮੁਨਾਫਾ ਵਧੇਰੇ ਹੋਣ ਕਾਰਨ ਇਸਦਾ ਕਾਰੋਬਾਰ ਐਨਾ ਫੈਲਾ ਦਿੱਤਾ ਗਿਆ ਕਿ ਇਹ ਖਾਣ ਵਾਲੇ ਤਕ ਆਪਣੇ-ਆਪ ਪਤਾ ਨਹੀਂ ਕਿਹੜੇ ਹੀਲੇ ਵਸੀਲੇ ਪਹੁੰਚ ਜਾਂਦਾ ਹੈ। ਇਸ ਤੋਂ ਬਿਨਾਂ ਸ਼ਰਾਬ ਅਤੇ ਤੰਬਾਕੂ ਮੁੱਖ ਨਸ਼ੀਲੇ ਪਦਾਰਥ ਹਨ, ਜੋ ਸ਼ੁਰੂਆਤੀ ਨਸ਼ਾ ਹਨ ਅਤੇ ਫਿਰ ਉਹ ਸਖ਼ਤ ਨਸ਼ਿਆਂ ਵਿੱਚ ਤਬਦੀਲ ਹੋ ਜਾਂਦੇ ਹਨ। ਪ੍ਰਮੁੱਖ ਨਸ਼ੇ ਅਤੇ ਦਵਾਇਆਂ ਹੈਰੋਇਨ (ਚਿੱਟਾ), ਅਫੀਮ, ਟਰਾਮਾਡੋਲ ਦੀਆਂ ਗੋਲੀਆਂ, ਭੁੱਕੀ, ਕੈਨਾਬਿਸ (ਭੰਗ/ਸੁੱਖਾ) ਮਾਰੋਆਨਾ (ਗਾਂਜਾ/ਸਮੈਕ) ਹਸ਼ੀਸ਼ (ਚਰਸ) ਅਤੇ ਕੋਕੀਨ ਹਨ। ਹੈਰੋਇਨ (ਚਿੱਟਾ) ਪੰਜਾਬ ਵਿੱਚ ਨੌਜਵਾਨਾਂ ਵਿੱਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਸ਼ਾ ਹੈ। ਭਾਵੇਂ ਭਾਰਤ ਵਿੱਚ ਇਸ ਮੁੱਦੇ ਨੂੰ ਨਾਰਕੌਟਿਕਸ ਡਰੱਗਸ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐੱਨਡੀਪੀਐੱਸ) ਐਕਟ, 1985 ਦੇ ਲਾਗੂ ਹੋਣ ਤੋਂ ਬਾਅਦ ਪ੍ਰਮੁੱਖਤਾ ਪ੍ਰਾਪਤ ਹੋਈ ਹੈ। ਬਹੁਤ ਸਾਰੇ ਭਾਰਤੀ ਰਾਜ ਇਸ ਸਬੰਧੀ ਕਈ ਤਰ੍ਹਾਂ ਦੇ ਕਾਨੂੰਨ ਬਣਾ ਇਸ ਸਮੱਸਿਆ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਪੰਜਾਬ ਵਿੱਚ ਚਿੱਟੇ ਦੀ ਖਰੀਦ ਇਸ ਕਦਰ ਵਧ ਚੁੱਕੀ ਹੈ ਕਿ ਕਈ ਪਿੰਡਾਂ ਜਾਂ ਸ਼ਹਿਰਾਂ ਵਿੱਚ ਤਾਂ ਇਹ ਆਮ ਵਿਕ ਰਿਹਾ ਹੈ। ਪਿੱਛੇ ਜਿਹੇ ਸੋਸ਼ਲ ਮੀਡੀਆ ਤੋਂ ਵਾਇਰਲ ਹੋਈ ਇੱਕ ਵੀਡੀਓ ਵਿੱਚ ਇੱਕ ਢਾਬੇ ਵਾਲੀ ਔਰਤ ਅਤੇ ਘਰੋ-ਘਰੀ ਕਈ ਪਰਿਵਾਰ ਵੀ ਚਿੱਟਾ ਵੇਚਦੇ ਫੜੇ ਗਏ ਹਨ। ਪੰਜ-ਪੰਜ, ਛੇ-ਛੇ ਫੁੱਟ ਦੇ ਨੌਜਵਾਨਾਂ ਨੂੰ ਚਿੱਟਾ ਲੈਣ ਕਾਰਨ ਲਾਸ਼ਾਂ ਬਣ ਕਿਸੇ ਖੁੰਜੇ, ਰੂੜੀਆਂ ਜਾਂ ਗੰਦਗੀ ਦੇ ਢੇਰਾਂ ਉੱਤੇ ਡਿਗੇ ਦੇਖ ਰੂਹ ਕੰਬ ਜਾਂਦੀ ਹੈ। ਜਦੋਂ ਨੌਜਵਾਨਾਂ ਦੀਆਂ ਸਰਿੰਜਾਂ ਨਾਲ ਵੰਨ੍ਹੀਆਂ ਬਾਹਵਾਂ ਦੇਖਦੇ ਹਾਂ ਤਾਂ ਹੂਕ ਨਿਕਲਦੀ ਹੈ ਧੁਰ ਅੰਦਰੋਂ ਕਿ ਹੱਲ ਕੀ ਹੋਵੇਗਾ ਇਸ ਵਿਕਰਾਲ ਸਥਿਤੀ ਦਾ ਹੁਣ। ਕਿਸੇ ਕੋਲ ਉਹਨਾਂ ਵੈਣ ਪਾਉਂਦੀਆਂ ਮਾਵਾਂ ਦੇ, ਉਹਨਾਂ ਭੈਣਾਂ ਦੇ ਕੀਰਨਿਆਂ ਦਾ ਕੋਈ ਜਵਾਬ ਨਹੀਂ, ਜਿਹਨਾਂ ਦੇ ਇਕੱਲੇ ਪੁੱਤ ਜਾਂ ਇਕੱਲੇ ਭਾਈ ਜਾਂ ਪਰਿਵਾਰਾਂ ਦੇ ਪਰਿਵਾਰ ਇਸ ਬਿਮਾਰੀ ਕਾਰਣ ਬਲੀ ਚੜ੍ਹੇ ਹਨ। ਰਾਸ਼ਟਰੀ ਕ੍ਰਾਇਮ ਰਿਕਾਰਡ ਬਿਉਰੋਦੀ ਇੱਕ ਰਿਪੋਰਟ ਅਨੁਸਾਰ ਹਰ ਸਾਲ 7500 ਕਰੋੜ ਰੁਪਏ ਦੀ ਹੈਰੋਇਨ ਅਤੇ ਕੋਕੀਨ ਦਾ ਕਾਰੋਬਾਰ ਪੰਜਾਬ ਵਿੱਚ ਕੀਤਾ ਜਾਂਦਾ ਹੈ। ਪੰਜਾਬ ਵਿੱਚ ਸਰਹੱਦ ਨਾਲ ਲਗਦੇ ਜ਼ਿਲ੍ਹਿਆਂ ਵਿੱਚ ਇਹ ਸਭ ਤੋਂ ਵੱਧ ਮਾਤਰਾ ਵਿੱਚ ਫੜੀ ਗਈ ਹੈ ਅਤੇ ਪੰਜਾਬ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਤੀਸਰੇ ਨੰਬਰ ਤੇ ਆ ਚੁੱਕਿਆ ਹੈ।

ਚੰਡੀਗੜ੍ਹ ਦੇ ਪੋਸਟ ਰਿਸਰਚ (ਪੀਜੀ. ਆਈ. ਐੱਮ. .ਆਈ. ਆਰ) ਦੇ ਕਮਿਉਨਿਟੀ ਮੈਡੀਕਲ ਵਿਭਾਗ ਦੁਆਰਾ ਜਾਰੀ ਕੀਤੀ ਗਈ ਕਿਤਾਬ ਰੋਡਮੈਪ ਫਾਰ ਪ੍ਰੋਵੀਜ਼ਨਲ ਐਂਡ, ਕੰਟਰੋਲ ਆਫ ਸਬਸਟੈਂਸ ਅਬਿਊਜ਼ ਇਨ ਪੰਜਾਬਦੇ ਦੂਜੇ ਐਡੀਸ਼ਨ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਲਗਭਗ 30 ਲੱਖ (15.4 ਪ੍ਰਤੀਸ਼ਤ) ਨੌਜਵਾਨ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੇ ਆਦੀ ਹਨ। ਇਕੱਲੇ 200 ਨੌਜਵਾਨਾਂ ਦੀ ਮੌਤ ਪਿਛਲੇ ਇੱਕ ਸਾਲ ਦੌਰਾਨ ਹੀ ਹੋ ਚੁੱਕੀ ਹੈ। 14-35 ਸਾਲ ਦੇ ਨੌਜਵਾਨ ਇਸ ਵਿੱਚ ਫਸੇ ਹੋਏ ਹਨ। ਬਹੁ-ਗਿਣਤੀ ਘੱਟ ਪੜ੍ਹੇ ਲਿਖੇ ਪੇਂਡੂ ਨੌਜਵਾਨਾਂ ਦੀ ਹੈ। ਇਵੇਂ ਲੱਗਦਾ ਹੈ ਜਿਵੇਂ ਪੰਜਾਬ ਦੀ ਸਾਰੀ ਨੌਜਵਾਨੀ ਹੀ ਵੈਂਟੀਲੇਟਰ ਤੇ ਆ ਚੁੱਕੀ ਹੈ। ਤੋਲਿਆਂ ਦੇ ਭਾਅ ਵਿਕਣ ਵਾਲਾ ਇਹ ਨਸ਼ਾ ਇੱਕ ਨੌਜਵਾਨ ਨੂੰ ਚੋਰੀਆਂ, ਠੱਗੀਆਂ ਅਤੇ ਖੁਦ ਆਪਣੇ ਘਰਾਂ ਦਾ ਸਮਾਨ ਤਕ ਵੇਚਣ ਲਈ ਮਜਬੂਰ ਕਰ ਦਿੰਦਾ ਹੈ

ਣ ਪ੍ਰਸ਼ਨ ਉੱਠਦਾ ਹੈ ਕਿ ਹੱਸਦੇ-ਵਸਦੇ ਪੰਜਾਬ ਨੂੰ ਇਹ ਗ੍ਰਹਿਣ ਕਿਉਂ, ਕਦੋਂ ਅਤੇ ਕਿਵੇਂ ਲੱਗਾ।

ਪਿਛਲੇ ਦਸ ਸਾਲਾਂ ਤੋਂ ਇਹ ਸਮੱਸਿਆ ਸ਼ੁਰੂ ਹੋਈ ਤੇ ਹੌਲੌ ਹੌਲੌ ਸਾਡੀ ਨੌਜਵਾਨੀ ਦੇ ਹੱਡਾਂ ਵਿੱਚ ਉੱਤਰ ਗਈ। ਉਸ ਵੇਲੇ ਦੀ ਅਕਾਲੀ ਸਰਕਾਰ ਦੇ ਨਾਮੀ ਮੰਤਰੀਆਂ ਉੱਤੇ ਚਿੱਟਾ ਪੰਜਾਬ ਵਿੱਚ ਲਿਆਉਣ ਅਤੇ ਇਸ ਤੋਂ ਕਮਾਈ ਕਰਨ ਦੇ ਦੋਸ਼ ਲੱਗੇ ਸਨ ਪਰ ਅਕਾਲੀ ਦਲ ਨੇ ਇਸ ਦੋਸ਼ ਨੂੰ ਸਿਰੇ ਤੋਂ ਖਾਰਿਜ ਕਰਕੇ ਆਪਣਾ ਪੱਲਾ ਝਾੜ ਲਿਆ। ਕਈ ਪੰਜਾਬ ਪੁਲਿਸ ਦੇ ਅਫਸਰ ਅਤੇ ਨਾਮੀ ਖਿਡਾਰੀ ਵੀ ਇਹਨਾਂ ਕੇਸਾਂ ਵਿੱਚ ਜੇਲ੍ਹਾਂ ਵਿੱਚ ਸਜ਼ਾ ਭੁਗਤ ਰਹੇ ਹਨ ਅਤੇ ਕਈ ਤਾਂ ਡਿਸਮਿਸ ਹੋ ਚੁੱਕੇ ਹਨਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ, ਭਾਵ ਜੇਕਰ ਸੁਰੱਖਿਆ ਕਰਨ ਵਾਲੇ ਹੀ ਖੂਹ ਵਿੱਚ ਧੱਕਣ ਲੱਗ ਜਾਣ ਤਾਂ ਫਿਰ ਰੱਬ ਹੀ ਰਾਖਾ। ਬਾਕੀ ਰਹਿੰਦੀ ਗੱਲ਼ ਨੌਜਵਾਨਾਂ ਦੀ ਹੈ। ਹਾਲਾਤ ਇੰਨੇ ਬਦ ਤੋਂ ਬਦਤਰ ਹੋ ਚੁੱਕੇ ਹਨ ਕਿ ਕਈ ਕੁੜੀਆਂ ਦੀਆਂ ਨਸ਼ੇ ਵਿੱਚ ਰੱਜੀਆਂ ਹੋਈਆਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆਤੇ ਵਾਇਰਲ ਹੋ ਚੁੱਕੀਆਂ ਹਨ।

ਕੀ ਕਾਰਣ ਹੈ ਨੌਜਵਾਨਾਂ ਦੇ ਨਸ਼ੇ ਤੇ ਲੱਗਣ ਦਾ? ਅੱਲੜ ਉਮਰ, ਦੋਸਤੀਆਂ-ਯਾਰੀਆਂ, ਜੀਭ ਦਾ ਸੁਆਦ, ਕੋਈ ਮਾਨਸਿਕ ਸਮੱਸਿਆ ਜਾਂ ਸਭ ਤੋਂ ਵੱਡੀ ਸੱਮਸਿਆ ਬੇਰੁਜ਼ਗਾਰੀ। ਕਈ ਤਾਂ ਵੱਡੇ ਘਰਾਂ ਦੇ ਕਾਕੇ ਸ਼ੁਗਲ ਵਿੱਚ ਹੀ ਲੱਗ ਜਾਂਦੇ ਹਨ ਕਿਉਂਕਿ ਚਿੱਟੇ ਨਾਲ ਰਿਲੀਜ਼ ਹੁੰਦਾ Dopemine (ਡੋਪੇਮਾਇਨ ਹਾਰਮੋਨ) ਉਹਨਾਂ ਨੂੰ ਸ਼ਾਇਦ ਸਵਰਗ ਦੀਆਂ ਉਹ ਪੌੜੀਆਂ ਚੜ੍ਹਾ ਦਿੰਦਾ ਹੈ ਜੋ ਆਮ ਬੰਦਾ ਨਹੀਂ ਚੜ੍ਹ ਸਕਦਾ। ਜਾਂ ਫਿਰ ਦੋਸਤਾਂ-ਮਿੱਤਰਾਂ ਦੇ ਕਹਿਣ ਤੇ ਸੁਆਦ-ਸੁਆਦ ਵਿੱਚ ਹੀ ਉਹ ਨਸ਼ਾ ਕਰਨ ਲੱਗ ਜਾਂਦੇ ਹਨ। ਇੱਕ ਪੱਖ ਇਹ ਵੀ ਹੈ ਸੋਚਣ ਵਾਲਾ ਕਿ ਕੀ ਇਹਨਾਂ ਨੂੰ ਨਤੀਜਿਆਂ ਦਾ ਪਤਾ ਹੁੰਦੇ ਹੋਏ ਵੀ ਆਪਣੀਆਂ ਜ਼ਿੰਦਗੀਆਂ ਦੀ ਕੋਈ ਪਰਵਾਹ ਨਹੀਂਵਿਚਾਰਨ ਵਾਲੀ ਗੱਲ ਹੈ ਕਿ ਜਦੋਂ ਅਸੀਂ ਬਾਰ੍ਹਵੀਂ ਪਾਸ ਆਪਣੇ ਧੀਆਂ-ਪੁੱਤਰਾਂ ਨੂੰ ਪੜ੍ਹਨ ਲਈ ਕੈਨੇਡਾ ਭੇਜਦੇ ਹਾਂ ਜਾਂ ਜਦੋਂ ਯੂ.ਪੀ., ਬਿਹਾਰ ਦੇ 22-23 ਸਾਲ ਦੇ ਬੱਚਿਆਂ ਨੂੰ ਆਈ..ਐੱਸ, ਆਈ.ਪੀ.ਐੱਸ ਬਣੇ ਦੇਖਦੇ ਹਾਂ ਤਾਂ ਸਾਡਾ ਦਿਮਾਗ ਇੱਕ ਦਮ ਸੁੰਨ ਹੋ ਜਾਂਦਾ ਹੈ ਕਿ ਉਹਨਾਂ ਦੀ ਅੱਲੜ ਉਮਰ ਅਤੇ ਸਾਡੇ ਬੱਚਿਆਂ ਦੀ ਅੱਲੜ ਉਮਰ ਵਿੱਚ ਫਰਕ ਕੀ ਹੈ। ਕੀ ਕਹੀਏ, ਕੀ ਸਾਡੇ ਬੱਚੇ ਹੁਣ ਕੁਝ ਵੀ ਕਰਨ ਦੇ ਕਾਬਿਲ ਨਹੀਂ ਰਹੇ?

ਜੇਕਰ ਜ਼ਿਲ੍ਹੇਵਾਰ ਦੇਖੀਏ ਤਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਜ਼ੀਰਾ ਵਿੱਚ ਟਿੱਬਾ ਬਸਤੀ ਅਤੇ ਅੰਮ੍ਰਿਤਸਰ ਦੇ ਮਕਬੂਲਪੁਰਾ ਪਿੰਡ ਵਿੱਚ ਪਿਛਲੇ ਸਮੇਂ ਵਿੱਚ ਨਸ਼ੇ ਦੀ ਓਵਰਡੋਜ਼ ਕਾਰਣ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਸ਼ਾਇਦ ਕੋਈ ਹੀ ਦਿਨ ਹੋਵੇ ਜਦੋਂ ਨਸ਼ੇ ਨਾਲ ਹੁੰਦੀ ਮੌਤ ਰਿਪੋਰਟ ਨਾ ਕੀਤੀ ਗਈ ਹੋਵੇ। ਇਸਦਾ ਇੱਕ ਮੁੱਖ ਕਾਰਣ ਨੌਜਵਾਨਾਂ ਅਤੇ ਮੁਟਿਆਰਾਂ ਦਾ ਲੋੜ ਤੋਂ ਵੱਧ ਆਸ਼ਾਵਾਦੀ ਹੋਣਾ, ਘੱਟ ਮਿਹਨਤ ਅਤੇ ਘੱਟ ਸਾਲ ਲਗਾ ਕੇ ਰਾਤੋ-ਰਾਤ ਅਮੀਰ ਹੋਣਾ ਵੀ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਨਸ਼ਿਆਂ ਦੀ ਦਲਦਲ ਵੱਲ ਧੱਕਦਾ ਹੈ। ਸਾਡੀ ਨੌਜਵਾਨੀ ਫੁਕਰਪੁਣੇ ਦੇ ਉਸ ਪੜਾਅ ’ਤੇ ਖੜ੍ਹੀ ਹੈ ਕਿ ਉਹ ਨਾਟਕੀ ਅੰਦਾਜ਼ ਨਾਲ ਗੀਤ ਗਾਉਣ ਵਾਲੇ ਗਾਇਕਾਂ ਨੂੰ ਆਪਣੇ ਰੋਲ ਮਾਡਲ ਮੰਨ ਲੈਂਦੇ ਹਨ। ਸੰਸਾਰ ਐਨਾ ਕੁ ਜ਼ਿਆਦਾ ਪਦਾਰਥਵਾਦੀ ਹੋ ਚੁੱਕਿਆ ਹੈ ਕਿ ਹਰ ਬੰਦਾ, ਹਰ ਵਰਗ ਆਪਣੇ ਸ੍ਰੋਤਾਂ ਜਾਂ ਆਮਦਨ ਤੋਂ ਵੱਧ ਸਹੂਲਤਾਂ ਦੇ ਸੁਪਨੇ ਵੇਖਦਾ ਕਈ ਵਾਰ ਨਿਰਾਸ਼ਾਵਾਦੀ ਰਾਹ ਤੇ ਤੁਰਦੇ ਹੋਏ ਉੱਧਰ ਆ ਜਾਂਦਾ ਹੈ, ਜਿੱਥੋਂ ਬਾਹਰ ਜਾਣ ਦਾ ਰਸਤਾ ਸਿਰਫ ਮੌਤ ਹੈ।

ਸਮੇਂ ਦੀਆਂ ਸਰਕਾਰਾਂ, ਖਾਸ ਕਰ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ, ਜੋ ਇੱਕ ਮਹੀਨੇ ਵਿੱਚ ਨਸ਼ੇ ਖਤਮ ਕਰਨ ਦਾ ਦਾਅਵਾ ਕਰਦੀ ਸੀ, ਇਨ੍ਹਾਂ ਨੂੰ ਖਤਮ ਤਾਂ ਛੱਡੋ, ਘਟਾ ਵੀ ਨਹੀਂ ਸਕੀ। ਪੰਜਾਬ ਸਰਕਾਰ ਵੱਲੋਂ 2018 ਵਿੱਚ ਸ਼ੁਰੂ ਕੀਤਾ CADA (ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਵਿਆਪਕ ਕਾਰਵਾਈ ਰੋਕੂ) ਕਾਨੂੰਨ ਮਹਿਜ਼ ਇੱਕ ਕਾਗਜ਼ੀ ਜਹਾਜ਼ ਤੋਂ ਬਿਨਾਂ ਕੁਝ ਵੀ ਸਾਬਤ ਨਹੀਂ ਹੋ ਸਕਿਆ। ਇਸ ਸਾਲ 15 ਅਗਸਤ ’ਤੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੁਆਰਾ ਦਿੱਤਾ ਬਿਆਨ ਕਿ ਅਗਲੀ 15 ਅਗਸਤ ਤਕ ਨਸ਼ੇ ਨੂੰ ਖਤਮ ਕਰ ਦਿੱਤਾ ਜਾਵੇਗਾ, ਦੀ ਕਾਰਗੁਜ਼ਾਰੀ ਵਕਤ ਹੀ ਤੈਅ ਕਰੇਗਾ।

ਹਾਲ ਹੀ ਵਿੱਚ ਇੰਡੀਅਨ ਕੌਂਸਲ ਆਫ ਸੋਸ਼ਲ ਸਾਇੰਸ ਰਿਸਰਚ’ (ICSSR) ਦੁਆਰਾ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਰਾਜਨੀਤਿਕ ਨੇਤਾ ਵੀ ਨਸ਼ਾ ਤਸਕਰਾਂ ਦੀ ਸਰਪ੍ਰਸਤੀ ਕਰ ਰਹੇ ਹਨ। ਅਧਿਐਨ ਦਾ ਮੁੱਖ ਕੇਂਦਰ ਪੰਜਾਬ ਹੈ ਪਰ ਹਰਿਆਣਾ, ਹਿਮਾਚਲ ਅਤੇ ਜੰਮੂ ਕਸ਼ਮੀਰ ਵੀ ਇਸ ਅਧਿਐਨ ਵਿੱਚ ਸ਼ਾਮਿਲ ਕੀਤੇ ਹਨ। ਇਹ ਅਧਿਐਨ ਭਾਰਤ ਵਿੱਚ ਨਸ਼ਾਖੋਰੀ ਅਤੇ ਦੁਰਵਿਵਹਾਰ ਦੀ ਗਤੀਸ਼ੀਲਤਾ - ਰੂਟਲੇਜ਼ਯੂ. ਕੇ ਦੇ ਨਾਮ ਨਾਲ ਪ੍ਰਕਾਸ਼ਿਤ ਹੈ। ਇਸ ਅਧਿਐਨ ਦਾ ਮੂਲ ਉਦੇਸ਼ ਨਸ਼ਿਆਂ ਦੀ ਸਮਾਜਿਕ-ਸਭਿਆਚਾਰਕ ਅਤੇ ਰਾਜਨੀਤਿਕ ਆਰਥਿਕ ਗਤੀਸ਼ੀਲਤਾ ਦਾ ਵਿਸ਼ਲੇਸ਼ਣ ਕਰਨਾ ਸੀ।

ਨਸ਼ਿਆਂ ਦੀ ਵਧ ਰਹੀ ਤਸਕਰੀ ਦੀ ਮਾਤਰਾ ਨੇ ਪੰਜਾਬ ਨੂੰ ਭਾਰਤ ਦੇ ਦੂਜੇ ਰਾਜਾਂ ਦੇ ਮੁਕਾਬਲੇ ਸਭ ਤੋਂ ਵੱਧ ਕਰਨ ਵਾਲਾ ਬਦਨਾਮ ਸੂਬਾ ਬਣਾ ਦਿੱਤਾ ਹੈ। ਪੰਜਾਬ ਵਿੱਚ ਨਸ਼ਾਖੋਰੀ ਉੱਤੇ ਖੁੱਲ੍ਹੀ ਸਿਆਸਤ 2013 ਸਮੇਂ ਸ਼ੁਰੂ ਹੋਈ ਜਿਸ ਵਿੱਚ ਪੰਜਾਬ ਪੁਲਿਸ ਦੇ ਬਰਖਾਸਤ ਡੀ. ਐੱਸ. ਪੀ. ਜਗਦੀਸ਼ ਸਿੰਘ ਭੋਲਾ ਦੀ ਕਰੋੜਾਂ ਦੇ ਡਰੱਗ ਰੈਕੇਟ ਵਿੱਚ ਗ੍ਰਿਫਤਾਰੀ ਹੋਈ ਸੀ। ਫਿਰ 2016 ਵਿੱਚ, 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਿਲੀਜ਼ ਹੋਈ ਫਿਲਮ ਉੜਤਾ ਪੰਜਾਬਨੇ ਪੰਜਾਬ ਨੂੰ ਰਾਸ਼ਟਰੀ ਪੱਧਰ ਤੇ ਬਦਨਾਮ ਕਰਨ ਦੀ ਕੋਈ ਕਸਰ ਨਾ ਛੱਡੀ। 2017 ਦੀਆਂ ਚੋਣਾਂ ਵਿੱਚ ਹਰ ਰਾਜਨੀਤਿਕ ਦਲ ਦੇ ਚੋਣ ਮੈਨੀਫੈਸਟੋ ਵਿੱਚ ਇਹ ਮੁੱਦਾ ਉਭਾਰਿਆ ਗਿਆ ਹੈ ਪਰ ਠੋਸ ਕਦਮ ਚੁੱਕਣ ਦੀ ਕਮੀ ਹੀ ਰਹੀ।

ਹੁਣ ਨਸ਼ਿਆਂ ਨੂੰ ਬੰਨ੍ਹ ਲਾ ਕੇ ਰੋਕਣ ਦਾ ਕੰਮ ਸਿਵਲ ਸੁਸਾਇਟੀ ਸੰਸਥਾਵਾਂ, ਐੱਨ.ਜੀ., ਧਾਰਮਿਕ ਸੰਸਥਾਵਾਂ, ਲੋਕਾਂ ਅਤੇ ਨੌਜਵਾਨਾਂ ਨੂੰ ਖੁਦ ਰਲ ਕੇ ਕਰਨਾ ਹੋਵੇਗਾ ਤਾਂ ਜੋ ਉਹਨਾਂ ਲੱਖਾਂ ਫੁੱਟਦੀਆਂ ਕਰੂੰਬਲਾਂ ਨੂੰ ਫੁੱਲ ਬਣਨ ਤੋਂ ਕੋਈ ਰੋਕ ਨਾ ਸਕੇ। ਪਿੰਡਾਂ ਵਿੱਚ ਲੱਗ ਰਹੇ ਠੀਕਰੀ ਪਹਿਰੇ, ਖਾਸ ਕਰ ਬਠਿੰਡੇ ਦੇ ਕਈ ਪਿੰਡਾਂ ਵਿੱਚ ਖ਼ੁਦ ਜ਼ਨਾਨੀਆਂ ਦੁਆਰਾ ਰਾਤਾਂ ਨੂੰ ਦਿੱਤੇ ਜਾ ਰਹੇ ਠੀਕਰੀ ਪਹਿਰੇ ਪਿੰਡਾਂ ਦੇ ਲੋਕਾਂ ਦੀ ਆਪਣੇ ਜਵਾਨ ਪੁੱਤਰਾਂ ਨੂੰ ਬਚਾਉਣ ਲਈ ਤਲਬ ਦਾ ਇੱਕ ਜਿਊਂਦਾ ਜਾਗਦਾ ਸਬੂਤ ਹੈ। ਲੋਕਾਂ ਨੂੰ ਖੁਦ ਅੱਗੇ ਆ ਕੇ ਨਸ਼ਾ ਵੇਚਣ ਵਾਲੇ ਲੋਕਾਂ ਨੂੰ ਕਾਨੂੰਨ ਆਪਣੇ ਹੱਥਾਂ ਵਿੱਚ ਨਾ ਲੈ ਕੇ ਪੁਲਿਸ ਹਵਾਲੇ ਕਰਨਾ ਚਾਹੀਦਾ ਹੈ। ਚੜ੍ਹਦੀ ਉਮਰ ਦੇ ਪਾੜੇ ਨੌਜਵਾਨਾਂ ਜਾਂ ਬੇਰੁਜ਼ਗਾਰ ਨੌਜਵਾਨਾਂ ਲਈ ਜਾਗਰੂਕਤਾ ਕੈਂਪ ਲਗਾਉਣੇ ਚਾਹੀਦੇ ਹਨ। ਇਸ ਕੰਮ ਲਈ ਵੱਧ ਤੋਂ ਵੱਧ ਸਾਈਕੌਲੋਜ਼ੀ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਪ੍ਰੀਖਿਆਰਥੀ ਹਾਇਰ ਕਰਕੇ ਵੱਧ ਤੋਂ ਵੱਧ ਨਸ਼ਾ ਛੱਡਣ ਦੇ ਚਾਹਵਾਨਾਂ ਨੂੰ ਨਸ਼ਾ ਛਡਾਓ ਕੇਂਦਰ ਅਤੇ ਕਾਉਂਸਲਿੰਗ ਸੈਂਟਰ ਖੋਲ੍ਹਣੇ ਚਾਹੀਦੇ ਹਨ। ਸਰਕਾਰ ਨੂੰ ਇਹਨਾਂ ਕੇਂਦਰਾਂ ਵਾਸਤੇ ਅਲੱਗ ਤੋਂ ਦਵਾਈਆਂ ਅਤੇ ਖੁਰਾਕ ਲਈ ਫੰਡ ਦੇਣੇ ਚਾਹੀਦੇ ਹਨ। ਨੌਜਵਾਨਾਂ ਲਈ ਖੇਡਾਂ ਦਾ ਸਾਜ਼ਗਰ ਮਾਹੌਲ ਮੁਹਈਆ ਕਰਵਾਇਆ ਜਾਵੇ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਉਹਨਾਂ ਨੂੰ ਚੰਗੀਆਂ ਨੌਕਰੀਆਂ ਅਤੇ ਹੋਰ ਸਹੂਲਤਾਂ ਮੁੱਹਈਆ ਕਰਵਾਈਆਂ ਜਾਣ। ਸਾਡਾ ਗੁਆਂਢੀ ਸੂਬਾ ਹਰਿਆਣਾ ਖੇਡਾਂ ਅਤੇ ਨੌਜਵਾਨੀ ਦੇ ਚੰਗੇ ਗੁਣਾਂ ਕਾਰਣ ਹੀ ਕਈ ਪੱਖਾਂ ਵਿੱਚ ਸਾਡੇ ਤੋਂ ਅੱਗੇ ਨਿਕਲ ਚੁੱਕਾ ਹੈ।

ਕੁਝ ਪੜ੍ਹੀ-ਲਿਖੀ ਬੇਰੁਜ਼ਗਾਰ ਨੌਜਵਾਨੀ ਵੀ ਇਸ ਬਿਮਾਰੀ ਦੀ ਸ਼ਿਕਾਰ ਹੋਈ ਹੈ। B.A, B. Tech, BCA, Ph.d ਕਰਕੇ ਵੀ ਨੌਕਰੀਆਂ ਨਹੀਂ ਮਿਲਦੀਆਂ। ਖੇਤੀਬਾੜੀ ਆਧਾਰਿਤ ਸੂਬਾ ਹੋਣ ਕਾਰਣ ਇੰਡਸਟਰੀ ਬਹੁਤੀ ਹੈ ਨਹੀਂ, ਪਰ ਖੇਤੀ ਆਧਾਰਿਤ ਇੰਡਸਟਰੀ ਨੂੰ ਬੜ੍ਹਾਵਾ ਦੇ ਕੇ ਨੌਜਵਾਨਾਂ ਨੂੰ ਉੱਥੇ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ। ਪ੍ਰਾਈਵੇਟ ਇਨਵੈਸਟਮੈਂਟ ਤਹਿਤ ਰੁਜ਼ਗਾਰ ਦੇ ਮੌਕੇ ਪੈਂਦਾ ਕੀਤੇ ਜਾ ਸਕਦੇ ਹਨ। ਸਕੂਲਾਂ-ਕਾਲਜਾਂ ਵਿੱਚ ਨੌਕਰੀ ਪੇਸ਼ਾ ਨਹੀਂ, ਸਗੋਂ ਕਿੱਤਾ-ਮੁਖੀ ਕੋਰਸਾਂ ਨੂੰ ਅਪਣਾਉਣਾ ਚਾਹੀਦਾ ਹੈ। ਨਸ਼ਾ-ਰੋਕੂ ਮਿੱਤਰਵਰਗੇ ਅਹੁਦੇ ਸ਼ੁਰੂ ਕਰਕੇ ਪਿੰਡ-ਪਿੰਡ ਪ੍ਰਚਾਰ ਕਮੇਟੀਆਂ ਬਣਾਈਆਂ ਜਾਣ। ਸਕੂਲਾਂ-ਕਾਲਜਾਂ ਵਿੱਚ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾਵੇ। ਸਭ ਤੋਂ ਵੱਧ ਜ਼ਿੰਮੇਵਾਰੀ ਮਾਪਿਆਂ ਦੀ ਹੋਵੇ ਕਿ ਉਹ ਆਪਣੇ ਬੱਚੇ ਦੀ ਅੱਲੜ੍ਹ ਉਮਰੇ ਸਾਧਾਰਣ ਸੁਭਾਅ ਵਿੱਚ ਆ ਰਹੇ ਵਰਤਾਰੇ ਦੀ ਪਛਾਣ ਕਰ ਸਕਣ। ਸਮੇਂ ਦੀ ਸਰਕਾਰ ਦੁਆਰਾ ਠੋਸ ਅਤੇ ਸਖ਼ਤ ਕਾਨੂੰਨ ਬਣਾਏ ਜਾਣ, ਸਖ਼ਤ ਸਜ਼ਾਵਾਂ ਜਾਂ ਸਖ਼ਤ ਜੁਰਮਾਨੇ ਕੀਤੇ ਜਾਣ, ਨਸੀਲੀਆਂ ਦਵਾਈਆਂ ਵੇਚਣ ਵਾਲੇ ਮੈਡੀਕਲ ਸਟੋਰਾਂ ਦੇ ਲਾਇਸੈਂਸ ਰੱਦ ਕੀਤੇ ਜਾਣ।

ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਸਾਊਦੀ ਅਰਬ ਦੀ ਇੱਕ ਖ਼ਬਰ ਵਾਇਰਲ ਹੋਈ ਸੀ ਕਿ 12 ਲੋਕਾਂ ਦੇ ਨਸ਼ੀਲੇ ਪਦਾਰਥ ਰੱਖਣ ਕਾਰਣ ਸਿਰ ਕਲਮ ਕਰ ਦਿੱਤੇ ਗਏ। ਇੱਥੋਂ ਕੁਝ ਹੋਰ ਨਹੀਂ ਤਾਂ ਇੱਕ ਸੇਧ ਤਾਂ ਮਿਲ ਹੀ ਸਕਦੀ ਹੈ ਕਿ ਆਪਣੇ ਨਾਗਰਿਕਾਂ ਨੂੰ ਬਚਾਉਣ ਲਈ ਘੱਟੋ ਘੱਟ ਸ਼ਜਾਵਾਂ ਤਾਂ ਸਖ਼ਤ ਕਰ ਹੀ ਸਕਦੇ ਹਾਂ ਤਾਂ ਕਿ ਨਸ਼ੇ ਵੇਚਣ ਵਾਲਿਆਂ ਵਿੱਚ ਇੱਕ ਭੈਅ ਪੈਦਾ ਹੋ ਸਕੇ। ਸੋ ਸਭ ਦੇ ਰਲੇ ਮਿਲੇ ਯਤਨਾਂ ਸਦਕਾ ਅਸੀਂ ਨਸ਼ੇ ਰੂਪੀ ਕੋਹੜ ਨੂੰ ਖਤਮ ਕਰ ਸਕਾਂਗੇ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4447)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਸੁਖਚੈਨ ਸਿੰਘ ਬਲਿਆਲ

ਡਾ. ਸੁਖਚੈਨ ਸਿੰਘ ਬਲਿਆਲ

Punjabi University Of Patiala, Punjab, India.
Phone: (91 - 98145 - 48018)
Email: (sukhchainbalial@gmail.com)