“ਉਨ੍ਹਾਂ ਨੇ ਜਿਵੇਂ ਕਿਵੇਂ ਕੋਠੇ ਤੋਂ ਹੀ ਹੇਠਾਂ ਪਾਣੀ ਵਿੱਚ ਛਾਲਾਂ ਮਾਰੀਆਂ ਤੇ ਤੈਰਦੇ ਹੋਏ ਉਸ ਕਮਰੇ ਵਿੱਚ ਆ ਗਏ, ਜਿੱਥੇ ਮੈਂ ਲਟਕਿਆ ...”
(22 ਜੁਲਾਈ 2023)
ਇਨ੍ਹੀਂ ਦਿਨੀਂ ਪੂਰਾ ਉੱਤਰੀ ਭਾਰਤ ਮੀਂਹ ਦੀ ਆਫ਼ਤ ਨਾਲ ਗ੍ਰਸਿਆ ਹੋਇਆ ਹੈ। ਪੰਜਾਬ ਵਿੱਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ। ਬਹੁਤ ਮੌਤਾਂ ਹੋ ਚੁੱਕੀਆਂ ਹਨ। ਹਿਮਾਚਲ ਵਿੱਚ ਵੀ ਭਾਰੀ ਤਬਾਹੀ ਮਚੀ ਹੋਈ ਹੈ। ਦਿੱਲੀ ਵਿੱਚ ਪਿਛਲੇ 41 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ। ਸਕੂਲਾਂ ਕਾਲਜਾਂ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਸਰਕਾਰ ਵੱਲੋਂ ਪਹਿਲਾਂ ‘ਯੈਲੋ’ ਤੇ ਹੁਣ ‘ਰੈੱਡ’ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪਾਣੀ ਦੇ ਤੇਜ਼ ਵਹਾ ਕਾਰਨ ਫੌਜ ਦੇ ਕੁਝ ਜਵਾਨ ਤਕ ਵੀ ਰੁੜ੍ਹ ਗਏ ਹਨ। ਕਿਸੇ ਕਿਸੇ ਇਲਾਕੇ ਵਿੱਚ ਪਾਣੀ 11 ਫੁੱਟ ਤਕ ਪਹੁੰਚ ਗਿਆ ਹੈ। ਦਰਿਆਵਾਂ ਅਤੇ ਝੀਲਾਂ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ। ਦਰਿਆਵਾਂ ਦੇ ਕਿਨਾਰੇ ਵਸੇ ਹੋਏ ਲੋਕ ਖ਼ੌਫ਼ਜ਼ਦਾ ਹਨ। ਅਜੇ ਤਕ ਵੀ ਹੜ੍ਹਾਂ ਦਾ ਖ਼ਤਰਾ ਪੂਰੀ ਤਰ੍ਹਾਂ ਟਲਿਆ ਨਹੀਂ।
ਅਸਲ ਵਿੱਚ ਇਹ ਮਨੁੱਖ ਵੱਲੋਂ ਪ੍ਰਕਿਰਤੀ ਨਾਲ ਕੀਤੀ ਛੇੜਛਾੜ ਦਾ ਨਤੀਜਾ ਹੈ। ਪਰ ਜਦੋਂ ਵੀ ਹੜ੍ਹਾਂ ਦੀਆਂ ਖ਼ਬਰਾਂ ਆਉਂਦੀਆਂ ਹਨ, ਮੇਰੀਆਂ ਨਜ਼ਰਾਂ ਸਾਹਮਣੇ 1993 ਦਾ ਭਿਆਨਕ ਮੰਜ਼ਰ ਆ ਜਾਂਦਾ ਹੈ। ਹੜ੍ਹਾਂ ਬਾਰੇ ਮੇਰੀ ਸਤਹੀ ਕਿਸਮ ਦੀ ਜਾਣਕਾਰੀ ਉਸ ਸਮੇਂ ਤਾਂ ਇੰਨੀ ਕੁ ਸੀ ਕਿ ਇਸ ਵਿੱਚ ਘਿਰਿਆ ਵਿਅਕਤੀ ਕਈ ਵਾਰੀ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾ ਸਕਦਾ ਹੈ ਪਰ ਹੜ੍ਹਾਂ ਨਾਲ ਦੋ-ਚਾਰ ਹੋਣ ਵਾਲਾ ਬੰਦਾ ਹੀ ਇਸਦੀ ਹਕੀਕਤ ਸਮਝਦਾ ਹੈ। 1 ਜੁਲਾਈ 1993 ਨੂੰ ਪਟਿਆਲੇ ਵਿੱਚ ਆਏ ਹੜ੍ਹ ਦੌਰਾਨ ਮੇਰਾ ਵਾਹ ਵੀ ਇਸ ਮੁਸੀਬਤ ਨਾਲ ਪੈ ਗਿਆ। ਉਸ ਸਮੇਂ ਮੈਂ ਮੌਤ ਨੂੰ ਕਾਫੀ ਨੇੜੇ ਤੋਂ ਵੇਖਿਆ। ਉਦੋਂ ਮੈਂ ਆਪਣੇ ਮਾਪਿਆਂ ਨਾਲ ਪਟਿਆਲੇ ਦੇ ਅਰਬਨ ਅਸਟੇਟ ਵਿੱਚ ਰਹਿੰਦਾ ਸੀ। ਰਾਤੀ ਕਰੀਬ ਢਾਈ-ਤਿੰਨ ਵਜੇ ਕਾਲੋਨੀ ਦੇ ਗੁਰਦੁਆਰੇ ਤੋਂ ਹੜ੍ਹ ਦੀ ਸੂਚਨਾ ਦਿੱਤੀ ਗਈ। ਅਚਾਨਕ ਇਹ ਐਲਾਨ ਸੁਣ ਕੇ ਮੇਰੇ ਬਜ਼ੁਰਗ ਮਾਤਾ-ਪਿਤਾ ਘਬਰਾ ਗਏ ਤੇ ਉਨ੍ਹਾਂ ਨੇ ਮੈਨੂੰ ਵੀ ਸੁਚੇਤ ਹੋਣ ਲਈ ਪ੍ਰੇਰਿਆ। ਮਾਤਾ-ਪਿਤਾ ਨੂੰ ਮੈਂ ਇਹ ਕਹਿ ਕੇ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ ਕਿ ਪਾਣੀ ਹੀ ਤਾਂ ਹੈ, ਆ ਕੇ ਚਲਾ ਜਾਵੇਗਾ। ਅਗਲੇ ਦਿਨ ਕਿਤੇ ਨੌਕਰੀ ਲਈ ਇੰਟਰਵਿਊ ’ਤੇ ਜਾਣਾ ਸੀ, ਇਸ ਲਈ ਮੈਂ ਆਪਣੇ ਸਰਟੀਫਿਕਟ, ਪੁਸਤਕਾਂ ਤੇ ਹੋਰ ਪ੍ਰਕਾਸ਼ਿਤ ਸਮੱਗਰੀ ਆਪਣੇ ਨੇੜੇ ਰੱਖ ਲਈਆਂ ਸਨ। ਮੈਂ ਆਪਣੇ ਮਾਪਿਆਂ ਨੂੰ ਉਨ੍ਹਾਂ ਦੀ ਪ੍ਰੇਸ਼ਾਨੀ ਵੇਖ ਕੇ ਗੁਆਂਢ ਦੇ ਇੱਕ ਘਰ, ਜਿਨ੍ਹਾਂ ਦੇ ਚੁਬਾਰਾ ਬਣਿਆ ਹੋਇਆ ਸੀ, ਭੇਜ ਦਿੱਤਾ। ਮੈਂ ਇਹ ਸੋਚ ਕੇ ਘਰ ਹੀ ਰਿਹਾ ਕਿ ਪਾਣੀ ਹੀ ਹੈ, ਆ ਕੇ ਚਲਾ ਜਾਵੇਗਾ, ਨਾਲੇ ਕਿੰਨਾ ਕੁ ਪਾਣੀ ਆ ਜਾਵੇਗਾ?
ਸ਼ਾਇਦ ਪਰਮਾਤਮਾ ਨੇ ਮੈਨੂੰ ਪਾਣੀ ਦੀ ਸ਼ਕਤੀ ਅਤੇ ਸਮਰੱਥਾ ਦਾ ਬੋਧ ਕਰਵਾਉਣਾ ਸੀ। ਪਾਣੀ ਹੌਲੀ-ਹੌਲੀ ਘਰ ਵਿੱਚ ਦਾਖਲ ਹੋਣਾ ਸ਼ੁਰੂ ਹੋ ਗਿਆ। ਮੇਰੇ ਵਿੰਹਦੇ-ਵਿੰਹਦੇ ਪਾਣੀ ਨੇ ਬੈੱਡ, ਸੋਫਾ, ਟੀ ਵੀ, ਮੇਜ਼, ਫਰਿੱਜ ਆਦਿ ਵੱਡੀਆਂ ਤੇ ਭਾਰੀ ਚੀਜ਼ਾਂ ਨੂੰ ਮੂਧੇ ਮੂੰਹ ਉਲਟਾ ਦਿੱਤਾ। ਮੈਂ ਉਨ੍ਹਾਂ ਚੀਜ਼ਾਂ ਨੂੰ ਵਾਰ-ਵਾਰ ਸੰਭਾਲਦਾ, ਸੈੱਟ ਕਰਦਾ, ਪਰ ਪਾਣੀ ਸਾਹਮਣੇ ਮੇਰੀ ਕੋਈ ਪੇਸ਼ ਨਹੀਂ ਸੀ ਜਾ ਰਹੀ। ਹਾਰ ਕੇ ਮੈਂ ਚੀਜ਼ਾਂ ਨੂੰ ਸੰਭਲਣਾ ਛੱਡ ਕੇ ਆਪਣੇ ਆਪ ਨੂੰ ਬਚਾਉਣ ਦਾ ਆਹਰ ਕਰਨ ਲੱਗ ਪਿਆ। ਮੈਂ ਇੱਕ ਮੇਜ਼ ’ਤੇ ਸਟੂਲ ਰੱਖਿਆ ਅਤੇ ਉਹਦੇ ਉੱਤੇ ਖੜ੍ਹੇ ਹੋ ਕੇ ਛੱਤ ਵਾਲੇ ਪੱਖ ਨੂੰ ਹੱਥ ਪਾ ਲਿਆ ਕਿ ਪਾਣੀ ਇੱਥੋਂ ਤਕ ਤਾਂ ਨਹੀਂ ਪਹੁੰਚ ਸਕੇਗਾ। ਮੈਂ ਅਜੇ ਪੂਰੀ ਤਰ੍ਹਾਂ ਪੱਖੇ ਨੂੰ ਸੰਭਾਲਿਆ ਵੀ ਨਹੀਂ ਸੀ ਕਿ ਪਾਣੀ ਨੇ ਆਪਣਾ ਜ਼ੋਰ ਵਿਖਾਇਆ। ਮੇਰੇ ਹੇਠੋਂ ਸਟੂਲ ਅਤੇ ਮੇਜ਼ ਨਿਕਲ ਕੇ ਪਾਣੀ ਵਿੱਚ ਜਾ ਡਿਗੇ ਅਤੇ ਮੈਂ ਪੱਖੇ ਨਾਲ ਲਟਕ ਗਿਆ। ਮੇਰੇ ਸਰੀਰ ਦਾ ਕਮਰ ਤੋਂ ਹੇਠਲਾ ਹਿੱਸਾ ਪਾਣੀ ਵਿੱਚ ਸੀ ਅਤੇ ਜੁਲਾਈ ਦੇ ਗਰਮ ਮਹੀਨੇ ਵਿੱਚ ਪਾਣੀ ਇੰਨਾ ਠੰਢਾ ਸੀ ਕਿ ਬੰਦਾ ਯਖ਼ ਹੋ ਜਾਏ। ਇੰਨਾ ਸ਼ੁਕਰ ਸੀ ਕਿ ਬਿਜਲੀ ਵਿਭਾਗ ਵੱਲੋਂ ਬਿਜਲੀ ਬੰਦ ਕਰ ਦਿੱਤੀ ਗਈ ਸੀ, ਨਹੀਂ ਤਾਂ ਕੰਧਾਂ ਵਿੱਚ ਕਰੰਟ ਆਉਣ ਦਾ ਪੂਰਾ ਖ਼ਤਰਾ ਸੀ।
ਮੇਰੇ ਬਜ਼ੁਰਗ ਮਾਪਿਆਂ ਨੂੰ ਮੇਰੇ ਅਜੇ ਤਕ ਬਾਹਰ ਨਾ ਆਉਣ ਦੀ ਚਿੰਤਾ ਸੀ। ਉਨ੍ਹਾਂ ਨੇ ਦੋ ਤੈਰਨ ਵਾਲੇ ਮੁੰਡਿਆਂ ਨੂੰ ਆਪਣੀ ਚਿੰਤਾ ਦੱਸੀ, ਜਿਸ ਕਰਕੇ ਦੋਵੇਂ ਮੁੰਡੇ ਛੱਤਾਂ ਰਾਹੀਂ ਸਾਡੇ ਘਰ ਦੀ ਛੱਤ ਤੋਂ ਮੈਨੂੰ ਅਵਾਜ਼ਾਂ ਮਾਰਨ ਲੱਗੇ। ਮੈਂ ਉਨ੍ਹਾਂ ਨੂੰ ਅੰਦਰੋਂ ਹੀ ਉੱਚੀ ਆਵਾਜ਼ ਵਿੱਚ ਕਹਿ ਕੇ ਸੁਣਾਇਆ ਕਿ ਮੈਂ ਪੱਖੇ ਨੂੰ ਫੜੀ ਲਟਕ ਰਿਹਾ ਹਾਂ। ਉਨ੍ਹਾਂ ਨੇ ਕਿਹਾ ਕਿ ਹੇਠਾਂ ਪਾਣੀ ਵਿੱਚ ਛਾਲ ਮਾਰ ਕੇ ਬਾਹਰ ਵਿਹੜੇ ਵਿੱਚ ਆ ਜਾਓ, ਜਿੱਥੋਂ ਉਹ ਮੈਨੂੰ ਕੋਠੇ ’ਤੇ ਲਿਜਾ ਸਕਣਗੇ। ਪਰ ਮੈਂ ਅਜਿਹਾ ਕਰਨ ਤੋਂ ਅਸਮਰੱਥਤਾ ਪ੍ਰਗਟ ਕੀਤੀ। ਖ਼ੈਰ ਉਨ੍ਹਾਂ ਨੇ ਜਿਵੇਂ ਕਿਵੇਂ ਕੋਠੇ ਤੋਂ ਹੀ ਹੇਠਾਂ ਪਾਣੀ ਵਿੱਚ ਛਾਲਾਂ ਮਾਰੀਆਂ ਤੇ ਤੈਰਦੇ ਹੋਏ ਉਸ ਕਮਰੇ ਵਿੱਚ ਆ ਗਏ, ਜਿੱਥੇ ਮੈਂ ਹੋਇਆ ਸਾਂ। ਉਨ੍ਹਾਂ ਨੇ ਮੈਨੂੰ ਹੱਥ ਛੱਡਣ ਲਈ ਕਿਹਾ ਤਾਂ ਮੈਂ ਡਰਦੇ-ਡਰਦੇ ਨੇ ਹੱਥ ਛੱਡ ਦਿੱਤੇ। ਉਨ੍ਹਾਂ ਮੁੰਡਿਆਂ ਦੀ ਮਦਦ ਨਾਲ ਮੈਂ ਵੀ ਕੋਠੇ ’ਤੇ ਚੜ੍ਹ ਗਿਆ ਅਤੇ ਮੌਤ ਤੋਂ ਮੁਕਤੀ ਪ੍ਰਾਪਤ ਕੀਤੀ। ਅਗਲੇ ਤਿੰਨ ਦਿਨਾਂ ਤਕ ਹੜ੍ਹ ਦਾ ਪਾਣੀ ਕਾਲੋਨੀ ਦੇ ਘਰਾਂ ਵਿੱਚ ਉਵੇਂ ਹੀ ਘਰ ਬਣਾਈ ਬੈਠਾ ਰਿਹਾ।
ਅਸੀਂ ਕਾਫੀ ਪਰਿਵਾਰ ਤਿੰਨੇ ਦਿਨ ਇੱਕੋ ਚੁਬਾਰੇ ਵਿੱਚ ਤਰਸਯੋਗ ਹਾਲਤ ਵਿੱਚ ਰਹੇ। ਔਰਤਾਂ ਤਾਂ ਮਾੜਾ-ਮੋਟਾ ਆਰਾਮ ਕਰ ਲੈਂਦੀਆਂ ਪਰ ਮਰਦ ਅਤੇ ਬੱਚੇ ਛੱਤਾਂ ਤੇ ਘੁੰਮਦੇ ਰਹਿੰਦੇ। ਪਾਣੀ ਦੇ ਘਟਣ ਪਿੱਛੋਂ ਆਸਪਾਸ ਦੇ ਪਿੰਡਾਂ ਤੋਂ ਲੋਕ ਭੋਜਨ, ਦੁੱਧ ਤੇ ਖਾਣ ਪੀਣ ਦੀਆਂ ਹੋਰ ਚੀਜ਼ਾਂ ਰੇੜ੍ਹਿਆਂ ’ਤੇ ਲੈ ਕੇ ਆਉਂਦੇ ਰਹੇ ਤੇ ਉੱਪਰ ਬੈਠੇ ਬੇਸਹਾਰਾ ਲੋਕਾਂ ਨੂੰ ਦਿੰਦੇ ਰਹੇ। ਫਿਰ ਇੱਕ ਦਿਨ ਸਰਕਾਰੀ ਹੈਲੀਕਾਪਟਰ ਵੀ ਆਇਆ, ਜਿਸ ਵੱਲੋਂ ਬਹੁਤ ਸਾਰੇ ਖਾਣੇ ਦੇ ਪੈਕੇਟ ਤੇ ਦਵਾਈਆਂ ਹੇਠਾਂ ਸੁੱਟੀਆਂ ਗਈਆਂ।
ਸੁੱਟੀਆਂ ਗਈਆਂ ਵਧੇਰੇ ਚੀਜ਼ਾਂ ਤਾਂ ਪਾਣੀ ਵਿੱਚ ਹੀ ਡਿਗ ਗਈਆਂ, ਕੁਝ ਕੁ ਹੀ ਹੜ੍ਹ ਮਾਰੇ ਲੋਕਾਂ ਦੇ ਹੱਥ ਲੱਗੀਆਂ। ਹੈਲੀਕਾਪਟਰ ਦਾ ਹੋਰ ਨੁਕਸਾਨ ਇਹ ਹੋਇਆ ਕਿ ਇਸਦੇ ਤੇਜ਼ ਚੱਲਣ ਵਾਲੇ ਖੰਭਾਂ ਨਾਲ ਬਹੁਤ ਸਾਰੀਆਂ ਸੁੱਕੀਆਂ ਹੋਈਆਂ ਚੀਜ਼ਾਂ, ਜਿਨ੍ਹਾਂ ਵਿੱਚ ਰਜਾਈਆਂ ਵਗੈਰਾ ਵੀ ਸਨ, ਫਿਰ ਤੋਂ ਹੇਠਾਂ ਪਾਣੀ ਵਿੱਚ ਡਿਗ ਪਈਆਂ।
ਇਸ ਹੜ੍ਹ ਵਿੱਚ ਮੇਰੀਆਂ ਕਰੀਬ ਲੱਖ, ਡੇਢ ਲੱਖ (ਉਸ ਸਮੇਂ ਦੀ ਰਕਮ) ਮੁੱਲ ਦੀਆਂ ਬਹੁਮੁੱਲੀਆਂ ਪੁਸਤਕਾਂ ਪਾਣੀ ਦੀ ਭੇਟ ਚੜ੍ਹ ਗਈਆਂ। ਅੱਜ ਵੀ ਜਦੋਂ ਕਿਧਰੇ ਹੜ੍ਹਾਂ ਦੀ ਖਬਰ ਸੁਣਦਾ ਹਾਂ ਤਾਂ ਮੈਨੂੰ ਆਪਣੇ ਨਾਲ ਵਾਪਰੇ ਘਟਨਾਕ੍ਰਮ ਦਾ ਚੇਤਾ ਆ ਜਾਂਦਾ ਹੈ। ਇਸ ਘਟਨਾ ਤੋਂ ਕਰੀਬ ਛੇ ਸਾਲ ਬਾਅਦ ਮੈਂ ਗ੍ਰਹਿਸਥੀ ਧਾਰਨ ਕੀਤੀ ਅਤੇ ਆਪਣੀ ਸੁਪਤਨੀ ਨੂੰ ਹੜ੍ਹਾਂ ਦੀ ਇਹ ਦੁਖਦਾਈ ਹੱਡਬੀਤੀ ਸੁਣਾਈ ਤਾਂ ਪਤਨੀ ਨੇ ਹੱਥ ਜੋੜ ਕੇ ਪਰਮਾਤਮਾ ਦਾ ਸ਼ੁਕਰ ਕਰਦਿਆਂ ਕਿਹਾ, “ਤੁਸੀਂ ਜੁ ਮੇਰੇ ਲੜ ਲੱਗਣਾ ਸੀ, ਇਸੇ ਲਈ ‘ਉਸਨੇ’ ਤੁਹਾਨੂੰ ਬਚਾ ਲਿਆ।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4102)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)