TajinderSAlaudipur4ਲੋਕ ਪੱਖੀ ਲਹਿਰਾਂ ਵਿੱਚੋਂ ਨਾਇਕ ਪੈਦਾ ਹੁੰਦੇ ਹਨ, ਲੋਕ ਦੋਖੀ ਤਾਕਤਾਂ ਕੋਲ ਕੋਈ ਨਾਇਕ ਨਹੀਂ ਹੁੰਦਾ ਉਹ ਜਾਂ ਤਾਂ ਨਾਇਕਾਂ ਦੀ ...
(25 ਜੂਨ 2023)


ਅੱਜਕਲ੍ਹ ਦੋ ਗੱਲਾਂ ਦੀ ਬਹੁਤ ਚਰਚਾ ਹੋ ਰਹੀ ਹੈ। ਇੱਕ ਇਤਿਹਾਸ ਬਦਲਣ ਦੀ
, ਦੂਜਾ ਪਾਠਕ੍ਰਮ ਬਦਲਣ ਦੀਸੱਤਾਧਾਰੀਆਂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਡਾ ਇਤਿਹਾਸ ਸਹੀ ਨਹੀਂ ਲਿਖਿਆ ਗਿਆ, ਇਸ ਨੂੰ ਦੋਬਾਰਾ ਲਿਖਣ ਦੀ ਲੋੜ ਹੈਪਾਠਕ੍ਰਮ ਵਿੱਚ ਲਗਾਤਾਰ ਬਦਲਾਅ ਕੀਤਾ ਜਾ ਰਿਹਾ ਹੈਇਸ ਕੰਮ ਵਾਸਤੇ ਪਹਿਲਾਂ ਲੋਕ ਰਾਏ ਬਣਾਉਣ ਲਈ ਸੋਸ਼ਲ ਮੀਡੀਆ ’ਤੇ ਖੂਬ ਪ੍ਰਚਾਰ ਕੀਤਾ ਗਿਆਇਤਿਹਾਸ ਦੀਆਂ ਕਿਤਾਬਾਂ ਵਿੱਚੋਂ ਇਸਲਾਮ ਨਾਲ ਸਬੰਧਿਤ ਪਾਠਾਂ ਅਤੇ ਵਿਗਿਆਨ ਦੀਆਂ ਕਿਤਾਬਾਂ ਵਿੱਚੋਂ ਡਾਰਵਿਨ ਦਾ ਸਿਧਾਂਤ ਛਾਂਟ ਦਿੱਤਾ ਗਿਆਇਤਿਹਾਸ ਤੇ ਵਿਗਿਆਨ ਦੋਵੇਂ ਵੱਖਰੇ ਮਜ਼ਮੂਨ ਵੀ ਹਨ ਤੇ ਅੰਤਰ ਸਬੰਧਿਤ ਵੀ। ਵਿਗਿਆਨ ਦਾ ਇਤਿਹਾਸ ਵੀ ਹੁੰਦਾ ਹੈ ਤੇ ਇਤਿਹਾਸ ਲਿਖਣ ਦਾ ਵਿਗਿਆਨ ਵੀਵੱਡਾ ਸਵਾਲ ਇਹ ਹੈ ਕਿ ਕੀ ਇਤਿਹਾਸ ਨੂੰ ਬਦਲਿਆ ਜਾ ਸਕਦਾ ਹੈ? ਇਤਿਹਾਸ ਨੂੰ ਵੱਧ ਤੋਂ ਵੱਧ ਕਿਤਾਬਾਂ ਵਿੱਚੋਂ ਤਾਂ ਕੱਢਿਆ ਜਾ ਸਕਦਾ ਹੈ ਪਰ ਇਤਿਹਾਸਕ ਘਟਨਾਵਾਂ ਨੂੰ ਪੁੱਠਾ ਗੇੜਾ ਨਹੀਂ ਦਿੱਤਾ ਜਾ ਸਕਦਾਜਿਵੇਂ ਇਤਿਹਾਸ ਲਿਖਣ ਲਈ ਇਤਿਹਾਸਕਾਰ ਜੰਗਲਾਂ ਬੇਲਿਆਂ ਵਿੱਚ ਘੁੰਮਦੇ ਹਨ, ਥੇਹਾਂ ਛਾਣ ਮਾਰਦੇ ਹਨ, ਟੁੱਟੀਆਂ ਭੱਜੀਆਂ ਇਮਾਰਤਾਂ, ਭਾਂਡੇ, ਠੀਕਰੀਆਂ ਚੁਗਦੇ ਹਨ ਤੇ ਉਹਨਾਂ ਵਿੱਚੋਂ ਇਤਿਹਾਸਕ ਸਬੂਤ ਲੱਭਦੇ ਹਨ ਉਵੇਂ ਹੀ ਵਿਗਿਆਨੀ ਡੂੰਘੀ ਖੋਜ ਪੜਤਾਲ ਤੋਂ ਬਾਅਦ ਸਿਧਾਂਤ ਘੜਦੇ ਹਨ ਤੇ ਖੋਜਾਂ ਕਰਦੇ ਹਨਅਗਲੀ ਪੀੜ੍ਹੀ ਉਹਨਾਂ ਸਿਧਾਂਤਾਂ ਨੂੰ ਹੋਰ ਸੋਧਦੀ ਹੈ, ਤੇ ਕ੍ਰਮ ਅਨੁਸਾਰ ਸੰਕਲਪ ਅੱਗੇ ਵਧਦੇ ਹਨਹਾਕਮ ਉਸ ਕ੍ਰਮ ਦੀਆਂ ਕੁਝ ਕੜੀਆਂ ਗਾਇਬ ਕਰਨਾ ਚਾਹੁੰਦਾ ਹੈ

ਪਿੱਛੇ ਜਿਹੇ ਸਿਲੇਬਸ ਵਿੱਚੋਂ ਚਾਰਲਸ ਡਾਰਵਿਨ ਦਾ ਕ੍ਰਮਿਕ ਵਿਕਾਸ ਦਾ ਸਿਧਾਂਤ ਖਾਰਿਜ ਕਰ ਦਿੱਤਾ ਗਿਆਵਿਗਿਆਨਕ ਖੋਜਾਂ ਤਾਂ ਹੋਰ ਵੀ ਬਹੁਤ ਹਨ ਪਰ ਸੱਤਾ ਨੂੰ ਡਾਰਵਿਨ ਤੋਂ ਹੀ ਡਰ ਕਿਉਂ ਲੱਗਦਾ ਹੈ? ਵਜਾਹ ਸਾਫ ਹੈ, ਡਾਰਵਿਨ ਦਾ ਸਿਧਾਂਤ ਸੱਤਾ ਦੇ ਮੁਆਫ਼ਕ ਨਹੀਂ ਬੈਠਦਾਆਧੁਨਿਕ ਵਿਗਿਆਨ ਕਾਰਪੋਰੇਟ ਘਰਾਣਿਆਂ ਦੇ ਸੇਵਾਦਾਰ ਦੇ ਤੌਰ ’ਤੇ ਵਿਚਰ ਰਿਹਾ ਹੈ ਤੇ ਮੁਨਾਫ਼ਾ ਕਮਾਉਣ ਦਾ ਸਾਧਨ ਬਣਿਆ ਹੋਇਆ ਹੈ ਪਰ ਡਾਰਵਿਨ ਦਾ ਸਿਧਾਂਤ ਇਹਨਾਂ ਦੇ ਕਿਸੇ ਕੰਮ ਨਹੀਂ ਆਉਂਦਾ, ਉਲਟਾ ਇਹ ਦਿਓ ਕੱਦ ਪੂੰਜੀਪਤੀਆਂ ਦੀਆਂ ਕਠਪੁਤਲੀ ਸਰਕਾਰਾਂ ਲਈ ਸਿਰਦਰਦੀ ਬਣਦਾ ਹੈਕਿਰਤੀਆਂ ਦੇ ਖੂਨ ਪਸੀਨੇ ਦੀ ਕਮਾਈ ਉੱਤੇ ਪਲਦੀ ਆਈ ਸੱਤਾ ਵਿਗਿਆਨਕ ਸਮਝ ਵਾਲੀ ਪਰਜਾ ਤੋਂ ਖ਼ੌਫ਼ ਖਾਂਦੀ ਹੈਲੋਕ ਸਮੂਹਾਂ ਨੂੰ ਕਾਬੂ ਵਿੱਚ ਰੱਖਣ ਲਈ ਇੱਕ ਅਦਿਖ ਰੂਹਾਨੀ ਸੱਤਾ, ਰਾਜ ਕਰਨ ਵਾਲਿਆਂ ਨੂੰ ਬਹੁਤ ਸੁਖਾਉਂਦੀ ਹੈ

ਡਾਰਵਿਨ ਦੇ ਸਿਧਾਂਤ ’ਤੇ ਹਮਲਾ ਕੋਈ ਨਵੀਂ ਗੱਲ ਨਹੀਂ ਹੈਡਾਰਵਿਨ ਨੂੰ ਆਪਣੇ ਜੀਵਨ ਕਾਲ ਵਿੱਚ ਹੀ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਇਸ ਸਿਧਾਂਤ ਨੇ ਵਿਚਾਰਵਾਦੀਆਂ ਦੀਆਂ ਚੂਲਾਂ ਹਿਲਾ ਦਿੱਤੀਆਂ ਸਨ ਤੇ ਸਦੀਆਂ ਤੋਂ ਚਲੀਆਂ ਆ ਰਹੀਆਂ ਮਾਨਤਾਵਾਂ ਨੂੰ ਰੂੰ ਵਾਂਗ ਉਡਾ ਦਿੱਤਾ ਸੀਡਾਰਵਿਨ ਥਿਊਰੀ ਉੱਤੇ ਲੰਮੀਆਂ ਬਹਿਸਾਂ ਚੱਲੀਆਂ, ਜਿਹਨਾਂ ਵਿੱਚੋਂ ਸਭ ਤੋਂ ਚਰਚਿਤ ਆਕਸਫੋਰਡ ਵਿੱਚ 1860 ਵਿੱਚ ਹੋਈ ਹਕਸਲੇ ਤੇ ਇਸਾਈਅਤ ਦੇ ਮਸ਼ਹੂਰ ਵਿਦਵਾਨ ਵਿਲਬਰਫੋਰਸ ਦੀ ਬਹਿਸ ਹੈ, ਜਿਸ ਨੂੰ ਸੁਣ ਕੇ ਇੱਕ ਔਰਤ ਲੇਡੀ ਬਰੁਸਟਰ ਭਾਵੁਕ ਹੋ ਕੇ ਬੇਹੋਸ਼ ਹੋ ਗਈ ਸੀਅੱਜ ਸੈਂਕੜੇ ਸਾਲ ਬਾਅਦ ਵੀ ਲੋਕ ਇਸ ਮਸਲੇ ’ਤੇ ਉੰਨੇ ਹੀ ਭਾਵੁਕ ਹਨਧਰਮ ਅਤੇ ਵਿਗਿਆਨ ਦੀ ਖਹਿਬਾਜ਼ੀ ਦੀ ਕਹਾਣੀ ਕਾਫੀ ਪੁਰਾਣੀ ਹੈਵਿਗਿਆਨਕ ਖੋਜਾਂ ਤੋਂ ਬਾਅਦ ਬਰੂਨੋ ਨੂੰ ਜਿਉਂਦੇ ਸਾੜ ਦਿੱਤਾ ਗਿਆ ਤੇ ਗਲੀਲੀਓ ਨੂੰ ਵੀ ਤਸ਼ੱਦਦ ਸਹਿਣਾ ਪਿਆ ਕਿਉਂਕਿ ਉਹਨਾਂ ਦੀਆਂ ਖੋਜਾਂ ਧਰਮ ਅਤੇ ਧਰਮ ਅਧਾਰਿਤ ਸੱਤਾ ਨੂੰ ਸੂਤ ਨਹੀਂ ਬੈਠਦੀਆਂ ਸਨਪੂਰੀ ਦੁਨੀਆ ਵਿੱਚ ਸੱਤਾ ਦਾ ਚਰਿੱਤਰ ਇੱਕੋ ਜਿਹਾ ਹੈਹਰੇਕ ਖਿੱਤੇ ਦੀ ਸੱਤਾ ਡਾਰਵਿਨ ਤੋਂ ਖ਼ੌਫ਼ ਖਾਂਦੀ ਹੈਦੁਨੀਆ ਦੇ ਸਭ ਤੋਂ ਵੱਧ ਵਿਕਸਿਤ ਮੁਲਕਾਂ ਵਿੱਚ ਸ਼ਾਮਿਲ ਤੇ ਵਿਗਿਆਨਕ ਤਰੱਕੀ ਦਾ ਸੁਖ ਮਾਣਦੇ ਅਮਰੀਕਾ ਵਿੱਚ ਵੀ ਡਾਰਵਿਨ ਉੱਤੇ ਹਮਲੇ ਹੁੰਦੇ ਰਹੇ ਹਨਸੰਨ 2005 ਵਿੱਚ ਰਾਸ਼ਟਰਪਤੀ ਬੁਸ਼ ਨੇ ਡਾਰਵਿਨ ਦੇ ਕ੍ਰਮਿਕ ਵਿਕਾਸ ਦੇ ਸਿਧਾਂਤ ਦੇ ਨਾਲ ਨਾਲ ‘ਸਿਰਜਣਾ ‘ਸਿਧਾਂਤ ਵੀ ਪੜ੍ਹਾਉਣ ਦਾ ਪ੍ਰਸਤਾਵ ਰੱਖਿਆ ਕਿਉਂਕੀ ਉਸ ਸਮੇਂ ਪੈਨਸਿਲਵੇਨੀਆ ਦੇ ਇੱਕ ਬੋਰਡ ਨੇ ਹਾਲ ਵਿੱਚ ਹੀ ਸਿਰਜਣਾ ਸਿਧਾਂਤ ਪੜ੍ਹਾਉਣਾ ਜ਼ਰੂਰੀ ਕੀਤਾ ਸੀ2005 ਵਿੱਚ ਕੈਲੀਫੋਰਨੀਆ ਵਿਸ਼ਵ ਵਿਦਿਆਲੇ ਨੂੰ ਧਾਰਮਿਕ ਬਿਰਤੀ ਵਾਲੇ ਮਾਪਿਆਂ, ਸੰਗਠਨਾਂ ਵੱਲੋਂ ਕਾਨੂੰਨੀ ਚਾਰਾਜੋਈ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਬੋਰਡ ਨੇ ਉਹਨਾਂ ਕਿਤਾਬਾਂ ਨੂੰ ਰੱਦ ਕਰ ਦਿੱਤਾ ਸੀ, ਜਿਹਨਾਂ ਵਿੱਚ ਬਾਈਬਲ ਦੇ ਸਿਰਜਣਾ ਸਿਧਾਂਤ ਦੀ ਪ੍ਰੋੜ੍ਹਤਾ ਕੀਤੀ ਸੀ2004 ਵਿੱਚ ਓਹਾਇਓ ਵਿਸ਼ਵ ਵਿਦਿਆਲੇ ਨੇ ਡਾਰਵਿਨ ਦੇ ਸਿਧਾਂਤ ਨੂੰ ਸ਼ੱਕੀ ਸਾਬਿਤ ਕਰਨ ਲਈ ਸਿਲੇਬਸ ਵਿੱਚ ਫੇਰ ਬਦਲ ਕੀਤਾਤੁਲਸਾ ਮਨੋਰੰਜਨ ਪਾਰਕ ਅਤੇ ਚਿੜੀਆਘਰ ਦੇ ਬਾਹਰ ਸਿਰਜਣਾ ਸਿਧਾਂਤ ਦਾ ਪੱਖ ਪੂਰਦਾ ਸੂਚਨਾ ਪੱਤਰ ਟੰਗਿਆ ਗਿਆ2002 ਤਕ ਅਮਰੀਕਾ ਦੀ ਕੋਬ ਕਾਉਂਟੀ ਨੇ ਜੀਵ ਵਿਗਿਆਨ ਦੀਆਂ ਕਿਤਾਬਾਂ ਤੇ ਸ਼ੁਰੂ ਵਿੱਚ ਇਹ ਘੋਸ਼ਣਾ ਲਿਖਵਾਈ ਹੋਈ ਸੀ ਕਿ ਇਸ ਕਿਤਾਬ ਵਿੱਚ ਕ੍ਰਮਿਕ ਵਿਕਾਸ ਨਾਲ ਸਬੰਧਿਤ ਸਮੱਗਰੀ ਹੈ, ਇਹ ਮਹਿਜ਼ ਇੱਕ ਸਿਧਾਂਤ ਹੈ ਨਾ ਕਿ ਤੱਥ ਸੋ ਇਸ ਨੂੰ ਆਲੋਚਨਾਤਮਕ ਦ੍ਰਿਸ਼ਟੀ ਨਾਲ ਪੜ੍ਹਿਆ ਜਾਵੇ

ਪਾਠਕ੍ਰਮਾਂ ਵਿੱਚ ਘੁਸਪੈਠ ਕਰਨ ਲਈ ਦੂਸਰੇ ਦੇਸ਼ਾਂ ਵਿੱਚ ਵੀ ਖੁੱਲ੍ਹੀਆਂ ਅਤੇ ਲੁਕਵੀਆਂ ਕੋਸ਼ਿਸ਼ਾਂ ਕੀਤੀਆਂ ਗਈਆਂਸੰਨ 2002 ਵਿੱਚ ਇੰਗਲੈਂਡ ਦੇ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੇ ਸੰਸਦ ਵਿੱਚ ਬਿਆਨ ਦਿੱਤਾ ਕਿ ਮੈਨੂੰ ਖੁਸ਼ੀ ਹੈ ਕਿ ਸਰਕਾਰ ਵੱਲੋਂ ਚਲਦੇ ਇਮੈਨੁਅਲ ਸਕੂਲਾਂ ਵਿੱਚ ਡਾਰਵਿਨ ਦੇ ਕ੍ਰਮਿਕ ਵਿਕਾਸ ਦੇ ਸਿਧਾਂਤ ਦੇ ਨਾਲ ਨਾਲ ਸਿਰਜਣਾ ਸਿਧਾਂਤ ਵੀ ਪੜ੍ਹਾਇਆ ਜਾ ਰਿਹਾ ਹੈਉੱਪਰਲੇ ਸਦਨ ਵਿੱਚ ਕਿਸੇ ਪ੍ਰਸ਼ਨ ਦਾ ਜਵਾਬ ਦਿੰਦੇ ਹੋਏ ਜੂਨੀਅਰ ਸਿੱਖਿਆ ਮੰਤਰੀ ਜੈਫਰੀ ਫਿਲਨਿਕ ਨੇ 2005 ਵਿੱਚ ਸਿਰਜਣਾ ਸਿਧਾਂਤ ਨੂੰ ਪਾਠਕ੍ਰਮ ਵਿੱਚੋਂ ਬਾਹਰ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ2004 ਵਿੱਚ ਬ੍ਰਾਜੀਲ ਦੇ ਰਿਓ ਡੀ ਜਨੀਰੋ ਸੂਬੇ ਨੇ ਸਿਰਜਣਾ ਸਿਧਾਂਤ ਪੜ੍ਹਾਉਣ ਦੀ ਮਨਜ਼ੂਰੀ ਦੇ ਦਿੱਤੀਸਰਬੀਆ ਨਾਮ ਦੇ ਮੁਲਕ ਨੇ 2005 ਵਿੱਚ ਪਹਿਲਾਂ ਡਾਰਵਿਨ ਦੇ ਸਿਧਾਂਤ ’ਤੇ ਪਾਬੰਦੀ ਲਗਾਈ ਬਾਅਦ ਵਿੱਚ ਵਾਪਸ ਲੈ ਲਈਅਦਾਲਤ ਵਿੱਚ ਚਲਦਾ ਕੇਸ ਡਾਰਵਿਨ‌‌ ਦੇ ਹੱਕ ਵਿੱਚ ਰਿਹਾ ਤੇ ਪੈਨਸਿਲਵੇਨੀਆ ਕੋਰਟ ਨੇ ਸਕੂਲ ਬੋਰਡ ਨੂੰ ਦੋ ਮਿਲੀਅਨ ਦਾ ਜੁਰਮਾਨਾ ਠੋਕਿਆ

ਭਾਰਤ ਵਿੱਚ ਮਜੂਦਾ ਸੱਤਾਧਾਰੀ ਇੱਕ ਪਾਸੇ ਤਾਂ ਦੁਨੀਆ ਦੇ ਬਾਕੀ ਧਾਰਮਿਕ ਕੱਟੜਵਾਦੀਆਂ ਵਾਂਗ ਡਾਰਵਿਨ ਦੇ ਸਿਧਾਂਤ ਨੂੰ ਪਾਠਕ੍ਰਮ ਵਿੱਚੋਂ ਬਾਹਰ ਦਾ ਰਸਤਾ ਦਿਖਾ ਰਹੇ ਹਨ, ਦੂਜੇ ਪਾਸੇ ਪ੍ਰਾਚੀਨ ਭਾਰਤ ਦੇ ਵਿਗਿਆਨਕ ਵਿਰਸੇ ਦਾ ਵਾਰਿਸ ਹੋਣ ਦਾ ਦਾਅਵਾ ਠੋਕ ਰਹੇ ਹਨ ਉਹ ਕਿਸੇ ਪੱਛਮੀ ਵਿਗਿਆਨੀ ਦਾ ਵਿਰੋਧ ਕਿਸੇ ਵਿਗਿਆਨਕ ਨੁਕਤੇ ਕਰਕੇ ਨਹੀਂ ਸਗੋਂ ਇਸ ਨੂੰ ਸਨਾਤਨੀ ਸੰਸਕ੍ਰਿਤੀ ਬਨਾਮ ਇਸਾਈਅਤ ਦੇ ਅਧਾਰ ’ਤੇ ਕਰ ਰਹੇ ਹਨਉਹਨਾਂ ਅਨੁਸਾਰ ਭਾਰਤੀ, ਖਾਸ ਤੌਰ ’ਤੇ ਹਿੰਦੂ ਵਿਗਿਆਨਕਾਂ ਬਾਰੇ ਪਾਠਕ੍ਰਮਾਂ ਵਿੱਚ ਕਦੇ ਜ਼ਿਕਰ ਨਹੀਂ ਕੀਤਾ ਗਿਆ ਤੇ ਇਸਾਈ ਵਿਗਿਆਨੀਆਂ ਨੂੰ ਖੋਜ ਕਰਤਾਵਾਂ ਦੇ ਦੌਰ ਤੇ ਪੇਸ਼ ਕੀਤਾ ਜਾਂਦਾ ਰਿਹਾਇਹਨਾਂ ਦਾਅਵਿਆਂ ਦੀ ਹਕੀਕਤ ਕੁਝ ਹੋਰ ਹੈ। ਜਿਹਨਾਂ ਵਿਗਿਆਨਕਾਂ ਨੂੰ ਇਸਾਈ ਜਾਂ ਵਿਦੇਸ਼ੀ ਕਹਿ ਕੇ ਭੰਡਿਆ ਜਾ ਰਿਹਾ ਹੈ, ਉਹ ਖੁਦ ਇਸਾਈ ਧਾਰਮਿਕ ਕੱਟੜਤਾ ਦੇ ਸ਼ਿਕਾਰ ਹੋਏ ਸਨ, ਜਿਸ ਤਰ੍ਹਾਂ ਕਿ ਲੇਖ ਵਿੱਚ ਪਹਿਲਾਂ ਹੀ ਜ਼ਿਕਰ ਕੀਤਾ ਜਾ ਚੁੱਕਾ ਹੈ। ਜ਼ੁਲਮ ਦਾ ਸ਼ਿਕਾਰ ਹੋਣ ਦੇ ਬਾਵਜੂਦ ਉਹਨਾਂ ਨੇ ਧਰਮ ਦੀ ਪ੍ਰਵਾਨਗੀ ਨਾਲੋਂ ਤੱਥ ਅਤੇ ਤਰਕ ਨੂੰ ਜਿਉਂਦੇ ਰੱਖਿਆਬਿਲਕੁਲ ਇਹੀ ਵਰਤਾਰਾ ਪ੍ਰਾਚੀਨ ਭਾਰਤ ਵਿੱਚ ਵੀ ਵਾਪਰਿਆਉਸ ਸਮੇਂ ਵੀ ਧਰਮ ਅਤੇ ਸੱਤਾ ਦੇ ਗਠਜੋੜ ਨੇ ਵਿਗਿਆਨਕ ਤਰੱਕੀ ਵਿੱਚ ਅਣਗਿਣਤ ਰੁਕਾਵਟਾਂ ਖੜ੍ਹੀਆਂ ਕੀਤੀਆਂ ਡਾ. ਸੇਵਾ ਸਿੰਘ ਆਪਣੀ ਕਿਤਾਬ ਬ੍ਰਾਹਮਣਵਾਦ - ਇੱਕ ਜਨ ਵਿਮਰਸ਼ ਵਿੱਚ ਦੱਸਦੇ ਹਨ ਕਿ ਵਿਦੇਸ਼ੀ ਯਾਤਰੂ ਅਲਬਿਰੂਨੀ ਆਪਣੇ ਯਾਤਰਾ ਬਿਰਤਾਂਤ ਵਿੱਚ ਲਿਖਦਾ ਹੈ ਕਿ ਭਾਰਤ ਦੇ ਦੋਵੇਂ ਖਗੋਲ ਸ਼ਾਸਤਰੀ ਵਰਹਮਿਹਿਰ ਤੇ ਬ੍ਰਹਮਗੁਪਤ ਸੂਰਜ ਗ੍ਰਹਿਣ ਤੇ ਚੰਦ ਗ੍ਰਹਿਣ ਦੇ ਅਸਲ ਕਾਰਨਾਂ ਨੂੰ ਜਾਣਦੇ ਸਨ ਤੇ ਤਿਥੀਆਂ ਦੀ ਗਿਣਤੀ ਮਿਣਤੀ ਕਰਨ ਉਪਰੰਤ ਇਸ ਨਤੀਜੇ ਉੱਪਰ ਪਹੁੰਚੇ ਸਨ ਉਹ ਇਹ ਵੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਉਹਨਾਂ ਦੀ ਖੋਜ ਗ੍ਰਹਿਣ ਦੀ ਬ੍ਰਾਹਮਣਿਕ ਵਿਆਖਿਆ, ਜਿਸ ਵਿੱਚ ਰਾਹੂ ਕੇਤੂ ਸੂਰਜ ਚੰਦ ਦਾ ਰਾਹ ਰੋਕਦੇ ਹਨ, ਨਾਲ ਵਿਰੋਧ ਰੱਖਦੀ ਹੈ ਅਲਬੇਰੂਨੀ ਇਸ ਗੱਲੋਂ ਬਹੁਤ ਹੈਰਾਨ ਹੋਇਆ ਕਿ ਇਹ ਵਿਗਿਆਨੀ ਇੱਕ ਪਾਸੇ ਤਾਂ ਉਪਰੋਕਤ ਖਗੋਲੀ ਘਟਨਾਵਾਂ ਦੇ ਕੁਦਰਤੀ ਕਾਰਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਦੂਜੇ ਪਾਸੇ ਪੁਜਾਰੀ ਦੀ ਵਿਆਖਿਆ ਨਾਲ ਸਹਿਮਤੀ ਜਤਾ ਰਹੇ ਹਨ ਤੇ ਰਾਹੂ ਕੇਤੂ ਨੂੰ ਕਰਮ ਕਾਂਡ ਰਾਹੀਂ ਸ਼ਾਂਤ ਕਰਨ ਨੂੰ ਮਾਨਤਾ ਦੇ ਰਹੇ ਹਨ

ਅੱਗੇ ਉਹ ਕਹਿੰਦਾ ਹੈ ਕਿ ਉਸ ਸਮੇਂ ਤਕ ਆਰੀਆਭੱਟ ਦਾ ਕੋਈ ਵੀ ਦਸਤਾਵੇਜ਼ ਉਪਲਬਧ ਨਹੀਂ ਸੀਕੱਟੜ ਵੇਦਾਂਤੀ ਅਪਯ‌‌ ਦੀਕਸ਼ਿਤ ਲਿਖਦਾ ਹੈ ਕਿ ਆਰੀਆਭੱਟ ਦਾ ਧਰਤੀ ਦਾ ਸੂਰਜ ਦੇ ਦੁਆਲੇ ਗਤੀ ਕਰਨ ਵਾਲਾ ਸਿਧਾਂਤ ਵੇਦ ਸੰਮਤ ਨਹੀਂ ਹੈ (ਜੋ ਕਿ ਧਰਤੀ ਨੂੰ ਸਥਿਰ ਮੰਨਦਾ ਹੈ), ਇਸ ਕਰਕੇ ਘ੍ਰਿਣਤ‌ ਤੇ ਤੁੱਛ ਹੈ

ਆਰੀਆਭੱਟ ਦਾ ਵਿਰੋਧ ਉਸ ਦੇ ਜੀਵਨ ਕਾਲ ਵਿੱਚ ਹੀ ਸ਼ੁਰੂ ਹੋ ਗਿਆ ਸੀ, ਪੂਰੀ ਸੰਭਾਵਨਾ ਹੈ ਕਿ ਉਸ ਦੇ ਗ੍ਰੰਥ ਸਾੜ ਫੂਕ ਦਿੱਤੇ ਗਏ ਹੋਣਬ੍ਰਹਮਗੁਪਤ ਲਿਖਦਾ ਹੈ ਕਿ ਆਰੀਆਭੱਟ ਦਾ ਗੁਨਾਹ ਇਹ ਹੈ ਕਿ ਉਸਦਾ ਧਰਤੀ ਘੁੰਮਣ ਸਿਧਾਂਤ ਸਮਰਿਤੀ ਪ੍ਰੰਪਰਾਵਾਂ ਦੀ ਅਵੱਗਿਆ ਕਰਦਾ ਹੈਅਗਲੇ ਸਮੇਂ ਵਿੱਚ ਆਰੀਆਭੱਟ ਦੇ ਸਿਧਾਂਤ ਦੇ ਵਿਆਖਿਆਕਾਰਾਂ ਨੇ ਵੀ ਕਿਸੇ ਭੈਅ ਕਾਰਨ ਉਸਦੇ ਸਿਧਾਂਤ ਦੀ ਵਿਆਖਿਆ ਵੇਦਾਂ ਅਨੁਸਾਰ ਕੀਤੀਇਹ ਭੈਅ ਹੋਰ ਕੋਈ ਨਹੀਂ, ਧਰਮ ਤੇ ਉਸ ਨੂੰ ਆਸਰਾ ਦੇਣ ਵਾਲੀ ਸੱਤਾ ਦਾ ਸੀਆਰੀਆਭੱਟ ਵੱਲੋਂ ਕਹੀਆਂ ਗੱਲਾਂ ਉਸਦੇ ਜਨਮ ਤੋਂ ਤਕਰੀਬਨ ਦੋ ਸਦੀਆਂ ਪਹਿਲਾਂ ਲਿਖੇ ਸਮਰਿਤੀ ਗ੍ਰੰਥਾਂ ਅਤੇ ਪੁਰਾਣਾਂ ਵਿੱਚ ਲਿਖੀਆਂ ਗੱਲਾਂ ਨੂੰ ਸਾਬਿਤ ਕਰ ਰਹੀਆਂ ਸਨਉਹਨਾਂ ਸਿਧਾਂਤਾਂ ਨਾਲ ਪੁਜਾਰੀ ਵਰਗ ਦੇ ਆਰਥਿਕ ਅਤੇ‌ ਸਾਮੰਤਵਾਦੀ ਸੱਤਾ ਦੇ ਰਾਜਸੀ ਹਿਤਾਂ ਨੂੰ ਸੱਟ ਪਹੁੰਚਦੀ ਸੀਜੇ ਧਰਤੀ ਘੁੰਮਣ ਸਿਧਾਂਤ ਨੂੰ ਮਾਨਤਾ ਮਿਲ ਜਾਂਦੀ ਤਾਂ ਰਾਹੂ ਕੇਤੂ ਨੂੰ ਕੌਣ ਪੁੱਛਦਾ ਤੇ ਕੌਣ ਦਾਨ ਪੁੰਨ ਕਰਕੇ ਉਹਨਾਂ ਨੂੰ ਸ਼ਾਂਤ ਕਰਨ ਲਈ ਪੁਜਾਰੀ ਕੋਲ ਜਾਂਦਾ? ਪੁਜਾਰੀ ਦੀ ਮਹੱਤਤਾ ਘਟਣ ’ਤੇ ਰਾਜੇ ਦੇ ਦੈਵੀ ਸਿਧਾਂਤ ਨੂੰ ਕੌਣ ਮੰਨਦਾ?

ਅਲਬਿਰੂਨੀ ਸਾਫ ਸਾਫ ਮਹਿਸੂਸ ਕਰ ਪਾ ਰਿਹਾ ਸੀ ਕਿ ਉਸ ਸਮੇਂ ਦੇ ਵਿਗਿਆਨੀ ਸੱਤਾ ਦਾ ਖ਼ੌਫ਼ ਮਹਿਸੂਸ ਕਰ ਰਹੇ ਸਨ ਤੇ ਆਪਣੇ ਸਿਧਾਂਤਾਂ ਨੂੰ ਬ੍ਰਾਹਮਣੀ ਮਿਥਾਂ ਦੀ ਚਾਸ਼ਨੀ ਵਿੱਚ ਲਪੇਟ ਰਹੇ ਸਨਇਸ ਤਰ੍ਹਾਂ ਕਰਕੇ ਇੱਕ ਤਾਂ ਉਹ ਸੱਤਾ ਦੇ ਕ੍ਰੋਧ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਸਨ, ਦੂਸਰਾ ਆਪਣੇ ਸਿਧਾਂਤਾਂ, ਖੋਜਾਂ ਦੀ ਉਮਰ ਲੰਮੀ ਕਰ ਰਹੇ ਸਨਧਰਮ ਅਤੇ ਸੱਤਾ ਦੇ ਖ਼ੌਫ਼ ਨੇ ਆਉਣ ਵਾਲੇ ਸਮੇਂ ਲਈ ਵਿਗਿਆਨਕ ਖੋਜ ਦਾ ਰਾਹ ਲਗਭਗ ਖਤਮ ਕਰ ਦਿੱਤਾਇਤਿਹਾਸ ਗਵਾਹ ਹੈ ਕਿ ਉਸ ਸਮੇਂ ਤੋਂ ਬਾਅਦ ਭਾਰਤ ਵਿੱਚ ਲੰਮੇ ਸਮੇਂ ਲਈ ਕੋਈ ਖੋਜ ਸਾਹਮਣੇ ਨਹੀਂ ਆਈ

ਚਾਹੇ ਉਹ ਪ੍ਰਾਚੀਨ ਭਾਰਤ ਹੋਵੇ, ਜਾਂ ਮੱਧਕਾਲੀਨ ਯੂਰੋਪ, ਜਾਂ ਆਧੁਨਿਕ ਕਾਲ, ਹਰ ਕਾਲ ਖੰਡ ਵਿੱਚ ਵਿਗਿਆਨ ਨੂੰ ਹਮੇਸ਼ਾ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆਪੁਜਾਰੀ ਨੇ ਹਮੇਸ਼ਾ ਰਾਜੇ ਨੂੰ ਪਰਮਾਤਮਾ ਦਾ ਪ੍ਰਤੀਨਿਧੀ ਐਲਾਨਿਆ ਹੈ। ਰਾਜੇ ਨੇ ਪੁਜਾਰੀ ਨੂੰ ਸਿਰ ਮੱਥੇ ’ਤੇ ਬਿਠਾਇਆ ਤੇ ਉੱਚ ਆਰਥਿਕ ਸਮਾਜਿਕ ਸਥਾਨ ਦਿੱਤਾਇਸਦੀ ਤਾਜ਼ਾ ਉਦਾਹਰਣ ਨਵੀਂ ਭਾਰਤੀ ਸੰਸਦ ਦੇ ਉਦਘਾਟਨ ਵੇਲੇ ਡਾਰਵਿਨ ਸਿਧਾਂਤ ਨੂੰ ਸਿਲੇਬਸ ਵਿੱਚੋਂ ਕੱਢਣ ਵਾਲਿਆਂ ਵੱਲੋਂ ਪੁਜਾਰੀ ਵਰਗ ਦੀ ਕੀਤੀ ਪੁਸ਼ਤ ਪਨਾਹੀ ਵਿੱਚੋਂ ਲੱਭੀ ਜਾ ਸਕਦੀ ਹੈ

ਅਸਲ ਵਿੱਚ ਝਗੜਾ ਸਨਾਤਨ ਸੰਸਕ੍ਰਿਤੀ ਤੇ ਬਾਕੀ ਮਤ ਮਤਾਂਤਰਾਂ ਦਾ ਨਹੀਂ ਹੈ, ਜਿਸ ਤਰ੍ਹਾਂ ਕਿ ਪੇਸ਼ ਕੀਤਾ ਜਾ ਰਿਹਾ ਹੈ, ਬਲਕਿ ਵਿਗਿਆਨਕ ਤੇ ਗੈਰ ਵਿਗਿਆਨਕ ਸੋਚ ਦਾ ਹੈ, ਜੋ ਹਰੇਕ ਕਾਲ ਖੰਡ ਅਤੇ ਖਿੱਤੇ ਵਿੱਚ ਰਿਹਾ ਹੈਡਾਰਵਿਨ ਦੇ ਕ੍ਰਮਿਕ ਵਿਕਾਸ ਦੇ ਸਿਧਾਂਤ ਦਾ ਸਿਲੇਬਸ ਵਿੱਚੋਂ ਨਿਕਲਣਾ ਉਸੇ ਦੀ ਕੜੀ ਹੈਉਸਦਾ ਸਿਧਾਂਤ ਠੋਸ ਤਰਕਾਂ ਨਾਲ ਕਿਸੇ ਦੈਵੀ ਸ਼ਕਤੀ ਵੱਲੋਂ ਸ੍ਰਿਸ਼ਟੀ ਦੀ ਸਿਰਜਣਾ ਨੂੰ ਰੱਦ ਕਰਦਾ ਹੈਲੁੱਟ ਉੱਤੇ ਅਧਾਰਿਤ ਸੱਤਾ ਤੇ ਤਰਕ ਵਿਹੂਣੇ ਧਾਰਮਿਕ ਕਰਮਕਾਂਡ ਤੱਥਾਂ ਅਤੇ ਤਰਕਾਂ ਦਾ ਸੇਕ ਕਦੇ ਨਹੀਂ ਝੱਲ ਸਕਦੇ, ਇਸੇ ਲਈ ਲੋਕ ਮਨਾਂ ਵਿੱਚੋਂ ਵਿਗਿਆਨਕ ਸੋਚ ਪ੍ਰਣਾਲੀ ਨੂੰ ਹੌਲੀ ਹੌਲੀ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਤਰਕਸ਼ੀਲ ਸੋਚ ਕਿਰਤ ਦੀ ਲੁੱਟ ਦਾ ਭੇਦ ਖੋਲ੍ਹਦੀ ਹੈ ਤੇ ਦੁੱਖਾਂ, ਤਕਲੀਫ਼ਾਂ, ਬਿਮਾਰੀਆਂ ਅਤੇ ਗਰੀਬੀ ਦਾ ਕਿਸਮਤਵਾਦੀ ਹੱਲ ਰੱਦ ਕਰਦੀ ਹੈਕਿਸੇ ਪਿਛਲੇ ਜਨਮ ਜਾਂ ਅਗਲੇ ਜਨਮ ਉੱਤੇ ਗੱਲ ਸੁੱਟਣਾ ਕੋਈ ਹੱਲ ਨਹੀਂ ਹੈਪੁਜਾਰੀ ਅਤੇ ਸੱਤਾ, ਦੋਵੇਂ ਕਿਰਤੀ ਦੀ ਕਮਾਈ ਉੱਤੇ ਪਲਦੇ ਹਨਕਿਸੇ ਕਲਪਿਤ ਦੈਵੀ ਸ਼ਕਤੀ ਦੀ ਹੋਂਦ ’ਤੇ ਟਿਕੇ ਸੰਸਥਾਗਤ ਧਰਮ, ਡੇਰੇ, ਅਖੀਰ ਸੱਤਾ ਦੇ ਹੱਕ ਵਿੱਚ ਹੀ ਭੁਗਤਦੇ ਹਨ

ਅੱਜਕਲ੍ਹ ਪੁਰਾਤਨ ਦਾ ਇੰਨਾ ਮਹਿਮਾ ਮੰਡਨ ਕੀਤਾ ਜਾ ਰਿਹਾ ਹੈ ਕਿ ਤੱਥਾਂ ਦੇ ਅਧਾਰ ਉੱਤੇ ਗੱਲ ਕਰਨ ਵਾਲੇ ਇਕੱਲੇ ਰਹਿ ਜਾਂਦੇ ਹਨ ਤੇ ਹਜੂਮੀ ਹਿੰਸਾ ਦਾ ਸੰਭਾਵੀ ਸ਼ਿਕਾਰ ਬਣਨ ਵਾਲੀ ਸਥਿਤੀ ਵਿੱਚ ਪਹੁੰਚ ਜਾਂਦੇ ਹਨ

ਲੋਕ ਪੱਖੀ ਲਹਿਰਾਂ ਵਿੱਚੋਂ ਨਾਇਕ ਪੈਦਾ ਹੁੰਦੇ ਹਨ, ਲੋਕ ਦੋਖੀ ਤਾਕਤਾਂ ਕੋਲ ਕੋਈ ਨਾਇਕ ਨਹੀਂ ਹੁੰਦਾ ਉਹ ਜਾਂ ਤਾਂ ਨਾਇਕਾਂ ਦੀ ਵਿਰਾਸਤ ਉੱਤੇ ਕਬਜ਼ਾ ਕਰਦੇ ਹਨ ਜਾਂ ਇਤਿਹਾਸ ਵਿੱਚ ਰੋਲ਼ ਘਚੋਲ਼ਾ ਮਚਾਉਂਦੇ ਹਨਪ੍ਰਾਚੀਨ ਭਾਰਤੀ ਵਿਗਿਆਨਕ ਵਿਰਾਸਤ ਦੇ ਅਸਲ ਵਾਰਿਸ ਵੀ ਉਹ ਹਨ ਜੋ ਡਾਰਵਿਨ ਦੇ ਕ੍ਰਮਿਕ ਸਿਧਾਂਤ ਦਾ ਸਮਰਥਨ ਕਰਦੇ ਹਨ ਨਾ ਕਿ ਉਹ ਜੋ ਇਸ ਨੂੰ ਪਾਠਕ੍ਰਮ ਵਿੱਚੋਂ ਬਾਹਰ ਕਰ ਰਹੇ ਹਨਵਿਗਿਆਨਕ ਸੋਚ ਨੂੰ ਜਿਉਂਦੇ ਰੱਖਣ ਲਈ ਅੱਜ ਵੀ ਸ਼ਹੀਦੀਆਂ ਹੋ ਰਹੀਆਂ ਹਨ। ਦਾਬੋਲਕਰ, ਪਨਸਾਰੇ ਤੇ ਕੁਲਬਰਗੀ ਇਸਦੀਆਂ ਵਰਤਮਾਨ ਉਦਾਹਰਣਾਂ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4050)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਤਜਿੰਦਰ ਸਿੰਘ ਅਲਾਉਦੀਪੁਰ

ਤਜਿੰਦਰ ਸਿੰਘ ਅਲਾਉਦੀਪੁਰ

Phone: (91 - 95010 - 33048)
Email: (tajinderkapurthala@gmail.com)