SarabjitKBrarDr7ਮੈਂ ਦੋਨਾਂ ਨੂੰ ਰੋਟੀ ਖਵਾਉਂਦੀ ਖਵਾਉਂਦੀ ਸੁੰਨ ਜਿਹੀ ਹੋ ਗਈ ਤੇ ਉਹਨਾਂ ਬੱਚੀਆਂ ਦੇ ਚਿਹਰੇ ਦੀ ਚਮਕ ਤੇ ਖੁਸ਼ੀ ਦੇਖ ਕੇ ...
(4 ਮਈ 2023)
ਇਸ ਸਮੇਂ ਪਾਠਕ: 220.


3May2023
”ਜ਼ਰੂਰੀ ਨਹੀਂ ਰਿਸ਼ਤੇ ਆਪਣਿਆਂ ਨਾਲ ਹੀ ਨਿਭਾਏ ਜਾਣ
, ਕਈ ਵਾਰ ਰਾਹ ਜਾਂਦਿਆਂ ਜਾਂਦਿਆਂ ਵੀ ਅਜਿਹਾ ਰਿਸ਼ਤਾ ਬਣ ਜਾਂਦਾ ਹੈ ਜੋ ਤੁਹਾਨੂੰ ਮੋਹ ਤਾਂ ਲੈਂਦਾ ਹੀ ਹੈ, ਇਸਦੇ ਨਾਲ ਨਾਲ ਅਭੁੱਲ ਯਾਦ ਵੀ ਬਣ ਜਾਂਦਾ ਹੈ ਕਿਉਂਕਿ ਜਾਂ ਤਾਂ ਕੋਈ ਤੁਹਾਨੂੰ ਆਪਣਾ ਸਮਝ ਕੇ ਸਵਾਲ ਪਾਉਂਦਾ ਹੈ ਜਾਂ ਫੇਰ ਬੇਵਸੀ ਤੇ ਮਜਬੂਰੀ ਕਾਰਨ

ਇੱਕ ਦਿਨ ਮੈਂ ਬਜ਼ਾਰ ਵਿੱਚੋਂ ਲੰਘ ਰਹੀ ਸੀ ਤਾਂ ਦੋ ਬੱਚੀਆਂ, ਜੋ ਉਮਰ ਵਿੱਚ ਮਸਾਂ ਚਾਰ-ਪੰਜ ਕੁ ਸਾਲ ਦੀਆਂ ਹੋਣਗੀਆਂ, ਇੱਕ ਦਮ ਮੇਰੇ ਪਿੱਛੋਂ ਦੀ ਆਈਆਂ ਅਤੇ ਮੇਰੇ ਢਿੱਡ ਉੱਤੋਂ ਦੀ ਲੱਕ ਨੂੰ ਜੱਫੀ ਮਾਰ ਲਈ ਅਤੇ ‘ਦੀਦੀ ਅਸੀਂ ਪਰੌਂਠਾ ਖਾਣਾ, ਸਾਨੂੰ ਪਰੌਂਠਾ ਖਵਾ ਦਿਓ’ ਦਾ ਰੌਲਾ ਪਾਉਣ ਲੱਗੀ ਪਈਆਂਪਹਿਲਾਂ ਤਾਂ ਮੈਂ ਇੱਕ ਦਮ ਠਠੰਬਰ ਜਿਹੀ ਗਈ, ਫੇਰ ਮੈਂ ਬੱਚੀਆਂ ਨੂੰ ਆਪਣੇ ਨਾਲੋਂ ਲਾਹਿਆ ਤੇ ਸਾਹਮਣੇ ਇੱਕ ਛੋਟੇ ਜਿਹੇ ਢਾਬੇ ਵਿੱਚ ਪਈਆਂ ਮੇਜ਼ ਤੇ ਕੁਰਸੀਆਂ ਕੋਲ ਜਾ ਕੇ ਕੁਰਸੀ ’ਤੇ ਬਿਠਾਇਆ ਅਤੇ ਪੁੱਛਿਆ, ਕਿੰਨੇ ਪਰੌਂਠੇ ਖਾਣੇ ਨੇ? ਬੱਚੀਆਂ ਨੇ ਕਿਹਾ ਕਿ ਇੱਕ ਇੱਕ। ਆਰਡਰ ਕਰਨ ’ਤੇ ਇੱਕ ਪਰੌਂਠਾ ਪਲੇਟ ਵਿੱਚ ਪਾ ਕਰਿੰਦੇ ਨੇ ਮੇਰੇ ਵੱਲ ਆਪਣੀ ਬਾਂਹ ਵਧਾਈ ਤੇ ਮੈਂ ਪਲੇਟ ਫੜ ਬੁਰਕੀ ਤੋੜ ਕੇ ਇੱਕ ਬੱਚੀ ਦੇ ਮੂੰਹ ਵਿੱਚ ਪਾਈ ਅਤੇ ਨਾਲ ਹੀ ਪੁੱਛਿਆ ਕੇ ਕੀ ਉਹ ਅਚਾਰ ਵੀ ਲਵੇਗੀ? ਬੱਚੀ ਨੇ ਹਾਂ ਵਿੱਚ ਸਿਰ ਹਿਲਾਇਆ ਮੈਂ ਅਚਾਰ ਲਗਾਕੇ ਆਲੂ ਵਾਲੇ ਪਰੌਂਠੇ ਦੀ ਦੂਜੀ ਬੁਰਕੀ ਫਿਰ ਉਸੇ ਬੱਚੀ ਦੇ ਮੂੰਹ ਵਿੱਚ ਪਾ ਦਿੱਤੀ ਉਸਦੇ ਨਾਲ ਦੀ ਦੂਜੀ ਬੱਚੀ ਨੇ ਮੈਨੂੰ ਜ਼ੋਰ ਦੀ ਖਿੱਚ ਕੇ ਉਸ ਨੂੰ ਵੀ ਰੋਟੀ ਖਵਾਉਣ ਲਈ ਕਿਹਾ

ਮੈਂ ਦੋਨਾਂ ਨੂੰ ਰੋਟੀ ਖਵਾਉਂਦੀ ਖਵਾਉਂਦੀ ਸੁੰਨ ਜਿਹੀ ਹੋ ਗਈ ਤੇ ਉਹਨਾਂ ਬੱਚੀਆਂ ਦੇ ਚਿਹਰੇ ਦੀ ਚਮਕ ਤੇ ਖੁਸ਼ੀ ਦੇਖ ਕੇ ਸੋਚਣ ਲੱਗੀ ਕਿ ਪਤਾ ਨਹੀਂ ਇਹਨਾਂ ਦੀ ਅੰਮੜੀ ਨੂੰ ਕਿੰਨਾ ਕੁ ਕੰਮ ਹੋਣਾ ਏ ਜੋ ਉਸ ਕੋਲ ਇਹਨਾਂ ਲਈ ਸਮਾਂ ਹੀ ਨਹੀਂ, ਜਾਂ ਫਿਰ ਗਰੀਬੀ ਤੇ ਤੰਗੀ! ਬੱਚੀਆਂ ਇੱਦਾਂ ਰੋਟੀ ਖਾ ਰਹੀਆਂ ਸਨ, ਜਿਵੇਂ ਉਹ ਰੱਬ ਨੂੰ ਤਾਹਨਾ ਠੋਕ ਰਹੀਆਂ ਹੋਣ … …

ਕਿਉਂ ਕਾਣੀ ਵੰਡ ਸਾਡੇ ਨਾਲ ਰੱਖੀ
ਵਿਕ ਗਿਆ ਬਚਪਨ ਸਾਡਾ ਹਾਕਮਾਂ ਹੱਥੀਂ …

ਮੈਂ ਸੋਚਣ ਲੱਗੀ, ਰੱਬਾ ਕਦੇ ਉਹਨਾਂ ਦੀ ਮਾਂ ਨੂੰ ਵੀ ਦੋ ਪਲ ਉਹਨਾਂ ਲਈ ਸਕੂਨ ਦੇ ਦੇ ਤਾਂ ਕਿ ਕਦੀ ਮਾਂ ਦੇ ਹੱਥਾਂ ਨਾਲ ਖਾਧੀ ਰੋਟੀ ਤੇ ਗੋਦੀ ਦਾ ਨਿੱਘ ਉਹ ਵੀ ਮਾਣ ਸਕਣ। ਮੈਂ ਉਹਨਾਂ ਵਿੱਚ ਜਿਵੇਂ ਖੋ ਜਿਹੀ ਗਈ, ਕਿੰਨੀਆਂ ਖੁਸ਼ ਸੀ ਉਹ। ਪਤਾ ਨੀ ਕਦੋਂ ਦੀ ਭੁੱਖ ਲੱਗੀ ਹੋਣੀ ਏ ਆਂਦਰਾ ਨੂੰ।

ਇੰਨੇ ਨੂੰ ਢਾਬੇ ਵਾਲੇ ਭਾਈ ਦੀ ਆਵਾਜ਼ ਆਈ- ਸੱਠ ਰੁਪਏ ਹੋ ਗਏ ਮੈਡਮ ਜੀ। ਮੈਂ ਪੈਸੇ ਦੇ ਕੇ ਉਦੋਂ ਤਕ ਉਹਨਾਂ ਵੱਲ ਦੇਖਦੀ ਰਹੀ ਜਦੋਂ ਤਕ ਉਹ ਢਾਬਾ ਮੇਰੀਆਂ ਅੱਖਾਂ ਤੋਂ ਓਹਲੇ ਨਹੀਂ ਹੋ ਗਿਆ। ਮੇਰਾ ਰੱਬ ਨੂੰ ਜਿਵੇਂ ਇਹ ਸਵਾਲ ਸੀ ਕਿ ਰੱਬਾ, ਜੇਕਰ ਸੱਭੇ ਇੱਕ ਹਨ, ਫੇਰ ਇਹਨਾਂ ਨਾਲ ਕਾਣੀ ਵੰਡ ਕਿਉਂ? ਕੀ ਇਹ ਵੰਡਾਂ ਤੇਰੀਆਂ ਪਾਈਆਂ ਨਹੀਂ? ਕੀ ਤੂੰ ਧੁਰ ਤੋਂ ਹੀ ਕਾਣੀ ਵੰਡ ਰੱਖੀ ਹੈ? ਪਰ ਇਸਦਾ ਜਵਾਬ ਮੈਨੂੰ ਕਿਤੋਂ ਵੀ ਨਹੀਂ ਮਿਲਣ ਵਾਲਾ। ਮੈਂ ਘਰ ਕੇ ਆਪਣੇ ਕੰਮੀਂ ਧੰਦੀਂ ਲੱਗ ਗਈ ਪਰ ਇਹ ਸਵਾਲ ਮੈਂਨੂੰ ਅਜੇ ਤਕ ਸਤਾ ਰਿਹਾ ਹੈ।

3May20232

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3950)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਸਰਬਜੀਤ ਕੌਰ ਬਰਾੜ

ਡਾ. ਸਰਬਜੀਤ ਕੌਰ ਬਰਾੜ

Moga, Punjab, India.
Phone: (91 - 79866 - 52927)
Email: (dsbrarmoga@gmail.com)