SandeepSMundey7ਮਨੁੱਖ ਨੂੰ ਸਰਬਪੱਖੀ ਅਤੇ ਕੁਦਰਤੀ ਵਿਕਾਸ ਲਈ ਹਉਮੈਂ ਦੇ ਇਸ ਦੁਸ਼ਟ ਚੱਕਰ ਨੂੰ ਤੋੜਨਾ ਬਹੁਤ ...
(19 ਮਈ 2023)
ਇਸ ਸਮੇਂ ਪਾਠਕ: 1382.


ਮਨੁੱਖ ਨੂੰ ਸੰਸਾਰ ਦੇ ਹੋਰ ਸਾਰੇ ਜੀਵਾਂ ਨਾਲੋਂ ਸਰਵੋਤਮ ਮੰਨਿਆ ਜਾਂਦਾ ਹੈ
, ਕਿਉਂਕਿ ਮਨੁੱਖ ਕੋਲ ਗਿਆਨ ਨੂੰ ਵਰਤਣ ਦੀ ਸਭ ਤੋਂ ਵੱਡੀ ਤਾਕਤ ਹੈ। ਮਨੁੱਖ ਆਪਣੇ ਗਿਆਨ ਅਤੇ ਸਮਝ ਰਾਹੀਂ ਚੰਗੇ-ਮਾੜੇ ਕਾਰਜਾਂ ਦੀ ਪਰਖ-ਪੜਚੋਲ ਕਰ ਸਕਦਾ ਹੈ। ਪਰ ਅਜੋਕੇ ਸਮੇਂ ਵਿੱਚ ਮਨੁੱਖ ਆਧੁਨਿਕਤਾ ਅਤੇ ਵਿਸ਼ਵੀਕਰਨ ਦੀ ਮਾਰ ਹੇਠ ਅਨੇਕਾਂ ਅਉਗਣਾਂ ਦਾ ਸ਼ਿਕਾਰ ਹੋ ਰਿਹਾ ਹੈ। ਗੁਰਮਤਿ ਵਿੱਚ ਮਨੁੱਖ ਦੇ ਪੰਜ ਮਨੋ ਵਿਕਾਰ - ਕਾਮ, ਕ੍ਰੋਧ, ਲੋਭ, ਮੋਹ ਅਤੇ ਹਉਮੈਂ ਦਾ ਜ਼ਿਕਰ ਮਿਲਦਾ ਹੈ। ‘ਹਉਮੈ’ ਦੋ ਸ਼ਬਦਾਂ ‘ਹਉ+ਮੈਂ’ ਦੇ ਜੋੜ ਤੋਂ ਬਣਿਆ ਹੈ। ਸੋ ਹਉਮੈਂ ਦਾ ਅਰਥ ਹੋਇਆ ‘ਮੈਂ–ਮੈਂ।’ ਭਾਵ ਜਦੋਂ ਕੋਈ ਮਨੁੱਖ ਕੇਵਲ ‘ਮੈਂ’ ਤੇ ‘ਮੇਰਾ’ ਉੱਪਰ ਹੀ ਰੁਕ ਜਾਂਦਾ ਹੈ ਤਾਂ ਉਹ ਹਉਮੈਂ ਵਿਕਾਰ ਦਾ ਸ਼ਿਕਾਰ ਮੰਨਿਆ ਜਾਂਦਾ ਹੈ। ਜਦੋਂ ਕਿਸੇ ਮਨੁੱਖ ਨੂੰ ਘੱਟ ਮਿਹਨਤ ਨਾਲ ਸਮਾਜ ਵਿੱਚੋਂ ਉਸਦੀ ਹੈਸਿਅਤ ਨਾਲੋਂ ਕੁਝ ਵਧ ਰੁਤਬਾ ਮਿਲ ਜਾਂਦਾ ਹੈ ਤਾਂ ਉਹ ਫਿਰ ਆਪਣੇ ਆਪ ਨੂੰ ਸਭ ਤੋਂ ਚੰਗਾ ਅਤੇ ਆਪਣੇ ਕੰਮਾਂ ਨੂੰ ਉੱਤਮ ਸਮਝਦਾ ਹੈ। ਇਸੇ ਭੁਲੇਖੇ ਵਿੱਚ ਉਹ ਆਪਣੇ ਸਾਥੀਆਂ ਅਤੇ ਦੂਜੇ ਲੋਕਾਂ ਦੇ ਅਨੁਭਵ ਤੋਂ ਲਾਭ ਲੈਣ ਦੀ ਕੋਸ਼ਿਸ਼ ਨਹੀਂ ਕਰਦਾ, ਜਿਸ ਨਾਲ ਉਹ ਨਿਰੰਤਰ ਸਿੱਖਣ ਦੀ ਪ੍ਰਕਿਰਆ ਤੋਂ ਕੱਟਿਆ ਜਾਂਦਾ ਹੈ। ਅਸਲ ਵਿੱਚ ਅਜਿਹਾ ਮਨੁੱਖ ਅਗਿਆਨੀ ਅਤੇ ਅਨੁਭਵਹੀਣ ਹੀ ਰਹਿੰਦਾ ਹੈ। ‘ਮੈਂ ਵੱਡਾ ਹਾਂ’, ‘ਮੈਂ ਸਭ ਤੋਂ ਕਾਬਲ ਹਾਂ’, ‘ਮੈਂ ਸਭ ਤੋਂ ਵੱਧ ਇਮਾਨਦਾਰ ਹਾਂ’, ‘ਸਮਾਜ ਵਿੱਚ ਮੇਰੀ ਬਹੁਤ ਇੱਜ਼ਤ ਹੈ’, ‘ਹਰ ਕੋਈ ਮੇਰੇ ਤੋਂ ਡਰਦਾ ਹੈ’, ‘ਹਰ ਕੋਈ ਮੈਨੂੰ ਪਸੰਦ ਕਰਦਾ ਹੈ’, ‘ਲੋਕ ਮੇਰੀ ਕਾਬਲੀਅਤ ਕਰਕੇ ਈਰਖਾ ਕਰਦੇ ਹਨ’ ਆਦਿ ਪ੍ਰਗਟਾਵੇ ਮਨੁੱਖ ਦੀ ਹਉਮੈਂ ਨੂੰ ਹੀ ਦਰਸਾਉਂਦੇ ਹਨ।

ਇੱਕ ਹਉਮੈਵਾਦੀ ਮਨੁੱਖ ਆਪਣੇ ਆਪ ਨੂੰ ਸਰਵ–ਵਿਆਪਕ ਅਤੇ ਸਰਵ-ਗੁਣੀ ਸਮਝਦਾ ਹੈ। ਫਿਰ ਉਹ ਸਿਰਫ਼ ਆਪਣੇ ਬਾਰੇ ਹੀ ਸੋਚਦਾ ਹੈ, ਇਸੇ ਚੱਕਰ ਵਿੱਚ ਉਹ ਦੂਸਰੇ ਲੋਕਾਂ ਦੀ ਸ਼ਖਸੀਅਤ ਜਾਂ ਦ੍ਰਿਸ਼ਟੀਕੋਣ ਨੂੰ ਨਜ਼ਰਅੰਦਾਜ਼ ਕਰਨ ਲੱਗਦਾ ਹੈ। ਹਉਮੈਵਾਦੀ ਮਨੁੱਖ ਆਪਣੀ ਹਉਮੈਂ ਨੂੰ ਪੱਠੇ ਪਾਉਣ ਲਈ ਕਦੇ ਭਾਸ਼ਾ ਦੇ ਨਾਂ ’ਤੇ, ਕਦੇ ਨਸਲ ਅਤੇ ਧਰਮ ਦੇ ਆਧਾਰ ’ਤੇ, ਕਦੇ ਪੈਸੇ–ਧੇਲੇ ਦੀ ਅਮੀਰੀ ਰਾਹੀਂ, ਕਦੇ ਅਹੁਦੇ–ਸਨਮਾਨ ਦੇ ਜ਼ਰੀਏ, ਤੇ ਕਦੇ ਬਾਹੁਬਲੀ–ਤਾਕਤ ਦੇ ਜ਼ਰੀਏ ਆਪਣੀ ਉੱਚਤਾ ਨੂੰ ਸਾਬਤ ਕਰਨ ਦੀ ਕੋਸ਼ਿਸ਼ ਵਿੱਚ ਲੱਗਿਆ ਰਹਿੰਦਾ ਹੈ। ਹਉਮੈਵਾਦੀ ਮਨੁੱਖ ਹਮੇਸ਼ਾ ਚਾਪਲੂਸੀ ਕਰਨ ਵਾਲੇ ਲੋਕਾਂ ਨਾਲ ਘਿਰਿਆ ਰਹਿੰਦਾ ਹੈ, ਜੋ ਉਸ ਦੀਆਂ ਕਮੀਆਂ ਵੱਲ ਧਿਆਨ ਨਹੀਂ ਦਿਵਾਉਂਦੇ। ਇਸੇ ਕਰਕੇ ਉਹ ਆਪਣੇ ਆਪ ਦਾ ਸਹੀ ਮੁਲਾਂਕਣ ਨਹੀਂ ਕਰ ਸਕਦਾ ਅਤੇ ਨਾ ਹੀ ਆਪਣੀਆਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ, ਬਲਕਿ ਆਪਣੀਆਂ ਕਮੀਆਂ ਨੂੰ ਛੁਪਾਉਣ ਲਈ ਤਰ੍ਹਾਂ-ਤਰ੍ਹਾਂ ਦੇ ਢੌਂਗ ਰਚਦਾ ਹੈ।

ਹਉਮੈਵਾਦੀ ਮਨੁੱਖ ਕਿਸੇ ਵੀ ਕੰਮ ਦੀ ਸਫਲਤਾ ਦਾ ਸਾਰਾ ਸਿਹਰਾ ਆਪਣੇ ਸਿਰ ਲੈਣਾ ਚਾਹੁੰਦਾ ਹੈ ਅਤੇ ਅਸਫਲਤਾ ਨੂੰ ਦੂਜਿਆਂ ਦੇ ਸਿਰ ’ਤੇ ਮੜ੍ਹਦਾ ਹੈ। ਅਜਿਹਾ ਮਨੁੱਖ ਖ਼ੁਦ ਗ਼ਲਤੀ ਕਰਕੇ ਵੀ ਝੁਕਣਾ ਪਸੰਦ ਨਹੀਂ ਕਰਦਾ, ਪਰ ਦੂਜਿਆਂ ਤੋਂ ਬਿਨਾਂ ਕਸੂਰ ਮੁਆਫ਼ੀ ਮੰਗਵਾ ਕੇ ਅਤੇ ਉਨ੍ਹਾਂ ਉੱਤੇ ਹਾਵੀ ਹੋ ਕੇ ਆਪਣੀ ਹਉਮੈਂ ਨੂੰ ਸੰਤੁਸ਼ਟ ਕਰਕੇ ਫ਼ਖ਼ਰ ਮਹਿਸੂਸ ਕਰਦਾ ਹੈ। ਉਹ ਹਰ ਸਫਲ ਕੰਮ ’ਤੇ ਆਪਣੀ ਪ੍ਰਵਾਨਗੀ ਦੀ ਮੋਹਰ ਲਗਵਾਉਣੀ ਚਾਹੁੰਦਾ ਹੈ। ਉਹ ਅਯੋਗ ਹੁੰਦੇ ਹੋਏ ਵੀ ਹਮੇਸ਼ਾ ਦੂਜਿਆਂ ਨਾਲ ਆਪਣੀ ਤੁਲਨਾ ਕਰਨ ਵਿੱਚ ਲੱਗਾ ਰਹਿੰਦਾ ਹੈ ਅਤੇ ਕਿਸੇ ਵੀ ਕੀਮਤ ਉੱਤੇ ਦੂਸਰਿਆਂ ਨਾਲੋਂ ਆਪ ਨੀਵਾਂ ਨਹੀਂ ਦਿਸਣਾ ਚਾਹੁੰਦਾ। ਉਹ ਦੂਜਿਆਂ ਦੀ ਮਿਹਨਤ ਅਤੇ ਯੋਗਤਾ ਨੂੰ ਟਿੱਚ ਸਮਝਦਾ ਹੈ, ਹਰ ਸਮੇਂ ਆਪਣੀ ਅਮੀਰੀ ਅਤੇ ਪੈਸੇ ਦੀ ਨੁਮਾਇਸ਼ ਨਾਲ ਦੂਜਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਹਉਮੈਵਾਦੀ ਮਨੁੱਖ ਵਰਤਮਾਨ ਵਿੱਚ ਨਾ ਰਹਿ ਕੇ ਅਤੀਤ ਵਿੱਚ ਭਟਕਦਾ ਫਿਰਦਾ ਹੈ। ਉਸਦੀ ਇਹ ਭਾਵਨਾ ਕਿ ‘ਮੈਂ ਜੋ ਕਰਦਾ ਹਾਂ, ਉਹ ਹੀ ਸਹੀ ਹੈ’ ਸਭ ਤੋਂ ਘਾਤਕ ਹੈ। ਅਜਿਹੇ ਲੋਕ ਆਪਣੀ ਹਉਮੈਂ ਅਤੇ ਜ਼ਿੱਦ ਕਾਰਨ ਜ਼ਿੰਦਗੀ ਦੇ ਸਭ ਤੋਂ ਮਹੱਤਵਪੂਰਨ ਮੌਕੇ ਹੱਥ ਆਉਣ ’ਤੇ ਵੀ ਅਸਫਲ ਹੋ ਜਾਂਦੇ ਹਨ। ਉਹ ਸੋਚਦੇ ਹਨ ਕਿ ਉਨ੍ਹਾਂ ਦਾ ਤਰੀਕਾ ਸਭ ਤੋਂ ਵਧੀਆ ਹੈ, ਪਰ ਇਹ ਸਚਾਈ ਤੋਂ ਕੋਹਾਂ ਦੂਰ ਹੁੰਦਾ ਹੈ।

ਇੱਕ ਹਉਮੈਵਾਦੀ ਮਨੁੱਖ ਆਪਣੀ ਹਉਮੈਂ ਦੀ ਸੰਤੁਸ਼ਟੀ ਲਈ ਕਈ ਵਾਰ ਗ਼ਲਤ ਕੰਮ ਵੀ ਕਰ ਬੈਠਦਾ ਹੈ। ਉਸਦੀ ਚੇਤਨ ਜਾਂ ਅਚੇਤ ਅਵਸਥਾ ਵਿੱਚ ਹਮੇਸ਼ਾ ਆਪਣੇ ਆਪ ਨੂੰ ਦੂਜਿਆਂ ਨਾਲੋਂ ਬਿਹਤਰ ਸਮਝਣ ਦੀ ਭਾਵਨਾ ਉਸ ਨੂੰ ਵਿਵੇਕਹੀਣ ਕਰ ਦਿੰਦੀ ਹੈ। ਅਜਿਹਾ ਮਨੁੱਖ ਆਪਣੇ ਹਉਮੈਂ ਅਤੇ ਅਸਵੀਕਾਰਤਾ ਕਰਕੇ ਯੋਗ ਲੋਕਾਂ ਤੋਂ ਦੂਰ ਭੱਜਦਾ ਹੈ ਜਾਂ ਯੋਗ ਲੋਕ ਉਸਦੇ ਵਿਵਹਾਰ ਕਾਰਨ ਉਸ ਤੋਂ ਦੂਰ ਰਹਿਣਾ ਹੀ ਬਿਹਤਰ ਸਮਝਦੇ ਹਨ। ਇਨ੍ਹਾਂ ਦੋਨਾਂ ਪੱਖਾਂ ਦਾ ਨਤੀਜਾ ਹਉਮੈਵਾਦੀ ਮਨੁੱਖ ਨੂੰ ਹੀ ਭੁਗਤਣਾ ਪੈਂਦਾ ਹੈ। ਇਸ ਤਰ੍ਹਾਂ ਇੱਕ ਹਉਮੈਵਾਦੀ ਮਨੁੱਖ ਚੰਗੇ ਦੋਸਤਾਂ ਤੋਂ ਬਿਨਾਂ ਇਕੱਲੇ ਜੀਵਨ ਜਿਊਣ ਲਈ ਸਰਾਪਿਆ ਜਾਂਦਾ ਹੈ। ਕਈ ਬਾਰ ਉਹ ਆਪਣੀਆਂ ਆਦਤਾਂ ਕਾਰਨ ਸਮਾਜ ਵਿੱਚ ਮਖੌਲ ਦਾ ਪਾਤਰ ਵੀ ਬਣ ਜਾਂਦਾ ਹੈ। ਹਉਮੈਵਾਦੀ ਮਨੁੱਖ ਦਾ ਸੁਭਾਅ ਚਿੜਚਿੜਾ ਹੋ ਜਾਣ ਕਾਰਨ ਤਣਾਅ ਦੀ ਸਥਿਤੀ ਬਣਦੀ ਹੈ। ਅਜਿਹੀ ਸਥਿਤੀ ਵਿੱਚ ਕਈ ਮਨੋਵਿਗਿਆਨਕ ਰੋਗ ਵੀ ਉਸ ਨੂੰ ਘੇਰ ਲੈਂਦੇ ਹਨ। ਉਸਦੇ ਹਮੇਸ਼ਾ ਅਸੰਤੁਸ਼ਟ ਅਤੇ ਸ਼ੱਕੀ ਰਹਿਣ ਕਾਰਨ ਉਸਦਾ ਮਾਨਸਿਕ ਸੰਤੁਲਨ ਵੀ ਵਿਗੜ ਸਕਦਾ ਹੈ। ਹਉਮੈਵਾਦੀ ਮਨੁੱਖ ਦੀ ਆਪਣੇ ਪਰਿਵਾਰ ਨਾਲ ਵੀ ਚੰਗੀ ਤਰ੍ਹਾਂ ਨਹੀਂ ਨਿਭਦੀ, ਜਿਸ ਕਾਰਨ ਉਹ ਆਪਣੇ ਪਰਿਵਾਰ ਨਾਲੋਂ ਕੱਟਿਆ ਜਾਂਦਾ ਹੈ। ਅਜਿਹੇ ਲੋਕਾਂ ਨੂੰ ਔਖੇ ਹਾਲਾਤ ਵਿੱਚੋਂ ਬਚਾਉਣ ਲਈ ਵੀ ਕੋਈ ਤਿਆਰ ਨਹੀਂ ਹੁੰਦਾ। ਇਸ ਤਰ੍ਹਾਂ ਹਉਮੈਵਾਦੀ ਮਨੁੱਖ ਦਾ ਪਾਰਿਵਾਰਿਕ, ਸਮਾਜਿਕ ਅਤੇ ਆਰਥਿਕ ਜੀਵਨ ਪ੍ਰਭਾਵਿਤ ਹੋ ਜਾਂਦਾ ਹੈ। ਇਸ ਸੰਦਰਭ ਵਿੱਚ ਬਾਬਾ ਫਰੀਦ ਜੀ ਕਹਿੰਦੇ ਹਨ- ‘ਫਰੀਦਾ ਗਰਬੁ ਜਿਨ੍ਹਹਾ ਵਡਿਆਈਆ ਧਨਿ ਜੋਬਨਿ ਆਗਾਹ॥ ਖਾਲੀ ਚਲੇ ਧਣੀ ਸਿਉ ਟਿਬੇ ਜਿਉਂ ਮੀਹਾਹੁ ॥105॥’ ਭਾਵ ਜਿਨ੍ਹਾਂ ਲੋਕਾਂ ਨੂੰ ਦੁਨੀਆਵੀ ਇੱਜ਼ਤ ਦਾ ਹਉਮੈਂ ਰਿਹਾ, ਬੇਅੰਤ ਧਨ ਕਾਰਣ ਜਾਂ ਜਵਾਨੀ ਦੇ ਕਾਰਣ ਕੋਈ ਮਾਣ ਰਿਹਾ, ਉਹ ਮਨੁੱਖ ਇਸ ਜਗਤ ਵਿੱਚੋਂ ਮਾਲਕ ਦੀ ਮਿਹਰ ਤੋਂ ਸੱਖਣੇ ਹੀ ਚਲੇ ਗਏ, ਜਿਵੇਂ ਟਿੱਬੇ ਮੀਂਹ ਪੈਣ ਪਿੱਛੋਂ ਵੀ ਸੁੱਕੇ ਰਹਿ ਜਾਂਦੇ ਹਨ।

ਜਦੋਂ ਮਨੁੱਖ ਵਿੱਚ ਹਉਮੈਂ ਦੀ ਭਾਵਨਾ ਘਰ ਕਰ ਜਾਂਦੀ ਹੈ ਕਿ ਮੈਂ ਵਿਅਕਤੀਗਤ ਜਾਂ ਸਮੂਹਿਕ ਰੂਪ ਵਿੱਚ ਸਰਬੋਤਮ, ਸਰਬਪੱਖੀ, ਸ਼ਕਤੀਸ਼ਾਲੀ ਅਤੇ ਕੁਝ ਵੀ ਕਰਨ ਲਈ ਆਜ਼ਾਦ ਅਤੇ ਸਮਰੱਥ ਹਾਂ, ਤਾਂ ਉਸਦਾ ਅਸਤਿੱਤਵ ਖਤਮ ਹੋਣ ਲਗਦਾ ਹੈ, ਜਿਸ ਨਾਲ ਉਸ ਵਿੱਚੋਂ ਪਵਿੱਤਰਤਾ, ਸ਼ਾਂਤੀ, ਸਨੇਹ, ਖੁਸ਼ੀ, ਗਿਆਨ, ਤਾਕਤ ਵਰਗੇ ਸਾਰੇ ਗੁਣ ਅਲੋਪ ਹੋ ਜਾਂਦੇ ਹਨ। ਹਉਮੈਂ ਅਤੇ ਉਸ ਤੋਂ ਪੈਦਾ ਹੋਇਆ ਗੁੱਸਾ ਉਹ ਸਭ ਕੁਝ ਤਬਾਹ ਕਰਨ ਦੀ ਸਮਰੱਥਾ ਰੱਖਦਾ ਹੈ, ਜਿਸ ਲਈ ਅਸੀਂ ਸਾਲਾਂ ਬੱਧੀ ਮਿਹਨਤ ਕੀਤੀ ਹੋਵੇ। ਗੁੱਸੇ ਦੀ ਉਮਰ ਪਾਣੀ ਵਿੱਚ ਖਿੱਚੀ ਗਈ ਇੱਕ ਲਕੀਰ ਤੋਂ ਵੱਧ ਨਹੀਂ ਹੁੰਦੀ, ਪਰ ਇਸ ਤੋਂ ਪੈਦਾ ਹੋਈ ਜ਼ਿੱਦ ਇੰਨੀ ਤਾਕਤਵਰ ਹੁੰਦੀ ਹੈ ਕਿ ਇੱਕ ਪਲ ਵਿੱਚ ਇਹ ਸਾਨੂੰ ਹਿੰਸਾ, ਕਤਲ, ਖੁਦਕੁਸ਼ੀ ਵਰਗੇ ਭਿਆਨਕ ਅਪਰਾਧਾਂ ਤੋਂ ਲੈ ਕੇ ਸਭ ਕੁਝ ਕਰਨ ਲਈ ਮਜਬੂਰ ਕਰ ਦਿੰਦੀ ਹੈ, ਜਿਸਦੇ ਨਤੀਜੇ ਬਹੁਤ ਭੈੜੇ ਹੁੰਦੇ ਹਨ। ਹਉਮੈਂ ਦਾ ਭਿਆਨਕ ਰੂਪ ਵਿਅਕਤੀ, ਪਰਿਵਾਰ, ਸਮਾਜ ਅਤੇ ਇੱਥੋਂ ਤਕ ਕਿ ਦੇਸ਼ ਦੀ ਵੀ ਤਬਾਹੀ ਕਰ ਸਕਦਾ ਹੈ।

ਮਨੁੱਖ ਨੂੰ ਸਰਬਪੱਖੀ ਅਤੇ ਕੁਦਰਤੀ ਵਿਕਾਸ ਲਈ ਹਉਮੈਂ ਦੇ ਇਸ ਦੁਸ਼ਟ ਚੱਕਰ ਨੂੰ ਤੋੜਨਾ ਬਹੁਤ ਜ਼ਰੂਰੀ ਹੈ। ਮਨੁੱਖ ਨੂੰ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਜ਼ਰੂਰ ਕਰਨਾ ਚਾਹੀਦਾ ਹੈ, ਪਰ ਇਹ ਸੂਰਜ ਵਾਂਗ ਹੋਣਾ ਚਾਹੀਦਾ ਹੈ, ਜੋ ਆਪਣੀ ਰੌਸ਼ਨੀ ਨਾਲ ਸਾਰਿਆਂ ਨੂੰ ਲਾਭ ਪਹੁੰਚਾਉਂਦਾ ਹੈ। ਇਹ ਮਨੁੱਖ ਦਾ ਸੁਭਾਅ ਹੀ ਹੈ ਕਿ ਪਹਿਲਾਂ ਉਹ ਕੁਝ ਪ੍ਰਾਪਤ ਕਰਨ ਲਈ ਮਿਹਨਤ ਕਰਦਾ ਹੈ, ਪਰ ਜਦੋਂ ਉਸ ਨੂੰ ਮਨਚਾਹੀ ਵਸਤੂ ਅਤੇ ਅਹੁਦਾ ਪ੍ਰਾਪਤ ਹੋ ਜਾਂਦਾ ਹੈ ਤਾਂ ਉਸ ਵਿੱਚ ਹਉਮੈਂ ਪੈਦਾ ਹੋ ਜਾਂਦੀ ਹੈ। ਸਚਾਈ ਇਹ ਹੈ ਕਿ ਜਦੋਂ ਅਸੀਂ ਆਪਣੀ ਗਲਤੀ ਨੂੰ ਸਵੀਕਾਰ ਕਰਦੇ ਹੋਏ ਇਮਾਨਦਾਰੀ ਨਾਲ ਕੰਮ ਕਰਦੇ ਹਾਂ, ਤਾਂ ਹੀ ਅਸੀਂ ਅੱਗੇ ਵਧ ਸਕਦੇ ਹਾਂ। ਨਿਮਰਤਾ ਹਉਮੈਂ ਦੇ ਬਿਲਕੁਲ ਉਲਟ ਹੈ। ਸਾਨੂੰ ਹਮੇਸ਼ਾ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਹਉਮੈਂ ਬੁਰੇ ਲੋਕਾਂ ਦਾ ਅਤੇ ਨਿਮਰਤਾ ਚੰਗੇ ਲੋਕਾਂ ਦਾ ਪੱਖ ਪੂਰਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਨੇਕਾਂ ਉਦਾਹਰਣਾਂ ਰਾਹੀਂ ਹਉਮੈਂ ਦੇ ਨੁਕਸਾਨ ਦੱਸ ਕੇ ਮਨੁੱਖ ਨੂੰ ਇਸ ਤੋਂ ਬਚਣ ਲਈ ਸੁਚੇਤ ਕੀਤਾ ਗਿਆ ਹੈ। ਹੁਣ ਫੈਸਲਾ ਅਸੀਂ ਕਰਨਾ ਹੈ ਕਿ ਇਸ ਅਨਮੋਲ ਮਨੁੱਖੀ ਜੀਵਨ ਨੂੰ ਹਉਮੈਂ ਨਾਲ ਬਿਤਾਉਣਾ ਹੈ ਜਾਂ ਨਿਮਰਤਾ ਨਾਲ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3974)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਸੰਦੀਪ ਸਿੰਘ ਮੁੰਡੇ

ਸੰਦੀਪ ਸਿੰਘ ਮੁੰਡੇ

Principal, Guru Hargobind Sahib PG College, C.C. Head, O.O. Rattewal.
Sri Ganganagar, Rajasthan, India.
Phone: (91 - 94136 - 52646)
Email: (sundeepmunday@gmail.com)