HarbhajanMann7ਪੁੱਤ, ਅਸੀਂ ਉਸ ਲਈ ਇੱਧਰ ਰਿਸ਼ਤਾ ਲੱਭਦੇ ਫਿਰਦੇ ਸੀ ਪਰ ਚੰਦਰੀ ਮੌਤਾ ਦਾ ਸੁਨੇਹਾ ...”
(19 ਅਗਸਤ 2016)

 

ਪਿਤਾ ਜੀ ਦੇ ਭੋਗ ਉਪਰੰਤ ਪਹਿਲੀ ਵਾਰ ਬੀਤੇ ਦਿਨੀਂ ਪਿੰਡ ਗੇੜਾ ਮਾਰਨ ਗਿਆ ਤਾਂ ਦਰਵਾਜ਼ੇ ਵਿੱਚ ਬੈਠ ਕੇ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਕਰ ਰਿਹਾ ਸਾਂ। ਮੇਰਾ ਫੋਨ ਮੇਰੇ ਡਰਾਈਵਰ ਕੋਲ ਸੀ। ਡਰਾਈਵਰ ਨੇ ਮੇਰੇ ਕੋਲ ਆ ਕੇ ਫੋਨ ਫੜਾਉਂਦਿਆਂ ਕਿਹਾ, ਬਾਈ ਜੀ, ਇੱਕ ਔਰਤ ਦਾ ਦੋ-ਤਿੰਨ ਵਾਰੀ ਫੋਨ ਆ ਚੁੱਕਾ ਹੈ। ਉਹ ਕਹਿ ਰਹੀ ਹੈ ਕਿ ਇੱਕ ਵਾਰੀ ਹਰਭਜਨ ਨਾਲ ਗੱਲ ਕਰਵਾ ਦੇ ਉਹ ਰੋ ਵੀ ਬਹੁਤ ਰਹੀ ਹੈ। ਤੁਸੀਂ ਉਸ ਨਾਲ ਗੱਲ ਕਰ ਲਓ।

ਜਦੋਂ ਮੈਂ ਉਸ ਦਾ ਫੋਨ ਸੁਣਨ ਲੱਗਿਆ ਤਾਂ ਉਸ ਨੇ ਰੋਂਦਿਆਂ ਰੋਂਦਿਆਂ ਕਹਿਣਾ ਸ਼ੁਰੂ ਕੀਤਾ, ਪਿਆਰੇ ਬੇਟੇ ਹਰਭਜਨ, ਤੇਰਾ ਨੰਬਰ ਬੜੀ ਮੁਸ਼ਕਿਲ ਨਾਲ ਲੱਭਿਆ ਹੈ। ਮੈਂ ਬਠਿੰਡੇ ਤੋਂ ਗੱਲ ਕਰ ਰਹੀ ਹਾਂ ਅਤੇ ਮੈਂ ਤੇਰੇ ਦੋ-ਚਾਰ ਮਿੰਟ ਹੀ ਲਵਾਂਗੀ, ਜ਼ਿਆਦਾ ਸਮਾਂ ਨਹੀਂ। ਮੇਰਾ ਇੱਕੋ ਪੁੱਤ ਸੀ। ਉਹ ਪੜ੍ਹਨ ਵਿੱਚ ਬੜਾ ਹੁਸ਼ਿਆਰ ਸੀ। ਉਸ ਦੇ ਮਿਹਨਤ ਨਾਲ ਜਿੱਤੇ ਮੈਡਲ ਘਰ ਸਾਂਭ ਕੇ ਰੱਖੇ ਹੋਏ ਹਨ। ਇਹ ਗੱਲ ਚਾਰ ਕੁ ਸਾਲ ਪੁਰਾਣੀ ਹੈ। ਉਹ ਪੜ੍ਹਨ ਲਈ ਇੰਗਲੈਂਡ ਚਲਾ ਗਿਆ। ਉੱਥੇ ਉਹ ਮਿਹਨਤ ਨਾਲ ਪੜ੍ਹਿਆ ਤੇ ਉਸ ਨੂੰ ਯੂਨੀਵਰਸਿਟੀ ਵਿੱਚ ਨੌਕਰੀ ਮਿਲ ਗਈ ਸੀ। ਇੱਕ ਦਿਨ ਉਹ ਦੋਸਤਾਂ ਨਾਲ ਝੀਲ ’ਤੇ ਘੁੰਮਣ-ਫਿਰਨ ਚਲਾ ਗਿਆ ਤੇ ਪਤਾ ਨਹੀਂ ਕਿਵੇਂ ਝੀਲ ਵਿਚ ਡੁੱਬ ਕੇ …” ਇੰਨਾ ਆਖ ਕੇ ਉਸ ਔਰਤ ਨੇ ਫਿਰ ਰੋਣਾ ਸ਼ੁਰੂ ਕਰ ਦਿੱਤਾ।

ਉਸਦੀਆਂ ਗੱਲਾਂ ਸੁਣਦਿਆਂ ਮੇਰਾ ਵੀ ਮਨ ਭਰ ਆਇਆ। ਆਖ਼ਿਰ ਉਹ ਹੌਸਲਾ ਬੰਨ੍ਹ ਕੇ ਫਿਰ ਦੱਸਣ ਲੱਗੀ,
ਪੁੱਤ, ਅਸੀਂ ਉਸ ਲਈ ਇੱਧਰ ਰਿਸ਼ਤਾ ਲੱਭਦੇ ਫਿਰਦੇ ਸੀ ਪਰ ਚੰਦਰੀ ਮੌਤਾ ਦਾ ਸੁਨੇਹਾ ਆ ਗਿਆ। ਸਾਡੀ ਹੱਸਦੀ ਵਸਦੀ ਦੁਨੀਆਂ ਪਲਾਂ ਵਿੱਚ ਬਰਬਾਦ ਹੋ ਗਈ। ਮੈਨੂੰ ਸਭ ਕੁਝ ਭੁੱਲ ਗਿਆ, ਨਾ ਗਾਣੇ, ਨਾ ਕਿਤਾਬਾਂ, ਨਾ ਫ਼ਿਲਮਾਂ ਤੇ ਨਾ ਹੀ ਰਿਸ਼ਤੇ-ਨਾਤੇ ਚੰਗੇ ਲਗਦੇ ਸਨ। ਅਸੀਂ ਦੋਵੇਂ ਪਤੀ-ਪਤਨੀ ਅਧਿਆਪਕ ਹਾਂ। ... ਕੱਲ੍ਹ ਮੇਰੇ ਪਤੀ ਨੇ ਮੈਨੂੰ ਜ਼ੋਰ ਪਾ ਕੇ ਤੇਰੀ ਫ਼ਿਲਮ ਜੱਗ ਜਿਊਂਦਿਆਂ ਦੇ ਮੇਲੇ’ ਦੇਖਣ ਲਈ ਤਿਆਰ ਕਰ ਲਿਆ। ਅਸੀਂ ਦੋਵੇਂ ਜਣੇ ਟੀ.ਵੀ. ਅੱਗੇ ਬੈਠ ਕੇ ਫ਼ਿਲਮ ਦੇਖਣ ਲੱਗ ਪਏ। ਮੈਨੂੰ ਫ਼ਿਲਮ ਦੇਖਦੇ ਸਮੇਂ ਇਵੇਂ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਫ਼ਿਲਮ ਵਿੱਚ ਤੇਰੀ ਥਾਂ ਮੇਰਾ ਪੁੱਤ ਤੁਰਿਆ ਫਿਰਦਾ ਹੋਵੇ। ਮੇਰਾ ਪੁੱਤ ਵੀ ਬਿਲਕੁਲ ਤੇਰੇ ਵਰਗਾ ਸੀ। ਬੱਸ ਪੁੱਤ, ਹੋਰ ਨ੍ਹੀਂ ਕੁਝ ਕਹਿਣਾ। ਬਸ ਮੇਰੀ ਇੱਕ ਗੱਲ ਮੰਨ ਲੈ, ਜਦੋਂ ਕਦੇ ਤੇਰੇ ਕੋਲ ਥੋੜ੍ਹੀ ਵਿਹਲ ਹੋਵੇ ਤਾਂ ਮੇਰੇ ਨਾਲ ਫੋਨ ’ਤੇ ਘੜੀ ਦੋ ਘੜੀ ਗੱਲ ਕਰ ਲਿਆ ਕਰ। ਇੱਕ ਮਾਂ ਦੇ ਦਿਲ ਨੂੰ ਧਰਵਾਸ ਆ ਜਾਊ ਕਿ ਉਸ ਨੇ ਆਪਣੇ ਪੁੱਤ ਨਾਲ ਗੱਲ ਕਰ ਲਈ ਹੈ।” ਇੰਨਾ ਆਖ ਕੇ ਉਹ ਫਿਰ ਰੋਣ ਲੱਗ ਪਈ।

ਇਹ ਸੁਣ ਕੇ ਮੈਂ ਧੁਰ ਅੰਦਰ ਤਕ ਹਲੂਣਿਆ ਗਿਆ ਤੇ ਸੋਚਣ ਲੱਗਾ ਕਿ ਮਾਵਾਂ ਲਈ ਧੀਆਂ-ਪੁੱਤਾਂ ਦੇ ਵਿਛੋੜੇ ਝੱਲਣੇ ਕਿੰਨੇ ਔਖੇ ਹੁੰਦੇ ਹਨ। ਫਿਰ ਸੋਚਣ ਲੱਗਾ ਕਿ ਸਾਡੇ ਕਲਾ ਰੂਪ ਸਾਨੂੰ ਸਾਡੀਆਂ ਯਾਦਾਂ ਨਾਲ ਜੋੜ ਕੇ ਦੁਖੀ ਦਿਲਾਂ ਨੂੰ ਧਰਵਾਸਾ ਦਿੰਦੇ ਹਨ। ਮੇਰਾ ਮਨ ਵੀ ਬਹੁਤ ਭਰਿਆ ਪਿਆ ਸੀ। ਤਿੰਨ ਕੁ ਮਹੀਨੇ ਪਹਿਲਾਂ ਮੇਰੇ ਵੱਡੇ ਭਰਾ ਦੀ ਮੌਤ ਹੋ ਗਈ ਸੀ ਤੇ ਮੇਰੇ ਪਿਤਾ ਨੇ ਉਸ ਨੂੰ ਆਪਣੇ ਹੱਥੀਂ ਤੋਰਿਆ ਸੀ। ਹੁਣ ਤਾਂ ਪਿਤਾ ਜੀ ਵੀ ਤੁਰ ਗਏ ਹਨ। ...

ਉਸ ਮਾਤਾ ਦੀ ਸਾਰੀ ਗੱਲ ਸੁਣ ਕੇ ਮੈਂ ਆਖਿਆ ਕਿ ਮੈਂ ਹੁਣੇ ਬਠਿੰਡੇ ਤੁਹਾਨੂੰ ਮਿਲਣ ਆ ਰਿਹਾ ਹਾਂ। ਜਦੋਂ ਘਰ ਗਿਆ ਤਾਂ ਉਹ ਮਾਂ ਦਰਵਾਜ਼ੇ ’ਤੇ ਖੜ੍ਹੀ ਮੈਨੂੰ ਉਡੀਕ ਰਹੀ ਸੀ। ਉਸ ਨੇ ਮੇਰਾ ਮੱਥਾ ਚੁੰਮਿਆ ਤੇ ਮੈਨੂੰ ਆਪਣੇ ਪੁੱਤ ਵਾਂਗ ਪਿਆਰ ਕੀਤਾ। ਅਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਦੋਵਾਂ ਨੇ ਆਪਣਾ ਦਿਲ ਹੌਲਾ ਕੀਤਾ।

ਮੁੰਡੇ ਦੇ ਪਿਤਾ ਨੇ ਵੀ ਮੇਰੇ ਨਾਲ ਬਹੁਤ ਗੱਲਾਂ ਕੀਤੀਆਂ ਤੇ ਦੱਸਿਆ ਕਿ ਉਸਦਾ ਪੁੱਤਾ ਪੜ੍ਹਾਈ ਦੇ ਨਾਲ ਨਾਲ ਚੰਗਾ ਖਿਡਾਰੀ ਵੀ ਸੀ। ਉਨ੍ਹਾਂ ਦੱਸਿਆ ਕਿ ਉਹ ਕਿਹਾ ਕਰਦਾ ਸੀ, ਪਾਪਾ, ਤੁਸੀਂ ਵੀ ਮੈਡਲ ਜਿੱਤੋ ਤੇ ਮੇਰੇ ਵਰਗਿਆਂ ਨੂੰ ਕੋਚਿੰਗ ਦਿਓ। ਹੁਣ ਮੈਂ ਉਸ ਦੇ ਤੁਰ ਜਾਣ ਪਿੱਛੋਂ ਮੈਡਲ ਵੀ ਜਿੱਤ ਲਿਆ ਤੇ ਕੋਚਿੰਗ ਵੀ ਦੇ ਰਿਹਾ ਹਾਂ ਪਰ …

ਮੈਨੂੰ ਤੁਰਨ ਲੱਗੇ ਨੂੰ ਉਹ ਮਾਂ ਸ਼ਗਨ ਦਿੰਦਿਆਂ ਬੋਲੀ, ਬੱਸ ਪੁੱਤ, ਲੰਘਦਾ-ਵੜਦਾ ਆਪਣੇ ਸਮੇਂ ਚੋਂ ਥੋੜ੍ਹਾ ਸਮਾਂ ਇਸ ਮਾਂ ਲਈ ਵੀ ਕੱਢ ਲਿਆ ਕਰ, ਤੇਰੇ ਵਿੱਚੋਂ ਮੈਨੂੰ ਮੇਰਾ ਪੁੱਤ ਨਜ਼ਰ ਆਉਂਦੈ। ਉਸਦੀਆਂ ਅੱਖਾਂ ਵਿੱਚੋਂ ਵਹਿੰਦੇ ਹੰਝੂਆਂ ਨੂੰ ਦੇਖ ਕੇ ਮੇਰੇ ਮੁਸ਼ਕਿਲ ਨਾਲ ਰੋਕੇ ਹੰਝੂ ਵੀ ਆਪ-ਮੁਹਾਰੇ ਵਹਿ ਤੁਰੇ। ...

ਜਦੋਂ ਸਾਡੀ ਗੱਡੀ ਉਸ ਕਲੋਨੀ ਵਿੱਚ ਨਿਕਲੀ ਤਾਂ ਮੈਂ ਆਪਣੇ ਡਰਾਈਵਰ ਨੂੰ ਕਿਹਾ ਕਿ ਹੋਰ ਭਾਵੇਂ ਸਾਰੇ ਰਾਹ ਭੁੱਲ ਜਾਈਂ, ਪਰ ਜਦੋਂ ਕਦੇ ਬਠਿੰਡੇ ਵੱਲ ਆਈਏ ਤਾਂ ਇਸ ਮਾਂ ਦੇ ਦਰ ’ਤੇ ਆਉਣਾ ਨਾ ਭੁੱਲੀਂ।

*****

(398)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਹਰਭਜਨ ਮਾਨ

ਹਰਭਜਨ ਮਾਨ

Punjab, India.
Phone: (91 - 98141 - 90640)